ਨੌਜਵਾਨ ਗ਼ਦਰੀ ਯੋਧਾ: ਕਰਤਾਰ ਸਿੰਘ ਸਰਾਭਾ - ਮਨਦੀਪ
Posted on:- 22-05-2013
1896 'ਚ 23 ਮਈ ਦੇ ਦਿਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਤੇ ਪਿਤਾ ਮੰਗਲ ਸਿੰਘ ਦੇ ਘਰ ਕਰਤਾਰ ਸਿੰਘ ਨਾਂ ਦੇ ਬਾਲ ਨੇ ਜਨਮ ਲਿਆ ਸੀ। ਹਿੰਦੁਸਤਾਨ ਦੀ ਧਰਤੀ 'ਤੇ ਉਸੇ ਸਾਲ, ਉਸੇ ਦਿਨ ਕਿੰਨੇ ਹੀ ਹੋਰ ਬੱਚੇ ਜਨਮੇ ਸਨ ਪਰ ਅੱਜ ਅਸੀਂ ਇੱਕੀਵੀਂ ਸਦੀ ਵਿਚ 117 ਸਾਲ ਪਹਿਲਾਂ ਜਨਮੇ ਕਰਤਾਰ ਸਿੰਘ ਨੂੰ ਹੀ ਵਿਸ਼ੇਸ਼ ਤੌਰ 'ਤੇ ਯਾਦ ਕਰ ਰਹੇ ਹਾਂ। ਉਸ ਕਰਤਾਰ ਸਿੰਘ ਨੂੰ, ਜੋ ਕ੍ਰਾਂਤੀਕਾਰੀ ਭਗਤ ਸਿੰਘ ਦਾ ਪ੍ਰੇਰਨਾ ਸ੍ਰੋਤ ਵੀ ਰਿਹਾ ਤੇ ਉਸਤੋਂ ਅਗਲੀਆਂ ਪੀੜ੍ਹੀਆਂ ਦਾ ਵੀ।
ਬਚਪਨ 'ਚ ਹੀ ਉਸਦੇ ਮਾਤਾ-ਪਿਤਾ ਦਾ ਦੇਹਾਂਤ ਹੋਣ ਕਾਰਨ ਕਰਤਾਰ ਸਿੰਘ ਤੇ ਭੈਣ ਧੰਨ ਕੌਰ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਦਾਦਾ ਬਦਨ ਸਿੰਘ ਨੇ ਕੀਤਾ। ਕਰਤਾਰ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ 'ਚੋਂ ਅੱਵਲ ਰਹਿ ਕੇ ਪਾਸ ਕੀਤੀ ਅਤੇ ਲੁਧਿਆਣਾ ਸ਼ਹਿਰ 'ਚ ਪੜ੍ਹਦਿਆਂ ਮੈਟ੍ਰਿਕ ਉੜੀਸਾ ਤੋਂ ਪਾਸ ਕੀਤੀ। ਪੰਦਰਾਂ ਸਾਲ ਦੀ ਉਮਰ 'ਚ ਉੜੀਸਾ ਦੇ ਰੇਵਨਸ਼ਾ ਕਾਲਜ ਤੋਂ ਗਿਆਰ੍ਹਵੀਂ ਪਾਸ ਕਰਦਿਆਂ 1 ਜਨਵਰੀ 1912 ਨੂੰ ਅਮਰੀਕਾ ਪਹੁੰਚ ਕੇ ਉਥੋਂ ਦੀ ਬਰਕਲੇ ਯੂਨੀਵਰਸਿਟੀ 'ਚ ਕੈਮਿਸਟਰੀ ਦੇ ਵਿਦਿਆਰਥੀ ਵਜੋਂ ਦਾਖ਼ਲਾ ਲਿਆ। ਬਰਕਲੇ ਯੂਨੀਵਰਸਿਟੀ ਦੇ ਹੋਸਟਲ 'ਚ ਰਹਿਣ ਵਾਲੇ ਤੀਹ ਪੰਜਾਬੀ ਤੇ ਬੰਗਾਲੀ ਵਿਦਿਆਰਥੀ ਲਾਲਾ ਹਰਦਿਆਲ ਦੇ ਸੰਪਰਕ ਵਿਚ ਆਏ।
ਲਾਲਾ ਹਰਦਿਆਲ ਦੇ ਦੇਸ਼ ਭਗਤੀ ਵਾਲੇ ਵਿਚਾਰਾਂ ਨੇ ਵਿਦਿਆਰਥੀਆਂ ਅੰਦਰ ਕੌਮੀ ਪਹਿਚਾਣ ਤੇ ਸਵੈਮਾਨ ਦਾ ਜਜ਼ਬਾ ਪੈਦਾ ਕੀਤਾ। ਉਸ ਸਮੇਂ ਸੰਸਾਰ ਪੱਧਰੀਆਂ ਸਮਾਜਿਕ ਹਾਲਤਾਂ ਨੇ ਵੀ ਹਿੰਦੋਸਤਾਨੀ ਵਿਦੇਸ਼ੀ ਨੌਜਵਾਨਾਂ ਦੀ ਸੰਵੇਦਨਾ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੌਜਵਾਨਾਂ ਅੰਦਰ 1857 ਦੀ ਮਹਾਨ ਬਗ਼ਾਵਤ ਦੀ ਚਿਣਗ ਵੀ ਸੀ ਤੇ ਹਿੰਦੋਸਤਾਨ ਦੀ ਧਰਤੀ 'ਤੇ ਵਾਪਰਦਾ ਬਰਤਾਨਵੀ ਲੁੱਟ-ਜਬਰ ਦਾ ਦਰਦ ਵੀ ਸੀ, ਜੋ ਉਨ੍ਹਾਂ ਨੂੰ ਕੁਝ ਕਰ-ਗੁਜ਼ਰਨ ਲਈ ਪ੍ਰੇਰਦਾ। ਇਨ੍ਹਾਂ ਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੂੰ ‘ਭਾਰਤੀ ਕੁੱਤੇ', ‘ਨਖਿੱਧ ਹਿੰਦੂ', ‘ਕਾਲੇ ਆਦਮੀ', ‘ਗੁਲਾਮ ਭੇਡਾਂ' ਆਦਿ ਵਿਸ਼ੇਸ਼ਣਾ ਨਾਲ ਪੁਕਾਰਿਆ ਜਾਂਦਾ। ਵਿਦੇਸ਼ਾਂ 'ਚ ਕਮਾਈਆਂ ਕਰਨ ਗਏ ਥੁੜਾਂ ਮਾਰੇ ਭਾਰਤੀ ਤੇ ਸਿੱਖਿਆ ਹਾਸਿਲ ਕਰਨ ਗਏ ਮੱਧਵਰਗੀ ਵਿਦਿਆਰਥੀ ਦੋਵੇਂ ਯੂਰਪੀ ਦੇਸ਼ਾਂ ਅੰਦਰਲੇ ਰਾਸ਼ਟਰੀ ਚੇਤਨਾ ਅੰਦੋਲਨਾਂ ਤੋਂ ਪ੍ਰਭਾਵਿਤ ਹੋ ਕੇ ਭੁੱਖ-ਨੰਗ ਤੇ ਜ਼ਹਾਲਤ ਨਾਲ ਘੁਲ ਰਹੇ, ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਵਤਨ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਤੱਕਣ ਲੱਗੇ।
ਲਾਲਾ ਹਰਦਿਆਲ, ਭਾਈ ਪਰਮਾਨੰਦ, ਸ਼ਿਆਮ ਜੀ, ਕ੍ਰਿਸ਼ਨ ਵਰਮਾ ਵਰਗੇ ਸੰਗਰਾਮੀਆਂ ਦੇ ਸੰਪਰਕ 'ਚ ਆਉਣ 'ਤੇ ਕਰਤਾਰ ਸਿੰਘ ਸਰਾਭਾ ਰਾਜਨੀਤਕ ਗਤੀਵਿਧੀਆਂ 'ਚ ਹਿੱਸਾ ਲੈਣ ਲੱਗਦਾ ਹੈ। ਇੰਗਲੈਂਡ, ਅਮਰੀਕਾ, ਫਰਾਂਸ, ਜਪਾਨ, ਜਰਮਨੀ ਸਮੇਤ ਅਨੇਕਾਂ ਦੇਸ਼ਾਂ ਅੰਦਰ ਬੈਠੇ ਭਾਰਤੀ ਆਜ਼ਾਦੀ ਸੰਗਰਾਮ ਲਈ ਆਪਸੀ ਤਾਲਮੇਲ ਸਥਾਪਿਤ ਕਰਨ, ਲੋਕਾਂ ਤੇ ਉਦੇਸ਼ ਪ੍ਰਾਪਤੀ ਲਈ ਮੁੱਢਲੇ ਰੂਪ ਵਿਚ ਅਨੇਕਾਂ ਭਾਂਤ ਦੇ ਪਰਚੇ ਵੱਖ-ਵੱਖ ਪੱਧਰ 'ਤੇ ਕੱਢੇ ਜਾਣ ਲੱਗੇ। ਇਨ੍ਹਾਂ ਸੰਗਰਾਮੀਆਂ ਵੱਲੋਂ 21 ਅਪ੍ਰੈਲ 1913 ਨੂੰ ‘ਹਿੰਦੀ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ' ਨਾਂ ਦੀ ਜਥੇਬੰਦੀ ਦੀ ਨੀਂਹ ਰੱਖੀ ਗਈ, ਜਿਸ ਵਿਚ ਨੌਜਵਾਨ ਸਰਾਭਾ ਵੀ ਸ਼ਾਮਿਲ ਹੋਇਆ। ਸਰਾਭਾ ਸ਼ੁਰੂ ਤੋਂ ਹੀ ਲੀਡਰਸ਼ਿਪ ਵਾਲੇ ਗੁਣਾਂ ਵਾਲਾ ਹੋਣਹਾਰ ਨੌਜਵਾਨ ਸੀ।
‘ਹਿੰਦੀ ਐਸੋਸੀਏਸ਼ਨ' ਦੇ ਪਹਿਲੇ ਪ੍ਰਧਾਨ ਸੋਹਣ ਸਿੰਘ ਭਕਨਾ, ਉਪ ਪ੍ਰਧਾਨ ਕੇਸਰ ਸਿੰਘ, ਜਨਰਲ ਸਕੱਤਰ ਲਾਲਾ ਹਰਦਿਆਲ, ਜੁਆਇੰਟ ਸਕੱਤਰ ਠਾਕੁਰ ਦਾਸ ਧੂਰੀ ਤੇ ਵਿੱਤ ਸਕੱਤਰ ਪੰਡਤ ਕਾਸ਼ੀ ਰਾਮ ਮੰਡੋਲੀ ਬਣੇ। 1857 ਦੇ ਗ਼ਦਰ ਤੋਂ ਪ੍ਰੇਰਿਤ ਹੋ ‘ਗ਼ਦਰ' ਨਾਂ ਦਾ ਅਖ਼ਬਾਰ ਕੱਢਣ ਦੀ ਤਜਵੀਜ਼ ਪਾਸ ਹੋਈ। ਬੰਗਾਲ ਦੀ ਇਨਕਲਾਬੀ ਲਹਿਰ ਤੇ ਅਖ਼ਬਾਰ ‘ਯੁਗਾਂਤਰ' ਦੇ ਨਾਮ 'ਤੇ ਸਾਨਫਰਾਂਸਿਸਕੋ 'ਚ ‘ਯੁਗਾਂਤਰ ਆਸ਼ਰਮ' ਬਣਾਇਆ ਗਿਆ। ਇਸੇ ਹੈਡਕੁਆਟਰ ਤੋਂ 1 ਨਵੰਬਰ 1913 ਨੂੰ ‘ਗ਼ਦਰ' ਅਖ਼ਬਾਰ ਦਾ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ ਗਿਆ। ਜਲਦ ਹੀ ਪੰਜਾਬੀ ਐਡੀਸ਼ਨ ਕੱਢਿਆ ਜਾਣ ਲੱਗਿਆ, ਜਿਸਦਾ ਸੰਪਾਦਕ ਸਰਾਭਾ ਨੂੰ ਬਣਾਇਆ ਗਿਆ। ‘ਗਦਰ' ਅਖ਼ਬਾਰ ਵਿਚ ਸਰਾਭਾ ਦੀ ਸਰਗਰਮ ਭੂਮਿਕਾ ਰਹੀ। ਉਹ ਇਤਿਹਾਸ ਤੇ ਰਾਜਨੀਤਕ ਸੋਝੀ ਵਾਲਾ ਪ੍ਰਤਿਭਾਸ਼ਾਲੀ ਨੌਜਵਾਨ ਸੀ। ਪੜ੍ਹਨ ਗਏ ਉਸ ਗੱਭਰੂ ਨੇ ਦੋ ਸੌ ਡਾਲਰ ‘ਗ਼ਦਰ' ਲਈ ਲਾਲਾ ਹਰਦਿਆਲ ਨੂੰ ਸੌਂਪ ਦਿੱਤੇ। ਉਹ ਕੁਲਵਕਤੀ ਵਜੋਂ ਅਖ਼ਬਾਰ ਲਈ ਅਣਥੱਕ ਮਿਹਨਤ ਕਰਦਾ ਤੇ ਭੋਜਨ, ਕੱਪੜਾ ਆਦਿ ਨਿੱਜੀ ਲੋੜਾਂ ਲਈ ਮਹੀਨਾਵਾਰ ਪਾਰਟੀ ਤੋਂ ਸਿਰਫ਼ ਦੋ ਰੁਪਏ ਹਾਸਿਲ ਕਰਦਾ। ਸਤਾਰਾਂ ਸਾਲਾ ਅੱਲੜ੍ਹ ਨੌਜਵਾਨ ਸਰਾਭਾ ਪਾਰਟੀ ਦੇ ਜਥੇਬੰਦਕ ਕੰਮਾਂ ਤੋਂ ਇਲਾਵਾ ਅਖ਼ਬਾਰ ਨੂੰ ਉਰਦੂ ਤੇ ਪੰਜਾਬੀ ਵਿਚ ਅਨੁਵਾਦ ਕਰਨ, ਪਹਿਲਾਂ ਸਾਈਕਲੋਸਟਾਇਲ ਤੇ ਫਿਰ ਮਸ਼ੀਨ 'ਤੇ ਟਾਈਪ ਕਰਨ ਤੇ ਅਖ਼ਬਾਰ ਨੂੰ ਡਾਕ ਰਾਹੀਂ ਭੇਜਣ ਦਾ ਕੰਮ ਪੂਰੇ ਉਤਸ਼ਾਹ ਨਾਲ ਕਰਦਾ। ਸਰਾਭਾ ਨੇ ਨਿਊਯਾਰਕ ਵਿਚ ਹਵਾਈ ਜਹਾਜ਼ ਕੰਪਨੀ ਵਿਚ ਭਰਤੀ ਹੋ ਕੇ ਜਹਾਜ਼ ਚਲਾਉਣ ਦੀ ਟ੍ਰੇਨਿੰਗ ਹਾਸਿਲ ਕੀਤੀ। ਸਰਾਭਾ ਤੇ ਉਸਦੇ ਸਾਥੀਆਂ ਦੀ ਅਣਥੱਕ ਘਾਲਣਾ ਕਾਰਨ ਬਹੁਤ ਥੋੜ੍ਹੇ ਅਰਸੇ ਵਿਚ ਅਖ਼ਬਾਰ ਨੇ ਨਵੀਂ ਤੇ ਤਿੱਖੀ ਹਲਚਲ ਪੈਦਾ ਕਰ ਦਿੱਤੀ।
ਏਨ੍ਹੀਂ ਦਿਨੀਂ ਕਾਮਾਗਾਟਾਮਾਰੂ ਜਹਾਜ਼ ਦੀ ਦਰਦਨਾਕ ਘਟਨਾ ਵਾਪਰੀ। ਮਲਾਇਆ ਦੇ ਅਮੀਰ ਠੇਕੇਦਾਰ ਗੁਰਦਿੱਤ ਸਿੰਘ ਨੇ ਗੁਰੂ ਨਾਨਕ ਨੇਵੀਗੇਸ਼ਨ ਕੰਪਨੀ ਬਣਾ ਕੇ ਕਾਮਾਗਾਟਾਮਾਰੂ ਨਾਂ ਦਾ ਜਹਾਜ਼ ਕਿਰਾਏ 'ਤੇ ਲਿਆ ਤੇ ਭਾਰਤੀਆਂ ਦੀ ਮਦਦ ਲਈ 376 ਯਾਤਰੀਆਂ ਨੂੰ ਲੈ ਕੇ ਹਾਂਗਕਾਂਗ ਤੋਂ ਕੈਨੇਡਾ ਵੱਲ ਨੂੰ ਚੱਲ ਪਏ ਪਰੰਤੂ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ ਉੱਪਰ ਨਾ ਉਤਰਨ ਦਿੱਤਾ ਤੇ ਭਾਰਤ ਵਾਪਿਸ ਪਰਤਣ ਲਈ ਮਜ਼ਬੂਰ ਕਰ ਦਿੱਤਾ। ਉਧਰ ਇਨ੍ਹਾਂ ਯਾਤਰੀਆਂ ਨੂੰ ਭਾਰਤ ਪੁੱਜਣ 'ਤੇ ਕਲਕੱਤਾ ਦੇ ਬਜਬਜਘਾਟ 'ਤੇ ਬਰਤਾਨਵੀਂ ਹਕੂਮਤ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ। ਵੀਹ ਮੁਸਾਫ਼ਰ ਅੰਗਰੇਜ਼ ਹਕੂਮਤ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ। 203 ਨੂੰ ਜੇਲ੍ਹ ਅੰਦਰ ਬੰਦ ਕਰ ਦਿੱਤਾ ਗਿਆ। ਇਸ ਜਹਾਜ਼ ਦੇ ਯਾਤਰੀਆਂ ਨਾਲ ਗ਼ਦਰ ਪਾਰਟੀ ਦਾ ਲਗਾਤਾਰ ਸੰਪਰਕ ਰਿਹਾ। ਸਰਾਭਾ ਉਨ੍ਹਾਂ ਸਭਨਾਂ ਤੱਕ ‘ਗ਼ਦਰ' ਅਖ਼ਬਾਰ ਤੇ ਹਥਿਆਰ ਪਹੁੰਚਾਉਣ ਦਾ ਕੰਮ ਕਰਦਾ। ਇਸ ਘਟਨਾ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਵਿਚਲੇ ਗ਼ਦਰੀਆਂ ਨੇ ਪਹਿਲੇ ਵਿਸ਼ਵ ਯੁੱਧ ਦੇ ਹਾਲਤਾਂ ਨੂੰ ਅੰਗਦਿਆਂ ਦੇਸ਼ 'ਚ ਹਥਿਆਰਬੰਦ ਗ਼ਦਰ ਕਰਨ ਦਾ ਐਲਾਨ ਕੀਤਾ। ਇਸ ਐਲਾਨ ਨੂੰ ਗ਼ਦਰ ਅਖ਼ਬਾਰ ਵਿਚ ਛਾਪਿਆ ਗਿਆ। ਫਰੈਜ਼ਨੋ ਤੇ ਸੈਕਰਾਮੈਂਟੋ ਵਿਚ ਪੰਜ ਹਜ਼ਾਰ ਭਾਰਤੀਆਂ ਦਾ ਸੰਮੇਲਨ ਕੀਤਾ ਗਿਆ। ਨਵੰਬਰ 1914 ਦੇ ਪਹਿਲੇ ਹਫ਼ਤੇ ਵਤਨ ਵਾਪਸ ਪਰਤ ਪਿੰਡਾਂ ਤੇ ਫੌਜੀ ਛਾਉਣੀਆਂ 'ਚ ਪ੍ਰਚਾਰ-ਪ੍ਰਸਾਰ ਤੇ ਗ਼ਦਰ ਕਰਨ ਦਾ ਖੁੱਲ੍ਹੇਆਮ ਐਲਾਨ ਕਰ ਦਿੱਤਾ ਗਿਆ। ਆਜ਼ਾਦੀ ਦੀ ਚਾਹਤ 'ਚ ਮਤਵਾਲਾ ਹੋਇਆ ਨੌਜਵਾਨ ਸਰਾਭਾ ਅਗਲੇ ਸੰਮੇਲਨਾਂ ਦੀ ਉਡੀਕ ਕੀਤੇ ਬਿਨਾਂ ਮਹੀਨਾ ਪਹਿਲਾਂ ਪਾਰਟੀ ਪ੍ਰਧਾਨ ਨੂੰ ਪੱਤਰ ਲਿਖ ਰੁਘਵਰ ਦਿਆਲ ਗੁਪਤਾ ਨੂੰ ਨਾਲ ਲੈ ਕੇ 15-16 ਸਤੰਬਰ 1914 ਨੂੰ ਕੈਲੰਬੋ, ਮਦਰਾਸ ਹੁੰਦਾ ਹੋਇਆ ਪੰਜਾਬ ਪਹੁੰਚ ਗਿਆ।
ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ 'ਤੇ ਗ਼ਦਰ ਪਾਰਟੀ ਦੇ ਐਲਾਨ ਤੋਂ ਬਾਅਦ ਲਗਭਗ ਅੱਠ ਹਜ਼ਾਰ ਭਾਰਤੀ ਵਾਪਿਸ ਵਤਨ ਪਰਤੇ। ਪੁਲਿਸ ਵਤਨ ਮੁੜ ਆਇਆਂ ਨੂੰ ਜਾਂ ਤਾਂ ਪਿੰਡਾਂ ਵਿਚ ਹੀ ਨਜ਼ਰਬੰਦ ਕਰ ਦਿੰਦੀ ਜਾਂ ਫਿਰ ਗ੍ਰਿਫ਼ਤਾਰ ਕਰ ਜੇਲ੍ਹੀਂ ਡੱਕ ਦਿੰਦੀ। ਪੁਲਿਸ ਦੇ ਹੱਥ ਨਾ ਆਉਣ ਵਾਲੇ ਗ਼ਦਰੀਆਂ ਵਿਚ ਕਰਤਾਰ ਸਿੰਘ ਸਰਾਭਾ, ਹਰਨਾਮ ਟੁੰਡੀਲਾਟ, ਨਿਧਾਨ ਸਿੰਘ ਚੁੱਘਾ, ਭਾਈ ਭਗਤ ਸਿੰਘ, ਪ੍ਰਿਥਵੀ ਸਿੰਘ, ਪੰਡਤ ਜਗਤ ਰਾਮ, ਭਾਈ ਪਰਮਾਨੰਦ, ਭਾਈ ਜਗਤ ਸਿੰਘ, ਹਾਫ਼ਿਜ਼ ਅਬਦੁੱਲਾ ਤੇ ਗ਼ਦਰੀ ਗੁਲਾਬ ਕੌਰ ਆਦਿ ਸਨ। ਅਨੇਕਾਂ ਗ਼ਦਰੀ ਗ੍ਰਿਫ਼ਤਾਰ ਹੋ ਚੁੱਕੇ ਸਨ। ਬਹੁਤੇ ਗ਼ਦਰੀ ਭਾਰਤੀ ਲੋਕਂ ਦੀ ਬੇਹਰਕਤੀਵਾਲੀ ਹਾਲਤ ਵੇਖ ਕੇ ਨਿਰਾਸ਼ ਹੋ ਗਏ। ਜਾਬਰ ਅੰਗਰੇਜ਼ ਹਕੂਮਤ ਖਿਲਾਫ਼ ਲੜਨ ਲਈ ਭਾਰਤੀ ਲੋਕਾਂ ਵਿਚ ਵਿਦੇਸ਼ ਗਏ ਭਾਰਤੀ ਗ਼ਦਰੀਆਂ ਵਰਗਾ ਉਤਸ਼ਾਹ ਨਹੀਂ ਸੀ। ਉਹ ਗੁਲਾਮੀ ਨੂੰ ਆਪਣੀ ਹੋਣੀ ਮੰਨੀ ਬੈਠੇ ਸਨ ਪਰੰਤੂ ਸਰਾਭੇ ਨੇ ਹਿੰਮਤ ਨਹੀਂ ਹਾਰੀ। 18 ਸਾਲ ਦੀ ਉਮਰ ਵਾਲੇ ਇਸ ਜੋਸ਼ੀਲੇ ਨੌਜਵਾਨ ਨੇ ਗ਼ਦਰੀਆਂ ਦੀ ਅਗਵਾਈ ਕਰਦਿਆਂ ਗੋਰਾਸ਼ਾਹੀ ਦਾ ਫਸਤਾ ਵੱਢਣ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਅਥਾਹ ਸਮਰੱਥਾ ਨਾਲ ਮਿਹਨਤ ਕੀਤੀ। ਉਸਨੇ ਲੁਧਿਆਣੇ ਅੰਦਰ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਮਿਸ਼ਨ ਦੁਆਲੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਉਹ ‘ਗ਼ਦਰ', ‘ਗ਼ਦਰ ਦੀ ਗੂੰਜ', ‘ਐਲਾਨੇ-ਜੰਗ' ਤੇ ਹੋਰ ਸਾਹਿਤ ਨੂੰ ਛਾਪ ਕੇ ਵਿਦਿਆਰਥੀਆਂ ਵਿਚ ਵੰਡਦਾ। ਕਿਧਰੇ ਬੰਗਾਲ ਦੇ ਇਨਕਲਾਬੀਆਂ ਨਾਲ ਤਾਲਮੇਲ ਕਰਦਾ। ਖ਼ੁਦ ਬੰਗਾਲ ਜਾ ਕੇ ਗੁਰੇਂਦਰ ਨਾਥ ਬੈਨਰਜੀ, ਰਾਸਬਿਹਾਰੀ ਬੋਸ ਤੇ ਸਚਿੰਦਰਨਾਥ ਸਨਿਆਲ ਨਾਲ ਰਾਬਤਾ ਕਾਇਮ ਕੀਤਾ। ਪੰਜਾਬ ਅੰਦਰ ਖੰਨਾ, ਅੰਮ੍ਰਿਤਸਰ, ਜਲੰਧਰ ਤੇ ਮੋਗਾ ਇਲਾਕੇ ਵਿਚ ਮੀਟਿੰਗਾਂ ਕੀਤੀਆਂ ਜਾਣ ਲੱਗੀਆਂ। ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਫੌਜ ਨਾਲ ਮਿਲ ਕੇ ਬਗ਼ਾਵਤ ਕਰਨ ਲਈ ਪ੍ਰੇਰਿਆ ਜਾਂਦਾ।
ਸਰਾਭਾ ਭਾਰਤ ਵਿਚ ਗ਼ਦਰ ਪਾਰਟੀ ਦਾ ਸਾਹਿਤ ਛਾਪਣ ਲਈ ਛਾਪਾਖਾਨਾ ਤੇ ਯੁਗਾਂਤਰ ਆਸ਼ਰਮ ਦੀ ਤਰਜ਼ ਦਾ ਕੋਈ ਟਿਕਾਣਾ ਸਥਾਪਿਤ ਕਰਨਾ ਚਾਹੁੰਦਾ ਸੀ, ਜਿਸਦੀ ਤਜਵੀਜ਼ ਤੇ ਤਿਆਰੀ ਵਿਚ ਉਹ ਲਗਾਤਾਰ ਜੁਟਿਆ ਰਹਿੰਦਾ। ਉਹ ਨੌਜਵਾਨ ਪਾਰਟੀ ਦਾ ਤੂਫ਼ਾਨੀ ਵਰਕਰ ਤੇ ਜੋਸ਼ੀਲਾ ਆਗੂ ਸੀ। ਉਸਦੀ ਨਿਡਰਤਾ ਦੇ ਕਈ ਕਿੱਸੇ ਮਸ਼ਹੂਰ ਹਨ। ਉਹ ਪੁਲਿਸ ਨੂੰ ਟਿੱਚ ਜਾਣਦਾ ਸੀ। ਮੀਆਂਮਾਰ ਛਾਉਣੀ 'ਤੇ ਹਮਲੇ ਦੀ ਘਟਨਾ ਤੋਂ ਪਹਿਲਾਂ (ਜੋ ਸਫ਼ਲ ਨਹੀਂ ਹੋਇਆ) ਉਸਨੇ ਇਕ ਹੌਲਦਾਰ ਨੂੰ ਨਿਧੜਕ ਹੋ ਕੇ ਕਿਹਾ ਕਿ ‘ਤੂੰ ਆਪਣੀ ਗੁਲਾਮੀ ਦੀ ਨੌਕਰੀ ਛੱਡ ਕਿਉਂ ਨਹੀਂ ਦਿੰਦਾ?' ਜਿਸਤੋਂ ਪ੍ਰਭਾਵਿਤ ਹੋ ਕੇ ਉਸ ਹੌਲਦਾਰ ਨੇ ਗ਼ਦਰੀਆਂ ਦਾ ਸਾਥ ਦੇਣ ਦਾ ਇਕਰਾਰ ਵੀ ਕੀਤਾ। ਪਾਰਟੀ ਉੱਪਰ ਸੰਕਟ ਦੇ ਸਮੇਂ ਸਰਾਭਾ ਹੀ ਸਭ ਤੋਂ ਵੱਧ ਉਤਸ਼ਾਹ ਨਾਲ ਅੱਗੇ ਆਉਦਾ।îੋਗਾ ਵਿਖੇ ਖ਼ਜ਼ਾਨਾ ਲੁੱਟਣ ਦੀ ਘਟਨਾ (ਫੇਰੂ ਸ਼ਹਿਰ ਕਾਂਡ) ਸਮੇਂ ਇਕ ਥਾਣੇਦਾਰ ਨੂੰ ਮਾਰਨ ਉਪਰੰਤ ਪੁਲਿਸ ਹਮਲੇ ਵਿਚ ਮਾਰੇ ਗਏ ਦੋ ਗ਼ਦਰੀਆਂ ਤੇ ਗ੍ਰਿਫ਼ਤਾਰ ਹੋਏ ਸੱਤ ਆਗੂਆਂ (ਜਿਸ ਵਿਚ ਪਹਿਲੇ ਵਿੱਤ ਸਕੱਤਰ ਕਾਸ਼ੀ ਰਾਮ ਮੰਡੋਲੀ ਤੇ ਰਹਿਮਤ ਅਲੀ ਵਰਗੇ ਚੋਟੀ ਦੇ ਆਗੂ ਸ਼ਾਮਿਲ ਸਨ) ਨੂੰ ਫਾਂਸੀ ਦੀ ਸਜ਼ਾ ਹੋਣ ਬਾਅਦ ਵੀ ਸਰਾਭੇ ਨੇ ਹੌਸਲਾ ਕਰਦਿਆਂ ਬੰਗਾਲ ਦੇ ਇਨਕਲਾਬੀਆਂ ਨਾਲ ਤਾਲਮੇਲ ਕਰਨ 'ਚ ਸਰਗਰਮ ਭੂਮਿਕਾ ਨਿਭਾਈ।
ਬਾਬਾ ਸੋਹਣ ਸਿੰਘ ਭਕਨਾ ਦੇ ਵਿਚਾਰ ਕਿ ਪਾਰਟੀ ਨੂੰ ਕੌਮੀ ਪੱਧਰ 'ਤੇ ਪਹੁੰਚਾ ਕੇ ਇਨਕਲਾਬ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਅਨੁਸਾਰ ਵਿਸ਼ਣੂ ਗਣੇਸ਼ ਪਿੰਗਲੇ ਤੇ ਸਰਾਭਾ ਨੇ ਕਲਕੱਤਾ, ਬਨਾਰਸ ਤੇ ਹੋਰਨਾਂ ਥਾਵਾਂ 'ਤੇ ਸਰਗਰਮ ਇਨਕਲਾਬੀਆਂ ਨਾਲ ਸੰਪਰਕ ਕੀਤਾ ਤੇ ਆਪਣਾ ਗ਼ਦਰ ਕਰਨ ਦਾ ਏਜੰਡਾ ਸਾਂਝਾ ਕੀਤਾ। ਇਨ੍ਹਾਂ ਇਨਕਲਾਬੀਆਂ ਨੇ ਸਰਾਭਾ ਨੂੰ ਹਰ ਸੰਭਵ ਸਾਥ ਦੇਣ ਦਾ ਵਾਅਦਾ ਕੀਤਾ, ਜੋ ਪੂਰ ਵੀ ਚੜ੍ਹਾਇਆ। ਸਨਿਆਲ ਨੇ ਪੰਜਾਬ ਦੇ ਗ਼ਦਰੀਆਂ ਨੂੰ ਕੁਝ ਜ਼ਰੂਰੀ ਸੁਝਾਅ ਵੀ ਦਿੱਤੇ। ਉਨ੍ਹਾਂ ਦੇ ਸੁਝਾਅ ਮੁਤਾਬਿਕ ਲਾਹੌਰ 'ਚ ਪਾਰਟੀ ਹੈਡਕੁਆਟਰ ਸਥਾਪਿਤ ਕੀਤੇ ਗਏ, ਜਿਨ੍ਹਾਂ ਵਿਚੋਂ ਇਕ ਘਰ ਗ਼ਦਰੀ ਗੁਲਾਬ ਕੌਰ ਤੇ ਨਾਮ ਤੋਂ ਲਿਆ ਗਿਆ। ਕੰਮ ਵਿਚ ਇਕ ਵਾਰ ਫਿਰ ਤੇਜੀ ਆਈ। ਲੁਧਿਆਣਾ ਦੇ ਵਿਦਿਆਰਥੀਆਂ ਨਾਲ ਸਰਗਰਮ ਰਾਬਤਾ ਹੋਣ 'ਤੇ ਵੱਡੀ ਗਿਣਤੀ 'ਚ ‘ਗ਼ਦਰ' ਦੀਆਂ ਸਾਈਕਲੋਸਟਾਇਲ ਕਾਪੀਆਂ ਵੰਡੀਆਂ ਜਾਂਦੀਆਂ। ਲੁਧਿਆਣਾ ਦੇ ਪਿੰਡ ਝੱਬੇਵਾਲ ਵਿਚ ਬੰਬ ਬਣਾਉਣ ਦਾ ਕਾਰਖਾਨਾ ਸਥਾਪਿਤ ਕੀਤਾ ਗਿਆ, ਜਿਸ ਵਿਚ ਵਿਦਿਆਰਥੀ ਹੱਥ ਵਟਾਉਦੇ।ਹਥਿਆਰ ਖਰੀਦਣ ਲਈ ਡਕੈਤੀਆਂ ਪਾਈਆਂ ਗਈਆਂ। (ਕੁੱਲ ਪੰਜ ਡਾਕੇ ਮਾਰੇ ਗਏ, ਜਿਨ੍ਹਾਂ ਵਿਚੋਂ ਦੋ ਵਿਚ ਸਰਾਭਾ ਨੇ ਹਿੱਸਾ ਲਿਆ) ਚੰਦਾ ਵੀ ਇਕੱਠਾ ਕੀਤਾ ਜਾਂਦਾ (ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਉਸ ਸਮੇਂ ਇਕ ਹਜ਼ਾਰ ਰੁਪਏ ਚੰਦਾ ਦਿੱਤਾ।)
ਪਿੰਡਾਂ ਤੇ ਫੌਜੀ ਛਾਉਣੀਆਂ ਵਿਚ ਬਗ਼ਾਵਤ ਦੀ ਤਿਆਰੀ ਲਈ ਸਰਾਭਾ ਹਰ ਰੋਜ਼ ਪੰਜਾਹ-ਪੰਜਾਹ ਮੀਲ ਸਾਈਕਲ ਚਲਾਉਦਾ।ੲਸਤੋਂ ਇਲਾਵਾ ਸਰਾਭਾ ਨੇ ਪਿੰਗਲੇ ਨਾਲ ਮਿਲ ਕੇ ਮੇਰਠ, ਆਗਰਾ, ਕਾਨ੍ਹਪੁਰ, ਅਲਾਹਾਬਾਦ ਅਤੇ ਬਨਾਰਸ ਦੀਆਂ ਛਾਉਣੀਆਂ ਦਾ ਦੌਰਾ ਕਰਕੇ ਫੌਜੀਆਂ ਨੂੰ ਬਗ਼ਾਵਤ ਲਈ ਤਿਆਰ ਕੀਤਾ।
11 ਫਰਵਰੀ 1915 ਨੂੰ ਸਭ ਥਾਵਾਂ ਤੋਂ ਬਗ਼ਾਵਤਾਂ ਦੀ ਰਿਪੋਰਟ ਇਕੱਠੀ ਕਰਕੇ 21 ਫਰਵਰੀ 1915 ਦਾ ਦਿਨ ‘ਗ਼ਦਰ' ਲਈ ਮੁਕਰਰ ਕੀਤਾ ਗਿਆ। 15 ਫਰਵਰੀ ਨੂੰ ਸਾਰੇ ਗ਼ਦਰੀ ਇਨਕਲਾਬੀਆਂ ਦੀਆਂ ਵੱਖ-ਵੱਖ ਬਗ਼ਾਵਤ ਕੇਂਦਰਾਂ 'ਤੇ ਡਿਊਟੀਆਂ ਲਗਾਈਆਂ ਗਈਆਂ। ਫਿਰੋਜ਼ਪੁਰ ਰੈਜੀਮੈਂਟ ਵਿਚ ਬਗ਼ਾਵਤ ਦੀ ਜ਼ਿੰਮੇਵਾਰੀ ਸਰਾਭਾ ਦੀ ਸੀ। ਸਭ ਤਿਆਰੀਆਂ ਮੁਕੰਮਲ ਸਨ ਪਰੰਤੂ ਪਾਰਟੀ ਵਿਚ ਖੁਫ਼ੀਆ ਢੰਗ ਨਾਲ ਸ਼ਾਮਿਲ ਹੋਏ ਸਰਕਾਰੀ ਸੂਹੀਏ ਕ੍ਰਿਪਾਲ ਸਿੰਘ ਨੇ 21 ਫਰਵਰੀ ਨੂੰ ਗ਼ਦਰ ਕਰਨ ਦਾ ਸਾਰਾ ਭੇਦ 14 ਫਰਵਰੀ ਨੂੰ ਹੀ ਡੀ.ਐਸ.ਪੀ. ਲਿਆਕਤ ਹੂਸੈਨ ਨੂੰ ਦੇ ਦਿੱਤਾ। ਉਧਰ ਪਾਰਟੀ ਮੈਂਬਰ ਨਿਧਾਨ ਸਿੰਘ (ਜਿਸਦੀ ਸਿਫ਼ਾਰਸ਼ 'ਤੇ ਕ੍ਰਿਪਾਲ ਸਿੰਘ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਸੀ) ਨੂੰ ਕ੍ਰਿਪਾਲ ਸਿੰਘ ਦੇ ਪੁਲਿਸ ਸੂਹੀਆ ਹੋਣ ਦਾ ਸ਼ੱਕ ਹੋਣ 'ਤੇ ਗ਼ਦਰ ਦੀ ਤਰੀਖ਼ ਦੋ ਦਿਨ ਪਹਿਲਾਂ ਭਾਵ 19 ਫਰਵਰੀ ਕਰ ਦਿੱਤੀ ਗਈ ਪਰੰਤੂ ਇਸ ਤਰੀਖ਼ ਦੀ ਭਿਣਕ ਵੀ ਕ੍ਰਿਪਾਲ ਸਿੰਘ ਨੂੰ ਲੱਗ ਗਈ। ਅੰਗਰੇਜ਼ ਸਰਕਾਰ ਨੇ ਚੌਕਸੀ ਵਧਾ ਦਿੱਤੀ ਤੇ ਸਾਰੀਆਂ ਛਾਉਣੀਆਂ ਨੂੰ ਵੀ ਚੌਕਸ ਕਰ ਦਿੱਤਾ। ਫਰੰਗੀਆਂ ਵੱਲੋਂ ਗ਼ਦਰੀਆਂ ਦੀਆਂ ਗ੍ਰਿਫ਼ਤਾਰੀਆਂ, ਤਸੀਹੇ, ਜੇਲ੍ਹਾਂ ਤੇ ਸਜ਼ਾਵਾਂ ਦਾ ਕਾਂਡ ਰਚਾਇਆ ਗਿਆ। ਕਰਤਾਰ ਸਿੰਘ ਸਰਾਭਾ, ਅਰਜਨ ਸਿੰਘ ਅਤੇ ਹਰਨਾਮ ਸਿੰਘ ਅੰਡਰ-ਗਰਾਊਂਡ ਹੋ ਲਾਹੌਰ, ਲਾਹੌਰ ਤੋਂ ਅੱਗੇ ਬਨਾਰਸ ਚਲੇ ਗਏ। ਇਥੇ 2 ਮਾਰਚ 1915 ਨੂੰ ਉਹ ਜਗਤ ਸਿੰਘ ਦੇ ਵਾਕਫ਼ ਰਾਜਿੰਦਰ ਸਿੰਘ ਪੈਨਸ਼ਨਰ ਕੋਲ ਗਏ। ਪੈਨਸ਼ਨਰ ਨੇ ਰਿਸਾਲਦਾਰ ਗੰਡਾ ਸਿੰਘ ਨੂੰ ਖ਼ਬਰ ਪਹੁੰਚਾ ਕੇ ਕਰਤਾਰ ਸਿੰਘ ਸਰਾਭਾ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਗ੍ਰਿਫ਼ਤਾਰੀ ਸਮੇਂ ਸਰਾਭਾ ਇਕੱਠੇ ਹੋਏ ਲੋਕਾਂ ਨੂੰ ‘ਗ਼ਦਰ ਦੀ ਗੂੰਜ' 'ਚੋਂ ਕਵਿਤਾਵਾਂ ਪੜ੍ਹ ਕੇ ਸੁਣਾ ਰਿਹਾ ਸੀ। ਜਲਦ ਹੀ ਸਰਾਭੇ ਦੇ ਦੂਸਰੇ ਸਾਥੀਆਂ ਦੀ ਵੀ ਗ੍ਰਿਫ਼ਤਾਰੀ ਹੋ ਗਈ। ਸਰਾਭਾ ਤੇ ਪਿੰਗਲੇ ਸਮੇਤ 80 ਗ਼ਦਰੀ ਇਨਕਲਾਬੀਆਂ ਤੇ ਲਾਹੌਰ ਸਾਜ਼ਿਸ਼ ਕੇਸ ਤਹਿਤ ਮੁਕੱਦਮਾ ਚਲਾਇਆ ਗਿਆ। ਗ਼ਦਰ ਲਹਿਰ ਦੇ 150 ਗ਼ਦਰੀ ਇਨਕਲਾਬੀ ਫਾਂਸੀ, ਜੇਲ੍ਹਾਂ, ਭੁੱਖ ਹੜਤਾਲਾਂ ਤੇ ਪੁਲਿਸ ਮੁਕਾਬਲਿਆਂ 'ਚ ਸ਼ਹੀਦ ਹੋਏ। 300 ਨੂੰ ਉਮਰ ਕੈਦ ਤੇ 200 ਗ਼ਦਰੀਆਂ ਨੂੰ ਲੰਮੀਆਂ ਕੈਦਾਂ ਦੀ ਸਜ਼ਾ ਮਿਲੀ। 3000 ਨਜ਼ਰਬੰਦ ਰੱਖੇ ਗਏ।
ਮੁਕੱਦਮੇ ਦੌਰਾਨ ਸਰਾਭਾ ਨੂੰ ਘੱਟ ਉਮਰ ਵਾਲਾ ਖ਼ਤਰਨਾਕ ਮੁਜ਼ਰਿਮ ਮੰਨਿਆ ਗਿਆ। ਜੱਜ ਨੇ ਮੁਕੱਦਮੇ ਸਮੇਂ ਸਰਾਭਾ ਨੂੰ ਸੋਚਣ ਤੇ ਬਿਆਨ ਨਰਮ ਕਰਨ ਲਈ ਕਿਹਾ ਪਰ ਸਰਾਭਾ ਨੇ ਮੋੜਵੇਂ ਰੂਪ 'ਚ ਉਸਤੋਂ ਵੀ ਵੱਧ ਸਖ਼ਤ ਬਿਆਨ ਦੇ ਕੇ ਆਪਣੀਆਂ ਗ਼ਦਰੀ ਸਰਗਰਮੀਆਂ ਨੂੰ ਨਿਡਰ ਹੋ ਕੇ ਕਬੂਲਿਆ। ਸਰਾਭਾ ਨੇ ਹਾਸੇ-ਠੱਠੇ 'ਤੇ ਪੂਰੇ ਜੋਸ਼ ਨਾਲ ਮੁਕੱਦਮੇ ਦਾ ਸਾਹਮਣਾ ਕੀਤਾ। ਅਦਾਲਤ 'ਚ ਸਰਾਭਾ ਤੋਂ ਜੱਜ ਨੇ ਪੁੱਛਿਆ, ‘‘ਕੀ ਤੇਰਾ ਟਿਕਾਣਾ ਅੰਗਰੇਜ਼ ਸਰਕਾਰ ਉਲਟਾਉਣ ਦਾ ਸੀ?''
‘‘ਹਾਂ, ਮੈਂ ਜੋ ਵੀ ਕੀਤਾ, ਦੇਸ਼ ਦੀ ਆਜ਼ਾਦੀ ਲਈ ਅਤੇ ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿਚੋਂ ਬਾਹਰ ਕੱਢਣ ਲਈ ਕੀਤਾ ਹੈ।''
‘‘ਜਾਣਦਾ ਹੈਂ, ਤੇਰੇ ਇਨ੍ਹਾਂ ਬਿਆਨਾਂ ਦਾ ਕੀ ਨਤੀਜਾ ਹੋਵੇਗਾ?''
‘‘ਹਾਂ ਜੀ, ਜਾਣਦਾ ਹਾਂ। ਤੁਹਾਡਾ ਕੀ ਖ਼ਿਆਲ ਹੈ ਕਿ ਮੈਨੂੰ ਪਤਾ ਨਹੀਂ ਕਿ ਤੁਸੀਂ ਕੀ ਸਲੂਕ ਕਰੋਗੇ? ਮੈਂ ਤਿਆਰ ਹਾਂ। ਜੇ ਸਾਡਾ ਦਾਅ ਲੱਗ ਜਾਂਦਾ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ। ਹੁਣ ਜੋ ਤੁਸੀਂ ਕਰਨਾ ਹੈ, ਕਰੋ....ਮੈਨੂੰ ਪਤਾ ਹੈ।''
ਫਾਂਸੀ ਦੀ ਸਜ਼ਾ ਸੁਣਾਏ ਜਾਣ 'ਤੇ ਦਾਦਾ ਜੀ ਤੇ ਪਰਿਵਾਰ ਅਫ਼ਸੋਸ ਕਰਨ ਲੱਗਿਆ ਕਿ ਏਨੀ ਛੋਟੀ ਉਮਰ ਵਿਚ ਉਹ ਜੀਵਨ ਤਿਆਗ ਦੇਵੇਗਾ।
ਇਸੇ ਦੌਰਾਨ ਸਰਾਭਾ ਨੇ ਦਾਦੇ ਤੋਂ ਪੁੱਛਿਆ, ‘ਆਪਣੇ ਪਿੰਡ ਦੇ....ਸਿੰਘ ਦਾ ਕੀ ਹਾਲ ਹੈ?''
‘‘ਉਹ ਤਾਂ ਕਦੋਂ ਦਾ ਪਲੇਗ ਨਾਲ ਮਰ ਗਿਆ।'' ਦਾਦੇ ਨੇ ਦੱਸਿਆ।
‘‘ਅਤੇ ਉਸ ਬਜ਼ੁਰਗ.....ਦਾ ਕੀ ਹਾਲ ਹੈ?''
‘‘ਉਹ ਵੀ ਪਿਛਲੀ ਸਰਦੀ ਚੱਲ ਵਸਿਆ।'' ਦਾਦੇ ਨੇ ਦੱਸਿਆ।
ਸਰਾਭਾ ਨੇ ਕਿਹਾ, ‘‘ਕੀ ਉਨ੍ਹਾਂ ਨੂੰ ਕੋਈ ਯਾਦ ਕਰਦਾ ਹੈ? ਕੋਈ ਪਲੇਗ ਨਾਲ ਮਰਦਾ ਹੈ, ਕੋਈ ਬੁਢਾਪੇ ਨਾਲ ਪਰ ਮੈਂ ਦੇਸ਼ ਲਈ ਸ਼ੇਰਾਂ ਦੀ ਮੌਤ ਮਰ ਰਿਹਾ ਹਾਂ, ਜਿਸ 'ਤੇ ਮੁਲਕ ਫ਼ਖ਼ਰ ਕਰੇਗਾ। ਤੁਹਾਨੂੰ ਵੀ ਇਸ 'ਤੇ ਫ਼ਖ਼ਰ ਕਰਨਾ ਚਾਹੀਦਾ ਹੈ।'' ਇਹ ਸੁਣ ਦਾਦਾ ਜੀ ਨੂੰ ਤਸੱਲੀ ਹੋ ਗਈ।
ਇਕ ਵਾਰ ਸਰਾਭਾ ਨੇ ਜੇਲ੍ਹ ਦੀ ਕੰਧ 'ਤੇ ਲਿਖ ਦਿੱਤਾ ਕਿ-‘ਸ਼ਹੀਦਦਾ ਖ਼ੂਨ ਵਿਅਰਥ ਨਹੀਂ ਜਾਂਦਾ। ਆਖ਼ਿਰ ਇਹ ਰੰਗ ਲਿਆਵੇਗਾ।' ਬਾਬਾ ਭਕਨਾ ਨੇ ਕਿਹਾ, ‘‘ਕਰਤਾਰ ਸਿੰਘ, ਇਥੇ ਜੇਲ੍ਹ ਵਿਚ ਤਾਂ ਹੱਡੀਆਂ ਵੀ ਗਲ਼ ਜਾਂਦੀਆਂ ਹਨ, ਬਾਹਰ ਕਿਵੇਂ ਖ਼ਬਰ ਜਾਵੇਗੀ ਤੇ ਸ਼ਹੀਦਾਂ ਦਾ ਖ਼ੂਨ ਫਿਰ ਕਿਵੇਂ ਰੰਗ ਲਿਆਵੇਗਾ?'' ਸਰਾਭਾ ਦਾ ਜਵਾਬ ਸੀ, ‘‘ਪ੍ਰਧਾਨ ਜੀ, ਅੱਜ ਨਹੀਂ ਤਾਂ ਕੱਲ੍ਹ ਜਾਂ ਪਰਸੋਂ ਬਾਹਰ ਜਾ ਕੇ ਖ਼ੂਨ ਰੰਗ ਲਿਆਵੇਗਾ ਹੀ।''
ਫਾਂਸੀ ਵੇਲੇ ਸਰਾਭਾ ਨੇ ਦਰੋਗਾ ਨੂੰ ਕਿਹਾ ਸੀ ਕਿ, ‘‘ਦਰੋਗਾ, ਯਿਹ ਨਾ ਸਮਝਨਾ ਕਿ ਕਰਤਾਰ ਸਿੰਘ ਮਰ ਗਿਆ ਹੈ, ਮੇਰੇ ਖ਼ੂਨ ਕੇ ਜਿਤਨੇ ਕਤਰੇ ਹੈਂ, ਉਤਨੇ ਹੀ ਕਰਤਾਰ ਸਿੰਘ ਔਰ ਪੈਦਾ ਹੋਂਗੇ, ਔਰ ਮੁਲਕ ਕੀ ਆਜ਼ਾਦੀ ਕੇ ਲੀਏ ਕਾਮ ਕਰੇਂਗੇ।'
ਗਵਾਹਾਂ ਅਤੇ ਸਰਾਭਾ ਦੇ ਆਪਣੇ ਬਿਆਨਾਂ ਤੋਂ ‘ਗ਼ਦਰ' ਅਖ਼ਬਾਰ ਚਲਾਉਣ ਤੋਂ ਲੈ ਕੇ ਭਾਰਤ ਵਿਚ ਕੀਤੀਆਂ ਸਰਗਰਮੀਆਂ ਵਿਚ ਸਰਾਭਾ ਹੀ ਸਭ ਤੋਂ ਵੱਧ ਸਰਗਰਮ ਨਜ਼ਰ ਆਉਦਾ।ੰੁਸਦੀ ਜਰਨੈਲੀ ਪ੍ਰਤਿਭਾ ਕਾਰਨ ਬਰਤਾਨਵੀ ਹਾਕਮ ਉਸਨੂੰ ‘ਸਭ ਤੋਂ ਖ਼ਤਰਨਾਕ ਬਾਗ਼ੀ' ਸਮਝਦੇ ਸਨ। ਹੋਮ ਡਿਪਾਰਟਮੈਂਟ ਦੇ ਮੈਂਬਰ ਸਰ ਕਰੋਡਰਾਕ ਨੇ ਸਰਾਭੇ ਬਾਰੇ ਕਿਹਾ ਕਿ ‘‘ਇਹ ਭਾਵੇਂ ਨੌਜਵਾਨ ਹੈ ਪਰ ਇਹ ਸਾਰੇ ਸਾਜ਼ਿਸ਼ੀਆਂ ਵਿਚੋਂ ਅੱਤ ਮਹੱਤਵਪੂਰਨ ਵਿਅਕਤੀਆਂ ਵਿਚੋਂ ਇਕ ਹੈ ਅਤੇ ਅਦਾਲਤ ਨੇ ਇਸਨੂੰ ਸਰਾਸਰ ਬੇਕਿਰਕ ਸ਼ੈਤਾਨ, ਜੋ ਆਪਣੀਆਂ ਕਰਤੂਤਾਂ ਤੇ ਫ਼ਖ਼ਰ ਕਰਦਾ ਹੈ, ਕਹਿ ਕੇ ਆਪਣੀ ਰਾਇ ਦਿੱਤੀ ਹੈ, ਭਾਵ ਇਹ ਕਿ ਇਸਦੀ ਸਜ਼ਾ ਘਟਾਉਣ ਦੀ ਤਾਂ ਗੱਲ ਕਰਨੀ ਵੀ ਨਹੀਂ ਬਣਦੀ।''
16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਤੇ ਵਿਸ਼ਣੂ ਗਣੇਸ਼ ਪਿੰਗਲੇ ਸਮੇਤ ਸਭ ਗ਼ਦਰੀ ਇਨਕਲਾਬੀਆਂ ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਭਾਰਤ ਅੰਦਰ ਬਰਤਾਨਵੀ ਹਾਕਮਾਂ ਦੇ ਖਿਲਾਫ਼ ਗ਼ਦਰ ਦੀ ਵਿਉਂਤ ਭਾਵੇਂ ਸਿਰੇ ਨਾ ਚੜ੍ਹ ਸਕੀ ਪਰੰਤੂ ਗ਼ਦਰੀ ਇਨਕਲਾਬੀਆਂ ਦਾ ਲੁੱਟਜਬਰ ਖਿਲਾਫ਼ ਜੱਦੋਜਹਿਦ, ਜੇਲ੍ਹਾਂ, ਤਸੀਹੇ, ਭੁੱਖ ਹੜਤਾਲਾਂ, ਪੁਲਿਸ ਮੁਕਾਬਲਿਆਂ ਤੇ ਫਾਂਸੀ ਦੇ ਤਖ਼ਤੇ 'ਤੇ ਚੜ੍ਹ ਜਾਣ ਦਾ ਜੁਝਾਰੂ ਇਤਿਹਾਸ ਅਤੇ ਲੋਕਾਂ ਅੰਦਰ ਆਜ਼ਾਦੀ ਦੀ ਚੇਤਨਾ ਲਈ ਪ੍ਰਚਾਰ-ਪ੍ਰਸਾਰ ਕਰਨ ਦਾ ਸ਼ਾਨਾਮੱਤਾ ਵਿਰਸਾ ਅੱਜ ਵੀ ਸਾਡੀ ਅਗਾਂਹਵਧੂ ਨੌਜਵਾਨ ਪੀੜ੍ਹੀ ਦਾ ਰਾਹ ਰੁਸ਼ਨਾਉਂਦਾ।
ਸੰਪਰਕ: 98764-42052