ਪੱਤਰਕਾਰੀ ਦਾ ਅਕਸ - ਹਰਪ੍ਰੀਤ ਕੌਰ
Posted on:- 24-09-2013
ਕੋਈ ਸਮਾਂ ਸੀ ਜਦੋਂ ਪੱਤਰਕਾਰੀ ਦਾ ਕਿੱਤਾ ਉਹ ਵਿਅਕਤੀ ਕਰਦੇ ਸਨ ਜੋ ਪੜ੍ਹੇ ਲਿਖੇ , ਦੂਰ ਅੰਦੇਸ਼ੀ ਅਤੇ ਕ੍ਰਾਂਤੀਕਾਰੀ ਬਿਰਤੀ ਵਾਲੇ ਵਾਲੇ ਹੁੰਦੇ ਸਨ ਅਤੇ ਸਮਾਜਿਕ ਵਾਤਾਵਰਣ ਦੀ ਅਸਲੀ ਤਸਵੀਰ ਵੇਖਦੇ ਸਨ। ਸਮਾਜ ਵਿੱਚ ਵਿਚਰਦਿਆਂ ਉਹ ਮਨੁੱਖੀ ਕਦਰਾਂ ਕੀਮਤਾਂ ਦੀ ਪੜਤਾਲ (ਘੋਖ) ਕਰਨ ਉਰੰਤ ਸਮਾਜਿਕ ਬੁਰਾਈਆਂ,ਮਨੁੱਖਾਂ ਨਾਲ ਹੁੰਦੀ ਧੱਕੇਸ਼ਾਹੀ ,ਸਿਵਲ ਅਤੇ ਪ੍ਰਸ਼ਾਸ਼ਨਿਕ ਕਮਜ਼ੋਰੀਆਂ ਨੁੰ ਸਮਾਜ ਸੁਧਾਰਕ ਵਿਅਕਤੀਆਂ ਦੀ ਸਹਾਇਤਾ ਨਾਲ ਅਤੇ ਉਨ੍ਹਾਂ ਦੇ ਯਤਨਾਂ ਨੂੰ ਪ੍ਰੈੱਸ ਤੱਕ ਪਹੁੰਚਾਉਂਦੇ ਸਨ।ਪ੍ਰੈੱਸ ਆਮ ਜਨਤਾ ਲਈ ਸਰਕਾਰੀ ਦਰਬਾਰਾਂ ਵਿੱਚ ਸੁਨੇਹਾ ਪਹੁੰਚਾਉਣ ਦਾ ਇਕ ਬਹੁਤ ਹੀ ਸਸਤਾ ਅਤੇ ਮਹੱਤਵਪੂਰਣ ਸਾਧਨ ਰਿਹਾ ਹੈ।
ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ ਸਫਲਤਾ ਦਾ ਰਾਜ ਹੀ ਉਸ ਸਮੇਂ ਦੀ ਪ੍ਰੈੱਸ ਹੈ ਜਿਸਨੇ ਰਾਜ ਪੱਧਰ ਤੇ ਸੰਗਠਿਤ ਹੋਈਆਂ ਸਭਾਵਾਂ, ਐਸੋਸ਼ੀਏਸ਼ਨਜ਼ ਜਾਂ ਸੰਗਠਨਾਂ ਨੂੰ ਸਮੁੱਚੇ ਰਾਸ਼ਟਰ ਅੰਦੋਲਨ ਦੇ ਰੂਪ ਵਿੱਚ ਬਦਲ ਦਿੱਤਾ ਸੀ।ਇਹੀ ਕੁੱਖ ਕਾਰਨ ਸਨ ਜਿਨ੍ਹਾਂ ਕਰਕੇ ਪ੍ਰੈੱਸ ਅਤੇ ਪੱਤਰਕਾਰਾਂ ਨੂੰ ‘ਸਮਾਜ ਦਾ ਦਰਪਣ’ ਕਿਹਾ ਜਾਣ ਲੱਗਿਆ। ਸ਼ਾਇਦ ਇਸੇ ਕਰਕੇ ਪੱਤਰਕਾਰੀ (ਜਨਰਲਿਸਟ) ਦੇ ਕਿੱਤੇ ਨੂੰ ਸਮਾਜ ਵਿੱਚ ਸਤਿਕਾਰ ਨਾਲ ਵੇਖਿਆਂ ਜਾਣ ਲੱਗਿਆ। ਜਿਵੇਂ ਜਿਵੇਂ ਮਨੁੱਖ ‘ਚ ਪਦਾਰਥਵਾਦ ਦੀ ਭਾਵਨਾ ਪ੍ਰਬਲ ਹੁੰਦੀ ਗਈ; ਦੇਸ਼ ਭਗਤੀ ਅਤੇ ਨੈਤਿਕ ਕਦਰਾਂ ਕੀਮਤਾਂ ਵੀ ਘਟਦੀਆਂ ਗਈਆਂ; ਜਿਸਦਾ ਨਤੀਜਾ ਇਹ ਨਿਕਲਿਆ ਕਿ ਇਹ ਕਿੱਤਾ ਵੀ ਸੌੜੀ ਸੋਚ ਅਤੇ ਰਾਜਨੀਤੀ ਦੀ ਭੇਟ ਚੜ੍ਹਦਾ ਗਿਆ।
ਚੰਗੇ ਪੱਤਰਕਾਰਾਂ ਨੂੰ ਸਮਾਜ ਵੀ ਸਜਦਾ ਕਰਦਾ ਹੈ। ਰਾਮਨਾਥ ਗੋਇਨਕਾ, ਅਰਨਬ ਗੋਸਵਾਮੀ, ਪ੍ਰੀਤਮ ਸੈਣੀ, ਖੁਸ਼ਵੰਤ ਸਿੰਘ, ਕੁਲਦੀਪ ਨਈਅਰ, ਤਰੁਣ ਤੇਜਪਾਲ, ਗਿ: ਗੁਰਦਿੱਤ ਸਿੰਘ ਵਰਗੇ ਮਹਾਨ ਜਰਨਲਿਸਟ ਅੱਜ ਵੀ ਸਮਾਜ ਦੇ ਹੀਰੇ ਹਨ, ਜਿਨ੍ਹਾ ਦੇ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਸਤਿਕਾਰ ਨਾਲ ਸਿਰ ਝੁਕ ਜਾਂਦਾ ਹੈ। ਸਮਾਜਿਕ ਬੁਰਾਈਆ, ਵਿਤਕਰਿਆਂ, ਧੱਕੇਸ਼ਾਹੀਆਂ ਨੂੰ ਹਰ ਵਿਅਕਤੀ ਅਦਾਲਤਾਂ ਤੱਕ ਨਹੀ ਲਿਜਾ ਸਕਦਾ। ਇੱਥੋ ਤੱਕ ਕਿ ਕੁੱਝ ਤਾਂ ਸਮਾਜ ਦੇ ਰਵੱਈਏ ਤੋਂ ਡਰ ਕੇ ਆਪਣਾ ਦੁੱਖ ਅੰਦਰ ਹੀ ਪੀ ਜਾਂਦੇ ਹਨ। ਉਨ੍ਹਾਂ ਲਈ ਪੱਤਰਕਾਰ ਇੱਕ ਦੂਤ ਦੀ ਤਰ੍ਹਾਂ ਹਨ ਜੋ ਸਰਕਾਰੇ ਦਰਬਾਰੇ ਦੱਬੀਆਂ ਹੋਈਆਂ ਭਾਵਨਾਵਾਂ ਪ੍ਰੈੱਸ ਦੇ ਜ਼ਰੀਏ ਵਿਅਕਤ ਕਰ ਸਕਦੇ ਹਨ।
ਅੱਜ ਕੱਲ੍ਹ ਇਹ ਸਾਧਨ ਵੀ ਸਮਾਜਿਕ ਦਰਪਣ ਨਹੀਂ ਰਹੇ। ‘ਜਿਸਕੀ ਲਾਠੀ ਉਸਕੀ ਭੈਂਸ’ ਦਾ ਹਿੰਦੀ ਅਖਾਣ ਅੱਜ ਦੇ ਪੱਤਰਕਾਰਾਂ ਤੇ ਵੀ ਢੁਕਦਾ ਜਾ ਰਿਹਾ ਹੈ। ਕੁੱਝ ਕੁ ਵਿਅਕਤੀ ਹੀ ਸਾਫ-ਸੁਥਰੇ ਅਕਸ ਦੇ ਹਨ ਜੋ ਇਸ ਪਵਿੱਤਰ ਕਿੱਤੇ ਨੂੰ ਸਮਰਪਿਤ ਹਨ। ਔਰਤਾਂ ਦੇ ਮਾਨਸਿਕ ਤਸੀਹਿਆਂ ਜਾਂ ਸਮਾਜਿਕ ਕਰੋਪੀਆਂ ਲਈ ਅਕਸਰ ਔਰਤ ਸੰਗਠਨ ਹੀ ਅੱਗੇ ਆਏ। ਭਾਵਾਂ ਇਹ ਨਿਰੋਲ ਸੱਚ ਹੈ ਕਿ ਕਈ ਗੁਰੂਆਂ ਅਤੇ ਮਹਾਨ ਸੰਤਾਂ ਨੇ ਔਰਤਾਂ ਦੇ ਹੱਕ ਵਿੱਚ ਅਵਾਜ਼ ਉਠਾਈ ਪ੍ਰੰਤੂ ਆਪਣੇ ਹੱਕਾਂ ਲਈ ਸੰਘਰਸ਼ ਔਰਤਾਂ ਹੀ ਕਰ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਦੀ ਖਾਪ ਪੰਚਾਇਤ ਵਲੋਂ ਜਾਰੀ ਇੱਕ ਘਿਨੌਣੇ ਫੈਸਲੇ ਵਿਰੁੱਧ ਉਥੋਂ ਦੀ ਮਹਿਲਾ ਨੇ ਹੀ ਆਵਾਜ਼ ਉਠਾਈ, ਔਰਤਾਂ ਨੂੰ ਇਕੱਠੀਆਂ ਕੀਤਾ ਤਾਂ ਕਿਤੇ ਪੱਤਰਕਾਰਾਂ ਨੇ ਪ੍ਰੈੱਸ ਤੱਕ ਆਵਾਜ਼ ਪਹੁੰਚਾਈ ।ਪ੍ਰੰਤੂ ਪਹਿਲਾਂ ਸਭ ਕੁਝ ਜਾਣਦੇ ਹੋਏ ਵੀ ਚੁਪ ਕਰਨਾ ਕਿੱਤੇ ਪ੍ਰਤੀ ਵਫਾਦਾਰੀ ਨਹੀਂ ਹੈ।
ਜ਼ਿਲ੍ਹਾ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਘੁਡਾਣੀ ਖੁਰਦ ਵਿੱਚ ਉਥੋਂ ਦੀ ਹੀ ਇੱਕ ਲੜਕੀ ਜਿਸ ਦੇ ਘਰ ਕੋਲ ਇਕ ਧਾਰਮਿਕ ਇਮਾਰਤ ਉੱਤੇ ਰੱਖੇ ਗਏ ਲਾਊਡ ਸਪੀਕਰਾਂ ਦੇ ਸ਼ੋਰ ਤੋਂ ਦੁਖੀ ਹੋ ਕੇ ਉਸਨੇ ਪ੍ਰਸ਼ਾਸਨ ਅੱਗੇ ਮਾਣਯੋਗ ਸਰਵਉੱਚ ਅਦਾਲਤ ਦੇ ਸ਼ੋਰ ਪ੍ਰਦੂਸ਼ਣ ਵਿਰੁੱਧ ਸੁਣਾਏ ਗਏ ਫੈਸਲੇ ਨੂੰ ਲਾਗੂ ਕਰਵਾਉਣ ਲਈ ਬੇਨਤੀ ਕੀਤੀ ਤਾਂ ਉਸ ਦੇ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜਕੀ ਦੇ ਵਿਰੁੱਧ ‘ਸਮਾਜਿਕ ਬਾਈਕਾਟ’ ਦਾ ਮਤਾ ਪਾ ਦਿੱਤਾ ਸੀ ਅਤੇ ਉਸਨੂੰ ਪਿੰਡ ਛੱਡ ਕੇ ਦੂਰ ਚਲੇ ਜਾਣ ਲਈ ਅਨੇਕਾਂ ਮਾਨਸਿਕ ਤਸੀਹੇ ਦਿੱਤੇ ਸਨ।ਇਲਾਕੇ ਦੇ ਸਾਰੇ ਪੱਤਰਕਾਰਾਂ ਨੂੰ ਇਸ ਘਟਨਾਂ ਦਾ ਪਤਾ ਸੀ ਪ੍ਰੰਤੂ ਕਿਸੇ ਨੇ ਵੀ ਪ੍ਰੈੱਸ ਤੱਕ ਆਵਾਜ਼ ਨਹੀਂ ਪਹੁੰਚਾਈ ਅੱਜ ਵੀ ਧਾਰਮਿਕ ਸਥਾਨਾਂ ਵਾਲੇ ਸਵੇਰ-ਸ਼ਾਮ,ਖਾਸ ਦਿਨ-ਤਿਉਹਾਰਾਂ ਤੇ ਸਾਰਾ ਸਾਰਾ ਦਿਨ,ਮਸਜਿਦਾਂ ਵਾਲੇ ਵੀਰਵਾਰ ਦਾ ਸਾਰਾ ਦਿਨ ਬਹੁਤ ਹੀ ਉੱਚੀਆਂ ਆਵਾਜ਼ਾਂ ਤੇ ਸ਼ੋਰ ਫੈਲਾਉਂਦੇ ਹਨ; ਜਨਤਾ ਵੀ ਤੰਗ ਹੈ ਪ੍ਰੰਤੂ ਬੁਰਾ ਕਹਾਉਣ ਲਈ ਕੋਈ ਤਿਆਰ ਨਹੀਂ। ਪੱਤਰਕਾਰ ਸਭ ਕੁੱਝ ਜਾਣਦੇ ਹੋਏ ਚੁਪ ਹਨ। ਪ੍ਰਸ਼ਾਸਨ ਨਾਂ ਦੀ ਤਾਂ ਇਸ ਮਾਮਲੇ ਵਿਚ ਕੋਈ ਚੀਜ ਹੀ ਨਹੀਂ ਹੈ।
ਸੋ ਅੱਜ ਪੱਤਰਕਾਰ ਅਫਸਰਸ਼ਾਹੀ ਨਾਲ ਰਲ ਕੇ ਚੱਲਣਾ ,ਸੱਚ ਦੀ ਤਸਵੀਰ ਬਦਲ ਦੇਣਾ,ਮੋਹਤਰਬੰਦ ਵਿਅਕਤੀਆਂ ਨੂੰ ਨਾਰਾਜ਼ ਨਾ ਕਰਨਾ ,ਪੈਸੇ ਇੱਕੱਤਰ ਕਰਨ ਨੂੰ ਪ੍ਰਮੁੱਖਤਾ ਦੇਣੀ,ਹੇਠਲੇ ਦਰਜੇ ਦੇ ਕਰਮਚਾਰੀਆਂ ਤੇ ਆਪਣੀ ਪ੍ਰੈਸ ਦਾ ਰੋਅਬ ਦਿਖਾਉਣਾ,ਆਪਣਾ ਦਬਦਬਾ ਬਣਾ ਕੇ ਰੱਖਣਾ ਆਦਿ ਗੁਣਾਂ(ਵਿਸ਼ੇਸ਼ਤਾਵਾਂ)ਕਰਕੇ ਜਾਣੇ-ਪਛਾਣੇ ਜਾਂਦੇ ਹਨ।ਅਜਿਹੀਆਂ ਘਟਨਾਵਾਂ ਅਸੀ ਅਕਸਰ ਵੇਖਦੇ ਹਾਂ। ਇੱਕ ਨਾਮਵਰ ਪੰਜਾਬੀ ਅਖਬਾਰ ਵਿੱਚ ਮਿਤੀ 8.09.2013(ਐਤਵਾਰ ) ਨੂੰ ਖਬਰ ਲੱਗੀ ਕਿ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅੱਧੀ ਦਰਜਨ ਸਕੂਲਾਂ ਦੀ ਚੈਕਿੰਗ ਕੀਤੀ ਗਈ।ਜਿਹੜੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਾਮ ਲਿਖੇ ਗਏ,ਉੱਥੇ ਤਾਂ ਅਫਸਰ ਸਾਹਿਬ ਪਹੁੰਚੇ ਹੀ ਨਹੀਂ ਸਨ।ਅਸਲ ਵਿੱਚ ਇੱਕ ਅਧਿਆਪਕ ਪੱਤਰਕਾਰ ਨੇ ਹੀ ਆਪਣੇ ਮਹਿਕਮੇ ਦੇ ਅਫਸਰ ਸਾਹਿਬ ਦੀ ਚਾਪਲੂਸੀ ਕਰਨ ਲਈ ਬਿਨਾਂ ਪੜਤਾਲ ਕੀਤਿਆਂ ਖਬਰ ਛਾਪ ਦਿੱਤੀ। ਜ਼ਿਲ੍ਹਾ ਸਿੱਖਿਆ ਅਫਸਰ,ਜਿਸਨੇ ਪ੍ਰੈਸ ਨੋਟ ਭੇਜਿਆ,ਉਸ ਨੂੰ ਪੁੱਛਣ ਵਾਲਾਂ ਕੋਈ ਨਹੀ।ਇਸ ਤਰਾਂ ਆਮ ਜਨਤਾ ਦੀਆਂ ਨਜ਼ਰਾਂ ਵਿੱਚ ਅਖਬਾਰਾਂ ਅਤੇ ਪੱਤਰਕਾਰ ਮਜ਼ਾਕ ਹੀ ਬਣਦੇ ਜਾ ਰਹੇ ਹਨ।
ਚੰਗੇ ਪੱਤਰਕਾਰਾਂ ਦੀ ਘਾਟ ਨਹੀ ਪ੍ਰੰਤੂ ਜਿਹੜੇ ਵਿਅਕਤੀ ਆਪਣੇ ਨਿੱਜੀ ਕੰਮਾਂ ਲਈ,ਆਪਣੀ ਨਿੱਜੀ ਜਾਣ-ਪਛਾਣ ਨੂੰ ਵਧਾਉਣ ਲਈ ਜਾਂ ਆਪਣਾ ਅਸਰ ਰਸੂਖ ਕਾਇਮ ਕਰਨ ਲਈ ਇਸ ਕਿੱਤੇ ਨੂੰ ਅਪਣਾਉਦੇ ਹਨ,ਉਹ ਇਸ ਕਿੱਤੇ ਪ੍ਰਤੀ ਵਫਾਦਾਰ ਨਹੀਂ,ਇਸਨੂੰ ਸਮਰਪਿਤ ਨਹੀਂ ਸਗੋਂ ਪਹਿਲਾਂ ਬਣੇ ਸਤਿਕਾਰ ਨੂੰ ਘੱਟ ਕਰਨ ‘ਚ ਕੋਈ ਕਸਰ ਬਾਕੀ ਨਹੀ ਛੱਡਦੇ।ਅੱਜ ਲੋੜ ਹੈ ਇਸ ਕਿੱਤੇ ਦੀ ਮਹੱਤਤਾ ਨੂੰ ਸਮਝਣ ਦੀ ਤਾਂ ਕਿ ਅਸੀ ਇੱਕ ਨਰੋਏ ਸਮਾਜ ਰਾਹੀਂ ,ਉਸਾਰੂ ਸੋਚ ਰਾਹੀਂ ਆਪਣੇ ਦੇਸ ਨੂੰ ਚੰਗੇ ਨਾਮਵਰ ਦੇਸ਼ਾ ਦੀ ਸੂਚੀ ਵਿੱਚ ਸ਼ਾਮਲ ਕਰ ਸਕੀਏ ਅਤੇ ਸਾਫ ਸੁਥਰੇ ਅਕਸ ਵਾਲਾ ਸਮਾਜਿਕ ਜੀਵਨ ਬਤੀਤ ਕਰ ਸਕੀਏ।
ਸੰਪਰਕ: +91 88721 32007
harpal walia
sachia glla likhia ne ji harpreet kaur