ਮਾਮਲਾ ਏਅਰ ਇੰਡੀਆ ਬੰਬ ਕਾਂਡ ਨੂੰ ਬੇਨਕਾਬ ਕਰਨ ਦਾ -ਸ਼ੌਂਕੀ ਇੰਗਲੈਂਡੀਆ
Posted on:- 14-09-2013
ਵਿਸ਼ਵ ਸਿੱਖ ਸੰਸਥਾ ਨੇ ਜੂਨ ਮਹੀਨੇ ਦੌਰਾਨ ਪੰਜਾਬ ਤੋਂ ਇਕ ਵਕੀਲ ਨੂੰ ਕੈਨੇਡਾ ਸੱਦਿਆ ਸੀ। ਰਾਜਵਿੰਦਰ ਸਿੰਘ ਬੈਂਸ ਨਾਮ ਦੇ ਇਸ ਵਕੀਲ ਨੇ ਸਰੀ ਵਿੱਚ ਪੱਤਰਕਾਰ ਗੁਰਪ੍ਰੀਤ ਸਿੰਘ ਨੂੰ ਇਕ ਟੀਵੀ ਟਿੰਟਰਵੀਊ ਦਿੱਤੀ ਸੀ ਜੋ ਸ਼ੌਂਕੀ ਨੇ ਕੁਝ ਦਿਨ ਪਹਿਲਾਂ ਵੇਖੀ ਹੈ। ਇਸ ਇੰਟਰਵੀਊ ਵਿੱਚ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਵਲੋਂ ਕਾਇਮ ਕੀਤੇ ਗਏ ਜਸਟਿਸ ਜਾਹਨ ਮੇਜਰ ਦੇ ਕਮਿਸ਼ਨ ਨੇ ਏਅਰ ਇੰਡੀਆ ਬੰਬ ਕਾਂਡ ਨੂੰ ਬੇਪਰਦ ਕਰਨ ਵਾਸਤੇ ਪੂਰੀ ਕੋਸਿ਼ਸ਼ ਨਹੀਂ ਕੀਤੀ ਅਤੇ ਕਿਸੇ ਸਾਜ਼ਿਸ਼ ਹੇਠ ਉਹਨਾਂ ਨੂੰ ਸਬੂਤ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ।
ਵਕੀਲ ਸਾਹਿਬ ਨੇ ਕਿਹਾ ਹੈ ਕਿ ਉਹ ਇਸ ਸਬੰਧ ਵਿੱਚ ਦੋ ਵਾਰ ਕੈਨੇਡਾ ਆਏ ਸਨ ਅਤੇ ਉਹਨਾਂ ਨੂੰ ਕਮਿਸ਼ਨ ਨੇ ਟਿਕਟਾਂ ਭੇਜ ਕੇ ਮੰਗਵਾਇਆ ਸੀ ਪਰ ਉਹਨਾਂ ਦੀ ਸੁਣੀ ਨਹੀਂ ਗਈ ਜਿਸ ਕਾਰਨ ਅਹਿਮ ਸਬੂਤ ਸਾਹਮਣੇ ਨਹੀਂ ਆ ਸਕੇ। ਵਕੀਲ ਸ੍ਰੀ ਬੈਂਸ ਨਾਲ ਪੰਜਾਬ ਪੁਲਿਸ ਦਾ ਸਾਬਕਾ ਡੀਐਸਪੀ ਹਰਮੇਲ ਸਿੰਘ ਚੰਦੀ ਅਤੇ ਸਰਬਜੀਤ ਸਿੰਘ ਵੀ ਆਏ ਸਨ ਤੇ ਉਹਨਾਂ ਮੇਜਰ ਕਮਿਸ਼ਨ ਦੇ ਵਕੀਲਾਂ ਨੂੰ ਸਬੂਤ ਵੀ ਪੇਸ਼ ਕੀਤੇ ਸਨ। ਸ੍ਰੀ ਬੈਂਸ ਨੂੰ ਇਤਰਾਜ਼ ਹੈ ਕਿ ਉਹਨਾਂ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਦਾ ਮੌਕਾ ਨਹੀਂ ਦਿੱਤਾ ਗਿਆ ਜਿਸ ਕਾਰਨ ਬੰਬ ਕਾਂਡ ਦੀ ਸਾਜਿਸ਼ ਦੇ ਕਈ ਅਹਿਮ ਸਬੂਤ ਬਾਹਰ ਰਹਿ ਗਏ ਸਨ।
ਤਹਿਲਕਾ ਅਤੇ ਵੈਨਕੂਵਰ ਸੰਨ ਅਖ਼ਬਾਰ ਦੀਆਂ ਰਪੋਰਟਾਂ ਵੱਲ ਵੇਖੀਏ ਤਾਂ ਮਾਮਲਾ ਕੁਝ ਹੋਰ ਸੀ। ਸਾਬਕਾ ਪੁਲਿਸ ਅਫ਼ਸਰ ਹਰਮੇਲ ਸਿੰਘ ਚੰਦੀ ਗੁਪਤ ਤੌਰ `ਤੇ ਕਮਿਸ਼ਨ ਅੱਗੇ ਪੇਸ਼ ਹੋਣਾ ਚਾਹੁੰਦਾ ਸੀ ਪਰ ਜਦ ਮੇਜਰ ਕਮਿਸ਼ਨ ਨੇ ਅਜੇਹਾ ਵਿਸ਼ਵਾਸ ਦਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਚੰਦੀ ਨੇ ਗਵਾਹੀ ਨਾ ਦਿੱਤੀ। ਜਸਟਿਸ ਮੇਜਰ ਕਮਿਸ਼ਨ ਇਕ ਪਬਲਿਕ ਕਮਿਸ਼ਨ ਸੀ ਅਤੇ ਕਿਸੇ ਗਵਾਹ ਵਲੋਂ ਗੁਪਤ ਗਵਾਹੀ ਦੇਣਾ ਸੰਭਵ ਹੀ ਨਹੀਂ ਸੀ।
ਸ੍ਰੀ ਬੈਂਸ ਮੁਤਾਬਿਕ ਬੱਬਰ ਖਾਲਸਾ ਦਾ ਆਗੂ ਤਲਵਿੰਦਰ ਸਿੰਘ ਪਰਮਾਰ ਭਾਰਤ ਵਿੱਚ ਫੜ ਲਿਆ ਗਿਆ ਸੀ ਅਤੇ ਹਰਮੇਲ ਸਿੰਘ ਚੰਦੀ ਨੇ ਉਸ ਦੀ ਤਫਤੀਸ਼ ਕੀਤੀ ਸੀ ਅਤੇ ਤਫਤੀਸ਼ ਦੇ ਸਬੂਤ ਵੀ ਸੰਭਾਲ ਲਏ ਸਨ। ਤਫਤੀਸ਼ ਪਿੱਛੋਂ ਤਲਵਿੰਦਰ ਨੂੰ ਜਾਅਲੀ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਤਫਤੀਸ਼ ਵਿੱਚ ਤਲਵਿੰਦਰ ਨੇ ਜੋ ਕਥਿਤ ਤੌਰ `ਤੇ ਮੰਨਿਆ ਸੀ, ਉਸ ਨੂੰ ਸ੍ਰੀ ਬੈਂਸ ਬੰਬ ਕਾਂਡ ਸਾਜਿਸ਼ ਦੇ ਮੁਤਾਬਿਕ ਅਹਿਮ ਸਬੂਤ ਮੰਨਦੇ ਹਨ। ਇਸ ਵਿੱਚ ਤਲਵਿੰਦਰ ਸਿੰਘ ਨੇ ਕਥਿਤ ਤੌਰ `ਤੇ ਕਿਹਾ ਸੀ ਕਿ ਏਅਰ ਇੰਡੀਆ ਬੰਬ ਕਾਂਡ ਦੀ ਸਾਜ਼ਿਸ਼ ਸੰਤ ਜਰਨੈਲ ਸਿੰਘ ਦੇ ਭਤੀਜੇ ਅਤੇ ਅੰਤਰਰਾਸ਼ਟਰੀ ਸਿੱਖ ਯੂਥ ਫਡਰੇਸ਼ਨ ਦੇ ਆਗੂ ਲਖਬੀਰ ਸਿੰਘ ਰੋਡੇ ਨੇ ਰਚੀ ਸੀ। ਰੋਡੇ ਹੀ ਉਸ ਕੋਲ (ਤਲਵਿੰਦਰ) ਮਦਦ ਲੈਣ ਵਾਸਤੇ ਆਇਆ ਸੀ।
ਤਲਵਿੰਦਰ ਦੇ ਇਸ ਕਥਿਤ ਬਿਆਨ ਮੁਤਾਬਿਕ ਉਹ ਇਸ ਕੰਮ ਵਾਸਤੇ ਸਹਿਯੋਗ ਕਰਨਾ ਮੰਨ ਗਿਆ ਸੀ। ਬੀਸੀ ਦੇ ਜੰਗਲ ਵਿੱਚ ਬੰਬ ਟੈਸਟ ਕਰਨ ਵਾਸਤੇ ਤਲਵਿੰਦਰ ਦੇ ਨਾਲ ਲਖਬੀਰ ਸਿੰਘ ਰੋਡੇ ਅਤੇ ਇੰਦਰਜੀਤ ਸਿੰਘ ਰਿਆਤ ਗਏ ਸਨ। ਇਸ ਸਾਜਿਸ਼ ਵਿੱਚ ਇਕ ਮਨਜੀਤ ਸਿੰਘ ਨਾਮ ਦਾ ਵਿਅਕਤੀ ਵੀ ਸ਼ਾਮਲ ਸੀ ਜਿਸ ਨੂੰ ਕਾਂਡ ਵਿੱਚ ਐਮ ਸਿੰਘ ਅਤੇ ਲਖਬੀਰ ਨੂੰ ਕਥਿਤ ਤੌਰ `ਤੇ ਐਲ ਸਿੰਘ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਸ੍ਰੀ ਬੈਂਸ, ਚੰਦੀ ਅਤੇ ਸਰਬਜੀਤ ਸਿੰਘ ਮੁਤਾਬਿਕ ਲਖਬੀਰ ਸਿੰਘ ਰੋਡੇ ਭਾਰਤ ਸਰਕਾਰ ਦਾ ਏਜੰਟ ਸੀ ਜਿਸ ਨੇ ਬੰਬ ਕਾਂਡ ਦੀ ਸਾਜ਼ਿਸ਼ ਰਚੀ ਸੀ ਤਾਂ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ। ਭਾਰਤ ਸਰਕਾਰ ਨੇ ਤਲਵਿੰਦਰ ਨੂੰ ਫੜ ਕੇ ਮਾਰ ਦਿੱਤਾ ਤਾਂਕਿ ਇਹ ਸਾਜਿਸ਼ ਬੇਨਕਾਬ ਨਾ ਹੋ ਸਕੇ। ਸਾਬਕਾ ਡੀਐਸਪੀ ਹਰਮੇਲ ਸਿੰਘ ਚੰਦੀ ਇਸ ਦਾ ਕਥਿਤ ਗਵਾਹ ਹੈ।
ਵਕੀਲ ਬੈਂਸ ਮੁਤਾਬਿਕ ਕਨੇਡੀਅਨ ਸਰਕਾਰ ਵੀ ਇਸ ਸਾਜਿਸ਼ ਨੂੰ ਬੇਨਕਾਬ ਨਹੀਂ ਕਰਨਾ ਚਾਹੁੰਦੀ ਜਿਸ ਕਾਰਨ ਕਨੇਡੀਅਨ ਖੁਫੀਆ ਏਜੰਸੀ ਨੇ ਤਲਵਿੰਦਰ ਸਮੇਤ ਸਾਰੇ ਸ਼ੱਕੀਆਂ ਦੇ ਫੋਨਾਂ ਦੀ ਰੀਕਾਰਡਿੰਗ ਤਬਾਹ ਕਰ ਦਿੱਤੀ। ਇਸ ਦਾ ਮਤਲਬ ਹੈ ਕਿ ਭਾਰਤ ਅਤੇ ਕਨੇਡੀਅਨ ਸਰਕਾਰਾਂ ਜਾਂ ਪੁਲਿਸ ਏਜੰਸੀਆਂ ਦੀ ਮਿਲੀਭੁਗਤ ਨਾਲ ਏਅਰ ਇੰਡੀਆ ਬੰਬ ਕਾਂਡ ਵਾਪਰਿਆ ਜਾਂ ਬੇਨਕਾਬ ਨਹੀਂ ਹੋਇਆ।
ਆਪਣੀ ਟੀਵੀ ਇੰਟਰਵਿਊ ਵਿੱਚ ਵਕੀਲ ਰਾਜਵਿੰਦਰ ਬੈਂਸ ਇਹ ਵੀ ਆਖਦੇ ਹਨ ਕਿ ਅਮਰੀਕਾ ਵਿੱਚ ਵਰਲਡ ਟਰੇਡ ਸੈਂਟਰ `ਤੇ ਦਹਿਸ਼ਤਗਰਦ ਹਮਲਾ ਵੀ ਇਕ ਅਮਰੀਕੀ ਸਾਜ਼ਿਸ਼ ਸੀ ਜਿਸ ਦੇ ਹੁਣ ਬਹੁਤ ਸਬੂਤ ਸਾਹਮਣੇ ਆ ਗਏ ਹਨ। ਭਾਵ ਅਮਰੀਕਾ ਨੇ ਆਪਣੇ ਆਪ `ਤੇ ਦਹਿਸ਼ਤਗਰਦ ਹਮਲੇ ਦੀ ਖੁਦ ਹੀ ਸਾਜ਼ਿਸ਼ ਰਚੀ ਸੀ ਤਾਂ ਕਿ ਮੁਸਲਿਮ ਜਗਤ ਦੇ ਖਿਲਾਫ਼ ਫੌਜੀ ਕਾਰਵਾਈ ਆਰੰਭੀ ਜਾ ਸਕੇ ਜਿਸ ਹੇਠ ਅਫਗਾਨਿਸਤਾਨ ਅਤੇ ਈਰਾਕ `ਤੇ ਹਮਲਾ ਕੀਤਾ ਗਿਆ।
ਵਕੀਲ ਸਾਹਿਬ ਤਾਂ ਇਹ ਵੀ ਦਾਅਵੇ ਨਾਲ ਆਖ ਗਏ ਕਿ ਸੰਸਾਰ ਦੇ ਦੂਜੇ ਮਹਾਂ ਯੁੱਧ ਵਿੱਚ ਸ਼ਾਮਲ ਹੋਣ ਦਾ ਬਹਾਨਾ ਬਣਾਉਣ ਵਾਸਤੇ ਅਮਰੀਕਾ ਨੇ ਆਪਣੀ “ਪਰਲ ਹਾਰਬਰ” (ਸਮੁੰਦਰੀ ਬੰਦਰਗਾਹ) `ਤੇ ਖੁਦ ਹੀ ਜਪਾਨੀ ਹਮਲਾ ਕਰਵਾਇਆ ਸੀ। 7 ਦਸੰਬਰ 1941 ਨੂੰ ਹਵਾਈ ਵਿੱਚ ਸਥਿਤ ਅਮਰੀਕਾ ਦੀ ਵੱਡੀ ਬੰਦਰਗਾਹ ਜਪਾਨ ਨੇ ਅਚਾਨਕ ਹਮਲਾ ਕਰ ਕੇ ਤਬਾਹ ਕਰ ਦਿੱਤੀ ਸੀ ਜਿਸ ਵਿੱਚ ਅਮਰੀਕਾ ਦੇ 19 ਦੇ ਕਰੀਬ ਸਮੁੰਦਰੀ ਜੰਗੀ ਜਹਾਜ਼ ਤਬਾਹ ਜਾਂ ਨੁਕਸਾਨੇ ਗਏ ਸਨ। 188 ਜੰਗੀ ਹਵਾਈ ਜਹਾਜ਼ ਤਬਾਹ ਹੋਏ ਸਨ ਅਤੇ 159 ਨੁਕਸਾਨੇ ਗਏ ਸਨ। 2402 ਅਮਰੀਕੀ ਮਾਰੇ ਗਏ ਸਨ ਅਤੇ 1247 ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਅਮਰੀਕੀਆਂ ਦਾ ਸਵੈਮਾਣ ਵੀ ਸਖ਼ਤ ਜ਼ਖ਼ਮੀ ਹੋ ਗਿਆ ਸੀ। ਵਕੀਲ ਬੈਂਸ ਮੁਤਬਿਕ ਇਹ ਅਮਰੀਕਾ ਦੀ ਆਪਣੀ ਸਾਜਿਸ਼ ਦਾ ਹੀ ਨਤੀਜਾ ਸੀ ਅਤੇ ਸਰਕਾਰਾਂ ਅਕਸਰ ਅਜੇਹਾ ਕਰਦੀਆਂ ਹਨ, ਸੋ ਭਾਰਤ ਸਰਕਾਰ ਨੇ ਵੀ ਏਅਰ ਇੰਡੀਆ ਬੰਬ ਕਾਂਡ ਏਸੇ ਤਰਾਂ ਸਾਜ਼ਿਸ਼ ਹੇਠ ਕੀਤਾ ਸੀ। ਬਹੁਤ ਕਮਾਲ ਦੇ ਸਬੂਤ ਵਕੀਲ ਸਾਹਿਬ ਪੇਸ਼ ਕਰ ਰਹੇ ਹਨ ਅਜੇਹੇ ਸਬੂਤਾਂ ਨਾਲ ਸੰਸਾਰ ਵਿੱਚ ਵਾਪਰੀ ਹਰ ਘਟਨਾ ਜਾਂ ਦੁਰਘਟਨਾ ਪਲਾਂ ਵਿੱਚ ਹੱਲ ਕੀਤੀ ਜਾ ਸਕਦੀ ਹੈ।
ਆਰਸੀਐਮਪੀ ਨੇ ਓਸ ਸਮੇਂ ਆਖਿਆ ਸੀ ਕਿ ਸ੍ਰੀ ਬੈਂਸ, ਚੰਦੀ ਅਤੇ ਸਰਬਜੀਤ ਸਿੰਘ ਵਲੋਂ 2007 ਵਿੱਚ ਕੀਤਾ ਗਿਆ ਇੰਕਸ਼ਾਫ਼ ਕੋਈ ਨਵਾਂ ਨਹੀਂ ਸੀ। ਫੋਰਸ ਨੂੰ ਇਸ ਬਾਰੇ 1997 ਤੋਂ ਪਤਾ ਸੀ ਅਤੇ ਫੋਰਸ ਵਲੋਂ ਇਸ ਦੀ ਤਹਿ ਤੱਕ ਜਾਣ ਵਾਸਤੇ ਤਫ਼ਤੀਸ਼ ਵੀ ਕੀਤੀ ਗਈ ਸੀ। ਫੋਰਸ ਨੇ ਇਸ ਤਫਤੀਸ਼ ਵਾਸਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦਾ ਹੀ ਦੌਰਾ ਕੀਤਾ ਸੀ ਅਤੇ ਕਈ ਅਹਿਮ ਵਿਅਕਤੀਆਂ ਨਾਲ ਮੁਲਾਕਾਤਾਂ ਕੀਤੀਆਂ ਸਨ ਜਿਹਨਾਂ ਵਿੱਚ ਲਖਬੀਰ ਸਿੰਘ ਰੋਡੇ ਵੀ ਸ਼ਾਮਲ ਸੀ। ਰੋਡੇ ਨੂੰ ਮਿਲਣ ਵਾਸਤੇ ਆਰਸੀਐਮਪੀ ਪਾਕਿਸਤਾਨ ਗਈ ਸੀ ਅਤੇ ਉਸ ਦੇ ਬਿਆਨ ਕਲਮਬੰਦ ਕੀਤੇ ਸਨ। ਜੋ ਜਨਾਬ ਬੈਂਸ ਅਤੇ ਉਹਨਾਂ ਦੇ ਸਾਥੀ 2007 ਵਿੱਚ ਮੇਜਰ ਕਮਿਸ਼ਨ ਨੂੰ ਦੱਸਣਾ ਚਾਹੁੰਦੇ ਹਨ ਉਹ ਆਰਸੀਐਮਪੀ 10 ਸਾਲ ਪਹਿਲਾਂ 1997 ਵਿੱਚ ਜਾਣਦੀ ਸੀ ਅਤੇ ਉਸ ਦੀ ਛਾਣਬੀਣ ਕਰ ਚੁੱਕੀ ਸੀ। ਮੇਜਰ ਕਮਿਸ਼ਨ ਦੇ ਵਕੀਲਾਂ ਨੇ ਇਹਨਾਂ ਲੋਕਾਂ ਨੂੰ ਸੁਣਿਆਂ ਸੀ ਅਤੇ ਚੰਦੀ ਆਪਣੀ ਮਰਜ਼ੀ ਨਾਲ ਗਵਾਹੀ ਦੇਣ ਤੋਂ ਪਿੱਛੇ ਹਟਿਆ ਸੀ ਬਹਾਨਾ ਭਾਵੇਂ ਉਸ ਨੇ “ਅਨੈਨੀਮਸ” (ਗੁਪਤ) ਰਹਿਣ ਦਾ ਲਗਾਇਆ ਸੀ।
ਆਰਸੀਐਮਪੀ ਦਾ ਇਹ ਵੀ ਕਹਿਣਾ ਹੈ ਕਿ ਤਲਵਿੰਦਰ ਸਿੰਘ ਪਰਮਾਰ ਦੇ ਕਥਿਤ ਬਿਆਨ ਵਿੱਚ ਬਹੁਤ ਖਾਮੀਆਂ ਹਨ ਜੋ ਅਸਲੀਅਤ ਨਾਲ ਮੇਲ ਨਹੀਂ ਖਾਂਦੀਆਂ। ਬੀਸੀ ਦੇ ਜੰਗਲ ਵਿੱਚ ਬੰਬ ਟੈਸਟ ਕਰਨ ਜਾਣ ਵਾਲੇ ਤਿੰਨ ਵਿਅਕਤੀਆਂ ਵਿੱਚ ਇਹ ਬਿਆਨ ਦੱਸਦਾ ਹੈ ਕਿ ਤਲਵਿੰਦਰ, ਇੰਦਰਜੀਤ ਰਿਆਤ ਅਤੇ ਲਖਬੀਰ ਰੋਡੇ ਸ਼ਾਮਲ ਸਨ। ਕਨੇਡੀਅਨ ਖੁਫੀਆ ਏਜੰਸੀ ਸੀਸਸ ਅਤੇ ਆਰਸੀਐਮਪੀ ਤਲਵਿੰਦਰ ਪਰਮਾਰ ਅਤੇ ਇੰਦਰਜੀਤ ਰਿਆਤ ਦੇ ਨਾਵਾਂ `ਤੇ ਸਹਿਮਤ ਹਨ ਪਰ ਉਹਨਾਂ ਮੁਤਾਬਿਕ ਤੀਜਾ ਵਿਅਕਤੀ ਲਖਬੀਰ ਰੋਡੇ ਨਹੀਂ ਸੀ ਕਿਉਂਕਿ ਉਹ ਲਖਬੀਰ ਨਾਲੋਂ ਪਤਲਾ ਅਤੇ 10 ਸਾਲ ਘੱਟ ਉਮਰ ਦਾ ਜਾਪਦਾ ਸੀ। ਕਨੇਡੀਅਨ ਖੁਫੀਆ ਏਜੰਸੀ ਸੀਸਸ ਨੇ ਉਹਨਾਂ ਦਾ ਪਿੱਛਾ ਕਰਕੇ ਰਪੋਰਟ ਲਿਖੀ ਸੀ। ਇਹ ਤੀਜਾ ਵਿਅਕਤੀ ਬੰਬ ਕਾਂਡ ਵਿੱਚ ਮਿਸਟਰ ਐਕਸ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਅਤੇ ਇਹ ਓਨਟੇਰੀਓ ਵਿਚੋਂ ਗਿਆ ਸੀ।
ਤਲਵਿੰਦਰ ਦੇ ਕਥਿਤ ਬਿਆਨ ਮੁਤਾਬਿਕ ਬੰਬ ਟੈਸਟ ਪਿੱਛੋਂ ਉਹ ਤਿੰਨੋਂ ਇੰਦਰਜੀਤ ਰਿਆਤ ਦੇ ਘਰ ਮੁੜ ਆਏ ਸਨ ਪਰ ਪਿੱਛਾ ਕਰ ਰਹੀ ਸੀਸਸ ਮੁਤਾਬਿਕ ਤਲਵਿੰਦਰ ਪਰਮਾਰ ਰਿਆਤ ਦੇ ਘਰ ਨਹੀਂ ਸੀ ਮੁੜਿਆ ਸਗੋਂ ਉਹ ਸਿੱਧਾ ਆਪਣੇ ਘਰ ਨੂੰ ਚਲੇ ਗਿਆ ਸੀ। ਕਨੇਡੀਅਨ ਖੁਫੀਆ ਏਜੰਸੀਆ ਨੇ ਹੋਰ ਵੀ ਕਈ ਵਿਰੋਧਤਾਈਆਂ ਇਸ ਬਿਆਨ ਬਾਰੇ ਅੰਕਿਤ ਕੀਤੀਆਂ ਹਨ। ਸੰਭਵ ਹੈ ਕਿ ਇਹ ਬਿਆਨ ਤਲਵਿੰਦਰ ਪਰਮਾਰ ਦਾ ਹੀ ਹੋਵੇ ਪਰ ਉਸ ਨੇ ਪੂਰਾ ਸੱਚ ਨਾ ਦੱਸਿਆ ਹੋਵੇ। ਇਸ ਬਿਆਨ ਦੇ ਅਧਾਰ `ਤੇ ਸਮੁੱਚੇ ਮਾਮਲੇ ਦਾ ਨਿਤਾਰਾ ਨਹੀਂ ਕੀਤਾ ਜਾ ਸਕਦਾ।
ਸਿੱਖ ਕੱਟੜਵਾਦ ਦੀ ਪੈਰ ਪੈਰ `ਤੇ ਹਾਮੀ ਭਰਨ ਵਾਲਾ ਇਕ ਪੱਤਰਕਾਰ ਵੀ ਕਹਿੰਦਾ ਹੈ ਕਿ “ਏਅਰ ਇੰਡੀਆ ਬੰਬ ਧਮਾਕਾ ਸਾਜ਼ਿਸ਼ ਸਾਹਮਣੇ ਨਹੀਂ ਆ ਸਕੀ।” ਇਸ ਪੱਤਰਕਾਰ ਨੇ ਵੀ ਘਸੀਆਂ ਪਿੱਟੀਆਂ ਉਦਾਹਰਣਾ ਦਿੱਤੀਆਂ ਹਨ ਜੋ ਉਹ ਅਕਸਰ ਦੇਣ ਦਾ ਆਦੀ ਹੈ। ਵਕੀਲ ਰਾਜਵਿੰਦਰ ਬੈਂਸ ਅਤੇ ਘਸੀਆਂ ਪਿੱਟੀਆਂ ਗੱਲਾਂ ਕਰਨ ਵਾਲਾ ਪੱਤਰਕਾਰ ਇਹ ਸਾਬਤ ਕਰਨ ਦੀ ਕੋਸਿ਼ਸ਼ ਕਰ ਰਹੇ ਹਨ ਕਿ ਇਹ ਬੰਬ ਕਾਂਡ ਖਾਲਿਸਤਾਨੀਆਂ ਦਾ ਕਾਰਾ ਨਹੀਂ ਹੈ। ਪਰ ਜਿਹਨਾਂ ਲੋਕਾਂ ਨੂੰ ਉਹ ਸ਼ਾਮਲ ਦੱਸ ਰਹੇ ਹਨ ਉਹ ਸੱਭ ਖਾਲਿਸਤਾਨੀ ਜਾਂ ਉਹਨਾਂ ਦੇ ਹਮਦਰਦ ਹੀ ਹਨ।
ਜੇਕਰ ਇਹਨਾਂ ਦੀਆਂ ਸਾਰੀਆਂ ਮਨ ਲਈਆਂ ਜਾਣ ਤਾਂ ਤਲਵਿੰਦਰ ਦੀ ਥਾਂ ਸਾਜਿਸ਼ਘਾੜਾ ਲਖਬੀਰ ਰੋਡੇ ਨੂੰ ਮੰਨਣਾ ਪਵੇਗਾ। ਲਖਬੀਰ ਰੋਡੇ ਵੀ ਇਕ ਸਿੱਖ ਅਤੇ ਖਾਲਿਸਤਾਨੀ ਆਗੂ ਹੈ ਅਤੇ ਕਥਿਤ ਸ਼ਹੀਦ ਪਰਿਵਾਰ ਦਾ ਮੈਂਬਰ ਹੈ। ਬੰਬਘਾੜਾ ਦੋਵਾਂ ਹਾਲਤਾਂ ਵਿੱਚ ਹੀ ਇੰਦਰਜੀਤ ਸਿੰਘ ਰਿਆਤ ਬਣਦਾ ਹੈ ਜਿਸ ਨੇ ਇਹ ਕੰਮ ਤਲਵਿੰਦਰ ਅਤੇ ਮਿਸਟਰ ਐਕਸ ਦੀ ਮਦਦ ਨਾਲ ਕੀਤਾ ਸੀ। ਅੰਮ੍ਰਿਤਧਾਰੀ ਗੁਰ ਸਿੱਖ ਇੰਦਰਜੀਤ ਸਿੰਘ ਰਿਆਤ ਇਕ ਅਜੇਹਾ ਵਿਅਕਤੀ ਹੈ ਜਿਸ ਨੂੰ ਇਸ ਕਾਂਡ ਨਾਲ ਸਬੰਧਿਤ ਕੇਸਾਂ ਵਿੱਚ ਤਿੰਨ ਵਾਰ ਕੈਦ ਦੀਆਂ ਸਜ਼ਾਵਾ ਹੋ ਚੁੱਕੀਆਂ ਹਨ ਅਤੇ ਉਹ ਹੁਣ ਵੀ ਸਜ਼ਾ ਭੁਗਤ ਰਿਹਾ ਹੈ।
ਤਲਵਿੰਦਰ ਪਰਮਾਰ ਦਾ ਕਥਿਤ ਬਿਆਨ ਵੀ ਰਿਆਤ ਨੂੰ ਇਸ ਪ੍ਰਮੁੱਖ ਸਾਜ਼ਿਸ਼ ਦਾ ਭਾਈਵਾਲ ਮੰਨਦਾ ਹੈ। ਲਖਬੀਰ ਰੋਡੇ ਅਜੇ ਵੀ ਇਸ ਜਹਾਨ `ਤੇ ਹੈ ਅਤੇ ਪਾਕਿਸਤਾਨ ਵਿੱਚ ਬੈਠਾ ਹੈ। ਅੰਮ੍ਰਿਤਧਾਰੀ ਗੁਰ ਸਿੱਖ ਇੰਦਰਜੀਤ ਸਿੰਘ ਰਿਆਤ ਵੀ ਅਜੇ ਨੌ ਪੁਰ ਨੌਂ ਹੈ। 1992 ਵਿੱਚ ਮੋਏ ਜਾਂ ਮਾਰ ਦਿੱਤੇ ਗਏ ਜਥੇਦਾਰ ਤਲਵਿੰਦਰ ਸਿੰਘ ਪਰਮਾਰ ਦੇ ਕਥਿਤ ਬਿਆਨ ਨਾਲੋਂ ਇਸ ਸਾਜਿਸ਼ ਦੀਆਂ ਪਰਤਾਂ ਖੋਹਲਣ ਵਾਸਤੇ ਇੰਦਰਜੀਤ ਸਿੰਘ ਰਿਆਤ ਤੋਂ ਸੱਚ ਪੁੱਛ ਲੈਣਾ ਚਾਹੀਦਾ ਹੈ। ਜਨਾਬ ਬੈਂਸ ਅਤੇ ਘਸੀਆਂ ਪਿੱਟੀਆਂ ਉਦਾਹਰਣਾ ਦੇਣ ਵਾਲੇ ਪੱਤਰਕਾਰ ਨੂੰ ਚਾਹੀਦਾ ਹੈ ਕਿ ਉਹ ਹੁਣ ਰਿਆਤ ਨਾਲ ਮੁਲਾਕਾਤ ਕਰਨ।
Gurwinder Guri
nice argument but govt. sleep deep