ਰੈਡੀਮੇਡ ਸੰਤ ਅਤੇ ਰਾਜਨੀਤਕ ਗੱਠਜੋੜ ਦੀ ਅਸਲੀਅਤ -ਗੁਰਚਰਨ ਪੱਖੋਕਲਾਂ
Posted on:- 05-09-2013
ਪਿਛਲੇ ਦਿਨੀਂ ਸੰਤ ਆਸਾਰਾਮ ਦੀਆਂ ਕਰਤੂਤਾਂ ਨੇ ਸੰਤ ਪਰੰਪਰਾ ਨੂੰ ਬਹੁਤ ਹੀ ਢਾਅ ਲਾਈ ਹੈ ਅਤੇ ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜਿਹਨਾਂ ਵਿੱਚ ਹਰਿਆਣੇ ਦਾ ਇੱਕ ਡੇਰੇਦਾਰ ਅਤੇ ਦੱਖਣ ਭਾਰਤ ਦਾ ਇੱਕ ਨੌਜਵਾਨ ਸੰਤ ਦੇ ਕਾਰਨਾਮੇ ਵੀ ਜ਼ਿਕਰਯੋਗ ਹਨ। ਇਹਨਾਂ ਤੋਂ ਬਿਨਾਂ ਕਰੋੜਾਂ ਅਰਬਾਂ ਰੁਪਏ ਇਕੱਠੇ ਕਰਕੇ ਸੰਤ ਦਾ ਸਰਟੀ ਫਿਕੇਟ ਭਰੀ ਫਿਰਦੇ ਅਨੇਕਾਂ ਸੰਤ ਹਨ ਜਿਹਨਾਂ ਦੀ ਗਿਣਤੀ ਹੀ ਮੁਸ਼ਕਲ ਹੈ।
ਵਰਤਮਾਨ ਵਿੱਚ ਸੰਤ ਪੈਦਾ ਨਹੀਂ ਹੋ ਰਹੇ ਬਲਕਿ ਪੈਦਾ ਕੀਤੇ ਜਾ ਰਹੇ ਹਨ, ਜਿਹਨਾਂ ਵਿੱਚੋਂ ਬਹੁਤਿਆਂ ਦੇ ਪਿੱਛੇ ਰਾਜਨੀਤਕ ਲੋਕਾਂ ਅਤੇ ਪਾਰਟੀਆਂ ਦਾ ਹੱਥ ਹੈ। ਵੋਟ ਬੈਂਕ ਦੇ ਜਖੀਰੇ ਰੂਪੀ ਸੰਤ ਰਾਜਨੀਤਕਾਂ ਦੇ ਮੋਹਰੇ ਬਣਕੇ ਸਮਾਜ ਨੂੰ ਗੁਮਰਾਹ ਕਰ ਰਹੇ ਹਨ ਅਤੇ ਸੰਤ ਤਾਈ ਦੀ ਪਰੰਪਰਾਂ ਨੂੰ ਬਦਨਾਮ ਵੀ ਕਰ ਰਹੇ ਹਨ । ਅਸਲੀ ਸੰਤ ਤਾਂ ਸਮਾਜ ਨੂੰ ਅਤੇ ਹਰ ਦੁਨਿਆਵੀ ਮੋਹ ਨੂੰ ਤਿਆਗ ਕੇ ਇਸ ਰਾਹ ਤੇ ਤੁਰਦਾ ਹੈ। ਅੱਜ ਕੱਲ ਦੇ ਬਹੁਤੇ ਸੰਤ ਮਾਇਆਂ ਅਤੇ ਮਸਹੂਰੀ ਦੀ ਭੁੱਖ ਵਿਚ ਗਰਕ ਕੇ ਸੰਤ ਬਣਦੇ ਹਨ। ਸੰਤ ਤਾਈ ਦਾ ਫੱਟਾ ਲਾਕੇ ਇਸ ਤਰਾਂ ਦੇ ਲੋਕ ਰਾਜਨੀਤਕਾਂ ਦੇ ਗੁਲਾਮ ਬਣ ਜਾਂਦੇ ਹਨ । ਅਸਲੀ ਸੰਤ ਜਦਕਿ ਕਿਸੇ ਦੀ ਵੀ ਗੁਲਾਮੀ ਸਵੀਕਾਰ ਨਹੀਂ ਕਰਦਾ ਹੁੰਦਾਂ ।
ਸੰਤ ਦਾ ਕਦੇ ਵੀ ਕੋਈ ਵਿਸ਼ੇਸ਼ ਦੁਨਿਆਵੀ ਧਰਮ ਵੀ ਨਹੀਂ ਹੁੰਦਾ ਕਿਉਂਕਿ ਸੰਤ ਦੀ ਸੋਚ ਤਾਂ ਬ੍ਰਹਿਮੰਡੀ ਸੋਚ ਹੁੰਦੀ ਹੈ, ਜਿਸ ਵਿੱਚ ਦੁਨੀਆਂ ਦੇ ਸਾਰੇ ਧਰਮ ਸਮਾ ਜਾਂਦੇ ਹਨ । ਇਨਸਾਨੀਅਤ ਅਤੇ ਸਮੁੱਚੇ ਸੰਸਾਰ ਦੀ ਸੇਵਾ ਹੀ ਉਸਦਾ ਧਰਮ ਹੁੰਦਾਂ ਹੈ ਜਿਸਨੂੰ ਇਨਸਾਨੀਅਤ ਵੀ ਆਖਿਆ ਜਾ ਸਕਦਾ ਹੈ।
ਵੋਟਾਂ ਦੇ ਲਾਲਚ ਕਾਰਨ ਰਾਜਨੀਤਕਾਂ ਨੂੰ ਵੋਟ ਬੈਂਕ ਤਿਆਰ ਕਰਨ ਦੀ ਲੋੜ ਪੈ ਰਹੀ ਹੈ। ਸੰਤ ਵੋਟਾਂ ਦਾ ਬੈਂਕ ਤਿਆਰ ਕਰਨ ਦੇ ਸਭ ਤੋਂ ਵੱਡੇ ਸਾਧਨ ਹਨ। ਭਾਰਤੀ ਲੋਕਾਂ ਨੂੰ ਅਖੌਤੀ ਧਾਰਮਿਕ ਜਮਾਤਾਂ ਵਿੱਚ ਵੰਡਕੇ ਪਾਟੋਧਾੜ ਕੀਤਾ ਹੋਇਆ ਹੈ। ਹਜ਼ਾਰਾਂ ਸਾਲਾਂ ਤੋਂ ਭਾਰਤੀ ਮਾਨਸਿਕਤਾ ਤੇ ਧਾਰਮਿਕਤਾ ਦੀ ਪਾਣ ਚੜੀ ਹੋਈ ਹੈ ਜਿਸ ਵਿੱਚੋਂ ਲੋਕਾਂ ਦਾ ਨਿਕਲਣਾਂ ਬਹੁਤ ਹੀ ਮੁਸ਼ਕਲ ਹੈ।
ਰਾਜਨੀਤਕਾਂ ਨੇ ਇਸ ਨੂੰ ਵਰਤਣ ਦੀ ਕਲਾ ਜਾਣ ਲਈ ਹੈ। ਦੇਸ ਦੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਧਰਮਾਂ ਅਤੇ ਸੰਤਾਂ ਦੀ ਪੁਸਤਪਨਾਹੀ ਕਰਦੀਆਂ ਹਨ। ਇਸ ਕਾਰਨ ਧਾਰਮਿਕ ਅਦਾਰੇ ਕਾਰਪੋਰੇਟ ਘਰਾਣਿਆਂ ਨਾਲੋਂ ਵੀ ਵੱਧ ਆਮਦਨ ਕਰ ਰਹੇ ਹਨ।
ਦੂਜੇ ਨੰਬਰ ਤੇ ਪਰਚਾਰ ਮੀਡੀਆਂ ਦੇ ਜ਼ੋਰ ਤੇ ਬਹੁਤ ਸਾਰੇ ਗੁਲਾਮ ਬੰਦੇ ਸੰਤ ਦੇ ਤੌਰ ਤੇ ਸਥਾਪਤ ਕੀਤੇ ਜਾ ਰਹੇ ਹਨ ਜੋ ਵੋਟ ਬੈਂਕ ਤਿਆਰ ਕਰਕੇ ਆਪਣੇ ਆਗੂਆਂ ਦੀਆਂ ਝੋਲੀਆਂ ਵੋਟਾਂ ਨਾਲ ਭਰਦੇ ਹਨ ਬਦਲੇ ਵਿੱਚ ਹਰ ਸਰਕਾਰੀ ਪੁਸਤ ਪਨਾਹੀ ਹਾਸਲ ਕਰਕੇ ਨਾਜਾਇਜ਼ ਧੰਦੇ ਅਤੇ ਹੋਰ ਬਹੁਤ ਕੁਝ ਕਰਦੇ ਹਨ। ਜਦ ਇਸ ਤਰ ਦੇ ਸੰਤਾਂ ਦੇ ਰਾਜਨੀਤਕ ਗੁਰੂ ਚੋਣਾਂ ਜਿੱਤ ਕੇ ਸਰਕਾਰਾਂ ਦੇ ਭਾਈਵਾਲ ਬਣ ਜਾਂਦੇ ਹਨ ਤਾਂ ਇਸ ਤਰਾਂ ਦੇ ਦਲਾਲ ਸੰਤਾਂ ਦੀਆਂ ਪੰਜੇ ਉਗਲਾਂ ਘਿਉ ਵਿੱਚ ਹੁੰਦੀਆਂ ਹਨ।
ਰਾਜਨੀਤਕ ਲੋਕਾਂ ਦਾ ਧਰਮ ਹਮੇਸ਼ਾ ਕੁਰਸੀ ਹੀ ਹੁੰਦਾ ਹੈ । ਕੁਰਸੀ ਲਈ ਸਭ ਕੁਝ ਕਰਨ ਵਾਲੇ ਰਾਜਨੀਤਕ ਲੋਕ ਸੰਤਾਂ ਨੂੰ ਗਲਤ ਕੰਮਾਂ ਵਿੱਚ ਸਹਿਯੋਗ ਦੇਕੇ ਉਹਨਾਂ ਨੂੰ ਸ਼ੈਤਾਨ ਬਣਾਉਣ ਵਿੱਚ ਵੀ ਪੂਰਾ ਹੱਥ ਵਟਾਉਂਦੇ ਹਨ। ਸੈਤਾਨ ਬਣੇ ਅਖੌਤੀ ਸੰਤ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉਪਰ ਸਮਝਣ ਲੱਗ ਜਾਂਦੇ ਹਨ ਜਿਸ ਨਾਲ ਮਾਇਆ ਇਕੱਠੀ ਕਰਨ ਤੋਂ ਬਾਅਦ ਅੱਯਾਸ਼ੀ ਕਰਨ ਦਾ ਰਾਹ ਫੜ ਲੈਂਦੇ ਹਨ। ਇਸ ਅਯਾਸ਼ੀ ਦੇ ਰਸਤੇ ਤੇ ਤੁਰੇ ਬੰਦੇ ਨੂੰ ਸੰਤ ਦਾ ਦਰਜਾ ਮਿਲਣਾ ਫਿਰ ਸਮਾਜ ਲਈ ਲਾਹਨਤ ਬਣ ਜਾਂਦਾ ਹੈ । ਭ੍ਰਿਸ਼ਟ ਅਤੇ ਅੱਯਾਸ਼ ਬਣੇ ਸੰਤ ਰੂਪੀ ਬੰਦੇ ਰਾਜਨੀਤਕਾਂ ਦੀ ਜਾੜ ਥੱਲੇ ਹੀ ਹੁੰਦੇ ਹਨ ਜਿਹਨਾਂ ਨੂੰ ਜਦੋਂ ਮਰਜ਼ੀ ਚੱਬਿਆ ਜਾ ਸਕਦਾ ਹੈ।
ਆਸਾਰਾਮ ਵੀ ਇੱਕ ਇਸ ਤਰਾਂ ਦਾ ਸੰਤ ਹੀ ਹੈ ਜੋ ਗਰੀਬੀ ਤੋਂ ਇੱਕ ਦਮ ਪੈਸੇ ਦੀ ਚਕਾਚੌਂਧ ਵਿੱਚ ਅੰਨਾ ਹੋ ਗਿਆ ਹੈ । ਆਪਣੇ ਆਪ ਨੂੰ ਰਾਜਨੀਤਕਾਂ ਤੋਂ ਵੱਡਾ ਸਮਝਣ ਲੱਗ ਪਿਆ ਸੀ। ਗੁਜਰਾਤ ਦੇ ਤਿੰਨ ਵਾਰ ਬਣੇ ਮੁੱਖ ਮੰਤਰੀ ਨੂੰ ਵੀ ਅੱਖਾਂ ਦਿਖਾਉਣ ਲੱਗਿਆ ਹੋਇਆ ਸੀ । ਇਸ ਤਰਾਂ ਇਹ ਕਿੰਨਾ ਕੁ ਵਕਤ ਬਚ ਸਕਦਾ ਹੈ। ਜਦੋਂ ਵੀ ਸਰਕਾਰਾਂ ਨੂੰ ਵਕਤ ਮਿਲਿਆ ਤਦ ਰਾਜਨੀਤਕਾਂ ਨੇ ਆਪਣਾਂ ਰੰਗ ਦਿਖਾ ਦਿੱਤਾ ਹੈ।
ਹੁਣ ਤੱਕ ਉਸਦੇ ਅਨੇਕਾਂ ਗੁਨਾਹ ਛੁਪਾਉਣ ਵਾਲੇ ਰਾਜਨੀਤਕ ਇੱਕਦਮ ਉਸਦੇ ਖਿਲਾਫ ਬੋਲਣ ਲੱਗੇ ਹਨ । ਇਸ ਤੋਂ ਪਹਿਲਾਂ ਵੀ ਅਨੇਕਾਂ ਗੁਨਾਹਾਂ ਵਿੱਚ ਸਾਮਲ ਹੋਣ ਦੇ ਦੋਸ਼ ਇਸ ਉਪਰ ਲੱਗਦੇ ਰਹੇ ਹਨ ਪਰ ਉਹ ਸਾਰੇ ਰਾਜਨੀਤੀ ਦੇ ਜ਼ੋਰ ਤੇ ਦਬਾਏ ਗਏ ਸਨ । ਆਸਾ ਰਾਮ ਨੂੰ ਭੁਲੇਖਾ ਲੱਗ ਗਿਆ ਸੀ ਕਿ ਸ਼ਾਇਦ ਉਹ ਰਾਜਨੀਤਕਾਂ ਤੋਂ ਵੱਡਾ ਹੋ ਗਿਆ ਹੈ ਜੋ ਕਿ ਉਹ ਹੈ ਨਹੀਂ ਸੀ। ਬੀਜੇਪੀ ਦੇ ਕੁਝ ਆਗੂ ਹਾਲੇ ਵੀ ਉਸਦਾ ਬਚਾਅ ਕਰਨਾਂ ਲੋਚਦੇ ਸਨ ਉਸਦੇ ਵੋਟ ਬੈਂਕ ਕਾਰਨ ,ਪਰ ਨਰਿੰਦਰ ਮੋਦੀ ਵੱਲੋਂ ਆਸਾ ਰਾਮ ਨੂੰ ਰਾਖਸ਼ ਦਾ ਖਿਤਾਬ ਦੇਣ ਤੇ ਹੁਣ ਬੀਜੇਪੀ ਆਗੂ ਵੀ ਚੁੱਪ ਕਰ ਗਏ ਹਨ ਕਿਉਂਕਿ ਭਵਿੱਖ ਦਾ ਬੀਜੇਪੀ ਆਗੂ ਮੋਦੀ ਹੀ ਜਦ ਉਸਦੇ ਖਿਲਾਫ ਹੈ ਫਿਰ ਛੋਟੇ ਆਗੂਆਂ ਨੇ ਵੀ ਪਾਸਾ ਵੱਟਣ ਵਿੱਚ ਹੀ ਭਲਾਈ ਸਮਝੀ ਹੈ ।
ਰਾਜਸਥਾਨ ਦੇ ਮੁੱਖ ਮੰਤਰੀ ਵੱਲੋਂ ਕੁਝ ਮੱਦਦ ਕਰਨ ਦੀ ਕੋਸ਼ਿਸ਼ ਉਸ ਵਕਤ ਅਸਫਲ ਹੋ ਗਈ ਜਦੋਂ ਆਸਾ ਰਾਮ ਨੇ ਆਪਣੇ ਆਪ ਨੂੰ ਵੱਡਾ ਸਮਝਦਿਆਂ ਸੋਨੀਆ ਅਤੇ ਰਾਹੁਲ ਗਾਂਧੀ ਤੇ ਹੀ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਕਿ ਉਸਨੂੰ ਫਸਾਉਣ ਲਈ ਸੋਨੀਆ ਅਤੇ ਰਾਹੁਲ ਜ਼ਿੰਮੇਦਾਰ ਹਨ ਅਤੇ ਇਸ ਬਿਆਨ ਦੇ ਕਾਰਨ ਗਹਿਲੋਤ ਜੀ ਨੂੰ ਮਜਬੂਰਨ ਕਾਰਵਾਈ ਕਰਨੀਂ ਪਈ ਜਿਸ ਸਦਕਾ ਆਸਾ ਰਾਮ ਜੇਲ ਦੇ ਬੇਕੁੰਠ ਦੀ ਅਸਲੀਅਤ ਵੀ ਹੁਣ ਚੰਗੀ ਤਰਾਂ ਦੇਖ ਲਵੇਗਾ। ਜੇ ਸਰਕਾਰਾਂ ਨੇ ਇਮਾਨਦਾਰੀ ਨਾਲ ਜਾਂਚ ਕਰਵਾਈ ਤਾਂ ਸਾਇਦ ਆਸਾ ਰਾਮ ਨੂੰ ਸਾਰੀ ਉਮਰ ਹੀ ਜੇਲ ਦੀ ਬੇਕੁੰਠ ਵਿੱਚ ਰਹਿਣ ਦਾ ਮੌਕਾ ਮਿਲ ਜਾਵੇ।
ਭਵਿੱਖ ਵਿੱਚ ਭਾਵੇਂ ਇਸ ਤਰਾਂ ਦੇ ਹੋਰ ਕਾਰਨਾਮਿਆਂ ਦੇ ਖਾਤਮੇ ਦੀ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਰਾਜਨੀਤਕ ਲੋਕਾਂ ਨੂੰ ਹਾਲੇ ਵੀ ਇਹੋ ਜਿਹੇ ਬਨਾਰਸੀ ਠੱਗਾਂ ਦੀ ਲੋੜ ਹੈ ਪਰ ਆਸਾਰਾਮ ਦੀ ਗ੍ਰਿਫਤਾਰੀ ਨਾਲ ਬਹੁਤ ਸਾਰੇ ਹੋਰ ਅੱਯਾਸ਼ ਅਖੌਤੀ ਸੰਤਾਂ ਨੂੰ ਵੀ ਜ਼ਰੂਰ ਜੇਲ ਦੇ ਸੁਪਨੇ ਦਿਖਾਈ ਲਗ ਗਏ ਹੋਣਗੇ । ਇਸ ਤਰਾਂ ਦੀ ਕਾਰਵਾਈ ਉਹਨਾਂ ਸੰਤਾ ਤੇ ਵੀ ਹੋਣੀ ਚਾਹੀਦੀ ਹੈ ਜਿਹਨਾਂ ਨੇ ਆਪਣੇ ਕੇਸ ਪੈਸੇ ਦੇ ਜ਼ੋਰ ਤੇ ਅਦਾਲਤਾਂ ਵਿੱਚ ਲਟਕਾਏ ਹੋਏ ਹਨ ।
ਮਾਇਆਧਾਰੀ ਅਖੌਤੀ ਸੰਤ ਜੋ ਕਰੋੜਾਂ ਅਰਬਾਂ ਦੀ ਜਾਇਦਾਦ ਦੇ ਮਾਲਕ ਬਣੇ ਹੋਏ ਹਨ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਤਰਾਂ ਦੇ ਵਪਾਰੀ ਕਿਸਮ ਦੇ ਸੰਤਾਂ ਦੀ ਜਾਇਦਾਦ ਸਰਕਾਰੀ ਐਲਾਨ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਹੋਵੇਗਾ ਨਹੀਂ ਕਿਉਂਕਿ ਇਸ ਤਰਾਂ ਦੇ ਲੋਕਾਂ ਦੇ ਜਨਮਦਾਤੇ ਅਸਲ ਵਿੱਚ ਰਾਜਨੀਤਕ ਆਗੂ ਅਤੇ ਰਾਜਨੀਤਕ ਪਾਰਟੀਆਂ ਹੀ ਹਨ । ਜਿੰਨਾ ਚਿਰ ਰਾਜਨੀਤਕ ਲੋਕ ਅਤੇ ਸੰਤ ਗੱਠਜੋੜ ਨਹੀਂ ਟੁਟੇਗਾ ਉਨਾਂ ਚਿਰ ਇਹੋ ਜਿਹੇ ਕਾਂਢ ਵੀ ਹੁੰਦੇ ਰਹਿਣਗੇ ਪਰ ਆਮ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਜ਼ਰੂਰ ਲਹਿ ਜਾਣਾ ਚਾਹੀਦਾ ਹੈ।
ਸੰਪਰਕ: +91 94177 27245