ਅਸਾਵਾਂ ਮਾਨਵ ਵਿਕਾਸ : ਦੱਖਣੀ ਭਾਰਤ ਨਾਲ਼ੋਂ ਪਛੜਿਆ ਉੱਤਰੀ ਭਾਰਤ - ਨਿਰਮਲ ਰਾਣੀ
Posted on:- 31-08-2013
ਸਾਡੇ ਦੇਸ਼ ਦੀ ਰਾਜਨੀਤੀ ਹੋਵੇ ਜਾਂ ਧਰਮ ਸਬੰਧੀ ਵਿਚਾਰ, ਦੋਵਾਂ ਹੀ ਖੇਤਰਾਂ ’ਚ ਉੱਤਰ ਭਾਰਤ ਤੇ ਉੱਤਰ ਭਾਰਤੀਆਂ ਦੇ ਵਿਸ਼ੇਸ਼ ਲੱਛਣ ਸਾਫ਼ ਤੌਰ ’ਤੇ ਵਿਸ਼ੇਸ਼ ਲੱਛਣ ਸਾਫ਼ ਤੌਰ ’ਤੇ ਦੇਖੇ ਜਾ ਸਕਦੇ ਹਨ। ਧਰਮ ਅਤੇ ਰਾਜਨੀਤੀ ’ਤੇ ਉੱਤਰ ਭਾਰਤ ਦੀ ਆਪਣੀ ਵਿਸ਼ੇਸ਼ਤਾ ਦਾ ਪਿਛਲੇ ਲਗਭਗ ਸੱਤ ਦਹਾਕਿਆਂ ’ਚ ਕੀ ਨਤੀਜਾ ਨਿਕਲ਼ਿਆ ਹੈ, ਇਸ ’ਤੇ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੈ। ਸੰਖੇਪ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਅੰਗਰੇਜ਼ਾਂ ਤੋਂ ਮਿਲ਼ੀ ਆਜ਼ਾਦੀ ਤੋਂ ਬਾਅਦ ਅਸੀਂ ਖ਼ੁਦ ਨੂੰ ਇਨਾ ਆਜ਼ਾਦ ਸਮਝਣ ਲੱਗੇ ਹਾਂ ਕਿ ਅਸੀਂ ਆਪਣ ਵਿਅਕਤੀਗਤ ਧਰਮ ਤੇ ਰਾਜਨੀਤੀ ਸਬੰਧੀ ਅਤੇ ਸਮਾਜ ਨਾਲ਼ ਜੁੜੇ ਹੋਏ ਕਿਸੇ ਵੀ ਕੰਮ-ਕਾਰ ਨੂੰ ਜਦੋਂ, ਜਿੱਥੇ ਅਤੇ ਜਿਸ ਤਰ੍ਹਾਂ ਚਾਹੀਏ, ਅੰਜਾਮ ਦੇ ਸਕਦੇ ਹਾਂ।
ਉਦਾਹਰਣ ਦੇ ਤੌਰ ’ਤੇ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਰੇਲਵੇ ਸਟੇਸ਼ਨ ਭਿਖ਼ਾਰੀਆਂ, ਚੋਰਾਂ ਤੇ ਲੁਟੇਰਿਆਂ ਦੀ ਪਨਾਹਗਾਰ ਬਣੇ ਰਹਿੰਦੇ ਹਨ। ਇਨ੍ਹਾਂ ਥਾਵਾਂ ’ਤੇ ਤਾਇਨਾਤ ਸੁਰੱਖਿਆ ਲਈ ਤਾਇਨਾਤ ਪੁਲਿਸ ਇਨ੍ਹਾਂ ਨਾਲ਼ ਗੰਢ-ਤੁੱਪ ਕਰਕੇ ਰੱਖਦੀ ਹੈ ਅਤੇ ਇਨ੍ਹਾਂ ਦੁਆਰਾ ਕੀਤੇ ਜਾਣ ਵਾਲ਼ੇ ਅਪਰਾਧਾਂ ਵਿੱਚ ਬਰਾਬਰ ਦੀ ਸ਼ਰੀਕ ਪਾਈ ਜਾਂਦੀ ਹੈ। ਇਸ ਤਰ੍ਹਾਂ ਉੱਤਰ ਭਾਰਤ ’ਚ ਸਵੇਰ ਸਮੇਂ ਰੇਲਵੇ ਲਾਈਨ ਤੋਂ ਲੈ ਕੇ ਮੁੱਖ ਸੜਕਾਂ ਦੇ ਕਿਨਾਰਿਆਂ ’ਤੇ ਆਮ ਲੋਕ ਨਿੱਤ ਆਪਣੇ-ਆਪ ਨੂੰ ਫ਼ਾਰਗਕਰਦੇ ਦੇਖੇ ਜਾ ਸਕਦੇ ਹਨ। ਦਿੱਲੀ ਦੇ ਨੇੜੇ-ਤੇੜੇ ਦੇ ਖ਼ੇਤਰਾਂ ਦੇ ਬਾਰੇ ’ਚ ਤਾਂ ਇੱਕ ਵਾਰ ਤਾਂ ਟੈਲੀਵਿਜ਼ਨ ’ਤੇ ਇੱਥੋਂ ਤੱਕ ਦਿਖਾਇਆ ਗਿਆ ਕਿ ਰੇਲ ਗੱਡੀ ਦੇ ਡਰਾਈਵਰ ਨੂੰ ਰੇਲ ਚਲਾਉਣ ’ਚ ਸਿਰਫ਼ ਇਸ ਲਈ ਸਵੇਰ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਫ਼ਾਰਗ ਹੋਣ ਵਾਲ਼ੇ ਜ਼ਿਆਦਾਤਰ ਲੋਕ ਰੇਲਵੇ ਲਾਈਨ ਦੇ ਵਿਚਕਾਰ ਸਲੀਪਰ ’ਤੇ ਬੈਠੇ ਰਹਿੰਦੇ ਹਨ।
ਜੇਕਰ ਦੱਖਣ ਭਾਰਤ ਦੇ ਚੇਨਈ, ਮਦਰਾਸ, ਹੈਦਰਾਬਾਦ, ਵਿਜੈਵਾੜਾ ਵਰਗੇ ਰੇਲਵੇ ਸਟੇਸ਼ਨਾਂ ਨਾਲ਼ ਇਨ੍ਹਾਂ ਦੀ ਤੁਲਨਾ ਕੀਤੀ ਜਾਵੇ ਤਾਂ ਇਨ੍ਹਾਂ ਸਟੇਸ਼ਨਾਂ ’ਤੇ ਲੱਭਣ ’ਤੇ ਵੀ ਭਿਖਾਰੀ, ਚੋਰ-ਲੁਟੇਰੇ ਜਾਂ ਜੂਏਬਾਜ਼ ਪ੍ਰਵਿਰਤੀ ਦੇ ਲੋਕ ਜਲਦੀ ਨਹੀਂ ਮਿਲਣਗੇ। ਸਵੇਰ ਦੀ ਜੋ ‘ਬਹਾਰ’ ਉੱਤਰ ਭਾਰਤ ’ਚ ਰੇਲਵੇ ਲਾਈਨਾਂ ਤੋ ਸੜਕਾਂ ਦੇ ਕਿਨਾਰਿਆਂ ’ਤੇ ਨਜ਼ਰ ਆਉਂਦੀ ਹੈ, ਉਹ ਵੀ ਦੱਖਣ ਭਾਰਤ ਵਿੱਚ ਨਾ-ਮਾਤਰ ਦੇਖਣ ਨੂੰ ਮਿਲ਼ੇਗੀ। ਸਟੇਸ਼ਨਾਂ ’ਤੇ ਸਫ਼ਾਈ ਦਾ ਇਹ ਆਲਮ ਹੈ ਕਿ ਦੱਖਣ ਦੇ ਸਟੇਸ਼ਨਾਂ ਦੀ ਤੁਲਨਾ ਕਾਫ਼ੀ ਹੱਦ ਤੱਕ ਯੂਰਪ, ਅਮਰੀਕਾ ਤੇ ਚੀਨ ਵਰਗੇ ਦੇਸ਼ਾਂ ਦੇ ਸਟੇਸ਼ਨਾਂ ਨਾਲ਼ ਵੀ ਕੀਤ ਜਾ ਸਕਦੀ ਹੈ। ਬੀੜੀ ਤੇ ਸਿਗਰੇਟ ਦੇ ਟੁਕੜੇ ਪਲੇਟਫਾਰਮ ਜਾਂ ਰੇਲਵੇ ਲਾਈਨਾਂ ’ਤੇ ਕਿਤੇ ਵੀ ਨਜ਼ਰ ਨਹੀਂ ਆਉਂਦੇ। ਲਗਭਗ ਹਰੇਕ ਰੇਲਗੱਡੀ ਦੇ ਸਟੇਸ਼ਨ ਛੱਡਣ ਮਗਰੋਂ ਰੇਲਵੇ ਦੇ ਸਫ਼ਾਈ ਕਰਮਚਾਰੀ, ਜਿਨ੍ਹਾਂ ਵਿੱਚ ਔਰਤਾਂ ਖ਼ਾਸ ਤੌਰ ’ਤੇ ਸ਼ਾਮਿਲ ਹਨ, ਰੇਲਵੇ ਲਾਈਨਾਂ ’ਤੇ ਉੱਤਰ ਕੇ ਯਾਤਰੀਆਂ ਦੁਆਰਾ ਸੁੱਟੇ ਗਏ ਥੋੜ੍ਹੇ-ਬਹੁਤ ਕੂੜੇ-ਕਰਕਟ ਨੂੰ ਉੱਠਾ ਲੈਂਦੇ ਹਨ। ਇਹ ਸਿਲਸਿਲਾ ਦਿਨ-ਰਾਤ ਚੱਲਦਾ ਰਹਿੰਦਾ ਹੈ।
ਸਟੇਸ਼ਨ ਤੇ ਨਜ਼ਰ ਆਉਣ ਵਾਲ਼ੇ ਹਾਕਰ ਅਤੇ ਪਲੇਟਫਾਰਮ ’ਤੇ ਸਟਾਲ ’ਤੇ ਖਾਣ-ਪੀਣ ਤੇ ਹੋਰ ਸਮੱਗਰੀ ਵੇਚਣ ਵਾਲ਼ੇ ਲੋਕ ਅਤਿਅੰਤ ਸਾਫ਼-ਸੁਥਰੇ ਤੇ ਜਾਗਰੂਕ ਨਜ਼ਰ ਆਉਂਦੇ ਹਨ। ਚੇਨਈ ਰੇਲਵੇ ਸਟੇਸ਼ਨ ਤੇ ਤਾਂ ਪਿਊਰੀਫਾਈਡ ਵਾਟਰ ਸਪਲਾਈ ਦੀ ਪਾਈਪ ਨਾਲ਼ ਪਾਣੀ ਸਪਲਾਈ ਕੀਤਾ ਜਾਂਦਾ ਹੈ, ਜਦੋਂ ਕਿ ਉੱਤਰ ਭਾਰਤ ਦੇ ਰੇਲਵੇ ਸਟੇਸ਼ਨਾਂ ’ਤੇ ਜਾਂ ਤਾਂ ਪੀਣ ਵਾਲ਼ੇ ਪਾਣੀ ਦਾ ਕਾਲ਼ ਪਿਆ ਰਹਿੰਦਾ ਹੈ ਜਾਂ ਫਿਰ ਬੇਵਜ੍ਹਾ ਪਾਣੀ ਵਹਿੰਦਾ ਰਹਿੰਦਾ ਹੈ। ਇੱਧਰ ਕਈ ਵਾਰ ਅਜਿਹੀਆਂ ਸ਼ਿਕਾਇਤਾਂ ਵੀ ਸੁਣਨ ਨੂੰ ਮਿਲ਼ੀਆਂ ਹਨ ਕਿ ਕੋਲਡ ਡਰਿੰਕ ਜਾਂ ਪਾਣੀ ਦੀ ਵਿਕਰੀ ਵਧਾਉਣ ਦੀ ਗਰਜ਼ ਨਾਲ਼ ਰੇਲਵੇ ਦਾ ਸਟੇਸ਼ਨ ਪ੍ਰਸ਼ਾਸਨ ਰੇਲਗੱਡੀ ਆਉਣ ਦੇ ਸਮੇਂ ਜਾਣ-ਬੁੱਝ ਕੇ ਪਲੇਟਫਾਰਮ ’ਤੇ ਹੋਣ ਵਾਲ਼ੀ ਪਾਣੀ ਦੀ ਸਪਲਾਈ ਬੰਦ ਕਰ ਦਿੰਦਾ ਹੈ ਤਾਂ ਜੋ ਪਿਆਸ ਨਾਲ਼ ਪ੍ਰੇਸ਼ਾਨ ਯਾਤਰੀ ਪਾਣੀ ਉਪਲੱਬਧ ਨਾ ਹੋਣ ਕਾਰਨ ਕੋਲਡ ਡਰਿੰਕ ਜਾਂ ਪਾਣੀ ਦੀਆਂ ਬੋਤਲਾਂ ਖ਼ਰੀਦਣ ਲਈ ਮਜਬੂਰ ਹੋ ਜਾਣ।
ਦੱਖਣ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨ, ਜਿਵੇਂ ਮਦਰਾਸ ਦੇ ਮੀਨਾਕਸ਼ੀ ਦੇਵੀ ਮੰਦਰ, ਰਾਮੇਸ਼ਵਰਮ ਤੇ ਕੰਨਿਆ ਕੁਮਾਰੀ ਵਰਗੇ ਪ੍ਰਮੁੱਖ ਸੈਰ-ਸਪਾਟਾ ਕੇਂਦਰਾਂ ’ਤੇ ਵੀ ਭਿਖਾਰੀ ਜਾਂ ਠੱਗ ਕਿਸਮ ਦੇ ਲੋਕ ਜਲਦੀ ਵੇਖ ਨੂੰ ਨਹੀਂ ਮਿਲਣਗੇ। ਠੀਕ ਇਸ ਦੇ ਉਲਟ ਉੱਤਰ ਭਾਰਤ ’ਚ ਇਸ ਪ੍ਰਕਾਰ ਦੇ ਤੱਤਾਂ ਦੀ ਭਰਮਾਰ ਵੇਖੀ ਜਾ ਸਕਦੀ ਹੈ। ਹਾਂ, ਜੇਕਰ ਉੱਤਰ ਭਾਰਤ ’ਚ ਕੁਝ ਨਜ਼ਰ ਆਉਂਦਾ ਹੈ ਤਾਂ ਉਹ ਹੈ ਇਸ ਖੇਤਰ ’ਚ ਕੀਤਾ ਜਾਣ ਵਾਲ਼ਾ ਹੱਦ ਤੋਂ ਵੱਧ ਫੈਸ਼ਨ। ਨਿਸ਼ਚਿਤ ਰੂਪ ਨਾਲ਼ ਦੱਖਣ ਭਾਰਤ ’ਚ ਇਸ ਦੀ ਕਮੀ ਆਮ ਤੌਰ ’ਤੇ ਵੇਖਣ ਨੂੰ ਮਿਲਦੀ ਹੈ। ਖ਼ਾਸ ਤੌਰ ’ਤੇ ਤਾਮਿਲਨਾਡੂ ਜਾਂ ਕੇਰਲਾ ਵਰਗੇ ਸੂਬਿਆਂ ’ਚ ਸ਼ਾਇਦ ਹੀ ਕੋਈ ਅਜਿਹੀ ਸਥਾਨਕ ਔਰਤ ਵੇਖਣ ਨੂੰ ਮਿਲ਼ੇ, ਜਿਸ ਨੇ ਆਪਣੇ ਬੁੱਲ੍ਹਾਂ ’ਤੇ ਲਿਪਸਟਿਕ ਲਗਾਈ ਹੋਵੇ। ਬਾਵਜੂਦ ਇਸ ਦੇ ਕਿ ਉੱਤਰ ਭਾਰਤ ਦੇ ਲੋਕ ਖ਼ੁਦ ਨੂੰ ਅਸਲ ਭਾਰਤੀ ਕਹਿਣ ਦਾ ਦਮ ਭਰਦੇ ਹਨ, ਪਰ ਉਨ੍ਹਾਂ ਦੇ ਖਾਣ-ਪੀਣ, ਪਹਿਰਾਵੇ ਤੇ ਸੱਭਿਆਚਾਰ ’ਤੇ ਪੱਛਮੀ ਸੱਭਿਅਤਾ ਦਾ ਜ਼ਬਰਦਸਤ ਪ੍ਰਭਾਵ ਵੇਖਿਆ ਜਾ ਸਕਦਾ ਹੈ। ਫੈਸ਼ਨ ਹੋਵੇ ਜਾਂ ਖਾਣ-ਪੀਣ ਦੀ ਸ਼ੈਲੀ ਜਾਂ ਸਿੱਖਿਆ ਪ੍ਰਾਪਤ ਕਰਨ ਦੀ ਗੱਲ, ਹਰ ਥਾਂ ਪੱਛਮੀ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ। ਪਰ ਇਹ ਕਹਿਣ ’ਚ ਕੋਈ ਹਰਜ਼ ਨਹੀਂ ਕਿ ਦੱਖਣ ਭਾਰਤ ਨੇ ਅਸਲ ਅਤੇ ਪੁਰਾਣੀ ਭਾਰਤੀ ਸੰਸਕ੍ਰਿਤੀ ਨੂੰ ਹੁਣ ਤੱਕ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ। ਉੱਥੋਂ ਦੀਆਂ ਔਰਤਾਂ ਭਾਵੇਂ ਖ਼ੁਦ ਨੂੰ ਸੁੰਦਰ ਵਿਖਾਉਣ ਲਈ ਲੀਪਾ-ਪੋਚੀ ਵਰਗੇ ਫੈਸ਼ਨ ਕਰਨਾ ਜ਼ਰੂਰੀ ਨਹੀਂ ਸਮਝਦੀਆਂ, ਪਰ ਸਾੜੀ-ਬਲਾਊਜ਼ ਵਰਗੇ ਪ੍ਰੰਪਰਿਕ ਭਾਰਤੀ ਪਹਿਰਾਵੇ ਨੂੰ ਦੱਖਣ ਦੀਆਂ ਔਰਤਾਂ ਨੇ ਅੱਜ ਵੀ ਪੂਰੀ ਤਰ੍ਹਾਂ ਨਾਲ਼ ਜੀਵਤ ਰੱਖਿਆ ਹੋਇਆ ਹੈ। ਫੈਸ਼ਨ ਦੇ ਨਾਂ ’ਤੇ ਉੱਥੋਂ ਦੀਆਂ ਵਧੇਰੇ ਔਰਤਾਂ ਆਪਣੇ ਵਾਲ਼ਾਂ ’ਚ ਚਮੇਲੀ ਬੇਲਾ ਤੇ ਚਮੇਲੀ ਦੇ ਫੁੱਲਾਂ ਦੇ ਗਜਰੇ ਲਗਾਉਂਦੀਆਂ ਹਨ, ਜਿਸ ਨਾਲ਼ ਉੱਥੋਂ ਦਾ ਵਾਤਾਵਰਣ ਵੀ ਕੁਦਰਤੀ ਸੁਗੰਧੀ ਨਾਲ਼ ਸਰਸ਼ਾਰ ਰਹਿੰਦਾ ਹੈ। ਜ਼ਿਆਦਾਤਰ ਔਰਤਾਂ, ਕੰਮ-ਕਾਰ ਵਾਲ਼ੀਆਂ ਵੇਖੀਆਂ ਜਾ ਸਕਦੀਆਂ ਹਨ। ਮਰਦਾਂ ਦੀ ਸਾਦਗੀ ਦਾ ਵੀ ਇਹੀ ਆਲਮ ਹੈ ਕਿ ਲੋਕ ਆਮ ਤੌਰ ’ਤੇ ਲੁੰਗੀ ਪਹਿਨਦੇ ਹਨ। ਆਪਣੇ ਦਫ਼ਤਰ ’ਚ ਵੀ ਜ਼ਿਆਦਾਤਰ ਮਰਦ ਲੋਕ ਲੁੰਗੀ ਪਹਿਨ ਕੇ ਜਾਂਦੇ ਹਨ ਅਤੇ ਚੱਪਲਾਂ ਕੱਢ ਕੇ ਨੰਗੇ ਪੈਰ ਆਪਣੀ ਡਿੳੂਟੀ ਨੂੰ ਅੰਜਾਮ ਦਿੰਦੇ ਹਨ।
ਖਾਣ-ਪੀਣ ਦੇ ਮਾਮਲੇ ’ਚ ਵੀ ਉੱਤਰ ਭਾਰਤ ਦਾ ਸ਼ਹਿਰੀ ਸਮਾਜ ਜਿੱਥੇ ਕਾਂਟੇ-ਚਮਚ ਜਾਂ ਛੁਰੀ ਵਰਗੀ ਪੱਛਮੀ ਸਮੱਗਰੀ ਖਾਣ ਦੇ ਸਮੇਂ ਵਰਤੋਂ ’ਚ ਲਿਆਂਦਾ ਹੈ, ਉੱਥੇ ਦੱਖਣ ਭਾਰਤ ਦੇ ਸਾਧਾਰਨ ਤੋਂ ਲੈ ਕੇ ਵੱਡੇ ਤੋਂ ਵੱਡੇ ਰੈਸਟਰੋਰੈਂਟ ’ਚ ਕੇਲੇ ਦੇ ਸਾਫ਼-ਸੁਥਰੇ ਪੱਤਿਆਂ ’ਤੇ ਖਾਣਾ ਪਰੋਸਣ ਦੀ ਪ੍ਰੰਪਰਾ ਹੈ। ਇੱਥੇ ਲੋਕ ਚਮਚ ਦੀ ਬਜਾਏ ਹੱਥ ਨਾਲ਼ ਖਾਮਾ ਪਸੰਦ ਕਰਦੇ ਹਨ। ਇੱਥੋਂ ਦੇ ਨੌਜਵਾਨ ਵੀ ਫੈਸ਼ਨ ਨੂੰ ਵਧੇਰੇ ਤਵੱਜੋ ਨਹੀਂ ਦਿੰਦੇ। ਛੇੜਛਾੜ, ਲੜਕੀਆਂ ਦੇ ਪਿੱਛੇ ਭੱਜਣਾ, ਸੀਟੀ ਵਜਾਉਣਾ ਤੇ ਵਿਹਲੇ ਬੈਠ ਕੇ ਗੱਪਾਂ ਮਾਰਨ ਵਰਗੀਆਂ ਆਦਤਾਂ ਉੱਥੋਂ ਦੇ ਲੋਕਾਂ ’ਚ ਵੇਖਣ ਨੂੰ ਨਹੀਂ ਮਿਲ਼ਦੀਆਂ।
ਦਰਅਸਲ ਇਨ੍ਹਾਂ ਹਾਲਾਤਾਂ ਦਾ ਸਭ ਤੋਂ ਵੱਧ ਸਿਹਰਾ ਉੱਥੋਂ ਦੇ ਆਮ ਲੋਕਾਂ ਨੂੰ ਹੀ ਜਾਂਦਾ ਹੈ। ਦੱਖਣ ਦੇ ਲੋਕ ਨਾ ਕੇਵਲ ਸਿੱਖਿਅਤ, ਜਾਗਰੂਕ ਤੇ ਸਫ਼ਾਈ-ਪਸੰਦ ਹਨ, ਸਗੋਂ ਵਿਖਾਵੇ ਤੇ ਪਾਖੰਡ ਦੇ ਜੀਵਨ ਨਾਲ਼ ਵੀ ਉਹ ਵਾਹ-ਵਾਸਤਾ ਨਹੀਂ ਰੱਖਦੇ। ਹੱਦ ਤਾਂ ਇਹ ਹੈ ਕਿ ਉੱਥੋਂ ਦੇ ਸਿਆਸਤਦਾਨਾਂ ਦੇ ਪੋਸਟਰ ਵੀ ਉੱਤਰ ਭਾਰਤ ਦੇ ਸਿਆਸਤਦਾਨਾਂ ਦੇ ਹੱਥ ਜੋੜਨ ਵਾਲ਼ੇ ਪਾਖੰਡਪੂਰਨ ਅੰਦਾਜ਼ ਦੀ ਤਰ੍ਹਾਂ ਨਹੀਂ ਹੁੰਦੇ। ਸੰਪਰਦਾਇਕ ਭਾਵਨਾ ਵੀ ਦੱਖਣ ਭਾਰਤ ’ਚ ਡੂੰਘਾਈ ਤੱਕ ਵੇਖੀ ਜਾ ਸਕਦੀ ਹੈ। ਦੁਕਾਨਾਂ, ਰੈਸਟੋਰੈਂਟਾਂ, ਦਫ਼ਤਰਾਂ, ਨਿੱਜੀ ਸੰਸਥਾਵਾਂ ਤੇ ਸਰਕਾਰੀ ਇਮਾਰਤਾਂ ’ਚ ਲਗਭਗ ਹਰੇਕ ਜਗ੍ਹਾ ਸਾਦਗੀ ਨਾਲ਼ ਭਰਪੂਰ ਕੰਮ-ਕਾਜੀ ਔਰਤਾਂ ਦੀ ਮੌਜੂਦਗੀ ਵੇਖੀ ਜਾ ਸਕਦੀ ਹੈ। ਦੱਖਣੀ ਖੇਤਰ ’ਚ ਸਾਖ਼ਰਤਾ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ। ਅਜਿਹੇ ਸਾਕਾਰਮਕ ਵਾਤਾਵਰਣ ਲਈ ਕਿਸੇ ਇੱਕ ਸਿਆਸੀ ਦਲ ਜਾਂ ਸੂਬਾਈ ਸਰਕਾਰ ਨੂੰ ਸਿਹਰਾ ਦੇਣ ਦੀ ਜ਼ਰੂਰਤ ਨਹੀਂ ਹੈ। ਦਰਅਸਲ ਇਹ ਸਭ ਦੱਖਣ ਭਾਰਤ ਦੇ ਲੋਕਾਂ ਦੀ ਜਾਗਰੂਕਤਾ ਅਤੇ ਉਨ੍ਹਾਂ ਦੇ ਉੱਚਤਮ ਵਿਚਾਰਾਂ ਦਾ ਹੀ ਨਤੀਜਾ ਹੈ ਕਿ ਅੱਜ ਦੱਖਣ ਭਾਰਤ, ਉੱਤਰ ਭਾਰਤ ਨੂੰ ਸ਼ੀਸ਼ਾ ਵੇਖਣ ਲਈ ਮਜਬੂਰ ਕਰ ਰਿਹਾ ਹੈ।
ਸੰਪਰਕ: +91 171 2535628