ਮੋਦੀ ਦੀ ਤਾਜਪੋਸ਼ੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਦੋਗਲਾਪਣ -ਡਾ. ਜਸਪਾਲ ਸਿੰਘ
Posted on:- 27-06-2013
ਪਿਛੇ ਜਿਹੇ ਸਮਾਪਤ ਹੋਏ ਭਾਜਪਾ ਦੇ ਗੋਆ ਸੰਮੇਲਨ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਕੁਮਾਰ ਮੋਦੀ ਦੀ 2014 ਦੀਆਂ ਆਮ ਚੋਣਾਂ ਵਿੱਚ ਭਾਜਪਾ ਦੀ ਵਾਗਡੋਰ ਸੰਭਾਲਣ ਲਈ ਨਿਯੁਕਤੀ ਕੀਤੀ ਗਈ ਹੈ। ਮੋਦੀ ਨੂੰ ਭਾਜਪਾ ਦੀ ਅਖੌਤੀ ‘ਵਿਜੇ-ਰਥ’ ਦਾ ਸਾਰਥੀ ਬਣਾਉਣ ਦਾ ਸਾਰਾ ਨਾਟਕ ਆਰਐੱਸਐੱਸ ਦੀ ਦੇਖ-ਰੇਖ ਵਿੱਚ ਰਚਿਆ ਗਿਆ ਅਤੇ ਇਸ ਨਿਯੁਕਤੀ ਲਈ ਆਦੇਸ਼ ਸਿੱਧੇ ਨਾਗਪੁਰ ਤੋਂ ਆਏ ਸਨ। ਜ਼ਾਹਿਰ ਹੈ ਕਿ ਇਸ ਤੋਂ ਬਾਅਦ ਆਰਐੱਸਐੱਸ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਥਾਪਣ ਲਈ ਉਤਾਵਲੀ ਹੈ। ਇਹ ਤੱਥ ਵੀ ਸਾਰੇ ਦੇਸ਼ ਦੇ ਸਾਹਮਣੇ ਹੈ ਕਿ ਭਾਜਪਾ ਦੇ ਕਈ ਸਿਰਮੌਰ ਨੇਤਾ ਜਿਵੇਂ ਕਿ ਲਾਲ ਕ੍ਰਿਸ਼ਨ ਅਡਵਾਨੀ, ਯਸ਼ਵੰਤ ਸਿਨਹਾ, ਜਸਵੰਤ ਸਿੰਘ, ਸ਼ਤਰੂਗਣ ਸਿਨਹਾ ਤੇ ਉਮਾ ਭਾਰਤੀ ਆਦਿ ਇਸ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਏ।
ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਤਾਂ ਰੋਸ ਵੱਜੋਂ ਪਾਰਟੀ ਦੀਆਂ ਤਿੰਨ ਉੱਚ-ਪਦਵੀਆਂ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ। ਭਾਵੇਂ ਕਿ ਕੁਝ ਘੰਟਿਆਂ ਬਾਅਦ ਹੀ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਕਨ ਮਰੋੜਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਤੇ ਖ਼ੁਦ ਅਜਡਵਾਨੀ ਸਾਰੇ ਦੇਸ਼ ਮੂਹਰੇ ਛਿੱਥੇ ਪੈ ਗਏ। ਗੋਆ ਸੰਮੇਲਨ ਵਿੱਚ ਜਿਸ ਤਰ੍ਹਾਂ ਬੜਬੋਲੇ ਨੌਜਵਾਨਾਂ ਨੇ ਸਾਰੇ ਸੰਮੇਲਨ ਨੂੰ ਹਾਈਜੈਕ ਕੀਤਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ। ਉਨ੍ਹਾਂ ਦਾ ਮੋਦੀ ਲਈ ਕੀਤਾ ਇਹ ਹੜਕੰਪ ਅਡੋਲਫ਼ ਹਿਟਲਰ ਦੀਆਂ ਨਿਉਰਮਬਰਗ ਰੈਲੀਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਵਿੱਚ ਅਜਿਹੇ ਹੁਲੜਬਾਜ਼ ਬੜਬੋਲੇ ਨੌਜਵਾਨਾਂ ਨੇ ਉਸ ਨੂੰ ਜਰਮਨੀ ਦਾ ਡਿਕਟੇਟਰ ਸਥਾਪਤ ਕਰ ਦਿੱਤਾ ਸੀ। ਹਿਟਲਰ ਦੇ ਸਮੇਂ ਜਰਮਨੀ ਦਾ ਸਾਰਾ ਅਰਥਚਾਰਾ ਜੰਗੀ ਪੱਧਰ ਤੇ ਘੁੰਮਣ ਲੱਗਾ ਸੀ ਤੇ ਛੇ ਸਾਲਾਂ ’ਚ ਹੀ ਜਰਮਨੀ ਇੱਕ ਵਿਸ਼ਵ ਸ਼ਕਤੀ ਬਣ ਗਿਆ ਤੇ ਸਾਰੀ ਦੁਨੀਆਂ ਨੂੰ ਜਿੱਤ ਕੇ ਇੱਕ ਵਿਸ਼ਵ ਵਿਆਪੀ ਸਾਮਰਾਜ ਸਥਾਪਤ ਕਰਨ ਬਾਰੇ ਸੋਚਣ ਲੱਗਾ। ਇਸ ਦੇ ਮੁਕਾਬਲੇ ਮੋਦੀ ਦੀ ਰਹਿਨੁਮਾਈ ’ਚ ਕੀਤੀ ਗਈ ਅਖੌਤੀ ਤਰੱਕੀ ਕੁਝ ਵੀ ਨਹੀਂ।
ਮੋਦੀ ਦੀ ਇਸ ਤਾਜਪੋਸ਼ੀ ਤੋਂ ਬਾਅਦ ਐਨਡੀਏ ਦੀਆਂ ਸਹਿਯੋਗੀ ਪਾਰਟੀਆਂ ਜਨਤਾ ਦਲ (ਯੂ), ਸ਼ਿਵ ਸੈਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਅੱਡੀਆਂ ਚੁੱਕ ਕੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਉਹ ਇੱਕ ਤਰ੍ਹਾਂ ਨਾਲ਼ ਇਸ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਕਾਂਡ ਗਰਦਾਨਣ ਤੱਕ ਗਏ। ਕੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਹੋਰ ਨੇੜਲੇ ਸਾਥੀਆਂ ਨੇ ਇਸ ਨੂੰ ਇੱਕ ਅਲੋਕਾਰੀ ਚਮਤਕਾਰ ਕਹਿ ਕੇ ਨਿਵਾਜਿਆ, ਜੋ ਯੂ.ਪੀ.ਏ. ਦਾ ਭੋਗ ਪਾ ਕੇ ਐਨਡੀਏ ਨੂੰ ਦਿੱਲੀ ਦੇ ਤਖ਼ਤ ’ਤੇ ਬਿਠਾ ਦੇਵੇਗਾ। ਇਥੋਂ ਤੱਕ ਕਿ ਸ਼ਿਵ ਸੈਨਾ, ਜੋ ਭਾਜਪਾ ਦੇ ਅਕਾਲੀ ਦਲ ਤੋਂ ਵੀ ਵਧੇਰੇ ਕਰੀਬ ਹੈ, ਨੇ ਆਪਣੀ ਪ੍ਰਤੀਕਰਮ ਪ੍ਰਗਟ ਰਦੇ ਹੋਏ ਨੀਵੀਂ ਸੁਰ ਹੀ ਰੱਖੀ।
ਉਨ੍ਹਾਂ ਨੇ ਇਸ ਦਾ ਕੋਈ ਖਾਸ ਸੁਆਗਤ ਨਹੀਂ ਕੀਤਾ, ਕਿਉਂਕਿ ਸ਼ਿਵ ਸੈਨਾ ਪਹਿਲਾਂ ਹੀ ਸੁਸ਼ਮਾ ਸਵਰਾਜ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਿਆ ਦੇਖਣਾ ਚਾਹੁੰਦੀ ਹੈ। ਪਰ ਐਨਡੀਏ ਦੇ ਸਭ ਤੋਂ ਵੱਡੇ ਸਹਿਯੋਗੀ ਦਲ (ਯੂ) ਨੇ ਇਸ ਨਿਯੁਕਤੀ ਨੂੰ ਤੇ ਇਸ ਦੇ ਪਿੱਛੇ ਜੋ ਭਾਵਨਾਵਾਂ ਹਨ, ਉਨ੍ਹਾਂ ਨੂੰ ਮੁੱਢੋਂ ਹੀ ਨਕਾਰ ਦਿੱਤਾ ਤੇ ਹੁਣ ਮਾਮਲਾ ਇਸ ਹੱਦ ਤੱਕ ਪਹੁੰਚ ਚੁੱਕਾ ਹੈ ਕਿ ਜੇਕਰ ਮੋਦੀ ਨੂੰ ਇਸ ਆਹੁਦੇ ਤੋਂ ਨਾ ਹਟਾਇਆ ਗਿਆ ਤਾਂ ਜਨਤਾ ਦਲ (ਯੂ) ਐਨਡੀਏ ਤੋਂ ਅੱਡ ਹੋਇਆ ਹੀ ਸਮਝੋ, ਜਿਸ ਨਾਲ਼ ਭਾਜਪਾ ਦੇ ਸੱਤਾ ਤੱਕ ਪਹੁੰਚਣ ਦਾ ਰਸਤਾ ਲਗਭਗ ਬੰਦ ਹੋ ਜਾਵੇਗਾ।
ਮੋਦੀ ਦੀ ਤਾਜਪੋਸ਼ੀ ਬਾਰੇ ਅਕਾਲੀ ਦਲ ਵੱਲੋਂ ਵਿਕਾਈ ਗਈ ਫੁਰਤੀ ਨੇ ਅਕਾਲੀ ਦਲ ਦੀਆਂ ਸਿਧਾਂਤਕ ਅਸੰਗਤੀਆਂ ਤੇ ਸਿਆਸੀ ਦੋਗਲੇਪਣ ਨੂੰ ਜਗ ਜ਼ਾਹਿਰ ਕਰ ਦਿੱਤਾ ਹੈ। ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਤੇ ਹੋਰ ਸਿੱਖ ਜੱਥੇਬੰਦੀਆਂ ਚਿਰਾਂ ਤੋਂ 1984 ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖਾਂ ਦੇ ਕਤਲੇਆ ਨੂੰ ਠੀਕ ਹੀ ਕਾਂਗਰਸ ਦੀ ਸਾਜਿਸ਼ ਕਹਿ ਰਹੇ ਹਨ। ਇਨ੍ਹਾਂ ਦੰਗਿਆਂ ਵਿੱਚ ਕਾਂਗਰਸੀ ਨੇਤਾਵਾਂ ਤੇ ਕਾਰਕੁੰਨਾਂ ਦੀ ਭੂਮਿਕਾ ਬਾਰੇ ਸਾਰਾ ਦੇਸ਼ ਜਾਣਦਾ ਹੈ। ਦੇਸ਼ ਦੇ ਉਸ ਸਮੇਂ ਬਣੇ ਤਾਜ਼ਾ-ਤਾਜ਼ਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਲੈ ਕੇ ਹੁਤ ਸਾਰੇ ਕਾਂਗਰਸੀ ਲੀਡਰਾਂ ਨੇ ਇਨ੍ਹਾਂ ਦੰਗਿਆਂ ਨੂੰ ਭੜਕਾਉਣ ਵਿੱਚ ਭੂਮਿਕਾ ਨਿਭਾਈ ਸੀ। ਸ੍ਰੀ ਰਾਜੀਵ ਗਾਂਧੀ ਦਾ ਆਪਣੀ ਮਾਤਾ ਦੀ ਹੱਤਿਆ ਤੋਂ ਬਾਅਦ ਦਿੱਤਾ ਇਹ ਬਿਆਨ ਕਿ ‘‘ਜਦੋਂ ਕੋਈ ਵੱਡਾ ਬਿਰਖ਼ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੀ ਹੁੰਦੀ ਹੈ’’ ਹੀ ਕਾਂਗਰਸੀ ਨੇਤਾਵਾਂ ਤੇ ਉਨ੍ਹਾਂ ਦੇ ਹੁਲੜਬਾਜ਼ ਕਾਡਰਾਂ ਲਈ ਸਿੱਖਾਂ ’ਤੇ ਹਮਲੇ ਕਰਨ ਤੇ ਉਨ੍ਹਾਂ ਦੇ ਘਰ-ਬਾਰ ਉਜਾੜਨ ਲਈ ਕਾਫ਼ੀ ਸੀ। ਇਸ ਦੇ ਨਾਲ਼ ਹੀ ਕਾਂਗਰਸ ਦੇ ਦਿੱਲੀ ਦੇ ਵੱਡੇ ਨੇਤਾਵਾਂ ਐੱਚ.ਕੇ.ਐੱਲ. ਭਗਤ, ਧਰਮਦਾਸ ਸ਼ਾਸਤਰੀ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਆਦਿ ਨੇ ਜਿਸ ਤਰ੍ਹਾਂ ਖੂਨੀ ਲਫੰਗਿਆਂ ਦੀਆਂ ਭੀੜਾਂ ਨੂੰ ਭੜਕਾਇਆ, ਉਹ ਹੁਣ ਇੱਕ ਦੰਤ ਕਥਾ ਦੀ ਤਰ੍ਹਾਂ ਸਭ ਨੂੰ ਯਾਦ ਹਨ।
ਭਾਵੇਂ ਇਨ੍ਹਾਂ ਵਿੱਚੋਂ ਕੁਝ ਕਿਰਦਾਰ ਇਸ ਦੁਨੀਆਂ ਤੋਂ ਜਾ ਚੁੱਕੇ ਹਨ, ਪਰ ਕੁਝ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਅੱਜ ਵੀ ਉਸੇ ਤਰ੍ਹਾਂ ਆਪਣੇ ਲਾਮ-ਲਸ਼ਕਰ ਲੈ ਕੇ ਘੁੰਮ ਰਹੇ ਹਨ ਤੇ ਕਾਂਗਰਸ ਪਾਰਟੀ ਦੀਆਂ ਸਫ਼ਾਂ ਵਿੱਚ ਉੱਚੇ ਆਹੁਦਿਆਂ ਦਾ ਅਨੰਦ ਵੀ ਮਾਣ ਚੁੱਕੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਕਾਂਗਰਸ ਨੇ ਸਿੱਖ ਵਿਰੋਧੀ ਦੰਗਿਆਂ ਵਿੱਚ ਨਾਮਜ਼ਦ ਦੋਸ਼ੀ ਕਾਨੂੰਨੀ ਘੁਣਤਰਾਂ ਦਾ ਸਹਾਰਾ ਲੈ ਕੇ ਅੱਜ ਤੱਕ ਬਣਦੀ ਸਜ਼ਾ ਤੋਂ ਬਚਦੇ ਰਹੇ ਹਨ। ਇਹੀ ਕਾਰਨ ਹੈ ਕਿ ਸਿੱਖ ਆਵਾਮ ਦੀ ਬਹੁਗਿਣਤੀ ਅਜਿਹੇ ਵਰਤਾਰੇ ਕਰਕੇ ਨਿਆਂ ਪਾਲਿਕਾ ਦੇ ਇੱਕ ਅੰਗ ਨੂੰ ਵੀ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾ ਰਹੀ ਹੈ।
ਇਸੇ ਤਰ੍ਹਾਂ ਦਾ ਇਤਿਹਾਸ ਦਾ ਇੱਕ ਖ਼ੂਨੀ ਕਾਂਡ ਗੁਜਰਾਤ ਵਿੱਚ ਰਚਿਆ ਗਿਆ। ਫਰਵਰੀ 2002 ਵਿੱਚ ਗੋਧਰਾ ਵਿਖੇ ਇੱਕ ਰੇਲ ਗੱਡੀ ਵਿੱਚ ਲੱਗੀ ਜਾਂ ਲਗਾਈ ਅੱਗ ਵਿੱਚ ਸੱਠ ਦੇ ਕਰੀਬ ਵਿਅਕਤੀ ਸੜ੍ਹ ਕੇ ਸੁਆਹ ਹੋ ਗਏ ਸਨ। ਇਹ ਬਰਬਰਤਾ ਵਾਲ਼ਾ ਬਹੁਤ ਹੀ ਅਣਮਨੁੱਖੀ ਵਾਕਿਆ ਸੀ। ਭਾਜਪਾ ਤੇ ਕੁਝ ਕੱਟੜਪੰਥੀ ਹਿੰਦੂ ਜੱਥੇਬੰਦੀਆਂ ਨੇ ਇਸ ਘਟਨਾ ਪਿੱਛੇ ਮੁਸਲਮਾਨਾਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਤੇ ਸਿੱਟੇ ਵਜੋਂ ਸਾਰੇ ਰਾਜ ਵਿੱਚ ਮੁਸਲਿਮ ਵਿਰੋਧੀ ਦੰਗੇ ਭੜਕ ਉੱਠੇ। ਉਸ ਸਮੇਂ ਹੁਣ ਵਾਂਗ ਗੁਜਰਾਤ ਦੇ ਮੁੱਖ ਮੰਕਰੀ ਨਰਿੰਦਰ ਮੋਦੀ ਹੀ ਸਨ। ਉਨ੍ਹਾਂ ਦੀ ਗੁਜਰਾਤ ਦੰਗਿਆਂ ਵਿੱਚ ਭੂਮਿਕਾ ਉਸੇ ਤਰ੍ਹਾਂ ਦੀ ਹੀ ਸੀ, ਜਿਸ ਤਰ੍ਹਾਂ ਦੀ ਰਾਜੀਵ ਗਾਂਧੀ ਤੇ ਉਸ ਦੇ ਪੈਰੋਕਾਰਾਂ ਦੀ 1984 ਵਿੱਚ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸੀ।
ਜੇਕਰ ਰਾਜੀਵ ਗਾਂਧੀ ਨੇ ਦਿੱਲੀ ਦੇ ਸਿੱਖ ਕਤਲੇਆਮ ਨੂੰ ਇੱਕ ‘ਵੱਡੇ ਬਿਰਖ ਦੇ ਡਿੱਗਣ’ (ਭਾਵ ਸ੍ਰੀਮਤੀ ਇੰਦਰਾ ਘਾਂਧੀ ਦੇ ਕਤਲ) ਦਾ ਨਤੀਜਾ ਦੱਸਿਆ ਤਾਂ ਨਰਿੰਦਰ ਮੋਦੀ ਤੇ ਉਸ ਦੇ ਪੈਰੋਕਾਰਾਂ ਤੇ ਚੇਲੇ-ਚਾਟਿਆਂ ਨੇ ਵੀ ਕੁਝ ਇਸੇ ਤਰ੍ਹਾਂ ਦਾ ਹੀ ਤਰਕ ਪੇਸ਼ ਕੀਤਾ। ਗੁਜਰਾਤ ਕਾਡਰ ਦੇ ਹੀ ਇੱਕ ਆਈਪੀਐੱਸ ਅਫ਼ਸਰ, ਜੋ ਉਸ ਮੀਟਿੰਗ ਵਿੱਚ ਸ਼ਾਮਿਲ ਸੀ, ਜਿਹੜੀ ਨਰਿੰਦਰ ਮੋਦੀ ਨੇ ਦੰਗੇ ਸ਼ੁਰੂ ਹੁੰਦੇ ਸਾਰ ਹੀ ਆਪਣੇ ਨਿਵਾਸ ਸਥਾਨ ’ਤੇ ਬੁਲਾਈ ਸੀ, ਇੰਕਸ਼ਾਫ਼ ਕੀਤਾ ਸੀ ਕਿ ਨਰਿੰਦਰ ਮੋਦੀ ਨੇ ਹਾਜ਼ਿਰ ਪੁਲਿਸ ਇਫ਼ਸਰਾਂ ਨੂੰ ਸਾਫ਼ ਕਿਹਾ ਸੀ ਕਿ ‘ਇਨ ਕੋ ਸਬਕ ਸਿਖਾਣਾ ਜ਼ਰੂਰੀ ਹੈ’ ਭਾਵ ਮੁਸਲਮਾਨਾਂ ਨੂੰ ਚੰਗੀ ਤਰ੍ਹਾਂ ਫੁੰਡਿਆ ਜਾਵੇ। ਇਸ ਦਾ ਨਤੀਜਾ ਇਹ ਨਿਕਲ਼ਿਆ ਕਿ ਜਦੋਂ ਕੱਟੜਪੰਥੀ ਹਿੰਦੂ ਜੱਥੇਬੰਦੀਆਂ ਮੁਸਲਮਾਨਾਂ ਨੂੰ ਕੋਹ-ਕੋਹ ਕੇ ਮਾਰਨ ਲੱਗੀਆਂ ਤਾਂ ਗੁਜਰਾਤ ਦੀ ਪੁਲਿਸ ਵੀ ਲਗਭਗ ਉਸੇ ਤਰ੍ਹਾਂ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ, ਜਿਸ ਤਰ੍ਹਾਂ ਦਿੱਲੀ ਦੀ ਪੁਲਿਸ ਨੇ ਸ਼ਾਸਕਾਂ ਦੇ ਸੰਕੇਤ ਸਮਝ ਕੇ ਕੀਤਾ ਸੀ। ਨਤੀਜਾ ਇਹ ਨਿਕਲ਼ਿਆ ਕਿ ਹਜ਼ਾਰਾਂ ਮੁਸਲਮਾਨ ਸਿੱਖਾਂ ਦੀ ਤਰ੍ਹਾਂ ਕਤਲ ਕਰ ਦਿੱਤੇ ਗਏ।
ਉਨ੍ਹਾਂ ਦੇ ਘਰ-ਬਾਰ ਜਲ਼ਾ ਦਿੱਤੇ ਗਏ। ਸਿੱਖਾਂ ਦੀ ਰ੍ਹਾਂ ਹੀ ਹਜ਼ਾਰਾਂ ਮੁਸਲਮਾਨ ਬੇਘਰੇ ਹੋਏ ਕੈਂਪਾਂ ’ਚ ਰੁਲ਼ਦੇ ਰਹੇ। ਮਗਰੋਂ ਵੀ ਗੁਜਰਾਤ ਸਰਕਾਰ ਨੇ ਉਨ੍ਹਾਂ ਨਾਲ਼ ਕੋਈ ਮਾਨਵੀ ਸਲੂਕ ਨਹੀਂ ਕੀਤਾ, ਸਗੋਂ ਕਈ ਝੂਠੀਆਂ ਮੁੱਠਭੇੜਾਂ ਦਾ ਨਾਟਕ ਰਚ ਕੇ ਕਾਫ਼ੀ ਸਮਾਂ ਬਾਅਦ ਤੱਕ ਵੀ ਬੇਕਸੂਰ ਮੁਸਲਮਾਨਾਂ ਨੂੰ ਗੋਲ਼ੀਆਂ ਨਾਲ਼ ਉਡਾਇਆ ਜਾਂਦਾ ਰਿਹਾ। ਇਨ੍ਹਾਂ ਸਾਰੀਆਂ ਘਟਨਾਵਾਂ ਨਾਲ਼ ਸਬੰਧਤ ਕੇਸ਼ ਭਿੰਨ-ਭਿੰਨ ਅਦਾਲਤਾਂ ਵਿੱਚ ਚੱਲ ਰਹੇ ਹਨ। ਮੋਦੀ ਸਰਕਾਰ ਨੇ ਗੁਜਰਾਤ ਵਿੱਚ ਕਾਨੂੰਨੀ ਪ੍ਰਕਿਰਿਆ ਨੂੰ ਲੀਹ ਤੋਂ ਲਾਹੁਣ ਲਈ ਜੋ ਉਪਰਾਲੇ ਕੀਤੇ, ਉਹ ਜਗ ਜ਼ਾਹਿਰ ਹਨ। ਇਥੋਂ ਤੱਕ ਕਿ ਸੁਪਰੀਮ ਕੋਰਟ ਨੂੰ ਕੁਝ ਕੇਸਾਂ ਦੇ ਅਦਾਲਤੀ ਮੁਕੱਦਮੇ ਰਾਜ ਤੋਂ ਬਾਹਰ ਚਲਾਉਣ ਦੇ ਹੁਕਮ ਦੇਣੇ ਪਏ। ਸਾਰੀ ਪੁਲਿਸ ਤਾਂ ਪਹਿਲਾਂ ਹੀ ਨਰਿੰਦਰ ਮੋਦੀ ਨੇ ਆਪਣੇ ਇਸ਼ਾਰਿਆਂ ’ਤੇ ਕੀਤੀ ਹੋਈ ਸੀ, ਉਸ ਨੇ ਕਾਨੂੰਨੀ ਪ੍ਰਕਿਰਿਆ ਨੂੰ ਵੀ ਦਿੱਲੀ ਦੀ ਤਰ੍ਹਾਂ ਹੀ ਨਿਆਂਇਕ ਘੁਣਤਰਾਂ ਵਿੱਚ ਫਸਾ ਕੇ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ। ਆਪਣੇ ਖ਼ਾਸਮਖਾਸ ਚੇਲੇ ਅਮਿਤ ਸ਼ਾਹ, ਜੋ ਹੁਣ ਵੀ ਜ਼ਮਾਨਤ ’ਤੇ ਹੈ, ਨੂੰ ਭਾਜਪਾ ਦੇ ਸੰਸਦੀ ਬੋਰਡ ਦਾ ਮੈਂਬਰ ਮੋਦੀ ਵੱਲੋਂ ਬਣਵਾਇਆ ਗਿਆ। ਸਾਰਾ ਦੇਸ਼ ਅਮਿਤ ਸ਼ਾਹ ਦੀ ਗੁਜਰਾਤ ਦੰਗਿਆਂ ਅਤੇ ਬਾਅਦ ਦੀਆਂ ਫ਼ਰਜ਼ੀ ਮੁੱਠਭੇੜਾਂ ’ਚ ਭੂਮਿਕਾ ਬਾਰੇ ਜਾਣਦਾ ਹੈ। ਹੁਣ ਨਰਿੰਦਰ ਮੋਦੀ ਨੇ ਉਸ ਨੂੰ ਉੱਤਰ ਪ੍ਰਦੇਸ਼ ਵਿੱਚ ਆਪਣਾ ਸਿਆਸੀ ਸਫ਼ੀਰ ਬਣਾ ਕੇ ਲਾਂਚ ਕਰ ਦਿੱਤਾ ਹੈ। ਉਸ ਨੇ ਜਾਂਦਿਆਂ ਹੀ ਉੱਥੇ ਫਾਸ਼ੀਵਾਦੀ ਤਰਜ਼ ’ਤੇ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ ਤੇ ਭਾਜਪਾ ਦੇ ਹੀ ਬਜ਼ੁਰਗ ਨੇਤਾਵਾਂ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦੀਆਂ ਤਸਵੀਰਾਂ ਤੱਕ ਪਾਰਟੀ ਦੇ ਟਿਕਾਣਿਆਂ ਤੋਂ ਉਤਰਵਾ ਕੇ ਮੋਦੀ ਦੀਆਂ ਤਸਵੀਰਾਂ ਲਗਵਾ ਦਿੱਤੀਆਂ ਹਨ।
ਜਿਸ ਤਰ੍ਹਾਂ ਦੀ ਭੂਮਿਕਾ ਦਿੱਲੀ ਦੰਗਿਆਂ ਵਿੱਚ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੀ ਰਹੀ ਹੈ, ਬਿਲਕੁਲ ਉਸੇ ਤਰ੍ਹਾਂ ਗੁਜਰਾਤ ਦੰਗਿਆਂ ਵਿੱਚ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਉਨ੍ਹਾਂ ਦੇ ਚੇਲੇ-ਚਾਟਿਆਂ ਦੀ ਰਹੀ ਹੈ। ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਅਕਾਲੀ ਦਲ ਤੇ ਸਿੱਖ ਜੱਥੇਬੰਦੀਆਂ ਫਾਂਸੀ ਦੀ ਸਜ਼ਾ ਜਾਂ ਘੱਟੋ-ਘੱਟ ਉਮਰ ਕੈਦ ਦਿਵਾਉਣ ਦੀ ਮੰਗ ਕਰ ਰਹੀਆਂ ਹਨ। ਮੁੱਖ ਮੰਤਰੀ ਪੰਜਾਬ, ਉਪ-ਮੁੱਖ ਮੰਤਰੀ ਤੇ ਹੋਰ ਸਿੱਖ ਨੇਤਾਵਾਂ ਦੇ ਸਿੱਖ ਵਿਰੋਦੀ ਦੰਗਿਆਂ ’ਚ ਕਾਂਗਰਸ ਦੀ ਭੂਮਿਕਾ ਬਾਰੇ ਪ੍ਰਤੀਕਰਮ ਤੇ ਧਾਰਨਾਵਾਂ ਤੋਂ ਸਾਰਾ ਸਿੱਖ ਭਾਈਚਾਰਾ ਹੀ ਨਹੀਂ, ਸਗੋਂ ਸਾਰਾ ਦੇਸ਼ ਵਾਕਿਫ਼ ਹੈ। ਪਰ ਦਿੱਲੀ ਤੇ ਗੁਜਰਾਤ ਦੀਆਂ ਘਟਨਾਵਾਂ ਬਾਰੇ ਅਕਾਲੀ ਦਲ ਨੇ ਜੋ ਸਿਧਾਂਤਕ, ਅਮਲੀ ਤੇ ਸਿਆਸੀ ਦੋਗਲਾਪਣ ਦਿਖਾਇਆ ਹੈ, ਉਸ ਸਬੰਧੀ ਦੇਸ਼ ਦੀ ਆਵਾਮ ਜਵਾਬ ਭਾਲ਼ਦੀ ਹੈ।
ਇੱਕ ਪਾਸੇ ਅਕਾਲੀ ਦਲ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਫਾਂਸੀ ਜਾਂ ਉਮਰ ਕੈਦ ਦਿਵਾਉਣ ਦੀ ਗੱਲ ਕਰਦਾ ਹੈ, ਦੂਜੇ ਪਾਸੇ ਗੁਰਾਤ ਦੰਗਿਆਂ ਲਈ ਜ਼ਿੰਮੇਵਾਰ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਵੇਖਣਾ ਚਾਹੁੰਦਾ ਹੈ। ਇਹ ਇਸੇ ਤਰ੍ਹਾਂ ਦੀ ਤਜਵੀਜ਼ ਹੈ, ਜਿਵੇਂ ਕਿ ਕਾਂਗਰਸ ਦੇ ਸਹਿਯੋਗੀ ਦਲ ਜਗਦੀਸ਼ ਟਾਈਟਲਰ ਜਾਂ ਸੱਜਣ ਕੁਮਾਰ ਨੂੰ ਭਾਰਤ ਦਾ ਪ੍ਰਧਨ ਮੰਤਰੀ ਬਣਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦੇਣ। ਮੁਸਲਮਾਨ ਦੇਸ਼ ਦੀ ਸਭ ਤੋਂ ਵੱਡੀ ਘੱਟ-ਗਿਣਤੀ ਹਨ ਅਤੇ ਅਕਾਲੀ ਦਲ ਦੇ ਲੀਡਰ ਇੱਕ ਛੋਟੀ ਘੱਟ-ਗਿਣਤੀ ਦੇ ਤੌਖ਼ਲਿਆਂ, ਖ਼ੌਫ਼ ਤੇ ਸੰਸਿਆਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਜਿਥੋਂ ਤੱਕ ਇਨਕੁਆਇਰੀ ਕਮਿਸ਼ਨਾਂ ਤੇ ਵਿਸ਼ੇਸ਼ ਪੜਤਾਲੀਆ ਟੀਮਾਂ (ਐਸਆਈਟੀ) ਦਾ ਸਬੰਧ ਹੈ, ਇਨ੍ਹਾਂ ਬਾਰੇ ਗੱਲ ਨਾ ਕਰੀਏ ਤਾਂ ਬਿਹਤਰ ਹੈ। ਅਕਾਲੀ ਲ ਤੋਂ ਚੰਗਾ ਤਾਂ ਜੇਡੀਯੂ ਹੀ ਹੈ, ਜਿਸ ਨੇ ਮੋਦੀ ਵਰਗੇ ਕਿਰਦਾਰ ਨੂੰ ਅੱਗੇ ਆਉਣ ਤੋਂ ਰੋਕਣ ਲਈ ਆਪਣੀ ਸਰਕਾਰ ਦਾਅ ’ਤੇ ਲਗਾ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਉਹ ਹਿੰਦੂ-ਸਿੱਖ ਸਦਭਾਵਨਾ ਲਈ ਇਹ ਸਭ ਕੁਝ ਕਰ ਰਹੇ ਹਨ, ਬਿਲਕੁਲ ਤਰਕਹੀਣ ਹੈ। ਹਿੰਦੂ-ਸਿੱਖ ਸਦਭਾਵਨਾ ਆਜ਼ਾਦੀ ਸੰਗਰਾਮ ਸਮੇਂ ਵੀ ਬਣੀ ਰਹੀ ਤੇ ਉਸ ਤੋਂ ਬਾਅਦ ਵੀ। ਸਿਰਫ ਪੰਜਾਬੀ ਸੂਬਾ ਲਹਿਰ ਸਮੇਂ ਜਨ ਸੰਘ (ਅੱਜ ਦੀ ਭਾਜਪਾ) ਨੇ ਕੁਝ ਸਮੇਂ ਲਈ ਇਸ ਨੂੰ ਖ਼ਰਾਬ ਕਰੀ ਰੱਖਿਆ ਤੇ 80ਵਿਆਂ ’ਚ ਖਾੜਕੂਆਂ ਤੇ ਅਕਾਲੀ ਦਲ ਦੇ ਦਬੂ ਕਿਰਦਾਰ ਨੇ ਇਸ ਨੂੰ ਢਾਹ ਲਗਾਈ ਸੀ। ਅਮਨ-ਚੈਨ ਹੋਣ ਮਗਰੋਂ ਇਨ੍ਹਾਂ ਦੋਹਾਂ ਭਾਈਚਾਰਿਆਂ ’ਚ ਪਹਿਲਾਂ ਵਰਗੇ ਹੀ ਨਿੱਘੇ ਸਬੰਧ ਬਣੇ ਹੋਏ ਹਨ। ਦੇਸ਼ ਦੀ ਵੱਡੀ ਸਮੱਸਿਆ ਹਿੰਦੂ-ਮੁਸਲਿਮ ਸਦਭਾਵਨਾ ਤੇ ਦੇਸ਼ ਦੀ ਧਰਮ-ਨਿਰਪੱਖ (ਸੈਕੂਲਰ) ਬੁਨਿਆਦ ਨੂੰ ਬਚਾਉਣ ਦੀ ਹੈ, ਜੋ ਆਰਐੱਸਐੱਸ ਦੇ ਮੋਹਰੀ ਮੋਦੀ ਦੀ ਤਾਜਪੋਸ਼ੀ ਨਾਲ਼ ਖ਼ਤਰੇ ਵਿੱਚ ਪੈ ਜਾਵੇਗੀ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੀ ਮੌਕਾਪ੍ਰਸਤੀ ਤੇ ਸਿਧਾਂਤਕ ਦੋਗਲਾਪਣ ਉਨ੍ਹਾਂ ਨੂੰ ਅਜਿਹੀਆਂ ਅਸੰਗਤੀਆਂ ਤੇ ਤਰਕਹੀਣਤਾ ਨਜ਼ਰ ਹੀ ਨਹੀਂ ਆਉਣ ਦਿੰਦਾ। ਨਰਿੰਦਰ ਮੋਦੀ ਨੂੰ ਚੋਣ-ਪ੍ਰਚਾਰ ਕਮੇਟੀ ਦਾ ਮੁੱਕੀ ਬਣਾਏ ਜਾਣ ’ਤੇ ਖੁਸ਼ੀ ਪ੍ਰਗਟ ਕਰਨ ਦੀ ਅਕਾਲੀ ਲੀਡਰਸ਼ਿੱਪ ਨੇ ਜੋ ਕਾਹਲ਼ੀ ਵਿਖਾਈ ਹੈ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਪਾਰਟੀ ਹੁਣ ਆਪਣੀ ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ ਤੇ ਐਮਰਜੈਂਸੀ ਦੇ ਵਿਰੋਧ ਦੀ ਲਹਿਰ ਦੀਆਂ ਮਹਾਨ ਰਿਵਾਇਤਾਂ ਛੱਡ ਕੇ ਬਿਲਕੁੱਲ ਸਿਧਾਂਤਹੀਣ ਬਣ ਚੁੱਕੀ ਹੈ ਤੇ ਸੱਤਾ ਦੀ ਹਵੱਸ ’ਚ ਅੰਨ੍ਹੀ ਹੋਈ ਪਈ ਹੈ। ਦੇਸ਼ ਦੇ ਅਵਾਮ ਨੂੰ, ਖ਼ਾਸ ਰਕੇ ਸਿੱਖ ਭਾਈਚਾਰੇ ਨੂੰ ਆਪਣੇ ਲੀਡਰਾਂ ਦੇ ਅਜਿਹੇ ਦੋਹਰੇ ਮਾਪਦੰਡ ਤੇ ਦੋਗ਼ਲੇਪਣ ਨੂੰ ਧਿਆਨ ਗੋਚਰੇ ਕਰਨਾ ਬਣਦਾ ਹੈ।