ਇਨਕਲਾਬ ਜ਼ਿੰਦਾਬਾਦ, ਮੁਰਦਾਬਾਦ ਤੇ ਫਿਰ ਜ਼ਿੰਦਾਬਾਦ -ਜੋਗਿੰਦਰ ਬਾਠ ਹੌਲੈਂਡ
Posted on:- 17-06-2013
ਮੁੰਬਈ ਵਸਦੇ ਮਸ਼ਹੂਰ ਲੇਖਕ ਸੁਖਬੀਰ ਦੀ ਇੱਕ ਪੁਰਾਣੀ ਕਵਿਤਾ "ਇਨਕਲਾਬ ਜ਼ਿੰਦਾਬਾਦ ਮੁਰਦਾਬਾਦ, ਪੜ੍ਹੀ ਅਤੇ ਨਾਲ ਹੀ ਉਸ ਕਵਿਤਾ ਦੀ ਵਿਆਖਿਆ ਅਤੇ ਸ਼ਪਸਟੀਕਰਣ ਕਰਦਾ ਹੋਇਆ ਇੱਕ ਲੇਖ ਵੀ ਧਿਆਨ ਗੋਚਰਾ ਹੋਇਆ। ਸੁਖਬੀਰ ਪਹਿਲਾਂ ਵੀ ਗਾਹੇ ਬਿਗਾਹੇ ਕਈ ਵਾਰ ਪੰਜਾਬੀ ਪਰਚਿਆ ਅਤੇ ਅਖਬਾਰਾਂ ਵਿੱਚ ਛਪਦੀਆਂ ਆਪਣੀਆਂ ਲਿਖਤਾਂ ਵਿੱਚ ਸਪੱਸ਼ਟ ਕਰ ਚੁੱਕਿਆ ਸੀ ਕਿ ਬੇਸ਼ਕ ਉਹ ਖੱਬੇਪੱਖੀ ਤਰਜ਼ ਦੇ ਇਨਕਲਾਬ ਦਾ ਹਾਮੀ ਸੀ, ਪਰ ਫਿਰ ਵੀ ਉਹ ਕਿਸੇ ਖੱਬੇਪੱਖੀ ਸਿਆਸੀ ਪਾਰਟੀ ਦਾ ਮੈਂਬਰ ਨਹੀਂ ।
ਉਹ ਹੁਣ ਤਕ ਇਸ ਵਿਚਾਰਧਾਰਾ ਨੂੰ ਤਨੋ-ਮਨੋਂ ਚਾਹੁੰਦਿਆਂ ਹੋਇਆਂ ਵੀ ਹਮੇਸ਼ਾ ਆਜ਼ਾਦ ਵਿਚਰਿਆ ਹੈ। ਪਰ ਫਿਰ ਵੀ ਸੁਖਬੀਰ ਖੱਬੀ-ਸਿਆਸਤ ਦੇ ਜਾਣੇ-ਮਾਣੇ ਅਤੇ ਵੱਖਰੀ ਤਰਾਂ ਦੀ ਲਿਖਣ ਸ਼ੈਲੀ ਕਰਕੇ ਕੇ ਪਹਿਚਾਣੇ ਜਾਂਦੇ ਲੇਖਕਾਂ ਵਿੱਚ ਸ਼ੁਮਾਰ ਹੁੰਦਾਂ ਹੈ। ਪ੍ਰੀਤਲੜ੍ਹੀ ਤੋ ਲੈ ਕੇ ਨਵਾਂ ਜ਼ਮਾਨਾ ਤੱਕ ਬਹੁਤ ਸਾਰੇ ਪੰਜਾਬੀ ਹਫਤਾਵਾਰੀ, ਮਾਸਕ,ਤ੍ਰੈਮਾਸਕ ਅਤੇ ਬੁੱਧ ਨੂੰ ਹਲੂਣ ਵਾਲਿਆਂ ਪਰਚਿਆਂ ਵਿੱਚ ਉਨ੍ਹਾਂ ਦੀਆ ਚਿੱਠੀਆਂ,ਕਹਾਣੀਆਂ ਅਤੇ ਨਾਵਲਾਂ ਦੇ ਅੰਸ਼ ਛਪਦੇ ਰਹਿੰਦੇ ਹਨ।
ਉਨ੍ਹਾਂ ਉਪਰ ਕਿੱਸੇ ਵੀ ਸਿਆਸੀ ਪਾਰਟੀ ਦਾ ਕੁੰਡਾ ਨਹੀਂ ਹੈ। ਪਰ ? ਫਿਰ ਵੀ ਉਹ ਉੱਨੀ ਸੌਅ ਸੰਤਾਸੀ ਵਿੱਚ ਲਿਖੀ ਆਪਣੀ ਇਹ ਕਵਿਤਾ "ਇਨਕਲਾਬ ਜਿ਼ੰਦਾਬਾਦ ਮੁਰਦਾਬਾਦ, ਕਿਸੇ ਝਕ, ਡਰ ਜਾਂ ਆਪਣੀ ਅੰਤਰ-ਆਤਮਾ ਦੀ ਅਵਾਜ਼ ਦੇ ਬੋਝ ਕਾਰਣ ਪੂਰੀ ਨਹੀਂ ਕਰ ਸਕੇ ਸਨ। ਕਿਉਂਕਿ ਉਨ੍ਹਾਂ ਦੀ ਸਮਝ ਮੁਤਾਬਕ ਜੋ ਕੁਝ ਖੱਬੇ-ਸੰਸਾਰ ਵਿੱਚ ਮਾੜਾ-ਚੰਗਾ ਉਸ ਵਕਤ ਹੋ ਰਿਹਾ ਸੀ ਉਹ ਸਭ ਕੁਝ ਭਾਰਤ ਦੀਆਂ ਕੌਮਨਿਸ਼ਟ ਪਾਰਟੀਆਂ ਜਾਣਦੀਆਂ ਹੋਣ ਦੇ ਬਾਵਜੂਦ ਵੀ ਸਧਾਰਣ ਕਾਡਰ ਨੂੰ ਹੋਰ ਹੀ ਸ਼ਬਜਬਾਗ ਵਿਖਾਉਂਦੀਆਂ ਸਨ। ਠੀਕ ਉਵੇਂ, ਜਿਵੇਂ ਧਾਰਮਿਕ ਮੱਠਾ, ਡੇਰਿਆਂ, ਮਸੀਤਾਂ ਅਤੇ ਧਰਮ ਅਧਾਰਤ ਸਿਆਸੀ ਪਾਰਟੀਆਂ ਵਿੱਚ ਵਰਤਾਰਾ ਚਲਦਾ ਹੈ।
ਇਨ੍ਹਾਂ ਧਾਰਮਿਕ ਸਥਾਨਾਂ ਦੇ ਮੁਰੀਦਾ ਅਤੇ ਸ਼ਰਧਾਲੂਆਂ ਨੂੰ ਅਸਲ ਵਿੱਚ ਜੋ ਕੁਝ ਵੀ ਉਨ੍ਹਾਂ ਦੀ ਸੰਸਥਾ ਵਿੱਚ ਚੰਗਾ-ਮਾੜਾ ਚੱਲ ਰਿਹਾ ਹੁੰਦਾ ਹੈ ਦੇ ਬਾਰੇ ਕਿਸੇ ਹੱਦ ਤੱਕ ਸਭ ਗਿਆਨ ਹੁੰਦਾ ਹੈ, ਪਰ ਫਿਰ ਵੀ ਉਹ ਕੋਹਲੂ ਦੇ ਬਲ੍ਹਦ ਵਾਂਗ ਬਗੈਰ ਕਿਸੇ ਵਿਰੋਧ ਦੇ ਕਿਸੇ ਆਪਣੀ ਜਾਤੀ ਆਸ ਦੀ ਪੂਰਤੀ ਦੀ ਲਾਲਸ਼ਾ ਵਿੱਚ ਡੇਰਿਆਂ ਮੱਠਾਂ ਦੇ ਚੱਕਰ ਲਾਈ ਜਾਂਦੇ ਹਨ, ਸੰਗਤਾ ਨੂੰ ਚਿੱਟਾ ਚਾਨਣ ਹੁੰਦਿਆਂ ਵੀ ਮੂੰਹ ਬੰਦ ਅਤੇ ਅੱਖਾਂ ਮੀਚ ਕੇ,ਪ੍ਰਵਚਨ ਸੁਣਨਾ ਤੇ ਬਾਬਿਆਂ ਦਾ ਦਿੱਤਾ ਪਰਸ਼ਾਦ ਸਣੇ ਮੱਖੀ ਬਗੈਰ ਕਿਸੇ ਹੀਲ- ਹੁਜਤ ਦੇ ਅੰਦਰ ਲੰਘਾਉਣਾ ਪੈਦਾਂ ਹੈ। ਠੀਕ ਉਸੇ ਤਰਾਂ ਦੀ ਹੀ ਹਾਲਤ ਉਹ ਉਸ ਸਮੇਂ ਖੱਬੇ-ਪੱਖੀ ਪਾਰਟੀਆਂ ਦੇ ਕਾਡਰ ਦੀ ਮਹਿਸੂਸ ਕਰਦੇ ਸਨ। ਸ਼ਾਇਦ ਇਸੇ ਕਰਕੇ ਕਿੳਂਕਿ ਉਹ ਖੁੱਦ ਵੀ ਖੱਬੇਪੱਖੀ ਵਿਚਾਰਾਂ ਦੇ ਹਾਮੀਂ ਹੋਣ ਕਰਕੇ ਕਿਸੇ ਡਰ ਜਾ ਝਕ ਕਾਰਣ ਆਪਣੀ ਉੱਨੀ ਸੌ ਸੰਤਾਸੀ ਵਾਲੀ ਕਵਿਤਾ 'ਇਨਕਲਾਬ ਜ਼ਿੰਦਾਬਾਦ ਮੁਰਦਾਬਾਦ' ਲਿਖ ਕੇ ਵੀ ਪੂਰੀ ਨਹੀਂ ਲਿਖ ਸਕੇ ਸਨ। ਸਾ਼ਇਦ ਉਨ੍ਹਾਂ ਨੂੰ ਅਗੇ ਡੈਥ ਐਂਡ ਨਜ਼ਰ ਆ ਰਿਹਾ ਸੀ।
ਪਰ ਡੈਥ ਐਂਡ ਤਾ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ। ਇਨਕਲਾਬ ਦਾ ਮਤਲਬ ਇਨਕਲਾਬ ਦਰ ਇਨਕਲਾਬ ਹੁੰਦਾ ਹੈ, ਠੀਕ ਉਸੇ ਤਰਾਂ ਜਿਸ ਤਰਾਂ ਵਧੀਆਂ ਬਣੀ ਸੜਕ 'ਚ ਸਮੇਂ ਦੇ ਨਾਲ ਮੀਂਹ-ਕਣੀ, ਗਰਮੀ ਸਰਦੀ ਨਾਲ ਟੋਏ ਅਤੇ ਤਰੇੜਾਂ ਪੈ ਜਾਂਦੀਆ ਹਨ, ਪਾਣੀ ਖੜਾ ਹੋ ਜਾਂਦਾ ਹੈ ਹਾਦਸਿਆਂ ਅਤੇ ਰਾਹਗੀਰਾਂ ਦੇ ਜਾਨ ਮਾਲ ਨੂੰ ਨੁਕਸਾਨ ਹੋਣ ਦਾ ਖੱਤਰਾ ਪੈਦਾ ਹੋ ਜਾਂਦਾ ਹੈ ਅਤੇ ਫਿਰ ਉਸ ਸੜਕ ਦੀ ਮੁਰੱਮਤ ਦਰ ਮੁਰੱਮਤ ਜਰੂਰੀ ਹੁੰਦੀ ਹੈ ਨਹੀਂ ਤਾਂ ਲੋਕ ਕਹਿਣ ਲਗ ਪੈਦੇ ਹਨ ਇਸ ਨਾਲੋ ਤਾਂ ਕੱਚਾ ਰਾਹ ਹੀ ਠੀਕ ਸੀ।
ਏਸੇ ਤਰਾਂ ਆਏ ਇਨਕਲਾਬਾ ਦੀ ਵੀ ਮੁਰੱਮਤ ਦਰ ਮੁਰੱਮਤ ਜ਼ਰੂਰੀ ਸੀ। ਪਿਛਲੇ ਉੱਨ੍ਹੀ ਸਾਲਾਂ ਵਿੱਚ ਬਹੁਤ ਕੁੱਛ ਗਰਬਾਚੋਵੀ ਢੱਕਣ ਦੇ ਚੁੱਕੇ ਜਾਣ ਕਾਰਣ ਈਸਟ-ਬਲੋਕ ਦਾ ਗੰਦ ਮੰਦ ਬਾਹਰ ਆ ਰਿਹਾ ਹੈ। ਇਹ ਅਵੱਛ ਆਂਉਣਾ ਵੀ ਸੀ ਅਤੇ ਆਉਣਾ ਵੀ ਚਾਹੀਦਾ ਹੈ। ਇਹ ਸਮਾਂ ਸਵੈ ਪੜਚੋਲ ਦਾ ਸਮਾਂ ਹੈ। ਪਿੱਛੇ ਜਿਹੇ ਨਵਾਂ ਜ਼ਮਾਨਾ ਵਿੱਚ ਮਸ਼ਹੂਰ ਪੰਜਾਬੀ ਲੇਖਕ ਸੁਕੀਰਤ ਨੇ ਆਪਣੇ ਮੈਕਸੀਕੋ ਫੇਰੀ ਵਾਲੇ ਸ਼ਫਰਨਾਮੇ ਵਿੱਚ ਤਰੋਤਸਕੀ ਬਾਰੇ ਬੜੇ ਪੁਰਾਣੇ ਅਤੇ ਦੱਬੇ ਭੇਤ ਖੋਹਲੇ ਸਨ। ਸਟਾਲਨ ਵੱਲੋਂ ਆਪਣੇ ਤੋਂ ਵਧੀਆ ਅਤੇ ਬੁੱਧੀਜੀਵੀ ਤਰੋਤਸਕੀ ਦੇ ਕਤਲ ਦੀ ਸਾਜ਼ਿਸ਼ ਦਾ ਭਾਡਾਂ ਸੁਕੀਰਤ ਨੇ ਆਪਣੇ ਇਸ ਸ਼ਫਰਨਾਮੇ ਵਿੱਚ ਭੰਨਿਆ ਸੀ।
ਇਹੋ ਜਿਹੇ ਭਾੜੇ ਦੇ ਕਾਤਲ ਸਟਾਲਿਨ ਨੇ ਯੋਗੋਸਲਾਵੀਆ ਦੇ ਉਸ ਸਮੇਂ ਦੇ ਪ੍ਰਧਾਨ ਮਾਰਸ਼ਲ ਟੀਟੋ ਨੂੰ ਮਰਵਾਉਣ ਵਾਸਤੇ ਵੀ ਬੈਲਗਰਾਡ ਭੇਜੇ ਸਨ ਪਰ ਉਹ ਟੀਟੋ ਨੂੰ ਕਤਲ ਕਰਵਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਸੀ। ਭੇਤ ਖੁੱਲ੍ਹਣ ਤੇ ਮਾਰਸ਼ਲ ਟੀਟੋ ਨੇ ਜਵਾਬੀ ਚਿੱਠੀ ਵਿੱਚ ਸਟਾਲਿਨ ਨੂੰ ਲਿਖਿਆ ਸੀ ਕਿ ਉਹ ਆਪਣੀਆਂ ਹਰਕਤਾਂ ਤੋ ਬਾਜ ਆ ਜਾਵੇ ਨਹੀਂ ਤਾ ਉਸ ਨੂੰ ਵੀ ਇਹੋ ਜਿਹੇ ਭਾੜੇ ਦੇ ਕਾਤਲ ਮਾਸਕੋ ਭੇਜਣੇ ਪੈਣਗੇ।ਬੌਲੀਵੁਡ ਦੇ ਫਿਲਮੀ ਖਲਨਾਇਕਾਂ ਕਾਦਰਖਾਂਨ ਅਤੇ ਅਮਰੀਸ਼ਪੁਰੀ ਵਾਂਗ। ਪਰ ਹੁਣ ਸਮੇਂ ਬਦਲ ਗਏ ਹਨ ਪਹਿਲਾਂ ਡੇਰੇ ਦੀ ਸੰਗਤ ਵਾਂਗ ਕਾਡਰ ਆਪਣੇ ਨੇਤਾਵਾਂ ਅਤੇ ਪਰਟੀ ਦੇ ਥੈਂਕ-ਟੈਂਕਾਂ ਦਾ ਲਿਖਿਆਂ ਬੋਲਿਆਂ ਧੁਰੋ ਆਏ ਹੁਕਮਾਂ ਵਾਂਗ ਸੱਤ ਬਚਨ ਆਖ ਕੇ ਮੰਨੀ ਜਾਂਦਾ ਸੀ ਬਿਨਾਂ ਕਿਸੇ ਕਿੰਤੂ ਪਰੰਤੂ ਤੋ ਪਰ ਹੁਣ ਕਾਡਰ ਵੀ ਸਿਆਣਾਂ ਹੋ ਗਿਆ ਹੈ। ਉਹ ਹੁਣ ਲੀਡਰਾਂ ਦੀ ਕਹਿਣੀ ਤੇ ਕਰਨੀ ਦੇ ਅਮਲ ਨੂੰ ਪਰਖਦਾ ਹੈ। ਕਾਡਰ ਹੁਣ ਹੱਥਾਂ ਤੇ ਸਰ੍ਹੋ ਜੰਮਦੀ ਵੇਖਣ ਦਾ ਆਦੀ ਹੋ ਚੁਕਿਆ ਹੈ ਫੋਕੀਆਂ ਲਹਿਰਾਂ ਅਤੇ ਅੰਨੀਆਂ ਟੱਕਰਾਂ ਵਿੱਚ ਉਸ ਦਾ ਵਿਸ਼ਵਾਸ ਘਟਦਾ ਜਾਂਦਾ ਹੈ, ਇਸੇ ਕਰਕੇ ਸੰਸਾਰ ਇਨਕਲਾਬ ਦਾ ਸੁਪਨਾ ਲੈ ਕੇ ਚਲਿਆ ਸਾਰਾ ਖੱਬਾ ਸੰਸਾਰ ਖੱਖੜੀਆਂ ਕਰੇਲੇ ਹੋ ਕੇ ਰਹਿ ਗਿਆ ਹੈ।
ਇਕੱਲੀ ਹਿੰਦੁਸਤਾਨ ਦੀ ਮਾਂ ਪਾਰਟੀ ਸੀ ਪੀ ਆਈ ਵਿੱਚੋ ਹੀ ਖਰਬੂਜ਼ੇ ਦੀਆਂ ਫਾੜੀਆਂ ਵਾਂਗ ਕਈ ਹੋਰ ਪਾਰਟੀਆਂ ਜੰਮ ਪਈਆਂ ਹਨ ਅਤੇ ਦਰਜ਼ਨਾਂ ਹੀ ਹੋਰ ਇਨਕਲਾਬੀ ਗਰੁਪ ਨਿਕਲ ਆਏ ਹਨ। ਇਨੇ ਲੱਘੂ ਧਰਮ ਤਾਂ ਸ਼ਾਇਦ ਹਜ਼ਾਰਾਂ ਸਾਲ ਪੁਰਾਣੇ ਹਿੰਦੂ ਧਰਮ ਵਿੱਚੋਂ ਵੀ ਨਹੀਂ ਨਿਕਲੇ ਸਨ? ਇਹ ਸਾਰੀਆਂ ਹੀ ਪਾਰਟੀਆਂ ਅਤੇ ਗਰੁੱਪ ਆਪਣੇ ਆਪ ਨੂੰ ਆਮ ਲੋਕਾਈ ਨਾਲੋ ਸਿਆਂਣੇ ਅਤੇ ਵਿਗਿਆਨਕ ਸੋਚ ਦੇ ਧਾਰਨੀ ਵੀ ਅਖਵਾਉਦੇਂ ਹਨ,ਸ਼ਇਦ ਇਹੋ ਹੀ ਵਿਗਿਆਨਕ ਸੋਚ ਹੈ ਕਿ ਇਕ ਸੈਲੀ ਜੀਵ ਅਮੀਬੇ ਵਾਂਗ ਇੱਕ ਤੋ ਟੁੱਟ ਕੇ ਦੋ ਹੋ ਜਾਵੋ, ਦੋ ਤੋ ਚਾਰ ਅਤੇ ਫਿਰ ਹਜ਼ਾਰਾ ਲੱਖਾਂ।
ਹੁਣ ਜਦ ਦੀ ਬਰਲਨ ਦੀ ਕੰਧ ਟੁੱਟੀ ਹੈ ਤਾ ਕੁੱਛ ਸ਼ਰਤਾ ਦੇ ਅਧੀਨ ਹੌਲੈਂਡ ਵਿੱਚ ਈਸਟ-ਬਲੋਕ ਤੋ ਤਕਰੀਬਨ ਸੱਠ ਹਜ਼ਾਰ ਦੇ ਕਰੀਬ ਕਾਂਮੇ ਇਥੋ ਦੇ ਮਕਾਂਨ ਉਸਾਰੀ ਦੇ ਕੰਮਾਂ ਅਤੇ ਸਬਜ਼ੀ ਅਗਾਉਣ ਵਾਲੇ ਸ਼ੀਸੇ ਦੇ ਬਣੇ ਹਰੇ-ਘਰਾ (ਗਰੀਨ ਹਾਉਸ) ਵਿੱਚ ਕੰਮ ਕਰਦੇ ਹਨ, ਯੋਰਪ ਵੱਲੋ ਤਹਿ ਕੀਤੀ ਘੱਟੋ ਘੱਟ ਫੀ ਘੰਟਾਂ ਉਜ਼ਰਤ ਤੇ, ਉਹ ਸਾਡੇ ਨਾਲ ਹੀ ਕੰਮ ਕਰਦੇ ਹਨ ਅੰਗਰੇਜ਼ੀ ਤਾਂ ਉਹਨਾਂ 'ਚੌ ਸੌਅ ਵਿੱਚੋਂ ਮਸਾਂ ਪੰਜਾਂ ਦੱਸਾ ਨੂੰ ਹੀ ਆਂਉਦੀ ਹੈ ਪਰ ਜਰਮਨ ਭਾਸ਼ਾ ਤਕਰੀਬਨ ਥੋੜੀ ਬਹੁਤ ਉਹ ਸਾਰੇ ਹੀ ਜਾਂਣਦੇ ਹਨ। ਪੁਰਾਣਾ ਖੱਬੇ-ਪੱਖੀਆ ਹੋਣ ਕਰਕੇਂ ਜਗਿਆਸਾ ਵੱਸ ਮੈ ਹਰੇਕ ਆਪਣੇ ਨਾਲ ਕੰਮ ਕਰਣ ਵਾਲੇ ਪੋਲੈਂਡ, ਰੂਸੀ, ਚੈਕੋ,ਜਾਂ ਹੰਗਰੀ ਦੇ ਸਾਥੀਆ ਨਾਲ ਪੁਰਾਣੇ ਸਮਿਆਂ ਦੇ ਸ਼ੋਸਲਿਸ਼ਟ ਪ੍ਰਬੰਧ ਬਾਰੇ ਕੁਸ਼ ਚੰਗਾਂ ਸੁਨਣ ਦੀ ਆਸ ਵਿੱਚ ਗੱਲਬਾਤ ਕਰਦਾ ਹੀ ਰਹਿੰਦਾ ਹਾਂ, ਕਈ ਵਾਰ ਤਾਂ ਕੁਰੇਦ ਕੇ ਵੀ ਪੁੱਛਦਾ ਹਾਂ।
ਪਰ ਅਫਸੋਸ, ਹੁਣ ਵਾਲੀ ਜਵਾਂਨ ਪੀੜ੍ਹੀ ਵਿੱਚੋ ਕੋਈ ਵੀ ਉਸ ਪ੍ਰਬੰਧ ਨੂੰ ਚੰਗਾਂ ਨਹੀਂ ਸਮਝਦਾ। ਰੂਸੀਆਂ ਨੂੰ ਤਾ ਪੌਲੈਂਡ ਦੇ ਕਾਮੇਂ ਹਿਟਲਰ ਵਾਂਗ ਸਿੱਧੀਆਂ ਹੀ ਗਾਂਲ੍ਹਾ ਕੱਢਣ ਲੱਗ ਪੈਂਦੇ ਹਨ ਕਿਉਂਕਿ ਉਹ ਸਮਝਦੇ ਹਨ ਜਿੰਨਾਂ ਕੁ ਨੁਕਸਾਨ ਉਨ੍ਹਾਂ ਦਾ ਹਿਟਲਰ ਨੇ ਕੀਤਾ ਸੀ ਉਨਾ ਕੁ ਹੀ ਰੂਸੀਆਂ ਨੇ ਊਨੀ ਸੌਅ ਪੰਤਾਲੀ ਤੋ ਬਾਅਦ ਉਨੱਨਵੇ ਤੱਕ ਕਰ ਦਿੱਤਾ। ਇਹ ਸੁਣ ਕੇ ਮੇਰੀ ਵੀ ਹਾਲਤ ਸੁਖਬੀਰ ਦੀ ਉਦਾਸੀ ਦੀ ਹਾਲਤ ਵਿੱਚ ਲਿਖੀ ਕਵਿਤਾਂ ਇਨਕਲਾਬ ਜਿ਼ੰਦਾਬਾਦ ਮੁਰਦਾਬਾਦ ਵਰਗੀ ਹੀ ਹੋ ਜਾਂਦੀ ਹੈ।
ਕੰਧ ਟੁੱਟਣ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਮੈਂ ਖੁਦ ਆਪਣੀਆਂ ਅੱਖਾਂ ਨਾਲ ਵੇਖਣ ਪੁਰਾਣੇ ਡੀ ਡੀ ਆਰ (ਈਸਟ ਜਰਮਨੀ) ਵਿੱਚ ਗਿਆ ਸਾਂ। ਉਸ ਜਰਮਨੀ ਅਤੇ ਇਸ ਜਰਮਨੀ ਵਿੱਚ ਜ਼ਮੀਨ-ਅਸਮਾਨ ਦਾ ਫਰਕ ਸੀ। ਲੋਕਾਂ ਦੇ ਧੱਕੇ ਨਾਲ ਤੋੜੇ ਲੋਹੇ ਦੇ ਪਰਦਿਆ ਵਾਲੇ ਇਸ ਬਾਰਡਰ ਨੂੰ ਲੰਘਦਿਆਂ ਹੀ ਇਉਂ ਮਹਿਸੂਸ ਹੋਇਆ ਜਿਸ ਤਰਾਂ ਚਾਂਨਣ ਨਾਲ ਭਰੇ ਘਰ ਨੂੰ ਛੱਡ ਕੇ ਮੈਂ ਕਿਸੇ ਹਨ੍ਹੇਰ ਕੋਠੜੀ ਵਿੱਚ ਆ ਵੜ੍ਹਿਆਂ ਹੋਵਾਂ? ਕਿਸੇ ਵੀ ਚੌਰਾਹੇ ਉਪਰ ਮੈਨੂੰ ਉਸ ਨਿੱਕੇ ਜਿਹੇ ਕਸਬੇ ਵਿੱਚ ਟਰੈਫਕ ਲਾਇਟਾਂ ਨਹੀਂ ਨਜ਼ਰ ਆਈਆਂ ਅਤੇ ਨਾ ਹੀ ਸੜਕਾਂ ਉਪਰ ਲੋੜੀਂਦੇ ਜ਼ਰੂਰੀ ਸੂਚਨਾਂ-ਯਾਚਕ ਜ਼ਰੂਰੀ ਬੋਰਡ, ਜੇ ਕਿਤੇ ਲੱਗੇ ਵੀ ਸਨ ਤਾਂ ਅੱਖਰਾਂ ਦੀ ਲਾਲ ਸਿ਼ਆਈ ਨੂੰ ਜੰਗਾਂਲ ਅਤੇ ਸਲ੍ਹਾਭਾ ਚੂਸ ਗਿਆ ਸੀ ਅਤੇ ਨਾਂ ਹੀ ਸਰਵਜਨਕ ਥਾਂਵਾਂ ਅਤੇ ਪਾਰਕਾਂ ਵਿੱਚ ਫੁੱਲ ਬੂਟੇ ਹੀ ਲੱਗੇ ਹੋਏ ਦਿਸੇ। ਅਕਤੂਬਰ ਦਾ ਮਹੀਨਾ ਹੋਣ ਕਰਕੇ ਹੋ ਸਕਦਾ ਹੈ ਮੇਰੀ ਨਜ਼ਰੀ ਹੀ ਨਾ ਪਏ ਹੋਣ? ਘਰਾਂ ਨੂੰ ਗਰਮ ਕਰਨ ਵਾਲੇ ਅੰਗੀਠਿਆਂ ਦੀਆਂ ਚਿਮਨੀਆਂ ਵਿੱਚੋਂ ਦੀ ਨਿਕਲਦੇ ਪੱਥਰ ਦੇ ਕੋਲਿਆਂ ਦੇ ਧੂੰਏ ਦੇ ਮੂਸ਼ਕ ਦੀ ਸੜਿਆਂਦ ਨੱਕ ਨੂੰ ਸਾੜ ਰਹੀ ਸੀ। ਪਬਲਿਕ ਟੈਲੀਫੋਨ ਬੂਥ ਵੀ ਮੈਨੂੰ ਕਿੱਧਰੇ ਨਜ਼ਰ ਨਹੀਂ ਆਇਆ ਇਨ੍ਹਾਂ ਚੌਹਾਂ ਘੰਟਿਆਂ ਦੇ ਤੋਰੇ ਫੇਰੇ ਦੇ ਦੌਰਾਣ।
ਰੰਗ ਰੋਗਨ ਤੋਂ ਰਹਿਤ ਉਦਾਸ ਬਿੰਲਡਿਗਾਂ ਰੰਗ-ਬਿਰੰਗੇ ਮੌਸਮਾਂ ਦੀ ਮਾਰ ਖਾ ਖਾ ਕੇ ਭੂਰੀਆਂ ਤੋਂ ਕਾਲੀਆਂ ਹੋਈਆਂ ਆਪਣੀ ਦਾਸਤਾਨ ਸੁਣਾ ਰਹੀਆਂ ਸਨ। ਖਿੜਕੀਆਂ ਵਿੱਚ ਲਟਕਦੇ ਬੇਰੰਗ ਪਰਦਿਆਂ ਦੇ ਮਗਰ ਪੀਲਿਆਂ ਜ਼ਰਦ ਚਿਹਰਿਆਂ ਵਿੱਚ ਗੱਡੀਆਂ ਬੁੱਢੀਆਂ ਅੱਖਾਂ ਸਾਨੂੰ ਭੂਰੇ ਰੰਗ ਦੇ ਅਜਨਬੀਆਂ ਨੂੰ ਇੱਕ ਟੱਕ ਘੂਰਦੀਆਂ ਨਜ਼ਰ ਆਉਂਦੀਆਂ ਸਨ। ਸ਼ਾਮ ਨੂੰ ਕਿਤੇ ਕਿਤੇ ਬਿਮਾਰ ਜਿਹੀਆਂ ਸਟਰੀਟ ਲਾਇਟਾਂ ਸਿਰਫ਼ ਆਪਣਾ ਭਾਰ ਚੁੱਕਣ ਵਾਲੇ ਖੰਬਿਆਂ ਦਾ ਅਹਿਸਾਨ ਉਤਾਰਨ ਲਈ ਉਹਨਾ ਦੇ ਪੈਰਾਂ ਨੂੰ ਹੀ ਮਸਾਂ ਰੌਸ਼ਨ ਕਰ ਰਹੀਆ ਸਨ। ਚਾਰ ਚੁਫੇਰੇ ਬੇਰੰਗੇ ਅਤੇ ਉਦਾਸ ਮੌਸਮ ਦਾ ਰਾਜ ਸੀ। ਦੁਕਾਨਾਂ ਤਾਂ ਸਾਨੂੰ ਕਿਤੇ ਦਿਸੀਆਂ ਹੀ ਨਹੀਂ ਸਨ,ਇੱਕ ਦੋ ਬੀਅਰ ਬਾਰਾਂ ਜਰੂਰ ਸਨ। ਜਿਨ੍ਹਾਂ ਵਿੱਚ ਵੜ੍ਹਨ ਦਾ ਸਾਡਾ ਹੀਆ ਹੀ ਨਹੀਂ ਪੈ ਰਿਹਾ ਸੀ।
ਹਰ ਆਦਮੀ ਸਾਨੂੰ ਅੱਖਾਂ ਫਾੜ ਫਾੜ ਕੇ ਵੇਖ ਰਿਹਾ ਸੀ, ਇਉ ਲੱਗਦਾ ਸੀ ਜਿਵੇਂ ਸਾਡੇ ਤੋ ਪਹਿਲਾਂ ਇਥੋ ਦਿਆਂ ਬਾਸਿ਼ਦਿਆਂ ਨੇ ਕੇਲ੍ਹੇ ਅਤੇ ਸੰਤਰੇ ਦੇ ਫਲ੍ਹ ਵਾਗ ਪਹਿਲਾਂ ਕੋਈ ਕਾਲਾ ਜਾਂ ਭੂਰਾ ਬੰਦਾ ਹੀ ਨਾ ਵੇਖਿਆ ਹੋਵੇ? ਪਰ ਅਸੀ ਤਾਂ ਸਥਾਨਕ ਲੋਕਾਂ ਨਾਲ ਮਿਲ ਬੋਲ ਕੇ ਇਸ ਨਵੇਂ ਆਏ ਇਨਕਲਾਬ ਬਾਰੇ ਕੁਛ ਕਹੀੲੈ ਕੁਛ ਸੁਣੀੲੈ ਦੇ ਮੁਹਾਵਰੇ ਵਾਂਗ ਕੁਛ ਸੁਣਨਾ ਅਤੇ ਕੁਛ ਸੁਨਾਂਉਣਾ ਚਾਹੁੰਦੇ ਸਾਂ। ਸਾਨੂੰ ਜਰਮਨ ਭਾਸ਼ਾ ਵੀ ਆਂਉਦੀ ਸੀ, ਚੌਹ ਘੰਟਿਆ ਦੇ ਫੇਰੇ ਤੋਰੇ ਤੋ ਬਾਅਦ ਅਸੀਂ ਢਿੱਡ ਨੂੰ ਝੁਲਕਾ ਦੇਣ ਵਾਸਤੇ ਇੱਕ ਬੀਅਰ ਬਾਰ ਵਿੱਚ ਹੌਸਲਾ ਕਰਕੇ ਵੜ੍ਹ ਹੀ ਗਏ ਉਥੇ ਫਿਰ ਉਹੀ ਗੱਲ, ਸਾਰੇ ਪਿਅੱਕੜ ਅਤੇ ਬੀਅਰ ਬਾਰ ਦਾ ਕਰਿੰਦਾ ਸਾਨੂੰ ਅਜੀਬ ਜਹੀਆਂ ਨਜ਼ਰਾਂ ਨਾਲ ਵੇਖਣ ਲਗ ਪਏ, ਕਿਸੇ ਨੇ ਵੀ ਸਾਨੂੰ ਜੀ ਅਇਆਂ ਨਾ ਆਖਿਆ ਕੁਝ ਚਿਰ ਬੈਠਣ ਤੋ ਬਾਅਦ ਮੈਂ ਖੁਦ ਉੱਠ ਕੇ ਬਾਰ ਦੇ ਕਾਂੳਟਰ ਤੇ ਗਿਆ ਤੇ ਜਰਮਨ ਭਾਸ਼ਾ ਵਿੱਚ ਦੋ ਰਸ਼ੀਅਨ ਕੌਫੀਆਂ ਅਤੇ ਖਾਣ ਲਈ ਕੁਝ ਬਰਾਟਵੋਸਟ ( ਕੁੱਛ ਹੋਟ ਡੌਗ ਵਰਗਾ) ਆਰਡਰ ਕੀਤੇ, ਉਥੇ ਅਸੀਂ ਫਿਰ ਪਿਅੱਕੜਾਂ ਅਤੇ ਬਾਰ ਦੇ ਕਾਰਿੰਦੇ ਨਾਲ ਜਰਮਨ ਭਾਸ਼ਾ ਵਿੱਚ ਹੀ ਗੱਲ ਬਾਤ ਕਰਨ ਦੀ ਕੋਸ਼ਸ ਕੀਤੀ, ਪਰ ਇੱਕ ਖਾਸ਼ ਵਿਹਾਰੀ ਹੱਦ ਤੋ ਬਾਅਦ ਇਥੇ ਵੀ ਕੋਈ ਬੰਦਾਂ ਸਾਡੇ ਨਾਲ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਨ ਨੂੰ ਤਿਆਰ ਨਹੀਂ ਸੀ।
ਲੋਕ ਡਰੇ ਡਰੇ ਜਿਹੇ ਲੱਗ ਰਹੇ ਸਨ। ਜਿਸ ਸੋਸ਼ਲਿਸ਼ਟ ਸਿਸਟਿਮ ਦੀ ਚੜ੍ਹਾਈ ਦੇ ਅਸੀ ਜਦੋ ਦੀ ਸੁਰਤ ਸੰਭਾਲੀ ਸੀ ਸੋਹਲੇ ਸੁਣਦੇ ਆਏ ਸਾਂ ਅਤੇ ਇਹੋ ਜਿਹੇ ਪ੍ਰਬੰਧ ਨੂੰ ਹੀ ਆਪਣੇ ਮੁਲਖ ਹਿੰਦੋਸਤਾਨ ਵਿੱਚ ਲਾਗੂ ਕਰਨ ਲਈ ਮੁਜਾਹਰੇ,ਡਰਾਮੇ ਅਤੇ ਦੇਸ਼ ਦੇ ਹਾਕਮਾਂ ਨਾਲ ਟੱਕਰਾਂ ਲੈਦੇ ਆਏ ਸਾਂ, ਸੋਵੀਅਤ ਸੰਘ ਤੋ ਛੱਪਦੇ ਰੰਗੀਨ ਉੱਚ ਮਿਆਰੀ ਪੰਜਾਬੀ ਦੇ ਸਸਤੇ ਰੇਟ ਵਿੱਚ ਮਿਲਦੇ ਪ੍ਰਾਪੇਗੰਡੇ ਵਾਲੇ ਮੈਗਜੀਨਾਂ ਵਾਲਾ ਸ਼ੋਸਲਿਸ਼ਟ ਸੰਸਾਰ ਕਿਤੇ ਵੀ ਨਜ਼ਰ ਨਾ ਆਇਆਂ। ਮਨ ਡਾਹਡਾ ਅਵਾਜ਼ਾਰ ਹੋਇਆ। ਇੱਕ ਖੂਬਸੁਰਤ ਸੁਪਨੇ ਦੀ ਮੌਤ ਵੇਖ ਕੇ ਆਪ ਮੁਹਾਰੇ ਹੀ ਅੱਖਾਂ ਨਮ ਹੋ ਗਈਆ। ਕਰੋੜਾਂ ਲੋਕ ਜੋ ਇਸ ਵੱਕਤ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਾਮਰਾਜੀਆਂ ਦੇ ਖਿਲਾਫ਼ ਬਰਾਬਰੀ ਦੀ ਜੰਗ ਲੜ ਰਹੇ ਹਨ, ਮੇਰੀਆਂ ਅੱਖਾਂ ਸਾਹਮਣੇ ਘੁੱਮ ਗਏ,ਕੀ ਬਣੂਗਾਂ ਉਹਨਾਂ ਲਖੂ-ਖਾਂ ਲੋਕਾਂ ਦੀ ਲੜਾਈ ਦਾ? ਕਿੳਂਕਿ ਮੈ ਤਾਂ ਅੱਜ ਉਸ ਸੁਪਨੇ ਦੀ ਮੌਤ ਦੇ ਸੱਥਰ ਤੇ ਬੈਠਾ ਸਾਂ।
ਦੂਜੀ ਵੇਰ ਚੌਦਾਂ ਸਾਲ ਬਾਅਦ ਦੋ ਹਜ਼ਾਰ ਚਾਰ ਵਿੱਚ ਫਿਰ ੳਸੇ ਪਾਸੇ ਫੇਰੀ ਪਾਈ। ਐਤਕੀ ਦ੍ਰਿਸ਼ ਹੋਰ ਵੀ ਭਿਅੰਕਰ ਸੀ। ਕਿਤੇ ਕਿਤੇ ਇਮਾਰਤਾਂ ਉਪਰ ਰੰਗ ਰੋਗਨ ਤਾਂ ਹੋ ਗਏ ਸਨ। ਗਲੀਆਂ,ਚੌਰਾਹੇਇਆਂ,ਸ਼ੜਕਾਂ ਦੀ ਹਾਲਤ ਤਾਂ ਬੇਹਤਰ ਹੋ ਗਈ ਸੀ, ਪਟਰੋਲ ਪੰਪ, ਖਾਂਣ ਪੀਣ ਵਾਲੀਆਂ ਝਿਲਮਿਲ ਝਿਲਮਿਲ ਕਰਦੀਆਂ ਸੁਪਰਮਾਰਕੀਟਾਂ, ਅਤੇ ਕਿਤੇ ਕਿਤੇ ਪੀਜ਼ੇ ਹੱਟ ਤੇ ਚਾਇਨਜ਼ ਰੈਸ਼ਟੋਰੈਂਟ ਵੀ ਖੁੱਲ੍ਹ ਗਏ ਸਨ, ਪਰ ਬੰਦਾਂ ੳਹਨਾਂ ਵਿੱਚ ਟਾਂਵਾ ਟਾਂਵਾਂ ਹੀ ਨਜ਼ਰ ਆਉਦਾਂ ਸੀ, ਕਿਉਂਕਿ ਕਸਬਾ ਵੱਸੋਂ ਪੱਖੋਂ ਅੱਧਾ ਖਾਲ੍ਹੀ ਹੋ ਚੁੱਕਿਆ ਸੀ। ਲੋਕ ਘਰ ਛੱਡ ਕੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਦਿਸ਼ਵਾ ਨੂੰ ਉੱਡ ਗਏ ਸਨ। ਕੰਮ ਦੀ ਹਾਲਤ ਮੰਦੀ ਸੀ। ਪਰ ਹੁਣ ਲੋਕ ਪਹਿਲਾਂ ਵਾਂਗ ਡਰੇ ਡਰੇ ਜਿਹੇ ਨਹੀਂ ਲਗਦੇ ਸਨ, ਉਹ ਹੁਣ ਅਜ਼ਨਬੀਆਂ ਨਾਲ ਘੁਲਣ ਮਿਲਣ ਵੀ ਲਗ ਪਏ ਸਨ ਅਤੇ ਉਪਰੇ ਬੰਦਿਆਂ ਨਾਲ ਖੁ਼ੱਲ੍ਹ ਕੇ ਗੱਲਾਬਾਤਾ ਵੀ ਕਰਨ ਲੱਗ ਪਏ ਸਨ। ਗਲੀਆਂ ਵਿੱਚ ਜਿੱਧਰ ਵੀ ਨਜ਼ਰ ਮਾਰੋ ਟੁਟੇ ਭੱਜੇ ਚੌੜ ਚੌਪੱਟ ਖੁਲ੍ਹੇ ਬੂਹੇ ਅਤੇ ਮੁਰੰਮਤ ਖੁਣੋ ਢਹਿੰਦੀਆਂ ਇਮਾਰਤਾਂ ਨਜ਼ਰ ਆ ਰਹੀਆ ਸਨ। ਕਿਤੇ ਕਿਤੇ ਵਿੱਚ ਵਿਚਾਲੇ ਪਿੱਛੇ ਰਹਿ ਗਏ ਸਮਰੱਥਾ ਵਾਨ ਮਾਲਕਾਂ ਨੇ ਅਪਣੇ ਘਰਾਂ ਨੂੰ ਰੰਗ ਰੋਗਨ ਵੀ ਕਰਵਾ ਲਿਆ ਸੀ, ਪਰ ਉਹ ਬੋੜੇ ਦੇ ਮੂੰਹ ਵਿੱਚ ਇੱਕਾ ਦੁੱਕਾ ਲਗੇ ਸੋਨੇ ਦੇ ਦੰਦਾਂ ਵਾਂਗ ਲਗਦੀਆਂ ਸਨ।
ਅਸੀ ਜ਼ੇਨਾ ਸ਼ਹਿਰ ਦੇ ਆਲੇ ਦੁਵਾਲੇ ਹੋਰ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਵੀ ਕੀਤਾ ਪਰ ਸੱਭ ਪਾਸੇ ਇੱਕੋ ਜਿਹੀ ਹੀ ਹਾਲਤ ਸੀ। ਗਲੀਆਂ ਬਜ਼ਾਰ ਸੁੰਨੇ ਸਨ ਪਰ ਰਾਂਝੇ ਯਾਰ ਹੋਣੀ ਪਤਾ ਨਹੀਂ ਕਿੱਧਰ ਉਡਾਰੀਆਂ ਮਾਰ ਗਏ ਸਨ। ਘਰਾਂ ਦੇ ਘਰ ਖਾਲ੍ਹੀ ਸਨ, ਸਾਰੇ ਹੀ ਵਿਕਾਉ ਸਨ। ਕਈਆਂ ਨੂੰ ਤਾਂ ਮੁਫ਼ਤ ਵੀ ਸਾਂਭਣ ਵਾਲਾ ਕੋਈ ਨਹੀਂ ਲੱਭ ਰਿਹਾ ਸੀ। ਕਿਤੇ ਕਿਤੇ ਪੁਰਾਣੇ ਬਜ਼ੁਰਗ ਲੋਕ, ਸਰਕਾਰੀ ਕਰਮਚਾਰੀ ਜਾਂ ਨਵੇਂ ਛੋਟੇ ਛੋਟੇ ਧੰਦਿਆਂ ਵਾਲੇ ਲੋਕ ਹੀ ਰਹਿ ਗਏ ਸਨ। ਉਜੜੇ ਬਾਗਾਂ ਵਿੱਚ ਗਾਲ੍ਹੜ ਪਟਵਾਰੀ ਵਾਲੀ ਹਾਲਤ ਬਣੀ ਪਈ ਸੀ। ਪਿੰਡਾਂ 'ਚੋ ਉਜਾੜਾ ਰੋਕਣ ਲਈ ਗੌਰਮਿੰਟ ਲੋਕਾਂ ਨੂੰ ਰਾਹਤ ਪੈਕਿਟ ਅਤੇ ਮਕਾਨਾਂ ਦੀ ਮੁਰੱਮਤ ਵਾਸਤੇ ਸਸਤੀ ਦਰ ਤੇ ਕਰਜ਼ੇ ਮੁਹਈਆਂ ਕਰ ਰਹੀ ਸੀ। ਪਰ ਫਿਰ ਵੀ ਉਜਾੜਾ ਨਹੀਂ ਰੁਕ ਰਿਹਾ ਸੀ ਕਿਉਂਕਿ ਪੱਛਮੀ ਜਰਮਨੀ ਅਤੇ ਦੁਸਰੇ ਯੋਰਪੀਨ ਮੁਲਕਾਂ ਵਿੱਚ ਆਂਮ ਬੰਦੇ ਦੀ ਤਨਖਾਹ ਦਾ ਅੱਧੋ ਅੱਧੀ ਦਾ ਫਰਕ ਸੀ।
ਪੁਰਾਣੀਆਂ ਡੀ ਡੀ ਆਰ ਵਾਲੀਆਂ ਸਾਂਝੀਆਂ ਫੈਕਟਰੀਆ ਅਤੇ ਸਾਂਝੇ ਖੇਤੀ-ਬਾੜੀ ਦੇ ਫਾਰਮ ਹੁਣ ਇਸ ਨਵੇਂ ਆਏ ਇਨਕਲਾਬ ਜਾਂ ਉਲਟ ਇਨਕਲਾਬ ਵਿੱਚ ਵੇਲਾ ਵਿਆਹ ਚੁੱਕੇ ਸਨ ਅਤੇ ਨੱਬੇ ਪਰਸ਼ੈਂਟ ਬੰਦ ਹੋ ਚੁੱਕੇ ਸਨ। ਇਹ ਕਬਾੜ ਦੇ ਰੂਪ ਵਿੱਚ ਹੀਰ ਨੂੰ ਜਬਰੀ ਡੋਲੀ ਚੜ੍ਹਾਉਣ ਵਾਂਗ ਪਾਕਿਸਤਾਨ ਜਾਂ ਅਫਰੀਕਾ ਵੱਲ ਨੂੰ ਧਾਹਾਂ ਮਾਰਦੇ ਸਮੂੰਦਰੀ ਜਹਾਜਾਂ ਵਿੱਚ ਲੱਦੇ ਜਾ ਰਹੇ ਸਨ। ਪੁਰਾਣਾ ਸਭਿਆਚਾਰ ਮੜ੍ਹੀਆਂ ਦੇ ਰਾਹੇ ਪੈ ਚੱਕਿਆ ਸੀ ਅਤੇ ਪਿੱਛੇ ਰਹਿ ਗਏ ਉਮਰੋਂ ਹੁਟੇ ਲੋਕਾਂ ਦੀ ਹਾਲਤ ਹੁਣ ਤੀਜੀ ਵਾਰ ਫਿਰ ਤਰਸਯੋਗ ਸੀ।
ਦੂਜੀ ਸੰਸਾਰ ਜੰਗ ਵਿੱਚ ਨਾਜ਼ੀਆ ਦੀ ਹਾਰ ਤੋ ਬਾਅਦ ਜਰਮਨ ਦੋ ਹਿਸਿਆਂ ਵਿੱਚ ਵੰਡਿਆ ਗਿਆ। ਇੱਕ ਹਿੱਸਾ ਜੋ ਇੰਗਲੈਂਡ, ਅਮਰੀਕਾਂ,ਫਰਾਂਸ ਦੀਆਂ ਫੌਜ਼ਾ ਦੇ ਕਬਜ਼ੇ ਥੱਲੇ ਸੀ ਪੱਛਮੀ ਜਰਮਨੀ ਅਖਵਾਇਆ ਅਤੇ ਦੂਸਰਾ ਹਿੱਸਾ ਜੋ ਰੂਸ ਲੈਡ ਦੇ ਕਬਜ਼ੇ ਵਿੱਚ ਸੀ ਉਹ ੳੱਤਰੀ ਜਰਮਨੀ ਅਖਵਾਇਆਂ ਜਿਸ ਨੂੰ ਡੀ ਡੀ ਆਰ ਵੀ ਕਹਿੰਦੇ ਸਨ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਡਾਂ ਪੰਜਾਬ ਵੰਡਿਆ ਗਿਆ ਸੀ ਜਿਸ ਨੂੰ ਅਸੀਂ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਆਖਦੇ ਹਾਂ। ਡੀ ਡੀ ਆਰ ਦੇ ਲੋਕ ਹਿਟਲਰ ਤੋ ਛੁਟਕਾਰਾ ਪਾ ਕੇ ਰੂਸੀਆਂ ਥੱਲੇ ਆ ਗਏ ਸਨ। ਸ਼ੋਸਲਿਸ਼ਸਟ ਪ੍ਰਬੰਧ ਵਾਲਾ ਇੱਕ ਨਵਾਂ ਆਰਥਿਕ ਅਰਥਚਾਰਾਂ, ਸਾਰੀਆਂ ਵੱਟਾਂ ਬੰਨੇ ਢਾਹ ਕੇ ਸਾਰੀ ਕੌਮੀ ਸੰਪਤੀ ਨੂੰ ਸਾਰੇ ਲੋਕਾਂ ਦੀ ਮਲਕੀਅਤ ਬਣਾ ਕੇ ਸਭ ਦਾ ਸਾਂਝਾ ਲਾਗੂ ਕੀਤਾ ਗਿਆ। ਪਰ ਇਹ ਕੋਈ ਜਰਮਨ ਲੋਕਾਂ ਦੇ ਅੰਦਰੋ ਉਠਿਆਂ ਇਨਕਲਾਬ ਨਹੀਂ ਸੀ, ਹਾਰੇ ਹੋਏ ਲੋਕਾਂ ਅਤੇ ਮੰਗਤਿਆਂ ਕੋਲ ਚੁਨਣ ਲਈ ਕੋਈ ਹੋਰ ਰਾਹ ਨਹੀ ਹੁੰਦਾ।
ਜੰਗ ਦੇ ਭੰਨੇ ਆਮ ਲੋਕਾਂ ਨੇ ਮਸਾਂ ਸੁੱਖ ਦਾ ਸਾਂਹ ਲਿਆਂ ਸੀ ਅਤੇ ਮੁਲਕ ਦੇ ਦੋਨੋਂ ਹਿੱਸੇ ਆਪੋ ਆਪਣੇ ਵਿੱਤ ਮੁਤਾਬਕ ਆਪੋ ਆਪਣੇ ਹਿੱਸੇ ਦੀ ਮੁੜ ਉਸਾਰੀ ਕਰਨ ਲੱਗੇ, ਅਤੇ ਏਸੇ ਦੌਰਾਨ ਦੁਨੀਆਂ ਦੀ ਖੱਲਕਤ ਵੀ ਤੱਤੀ ਜੰਗ ਤੋ ਬਾਅਦ ਠੰਡੀ ਜੰਗ ਦੀ ਵਜਹਾ ਨਾਲ ਦੋ ਹਿਸਿਆ ਵਿੱਚ ਵੰਡੀ ਗਈ ਜਿਸ ਨੂੰ ਸਾਡੇ ਵਰਗੇ ਰੰਗਰੂਟ ਗਾ ਕੇ ਸਣਾਉਦੇ ਹੁੰਦੇ ਸਨ " ਦੋ ਹਿਸਿਆ ਵਿੱਚ ਖੱਲਕਤ ਵੰਡੀ, ਇੱਕ ਲੋਕਾਂ ਦੀ ਇੱਕ ਜੋਕਾਂ ਦੀ" ਕੀ ਲੋਕਾਂ ਦੇ ਇਸ ਰਾਜ ਵਿੱਚ ਸਭ ਕੁਝ ਬਰਾਬਰ ਸੀ, ਇੱਕ ਬਿਨਾ ਵਿੱਤਕਰੇ ਵਾਲੇ ਸਮਾਜ ਵਿੱਚ ਸਾਰੀ ਊਚ ਨੀਚ ਅਤੇ ਵਿਤਕਰੇ ਖੱਤਮ ਹੋ ਗਏ ਸਨ? ਕੀ ਪੂਰੇ ਸੋਸ਼ਲਿਸ਼ਟ ਕੈਂਪ ਦੇ ਦੇਸ਼ਾਂ ਦੇ ਲੋਕ ਅਪਸ ਵਿੱਚ ਮਿਲ ਵਰਤ ਸਕਦੇ ਸਨ? ਨਹੀ। ਉਸੇ ਹੀ ਫੇਰੀ ਵਿੱਚ ਅਸੀ ਜਿਸ ਹੋਟਲ ਵਿੱਚ ਠਹਿਰੇ ਸਾਂ ਉਸ ਦੇ ਤਿੰਨ ਹਿੱਸੇ ਸਨ।
ਠੰਡੀ ਜੰਗ ਅਤੇ ਡੀ ਡੀ ਆਰ ਦੇ ਸਮਿਆਂ ਵਿੱਚ ਸਭ ਤੋਂ ਉਪਰਲੇ ਹਿੱਸੇ ਵਿੱਚ ਪੱਛਮ ਤੋ ਆਏ ਸੈਲਾਨੀਆ ਨੂੰ ਠਹਿਰਾਇਆ ਜਾਂਦਾ ਸੀ ਜਿੱਥੇ ਦੁਨੀਆਂ ਦੀ ਹਰ ਸ਼ੈਅ ਡਾਲਰਾਂ ਵਿੱਚ ਉਪਲੱਭਦ ਸੀ। ਵਿਚਾਲੜੇ ਵਿੱਚ ਰੂਸੀ ਮਹਿਮਾਨਾਂ ਨੂੰ ਅਤੇ ਸਭ ਤੋ ਹੇਠਲੇ ਹਿੱਸੇ ਵਿੱਚ ਉਸ ਦੇਸ਼ ਦੇ ਆਂਮ ਲੋਕਾਂ ਨੂੰ, ਤਿੰਨਾਂ ਹੀ ਕਿਸਮਾਂ ਦੇ ਮਹਿਮਾਂਨਾ ਨੂੰ ਆਪਸ ਵਿੱਚ ਮਿਲ ਬੈਠਣ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਦੇ ਖਾਂਣੇ ਵੀ ਵੱਖਰੇ ਸਨ। ਉੱਤਰੀ ਜਰਮਨੀ ਵਿੱਚ ਬੈਠੇ ਰੂਸੀ ਫੌਜੀਆਂ ਨੂੰ ਸਥਾਨਕ ਲੋਕਾਂ ਨਾਲ ਘੁਲਣ ਮਿਲਣ ਦੀ ਸਖਤ ਮਨਾਹੀ ਸੀ ਅਤੇ ਪੱਛਮੀ ਮੁਲਖਾਂ ਵਿੱਚੋ ਆਏ ਪ੍ਰਾਉਣਿਆਂ ਨਾਲ ਵੀ ਫੌਜੀਆਂ ਨੂੰ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਸਖਤ ਹਦਾਇਤ ਸੀ। ਬਿਨਾਂ ਵਿੱਤਕਰੇ ਵਾਲੇ ਸਮਾਜ ਵਿੱਚ ਵੀ ਕਚਿਆਣ ਆਉਣ ਦੀ ਹੱਦ ਤੱਕ ਵਿਤਕਰਾ ਸੀ।
ਬਾਕੀ ਜਸੂਸੀ ਐਂਨੀ ਕਿ ਇਕੋ ਘਰ ਵਿੱਚ ਰਹਿੰਦਿਆ ਮੀਆਂ ਬੀਵੀ ਨੂੰ ਹੀ ਤੌਖਲਾ ਲੱਗਾ ਰਹਿੰਦਾ ਸੀ ਕਿ ਉਨ੍ਹਾਂ ਵਿੱਚੋ ਇੱਕ ਜਾਂ ਦੂਸਰਾ ਸਰਕਾਰ ਦਾਂ ਸੂਹੀਆਂ ਹੀ ਨਾ ਹੋਵੇ? ਪੱਛਮੀ ਜਰਮਨੀ ਵਿੱਚ ਰਹਿੰਦੇ ਆਪਣੇ ਵਿੱਛੜੇ ਭੈਣ ਭਰਾਵਾਂ ਨੂੰ ਮਿਲਣ ਜਾਂਣ ਵਾਸਤੇ ਬੜੀ ਅਗਨੀ ਪਰਿਖਿਆਂ ਵਿੱਚੋ ਦੀ ਲੰਘਣਾਂ ਪੈਦਾਂ ਸੀ। ਕਈ ਕਈ ਸਾਲ ਤਫਤੀਸ਼ਾਂ ਚਲਦੀਆਂ ਸਨ ਫੇਰ ਕਿੱਤੇ ਜਾ ਕੇ ਹਰ ਹਾਲਤ ਵਿੱਚ ਵਾਪਸ ਮੁੜ ਆਉਣ ਦੀ ਸ਼ਰਤ ਤੇ ਹੀ ਵੀਜ਼ਾ ਮਿਲਦਾ ਸੀ। ਜਦੋ ਉਹ ਲੋਕ ਇਧਰ ਪੱਛਮੀ ਜਰਮਨੀ ਵਿੱਚ ਆ ਕੇ ਆਪਣੇ ਭਰਾਵਾਂ ਦੀ ਆਰਥਿਕ ਤਰੱਕੀ, ਖੁੱਲ੍ਹਾਂ ਮਹੌਲ ਅਤੇ ਪਦਾਰਥਾਂ ਦੀ ਬਹੁਤਾਤ ਵੇਖਦੇ ਸਨ ਤਾਂ ਦੰਗ ਰਹਿ ਜਾਂਦੇ ਸਨ ਕਿਉਂਕਿ ਡੀ ਡੀ ਆਰ ਵਿੱਚ ਉਹਨਾਂ ਨੂੰ ਘਰ ਦੀਆ ਜ਼ਰੂਰੀ ਚੀਜਾਂ ਰੇਡੀੳ, ਟੀ ਵੀ, ਕੱਪੜੇ ਧੋਣ ਵਾਲੀ ਮਸ਼ੀਨ ਅਤੇ ਟਰਾਬਿੰਟ (ਇੱਕ ਛੋਟੀ ਦੋ ਸਿੰਲਡਰ ਵਾਲੀ ਕਾਰ) ਲਈ ਵੀ ਸਾਂਲਾ ਬੱਧੀ ਇਤਜ਼ਾਰ ਕਰਨਾ ਪੈਦਾਂ ਸੀ ਲੋਕਾਂ ਕੋਲ ਵਿੱਤ ਮੁਤਾਬਕ ਪਰੌਖੋ ਵੀ ਸੀ ਪਰ ਫਿਰ ਵੀ ਘਰ ਦੀਆਂ ਮਾਮੂਲੀ ਚੀਜ਼ਾ ਲਈ ਤਰਸਣਾ ਪੈ ਰਿਹਾ ਸੀ। ਕਈ ਲੋਕ ਤਾਂ ਵਾਪਸ ਹੀ ਨਹੀ ਪਰਤੇ ਇਥੇ ਹੀ ਪੱਛਮੀ ਜਰਮਨੀ ਵਿੱਚ ਸਿਆਸੀ ਪਨਾਂਹ ਲੈ ਕੇ ਰਹਿ ਪਏ ਅਤੇ ਜਿਹੜੇ ਵਾਪਸ ਜਾਂਦੇ ਉਹ ਆਮ ਲੋਕਾਂ ਵਿੱਚ ਜਾਕੇ ਆਪਣੇ ਪੱਛਮੀ ਜਰਮਨੀ ਵਾਲੇ ਭਰਾਵਾਂ ਦੀ ਤਰੱਕੀ ਅਤੇ ਮਰਸੀਡਜ਼,ਬੀ ਐਮ ਡਬਲਯੂ ਅਤੇ ਫੋਲਕਸਵਾਗਨ ਵਰਗੀਆ ਗੱਡੀਆਂ ਦੀਆਂ ਬਾਤਾਂ ਪਾਂਉਦੇ, ਲੋਕ ਜੋ ੳੱਤਰੀ ਜਰਮਨੀ ਵਿੱਚ ਰਹਿ ਗਏ ਸਨ ਜਿਹੜੇ ਜਿੰਦਗੀ ਦੀਆਂ ਮਾਮੂਲੀ ਚੀਜ਼ਾ ਹਾਂਸਲ ਕਰਨ ਲਈ ਵੀ ਸਾਂਲਾ ਦੇ ਸਾਂਲ ਤਰਲੋਮੱਛੀ ਹੁੰਦੇ ਰਹਿੰਦੇ ਸਨ ਉਹ ਹੁਣ ਆਪਣੇ ਆਪ ਨੂੰ ਹਾਰਿਆ ਅਤੇ ਹੀਣਾ ਮਹਿਸੂਸ ਕਰਦੇ ਸਨ।
ਉਪਰੋ ਠੰਡੀ ਜੰਗ ਦਾ ਖਤਰਾ ਸੀ, ਜਿਦੋ ਜਿਦੀ ਰੂਸ ਅਤੇ ਅਮਰੀਕਾਂ ਦੇ ਹਰ ਰੋਜ਼ ਮਾਰੂ ਹਥਿਆਰਾਂ ਦੇ ਤਜਰਬਿਆਂ ਨਾਲ ਰੋਜ਼ਾਨਾ ਅਖਬਾਰਾ ਦੇ ਅਖਬਾਰ ਭਰੇ ਹੁੰਦੇ ਸਨ। ਲੋਕ ਮਸਾਂ ਮਸਾਂ ਪੈਰੀ ਆਏ ਸਨ। ਤੱਤੇ ਦੁੱੱਧ ਦੇ ਸੜੇ ਲੋਕ ਠੰਡੀ ਲੱਸੀ ਤੋ ਵੀ ਤਰਿਕਦੇ ਸਨ ਤੇ ਉਹ ਸੋਚਦੇ ਸਨ ਪਤਾ ਨਹੀਂ ਕਦੋ ਐਟਮਬੰਬਾਂ ਦੇ ਭੜਾਕੇ ਪੈ ਜਾਣ? ਬਰਲਿਨ, ਮਾਸਕੋ, ਬੋਨ, ਵਾਸਿ਼ਗਟਨ,ਲੰਡਨ, ਪੈਰਸ, ਐਟਮਬੰਬਾਂ ਦੀ ਨਰਕੀ ਅੱਗ ਵਿੱਚ ਸੜ੍ਹ ਕੇ ਧਵੱਸਤ ਹੋ ਜਾਂਣ? ਦੋਹਾਂ ਹੀ ਮਹਾਂਸ਼ਕਤੀਆਂ ਲੋਕਾਂ ਅਤੇ ਜੋਕਾਂ ਦੀਆਂ ਦੀ ਅੱਧੀ ਤੋ ਵੱਧ ਟੈਕਸਾ ਦੀ ਆਂਮਦਣ ਅਪਣੇ ਦੁਵਾਲੇ ਲੋਹੇ ਦੀਆਂ ਕੰਧਾਂ ਅਰਥਾਤ ਸੁਰੱਖਿਆਂ ਉਪਰ ਖਰਚ ਹੋ ਰਹੇ ਸਨ। ਸੱਤਰ ਸਾਲ ਦੀ ਇੱਕ ਪੂਰੀ ਦੀ ਪੂਰੀ ਪੀਹੜੀ ਇੱਕ ਗਲ੍ਹਘੋਟੂ ਮਹੌਲ ਵਿੱਚੋ ਗੁਜ਼ਰ ਰਹੀ ਸੀ।
ਪਹਿਲਾਂ ਉਹ ਨਾਜ਼ੀਆਂ ਦੇ ਨਾਲ ਜਾਂ ਨਾਜ਼ੀਆ ਥੱਲੇ ਹਿਟਲਰ ਦੇ ਜੰਗੀ ਅਭਿਆਸ ਲਈ ਸਾਰੀ ਦੁੱਨੀਆ ਨਾਲ ਲੜਦੇ ਭਿੜਦੇ ਆਪਣਾ ਵੈਰੀ ਬਣਾ ਕੇ ਟੁੱਟ-ਭੱਜ ਅਤੇ ਅਪਹਾਜ਼ ਹੋ ਚੁੱਕੇ ਸਨ। ਜੋ ਬਚ ਗਏ ਸਨ ਮੁਲਖ ਨੂੰ ਮੁੜ ਪੈਰਾਂ ਸਿਰ ਕਰਨ ਲਈ ਰੂਸੀਆਂ ਥੱਲੇ ਜਾ ਉਨ੍ਹਾਂ ਦੀ ਤਰਜ਼ ਤੇ ਵੀ ਆਪਣੇ ਭਰਾਵਾਂ ਨਾਲੋ ਪੱਛੜੇ ਅਤੇ ਭੁੱਖ-ਨੰਗ ਹੀ ਹੰਡਾਂ ਰਹੇ ਸਨ। ਹਰ ਆਦਮੀ ਦਹਿਸ਼ਤ ਥੱਲੇ ਚੁੱਪ ਗੜੁਪ ਆਪਣੇ ਆਪ ਅਤੇ ਆਪਣੀ ਹੋਣੀ ਤੇ ਝੂਰਦਾ ਤੁਰਿਆ ਫਿਰਦਾ ਸੀ। ਇੱਕ ਪੂਰੀ ਦੀ ਪੂਰੀ ਪੀੜ੍ਹੀ ਹੀ ਨੱਬਵਿਆ ਤੱਕ ਆਪਣੇ ਆਪ ਨੂੰ ਹਾਰੀ ਹੋਈ ਮਹਿਸੂਸ ਕਰ ਰਹੀ ਸੀ।
ਮੁਲਕੋਂ ਬਾਹਰ ਜਾਣਾ, ਜਾਂ ਦੂਜੇ ਮੁਲਖਾਂ ਦੀ ਸੈਰ ਕਰਨ ਦਾ ਇੱਕੋ ਇੱਕ ਹੀ ਗਾਡੀ ਰਾਹ ਸੀ, ਇੱਕ ਵਧੀਆ ਖਿਡਾਰੀ ਹੋਣਾ, ਸਿਰਫ ਇੱਕ ਚੰਗਾਂ ਖਿਡਾਰੀ ਹੀ ਖੇਡ ਦੇ ਬਹਾਨੇ ਦੂਸਰੇ ਮੁਲਕਾਂ ਜਾਂ ਪੱਛਮੀ ਯੋਰਪ ਦੇ ਦੇਸ਼ਾ ਦੀ ਸੈਰ ਕਰ ਸਕਦਾ ਸੀ। ਏਸੇ ਕਰਕੇ ਅੱਜ ਵੀ ਜਿਹੜੇ ਜਵਾਂਨ ਲੋਕ ਪੁਰਾਣੇ ਰੂਸਲੈਡ, ਪੌਲੈਡ, ਹੰਗਰੀ ਤੋ ਆਉਂਦੇ ਹਨ, ਉਨ੍ਹਾਂ ਕੋਲ ਹੋਰ ਕੁਝ ਭਾਵੇ ਪਾਉਣ ਨੂੰ ਹੋਵੇ ਭਾਵੇਂ ਨਾ ਪਰ ਇੱਕ ਟਰੈਕਸੂਟ ਜਰੂਰ ਹੁੰਦਾਂ ਹੈ, ਕਿਉਂਕਿ ਇਹ ਖੇਡ ਦੀ ਪੌਸ਼ਾਕ ਹੀ ਉਸ ਸਮੇਂ ਅਜਾ਼ਦੀ ਦਾ ਅਤੇ ਦੂਸਰੇ ਮੁਲਖਾਂ ਨੂੰ ਵੇਖਣ ਦਾਂ ਪ੍ਰਤੀਕ ਬਣ ਚੁੱਕੀ ਸੀ, ਏਸੇ ਕਰਕੇ ਉਨ੍ਹਾਂ ਸਮਿਆਂ ਵਿੱਚ ਐਥਲੈਟਿਕਸ,ਹਾਕੀ, ਤੈਰਾਕੀ, ਜਿਮਨਾਸਟਿਕ ਅਤੇ ਫੁਟਬਾਲ ਵਿੱਚ ਰੂਸਲੈਂਡ ਅਤੇ ਈਸਟਬਲੌਕ ਵਾਲਿਆ ਦੀ ਝੰਡੀ ਹੁੰਦੀ ਸੀ।
ਸੋਨੇ ਚਾਂਦੀ ਦੇ ਮੈਡਲ ਇਹ ਲੋਕ ਆਪਣੀ ਸਿ਼ੱਦਤੀ ਖੇਡ ਨਾਲ ਲੁੱਟ ਕੇ ਲੈ ਜਾਂਦੇ ਸਨ। ਫਿਰ ਜਦੋ ਗਰਬਾਚੋਵ ਨੇ ਮਾਹੜਾ ਜਿਹਾ ਅਜ਼ਾਦੀ ਵਾਲਾ ਢੱਕਣ ਢਿਲਾ ਕੀਤਾ ਤਾ ਇਹ ਜਿੰਨ ਬੋਤਲ ਦਾ ਢੱਕਣ ਤੋੜ ਕੇ ਹੀ ਬਾਹਰ ਨਿੱਕਲ ਅਇਆ ਲੋਕਾਂ ਦੇ ਸਬਰ ਦਾ ਕੜ੍ਹ ਪਾਟ ਗਿਆ ਸੀ। ੳਹ ਆਪਣੀਆਂ ਜਿੰਦਗੀਆਂ ਦਾਂਅ ਤੇ ਲਾ ਭੱਜ ਭੱਜ ਕੇ ਵਿਦੇਸ਼ੀ ਸਰਾਫਤ ਖਾਂਨਿਆ ਵਿੱਚ ਸਿਆਸੀ ਪਨਾਂਹ ਲੈਣ ਲਗੇ। ਵੇਖਦਿਆਂ ਹੀ ਵੇਖਦਿਆਂ ਵਾਰਸਾਉ, ਪਰਾਗ,ਬੁਦਾਪੈਸਟ, ਦੇ ਪੱਛਮੀ ਜਰਮਨੀ ਦੇ ਸਰਾਫਤਖਾਂਨੇ ਈਸਟ ਜਰਮਨੀ ਤੋ ਭੱਜੇ ਲੋਕਾਂ ਨਾਲ ਭਰ ਗਏ ਅਤੇ ਫਿਰ ਇੱਕ ਐਸਾ ਤੁਫਾਨ ਅਇਆ ਜਿਸ ਨੇ ਲੱਖਾਂ ਲੋਕਾਂ ਦੀ ਮੌਤ ਨਾਲ ਉਸਰੀ ਕੰਧ ਜੋ ਈਸਟ ਬਲੌਕ ਅਤੇ ਪੱਛਮੀ ਸਰਮਾਏਦਾਰੀ ਮੁਲਕਾਂ ਵਿੱਚ ਲੋਹੇ ਦੇ ਪਰਦਿਆਂ ਕਰਕੇ ਜਾਣੀ ਜਾਂਦੀ ਸੀ ਨੂੰ ਨਿਹੱਥੇ ਬਾਗੀ ਲੋਕਾਂ ਦੇ ਹੜ੍ਹ ਨੇ ਬਿਨਾਂ ਇੱਕ ਵੀ ਮਨੂੱਖੀ ਜਾਨ ਗਵਾਏ ਬਗੈਰ ਲੀਰੋ ਲੀਰ ਕਰ ਦਿੱਤਾ।
ਫੌਜੀਆਂ ਨੇ ਆਪਣੀਆਂ ਬਦੂਕਾਂ ਦੀਆਂ ਨਾਲੀਆਂ ਨੂੰ ਗੰਢਾ ਦੇ ਲਈਆ ਸਨ। ਅਰਬਾਂ ਖਰਬਾਂ ਡਾਲਰ, ਰੂਬਲ ਜੋ ਠੰਡੀ ਜੰਗ ਦੌਰਾਨ ਮਾਰੂ ਨਿਉਕਲਰੀ, ਜੀਵਾਣੂ, ਐਟਮਬੰਬਾਂ ਉਪਰ ਆਪਣੀ ਖੱਲਕਤ ਨੂੰ ਭੁੱਖੇ ਮਾਰ ਕੇ ਖਰਚੇ ਸਨ ਸੱਭ ਵਿੱਅਰਥ ਗਏ। ਬੰਬ-ਬਦੂਖਾਂ ਸੱਭ ਧਰੇ ਧਰਾਏ ਰਹਿ ਗਏ ਅਤੇ ਲੋਕ ਆਪਣੇ ਚੌਤਾਲੀ ਸਾਲਾਂ ਦੇ ਬਨਵਾਸ ਬਾਅਦ ਇੱਕ ਵਾਰ ਫਿਰ ਇੱਕ ਦੂਸਰੇ ਨੂੰ ਖੂਸ਼ੀ ਵਿੱਚ ਖੀਵੇ ਹੋਏ ਜਫੀਆਂ ਪਾਈ ਨੱਚ ਰਹੇ ਸਨ ਵੋਦਕਾ ਅਤੇ ਵਿਸਕੀ ਦੀਆਂ ਘੁੱਟਾਂ ਨੂੰ ਇੱਕ ਦੂਸਰੇ ਨਾਲ ਸਾਝਾ ਕਰ ਰਹੇ ਸਨ ਅਤੇ ਵਿਛੋੜੇ ਦੀ ਪ੍ਰਤੀਕ ਕੰਧ ਦੀਆਂ ਇੱਟਾਂ ਪੁਟ ਕੇ ਨਿਸ਼ਨੀ ਦੇ ਤੌਰ ਤੇ ਆਪਣੇ ਡਰਾਇਗ-ਰੂਮਾਂ ਵਿੱਚ ਸਜਾਂਉਣ ਲਈ ਲੈਅ ਗਏ ਸਨ, ਅਤੇ ਫਿਰ ਇਹ ਇੱਕ ਨਵਂੇ ਇਨਕਲਾਬ ਦਾ ਦਿਉ ਪੂਰੇ ਸਮਾਜਵਾਦੀ ਕੈਂਪ ਨੂੰ ਹੀ ਨਿੱਗਲ ਗਿਆ। ਜਿਹੜਾ ਰੂਬਲ ਤਿੰਨਾਂ ਡਾਲਰਾਂ ਦਾ ਥਿਆਉਦਾ ਸੀ ਉਹ ਡਿੱਗਦਾ ਡਿੱਗਦਾ ਡਾਲਰ ਦੀ ਪੈਨੀ ਦੇ ਬਰਾਬਰ ਵੀ ਨਾ ਰਿਹਾ। ਪੂਰਾਂ ਕੰਮ ਕਰਦਾ ਸੋਸ਼ਲਿਸ਼ਟ ਪ੍ਰਬੰਧ ਜੋ ਪਿਛੱਲੇ ਸੱਤਰ ਸਾਂਲਾ ਵਿੱਚ ਉਸਾਰਿਆ ਸੀ ਇੱਕ ਦੱਮ ਇੱਕੋ ਹੀ ਝਟਕੇ ਵਿੱਚ ਅੱਕ ਦੀਆਂ ਮਾਈ ਬੁੱਢੀਆ ਵਾਂਗ ਹਵਾ ਵਿੱਚ ਉੱਡ ਗਿਆ ਅਤੇ ਲੱਖਾਂ ਲੋਕਾਂ ਦੀ ਮੌਤ ਨਾਲ ਅਇਆ ਪੁਰਾਣਾ ਇਨਕਲਾਬ ਮੁਰਦਾਬਾਦ ਹੋ ਗਿਆ
ਸੋਸ਼ਲਿਸ਼ਟ ਸਿਸ਼ਟਿਮ ਦਾ ਢਹਿ ਢੇਰੀ ਹੋਣਾਂ ਵੀ ਪਤਾ ਨਹੀਂ ਇਹ ਇੱਕ ਹੋਰ ਇਨਕਲਾਬ ਸੀ ਜਾਂ ਜਿਵੇਂ ਅਸੀ ਕਾਮਰੇੜ ਲੋਕ ਆਪਣੀਆਂ ਗਲਤੀਆਂ ਨੂੰ ਛੁਪਾਉਣ ਦੀ ਖਾਤਰ ਇਸ ਨੂੰ ਸਰਮਾਏਦਾਰੀ ਦੀ ਚਾਲ ਜਾਂ ਉਲਟ ਇਨਕਲਾਬ ਵੀ ਕਹਿੰਦੇ ਹਾਂ। ਅਸਲ ਵਿੱਚ ਇਹ ਸੋਸ਼ਲਿਸ਼ਟ ਪ੍ਰਬੰਧ ਅਤੇ ਸਰਮਾਏਦਾਰੀ ਪ੍ਰਬੰਧ ਵਿੱਚ ਇੱਕ ਸ਼ੀਤ ਦੰਗਲ ਸੀ ਅਤੇ ਇਹ ਦੰਗਲ ਸੋਸ਼ਲਿਸ਼ਟ ਕੈਂਪ ਹਾਰ ਗਿਆ, ਜੇਕਰ ਇਹ ਸ਼ੋਸਲਿਸ਼ਟ ਕੈਂਪ ਮੁਕਾਬਲੇ ਵਿੱਚ ਦੱਸ ਸਾਲ ਹੋਰ ਕੱਢ ਜਾਂਦਾ ਤਾ ਸ਼ਇਦ ਸਰਮਾਏਦਾਰੀ ਸਿਸ਼ਟਿਮ ਦਾ ਦਿਵਾਲਾ ਨਿਕਲ ਜਾਂਦਾ ਕਿੳਂਕਿ ਦੋਵੇ ਹੀ ਸਿਸ਼ਟਿਮ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਖਾਤਰ ਘਰ ਫੂਕ ਤਮਾਸ਼ਾ ਵੇਖ ਰਹੇ ਸਨ। ਹਾਂ ਜੇਕਰ ਸੋਸ਼ਲਿਸ਼ਟ ਮੁਲਖਾਂ ਦੇ ਬਾਸਿ਼ਦਿਆਂ ਨੂੰ ਪੂਰੀ ਦੁਨੀਆਂ ਵਿੱਚ ਘੁੱਮਣ ਫਿਰਨ ਦੀ ਅਜ਼ਾਦੀ ਹੁੰਦੀ ਤਾਂ ਉਨ੍ਹਾਂ ਦੇ ਭਰਮ ਭੁਲੇਖੇ ਦੂਰ ਹੋ ਜਾਂਦੇ ਪੱਛਮੀ ਮੁ਼ਲਖਾਂ ਦੇ ਸੈਲਾਨੀਆਂ ਵਾਂਗ ਉਹ ਵੀ ਦੁੱਨੀਆ ਵੇਖ ਕੇ ਆਪੋ ਆਪਣੇ ਮੁਲਖਾਂ ਦੀ ਤਰੱਕੀ ਵਿੱਚ ਜੁਟ ਜਾਂਦੇ ਨਵੀਂ ਤਕਨੀਕ ਨਵੇਂ ਵਿਚਾਰਾਂ ਦਾ ਅਦਾਨ ਪ੍ਰਦਾਨ ਹੁੰਦਾ। ਕਾਸ਼ ਲੋਕਾਂ ਦੇ ਸਿਰਾਂ ਉਪਰ 'ਦੌਲੇ ਸ਼ਾਹ' ਦੇ ਚੂਹਿਆਂ ਵਰਗੇ ਲੋਹੇ ਦੇ ਟੋਪ ਬਚਪਨ ਵਿੱਚ ਹੀ ਨਾ ਚਾਹੜੇ ਹੁੰਦੇ ਪੈਰਾਂ ਵਿੱਚ ਪੈਂਖੜ ਅਤੇ ਸੋਸ਼ਲਿਸ਼ਟ ਸਿਸ਼ਟਿਮ ਦੀ ਤਰੱਕੀ ਦੇ ਕੂੜ ਪਰਚਾਰ ਦੇ ਡਹੇ ਗਲਾਂ ਵਿੱਚ ਨਾ ਪਾਏ ਹੁੰਦੇ, ਲੋਕ ਖੁੱਲ੍ਹੀਆਂ ਅਜ਼ਾਦੀਆ ਮਾਣਦੇ ਤਾਂ ਇਹ ਦਿੱਨ ਨਹੀਂ ਆਂਉਣੇ ਸਨ। ਇਸ ਕਲਿਆਣਕਾਰੀ ਸੋਸ਼ਲਿਸ਼ਟ ਸਿਸ਼ਟਿਮ ਨੇ ਜਰੂਰ ਤਰੱਕੀ ਕਰਨੀ ਸੀ ਕਿਉਂਕਿ ਆਮ ਮਨੁੱਖਤਾਂ ਦੀ ਭਲਾਈ ਤੇ ਬਰਾਬਰੀ ਵਾਲੇ ਇਸ ਪ੍ਰਬੰਧ ਦਾ ਹੋਰ ਕੋਈ ਪ੍ਰਬੰਧ ਸਾਂਨੀ ਨਹੀ ਹੈ ਇਹ ਸਿਸ਼ਟਿਮ ਤਾਂ ਹਮੇਸ਼ਾ ਹੀ ਜਿ਼ੰਦਾਬਾਦ ਹੈ।
ਹੁਣ ਵੇਖੋ ਸ਼ਹੀਦ ਭਗਤ ਸਿੰਘ ਇਨਕਲਾਬ ਅਤੇ ਵਰਗ ਬਾਰੇ ਆਪਣੀ ਦਿੱਨ-ਵਰਕੀ (ਡਾਇਰੀ) ਵਿੱਚ ਇਉਂ ਨੋਟ ਕਰਦਾ ਹੈ,' ਸਾਰੇ ਦੇ ਸਾਰੇ ਵਰਗ ਸਤਾ ਹਾਂਸਲ ਕਰਨ ਲਈ ਇਨਕਲਾਬੀ ਹੁੰਦੇ ਹਨ ਅਤੇ ਬਰਾਬਰਤਾ ਦੀਆ ਗਲਾਂ ਕਰਦੇ ਹਨ। ਸਾਰੇ ਦੇ ਸਾਰੇ ਵਰਗ ਸੱਤਾ ਪ੍ਰਪਤ ਕਰ ਲੈਦੇ ਹਨ ਤਾਂ ਸੰਕੀਰਨਤਾਵਾਦੀ ਬਣ ਜਾਂਦੇ ਹਨ ਅਤੇ ਮੰਨ ਲੈਦੇ ਹਨ ਕਿ ਬਰਾਬਰਤਾ ਇੱਕ ਸੁਪਨਾ ਭਰ ਹੈ ਸਾਰੇ ਦੇ ਸਾਰੇ ਵਰਗ, ਸਿ਼ਰਫ ਇੱਕ ਮਜ਼ਦੂਰ ਜਮਾਤ ਨੂੰ ਛੱਡ ਕੇ ਕਿਉਂਕਿ ਜਿਵੇਂ 'ਕਾਮਤੇ' ਨੇ ਕਿਹਾ ਹੈ " ਸੱਚ ਕਿਹਾ ਜਾਵੇ ਤਾਂ ਮਜ਼ਦੂਰ ਵਰਗੀ ਇੱਕ ਵਰਗ ਹੁੰਦਾ ਹੀ ਨਹੀਂ ਸਗੋਂ ਉਹ ਤਾਂ ਸਮਾਜ ਦਾ ਸਘੰਟਕ ਹੁੰਦਾ ਹੈ, ਲੇਕਨ ਮਜ਼ਦੂਰ ਵਰਗ ਦਾ ਵੱਕਤ ਯਾਨਿ ਕਿ ਸਾਰੇ ਲੋਕਾਂ ਦਾ ਇੱਕ ਹੋਣ ਦਾ ਵੱਕਤ ਅਜੇ ਵੀ ਨਹੀਂ ਆਇਆ" ਕਾਮਤੇ (1798-1857) ਸ਼ਹੀਦ ਭਗਤ ਸਿੰਘ ਤਾਂ ਇਹ ਵਿਚਾਰ ਆਪਣੀ ਦਿੱਨ-ਵਰਕੀ ਵਿੱਚ ਦਰਜ਼ ਕਰਕੇ ਅਤੇ ਮਜ਼ਦੂਰਾ ਕਿਸਾਨਾਂ ਦੇ ਹਕੀਕੀ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਨਕਲਾਬ ਜਿ਼ੰਦਾਂਬਾਦ ਦਾ ਨਾਹਰਾ ਸਾਰੇ ਹਿੰਦੋਸਤਾਨ ਦੇ ਦੱਬੇ ਕੁਚਲੇ ਲੋਕਾਂ ਨੂੰ ਦੇ ਕੇ ਜੋਬਨ ਰੁੱਤੇ ਹੀ ਫਾਸ਼ੀ ਦੇ ਰੱਸੇ ਨੂੰ ਚੁੰਮ ਗਿਆ। ਕਿਉਕਿ ਉਸਦੇ ਸੁਪਨਿਆ ਦਾ ਇਨਕਲਾਬ ਤਾਂ ਉਸ ਦੇ ਜਿਉਦਂੇ ਜੀ ਹੀ ਰੂਸ ਲੈਂਡ ਵਿੱਚ ਆ ਚੁੱਕਿਆ ਸੀ ਅਤੇ ਜੋ ਉਸ ਮਹਾਂਚਿਤੰਕ ਨੇ ਸੰਸਾਰ ਇਨਕਲਾਬ ਦਾ ਸੁਪਨਾ ਲਿਆ ਸੀ ਉਹ 1990 ਤੱਕ ਆਉਦਾਂ ਆਉਦਾਂ ਹੋਰ ਹੀ ਪਟੜੀ ਪੈ ਗਿਆ ਸੀ। ਲੋਕਾਂ ਨੇ ਇੱਕ ਹੋਰ ਹੀ ਕਿਸਮ ਦਾ ਇਨਕਲਾਬ ਕਰ ਮਾਰਿਆ ਜਿਹੜਾ ਕਿਸੇ ਨੇ ਕਿਆਸਿਆ ਤੱਕ ਵੀ ਨਹੀ ਸੀ।
ਉਹ ਇਨਕਲਾਬ ਵੀ ਲੋਕਾਂ ਨੇ ਲਿਆਂਦਾ ਸੀ ਅਤੇ ਇਹ ਇਨਕਲਾਬ ਵੀ, ਕੀ ਹੋਰ ਇਨਕਲਾਬ ਆਉਣੇ ਸੋਵੀਅਤ ਯੂਨੀਅਨ ਦੇ ਢੀਹ ਢੇਰੀ ਹੋਣ ਨਾਲ ਹੀ ਖੱਤਮ ਹੋ ਗਏ,ਨਹੀਂ,ਅਗੇ ਹੋਰ ਕਿਹੋ ਜਿਹੇ ਇਨਕਲਾਬ ਆਉਣਗੇ ਇਹ ਤਾ ਵਕਤ ਹੀ ਦੱਸੇਗਾ। ਜਿਹੋ ਜਿਹੀ ਮੰਦੀ ਦੀ ਮਾਰ ਇਸ ਵੱਕਤ ਹੁਣ ਪੂਰੇ ਸੰਸਾਰ ਵਿੱਚ ਚਲ ਰਹੀ ਹੈ ਇਹ ਵੀ ਕਿਸੇ ਹੋਰ ਆਉਣ ਵਾਲੇ ਇਨਕਲਾਬ ਦੀ ਹੀ ਕਨਸੌਅ ਹੈ। ਪਰ ਇਨਕਲਾਬ ਹੋਣਗੇ ਜ਼ਰੂਰ ਇਹ ਮਨੂੰਖੀ ਗੋਰਵ ਅਤੇ ਤਰੱਕੀ ਦੇ ਪ੍ਰਤੀਕ ਹਨ। ਇਨਕਲਾਬ ਜ਼ਿੰਦਾਬਾਦ ਹੈ ਅਤੇ ਹਮੇਸ਼ਾ ਹੀ ਜ਼ਿੰਦਾਬਾਦ ਰਹੇਗਾ।
Raj Paul Singh
ਸਚਾਈ ਨੂੰ ਬਿਆਨ ਕਰਦਾ ਬਹੁਤ ਅੱਛਾ ਲੇਖ ਹੈ। ਮਨੁੱਖ ਦਾ ਸੋਹਣਾ ਸਮਾਜ ਸਿਰਜਣ ਦਾ ਸੁਪਨਾ ਜਿੰਦਾ ਰਹਿਣਾ ਚਾਹੀਦਾ ਹੈ, ਇਸ ਲਈ ਕੀਤੀਆਂ ਕੋਸ਼ਿਸਾਂ ਸਫਲ ਅਤੇ ਅਸਫਲ ਹੁੰਦੀਆਂ ਰਹਿੰਦੀਆਂ ਨੇ। ਲੋੜ ਅਸਫਲਤਾਵਾਂ ਨੂੰ ਲੁਕੋਣ ਦੀ ਨਹੀਂ ਸਗੋਂ ਉਨ੍ਹਾਂ ਤੋਂ ਸਬਕ ਸਿੱਖਣ ਅਤੇ ਜੜ੍ਹ ਹੋਈ ਸੋਚ ਨੂੰ ਤੋੜਨ ਦੀ ਹੈ। ਤੁਹਾਡਾ ਲੇਖ ਇਸੇ ਦਿਸ਼ਾ ਵਿੱਚ ਇੱਕ ਸੁਹਿਰਦ ਯਤਨ ਹੈ।