ਨਾਮੀ ਕਮਿਊਨਿਸਟ ਪੱਤਰਕਾਰ ਸੁਹੇਲ ਨੂੰ ਯਾਦ ਕਰਦਿਆਂ -ਚਰਨ ਸਿੰਘ ਵਿਰਦੀ
Posted on:- 16-06-2013
ਕਾਮਰੇਡ ਸੁਹੇਲ ਉੱਘਾ ਤੇ ਸਫ਼ਲ ਪ੍ਰਤੀਬੱਧ ਪੱਤਰਕਾਰ ਸੀ। ਸੁਹੇਲ ਅਨੁਭਵ ਦੇ ਆਧਾਰ ’ਤੇ ਬਣਿਆ ਪ੍ਰਤੀਬੱਧ ਕਮਿਊਨਿਸਟ ਪੱਤਰਕਾਰ ਸੀ। ਮੇਰਾ ਉਸ ਨਾਲ ਨੇੜਲਾ ਵਾਹ ਸਤੰਬਰ 1973 ਤੋਂ ਪਿਆ, ਜਦੋਂ ਲੋਕ ਲਹਿਰ ਨੂੰ ਪਾਰਟੀ ਨੇ ਹਫ਼ਤਾਵਰ ਤੋਂ ਰੋਜ਼ਾਨਾ ਕੀਤਾ ਸੀ। ਉਸ ਸਮੇਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਲੋਕ ਲਹਿਰ ਦੇ ਮੁੱਖ ਸੰਪਾਦਕ ਅਤੇ ਸੁਹੇਲ ਸੰਪਾਦਕ ਸੀ। ਮੈਂ ਲੋਕ ਲਹਿਰ ਸੰਪਾਦਕੀ ਸਟਾਫ ਦਾ ਮੈਂਬਰ। ਕਾਮਰੇਡ ਸੁਰਜੀਤ ਉਸ ਸਮੇਂ ਡੇਢ ਮਹੀਨੇ ਦੇ ਕਰੀਬ ਜਲੰਧਰ ਸੂਬਾ ਪਾਰਟੀ ਦਫ਼ਤਰ ਭਾਈ ਰਤਨ ਸਿੰਘ ਟਰੱਸਟ ਬਿਲਡਿੰਗ 8081 ਬਦਰੀ ਦਾਸ ਕਲੋਨੀ ਵਿੱਚ ਰਹੇ। ਸੰਪਾਦਕੀ ਉਹ ਲਿਖਦੇ ਸਨ।
ਸੁਹੇਲ ਸੰਪਾਦਕੀ ਸਫੇ ਦੇ ਹੋਰ ਲੇਖ, ਸੰਡੇ ਅੰਕ ਦੇ ਲੇਖ, ਕਹਾਣੀਆਂ ਤੇ ਕਵਿਤਾਵਾਂ ਸੰਪਾਦਤ ਕਰਕੇ ਦਿੰਦਾ ਸੀ। ਕਦੇ-ਕਦਾਈਂ ਕੋਈ ਲੇਖ, ਕਵਿਤਾ, ਖੁਦ ਲਿਖ ਕੇ ਵੀ ਦਿੰਦਾ ਸੀ। ਸੁਰਜੀਤ ਗਿੱਲ ਪਹਿਲੇ ਸਫ਼ੇ ਦੀਆਂ ਖ਼ਬਰਾਂ, ਜਗੀਰ ਸਿੰਘ ਜਗਤਾਰ ਡਾਕ ਖ਼ਬਰਾਂ ਤਿਆਰ ਕਰਦੇ ਸਨ। ਉਸ ਸਮੇਂ ਬਾਹਰਲੀਆਂ ਆਮ ਖ਼ਬਰਾਂ ਵਾਸਤੇ ਯੂਐਨਆਈ ਏਜੰਸੀ ਸੀ, ਜਿਹੜੀ ਅੰਗਰੇਜ਼ੀ ਵਿੱਚ ਸੀ। ਇਨ੍ਹਾਂ ਖ਼ਬਰਾਂ ਦੀ ਚੋਣ ਕਰਕੇ ਪੰਜਾਬੀ ਵਿੱਚ ਅਨੁਵਾਦ ਕਰਕੇ ਲਾਉਣੀਆਂ ਪੈਂਦੀਆਂ ਸਨ। ਖ਼ਬਰਾਂ ਦੀ ਚੋਣ ਸੁਰਜੀਤ ਗਿੱਲ ਕਰਦਾ ਸੀ। ਇਸ ਵਿੱਚ ਜੇ ਸੇਧ ਲੈਣੀ ਹੋਵੇ ਤਾਂ ਸੁਹੇਲ ਦਿੰਦਾ ਸੀ। ਮੈਂ, ਸਾਧੂ ਸਿੰਘ ਅਤੇ ਇੱਕ ਦੋ ਹੋਰ ਸਾਥੀ ਇਨ੍ਹ ਖ਼ਬਰਾਂ ਦਾ ਅਨੁਵਾਦ ਕਰਕੇ ਦਿੰਦੇ ਅਤੇ ਸੁਰਖ਼ੀ ਵੀ ਸੁਝਾਅ ਦਿੰਦੇ। ਐਪਰ ਇਨ੍ਹਾਂ ਦੀ ਚੈਕਿੰਗ ਤੇ ਸੁਰਖ਼ੀ ਠੀਕ ਕਰਨੀ ਜਾਂ ਇਸ ਨੂੰ ਕਿੰਨਾਂ ਵਜ਼ਨ ਦੇਣਾ ਹੈ, ਪਹਿਲੇ ਜਾਂ ਆਖ਼ਰੀ ਸਫ਼ੇ ’ਤੇ ਕਿਸ ਆਕਾਰ ਵਿੱਚ ਤੇ ਕਿਸ ਥਾਂ ਲਾਉਣਾ ਹੈ, ਇਹ ਸਭ, ਸਰਜੀਤ ਗਿੱਲ ਤੈਅ ਕਰਦਾ ਜਾਂ ਸਲਾਹ ਦੀ ਲੋੜ ਹੁੰਦੀ ਤਾਂ ਸੁਹੇਲ ਤੋਂ ਲੈਂਦਾ।
ਟੈਂਡਰ ਨੋਟਿਸਾਂ ਦਾ ਅੰਗਰੇਜ਼ੀ ਤੋਂ ਪੰਜਾਬੀ ’ਚ ਅਨੁਵਾਦ ਕਰਨਾ ਪੈਂਦਾ, ਉਹ ਵੀ ਸੁਹੇਲ ਕਰਦਾ, ਸੁਰਜੀਤ ਗਿੱਲ ਵੀ ਕਰਦਾ, ਮੈਂ ਵੀ ਕਰਦਾ ਤੇ ਨਾਲ਼ ਹੀ ਸਾਧੂ ਸਿੰਘ ਵੀ ਕਰਦਾ। ਸੁਹੇਲ ਅਤੇ ਮੈਂ ਪਾਰਟੀ ਲੀਡਰਾਂ ਦੇ ਪੀਪਲਜ਼ ਡੈਮੋਕ੍ਰੇਸੀ ਵਿੱਚ ਛਪੇ ਲੇਖਾਂ ਦਾ ਵੀ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਕਰਕੇ ਇਨ੍ਹਾਂ ਨੂੰ ਮੁੱਖ ਕਰਕੇ ਸੰਡੇ ਲੋਕ ਲਹਿਰ ਵਿੱਚ ਛਾਪਦੇ। ਅੰਗਰੇਜ਼ੀ ਸ਼ਬਦਾਂ ਦਾ ਅਰਥ ਜਾਂ ਪੰਜਾਬੀ ਬਦਲ ਲੱਭਣ ਵਾਸਤੇ ਚੈਂਮਬਰਜ਼ ਡਿਕਸ਼ਨਰੀ ਵਰਤਦੇ। ਪਰੂਫ਼ ਰੀਡਿੰਗ ਸਾਰੇ ਹੀ ਕਰਦੇ। ਸਾਰਿਆਂ ਨੂੰ ਇਸ ਸਬੰਧੀ ਮੋਟਾ-ਮੋਟਾ ਤਰੀਕਾ ਸਮਝਾਇਆ ਗਿਆ ਸੀ। ਮੁੱਖ ਕਰਕੇ ਜੇ ਕੱਟਣਾ ਹੋਵੇ ਤਾਂ ਡੀ ਚਿੰਨ੍ਹ ਪਾਉਂਦੇ ਜਾਂ ਫਿਰ ਗਲਤ ਅੱਖਰ ਜਾਂ ਸ਼ਬਦ ਦੀ ਥਾਂ ਸਹੀ ਅੱਖਰ ਜਾਂ ਸ਼ਬਦ ਲਿਖ ਦਿੰਦੇ।
ਇਸ ਕੰਮ ਦੌਰਾਨ ਮੇਰੇ ਮਨ ’ਚ ਕਈ ਸਵਾਲ ਉੱਠੇ ਅਤੇ ਮੈਂ ਉਠਾਏ। ਮੇਰਾ ਸੁਭਾਅ ਹੈ ਕਿ ਹਰ ਕੰਮ ਦੀ ਵਿਗਿਆਨਕ ਤੇ ਮਿਆਰੀ ਵਿਧੀ ਤੇ ਤਰੀਕਾਕਾਰ ਨੂੰ ਅਪਣਾਇਆ ਜਾਵੇ ਅਤੇ ਮਨਮਰਜ਼ੀ ਲਈ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਮੂਲ ਰੂਪ ’ਚ ਸਮੱਗਰੀ ਤਿਆਰ ਕਰਨ ਲਈ ਚੈਕਿੰਗ ਕਰਨ ਵਾਲੇ ਲਈ ਇੱਕ ਤੈਅ ਮਿਆਂਰ ਹੋਣ ਅਤੇ ਪਾਠਕ ਲਈ ਵੀ ਮਿਆਰੀ ਰਾਜਨੀਤਿਕ ਤੇ ਪੱਤਰਕਾਰਿਤਾ ਪੱਖੋਂ ਮਿਆਰੀ ਸਮੱਗਰੀ ਪੜ੍ਹਨ ਨੂੰ ਮਿਲੇ। ਇਸ ਕਰਕੇ ਮੇਰੇ ਵੱਲੋਂ ਜੋ ਸਵਾਲ ਖੜ੍ਹੇ ਕੀਤੇ ਗਏ ਉਹ ਸਨ, ਖ਼ਬਰ ਦੀ ਬਣਤਰ ਕਿਹੋ ਜਿਹੀ ਹੋਵੇ? ਖ਼ਬਰ ਦੀ ਸੁਰਖ਼ੀ ਕਿਵੇਂ ਕੱਢੀ ਜਾਵੇ? ਖ਼ਬਰ ਦਾ ਇਸ ਦੀ ਥਾਂ ਨਿਸ਼ਚਿਤ ਕਰਨ ਵਾਸਤੇ ਵਜ਼ਨ ਕੱਢਣ ਦਾ ਕੀ ਤਕਾਜ਼ਾ ਤੇ ਤਰੀਕਾ ਹੋਵੇ? ਇਸੇ ਤਰ੍ਹਾਂ ਅਨੁਵਾਦ ਕਰਨ ਦੇ ਕੀ ਕੋਈ ਤੈਅ ਅਸੂਲ ਹਨ? ਟਰਮਾਂ ਜਾਂ ਕਨਸੈਪਟ ਸ਼ਬਦਾਂ ਦੇ ਮਿਆਰੀ ਪੰਜਾਬੀ ਸਮਾਨਾਰਥੀ ਬਦਲ ਕਿੱਥੋਂ ਲੈ ਕੇ ਵਰਤੇ ਜਾਣ? ਆਦਿ, ਆਦਿ।
ਸਾਥੀ ਸੁਹੇਲ ਤੇ ਦੂਸਰੇ ਸੀਨੀਅਰ ਸਾਥੀ ਸੁਰਜੀਤ ਗਿੱਲ ਤੋਂ ਉਕਤ ਸਵਾਲਾਂ ਦਾ ਕੋਈ ਸੰਤੁਸ਼ਟੀਜਨਕ ਜਵਾਬ ਨਾ ਮਿਲਦਾ। ਜਗੀਰ ਸਿੰਘ ਜਗਤਾਰ, ਜਿਹੜਾ ਖ਼ਬਰ ਬਣਾਉਣ ਤੇ ਉਸ ਦੀ ਸੁਰਖੀ ਕੱਢਣ ਦਾ ਇੱਕ ਤਰ੍ਹਾਂ ਨਾਲ ਕਾਫ਼ੀ ਮਾਹਿਰ ਸੀ, ਪੰਜਾਬੀ ਹੀ ਜਾਣਦਾ ਸੀ ਅਤੇ ਅਨੁਭਵ ਦੇ ਆਧਾਰ ’ਤੇ ਹੀ ਇਹ ਕੰਮ ਜਾਣਦਾ ਸੀ, ਉਹ ਵੀ ਉਕਤ ਸਵਾਲਾਂ ਦਾ ਕੋਈ ਮਾਕੂਲ ਜਵਾਬ ਨਹੀਂ ਦੇ ਪਾਉਦਾ ਸੀ। ਅਕਸਰ ਇਹੀ ਜਵਾਬ ਮਿਲ਼ਦਾ ਕਿ ਇਹ ਸਭ ਕੁਝ ਤਜ਼ਰਬੇ ਨਾਲ਼ ਆਪੇ ਹੀ ਆ ਜਾਂਦਾ ਹੈ। ਬੜੀ ਮਾਯੂਸੀ ਹੁੰਦੀ। ਮੇਰੇ ਅਨੁਸਾਰ ਅਜਿਹਾ ਨਹੀਂ। ਮੈਂ ਸਮਝਦਾ ਹਾਂ ਕਿ ਮਨੁੱਖਤਾ ਨੇ ਹਰ ਖੇਤਰ ਵਿੱਚ ਸਿਧਾਂਤ ਘੜੇ ਹਨ, ਮਿਆਂਰ ਤੈਅ ਕੀਤੇ ਹਨ, ਜਿਨ੍ਹਾਂ ’ਤੇ ਅਮਲ ਕਰਨ ਰਾਹੀਂ Operative Experience ਹਾਸਲ ਕਰਕੇ ਗਿਆਨਵਾਨ ਹੋਇਆ ਜਾ ਸਕਦਾ ਹੈ। ਸਾਲਾਂਬੱਧੀ ਦੀਆਂ ਟੱਕਰਾਂ ਵਿੱਚ ਖਤਮ ਹੋਣ ਵਾਲੀ ਫਜ਼ੂਲ ਸ਼ਕਤੀ ਅਤੇ ਸਮਾਂ ਗੁਆਉਣ ਤੋਂ ਬਚਿਆ ਜਾ ਸਕਦਾ ਹੈ। ਇਸ ਕਰਕੇ ਸਿਧਾਂਤ ਦੀ ਅਤੇ ਸਿਖਲਾਈ ਦੀ ਬਹੁਤ ਭੂਮਿਕਾ ਹੈ। ਵਾਰ-ਵਾਰ ਬਦਰ ਤੋਂ ਮਨੁੱਖ ਦੀ ਕਹਾਣੀ ਦੁਹਰਾਉਣ ਦੀ ਲੋੜ ਨਹੀਂ।
ਮਨੁੱਖ ਤੋਂ ਹੋਰ ਸਿਆਣੇ ਮਨੁੱਖ ਵੱਲ ਦਾ ਰਾਹ ਠੀਕ ਹੈ। ਫਿਰ ਜਦੋਂ ਡੇਢ ਜਾਂ ਦੋ ਮਹੀਨੇ ਬਾਅਦ ਕਾਮਰੇਡ ਸੁਰਜੀਤ ਦਿੱਲੀ ਚਲੇ ਗਏ ਤਾਂ ਸੁਹੇਲ ਨੇ ਸੰਪਾਦਕੀ ਲਿਖਣਾ ਵੀ ਸ਼ੁਰੂ ਕਰ ਦਿੱਤਾ। ਕਦੇ ਕਦੇ ਉਸ ਦੀ ਥਾਂ ਜਗੀਰ ਸਿੰਘ ਜਗਤਾਰ ਵੀ ਸੰਪਾਦਕੀ ਲਿਖ ਦਿੰਦਾ। ਮੇਰੇ ਮਨ ’ਚ ਫਿਰ ਇੱਕ ਵਾਰ ਸਵਾਲ ਉੱਠਿਆ ਤੇ ਮੈਂ ਸੁਹੇਲ ਨੂੰ ਪੁੱਛਿਆ ਕਿ ਕਾਮਰੇਡ ਦੀ ਕੋਈ ਸੰਪਾਦਕੀ ਕਿਵੇਂ ਲਿਖਣਾ ਹੈ ਇਸ ਬਾਰੇ ਵੀ ਕੋਈ ਤੈ ਅਤੇ ਮਿਆਰੀ ਤਰੀਕਾ ਵਗੈਰਾ ਹੈ? ਜਾਂ ਇਸ ਬਾਰੇ ਵੀ ਕੋਈ ਕਿਤਾਬ ਵਗੈਰਾ ਬੈ? ਫਿਰ ਓਹੀ ਜਵਾਬ ਮਿਲਦਾ ਕਿ ਕਾਮਰੇਡ ਇਹਦਾ ਕੋਈ ਤੈਅ ਸ਼ੁਦਾ ਤਰੀਕਾ (ਅਨੁਭਵਸਿੱਧਵਾ) ਪ੍ਰਤੱਖਵਾਦ ਨਹੀਂ, ਇਹ ਤਜ਼ਰਬੇ ਨਾਲ਼ ਆਪਣੇ ਆਪ ਆ ਜਾਂਦਾ ਹੈ। ਫਿਰ ਉਹੀ ਅਨੁਭਵਵਾਦ (Empiricism) ਦਾ ਪਾਠ ਹੀ ਦੱਸਿਆ ਜਾਂਦਾ। ਮੇਰਾ ਇਹ ਸਵਾਲ ਵੀ ਹੁੰਦਾ ਕਿ ਸਾਥੀ ਜੀ ਸਹੀ ਦਲੀਲਬਾਜ਼ੀ ਕਰਨ ਦਾ ਕੀ ਅਰਥ ਹੈ। ਚੰਗੀਆਂ ਦਲੀਲਾਂ ਵਾਲਾ ਸੰਪਾਦਕੀ ਹੈ ਤਾਂ ਅਕਸਰ ਕਿਹਾ ਜਾਂਦਾ ਹੈ, ਪ੍ਰੰਤੂ ਦਲੀਲ ਜਾਂ ਚੰਗੀ ਦਲੀਲ ਕੀ ਹੁੰਦੀ ਹੈ? ਉਹ ਫਿਰ ਹੱਸਣ ਲੱਗਦੇ ਤੇ ਕਹਿੰਦੇ, ਸਾਥੀ! ਇਹ ਸਭ ਕੁਝ ਤਜ਼ਰਬੇ ਨਾਲ ਹੀ ਆਉਂਦਾ ਹੈ। ਇਹ ਵੀ ਇੱਕ ਕੌੜੀ ਸੱਚਾਈ ਹੈ ਕਿ ਉਸ ਸਮੇਂ ਆਮ ਕਰਕੇ ਤਜ਼ਰਬੇ ਦੇ ਆਧਾਰ ’ਤੇ ਹੀ ਪੱਤਰਕਾਰ ਬਣਦੇ ਸਨ, ਕਿਉਂਕਿ ਪੱਤਰਕਾਰੀ ਦੀ ਪੜ੍ਹਾਈ ਨਾਮਾਤਰ ਹੀ ਸੀ ਪਰ ਵਿਵਹਾਰਕ ਲੋੜ ਪੱਖ ਤੋਂ ਮੇਰੇ ਇਹ ਸਵਾਲ ਬਹੁਤ ਹੀ ਮਹੱਤਵਰੱਖਦੇ ਸੀ। ਇਸ ਕਰਕੇ, ਭਖਵੀਂ ਲੋੜ ਦੇ ਮੱਦੇਨਜ਼ਰ ਮੈਂ ਕਹਿੰਦਾ ਸਾਥੀ ਅਜਿਹਾ ਨਹੀਂ ਹੋਣਾ ਚਾਹੀਦਾ। ਜੇ ਅਜਿਹਾ ਹੈ ਤਾਂ ਸਿਧਾਂਤ ਅਤੇ ਸਿਖਲਾਈ ਦਾ ਫਿਰ ਕੋਈ ਅਰਥ ਨਹੀਂ ਰਹਿ ਜਾਂਦਾ, ਜਦ ਕਿ ਇਸ ਦੀ ਬਹੁਤ ਵੱਡੀ ਭੂਮਿਕਾ ਹੈ। ਸੋ ਮੈਂ ਇੱਥੇ ਕਾਲਜ ਤੇ ’ਵਰਸਿਟੀਆਂ ਤੋਂ ਡਿਗਰੀਆਂ ਤੇ ਡਿਪਲੋਮਿਆਂ ਨੂੰ ਪ੍ਰਾਪਤ ਕਰਨ ਦੀ ਗੱਲ ਨਹੀਂ ਕਰ ਰਿਹਾ, ਸਗੋਂ ਵਿਗਿਆਨਕ ਤੇ ਪੇਸ਼ਾਵਾਰਾਨਾ ਪਹੁੰਚ ਅਪਣਾਉਣ ਦੀ ਗੱਲ ਕਰ ਰਿਹਾ ਹਾਂ।
1975 ਵਿੱਚ ਵੀ ਮੈਂ ਇੱਕ ਸ਼ਬਦ Horse Sense ਦਾ ਸੁਣਿਆ, ਜਿਸ ਦਾ ਅਰਥ ਵੀ ਇਹ ਸੀ ਕਿ ਤਜ਼ਰਬੇ ਨਾਲ ਆਪਣੇ ਆਪ ਸਮਝ ਬਣ ਜਾਂਦੀ ਹੈ। ਇਹ ਵੀ ਇੱਕ ਹੋਰ ਵੱਡੇ ਆਗੂ ਵੱਲੋਂ ਸੁਣਨ ਨੂੰ ਮਿਲਿਆ, ਜਦੋਂ ਉਨ੍ਹਾਂ ਨਾਲ ਮੈਂ ਇਹ ਸਵਾਲ ਕੀਤਾ ਕਿ ਕੀ ਤਾਕਤਾਂ ਦਾ ਤੋਲ ਕੱਢਣ ਲਈ ਵੀ ਕੋਈ ਤੈਅ ਵਿਧੀ ਹੈ। ਉਸ ਸਮੇਂ ਉਸ ਨੇ ਮੈਨੂੰ ਕਿਹਾ ਕਿ ਕਾਮਰੇਡ ਇਹ ਦੀ ਕੋਈ ਅਜਿਹੀ ਵਿਧੀ ਨਹੀਂ, ਜਿਹੜੀ ਦੱਸੀ ਜਾ ਸਕੇ, ਇਹ ਤਜ਼ਰਬੇ ਨਾਲ Horse Sense ਦੇ ਆਧਾਰ ’ਤੇ ਹੀ ਕੱਢਣ ਦਾ ਬਲ ਆਉਂਦਾ ਹੈ। ਖ਼ੈਰ ਮੈਂ ਉਕਤ ਸਵਾਲਾਂ ਦਾ ਜਵਾਬ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚੋਂ ਕੁਝ ਕਿਤਾਬਾਂ ਪੜ੍ਹ ਕੇ ਲੱਭਿਆ। ਮਿਸਾਲ ਵੱਜੋਂ ਖ਼ਬਰਾਂ, ਖ਼ਬਰਾਂ ਦੀ ਬਣਤਰ ਅਤੇ ਖ਼ਬਰਾਂ ਦੇ ਸੰਪਾਦਨ ਆਦਿ ਬਾਰੇ State of the Art ਦੇ ਗੁਰ ਪ੍ਰਾਪਤ ਕੀਤੇ। ਖ਼ਬਰਾਂ ਦੀ ਬਣਤਰ ਬਾਰੇ ਇਹ ਤੈਅ ਜਾਂ ਮਿਆਰ ਪਾਇਆ ਕਿ ਖ਼ਬਰ ਦੀ ਕਹਾਣੀ ਵਿੱਚ ਨੁਕਤੇ ਵਧੇਰੇ ਮਹੱਤਵ ਵਾਲ਼ੇ ਹੁੰਦੇ ਤੇ ਘੱਟ ਮਹੱਤਵ ਵਾਲੇ ਹੁੰਦੇ ਹਨ, ਵਧੇਰੇ ਮਹੱਤਵ ਵਾਲੇ ਨੁਕਤੇ ਮੂਹਰੇ ਲਿਖੇ ਜਾਣ ਭਾਵ ਖ਼ਬਰ ਦੀ ਲੀਡ ਬਣਾਈ ਜਾਵੇ ਅਤੇ ਇਸ ਤਰ੍ਹਾਂ ਅੱਗੇ-ਅੱਗੇ ਹੇਠਾਂ ਮੁਕਾਬਲਤਨ ਘੱਟ ਮਹੱਤਵ ਵਾਲ਼ੇ ਨੁਕਤੇ ਲਿਖੇ ਜਾਣ।
ਭਾਵ ਇਹ ਕਿ ਖ਼ਬਰ ਦੀ ਬਣਤਰ ਟੀਸੀ ਭਾਰ ਆਧਾਰ ’ਤੇ ਰੱਖੀ ਤਿਕੋਣ ਨੁਮਾ ਹੁੰਦੀ ਹੈ। ਉੱਪਰਲੇ ਲੀਡ ਵਾਲ਼ੇ ਹਿੱਸੇ ’ਚੋਂ ਸੁਰਖੀ ਕੱਢੀ ਜਾਂਦੀ ਹੈ ਅਤੇ ਸੁਰਖੀ ਚੰਗੀ ਹੋਵੇ, ਜਾਂ ਇੱਕ ਗੱਲ ਦੱਸੇ, ਜਾਂ ਠੋਸ ਤੋਂ ਠੋਸ ਹੋਵੇ। ਅਗਲਾ ਖ਼ਬਰ ਸਬੰਧੀ ਅਹਿਮ ਸਵਾਲ ਉਸ ਦੇ ਵਜ਼ਨ ਦਾ ਇਸ ਨੂੰ ਕਿੰਨੀ ਵੱਡੀ ਸੁਰਖੀ ਦੇ ਕੇ ਕਿਸ ਥਾਂ ਅਤੇ ਕਿੰਨੀਂ ਥਾਂ ’ਤੇ ਰੱਖਣਾ ਹੈ, ਹੁੰਦਾ ਹੈ। ਇਹ ਸਵਾਲ ਮੁੱਖ ਕਰਕੇ ਹਰ ਅਖ਼ਬਾਰ ਦੀ ਸੰਪਾਦਕੀ ਨੀਤੀ ’ਤੇ ਨਿਰਭਰ ਕਰਦਾ ਹੈ। ਰੋਜ਼ਾਨਾ ਲੋਕ ਲਹਿਰ ਸੀਪੀਆਈ (ਐਮ) ਦੀ ਪੰਜਾਬ ਰਾਜ ਕਮੇਟੀ ਦਾ ਬੁਲਾਰਾ ਸੀ। ਇਸ ਕਰਕੇ ਲੋਕ ਲਹਿਰ ਦੀ ਨੀਤੀ ਅਨੁਸਾਰ ਮੈਂ ਇਸ ਸਵਾਲ ਦੀਆਂ ਨਿਰਦੇਸ਼ਕ ਲੀਹਾਂ ਤੈਅ ਕੀਤੀਆਂ ਕਿ ਮਜਦੂਰ ਜਮਾਤ ਦੇ ਦਿ੍ਰਸ਼ਟੀਕੋਣ ਤੋਂ ਤਿੰਨ ਪ੍ਰਕਾਰ ਦਾ ਜਮਾਤੀ ਸੰਘਰਸ਼ ਹੈ, ਵਿਚਾਰਧਾਰਕ, ਆਰਥਿਕ ਤੇ ਰਾਜਨੀਤਿਕ ਅਤੇ ਇਹ ਮੁੱਖ ਕਰਕੇ ਤਿੰਨ ਪੱਧਰਾਂ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਸੂਬਾਈ ਪੱਧਰਾਂ ’ਤੇ ਹੁੰਦਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਚਾਰ ਪ੍ਰਮੁੱਖ ਵਿਰੋਧਤਾਈਆਂ ਅਤੇ ਰਾਸ਼ਟਰ ਪੱਧਰ ’ਤੇ ਪ੍ਰਨੁੱਖ ਤਿੰਨ ਵਿਰੋਧਤਾਈਆਂ ਹਨ। ਇਸ ਤਰ੍ਹਾਂ ਮੁੱਖ ਤੌਰ ’ਤੇ 12+9 ਭਾਵ 21 ਕਿਸਮ ਦੀਆਂ ਖ਼ਬਰਾਂ ਬਣੀਆਂ। ਆਮ ਕਰਕੇ ਰਾਸ਼ਟਰੀ ਪੱਧਰ ਦੀਆਂ ਰਾਜਨੀਤਿਕ ਖ਼ਬਰਾਂ ਨੂੰ ਵੱਧ ਮਹੱਤਤਾ ਤੇ ਵਧੇਰੇ ਵਜ਼ਨ ਦੇਣਾ ਹੁੰਦਾ ਹੈ, ਇਸ ਪ੍ਰਕਾਰ ਅਜਿਹੀਆਂ ਖ਼ਬਰਾਂ ਦੀਆਂ ਸੁਰਖੀਆਂ ਵੱਡੀਆਂ ਅਤੇ ਥਾਂ ਵੀ ਉਭਰਵੀਂ ਦੇਣੀ ਹੁੰਦੀ ਹੈ। ਹਾਂ ਜੇ ਮਜ਼ਦੂਰ ਜਮਾ ਦੇ ਦਿ੍ਰਸ਼ਟੀਕੋਣ ਤੋਂ ਨਾਂਹ ਪੱਖੀ ਖ਼ਬਰ ਹੋਵੇ ਉਸ ਨੂੰ ਜਾਂ ਤਾਂ ਨਾਂਹ ਪੱਖੀ ਬਣਾ ਕੇ ਜਾਂ ਫਿਰ ਛੋਟਾ ਕਰਕੇ ਹੈਡਿੰਗ ਰਾਹੀਂ ਛੁਚਿਆ ਕੇ ਨਾਂਹ ਵਾਚਕ ਬਮਾ ਕੇ ਉਭਾਰਨਾ ਹੁੰਦਾ ਹੈ। ਇਸ ਤਰ੍ਹਾਂ ਇਸ ਸਵਾਲ ਦਾ ਵੀ ਮੋਟੇ ਤੌਰ ’ਤੇ ਇਸ ਪ੍ਰਕਾਰ ਮਿਆਰੀ ਤੇ ਪ੍ਰਮਾਣਕ ਹੱਲ ਕੱਢਿਆ, ਜਿਸ ’ਤੇ ਅਮਲ ਕਰਦੇ ਰਹੇ ਅਤੇ ਇਹ ਇਕਸਾਰ ਅਮਲ ਲਈ ਚੰਗਾ ਆਧਾਰ ਸਿੱਧ ਹੋਇਆ।
ਅਨੁਵਾਦ ਬਾਰੇ ਖ਼ਾਸ ਕਰਕੇ ਆਗੂਆਂ ਦੇ ਲੇਖਾਂ ਅਤੇ ਪਾਰਟੀ ਦੇ ਮਤਿਆਂ ਵਗੈਰਾ ਦੇ ਸਬੰਧ ਵਿੱਚ ਵੀ ਕੁਝ ਗਾਈਡ ਲਾਈਨਾਂ ਤੈਅ ਕੀਤੀਆਂ। ਇਹ ਗਾਈਡ ਲਾਈਨਾਂ ਹਨ
1. ਅਨੁਵਾਦ ਕੀਤੇ ਜਾਣ ਵਾਲੀ ਮੂਲ ਸਮੱਗਰੀ ਦੇ ਵਿਸ਼ਾ ਵਸਤੂ ਸਬੰਧੀ ਅਨੁਵਾਦਕ ਕੰਮ ਚਲਾੳੂ ਤੇ ਵਿਵਹਾਰਕ ਗਿਆਨ ਰੱਖਦਾ ਹੋਵੇ।
2. ਅਨੁਵਾਦਕ ਨੂੰ ਅੰਗਰੇਜ਼ੀ ਭਾਸ਼ਾ ਦਾ ਕੰਮ ਚਲਾਊ ਤੇ ਵਿਵਹਾਰਕ ਗਿਆਨ ਰੱਖਦਾ ਹੋਵੇ।
3. ਅਨੁਵਾਦਕ ਨੂੰ ਪੰਜਾਬੀ ਭਾਸ਼ਾ ਦਾ ਕੰਮ ਚਲਾਊ ਗਿਆਨ ਤੇ ਵਿਵਹਾਰਕ ਗਿਆਨ ਜ਼ਰੂਰ ਹੋਵੇ।
4. ਅਨੁਵਾਦਕ ਇਸ ਦਿ੍ਰੜ ਮਨੌਤ ਨੂੰ ਆਧਾਰ ਬਣਾ ਕੇ ਚੱਲੇ ਕਿ ਪਾਰਟੀ ਦੇ ਮਤਿਆਂ ਅਤੇ ਬਿਆਨਾਂ ਨੂੰ ਕਾਨੂੰਨ ਦੀ ਤਰ੍ਹਾਂ ਸ਼ੁੱਧ ਅਤੇ ਨਿਸ਼ਚਤ ਰੱਖਣਾ ਹੈ ਤਾਂ ਕਿ ਇਸ ਦਾ ਗਲਤ ਅਰਥ ਜਾਂ ਗਲਤ ਵਿਆਖਿਆ ਕਰਨ ਦੀ ਕੋਈ ਗੁੰਜਾਇਸ਼ ਨਾ ਰਹੇ।
5. ਅਨੁਵਾਦਕ ਮੂਲ ਪਾਠ ਵਿਚਲੇ ਵਾਕਾਂ ਦੀ ਬਣਤਰ ਨਾ ਬਦਲੇ, ਭਾਵ ਇਹ ਕਿ ਜੇ ਵਾਕ ਮਿਸ਼ਰਤ (Complex)ਹਨ ਜਾਂ ਸੰਯੁਕਤ (Compound) ਹਨ ਉਹ ਉਸੇ ਤਰ੍ਹਾਂ ਰੱਖੇ ਜਾਣ, ਤੋੜ ਕੇ ਸਾਧਾਰਨ ਵਾਕ ਨਾ ਬਣਾਏ ਜਾਣ।
6. ਅਨੁਵਾਦਕ ਟਰਮਾਂ ਤੇ ਧਾਰਨਾਵਾਂ ਦੇ ਉਹੀ ਸਮਾਨਾਰਥੀ ਸ਼ਬਦ ਵਰਤੇ, ਜਿਹੜੇ ਸਿੱਕੇ ਦੀ ਤਰ੍ਹਾਂ ਪ੍ਰਚੱਲਣ ਵਿੱਚ ਹੋਣ ਅਤੇ ਸਮੁੱਚੇ ਪਾਠ ਦੌਰਾਨ ਉਨ੍ਹਾਂ ਸਮਾਨਾਰਥੀ ਸ਼ਬਦਾਂ ਨੂੰ ਹੀ ਵਰਤਦਾ ਰਹੇ।
7. ਅਨੁਵਾਦਕ ਅਨੁਵਾਦ ਵਿੱਚ ਸ਼ਬਦਾਂ ਨੂੰ ਉਹੀ ਨਿਸ਼ਚਤ ਭਾਵ ਪ੍ਰਦਾਨ ਕਰੇ, ਜਿਹੜਾ ਮੂਲ ਪਾਠ ਦੇ ਬਣਦੇ ਨਿਸ਼ਚਿਤ ਸੰਦਰਭ ਵਿੱਚ ਆਪਣਾ ਭਾਵ ਸੰਚਾਰ ਕਰਦੇ ਹਨ।
8. ਅਨੁਵਾਦਕ ਨੂੰ ਚਾਹੀਦਾ ਹੈ ਕਿ ਜਿੱਥੇ ਕਿਤੇ ਕਿਸੇ ਟਰਮ ਜਾਂ ਧਾਰਨਾ ਦਾ ਨਵਾਂ ਪੰਜਾਬੀ ਸਮਾਨਾਰਥੀ ਸ਼ਬਦ ਵਰਤਦਾ ਹੈ, ਉਸ ਸੂਰਤ ਵਿੱਚ ਅਨੁਵਾਦ ਵਿੱਚ ਮੂਲ ਅੰਗਰੇਜ਼ੀ ਟਰਮਾਂ ਨੂੰ ਵੀ ਬਰੈਂਕਟ ਵਿੱਚ ਦੇ ਦੇਵੇ।
9. ਸ਼ੁੱਧਤਾ ਤੇ ਸੰਚਾਰਨ ਯੋਗਤਾ ਸਬੰਧੀ ਜਨਰਲ ਪ੍ਰਮਾਣਿਕਤਾ ਦੀਆਂ ਕਸਵੱਟੀਆਂ ਨੂੰ ਵਿਅਕਤੀਗਤ ਵਾਕ ਅਤੇ ਸਮੁੱਚੇ ਪਾਠ ’ਤੇ ਲਾਗੂ ਕਰਕੇ ਅਨੁਵਾਦਕ ਵੱਲੋਂ ਚੈਕਿੰਗ ਜ਼ਰੂਰ ਕੀਤੀ ਜਾਵੇ।
10. ਸੰਚਾਰਨ ਯੋਗਤਾ ਦੀ ਪਰਖ਼ ਕਰਨ ਵਾਸਤੇ, ਅਨੁਵਾਦਕ ਵੱਲੋਂ ਅੰਗਰੇਜ਼ੀ ਮੂਲ ਪਾਠ ਨੂੰ ਦੇਖੇ ਬਗੈਰ, ਅਨੁਵਾਦ ਕੀਤੇ ਪਾਠ ਨੂੰ ਪੜ੍ਹਿਆ ਜਾਵੇ।
ਇਨ੍ਹਾਂ ਆਮ ਗਾਈਡ ਲਾਈਨਾਂ ਦੇ ਆਧਾਰ ’ਤੇ ਅਸੀਂ ਪਾਰਟੀ ਮਤਿਆਂ, ਵੱਡੇ ਆਗੂਆਂ ਦੇ ਲੇਖਾਂ ਅਤੇ ਮਾਰਕਸ ਤੇ ਲੈਨਿਨ ਦੀਆਂ ਕਿਰਤਾਂ ਦਾ ਅਨੁਵਾਦ ਕਰਨ ਲੱਗੇ। ਇਹ ਗਾਈਡ ਲਾਈਨਾਂ ਆਮ ਕਰਕੇ ਬਹੁਤ ਵਿਵਹਾਰਕ ਅਤੇ ਇਕਸਾਰ ਤੇ ਸਹੀ ਅਨੁਵਾਦ ਕਰਨ ਲਈ ਸਹਾਈ ਸਿੱਧ ਹੋਈਆਂ।
ਦਲੀਲਯੁਕਤ ਸੰਪਾਦਕੀਆਂ ਲਿਖਣ ਦਾ ਸਵਾਲ ਵੀ ਮੈਂ ਪੰਜਾਬ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚੋਂ ਦੋ ਕਿਤਾਬਾਂ ਦਾ ਅਧਿਐਨ ਕਰਕੇ ਹੱਲ ਕੀਤਾ। ਇਹ ਕਿਤਾਬਾਂ ਸਨ-
A. Editorial Thinking and writing by A.C. Bush
B. Aurgumentation and debate
ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਮੇਰੇ ਮਨ ’ਤੇ ਇੱਕ ਪ੍ਰਭਾਵ ਇਹ ਵੀ ਗਿਆ ਕਿ ਅਮਰੀਕੀ ਹਰ ਵਿਸ਼ੇ ਨੂੰ ਡੂੰਘਾਈ ਨਾਲ ਅਤੇ ਵਿਵਹਾਰਕ ਰੂਪ ’ਚ ਲੈਂਦੇ ਹਨ। ਅਜਿਹਾ ਪ੍ਰਭਾਵ ਮੇਰੇ ’ਤੇ ਉਸ ਸਮੇਂ ਵੀ ਪਿਆ, ਜਦੋਂ ਮੈਂ ਹਜਾਰੀ ਬਾਗ਼ ਵਿਖੇ 3 ਦੀ ਟ੍ਰੇਨਿੰਗ ਕਰਨ ਸਮੇਂ ਇਸ ਵਿਸ਼ੇ ’ਤੇ ਬੈਨਟ ਅਤੇ ਸਟਾਲਿੰਗਜ਼ ਵਰਗੇ ਲੇਖਕਾਂ ਦੀਆਂ ਕਿਤਾਬਾਂ ਅਤੇ ਉੱਥੋਂ ਦੇ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੇ ਮੈਨੁਅਲ ਪੜ੍ਹੇ ਸਨ।
ਅਖ਼ਬਾਰ ਦੇ ਸੰਪਾਦਕੀ ਬਾਰੇ ਇਹ ਸਮਝ ਬਣੀ ਕਿ ਸੰਪਾਦਕੀ ਇੱਕ ਟਿੱਪਣੀ ਹੁੰਦੀ ਹੈ। ਅਖ਼ਬਾਰ ਦੀ ਸੰਪਾਦਕੀ ਨੀਤੀ ਦੇ ਦਿ੍ਰਸ਼ਟੀਕੋਣ ਤੋਂ, ਪ੍ਰਚੱਲਤ ਕਿਸੇ ਘਟਨਾ ਬਾਰੇ ਰਾਏ ਜਾਂ ਪੱਖ ਪੇਸ਼ ਕੀਤਾ ਗਿਆ ਹੁੰਦਾ ਹੈ। ਇਹ ਰਾਏ ਜਾਂ ਪੱਖ ਜਾਂ ਟਿੱਪਣੀ ਜਾਂ ਥੀਸਸ ਤਿੰਨ ਪ੍ਰਕਾਰ ਦੇ ਹੁੰਦੇ ਹਨ। ਇੱਕ ਤੱਥ ਸਬੰਧੀ, ਕੀ ਸੱਚ ਹੈ ਜਾਂ ਝੂਠ; ਦੂਜਾ, ਮੁੱਲ ਜਾਂ ਕਦਰ ਭਾਵ ਕਿਸ ਜਮਾਤ ਲਈ ਚੰਗਾ ਤੇ ਮੰਦਾ ਹੈ, ਉਸ ਸਬੰਧੀ; ਤੀਜਾ, ਨੀਤੀ ਸਬੰਧੀ, ਕਿ ਕੋਈ ਨੀਤੀ ਕਿਸ ਜਮਾਤ ਲਈ ਚੰਗੀ ਤੇ ਮੰਦੀ ਹੈ ਜਾਂ ਕੀ ਇਹ ਨੀਤੀ ਸਹੀ ਤੱਥਾਂ ’ਤੇ ਅਧਾਰਤ ਹੈ, ਯਥਾਰਕ ਹੈ ਹਵਾਈ ਤਾਂ ਨਹੀਂ, ਕੀ ਇਹ ਅਮਲਯੋਗ ਹੈ। ਕੀ ਨੀਤੀ ਚੰਗਿਆਈ ਨੂੰ ਵਾਉਣ ਤੇ ਬੁਰਿਆਈ ਨੂੰ ਘਟਾਉਣ ਵਿੱਚ ਕਾਰਗਰ ਸਿੱਧ ਹੋਵੇਗੀ? ਇਸ ਤਰ੍ਹਾਂ ਸੰਪਾਦਕੀਆਂ ਵੀ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ। ਬਹੁਤਾ ਕਰਕੇ ਨੀਤੀ ਨਾਲ ਸਬੰਧਤ ਸੰਪਾਦਕੀਆਂ ਵਧੇਰੇ ਹੁੰਦੀਆਂ ਹਨ। ਦਲੀਲਯੁਕਤ ਸੰਪਾਦਕੀਆਂ ਲਿਖਣ ਦਾ ਸਵਾਲ ਵੀ ਉਕਤ ਦੋਵਾਂ ਕਿਤਾਬਾਂ ਵਿੱਚ ਦਰਜ ਦਲੀਲਬਾਜ਼ੀ ਕਰਨ ਸੰਬੰਧੀ ਗਿਆਨ ਦੀ ਜਾਣਕਾਰੀ ਨਾਲ ਬਹੁਤ ਸਰਲਤਾ ਨਾਲ ਹੱਲ ਹੋ ਗਿਆ। ਇਨ੍ਹਾਂ ਕਿਤਾਬਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਦਲੀਲਬਾਜ਼ੀ ਦਾ ਅਰਥ ਹੈ ਉਹ ਪ੍ਰਕਿਰਿਆ, ਜਿਸ ਨਾਲ ਤੱਥ ਜਾਂ ਮੁੱਲ ਜਾਂ ਨੀਤੀ ਸਬੰਧੀ ਟਿੱਪਣੀ ਜਾਂ ਰਾਏ ਨੂੰ ਸਿੱਧ ਕੀਤਾ ਜਾਂਦਾ ਹੈ ਜਾਂ ਝੁਠਲਾਇਆ ਜਾਂਦਾ ਹੈ। ਇਸ ਵਾਸਤੇ ਤਰਕ ਦੀਆਂ
Indective 2. Deductive ਅਤੇ Dialectical ਵਿਧੀਆਂ ਦੀ ਵਰਤੋਂ ਕਰਨੀ ਪੈਂਦੀ ਹੈ। ਇਨ੍ਹਾਂ ਕਿਤਾਬਾਂ ਵਿੱਚ ਇਹ ਦੱਸਿਆ ਗਿਆ ਕਿ ਬਹਿਸ ਤੇ ਦਲੀਲਬਜ਼ੀ ਕਰਦਿਆਂ ਇਸ਼ੂ ਤੈਅ ਕਰਨੇ ਹੁੰਦੇ ਹਨ ਭਾਵ ਉਹ ਨੁਕਤੇ ਨਿਰਧਾਰਿਤ ਕਰਨੇ ਹੁੰਦੇ ਹਨ, ਜਿਨ੍ਹਾਂ ’ਤੇ ਬਹਿਸ ਕਰ ਰਹੀਆਂ ਧਿਰਾਂ ਸਹਿਮਤ ਨਹੀਂ ਹਨ। ਫਿਰ ਇਨ੍ਹਾਂ ਨੂੰ ਜ਼ਮੀਨੀਂ ਹਕੀਕਤਾਂ ਵਿੱਚੋਂ ਦਿ੍ਰਸ਼ਟਾਂਤ ਦੇ ਕੇ ਸਿੱਧ ਜਾਂ ਅਸਿੱਧ ਕਰਨਾ ਹੁੰਦਾ ਹੈ। ਕਮਿਊਨਿਸਟ ਪੱਤਰਕਾਰ ਵਿਰੋਧ ਵਿਕਾਸੀ ਤਰਕ ਦੀ ਵਰਤੋਂ ਕਰਕੇ ਸਿੱਧ ਜਾਂ ਅਸਿੱਧ ਹੋਰ ਵੀ ਵਧੇਰੇ ਚੰਗੀ ਤਰ੍ਹਾਂ ਕਰ ਸਕਦੇ ਹਨ। ਸਾਦਾ ਲੋਕ ਬੋਲੀ ਵਿੱਚ ਅਜਿਹਾ ਤਰੀਕਾਕਾਰ ਅਮਲ ਵਿੱਚ ਲਿਆ ਕੇ ਲਿਖਿਆ ਸੰਪਾਦਕੀ ਵਧੇਰੇ ਕਾਇਲ ਕਰਨ ਵਾਲਾ ਹੋਵੇਗਾ ਅਤੇ ਲੋਕ ਰਾਏ ਨੂੰ ਪਾਰਟੀ ਦਿ੍ਰਸ਼ਟੀਕੋਣ ਦੁਆਲੇ ਲਾਮਬੰਦ ਕਰਨ ਵਿੱਚ ਵਧੇਰੇ ਸਹਾਈ ਹੋਵੇਗਾ।
ਸੋ ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਹਰ ਕੰਮ ਵਿੱਚ ਸਿਧਾਂਤ ਅਤੇ ਸਿਖਲਾਈ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਲੈਨਿਨ ਵੱਲੋਂ ਕਹੇ ਇਨ੍ਹਾਂ ਮਹਾਨ ਸ਼ਬਦਾਂ without revolutionary theory there can not be revolutionary movment ਦੀ ਸੱਚਾਈ ਇੱਕਦਮ ਸਾਹਮਣੇ ਆ ਜਾਂਦੀ ਹੈ। ਅਨੁਭਵਵਾਦ ਦਾ ਊਣਾ ਪਣ ਵੀ ਇੱਕਦਮ ਸਾਹਮਣੇ ਆ ਜਾਂਦਾ ਹੈ।
ਸਿਧਾਂਤ ਅਤੇ ਸਿਖਲਾਈ ਪ੍ਰਾਪਤ ਕਾਰਕੁੰਨ ਥੋੜ੍ਹੇ ਸਮੇਂ ਦੇ ਅਭਿਆਸ ਉਪਰੰਤ ਹੀ ਅਸਲੀ ਗਿਆਨ ਨਾਲ ਲੈਸ ਹੋ ਜਾਂਦਾ ਹੈ, ਉਹ ਵਧੇਰੇ ਕਾਰਗਰ, ਸਹੀ ਤੇ ਦਲੇਰ ਫੈਸਲੇ ਲੈਣਯੋਗ ਹੋ ਜਾਂਦਾ ਹੈ।
ਆਪਣੇ ਮਹਾਨ ਯੁੱਧ ਸਾਥੀ ਸੁਹੇਲ ਨੂੰ ਯਾਦ ਕਰਦਿਆਂ, ਅੱਜ ਜਦੋਂ ਉਸ ਨਾਲ ਲੋਕ ਲਹਿਰ ਦੇ ਸੰਪਾਦਕੀ ਟੇਬਲ ’ਤੇ ਇਕੱਠੇ ਕੰਮ ਕਰਦਿਆਂ ਉਕਤ ਪ੍ਰਕਾਰ ਦੇ ਕਈ ਪ੍ਰਸੰਗ ਤੇ ਸੰਜੋਗੀ ਘਟਨਾਵਾਂ ਦਾ ਵਰਨਣ ਕਰਨਾ ਮੈਂ ਜ਼ਰੂਰੀ ਸਮਝਿਆ, ਉਸ ਦੇ ਨਾਲ ਹੀ ਸਾਥੀ ਦੇ 8 ਮਾਰਚ 1993 ਨੂੰ ਬੇਵਕਤ ਵਿਛੋੜੇ ਸਮੇਂ ਦਿਲ ਦੀਆਂ ਡੂੰਘਾਈਆਂ ਤੋਂ ਪ੍ਰਗਟਾਏ ਵਿਚਾਰ ਵੀ ਸਾਂਝੇ ਕਰਨੇ ਮੈਂ ਅਤਿਅੰਤ ਢੁਕਵਾਂ ਸਮਝਦਾ ਹਾਂ। ਇਹ ਵਿਚਾਰ ਇੱਕ ਤਾਂ ਲੋਕ ਲਹਿਰ ਦੇ 14 ਮਾਰਚ 1993 ਦੇ ਸੰਪਾਦਕੀ ਵਿੱਚ ਪ੍ਰਗਟਾਏ ਗਏ ਸਨ ਅਤੇ ਇੱਕ ਉਨ੍ਹਾਂ ਦੇ ਸ਼ਰਧਾਂਜਲੀ ਸਬਦਾਂ ਵਿੱਚ ਪ੍ਰਗਟਾਏ ਗਏ ਸਨ। ਉਹ ਇਹ ਹਨ ;
ਲੋਕ ਲਹਿਰ ਅਖ਼ਬਾਰਾਂ ਦੀ ਜਿੰਦ-ਜਾਨ, ਸੀ. ਪੀ. ਆਈ. (ਐਮ) ਦੀ ਪੰਜਾਬ ਰਾਜ ਕਮੇਟੀ ਦੇ ਵਿਚਾਰਧਾਰਕ ਮੋਰਚੇ ਦਾ ਜਰਨੈਲ, ਦਰਦਮੰਦਾਂ ਦਾ ਦਰਦੀ, ਨਿਆਸਰਿਆਂ ਦਾ ਆਸਰਾ ਅਤੇ ਬੇਕਸਾਂ ਦਾ ਯਾਰ, ਸਾਥੀ ਸੁਹੇਲ ਸਿੰਘ ਨਹੀਂ ਰਿਹਾ। ਨਿਧੱੜਕ, ਸੰਵੇਦਨਸ਼ੀਲ, ਧਰਮਨਿਰਪੱਖ, ਦੇਸ਼ ਭਗਤ ਅਤੇ ਇਨਕਲਾਬੀ ਪੱਤਰਕਾਰੀ ਦਾ ਧਨੀ ਸਾਥੀ ਸੁਹੇਲ ਸਿੰਘ ਨਹੀਂ ਰਿਹਾ। ਕਠਨ ਤੋਂ ਕਠਨ ਵਿਚਾਰਧਾਰਕ ਰਾਜਨੀਤਿਕ, ਆਰਥਿਕ ਤੇ ਸੱਭਿਆਚਾਰਕ ਵਿਸ਼ੇ ਉੱਪਰ ਮਾਂ ਬੋਲੀ ਪੰਜਾਬੀ ਵਿੱਚ ਸਰਲ, ਪ੍ਰਕਾਸ਼ਮਈ ਅਤੇ ਕਵੜ ਖੋਹਲਣ ਵਾਲੀਆਂ ਰਚਨਾਵਾਂ ਦਾ ਮਾਹਰ ਪ੍ਰਤਿਭਾਸ਼ੀਲ ਪੱਤਰਕਾਰ ਨਹੀਂ ਰਿਹਾ। ਸਹਿਜ ਸੁਭਾਅ ਹਸਾ ਦੇਣ ਅਤੇ ਦੰਗ ਕਰ ਦੇਣ ਵਾਲੀਆਂ ਰਾਜਸੀ ਟਕੋਰਾਂ ਦਾ ਰਚੇਤਾ ਨਹੀਂ ਰਿਹਾ। 8 ਮਾਰਚ 1993 ਦੀ ਸਵੇਰ ਨੂੰ, ਇਸ ਮਹਾਨ ਹਸਤੀ ਦੇ ਸਾਥੋਂ ਸਦਾ ਲਈ ਵਿਛੜ ਜਾਣ ਨਾਲ ਇੱਕ ਵੱਡਾ ਵਿਗੋਚਾ ਆ ਗਿਆ ਹੈ। ਸੀ. ਪੀ. ਆਈ. (ਐਮ) ਨੂੰ ਇੱਕ ਪੂਰਾ ਨਾ ਹੋ ਸਕਣ ਵਾਲਾ ਘਾਟਾ ਪੈ ਗਿਆ ਹੈ। ਮਜ਼ਦੂਰਾਂ, ਖੇਤ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਇਸਤਰੀਆਂ ਅਤੇ ਦੇਸ਼ ਭਗਤਕ ਬੁੱਧੀਜੀਵੀਆਂ ਦੀਆਂ ਜੱਥੇਬੰਦੀਆਂ ਇੱਕ ਸੁਹਿਰਦ ਸਹਿਯੋਗੀ ਤੋਂ ਵਿਰਵੀਆਂ ਹੋ ਗਈਆਂ ਹਨ। ਪੰਜਾਬੀ ਪੱਤਰਕਾਰਤਾ ਦਾ ਜਗਤ ਇੱਕ ਪ੍ਰਤਿਭਾਸ਼ਾਲੀ ਅਤੇ ਪਹਿਲਕਦਮੀ ਦੇ ਪੁੰਜ, ਜੁਅਰਤਮੰਦ ਯੋਧੇ ਤੋਂ ਵਾਂਝਾ ਹੋ ਗਿਆ ਹੈ। ਸਾਹਿਤਕਾਰ ਹਲਕੇ ਇੱਕ ਵੱਡੇ ਪ੍ਰੇਰਣਾਸਰੋਤ ਤੋਂ ਵਾਂਝੇ ਹੋ ਗਏ ਹਨ। ਭੈਣ ਰਘਬੀਰ ਕੌਰ ਤੇ ਉਸ ਦੀਆਂ ਬੇਟੀਆਂ ਨੂੰ ਤਾਂ ਅਜਿਹੀ ਸੱਟ ਵੱਜੀ ਹੈ ਕਿ ਦਿਲਾਸਾ ਦੇਣ ਲਈ ਕੋਈ ਸ਼ਬਦ ਹੀ ਨਹੀਂ ਸੁਝ ਰਹੇ। ਵੱਡਾ ਦੁੱਖ ਇਹ ਹੈ ਕਿ ਉਹ 53 ਸਾਲ ਦੀ ਥੋੜ੍ਹੀ ਉਮਰ ਵਿੱਚ ਹੀ ਸਾਥੋਂ ਵਿਛੜ ਗਿਆ ਹੈ।
ਸਾਥੀ ਸੁਹੇਲ ਸਿੰਘ ਨੇ ਆਪਣੀ ਚੜ੍ਹਦੀ ਜੁਆਨੀ ਵਿੱਚ ਹੀ ਆਪਣੇ ਆਪ ਨੂੰ ਕਮਿੳੂਨਿਸਟ ਲਹਿਰ ਦੇ ਅਰਪਿਤ ਕਰ ਦਿੱਤਾ ਸੀ। 1958 ਵਿੱਚ ਜਿਉਂ ਹੀ ਉਸਨੇ ਆਪਣਾ ਜੱਦੀ ਪਿੰਡ ਨਿੱਬਰਵਿੰਡ (ਜ਼ਿਲ੍ਹਾ ਅਮਿ੍ਰਤਸਰ) ਛੱਡਿਆ, ਪਿੱਛੇ ਪਰਤ ਕੇ ਨਹੀਂ ਦੇਖਿਆ। ਇੱਕ ਟੱਕ ਪੂਰੀ ਤਨਦੇਹੀ ਨਾਲ ਉਹ ਲੋਕ ਸੇਵਾ ਵਿੱਚ ਜੁੱਟ ਗਿਆ। ਸਾਂਝੀ ਪਾਰਟੀ ਵੇਲੇ, ਉਸ ਸਮੇਂ ਉਸ ਨੂੰ ਰੋਜ਼ਾਨਾ ਨਵਾਂ ਜ਼ਮਾਨਾ ਅਖ਼ਬਾਰ ਵਿੱਚ ਸਬ ਐਡੀਟਰ ਦੀ ਡਿਊਟੀ ਸੌਂਪੀ ਗਈ। 1959 ਵਿੱਚ ਖੁਸ਼ਹੈਸੀਅਤੀ ਟੈਕਸ ਵਿਰੋਧੀ ਮੋਰਚੇ ਸਮੇਂ ਕੈਰੋਂਸ਼ਾਹੀ ਦਾ ਜ਼ਬਰ ਉਸ ਨੇ ਖਿੜੇ ਮੱਥੇ ਝੱਲਿਆ, ਐਪਰ ਅਖ਼ਬਾਰ ਕੱਢਣ ਵਿੱਚ ਆਪਣੀ ਬਣਦੀ ਡਿੳੂਟੀ ਹਰ ਜਫ਼ਰ ਜਾਲ਼ਕੇ ਪੂਰੀ ਕੀਤੀ। 1961 ਵਿੱਚ ਪਾਰਟੀ ਵੱਲੋਂ ਸ਼ਹਿਰੀ ਆਜ਼ਾਦੀਆਂ ਦੀ ਰਾਖ਼ੀ ਲਈ ਲਾਏ ਗਏ ਮੋਰਚੇ ਵਿੱਚ ਵੀ ਸਾਥੀ ਸੁਹੇਲ ਸਿੰਘ ਨੂੰ ਗਿ੍ਰਫ਼ਤਾਰ ਕਰਕੇ ਜੇਲ੍ਹ ਅੰਦਰ ਕੁਝ ਚਿਰ ਲਈ ਡੱਕੀ ਰੱਖਿਆ ਗਿਆ। 1964 ਵਿੱਚ ਹਿੰਦ ਕਮਿੳੂਨਿਸਟ ਪਾਰਟੀ (ਮਾਰਕਸਵਾਦੀ) ਦੇ ਹੋਂਦ ਵਿੱਚ ਆਉਣ ’ਤੇ ਜਦੋਂ ਲੋਕ ਲਹਿਰ ਪਹਿਲਾਂ ਹਫ਼ਤਾਵਰ ਤੇ ਫਿਰ ਰੋਜ਼ਾਨਾ, ਕੱਢਿਆ ਗਿਆ ਤਾਂ ਸਾਥੀ ਸੁਹੇਲ ਨੂੰ ਪਾਰਟੀ ਵੱਲੋਂ ਇਸ ਦਾ ਸੰਪਾਦਕ ਥਾਪਿਆ ਗਿਆ। ਬਹੁਤ ਹੀ ਵੱਡੀ ਜ਼ਿੰਮੇਵਾਰੀ ਦਾ ਇਹ ਕਾਰਜ ਸਾਥੀ ਸੁਹੇਲ ਨੇ ਅੰਤਮ ਸਾਹਾਂ ਤੱਕ ਇੱਕ ਮਿਸਾਲੀ ਕਮਿੳੂਨਿਸਟ ਵੱਜੋਂ ਸਫਲਤਾ ਸਹਿਤ ਅਤੇ ਸ਼ਾਨਦਾਰ ਢੰਗ ਨਾਲ ਨਿਭਾਇਆ। ਇਸ ਅਤਿਅੰਤ ਸੰਵੇਦਨਸ਼ੀਲ ਕੰਮ ਵਿੱਚ ਉਸਦੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਦੇ ਤੀਖ਼ਣ ਬੁੱਧੀ, ਪਹਿਲਕਦਮੀ ਅਤੇ ਜੁਅਰਤ ਵਾਲੇ ਪੱਖ ਉਭਰਕੇ ਸਾਹਮਣੇ ਆਏ। ਕਮਿਊਨਿਸਟ ਪੱਤਰਕਾਰਤਾ ਵਧੇਰੇ ਪ੍ਰਤੀਬੱਧਤਾ ਦੀ ਮੰਗ ਕਰਦੀ ਹੈ ਅਤੇ ਨਾਲ ਹੀ ਇਹ ਮੰਗ ਵੀ ਕਰਦੀ ਹੈ ਕਿ ਜਮਾਤੀ ਸੰਘਰਸ਼ ਦੇ ਸਾਰੇ ਰੂਪਾਂ ਭਾਵ- ਰਾਜਨੀਤਿਕ, ਆਰਥਿਕ ਅਤੇ ਵਿਚਾਰਧਾਰਕ ਰੂਪਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ, ਰਾਸ਼ਟਰੀ ਤੇ ਪ੍ਰਾਂਤਕ ਘਟਨਾ ਉੱਪਰ ਮਜ਼ਦੂਰ ਜਮਾਤ ਦੇ, ਲੋਕਾਂ ਦੇ ਅਤੇ ਸਮਾਜਿਕ ਪ੍ਰਗਤੀ ਦੇ ਹਿੱਤਾਂ ਤੋਂ ਸਪੱਸ਼ਟ ਸਟੈਂਡ ਪੇਸ਼ ਕੀਤਾ ਜਾਵੇ ਅਤੇ ਪੱਤਰਕਾਰਤਾ ਦੀ ਹਰ ਵੰਨਗੀ ਸੰਪਾਦਕੀ, ਸੰਪਾਦਕੀ ਟਿੱਪਣੀ, ਖ਼ਬਰ ਆਦਿ ਇਸੇ ਸੋਧ ਵਿੱਚ ਘੜ ਤਰਾਸ਼ ਕੇ ਪੇਸ਼ ਕੀਤੀ ਜਾਵੇ, ਨਾਲ ਹੀ, ਬਿਨਾਂ ਦੇਰੀ ਦੇ, ਅਖ਼ਬਾਰ ਦੀ ਹੈਡ ਲਾਈਨ, ਨਿਸ਼ਚਿਤ ਸਮੇਂ ਨੂੰ ਖੁੰਝਾਉਣ ਤੋਂ ਬਿਨਾਂ ਪੇਸ਼ ਕੀਤੀ ਜਾਵੇ ਅਤੇ ਇਹ ਸੱਚ ਦਾ ਪੱਲਾ ਨਾ ਛੱਡਦਿਆਂ ਹੋਇਆ ਲਿਖਤ ਨੂੰ ਸਰਲ ਅਤੇ ਆਮ ਲੋਕਾਂ ਦੀ ਸਮਝ ਆਉਣ ਵਾਲੀ ਬੋਲੀ ਤੇ ਸ਼ੈਲੀ ਵਿੱਚ ਪੇਸ਼ ਕੀਤੀ ਜਾਵੇ। ਇਨ੍ਹਾਂ ਸਾਰੇ ਪੱਖਾਂ ਤੋਂ ਸਾਥੀ ਸੁਹੇਲ ਦੀ ਯੋਗਤਾ ਦਾ ਹਰ ਕਿਸੇ ਨੂੰ ਲੋਹਾ ਮੰਨਣਾ ਪੈਂਦਾ ਸੀ। ਉਹ ਅਸਲ ਮਾਈਨੇ ਵਿੱਚ ਲੋਕ ਪੱਤਰਕਾਰ ਸੀ। ਉਹ ਲੋਕ ਰਾਏ ਨੂੰ ਜਮਹੂਰੀ ਲੀਹਾਂ ’ਤੇ ਢਾਲਣ ਵਾਲਾ ਇੱਕ ਮਹਾਨ ਸੰਪਾਦਕ ਸੀ।
ਪਿਛਲੇ ਦਹਾਕੇ ਦੌਰਾਨ, ਜਦੋਂ ਕਿ ਪੰਜਾਬ ਦੀ ਧਰਤੀ ਉੱਪਰ ਸਾਮਰਾਜੀ ਸ਼ਹਿ ਪ੍ਰਾਪਤ ਵੱਖਵਾਦੀ ਅੱਤਵਾਦੀਆਂ ਦੀਆਂ ਅਣਮਨੁੱਖੀ ਤੇ ਹਿੰਸਕ ਕਾਰਵਾਈਆਂ ਦਾ ਕਾਲਾ ਪ੍ਰਛਾਵਾਂ ਬਹੁਤ ਗੂੜ੍ਹਾ ਪਿਆ ਹੋਇਆ ਸੀ, ਸਾਥੀ ਸੁਹੇਲ ਸਿੰਘ ਨੇ ਆਪਣੀ ਕਲਮ ਨਾਲ ਪੰਜਾਬੀ ਲੋਕਾਂ ਦੀ ਏਕਤਾ, ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਅਤੇ ਸੰਤਾਪ ਹੰਢਾਅ ਰਹੀਆਂ ਮਾਵਾਂ-ਭੈਣਾਂ, ਬੱਚੇ ਬੱਚੀਆਂ ਤੇ ਹੋਰ ਲੋਕਾਂ ਦਾ ਦਰਦ ਵੰਡਾਉਣ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ, ਨਿਧੜਕ ਹੋ ਕੇ ਲਿਖਿਆ। ਇਸ ਰਾਹੀਂ ਉਸ ਨੇ ਆਮ ਲੋਕਾਂ ਨੂੰ ਢਾਰਸ ਤੇ ਸੇਧ ਨਹੀਂ ਦਿੱਤੀ ਬਲਕਿ ਨਰੋਏ ਪੱਤਰਕਾਰ ਹਲਕਿਆਂ ਅਤੇ ਬੁਧੀਜੀਵੀਆਂ ਲਈ ਵੀ ਉਹ ਇੱਕ ਪ੍ਰੇਰਣਾ ਸਰੋਤ ਤੇ ਚਾਨਣ ਮੁਨਾਰਾ ਬਣ ਗਿਆ। ਪੱਤਰਕਾਰਤਾ ਦੇ ਜਗਤ ਵਿੱਚ ਉਸ ਦੀ ਪਹਿਲਕਦਮੀ ਤੇ ਜੁਰਅਤ ਲਈ ਉਹ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਕਮਿੳੂਨਿਸਟ ਲਹਿਰ ਵਿੱਚ ਉੱਭਰੇ ਖੱਬੇ ਤੇ ਸੱਜੇ ਕੁਰਾਹਿਆਂ ਸਮੇਂ ਸਾਥੀ ਸੁਹੇਲ ਪੂਰੀ ਸਾਬਤਕਦਮੀ ਨਾਲ ਮਾਰਕਸਵਾਦੀ-ਲੈਨਿਨਵਾਦੀ ਪੁਜੀਸ਼ਨਾਂ ’ਤੇ ਡੱਟੇ ਰਹੇ। ਉਨ੍ਹਾਂ ਨੇ ਸਰਲ ਭਾਸ਼ਾ ਵਿੱਚ ਲੇਖ ਲਿਖੇ ਅਤੇ ‘‘ਨਕਸਲਵਾਦ ਦਾ ਗਕੀਕੀ ਚਿਹਰਾ’’ ਨਾਂ ਦਾ ਇੱਕ ਕਿਤਾਬਚਾ ਵੀ ਲਿਖਿਆ ਜਿਹੜਾ ਬਹੁਤ ਹਰਮਨ ਪਿਆਰਾ ਹੋਇਆ। ਬਹਿਸ ਵਿੱਚ ਸਾਥੀ ਸੁਹੇਲ ਤਰਕ ਦਾ ਪੱਲਾ ਨਹੀਂ ਸੀ ਛੱਡਦਾ ਇਸੇ ਕਾਰਨ ਵਿਰੋਧੀ ਵੀ ਉਸਦਾ ਭਾਰੀ ਸਤਿਕਾਰ ਕਰਦੇ।
ਸਾਥੀ ਸੁਹੇਲ ਗ਼ਰੀਬ ਕਿਸਾਨ ਪਰਿਵਾਰ ਦੇ ਜੰਮਪਲ ਸਨ। ਤੰਗੀਆਂ ਭਰੇ ਜੀਵਨ ਦਾ ਉਹਨਾਂ ਨੂੰ ਡੂੰਘਾ ਅਨੁਭਵ ਸੀ। ਪਰ ਉਸ ਨੂੰ ਆਰਥਿਕ ਤੰਗੀਆਂ-ਤੁਰਸ਼ੀਆਂ ਕਦੇ ਡੁਲਾ ਨਹੀਂ ਸਨ ਸਕੀਆਂ ਅਤੇ ਉਹ ਅਡਿੱਗ ਰਹਿਕੇ ਲੋਕ ਸੇਵਾ ਵਿੱਚ ਜੁੱਟਿਆ ਰਿਹਾ। ਗ਼ਰੀਬ ਲੋਕਾਂ ਤੇ ਆਮ ਪੀੜ੍ਹਤ ਲੋਕਾਂ ਲਈ ਉਨ੍ਹਾਂ ਦੇ ਦਿਲ ਵਿੱਚ ਹਮਦਰਦੀ ਦਾ ਸਾਗਰ ਸੀ। ਉਹ ਬਹੁਤ ਮਿਲਣਸਾਰ ਸੀ ਅਤੇ ਨਿਆਸਰਿਆਂ ਦਾ ਆਸਰਾ ਸੀ। ਦੁੱਖਾਂ ਤਕਲੀਫ਼ਾਂ ਅਤੇ ਨਿੱਜੀ ਸਮੱਸਿਆਵਾਂ ਲੈ ਕੇ ਬੁੱਧੀਜੀਵੀ ਅਕਸਰ ਹੀ ਉਨ੍ਹਾਂ ਕੋਲ਼ ਆਉਂਦੇ ਰਹਿੰਦੇ ਅਤੇ ਢਾਰਸ ਲੈ ਕੇ ਜਾਂਦੇ। ਉਹ ਕਦੇ-ਕਦੇ ਕਵਿਤਾ ਅਤੇ ਕਹਾਣੀ ਵੀ ਲਿਖਦੇ ਹੁੰਦੇ ਸਨ, ਜਿਨ੍ਹਾਂ ਵਿੱਚ ਜਜ਼ਬਿਆਂ ਦਾ ਕਮਾਲ ਦਾ ਬਿਰਤਾਂਤ ਹੁੰਦਾ ਸੀ। ਉਨ੍ਹਾਂ ਨੇ ‘‘ਮੱਛੀ ਤੇ ਪਾਣੀ’’ ਨਾਂਅ ਦਾ ਇੱਕ ਚੀਨੀ ਨਾਵਲ ਅਨੁਵਾਦ ਕਰਕੇ ਵੀ ਮਾਂ ਬੋਲੀ ਪੰਜਾਬੀ ਦੇ ਭੰਡਾਰ ਨੂੰ ਅਮੀਰ ਕੀਤਾ।
ਅਜਿਹੀ ਮਹਾਨ ਹਸਤੀ ਦਾ ਸਦਮਾ ਸਹਿਣ ਕਰਨਾ ਬਹੁਤ ਕਠਿਨ ਹੈ। ਅਜੇਹੀ ਮਹਾਨ ਹਸਤੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਰਲ਼ ਮਿਲਕੇ ਉਸ ਦੇ ਅਧੂਰੇ ਕਾਜ ਨੂੰ ਨੇਪਰੇ ਚਾੜ੍ਹਨ ਲਈ ਉਸ ਵਾਂਗ ਹੀ ਨਿਸ਼ਠਾਵਾਨ ਹੋ ਕੇ ਘਾਲਣਾ ਘਾਲੀ ਜਾਵੇ।
ਸਾਥੀ ਸੁਹੇਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅਸੀਂ ਇਹ ਅਹਿਦ ਕਰਦੇ ਹਾਂ ਕਿ ਸਾਥੀ ਸੁਹੇਲ ਦੇ ਅਧੂਰੇ ਕਾਜ ਨੂੰ ਨੇਪਰੇ ਚਾੜ੍ਹਨ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹੱਟਿਆ ਜਾਵੇਗਾ।
ਸਾਥੀ ਸੁਹੇਲ ਨਾਲ ਮੇਰੀ ਆਖ਼ਰੀ ਮੁਲਾਕਾਤ 20-21 ਫਰਵਰੀ 1993 ਨੂੰ ਹੋਈ। 20 ਫਰਵਰੀ ਨੂੰ ਸਵੇਰੇ ਪੌਣੇ ਕੁ ਨੌਂ ਵਜੇ ਆਮ ਵਾਂਗੂੰ ਸਾਥੀ ਸੁਹੇਲ ਨੇ ਸਾਥੀ ਧਰਮ ਦਾਸ ਨੂੰ ਪਾਰਟੀ ਦਫ਼ਤਰ (80-81 ਬਦਰੀ ਦਾਸ ਕਲੋਨੀ, ਜਲੰਧਰ) ਆ ਕੇ ਕਿਹਾ ਕਿ ਧਰਮ ਦਾਸ ਕਿਵੇਂ ਚੱਲ ਰਿਹਾ ਹੈ। ਦਫ਼ਤਰ ਵਿੱਚ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਸੁਭਾਵਕ ਹੀ ਉਹ ਉਧਰ ਆ ਗਿਆ ਅਤੇ ਅੱਗੋਂ ਮੈਂ ਉਸ ਨੂੰ ਉਡੀਕ ਹੀ ਰਿਹਾ ਸਾਂ। ਮੈਂ ਕਿਹਾ ਆਓ ਜੀ, ਸੁਹੇਲ ਸਾਹਿਬ, ਕੀ ਹਾਲ ਹੈ, ਬੈਠੋ। ਉਹ ਬੈਠ ਗਏ ਅਤੇ ਅਸੀਂ ਲੋਕ ਲਹਿਰ ਪਾਰਟੀ ਯੂਨਿਟ ਦੀ ਨਵੀਨੀਕਰਨ ਲਈ ਮੀਟਿੰਗ ਕਰਨ ਤੋਂ ਗੱਲ ਅਰੰਭ ਕੇ ਪਾਰਟੀ ਜੱਥੇਬੰਦੀ ਮਜ਼ਬੂਤ ਕਰਨ ਦੀਆਂ ਡੂੰਘੀਆਂ ਗੱਲਾਂ ਵਿੱਚ ਪੈ ਗਏ। ਉਹ ਕਹਿਣ ਲੱਗਾ, ਗੱਲ ਉਸ ਸਮੇਂ ਵਿਗੜਦੀ ਹੈ ਜਦੋਂ ਕੋਈ ਕਾਮਰੇਡ ਮੌਕਾਪ੍ਰਸਤੀ ਕਰਦਾ ਹੈ, ਭਾਵ ਜਦੋਂ ਕੋਈ ਕਾਮਰੇਡ ਲੋਕਾਂ ਦੇ ਹਿਤਾਂ ਤੇ ਪਾਰਟੀ ਦੇ ਹਿਤਾਂ ਅਤੇ ਅਸੂਲਾਂ ਦੀ ਥਾਂ ਤਰਜੀਹ ਆਪਣੇ ਫੌਰੀ ਨਿੱਜੀ ਹਿੱਤਾਂ ਨੂੰ ਦੇਣ ਲੱਗ ਜਾਂਦਾ ਹੈ ਅਤੇ ਕੈਰੀਅਰਇਜ਼ਮ ਦਾ ਸ਼ਿਕਾਰ ਹੋ ਜਾਂਦਾ ਹੈ, ਅਤੇ ਮੀਟਿੰਗਾਂ ਵਿੱਚ ਆਪਣੀ ਗੱਲ ਬਿਨਾਂ ਕਿਸੇ ਰੱਖ-ਰਖਾਵ ਦੇ ਕਰਨੋਂ ਹੱਟ ਜਾਂਦਾ ਹੈ। ਪਾਰਟੀ ਤੱਦ ਤੇਜ਼ ਰਫ਼ਤਾਰ ਨਾਲ ਵਿਕਾਸ ਕਰ ਸਕੇਗੀ ਜੇ ਇਸ ਵਿੱਚ ਇਸ ਕੁਰਚੀ ਨੂੰ ਪੈਦਾ ਨਾ ਹੋਣ ਦਿੱਤਾ ਜਾਵੇ। ਮੈਂ ਉਸਨੂੰ ਕਿਹਾ, ਹਾਂ ਇਹ ਗੱਲ ਤੇਰੀ ਲੱਖ ਰੁਪਏ ਦੀ ਹੈ। ਫਿਰ ਮੈਂ ਕੁਝ ਸਮੇਂ ਪਿੱਛੋਂ ਲੋਕ ਲਹਿਰ ਯੂਨਿਟ ਦੀ ਮੀਟਿੰਗ ਕਰਵਾਉਣ ਅਖ਼ਬਾਰ ਦੇ ਦਫ਼ਤਰ ਚੱਲਿਆ ਗਿਆ। ਉੱਥੇ ਜਾ ਕੇ ਮੈਂ ਸਾਥੀ ਸਾਧੂ ਸਿੰਘ ਨੂੰ ਕਿਹਾ ਕਿ ਅੱਜ ਸੁਹੇਲ ਨੇ ਇੱਕ ਹੋਰ ਲੱਖ ਰੁਪਏ ਦੀ ਗੱਲ ਕੀਤੀ ਹੈ ਅਤੇ ਨਾਲ ਹੀ ਉਪਰੋਕਤ ਬਿਰਤਾਂਤ ਦੱਸਿਆ।
ਸਾਥੀ ਸੁਹੇਲ ਦਾ ਹੋਰ ਜਿਹੜਾ ਗੁਣ, ਉਹਨਾਂ ਸਾਰੇ ਪਾਰਟੀ ਕੁੱਲਵਕਤੀਆਂ, ਜਿਹੜੇ ਜਾਇਦਾਦਹੀਣ ਤੇ ਗ਼ਰੀਬ ਪਰਿਵਾਰਾਂ ਵਿੱਚੋਂ ਆਏ ਹੋਏ ਹਨ, ਲਈ ਪ੍ਰੇਰਨਾਂ ਦਾ ਸੋਮਾ ਸੀ, ਉਹ ਸੀ ਉਨ੍ਹਾਂ ਦਾ ਸਿਰੜ। ਆਰਥਿਕ ਕਠਿਨਾਈਆਂ ਦੀ ਪਰਵਾਹ ਨਾ ਕਰਦੇ ਹੋਏ ਸਾਥੀ ਸੁਹੇਲ ਨੇ ਸੀ. ਪੀ. ਆਈ. (ਐਮ) ਦਾ ਇਨਕਲਾਬੀ ਪਰਚੱਮ ਮਜ਼ਬੂਤੀ ਨਾਲ ਬੁਲੰਦ ਰੱਖਿਆ। ਇਹ ਸਿਰੜ ਅਤੇ ਉਸਦਾ ਸਾਦਮੁਰਾਦਾ ਜੀਵਨ ਢੰਗ ਤੇ ਮਿਲਣਸਾਰਤਾ ਆਮ ਵਰਕਰਾਂ ਤੇ ਪਾਰਟੀ ਕਾਰਕੁੰਨਾਂ ਵਿੱਚ ਭਰੋਸਾ ਪੈਦਾ ਕਰਦੀ ਸੀ ਅਤੇ ਉਹ ਉਸਨੂੰ ਆਪਣੇ ਵਿੱਚੋਂ ਸਮਝਦੇ ਸਨ। ਕੁੱਲਵਕਤੀਆਂ ਲਈ ਸਾਥੀ ਸੁਹੇਲ ਸਦਾ ਪ੍ਰੇਰਣਾ ਸਰੋਤ ਬਣਿਆ ਰਹੇਗਾ। ਸਾਥੀ ਸੁਹੇਲ ਦੇ ਇੱਕ ਹੋਰ ਗੁਣ ਦਾ ਵੀ ਕਿਰਨਾ ਬਣਦਾ ਹੈ। ਉਹ ਸੀ ਉਸਦਾ ਇਸਤਰੀ ਵਰਗ ਦੇ ਸਨਮਾਨ ਤੇ ਬਰਾਬਰਤਾ ਲਈ ਖਲ੍ਹੋਣਾ। ਅਜੋਕੇ ਭਾਰਤੀ ਸਮਾਜ ਵਿੱਚ ਜਿੱਥੇ ਜਗੀਰੂ ਕਦਰਾਂ ਕੀਮਤਾਂ ਦਾ ਕਾਫੀ ਬੋਲਬਾਲਾ ਕਾਇਮ ਹੈ, ਇਸਤਰੀਆਂ ਪ੍ਰਤੀ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਰੂਪ ਵਿੱਚ, ਤਿ੍ਰਸਕਾਰ ਭਾਵੇਂ ਮਾਮੂਲੀ ਹੀ ਸਹੀ, ਕਾਮਰੇਡਾਂ ਤੋਂ ਵੀ ਪ੍ਰਗਟ ਹੋ ਜਾਂਦਾ ਹੈ। ਐਪਰ ਸਾਥੀ ਸੁਹੇਲ ਕੋਲੋਂ ਸਹਿ-ਸੁਭਾਅ ਵੀ ਅਜਿਹਾ ਤਿ੍ਰਸਕਾਰ ਕਦੇ ਪਰਗਟ ਨਹੀਂ ਹੋਇਆ, ਸਗੋਂ ਇਸਤਰੀਆਂ ਲਈ ਸਤਿਕਾਰ ਅਤੇ ਹੌਂਸਲਾ ਹੀ ਪਰਗਟ ਹੋਇਆ।
21 ਫਰਵਰੀ ਨੂੰ ਮੈਂ ਫਿਰ ਸਾਢੇ ਕੁ ਤਿੰਨ ਵਜੇ ਲੋਕ ਲਹਿਰ ਦੇ ਦਫ਼ਤਰ ਆਇਆ। ਅਸੀਂ ਉੱਥੋਂ ਸੁਹੇਲ, ਰਵੀ ਤੇ ਮੈਂ ਲੇਟੈਸਟ ਪ੍ਰੈੱਸ ਵੱਲ ਇੱਕ ਪਿ੍ਰਟਿੰਗ ਮਸ਼ੀਨ ਦੇਖਣ ਦੇ ਸਬੰਧ ਵਿੱਚ ਗਏ, ਐਪਰ ਲੇਟੈਸਟ ਵਾਲਾ ਅਦਾਰਾ ਬੰਦ ਕਰਕੇ ਚਲਿਆ ਗਿਆ ਸੀ, ਉੱਥੋਂ ਸੁਹੇਲ ਤੇ ਰਵੀ ਲੋਕ ਲਹਿਰ ਚਲੇ ਗਏ ਤੇ ਮੈਂ ਚੰਡੀਗੜ੍ਹ ਆ ਗਿਆ।
ਫਿਰ ਅੱਠ ਮਾਰਚ ਨੂੰ ਸਵਾ ਕੁ ਤਿੰਨ ਵਜੇ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਮੇਲੇ ਉੱਪਰ ਸਾਥੀ ਸਲੀਮ ਦੇ ਘਰ ਸਾਥੀ ਸੁਹੇਲ ਦੇ ਬੇਵਕਤ ਵਿਛੋੜੇ ਦੀ ਖ਼ਬਰ ਸੁਣੀ, ਜਿਸ ਨੇ ਬਿਲਕੁਲ ਹੀ ਸੁੰਨ ਕਰ ਦਿੱਤਾ। ਇਸ ਅਚਨਚੇਤੀ ਸੱਟ ਨੇ ਬਿਲਕੁਲ ਮਧੋਲ਼ ਦਿੱਤਾ ਹੈ, ਅਜੇ ਤੱਕ ਸੁਰਤ ਟਿਕਾਣੇ ਨਹੀਂ ਆਈ। ਇਹ ਸੁਝ ਨਹੀਂ ਰਿਹਾ ਕਿ ਉਸ ਮਹਾਨ ਹਸਤੀ ਦਾ ਘਾਟਾ ਕਿਵੇਂ ਪੂਰਾ ਕੀਤਾ ਜਾ ਸਕੇਗਾ, ਜਦੋਂ ਕਿ ਹਾਲ ਹੀ ਵਿੱਚ ਪਾਰਟੀ ਦੇ ਹੋਰ ਉੱਘੇ ਬਜ਼ੁਰਗ ਆਗੂਆਂ ਦਾ ਦੇਹਾਂਤ ਹੋ ਜਾਣ ਨਾਲ ਪਾਰਟੀ ਨੂੰ ਪਹਿਲਾਂ ਹੀ ਬਹੁਤ ਵੱਡਾ ਵਿਗੋਚਾ ਲੱਗਾ ਹੋਇਆ ਹੈ।
ਸੰਪਰਕ: 94172-05429