Thu, 21 November 2024
Your Visitor Number :-   7252549
SuhisaverSuhisaver Suhisaver

ਭਾਰਤ-ਚੀਨ ਸਬੰਧਾਂ ਦਾ ਸੁਧਾਰ ਕੁਲ ਦੁਨੀਆਂ ਲਈ ਉਸਾਰੂ -ਸੀਤਾ ਰਾਮ ਯੇਚੁਰੀ

Posted on:- 12-06-2013

ਚੀਨ ਦੇ ਪ੍ਰਧਾਨ ਮੰਤਰੀ ਲੀ ਕਚਿਯਾਂਗ ਦੀ ਭਾਰਤ ਫੇਰੀ ਪੂਰੀ ਹੋ ਚੁੱਕੀ ਹੈ। ਇਹ ਸ਼ਾਇਦ ਪਹਿਲਾ ਮੌਕਾ ਹੈ, ਜਦੋਂ ਇੱਕ ਨਵੇਂ ਚੁਣੇ ਗਏ ਚੀਨੀ ਪ੍ਰਧਾਨ ਮੰਤਰੀ ਨੇ ਆਪਣੀ ਪਹਿਲੀ ਵਿਦੇਸ਼ ਫੇਰੀ ਦੇ ਰੂਪ ’ਚ ਭਾਰਤ ਦੀ ਚੋਣ ਕੀਤੀ ਹੈ। ਇਹ ਬਹੁਤ ਮਹੱਤਵਪੂਰਨ ਹੈ। ਇਸ ਯਾਤਰਾ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਲੀ ਕਚਿਯਾਂਗ ਦੀ ਪਹਿਲੀ ਭਾਰਤ ਫੇਰੀ ਮੌਕੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ ਹੈ।’’

ਉਨ੍ਹਾਂ ਕਿਹਾ ਕਿ ਇਸ ਦੌਰਾਨ ਅਸੀਂ ਕਈ ਮੁੱਦਿਆਂ ’ਤੇ ਚਰਚਾ ਕੀਤੀ ਹੈ, ਜਿਸ ਦੇ ਘੇਰੇ ’ਚ ਕਈ ਸਾਂਝੇ ਹਿਤਾਂ ਵਾਲੇ ਗੰਭੀਰ ਮੁੱਦੇ ਆਉਂਦੇ ਹਨ। ਮੈਨੂੰ ਖੁਸ਼ੀ ਹੈ ਕਿ ਸਾਡੇ ਇੰਨੇ ਸਾਰੇ ਖ਼ੇਤਰਾਂ ਵਿੱਚ ਵਿਚਾਰ ਇਕੋ ਜਿਹੇ ਹਨ ਅਤੇ ਜਿਨ੍ਹਾਂ ਤੇ ਬਹੁਤ ਹੱਦ ਤੱਕ ਸਾਡੇ ਦਿਲ ਮਿਲਦੇ ਹਨ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਅਸੀਂ ਇਸ ’ਤੇ ਰਜ਼ਾਮੰਦ ਹੋਏ ਕਿ ਸਾਡੇ ਦੋਵਾਂ ਦੇਸ਼ਾਂ ਵਿਚਲੇ ਰਿਸ਼ਤੇ, ਅਮਨ-ਸ਼ਾਂਤੀ ਅਤੇ ਆਰਥਿਕ ਵਾਧੇ ਲਈ ਅਤੇ ਇਸ ਖੇਤਰ ਦੇ ਨਾਲ-ਨਾਲ ਦੁਨੀਆਂ ਵਿੱਚ ਵੀ, ਸਥਿਰਤਾ ਅਤੇ ਖੁਸ਼ਹਾਲੀ ਲਈ ਵੀ ਵੱਧ ਤੋਂ ਵੱਧ ਮਹੱਤਵਪੂਰਨ ਅਤੇ ਜ਼ਰੂਰੀ ਹੁੰਦੇ ਜਾ ਰਹੇ ਹਨ।

ਭਾਰਤ ਅਤੇ ਚੀਨ ਯੁਗਾਂ ਤੋਂ ਅਮਨ-ਸ਼ਾਂਤੀ ਨਾਲ ਰਹਿੰਦੀਆਂ ਦੋ ਗੁਆਂਢੀ ਸੱਭਿਆਤਾਵਾਂ ਹਨ। ਪਿਛਲੇ ਸਮੇਂ ਸਾਡੇ ਵਿੱਚ ਮਤਭੇਦ ਹਨ, ਪਰ ਪਿੱਛਲੇ 25 ਵਰ੍ਹਿਆਂ ਤੋਂ ਸਾਡੇ ਆਪਸੀ ਆਰਥਿਕ ਸਹਿਯੋਗ ਦੇ ਸਬੰਧ ਬਣੇ ੋਏ ਹਨ। ਸਾਡੀਆਂ ਸਰਹੱਦਾਂ ’ਤੇ ਅਮਨ-ਸ਼ਾਂਤੀ, ਸਾਡੇ ਰਿਸ਼ਤਿਆਂ ਦੇ ਲਗਾਤਾਰ ਵਧਣ ਦਾ ਆਧਾਰ ਹੈ। ਸਰਹੱਦੀ ਵਿਵਾਦ ਨੂੰ ਜਲਦ ਹੱਲ ਕਰਨ ਦੀ ਕੋਸ਼ਿਸ਼ ਦੇ ਨਾਲ ਪ੍ਰਧਾਨ ਮੰਤਰੀ ਲੀ ਅਤੇ ਮੈਂ ਇਸ ’ਤੇ ਰਜ਼ਾਮੰਦ ਹੋਏ ਕਿ ਸਰਹੱਦੀ ਵਿਵਾਦ ਨੂੰ ਖ਼ਤਮ ਕਰਕੇ ਉੱਥੇ ਅਮਨ-ਸ਼ਾਂਤੀ ਨੂੰ ਅੱਗੇ ਵੀ ਬਣਾ ਕੇ ਰੱਖਿਆ ਜਾਣਾ ਚਾਹੀਦਾ ਹੈ।

ਸਾਡੇ ਪੱਛਮੀ ਸੈਕਟਰ ਵਿੱਚ ਜੋ ਘਟਨਾ ਘਟੀ ਹੈ, ਉਸ ਤੋਂ ਵੀ ਸਬਕ ਸਿੱਖਣ ਦੀ ਲੋੜ ਹੈ। ਸਾਡੇ ਆਪਣੇ ਖ਼ਾਸ ਪ੍ਰਤੀਨਿਧ ਮੰਡਲ ਨੂੰ ਅੱਗੇ ਹੋਰ ਇਹੋ ਜਿਹੇ ਕਦਮਾਂ ’ਤੇ ਵਿਚਾਰ ਕਰਨ ਦਾ ਜ਼ਿਮਾਂ ਸੌਂਪਿਆ ਹੈ, ਜੋ ਸਰਹੱਦ ’ਤੇ ਅਮਨ-ਸ਼ਾਂਤੀ ਰੱਖਣ ਲਈ ਜ਼ਰੂਰੀ ਹੋ ਸਕਦੇ ਹਨ। ਅਸੀਂ ਇਸ ਗੱਲ ’ਤੇ ਵੀ ਸਹਿਮਤ ਹੋਏ ਹਾਂ ਕਿ ਸਾਡੇ ਖ਼ਾਸ ਪ੍ਰਤੀਨਿਧ ਜਲਦ ਹੀ ਮਿਲਣਗੇ, ਜਿਲ ਨਾਲ ਇੱਕ ਨਿਆਂਪੂਰਨ ਅਤੇ ਆਪਸੀ ਰਜ਼ਾਮੰਦੀ ਨਾਲ਼ ਸਰਹੱਦੀ ਵਿਵਾਦ ਨੂੰ ਸੁਲਝਾਇਆ ਜਾਵੇ ਅਤੇ ਇੱਕ ਸਹੀ ਰਾਹ ਵਿੱਚ ਗੱਲਬਾਤ ਜਾਰੀ ਰੱਖ ਸਕੀਏ।

‘‘ਮੈਂ ਸਾਡੀਆਂ ਸਾਂਝੀਆਂ ਨਦੀਆਂ ਦੇ ਉਪਰਲੇ ਇਲਾਕਿਆਂ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੇ ਹੇਠਾਂ ਆਉਣ ਵਾਲ਼ੇ ਪ੍ਰਭਾਵਾਂ ਪ੍ਰਤੀ ਭਾਰਤ ਦੇ ਸਰੋਕਾਰ ਵੀ ਪ੍ਰਧਾਨ ਮੰਤਰੀ ਲੀ ਦੇ ਸਾਹਮਣੇ ਦੁਹਰਾਏ ਹਨ। ਇਹ ਚੰਗਾ ਰਹੇਗਾ ਕਿ ਸਾਡੇ ਮਾਹਿਰਾਂ ਦੇ ਕਾਰਜ ਖ਼ੇਤਰ ਨੂੰ ਵਧਾ ਕੇ ਉਸ ਵਿੱਚ ਇਨ੍ਹਾਂ ਲਈ ਵਿਕਾਸ ਪਰਿਯੋਜਨਾਵਾਂ ਦੇ ਸਬੰਧ ਵਿੱਚ ਜਾਣਕਾਰੀਆਂ ਦੀ ਸਾਂਝ ਨੂੰ ਵੀ ਸ਼ਾਮਲ ਕਰ ਲਿਆ ਜਾਵੇ। ਮੈਨੂੰ ਖੁਸ਼ੀ ਹੈ ਕਿ ਅਸੀਂ ਸੀਮਾ ਦੇ ਆਰ-ਪਾਰ ਜਾਣ ਵਾਲੀਆਂ ਨਦੀਆਂ ਸਬੰਧੀ ਆਪਸੀ ਸਹਿਯੋਗ ਨੂੰ ਵਧਾਉਣ ਲਈ ਰਜ਼ਾਮੰਦ ਹੋ ਗਏ ਹਾਂ। ਇਹ ਭਾਰਤਚ ਅਤੇ ਚੀਨ ਲਈ ਉਪਯੋਗੀ ਹੋਵੇਗਾ ਕਿ ਆਪਣੀਆਂ ਸਾਂਝੀ ਹਿਮਾਲਿਆ ਪ੍ਰਸਥਿਤੀਆਂ ’ਤੇ ਆ ਰਹੇ ਦਬਾਵਾਂ ਦੀ ਇੱਕ ਚੰਗੀ ਸਮਝ ਲਈ ਸਹਿਯੋਗ ਕਰਨ।

‘‘ਮੈਂ ਪ੍ਰਧਾਨ ਮੰਤਰੀ ਲੀ ਦੇ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਚੀਨ ਅਤੇ ਭਾਰਤ ਦਾ ਅੱਗੇ ਵੱਧਣਾ ਦੁਨੀਆਂ ਲਈ ਚੰਗਾ ਹੈ ਅਤੇ ਦੁਨੀਆਂ ਵਿੱਚ ਇਸ ਦੇ ਲਈ ਕਾਫ਼ੀ ਗੁੰਜਾਇਸ਼ ਹੈ ਕਿ ਸਾਡੇ ਦੋਵੇਂ ਦੇਸ਼ ਵਿਕਾਸ ਕਰ ਸਕਣ। ਇਸ ਨੂੰ ਸੱਚਾਈ ਵਿੱਚ ਬਦਲਣ ਲਈ ਇਹ ਮਹੱਤਵਪੂਰਨ ਹੈ ਕਿ ਸਾਡੇ ਦੋਵਾਂ ਦਰਮਿਆਨ ਆਪਸੀ ਸਮਝਦਾਰੀ ਬਣੀ ਰਹੇ। ਅਸੀਂ ਇਸ ਦੇ ਲਈ ਵੀ ਰਜ਼ਾਮੰਦ ਹੋਏ ਹਾਂ ਕਿ ਦੋਨਾਂ ਪੱਖਾਂ ਨੂੰ ਭਰੋਸੇ ਅਤੇ ਵੱਧ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ, ਜੋ ਖ਼ੁਦ-ਬ-ਖ਼ੁਦ ਇਸ ਆਪਸੀ ਸਹਿਯੋਗ ਨੂੰ ਅੱਗੇ ਵਧਾਵੇ।’’

ਭਾਰਤ ਅਤੇ ਚੀਨ ਦੋਵਾਂ ਵੱਲੋਂ 35 ਸੂਤਰੀ ਸਾਂਝਾ ਬਿਆਨ ਜਾਰੀ ਕੀਤਾ ਗਿਆ, ਬਹੁਤ ਹੀ ਸਰਬਪੱਖੀ ਦਸਤਾਵੇਜ਼ ਹੈ, ਜਿਸ ਵਿੱਚ ਦੋ-ਪੱਖੀ ਅਤੇ ਬਹੁ-ਪੱਖੀ, ਸਾਰੇ ਖੇਤਰਾਂ ਅਤੇ ਮੁੱਦਿਆਂ ਨੂੰ, ਸਮੇਟ ਲਿਆ ਗਿਆ ਹੈ। ਇੱਕ ਅਰਥ ਵਿੱਚ ਇਸ ਯਾਤਰਾ ਦਾ ਮਹੱਤਵ ਸਿਰਫ਼ ਆਪਸੀ ਤੌਰ ’ਤੇ ਅਹਿਮ ਮੁੱਦਿਆਂ ਨੂੰ ਸੁਲਝਾਉਣ ਤੱਕ ਹੀ ਸੀਮਤ ਨਹੀਂ ਰਿਹਾ ਹੈ, ਬਲਕਿ ਉਸ ਦੇ ਘੇਰੇ ਨੂੰ ਵਿਸਥਾਰ ਕੇ ਇਸ ਖੇਤਰ ’ਚ ਦੱਖਣੀ ਏਸ਼ੀਆ ਅਤੇ ਕੌਮਾਂਤਰੀ ਪੱਧਰ ਦੇ ਵਿਵਾਦ ਵਾਲੇ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਸ ਸਾਂਝੇ ਬਿਆਨ ਵਿੱਚ, ‘‘21ਵੀਂ ਸਦੀ ਵਿੱਚ ਭਾਰਤ-ਚੀਨ ਸਬੰਧਾਂ ਦੇ ਚੌਤਰਫ਼ਾ ਅਤੇ ਤੇਜ਼ੀ ਨਾਲ਼ ਹੋਏ ਵਿਕਾਸ ਦੀ ਸਹੀ ਸਮੀਖਿਆ ਕੀਤੀ ਈ।’’ ਪੰਚਸ਼ੀਲ ਮਤਲਬ ਅਮਨ ਭਰਪੂਰ ਪੰਜ ਸਿਧਾਂਤਾ ਦੇ ਆਧਾਰ ’ਤੇ ਭਵਿੱਖ ਵਿੱਚ ਇਹੋ ਜਿਹੇ ਰਿਸ਼ਤਿਆਂ ਨੂੰ ਮਜ਼ਬੂਤ ਕੀਤੇ ਜਾਣ ਦੀ ਗੱਲ ਦੁਹਰਾਉਂਦੇ ਹੋਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ, ‘‘ਦੋਵੇਂ ਮੁਲਕ ਇੱਕ-ਦੂਜੇ ਨੂੰ ਆਪਸੀ ਲਾਭ ਲਈ ਭਾਈਵਾਲ ਦੇ ਰੂਪ ’ਚ ਦੇਖਦੇ ਹਨ ਨਾ ਕਿ ਵਿਰੋਧੀ ਦੇ ਰੂਪ ’ਚ।’’ ਇਹ ਬਿਆਨ ਕਹਿੰਦਾ ਹੈ ਕਿ, ‘‘ਦੋਵੇਂ ਪੱਖ ਆਪਣੀਆਂ ਹੱਦਾਂ ਦੀ ਇੱਕ-ਦੂਜੇ ਦੇ ਖ਼ਿਲਾਫ਼ ਗਤੀਵਿਧੀਆਂ ਲਈ ਵਰਤੋਂ ਨਹੀਂ ਹੋਣ ਦੇਣਗੇ।’’ ਸ਼ਾਇਦ ਇਸ ਯਾਤਰਾ ’ਤੇ ਆਈਆਂ ਵਿਸ਼ਵ ਮੀਡੀਆ ਦੀਆਂ ਵੱਖ-ਵੱਖ ਟਿੱਪਣੀਆਂ ਨੂੰ ਹੀ ਧਿਆਨ ’ਚ ਰੱਖਦੇ ਹੋਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼, ਹੋਰ ਦੇਸ਼ਾਂ ਦੇ ਨਾਲ ਇੱਕ-ਦੂਜੇ ਦੀ ਦੋਸਤੀ ਨੂੰ ਸਕਾਰਾਤਮਕ ਨਜ਼ਰ ਨਾਲ ਦੇਖਣ ਅਤੇ ਉਸ ਵਿੱਚ ਮਦਦ ਕਰਨ ਲਈ ਪ੍ਰਤੀਬੱਧ ਹਨ।’’ ਦੋਵੇਂ ਦੇਸ਼ਾਂ ਨੇ ਤੈਅ ਕੀਤਾ ਹੈ ਕਿ ਸਰਕਾਰ ਵਿੱਚ ਨੇਮ ਨਾਲ ਪਰਸਪਰ ਯਾਤਰਾਵਾਂ ਨੂੰ ਵਧਾਇਆ ਜਾਵੇਗਾ ਅਤੇ ਮਹੱਤਪੂਰਨ ਬਹੁ-ਪੱਖੀ ਮੰਚਾਂ ਦੀਆਂ ਬੈਠਕਾਂ ਦੇ ਮੌਕੇ ’ਤੇ ਮੇਲ-ਮਿਲਾਪ ਜਾਰੀ ਰੱਖਿਆ ਜਾਵੇਗਾ।

ਭਾਵੇਂ ਸਾਂਝੇ ਬਿਆਨ ਦਾ ਸਭ ਤੋਂ ਵੱਧ ਜ਼ੋਰ ਤਾਂ ਦੋਵੇਂ ਦੇਸ਼ਾਂ ਵਿੱਚ ਆਰਥਿਕ ਸਹਿਯੋਗ ਵਿੱਚ ਵਾਧਾ ਕਰਨਾ ਅਤੇ ਦੋ-ਪੱਖੀ ਵਪਾਰ ਨੂੰ ਵਧਾ ਕੇ, ਘੱਟ ਤੋਂ ਘੱਟ 100 ਅਰਬ ਡਾਲਰ ਤੱਕ ਕਰ ਲੈਣ ’ਤੇ ਹੀ ਹੈ। ਇਸ ਸਮੇਂ ਦੋਵਾਂ ਦੇਸ਼ਾਂ ਵਿੱਚ ਵਪਾਰ 70 ਅਰਬ ਡਾਲਰ ਦੇ ਲਗਭਗ ਹੈ। ਬਹਰਹਾਲ, ਇਹ ਦੋ-ਪੱਖੀ ਵਪਾਰ ਚੀਨ ਦੇ ਪੱਖ ਵਿੱਚ ਵੱਧ ਹੈ। ਚੀਨ ਸਾਡੇ ਵੱਲ 53 ਅਰਬ ਡਾਲਰ ਦੇ ਨਿਰਯਾਤ ਭੇਜ ਰਿਹਾ ਹੈ, ਜਦੋਂ ਕਿ ਉਸ ਦੇ ਲਈ ਸਾਡੇ ਨਿਰਯਾਤ 17 ਅਰਬ ਡਾਲਰ ਦੇ ਹੀ ਹਨ। ਚੀਨੀ ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਆਯੋਜਿਤ ਵਪਾਰ ਸਿਖ਼ਰ ਬੈਠਕ ਨੂੰ ਸੰਬੋਧਨ ਕਰਦੇ ਹੋਏ ਭਰੋਸਾ ਦਿਵਾਇਆ ਕਿ ਇਸ ਅਸੰਤੁਲਨ ਨੂੰ ਦੂਰ ਕੀਤਾ ਜਾਵੇਗਾ ਅਤੇ ਚੀਨ ਇਹ ਕਰਨ ਲਈ ਜ਼ਰੂਰ ਕਦਮ ਚੁੱਕੇਗਾ।

ਬਹਰਹਾਲ, ਸਾਂਝੇ ਬਿਆਨ ’ਚ ਖੇਤਰੀ ਸਹਿਯੋਗ ਮਜ਼ਬੂਤ ਕਰਨ ’ਤੇ ਵੀ ਕਾਫ਼ੀ ਧਿਆਨ ਦਿੱਤਾ ਗਿਆ ਹੈ। ਦੋਵਾਂ ਦੇਸਾਂ ਵਿੱਚ ਰਣਨੀਤਕ ਆਰਥਿਕ ਚਰਚਾ ਦੇ ਆਧਾਰ ’ਤੇ ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਖੁੱਲ੍ਹੀ ਬਹੁ-ਪੱਖੀ ਵਪਾਰ ਸੰਸਥਾ ਕਾਇਮ ਕਰਨ ਵਿੱਚ ਹੀ ਉਨ੍ਹਾਂ ਦਾ ਹਿਤ ਹੈ। ਉਨ੍ਹਾਂ ਨੇ ਖੇਤਰੀ ਚੌਤਰਫ਼ਾ ਆਰਥਿਕ ਸਾਂਝੇਦਾਰੀ (ਆਰਸੀਈਪੀ) ਲਈ ਗੱਲ ਸ਼ੁਰੂ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਸਾਂਝੇ ਬਿਆਨ ਵਿੱਚ ਬੀਸੀਆਈਐਮ (ਬੰਗਲਾਦੇਸ਼, ਚੀਨ, ਭਾਰਤ ਅਤੇ ਮਿਆਂਮਾਰ) ਵਿੱਚ ਸਹਿਯੋਗ ਵਧਾਉਣ ਵਿੱਚ ਹੋਏ ਵਿਕਾਸ ’ਤੇ ਗੌਰ ਕੀਤਾ ਗਿਆ ਹੈ।

ਦੋਵਾਂ ਪੱਖਾਂ ਵਿੱਚ ਇਸ ’ਤੇ ਸਹਿਮਤੀ ਹੈ ਕਿ ਖੇਤਰੀ ਅਤੇ ਉਪ-ਖੇਤਰੀ ਪ੍ਰਕਿਰਿਆਵਾਂ ਵਿੱਚ ਸਹਿਯੋਗ ਦਾ ਘੇਰਾ ਵਧਾਇਆ ਜਾਵੇ ਅਤੇ ਗੁਆਂਢੀ ਮੁਲਕਾਂ ਨਾਲ ਸਬੰਧ ਵਧਾ ਕੇ ਇੱਕ-ਦੂਜੇ ਦੀ ਮਦਦ ਕੀਤੀ ਜਾਵੇ। ਇਨ੍ਹਾਂ ਖੇਤਰੀ ਪ੍ਰਕਿਰਿਆਾਂ ਵਿੱਚ ਪੂਰਬੀ ਏਸ਼ੀਆ ਸਿਖ਼ਰ, ਸ਼ੰਘਾਈ ਸਹਿਯੋਗ ਸੰਗਠਨ, ਖੇਤਰੀ ਸਹਿਯੋਗ ਲਈ ਦੱਖਣ ਏਸ਼ੀਆਈ ਐਸੋਸੀਏਸ਼ਨ ਅਤੇ ਏਸ਼ੀਆ-ਯੂਰਪ ਬੈਠਕ ਸ਼ਾਮਲ ਹਨ।

ਜਿੱਥੋਂ ਤੱਕ ਕੌਮਾਂਤਰੀ ਹਾਲਤਾਂ ਦਾ ਸਵਾਲ ਹੈ, ਸਾਂਝੇ ਬਿਆਨ ਵਿੱਚ ਸਮਕਾਲੀਨ ਮਹੱਤਵ ਦੇ ਸਾਰੇ ਮੁੱਦਿਆਂ ’ਤੇ ਚੌਤਰਫ਼ਾ ਤਰੀਕੇ ਨਾਲ਼ ਸਾਂਝਾ ਰੁੱਖ ਅਪਣਾਇਆ ਗਿਆ ਹੈ। ‘‘ਕੌਮਾਂਤਰੀ ਮੁੱਦਿਆਂ ’ਤੇ ਆਪਣੀ ਨੇੜਤਾ ਨੂੰ ਦਰਜ ਕਰਦੇ ਹੋਏ ਦੋਵੇਂ ਪੱਖ ਇਸ ’ਤੇ ਸਹਿਮਤ ਹੋਏ ਕਿ ਸੰਯੁਕਤ ਰਾਸ਼ਟਰ ਸੰਘ ਅਤੇ ਬਹੁ-ਪੱਖੀ ਮੰਚਾਂ ’ਤੇ ਆਪਣਾ ਸਹਿਯੋਗ ਵਧਾਇਆ ਜਾਵੇ। ਚੀਨ ਕੌਮਾਂਤਰੀ ਮਾਮਲਿਆਂ ਵਿੱਚ ਇੱਕ ਵੱਡੇ ਵਿਕਾਸਸ਼ੀਲ ਦੇਸ਼ ਦੇ ਰੂਪ ਵਿੱਚ ਭਾਰਤ ਦੀ ਹੈਸੀਅਤ ਨੂੰ ਬਹੁਤ ਮਹੱਤਵ ਦਿੰਦਾ ਹੈ, ਸੁਰੱਖਿਆ ਪ੍ਰੀਸ਼ਦ ਸਮੇਤ ਸੰਯੁਕਤ ਰਾਸ਼ਟਰ ਸੰਘ ਵਿੱਚ ਵੱਡੀ ਭੂਮਿਕਾ ਅਦਾ ਕਰਨ ਦੀ ਭਾਰਤ ਦੀ ਲਾਲਸਾ ਨੂੰ ਸਮਝਦਾ ਹੈ ਅਤੇ ਆਪਣਾ ਸਮਰਥਨ ਦਿੰਦਾ ਹੈ।

ਕੌਮਾਂਤਰੀ ਮੁੱਦਿਆਂ ’ਤੇ ਨੇੜਤਾ ’ਚ ਇੱਕ ਕੌਮਾਂਤਰੀ ਅਮਨ, ਸੁਰੱਖਿਆ ਅਤੇ ਵਿਕਾਸ ਲਈ, ਬਹੁ-ਧਰੁਵੀ ਦੁਨੀਆਂ ਨੂੰ ਅੱਗੇ ਵਧਾਉਣਾ ਵੀ ਸ਼ਾਮਲ ਹੋਵੇਗਾ। ਕੌਮਾਂਤਰੀ ਮਹੱਤਵ ਦੇ ਹੋਰ ਮੁੱਦਿਆਂ ’ਤੇ ਭਾਰਤ ਅਤੇ ਚੀਨ ਸਾਂਝੇ ਹਿਤ ਰੱਖਦੇ ਹਨ, ਜਿਵੇਂ ਕੁਦਰਤੀ ਬਦਲਾਅ, ਕੌਮਾਂਤਰੀ ਵਪਾਰ ਸੰਗਠਨ ਦਾ ਦੋਹਾ ਦੌਰ, ੳੂਰਜਾ ਅਤੇ ਅੰਨ ਸੁਰੱਖਿਆ, ਕੌਮਾਂਤਰੀ ਵਿੱਤੀ ਸੰਸਥਾਵਾਂ ਵਿੱਚ ਸੁਧਾਰ ਅਤੇ ਕੌਮਾਂਤਰੀ ਪ੍ਰਸ਼ਾਸਨ।

ਦੋਵੇਂ ਪੱਖਾਂ ਨੇ ਆਪਣੇ ਸਾਰੇ ਰੂਪਾਂ ਵਿੱਚ ਦਹਿਸ਼ਤਵਾਦ ਦੇ ਖ਼ਿਲਾਫ਼ ਕਰੜਾ ਵਿਰੋਧ ਦੁਹਰਾਇਆ ਅਤੇ ਦਹਿਸ਼ਤਵਾਦ ਦਾ ਮੁਕਾਬਲਾ ਕਰਨ ’ਤੇ ਸਹਿਯੋਗ ਲਈ ਖ਼ੁਦ ਨੂੰ ਕਰਾਰਬੱਧ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਾਰੇ ਪ੍ਰਸਤਾਵਾਂ ਅਤੇ ਖ਼ਾਸ ਤੌਰ ’ਤੇ ਪ੍ਰਸਤਾਵ 1267, 1373, 1540 ਅਤੇ 1624 ਨੂੰ ਲਾਗੂ ਕਰਨ ’ਤੇ ਵੀ ਜ਼ੋਰ ਦਿੱਤਾ।

ਕੁਲ ਮਿਲਾ ਕੇ ਚੀਨੀ ਪ੍ਰਧਾਨ ਮੰਤਰੀ ਦੀ ਇਸ ਫੇਰੀ ਨਾਲ਼ ਅਤੇ ਇਸ ਦੌਰਾਨ ਦੋਵੇਂ ਪੱਖਾਂ ਦੇ ਸਬੰਧਾਂ ’ਤੇ ਅਤੇ ਸਾਂਝੇ ਹਿੱਤ ਦੇ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਇਮਾਨਦਾਰ ਅਤੇ ਬੇਲਾਗ ਕਰੀਕੇ ਨਾਲ਼ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਉਸ ਨਾਲ ਦੱਖਣੀ-ਏਸ਼ੀਆ ਦੇ ਇਨ੍ਹਾਂ ਦੋਵੇਂ ਗੁਆਂਢੀ ਦੇਸ਼ਾਂ ਵਿੱਚ ਸਬੰਧਾਂ ਨੂੰ ਸੁਧਾਰਨ ਵਿੱਚ ਬਹੁਤ ਮਦਦ ਮਿਲੇਗੀ ਅਤੇ ਇਸ ਦਾ ਕੌਮਾਂਤਰੀ ਹਾਲਾਤ ’ਤੇ ਵੀ ਕਾਫ਼ੀ ਦੂਰ ਤੱਕ ਸਕਾਰਾਤਮਕ ਅਸਰ ਪਵੇਗਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ