ਤੁਰਕੀ ਵਿੱਚ ਜਨ ਅੰਦੋਲਨ -ਰਵੀ ਕੰਵਰ
Posted on:- 21-07-2013
ਮੱਧ-ਪੂਰਬੀ ਏਸ਼ੀਆ ਨੂੰ ਯੂਰਪ ਨਾਲ਼ ਜੋੜਨ ਵਾਲ਼ੇ ਦੇਸ਼ ਤੁਰਕੀ ਵਿੱਚ 27 ਮਈ ਤੋਂ ਲੋਕਾਂ ਵੱਲੋਂ ਰੋਸ ਮੁਜ਼ਾਹਰੇ ਨਿਰੰਤਰ ਜਾਰੀ ਹਨ। ਦੇਸ਼ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਸ਼ਹਿਰ ਇਸਤਮਬੋਲ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਸਮੁੱਚੇ ਦੇਸ਼ ਵਿੱਚ ਫੈਲ ਚੁੱਕਾ ਹੈ। ਪੁਲਸ ਵੱਲੋਂ ਅਥਰੂ ਗੈਸ, ਕਾਲ਼ੀ ਮਿਰਚ ਸਪਰੇਅ ਅਤੇ ਜ਼ਹਿਰੀਲੇ ਰਸਾਇਣ ਮਿਲ਼ੇ ਪਾਣੀ ਦੀ ਲਗਭਗ ਰੋਜ਼ ਹੀ ਵਰਤੋਂ ਲੋਕਾਂ ਦੇ ਗੁੱਸੇ ਨੂੰ ਠੱਲ ਪਾਉਣ ਵਿੱਚ ਨਾਕਾਮਯਾਬ ਰਹੀ ਹੈ।
ਇਸਤਮਬੋਲ ਦੇ ਤਕਸੀਮ ਚੌਕ ਵਿਖੇ ਸਥਿਤ ਗੇਜ਼ੀ ਪਾਰਕ, ਜਿਹਾ ਇਸ ਵੱਡੇ ਸ਼ਹਿਰ ਵਿੱਚ ਇੱਕੋ-ਇੱਕ ਹਰੀ-ਭਰੀ ਥਾਂ ਹੈ, ਨੂੰ ਖ਼ਤਮ ਕਰਨ ਲਈ ਉੱਥੋਂ ਦਰੱਖ਼ਤਾਂ ਨੂੰ ਵੱਢਣ ਵਿਰੁੱਧ ਸੌ ਕੁ ਲੋਕਾਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਹੁਣ ਇੱਕ ਵਿਸ਼ਾਲ ਜਨ ਅੰਦੋਲਨ ਦਾ ਰੂਪ ਧਾਰ ਗਿਆ ਹੈ। 27 ਮਈ ਨੂੰ ਗੇਜ਼ੀ ਪਾਰਕ ਨੂੰ ਖ਼ਤਮ ਕਰਨ ਵਿਰੁੱਧ ਕੁਝ ਵਾਤਾਵਰਣ ਪ੍ਰੇਮੀਆਂ ਨੇ ਅਮਰੀਕਾ ਦੇ ‘ਆਕੁਪਾਈ ਵਾਲ ਸਟਰੀਟ’ ਅਤੇ ਮਿਸਰ ਦੇ ‘ਤਹਿਰੀਰ ਚੌਕ ਅੰਦੋਲਨ’ ਤੋਂ ਪ੍ਰੇਰਤ ਹੋ ਕੇ ਉੱਥੇ ਡੇਰੇ ਲਾ ਲਏ ਸਨ। ਰਾਤ ਨੂੰ ਬੁਲਡੋਜ਼ਰਾਂ ਨੇ ਜਦੋਂ ਪਾਰਕ ਦੀਆਂ ਕੰਧਾਂ ਨੂੰ ਢਾਹੁਣਾ ਸ਼ੁਰੂ ਕੀਤਾ ਤਾਂ ਉਨਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ਨਾਲ਼ ਇਹ ਪ੍ਰਕਿਰਿਆ ਹੌਲ਼ੀ ਹੋ ਗਈ। ਦੂਜੇ ਦਿਨ ਜਦੋਂ ਸਵੇਰੇ ਮੁੜ ਕੰਧਾਂ ਢਾਹੁਣ ਦਾ ਕੰਮ ਸ਼ੁਰੂ ਹੋਇਆ ਤਾਂ ਮੁਜ਼ਾਹਰਾਕਾਰੀਆਂ ਦੇ ਨਾਲ਼ ਹੋਰ ਲੋਕ ਲਆ ਕੇ ਲ਼ੇ ਅਤੇ ਇੱਕ ਜਾਣਿਆ-ਪਛਾਣਿਆ ਕੁਰਦ ਰਾਜਨੀਤਿਕ ਆਗੂ ਸੀਰੀ ਸੁਰੱਈਆ ਆਂਡਰ ਬੁਲਡੋਜ਼ਰ ਸਾਹਮਣੇ ਆ ਕੇ ਖੜ੍ਹਾ ਹੋ ਗਿਆ। ਢਾਹੁਣ ਵਾਲ਼ਿਆਂ ਕੋਲ਼ ਕੋਈ ਵੀ ਕਾਨੂੰਨੀ ਦਸਤਾਵੇਜ਼ ਨਹੀਂ ਸੀ, ਫੇਰ ਵੀ ਉਹ ਸ਼ਹਿਰ ਦੀ ਪੁਲਸ ਕੋਲ਼ ਚਲੇ ਗਏ। ਦੂਜੇ ਪਾਸੇ ਸ਼ਹਿਰ ਦੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਲੱਗਭਗ ਇੱਕ ਹਜ਼ਾਰ ਲੋਕਾਂ ਨੇ ਰਾਤ ਨੂੰ ਪਾਰਕ ਵਿੱਚ ਆਪਣੇ ਡੇਰੇ-ਡੰਡੇ ਲਾਉਂਦੇ ਹੋਏ ਕਬਜ਼ਾ ਜਮਾ ਲਿਆ।
ਅਸਲ ਵਿੱਚ ਇਹ ਦਿਨ 2010 ਵਿੱਚ ਇਸਰਾਈਲਾਂ ਦੀ ਫ਼ੌਜ ਵੱਲੋਂ ਫਲਸਤੀਨ ਦੇ ਗਾਜ਼ਾ ਪੱਟੀ ਖੇਤਰ ਨੂੰ ਰਾਹਤ ਪਹੁੰਚਾਉਣ ਲਈ ਜਾ ਰਹੇ ‘ਗਾਜ਼ਾ ਫ਼ਰੀਡਮ ਫਲੋਟਲਾ’ ਦੇ ਭਾਗ ਤੁਰਕ ਸਮੁੰਦਰੀ ਜਹਾਜ਼ ‘ਮਾਵੀ ਮਾਰਮਰਾ’ ਉੱਤੇ ਹਮਲਾ ਕੀਤੇ ਜਾਣ ਕਰਕੇ ਸ਼ਹੀਦ ਹੋਏ ਕਾਰਕੁੰਨਾਂ ਦੀ ਬਰਸੀ ਦਾ ਦਿਨ ਸੀ ਅਤ ਸ਼ਹਿਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਵਿਸ਼ਾਲ ਸ਼ਰਧਾਂਜਲੀ ਮਾਰਚ ਕੱਢਿਆ ਗਿਆ ਸੀ। ਪੁਲਸ ਨੇ ਗੇਜ਼ੀ ਪਾਰਕ ਵਿੱਚ ਬੈਠੇ ਇਨ੍ਹਾਂ ਲੋਕਾਂ ਉੱਪਰ ਹਮਲਾ ਕਰ ਦਿੱਤਾ। ਇਹ ਹਮਲਾ ਏਨਾ ਜ਼ਬਰਦਸਤ ਸੀ ਕਿ ਪੁਲਸ ਨੇ ਅੱਥਰੂ ਗੈਸ ਦੇ ਨਾਲ਼-ਨਾਲ਼ ਕਾਲ਼ੀ ਮਿਰਚ ਸਪਰੇਅ ਅਤੇ ਰਸਾਇਣ ਮਿਲ਼ੇ ਪਾਣੀ ਅਤੇ ਗੋਲ਼ੀਆਂ ਦੀ ਵਰਤੋਂ ਵੀ ਕੀਤੀ। ਪੁਲਸ ਅਤੇ ਮੁਜ਼ਾਹਰਾਕਾਰੀਆਂ ਵਿੱਚ ਕਾਫ਼ੀ ਸਖ਼ਤ ਝੜਪਾਂ ਹੋਈਆਂ।
ਇਸ ਅੰਦੋਲਨ ਦੇ ਹੱਕ ਵਿੱਚ ਬਣੀ ‘ਤਕਸੀਮ ਸੌਲੀਡੈਰਟੀ’ ਨੇ ਇਸ ਦਮਨ ਵਿਕੁੱਧ ਜਨਤਕ ਵਿਰੋਧ ਦਾ ਸੱਦਾ ਦਿੱਤਾ। 31 ਮਈ ਨੂੰ 10,000 ਤੋਂ ਵੱਧ ਲੋਕ ਤਕਸੀਮ ਚੌਕ, ਜਿੱਥੇ ਗੇਜ਼ੀ ਪਾਰਕ ਸਥਿਤ ਹੈ, ਵਿੱਚ ਇਕੱਠੇ ਹੋ ਗਏ ਅਤੇ ਉਹ ਮੁਜ਼ਾਹਰਾ ਕਰ ਕੇ ਵਾਪਸ ਨਹੀਂ ਗਏ, ਬਲਕਿ ਉਨ੍ਹਾਂ ਉੱਥੇ ਹੀ ਡੇਰੇ ਲਾ ਲਏ। ਪੁਲਸ ਵੱਲੋਂ ਖੁੱਲ੍ਹ ਕੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਪੁਲਸ ਦੀ ਇਸ ਬਰਬਰਤਾ ਨੇ ਲੋਕਾਂ ਗੇ ਗੁੱਸੇ ਨੂੰ ਹੋਰ ਤਿੱਖਾ ਰ ਦਿੱਤਾ ਅਤੇ 1 ਜੂਨ ਨੂੰ 1 ਲੱਖ ਲੋਕਾਂ ਨੇ ਮੁੜ ਤਕਸੀਮ ਚੌਕ ਉੱਤੇ ਕਬਜ਼ਾ ਕਰ ਲਿਆ। ਪੁਲਸ ਵੱਲੋਂ ਲੋਕ ਉੱਤੇ ਦਮਨ, ਤਸ਼ੱਦਦ ਦਾ ਦੌਰ ਵੀ ਜਾਰੀ ਰਿਹਾ। ਇਸ ਵੇਲ਼ੇ ਤੱਕ ਇਹ ਅੰਦੋਲਨ ਦੇਸ਼ ਭਰ ਵਿੱਚ ਫ਼ੈਲ ਗਿਆ ਸੀ। ਤੁਰਕੀ ਦੀ ਰਾਜਧਾਨੀ ਅੰਕਾਰਾ ਅਤੇ ਵੱਡੇ ਸ਼ਹਿ ਇਜ਼ਮੀਰ ਵਿਖੇ ਲੱਖਾਂ ਲੋਕਾਂ ਨੇ ਮੁਜ਼ਾਹਰਿਆਂ ਵਿੱਚ ਭਾਗ ਲਿਆ। ਇਨ੍ਹਾਂ ਮੁਜ਼ਾਹਰਿਆਂ ਵਿੱਚ ਵੱਡੀ ਗਿਣੀ ਵਿੱਚ ਉਹ ਨੌਜਵਾਨ ਸ਼ਾਮਿਲ ਸਨ, ਜਿਹੜੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ਼ ਜੁੜੇ ਹੋਏ ਨਹੀਂ ਸਨ ਅਤੇ ਪਹਿਲੀ ਵਾਰ ਅਜਿਹੇ ਐਕਸ਼ਨਾਂ ਵਿੱਚ ਹਿੱਸਾ ਲੈ ਰਹੇ ਸਨ। ਹੁਣ ਇਹ ਮੁਜ਼ਾਹਰੇ ਲਗਭਗ ਰੋਜ਼ ਹੀ ਹੋ ਰਹੇ ਹਨ। ਹਜ਼ਾਰਾਂ ਲੋਕ ਇਨ੍ਹਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ। ਪੁਲਸ ਵੱਲੋਂ ਅੱਥਰੂ ਗੈਸ ਸੁੱਟਣਾ, ਕਾਲ਼ੀ ਮਿਰਚ ਸਪਰੇਅ, ਰਸਾਇਣ ਮਿਲ਼ੇ ਪਾਣੀ ਦੀ ਵਰਤੋਂ ਰਨੀ ਅਤੇ ਗੋਲ਼ੀਆਂ ਚਲਾਉਣੀਆਂ ਲਗਭਗ ਰੋਜ਼ ਦੀ ਗੱਲ ਹੋ ਚੁੱਕੀ ਹੈ। 15 ਜੂਨ ਤੱਕ 4 ਕਾਰਕੁੰਨ ਸ਼ਹੀਦ ਹੋ ਚੁੱਕ ਸਨ ਤੇ 1100 ਤੋਂ ਵੱਧ ਲੋਕ ਜਖ਼ਮੀ ਹੋਏ ਅਤੇ ਗਿ੍ਰਫ਼ਤਾਰੀਆਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਸੀ। ਦੇਸ਼ ਦੀਆਂ ਮੁੱਖ ਟ੍ਰੇਡ ਯੂਨੀਅਨਾਂ ਵੀ ਇਸ ਅੰਦੋਲਨ ਵਿੱਚ ਸ਼ੀਾਮਿਲ ਹੋ ਗਈਆਂ ਹਨ। 4-5-6 ਜੂਨ ਨੂੰ ਉਨ੍ਹਾਂ ਨੇ ਥਾਂ-ਥਾਂ ਹੜਤਾਲਾਂ ਰਕੇ ਇਸ ਅੰਦੋਲਨ ਦੇ ਸਮੱਰਥਨ ਵਿੱਚ ਮੁਜ਼ਾਹਰੇ ਕੀਤੇ। ਦੇਸ਼ ਦੇ ਡਾਕਟਰਾਂ ਤੇ ਇੰਜੀਨੀਅਰਾਂ ਦੀਆਂ ਜੱਥੇਬੰਦੀਆਂ ਇਸ ਅੰਦੋਲਨ ਵਿੱਚ ਸਰਗਰਮੀ ਨਾਲ਼ ਹਿੱਸਾ ਲੈ ਰਹੀਆਂ ਹਨ। ਪੁਲਸ ਵੱਲੋਂ ਮੁਜ਼ਾਹਰਾਕਾਰੀਆਂ ਉੱਤੇ ਅੱਥਰੂ ਗੈਸ ਜਾਂ ਹੋਰ ਦਮਨ ਨਾਲ਼ ਜਖ਼ਮੀ ਹੋਏ ਲੋਕਾਂ ਨੂੰ ਉਹ ਡਾਕਟਰੀ ਮਦਦ ਦੇਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਉਨ੍ਹਾਂ ਦੀ ਸ਼ਮੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੇਸ਼ ਦੇ ਸਿਹਤ ਮੰਤਰੀ ਨੇ ਕਿਹਾ ਸੀ ਕਿ ਜ਼ਖ਼ਮੀ ਲੋਕਾਂ ਦਾ ਇਲਾਜ ਕਰਨ ਵਾਲ਼ੇ ਡਾਕਟਰ ਜ਼ੁਰਮ ਕਰ ਰਹੇ ਹਨ। ਇਸ ਦੇ ਜਵਾਬ ਵਿੱਚ ਡਾਕਟਰਾਂ ਦੀ ਯੂਨੀਅਨ ਨੇ ਕਿਹਾ ਹੈ, ‘‘ਠੀਕ, ਅਸੀਂ ਜ਼ੁਰਮ ਕਰ ਰਹੇ ਹਾਂ, ਪਰ ਸਾਨੂੰ ਇਸ ’ਤੇ ਮਾਣ ਹੈ।’’
ਦੇਸ਼ ਦੇ ਪ੍ਰਧਾਨ ਮੰਤਰੀ ਰੇਸੇਪ ਤਈਅਪ ਇਰਦੋਗਨ, ਜਿਹੜੇ ਜਸਟਿਸ ਅਤੇ ਡਿਵੈਲਪਮੈਂਟ ਪਾਰਟੀ (ਏ.ਕੇ.ਪੀ) ਨਾਲ਼ ਸੰਬੰਧਤ ਹਨ, ਨੇ ਇਨ੍ਹੰ ਮੁਜ਼ਾਹਰਿਆਂ ਨੂੰ ਰੋਕਣ ਲਈ ਹਰ ਹਰਬਾ ਵਰਤਿਆ ਹੈ। ਉਨ੍ਹਾਂ ਨੇ ਪੁਲਸ ਰਾਹੀਂ ਤਸ਼ੱਦਦ ਨਾਲ਼ ਇਨ੍ਹਾਂ ਨੂੰ ਰੋਕਣ ਦੇ ਨਾਲ਼-ਨਾਲ਼ ਆਪਣੀ ਪਾਰਟੀ ਏ.ਕੇ.ਪੀ ਵੱਲੋਂ ਮੁਜ਼ਾਹਰਿਆਂ ਰਾਹੀਂ ਵੀ ਲੋਕਾਂ ਨੂੰ ਡਰਾਉਣ-ਧਮਕਾਉਣ ਦਾ ਯਤਨ ਕੀਤਾ। 15 ਜੂਨ ਨੂੰ ‘ਤਕਸੀਮ ,ਸੌਲੀਡੈਰਟੀ’ ਦੇ ਆਗੂਆਂ ਨਾਲ਼ ਵੀ ਗੱਲਬਾਤ ਕੀਤੀ। ਉਸ ਦਿਨ ਮੁਜ਼ਾਹਰਾਕੀਆਂ ਵੱਲੋਂ ਗੇਜਜ਼ੀ ਪਾਰਕ ਵਿੱਚੋਂ ਹੱਟ ਜਾਣ ਦਾ ਫ਼ੈਸਲਾ ਵੀ ਕਰ ਲਿਆ ਗਿਆ ਸੀ, ਪ੍ਰੰਤੂ ਪੁਲਸ ਵੱਲੋਂ ਕੀਤੇ ਗਏ ਮੁੜ ਤਸ਼ੱਦਦ ਨੇ ਲੋਕਾਂ ਵਿੱਚ ਗੁੱਸਾ ਹੋਰ ਭੜਕਾ ਦਿੱਤਾ ਅਤੇ ਇਹ ਅੰਦੋਲਨ ਹੋਰ ਵਿਆਪਕ ਰੂਪ ਅਖ਼ਤਿਆਰ ਕਰ ਗਿਆ।
ਤੁਰਕੀ ਏਸ਼ੀਆ ਨੂੰ ਯੂਰਪ ਨਾਲ਼ ਜੋੜਨ ਵਾਲ਼ਾ ਇੱਕ ਯੂਰਪੀ ਦੇਸ਼ ਹੈ। ਮੱਧ-ਏਸ਼ੀਆ ਦੇਸ਼ ਸੀਰੀਆ, ਇਰਾਕ ਤੇ ਇਰਾਨ ਇਸ ਦੇ ਮੱਧ-ਏਸ਼ੀਆਈ ਗੁਆਂਢੀ ਹਨ, ਜਦੋਂ ਕਿ ਗਰੀਸ, ਆਰਮੇਨੀਆ ਅਤੇ ਜਾਰਜੀਆ ਇਸ ਦੇ ਯੂਰਪੀ ਗੁਆਂਢੀ ਹਨ। ਕਾਲ਼ੇ ਸਾਗਰ ਨੂੰ ਪਹੁੰਚ ਲਾਂਘਾ ਵੀ ਇਸ ਦੇਸ਼ ਵਿੱਚੋਂ ਹੀ ਹੈ। ਸੱਤ ਕਰੋੜ ਤੋਂ ਵੱਧ ਆਬਾਦੀ ਵਾਲਾ ਇਹ ਦੇਸ਼ ਮੁਸਲਿਮ ਬਹੁ-ਗਿਣਤੀ ਵਾਲ਼ਾ ਦੇਸ਼ ਹੈ। ਆਧੁਨਿਕ ਤੁਰਕੀ ਦੀ ਨੀਂਹ ਰੱਖਣ ਵਾਲ਼ੇ ਆਗੂ ਕਮਾਲ ਅਤਾਤੁਰਕ ਸਨ, ਜਿਨ੍ਹਾਂ ਨੂੰ ਕਮਾਲ ਪਾਸ਼ਾ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ। 1923 ਵਿੱਚ ਉਨ੍ਹੰ ਨੇ ਇਸ ਦੇਸ਼ ਨੂੰ ਗਣਰਾਜ ਐਲਾਨਦੇ ਹੋਏ ਇਸ ਦਾ ਨਾਂ ‘ਰਿਪਬਲਿਕ ਆਫ਼ ਤੁਰਕੀ’ ਰੱਖ ਦਿੱਤਾ ਸੀ। 1928 ਵਿੱਚ ਸੰਵਿਧਾਨ ਵਿੱਚੋਂ ਇਸਲਾਮ ਦੇ ਧਰਮ ਦੇ ਦੇਸ਼ ਵੱਜੋਂ ਹੋਣ ਦੀ ਧਾਰਾ ਨੂੰ ਹਟਾ ਕੇ ਦੇਸ਼ ਨੂੰ ਧਰਮ-ਨਿਰਪੱਖ ਐਲਾਨ ਦਿੱਤਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਨੂੰ ਕੱਟੜਪੰਥੀਆਂ ਤੋਂ ਮੁਕਤ ਕਰਦੇ ਹੋਏ ਇੱਕ ਆਧੁਨਿਕ ਤੇ ਧਰਮ-ਨਿਰਪੱਖ ਸਮਾਜ ਦੀ ਉਸਾਰੀ ਦੀ ਨੀਂਹ ਰੱਖ ਦਿੱਤੀ ਸੀ। 1938 ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਦੇਸ਼ ਵਿੱਚ 2002 ਤੋਂ ਏ.ਕੇ.ਪੀ. ਦੀ ਹਕੂਮਤ ਹੈ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਇਰਦੋਗਨ ਕਰ ਰਹੇ ਹਨ। ਮੁਸਲਿਮ ਬ੍ਰਦਰਹੁੱਡ ਵਰਗੀ ਇਹ ਪਾਰਟੀ ਤੀਜੀ ਵਾਰ ਚੋਣਾਂ ਜਿੱਤ ਕੇ ਸੱਤਾ ਵਿੱਚ ਆਈ ਹੈ। ਇਹ ਇਸਲਾਮ ਵੱਲ ਝੁਕਾਅ ਰੱਖਣ ਵਾਲ਼ੀ ਪਾਰਟੀ ਹੈ। 50 ਫ਼ੀਸਦੀ ਤੋਂ ਵੱਧ ਵੋਟਾਂ ਲੈ ਕੇ ਉਹ ਦੇਸ਼ ਦੀ ਸੰਸਦ ਦੀਆਂ 66 ਫ਼ੀਸਦੀ ਸੀਟਾਂ ਉੱਤੇ ਕਾਬਜ਼ ਹੈ। 2002 ਵਿੱਚ ਜਮਹੂਰੀਅਤ ਨੂੰ ਮਜ਼ਬੂਤ ਕਰਨ ਦੇ ਨਾਂ ’ਤੇ ਸੱਤਾ ਵਿੱਚ ਆਈ ਇਹ ਪਾਰਟੀ ਹੌਲ਼ੀ-ਹੌਲ਼ੀ ਏਕਾ ਅਧਿਕਾਰਵਾਦੀ ਢੰਗ-ਤਰੀਕੇ ਨਾਲ਼ ਰਾਜ ਕਰਨ ਵਾਲ਼ੀ ਪਾਰਟੀ ਦਾ ਰੂਪ ਅਖ਼ਤਿਆਰ ਕਰ ਚੁੱਕੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਇਰਦੋਗਨ, ਜਿਹੜੇ ਇਸ ਦੇ ਮੁੇਖ ਆਗੂ ਹਨ, ਕਿਸੇ ਵੀ ਕਿਸਮ ਦਾ ਵਿਰੋਧ ਸੁਣਨ ਲਈ ਤਿਆਰ ਨਹੀਂ ਹਨ। ਦੇਸ਼ ਦਾ ਮੀਡੀਆ ਤੱਕ ਭੈ-ਭੀਤ ਹੈ। ਦੇਸ਼ ਦੇ 67 ਪੱਤਰਕਾਰ ਜੇਲ੍ਹਾਂ ਵਿੱਚ ਬੰਦ ਹਨ। ਪ੍ਰਮੁੱਖ ਟੀ.ਵੀ. ਚੈਨਲ ‘ਸੀ.ਐੱਨ.ਐੱਨ. ਤੁਰਕ’ ਦਾ ਇਹ ਹਾਲ ਸੀ ਕਿ ਉਹ ਇਸ ਉੱਠੇ ਵੱਡੇ ਅੰਦੋਲਨ, ਨੂੰ ਸਿਰਫ਼ 2-3 ਮਿੰਟਾਂ ਵਿੱਚ ਹੀ ਕਵਰ ਕਰ ਕੇ ਬਹੁਤਾ ਸਮਾਂ ਪੈਂਗੁਇਨਾਂ ਤੇ ਮੱਛੀਆਂ ਬਾਰੇ ਪ੍ਰੋਗਰਾਮ ਦਿਖਾਉਂਦਾ ਰਿਹਾ। ਜਦੋਂ ਮਜਬੂਰ ਹੋ ਕੇ ਕਵਰ ਕਰਨ ਵੀ ਲੱਗਾ ਤਾਂ ਵਿਦੇਸ਼ੀ ਹੱਥ ਦੇ ਇਸ ਪਿੱਛੇ ਹੋਣ ਦੀਆਂ ਕਹਾਣੀਆਂ ਪਾਉਂਦਾ ਰਿਹਾ। ਏ.ਕੇ.ਪੀ. ਸਰਕਾਰ ਦੀਆਂ ਨੀਤੀਆਂ ਨੇ ਹਰ ਪੱਖ ਤੋਂ ਲੋਕਾਂ ਵਿੱਚ ਬੇਚੈਨੀ ਤੇ ਗੁੱਸਾ ਪੈਦਾ ਕੀਤਾ ਹੈ। ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਹਿੱਸੇ ਵੱਜੋਂ ਦੇਸ਼ ਦੇ ਲਗਭਗ ਸਮੁੱਚੇ ਜਨਤਕ ਖੇਤਰ ਦਾ ਨਿੱਜੀਕਰਨ ਕਰ ਦਿੱਤਾ ਗਿਆ ਹੈ। ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 20% ਤੱਕ ਪਹੁੰਚ ਗਈ ਹੈ। ਸਨਅਤੀ ਤੇ ਖੇਤੀ ਪੈਦਾਵਾਰ ਘੱਟ ਰਹੀ ਹੈ। ਦੇਸ਼ ਵਧੇਰੇ ਕਰ ਕੇ ਦਰਾਮਦਾਂ ਉੱਤੇ ਨਿਰਭਰ ਹੁੰਦਾ ਜਾ ਰਿਹਾ ਹੈ। ਇਥੋਂ ਤੱਕ ਕਿ ਦੁਨੀਆਂ ਭਰ ਵਿੱਚ ਮਸ਼ਹੂਰ ਤੁਰਕੀ ਕਬਾਬ ਵੀ ਹੁਣ ਅਰਜਨਟਾਈਨਾ ਤੋਂ ਦਰਾਮਦ ਕੀਤੇ ਮੀਟ ਤੋਂ ਬਣਾਏ ਜਾ ਰਹੇ ਹਨ।
ਏ.ਕੇ.ਪੀ. ਵੱਲੋਂ ਸੱਤਾ ਹਾਸਲ ਕਰਨ ਤੋਂ ਬਾਅਦ ਧਰਮ-ਨਿਰਪੱਖਤਾ ਨੂੰ ਸੱਟ ਮਾਰੀ ਜਾ ਹੀ ਹੈ। 2008 ਵਿੱਚ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਔਰਤਾਂ ਨੂੰ ਸਿਰ ਢਕਣ ਵਾਲ਼ਾ ਰੁਮਾਲ ਬੰਨ੍ਹਣ ਦੀ ਇਜਾਜ਼ਤ ਦੇਣ ਵਿਰੁੱਧ ਅੰਦੋਲਨ ਕੀਤਾ ਸੀ। ਇੱਥੇ ਇਹ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਇਰਦੋਗਨ ਦੀ ਪਤਨੀ ਨੇ ਇਸਲਾਮਿਕ ਕਦਰਾਂ-ਕੀਮਤਾਂ ਮੁਤਾਬਕ ਸਿਰ ਉੱਤੇ ਰੁਮਾਲ ਬੰਨ੍ਹਣ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਧਰਮ ਨਿਰਪੱਖਤਾ ਉੱਤੇ ਸੱਟ ਮੰਨ੍ਹਦੇ ਹੋਏ ਦੇਸ਼ ਦੇ ਨੌਜਵਾਨਾਂ ਨੇ ਇਸ ਵਿਰੁੱਧ ਅੰਦੋਲਨ ਕੀਤਾ ਸੀ। 2007 ਵਿੱਚ ਵੀ ਧਰਮ-ਨਿਰਪੱਖ ਲੋਕਾਂ ਵੱਲੋਂ ਰਾਜਧਾਨੀ ਅੰਕਾਰਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਰੈਲੀ ਕਰ ਕੇ ਮੰਗ ਕੀਤੀ ਗਈ ਸੀ ਕਿ ਇਰਦੋਗਨ ਨੂੰ ਰਾਸ਼ਟਰਪਤੀ ਦੀ ਚੋਣ ਵਿੱਚ ਭਾਗ ਲੈਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਕਿਉਂਕਿ ਉਸ ਦਾ ਪਿਛੋਕੜ ਇਸਲਾਮਿਕ ਹੈ ਅਤੇ ਦੇਸ਼ ਦੇ ਸੰਵਿਧਾਨ ਮੁਤਾਬਕ ਉਹ ਇਨ੍ਹੰ ਚੋਣਾਂ ਵਿੱਚ ਖੜ੍ਹੇ ਹੋਣ ਦੇ ਯੋਗ ਨਹੀਂ ਹੈ। ਤੁਰਕੀ ਵਿੱਚ ਫ਼ੌਜ ਧਰਮ-ਨਿਰਪੱਖਤਾ ਲਈ ਖੜਦੀ ਰਹੀ ਹੈ। ਇਰਦੋਗਨ ਦੀ ਸਰਕਾਰ ਨਾਲ਼ ਇਸ ਮੁੱਦੇ ’ਤੇ ਟਕਰਾਅ ਹੋਣ ਕਰਕੇ ਈ ਫ਼ੌਜੀ ਜਰਨੈਲਾਂ ਉਤੇ ਮੁਕੱਦਮੇ ਵੀ ਚਲਾਏ ਜਾ ਰਹੇ ਹਨ। ਦੇਸ਼ ਦੀ ਫ਼ੌਜ ਦਾ ਮੁਖੀ ਇਸ ਮੁੱਦੇ ’ਤੇ ਅਸਤੀਫ਼ਾ ਵੀ ਦੇ ਗਿਆ ਸੀ। ਜੁਡੀਸ਼ਰੀ ਵੱਲੋਂ ਵੀ ਧਰਮ-ਨਿਰਪੱਖਤਾ ਦੇ ਪੱਖ ਵਿੱਚ ਦਖ਼ਲ ਦਿੱਤੇ ਜਾਣ ਕਰਕੇ ਇਸ ਦੇ ਅਧਿਕਾਰ ਖੋਰ ਦਿੱਤੇ ਗਏ। ਫ਼ੌਜ ਅਤੇ ਜੁਡੀਸ਼ਰੀ ਦੀਆਂ ਨਿਯੁਕਤੀਆਂ ਦੇ ਢੰਗ-ਤਰੀਕੇ ਨੂੰ ਤਬਦੀਲ ਕਰਕੇ ਪੂਰੀ ਤਰ੍ਹਾਂ ਸਰਕਾਰ ਦੀ ਮਰਜ਼ੀ ਅਨੁਸਾਰ ਨਿਯੁਕਤੀਆਂ ਕਰਨ ਦੀ ਪ੍ਰਣਾਲੀ ਸਿਰਜ ਲਈ ਗਈ ਹੈ। ਇਸ ਤਰ੍ਹਾਂ ਸੰਵਿਧਾਨ ਦੇ ਖ਼ਾਸੇ ਵਿੱਚ ਤਬਦੀਲੀਆਂ ਕਰਦੇ ਹੋਏ ਏਕਾ-ਅਧਿਕਾਰਵਾਦ ਕਾਇਮ ਕਰਨ ਵੱਲ ਵਧਿਆ ਗਿਆ।
ਦੇਸ਼ ਦੇ ਸ਼ਹਿਰਾਂ ਦੇ ਸੁੰਦਰੀਕਰਨ ਦੇ ਨਾਂਅ ਅਧੀਨ ਏ.ਕੇ.ਪੀ. ਸਰਕਾਰ ਵੱਲੋਂ ਇਤਿਹਾਸਕ ਥਾਵਾਂ ਤੇ ਇਮਾਰਤਾਂ ਨੂੰ ਢਾਹਿਆ ਜਾ ਰਿਹਾ ਹੈ। ਗੇਜ਼ੀ ਪਾਰਕ ਨੂੰ ਢਾਹਿਆ ਜਾਣਾ ਵੀ ਉਸੇ ਮੁਹਿੰਮ ਦਾ ਹਿੱਸਾ ਸੀ। ਇਸਤਮਬੋਲ ਵਰਗੇ ਵੱਡੇ ਸ਼ਹਿਰ ਵਿੱਚ ਸਥਿਤ ਇਸ ਇੱਕੋ-ਇੱਕ ਹਰੇ-ਰੇ ਪਾਰਕ ਨੂੰ ਢਾਹ ਕੇ ਇਸ ਦੀ ਥਾਂ ‘ਓਟੋਮਨ ਸਾਮਰਾਜ’ ਦੀ ਯਾਦਗਾਰ ਵੱਜੋਂ ਕੁਝ ਬੈਰਕਾਂ ਉਸਾਰ ਕੇ ਬਾਕੀ ਥਾਂ ਉੱਤੇ ਵਪਾਰਕ ਪਲਾਜ਼ਾ ਬਣਾਉਣ ਦੀ ਯੋਜਨਾ ਸੀ। ਇਸ ਤਰ੍ਹਾਂ ਦੀਆਂ ਯੋਜਨਾਵਾਂ ਦੇਸ਼ ਦੇ ਸਮੁੱਚੇ ਸ਼ਹਿਰਾਂ ਵਿੱਚ ਚਲਾਈਆਂ ਜਾ ਰਹੀਆਂ ਹਨ। ਇਸ ਯੋਜਨਾ ਅਧੀਨ ਹੀ ਇਸਤਮਬੋਲ ਵਿੱਚੋਂ 550 ਸਾਲ ਪੁਰਾਣੀ ਇਤਿਹਾਸਕ ਬਸਤੀ ਸੁਲੁਕੁਲੇ ਉਜਾੜ ਦਿੱਤੀ ਗਈ ਸੀ, ਜਿੱਥੇ ਗ਼ਰੀਬ ਰੋਮਾ ਭਾਈਚਾਰੇ ਦੇ ਲੋਕ ਰਹਿੰਦੇ ਸਨ। ਅਤਾਤੁਰਕ ਸੱਭਿਆਚਾਰਕ ਕੇਂਦਰ ਨੂੰ ਵੀ ਇਸ ਮੁਹਿੰਮ ਅਧੀਨ ਢਾਹੁਣ ਦੀ ਯੋਜਨਾ ਹੈ।
ਸਮੁੱਚੀ ਦੁਨੀਆਂ ਵਿੱਚ ਟਿਊਨੀਸ਼ੀਆ ਤੋਂ ਸ਼ੁਰੂ ਹੋਈਆਂ ਲੋਕ ਬਗ਼ਾਵਤਾਂ ਤੋਂ ਪ੍ਰੇਰਤ ਇਹ ਜਨ ਅੰਦੋਲਨ ਗੇਜ਼ੀ ਪਾਰਕ ਵਿੱਚੋਂ ਦਰੱਖਤਾਂ ਦੇ ਕੱਟਣ ਤੋਂ ਸ਼ੁਰੂ ਹੋਇਆ ਸੀ, ਜਿਸ ਨੇ ਇੱਕ ਚੰਗਿਆੜੀ ਦਾ ਕੰਮ ਕੀਤਾ ਅਤੇ ਦੇਸ਼ ਵਿੱਚ ਏ.ਕੇ.ਪੀ. ਦੀ ਹਕੂਮਤ ਵਿਰੁੱਧ ਵੱਖ-ਵੱਖ ਕਾਰਨਾਂ ਕਰਕੇ ਪੈਦਾ ਹੋਈ ਬੇਚੈਨੀ ਨੇ ਸੁੱਕੇ ਘਾਹ ਦਾ ਕੰਮ ਕੀਤਾ ਅਤੇ ਇਹ ਅੰਦੋਲਨ ਲੋਕਾਂ ਦੇ ਗੁੱਸੇ ਕਰ ਕੇ ਭਾਂਬੜ ਦਾ ਰੂਪ ਅਖ਼ਤਿਆਰ ਕਰ ਗਿਆ ਹੈ। ਇਸ ਅੰਦੋਲਨ ਵਿੱਚ ਗ਼ੈਰ-ਰਾਜਨੀਤਿਕ ਨੌਜਵਾਨਾਂ ਤੋਂ ਲੈ ਕੇ ਦੇਸ਼ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ, ਖੱਬੇ-ਪੱਖੀ, ਪਰਿਆਵਰਣਵਾਦੀ, ਕੌਮਪ੍ਰਸਤ, ਕਮਾਲ ਪਾਸਾ ਦੇ ਪੈਰੋਕਾਰ, ਲਗਭਗ ਸਭ ਧਰਮਾਂ ਦੇ ਲੋਕ ਅਤੇ ਸਮਾਜ ਦੇ ਹਿੱਸੇ ਸ਼ਾਮਲ ਹਨ। ਇਸ ਦੀਆਂ ਮੰਗਾਂ ਵੀ ਗੇਜ਼ੀ ਪਾਰਕ ਨੂੰ ਕਾਇਮ ਰੱਖਣ ਤੋਂ ਸ਼ੁਰੂ ਕਰ ਕੇ ਲੋਕਾਂ ਦੀਆਂ ਆਮ ਮੰਗਾਂ ਤੱਕ ਇਸ ਦਾ ਹਿੱਸਾ ਬਣ ਗਈਆਂ ਹਨ। ਦੇਸ਼ ਦੇ ਪ੍ਰਸਿੱਧ ਗਾਇਕ ਇਰਦੇਮ ਗੁੰਦੂਜ ਨੇ ਇਸ ਅੰਦੋਲਨ ਦੇ ਹੱਕ ਵਿੱਚ ਪ੍ਰੋਗਰਾਮ ਕਰਨ ਦਾ ਯਤਨ ਕੀਤਾ ਸੀ, ਪ੍ਰੰਤੂ ਪੁਲਸ ਨੇ ਉਸ ਨੂੰ ਰੋਕ ਦਿੱਤਾ। ਉਸ ਨੇ ਕਿਹਾ, ‘‘ਮੈਂ ਇੱਥੇ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਕਾਰਕੁੰਨਾਂ ਪ੍ਰਤੀ ਆਪਣਾ ਦੁੱਖ ਪ੍ਰਗਟ ਕਰਨਾ ਚਾਹੁੰਦਾ ਸੀ, ਪ੍ਰੰਤੂ ਮੈਨੂੰ ਅਜਿਹਾ ਨਹੀਂ ਕਰਨ ਦਿੱਤਾ ਗਿਆ।’’
ਤੁਰਕੀ ਦੀ ਕਮਿੳੂਨਿਸਟ ਪਾਰਟੀ ਟੀ.ਕੇ.ਪੀ. ਇਸ ਅੰਦੋਲਨ ਵਿੱਚ ਪੂਰੀ ਸ਼ਕਤੀ ਨਾਲ਼ ਸ਼ਾਮਲ ਹੈ। ਸਿੱਟੇ ਵੱਜੋਂ ਉਸ ਦੇ ਅੰਕਾਰਾ ਸਥਿਤ ਮੁੱਖ ਦਫ਼ਤਰ ਉੱਤੇ ਪੁਲਸ ਨੇ ਹਮਲਾ ਕੀਤਾ ਸੀ। ਉਸ ਦੇ ਦਰਜਨਾਂ ਕਾਰਕੁੰਨ ਇਸ ਅੰਦੋਲਨ ਵਿੱਚ ਜ਼ਖ਼ਮੀ ਹੋਏ ਹਨ। ਟੀ.ਕੇ.ਪੀ. ਨੇ ਕਿਹਾ, ‘‘ਇਸ ਅੰਦੋਲਨ ਨੇ ਲੋਕਾਂ ਦੇ ਮੂਡ ਵਿੱਚ ਫ਼ੈਸਲਾਕੁਨ ਤਬਦੀਲੀ ਕੀਤੀ ਹੈ। ਵਰ੍ਹਿਆਂ ਬੱਧੀ ਭੈਅ ਅਤੇ ਨਿਰਾਸ਼ਾ ਵਿੱਚ ਬੈਠੇ ਲੋਕਾਂ ਵਿੱਚ ਇਸ ਅੰਦੋਲਨ ਨੇ ਸਵੈ-ਵਿਸ਼ਵਾਸ ਅਤੇ ਉਤਸ਼ਾਹ ਦਾ ਸੰਚਾਰ ਕੀਤਾ ਹੈ। ਇਸ ਨਾਲ਼ ਇਹ ਅੰਦੋਲਨ ਇਨਕਲਾਬੀ ਖਾਸਾ ਅਖ਼ਤਿਆਰ ਰਨ ਵੱਲ ਵਧ ਰਿਹਾ ਹੈ। ਇਸ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲ਼ਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸੇ ਤਰ੍ਹਾਂ ਇਨ੍ਹਾਂ ਲੋਕਾਂ ਨੂੰ ਸ਼ਹੀਦ ਕਰਨ ਲਈ ਜ਼ਿੰਮੇਵਾਰ ਰਾਜਨੀਤਿਕ ਆਗੂਆਂ ਨੂੰ ਵੀਕਦੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੂੰ ਇਸ ਦਾ ਮੁੱਲ ਤਾਰਨਾ ਹੀ ਪਵੇਗਾ।’’
ਤੁਰਕੀ ਦੇ ਇਸ ਜਨ-ਅੰਦੋਲਨ ਵਿੱਚ ਉਨ੍ਹਾਂ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਹੈ, ਜਿਹੜੇ ਆਧੁਨਿਕਤਮ ਸੰਚਾਰ ਮਾਧਿਅਮਾਂ, ਇੰਟਰਨੈੱਟ, ਫੇਸਬੁੱਕ, ਐੱਸ.ਐੱਮ.ਐੱਸ. ਆਦਿ ਦੀ ਵਰਤੋਂ ਕਰਦੇ ਹੋਏ ਪਹਿਲੀ ਵਾਰ ਕਿਸੇ ਜਨ-ਅੰਦੋਲਨ ਦਾ ਹਿੱਸਾ ਬਣੇ ਹਨ। ਅੰਦੋਲਨ ਦਾ ਠੋਸ ਰੂਪ ਅਤੇ ਠੋਸ ਅਗਵਾਈ ਨਾ ਹੋਣ ਕਰਕੇ ਮਿਸਰ ਆਦਿ ਦੀ ਤਰ੍ਹਾਂ ਇਹ ਅੰਦੋਲਨ ਵੀ ਸ਼ਾਇਦ ਕੁਝ ਖ਼ਾਸ ਪ੍ਰਾਪਤੀਆਂ ਕਰਨ ਵਿੱਚ ਫਿਲਹਾਲ ਸਫ਼ਲ ਨਾ ਹੋ ਸਕੇ, ਪ੍ਰੰਤੂ ਇਹ ਗੱਲ ਤਾਂ ਯਕੀਨੀ ਹੈ ਕਿ ਅਜਿਹੇ ਅੰਦੋਲਨਾਂ ਤੋਂ ਸਬਕ ਹਾਸਲ ਕਰਦੇ ਹੋਏ ਆਤਮ-ਵਿਸ਼ਵਾਸ ਤੇ ਜੋਸ਼ ਨਾਲ਼ ਭਰੇ ਇਹ ਨੌਜਵਾਨ ਮੁੜ-ਮੁੜ ਅਜਿਹੇ ਅੰਦੋਲਨ ਕਰਦੇ ਰਹਿਣਗੇ ਅਤੇ ਹਾਕਮਾਂ ਨੂੰ ਲੋਕਾਂ ਨੂੰ ਫੌਰੀ ਰਾਹਤ ਪਹੁੰਚਾਉਣ ਲਈ ਮਜਬੂਰ ਕਰਦੇ ਹੋਏ ਫ਼ੈਸਲਾਕੁਨ ਤਬਦੀਲੀ ਵੱਲ ਪੈਰ-ਦਰ-ਪੈਰ ਵੱਧਦੇ ਰਹਿਣਗੇ।
ਸੰਪਰਕ: 94643-36019