ਪੰਜਾਬ ਦੇ ਮਸਲਿਆਂ ਲਈ ਸਾਂਝੇ ਸੰਘਰਸ਼ ਦੀ ਲੋੜ -ਕਾਬਲ ਸਿੰਘ ਛੀਨਾ
Posted on:- 06-06-2013
ਪੰਜਾਬ ਦੇ ਸਾਰੇ ਵਰਗਾਂ ਦੇ ਲੋਕ, ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ, ਭਾਰੀ ਆਰਥਿਕ ਸੰਕਟ ਦੇ ਬੋਝ ਹੇਠ ਦੱਬੇ, ਮਾਨਸਿਕ ਤਣਾਅ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ।
ਸੂਬੇ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਸਮਝੀ ਜਾਂਦੀ ਪੰਜਾਬ ਦੀ ਕਿਸਾਨੀ ਦਿਨੋਂ-ਦਿਨ ਖੇਤੀ ਜੋਤਾਂ ਛੋਟੀਆਂ ਹੋਣ ਰਕੇ, ਖੇਤੀ 'ਤੇ ਲਾਗਤ ਖ਼ਰਚੇ ਵਧਣ ਤੇ ਜਿਣਸਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਆੜ੍ਹਤੀਆਂ, ਬੈਂਕਾਂ, ਸੁਸਾਇਟੀਆਂ ਅਤੇ ਹੋਰ ਅਦਾਰਿਆਂ ਤੋਂ ਲਏ ਗਏ ਕਰਜ਼ੇ ਦੇ ਬੋਝ ਹੇਠ ਦੱਬ ਕੇ ਅੰਤਮ ਸਾਹ ਲੈ ਰਹੀ ਹੈ। ਪੰਜਾਬ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਪੰਜਾਬ ਦੇ ਪਿੰਡਾਂ ਦਾ ਖੇਤ ਮਜ਼ਦੂਰ ਖੇਤੀ ਦੇ ਮਸ਼ੀਨੀਕਰਨ ਭੱਠੇ ਬੰਦ ਹੋਣ ਤੇ ਰੇਤਾ, ਬੱਜਰੀ ਦਾ ਭਾਅ ਅਸਮਾਨੀ ਚੜ੍ਹਨ ਕਾਰਨ ਉਸਾਰੀ ਦਾ ਕੰਮ ਬੰਦ ਹੋਣ ਕਰਕੇ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ। ਇਸੇ ਤਰ੍ਹਾਂ ਸੂਬੇ ਵਿੱਚ ਨਵੇਂ ਕਾਰਖਾਨੇ ਲੱਗ ਨਹੀਂ ਰਹੇ ਤੇ ਪੁਰਾਣੇ ਕਾਰਖਾਨੇ ਬੰਦ ਹੋਣ ਕਰਕੇ ਪੰਜਾਬ ਦਾ ਸਨਅਤੀ ਮਜ਼ਦੂਰ ਬੇਰੁਜ਼ਗ਼ਾਰ ਹੋਇਆ ਭੁੱਖਮਰੀ ਦਾ ਸ਼ਿਕਾਰ ਹੋ ਕੇ ਸੜਕਾਂ ਤੇ ਘੱਟਾ ਫੱਕਣ ਲਈ ਮਜਬੂਰ ਹੈ।
ਵਪਾਰੀਕਰਨ ਹੋਣ ਕਾਰਨ ਵਿੱਦਿਆ ਗ਼ਰੀਬ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਪ੍ਰਾਈਵੇਟ ਸਕੂਲ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੀਆਂ ਮੈਨੇਜਮੈਂਟਾਂ ਨੇ ਫੀਸਾਂ, ਉਂਡਾਂ ਵਿੱਚ ਭਾਰੀ ਵਾਧਾ ਕਰਕੇ ਵਿਦਿਆਰਥੀਆਂ ਕੋਲੋਂ ਪੜ੍ਹਨ ਦਾ ਸੰਵਿਧਾਨਿਕ ਹੱਕ ਖੋਹ ਕੇ ਵਿੱਦਿਆ ਇੱਕ ਤਰ੍ਹਾਂ ਨਾਲ ਅਮੀਰ ਬੱਚਿਆਂ ਦੀ ਸ਼੍ਰੇਣੀ ਲਈ ਰਾਖਵੀਂ ਕਰ ਦੱਤੀ ਹੈ। ਦੂਸਰੇ ਪਾਸੇ ਜਨਤਕ ਖੇਤਰ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਤੇ ਕਈ ਸਾਲਾਂ ਤੋਂ ਸਾਰੇ ਮਹਿਕਮਿਆਂ ਵਿੱਚ ਪੱਕੀ ਭਰਤੀ ਬੰਦ ਕਰਕੇ ਉੱਚ ਪੱਧਰੀ ਪੜ੍ਹਾਈ ਤੋਂ ਬਾਅਦ ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚੋਂ ਨਿਕਲੇ ਵਿਦਿਆਰਥੀਆਂ ਨੂੰ ਬੇਰੁਜ਼ਗਾਰੀ ਦਾ ਭੱਠੀ ਦਾ ਬਾਲਣ ਬਣਾਇਆ ਜਾ ਰਿਹਾ ਹੈ। ਉੱਚ ਪੱਧਰੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਨਾ ਮਿਲਣ ਕਾਰਨ ਇਹ ਨੌਜਵਾਨ ਨਾ ਘਰ ਦੇ ਰਹਿੰਦੇ ਹਨ, ਨਾ ਘਾਟ ਦੇ। ਕਈ ਨੌਜਵਾਨ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲੈਂਦੇ ਹਨ।
ਵੇਖਣ ਸੁਣਨ ਨੂੰ ਖੁਸ਼ਹਾਲ ਸਮਝੇ ਜਾਂਦੇ ਪੰਜਾਬ ਦੇ ਮੁਲਾਜ਼ਮਾਂ ਦੀ ਅੰਦਰੂਨੀ ਹਾਲਤ ਵੀ ਬਹੁਤ ਮਾੜੀ ਹੈ। ਉਨ੍ਹਾਂ ਦੀ ਤਨਖਾਹਾਂ ਦਾ ਵੱਡਾ ਹਿੱਸਾ ਹਾਊਸ ਲੋਨ, ਬੱਚਿਆਂ ਦੀ ਉੱਚ ਪੜ੍ਹਾਈ ਲਈ ਲਏ ਕਰਜ਼ੇ ਦੀਆਂ ਕਿਸ਼ਤਾਂ ਅਤੇ ਕਰਜ਼ਾ, ਇਨਕਮ ਟੈਕਸ ਵਿੱਚ ਕੱਟਿਆ ਜਾਂਦਾ ਹੈ ਤੇ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਹੋਰ ਕਰਜ਼ਾ ਲੈਣਾ ਪੈਂਦਾ ਹੈ। ਸੇਵਾ ਮੁਕਤ ਮੁਲਾਜ਼ਮਾਂ ਦੀਆਂ ਖ਼ਾਲੀ ਸੀਟਾਂ 'ਤੇ ਭਰਤੀ ਨਾ ਕੀਤੇ ਜਾਣ ਕਾਰਨ ਕੰਮ ਦਾ ਬੋਝ ਵਧ ਰਿਹਾ ਹੈ। ਵਿੱਚ ਰਾਜਸੀ ਦਖ਼ਲ ਅੰਦਾਜ਼ੀ ਹੱਦੋਂ ਵਧ ਗਈ ਹੈ। ਸਮੇਂ ਸਿਰ ਤਨਖਾਹਾਂ ਨਾ ਮਿਲਣ ਕਰਕੇ ਇਹ ਮੁਲਾਜ਼ਮ ਵਰਗ ਭਾਰੀ ਮਾਨਸਿਕ ਬੋਝ ਹੇਠ ਦਬਿਆ ਆਪਣੀ ਡਿਊਟੀ ਕਰ ਰਿਹਾ ਹੈ।
ਦੇਸੀ ਅਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਨੂੰ ਹਰੇਕ ਖ਼ੇਤਰ ਵਿੱਚ ਪੈਸਾ ਲਾਉਣ ਦਾ ਖੁੱਲ੍ਹਾ ਅਧਿਕਾਰ ਦੇਣ ਕਾਰਨ ਪੰਜਾਬ ਵਿੱਚ ਚੱਲ ਰਹੇ ਦਰਮਿਆਨੇ ਤੇ ਛੋਟੇ ਵਪਾਰਕ ਅਦਾਰੇ ਘਾਟੇ ਵਿੱਚ ਜਾਣ ਕਰਕੇ ਪੰਜਾਬ ਦਾ ਵਪਾਰੀ ਵਰਗ ਵੀ ਇਸ ਸਮੇਂ ਭਾਰੀ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।
ਇਸ ਤੋਂ ਇਲਾਵਾ ਭ੍ਰਿਸ਼ਟਾਚਾਰ, ਲੁੱਟ-ਖੋਹ ਦਾ ਵਧਣਾ, ਭੂ ਮਾਫ਼ੀਆ ਵੱਲੋਂ ਭੋਲੇ ਭਾਲੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ 'ਤੇ ਨਜਾਇਜ਼ ਕਬਜ਼ੇ ਕਰਨੇ, ਸਿਆਸੀ ਵਿਰੋਧੀਆਂ 'ਤੇ ਝੂਠੇ ਮੁਕੱਦਮੇ ਦਰਜ ਕਰਾ ਕੇ ਉਨ੍ਹਾਂ ਨੂੰ ਜੇਲ੍ਹ ਦਾ ਰਸਤਾ ਵਿਖਾਉਣਾ, ਸਥਾਨਕ ਅਦਾਰਿਆਂ ਦੀਆਂ ਚੋਣਾਂ ਵਿੱਚ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾ ਕੇ, ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚੋਂ ਬਾਹਰ ਧੱਕ ਕੇ ਆਪਣੇ ਚਹੇਤਿਆਂ ਨੂੰ ਸਿਆਸੀ ਅਹੁਦੇ ਦੇ ਕੇ ਵਿਰੋਧੀਆਂ ਨੂੰ ਚੁਣਨ ਦਾ ਅਤੇ ਚੁਣੇ ਜਾਣ ਦਾ ਸੰਵਿਧਾਨਿਕ ਹੱਕ ਖੋਹ ਕੇ ਉਹਨਾਂ ਦੇ ਜਮਹੂਰੀ ਹੱਕ 'ਤੇ ਛਾਪਾ ਮਾਰਨਾ, ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਆਟਾ ਦਾਲ਼ ਸਕੀਮ, ਤੋਂ ਸਿਆਸੀ ਵਿਰੋਧੀਆਂ ਨੂੰ ਵਾਂਝਾ ਕਰਨਾ, ਸਰਕਾਰੀ ਸਕੂਲ ਬੰਦ ਕਰਨੇ ਜਮਹੂਰੀ ਤਰੀਕੇ ਨਾਲ ਸੰਘਰਸ਼ ਕਰ ਰਹੇ ਲੋਕਾਂ ਤੇ ਸਰਕਾਰੀ ਜਬਰ ਕਰਨਾ ਆਦਿ ਮਸਲਿਆਂ ਨਾਲ ਵੀ ਪੰਜਾਬ ਦੀ ਜਨਤਾ ਜੂਝ ਰਹੀ ਹੈ।
ਜਦੋਂ ਪੰਜਾਬ ਦੀ ਜਨਤਾ ਸਮੱਸਿਆਵਾਂ ਦੇ ਸਮੁੱਦਰ ਵਿੱਚ ਗਲ਼ ਤੱਕ ਡੁੱਬੀ ਹੋਵੇ ਉਸ ਸਮੇਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਸੰਜੀਦਾ ਹੋ ਕੇ ਲੋਕ ਮਸਲਿਆਂ ਦੇ ਹੱਲ ਲਈ ਸਰਕਾਰ ਵਿਰੁੱਧ ਵਿਆਪਕ ਪੱਧਰ 'ਤੇ ਸੰਘਰਸ਼ ਕਰਨ ਲਈ ਅੱਗੇ ਲਾਮਬੰਦ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਵਿਸ਼ਾਲ ਏਕਤਾ ਉਸਾਰ ਕੇ ਸਾਂਝਾ ਸੰਘਰਸ਼ਾਂ ਰਾਹੀਂ ਲੋਕ ਲਹਿਰ ਪੈਦਾ ਕਰਨੀ ਪਵੇਗੀ, ਤਾਂ ਜਾ ਕਿ ਲੋਕਾਂ ਦੇ ਮਸਲੇ ਹੱਲ ਹੋਣਗੇ।