ਮੀਡੀਆ ਨੂੰ ਕਾਰਪੋਰੇਟ ਦੀ ਅਜਾਰੇਦਾਰੀ ਤੋਂ ਬਚਾਇਆ ਜਾਏ -ਪ੍ਰਫੁੱਲ ਬਿਦਵਈ
Posted on:- 19-05-2013
ਪੱਛਮੀ ਬੰਗਾਲ ਦੇ ਸ਼ਾਰਧਾ ਕਾਰੋਬਾਰੀ ਸਮੂਹ ਸਬੰਧੀ ਇੱਕ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਇਹ ਕਾਰੋਬਾਰ ਸੁਦੀਪਤਾ ਸੇਨ ਵੱਲੋਂ ਚਲਾਇਆ ਜਾ ਰਿਹਾ ਸੀ। ਇਸ ਘਪਲੇ ਵਿੱਚ ਚਾਰ ਲੱਖ ਨਿਵੇਸ਼ਕਾਂ ਦੀ ਜਮਾਂ ਪੂੰਜੀ ਹੜੱਪੀ ਗਈ, ਜਿਨ੍ਹਾਂ ਵਿੱਚੋਂ ਬਹੁਤੇ ਗ਼ਰੀਬ ਅਤੇ ਹੇਠਲੇ ਤਬਕੇ ਨਾਲ ਸਬੰਧਤ ਹਨ। ਹਜ਼ਾਰਾਂ ਲੋਕ ਰਾਤੋ-ਰਾਤ ਕੰਗਾਲ ਹੋ ਗਏ। ਕਈਆਂ ਨੇ ਤਾਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ।
ਇਹ ਘਪਲਾ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੀ ਸੂਬਾਈ ਸਰਕਾਰ ਲਈ ਵੀ ਸਭ ਤੋਂ ਵੱਡਾ ਸਿਆਸੀ ਸੰਕਟ ਹੈ। ਸੁਦੀਪਤਾ ਸੇਨ ਅਤੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਵਿੱਚਕਾਰ ਸਬੰਧ ਏਨੇ ਗੂੜ੍ਹੇ ਸਨ ਕਿ ਲੋਕ ਉਨ੍ਹਾਂ ਨੂੰ ਇੱਕਜੁੱਟ ਅਤੇ ਇਸ ਮਾਮਲੇ ਦੇ ਸਾਂਝੇ ਦੋਸ਼ੀ ਮੰਨਦੇ ਹਨ। ਤ੍ਰਿਣਮੂਲ ਦੇ ਸੰਸਦ ਮੈਂਬਰ ਕੁਨਾਲ ਘੋਸ਼ ਸ਼ਾਰਧਾ ਦੇ ਮੀਡੀਆ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਨ। ਸੰਸਦ ਮੈਂਬਰ ਅਤੇ ਅਦਾਕਾਰ ਸਤਾਬਦੀ ਰੌਏ ਇਸ ਦੀ ਬਰਾਂਡ ਅੰਬੈਸਡਰ ਸੀ। ਸੂਬੇ ਦੇ ਸਿਹਤ ਮੰਤਰੀ ਮਦਨ ਮਿਤਰਾ ਨਾਲ ਵੀ ਸੁਦੀਪਤਾ ਸੇਨ ਦੀ ਗੂੜ੍ਹੀ ਸਾਂਝ ਸੀ। ਸੇਨ ਬੰਗਲਾ, ਅੰਗੇਰਜ਼ੀ, ਹਿੰਦੀ ਅਤੇ ਉਰਦੂ ਭਾਸ਼ਾ ਵਿੱਚ ਕਈ ਤ੍ਰਿਣਮੂਲ ਪੱਖੀ ਅਖ਼ਬਾਰਾਂ ਅਤੇ ਟੀ.ਵੀ. ਚੈਨਲ ਚਲਾਉਂਦਾ ਸੀ। ਦੂਜੇ ਪਾਸੇ ਤ੍ਰਿਣਮੂਲ ਦੇ ਵਿਧਾਇਕ ਸ਼ਾਰਧਾ ਦੀ ‘ਪੋਂਜੀ' ਸਕੀਮਾਂ ਵਿੱਚ ਲੋਕਾਂ ਨੂੰ ਧਨ ਲਾਉਣ ਲਈ ਪ੍ਰੇਰਿਤ ਕਰਦੇ ਸਨ। ਲੋਕਾਂ ਨੂੰ ਥੋੜ੍ਹੇ ਸਮੇਂ ਬਾਅਦ ਹੀ ਵੱਡੀਆਂ ਰਕਮਾਂ ਵਾਪਸ ਦੇਣ ਦਾ ਯਕੀਨ ਦੁਆਇਆ ਜਾਂਦਾ ਸੀ। ਸੇਨ ਨੇ ਸੀ.ਬੀ.ਆਈ ਕੋਲ ਮੰਨਿਆ ਹੈ ਕਿ ਉਸ ਦੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨਾਲ ਗੂੜ੍ਹੇ ਸਬੰਧ ਸਨ। ਦੱਸਿਆ ਜਾਂਦਾ ਹੈ ਕਿ ਉਸ ਨੇ ਮਮਤਾ ਬੈਨਰਜੀ ਦੀਆਂ ਪੇਟਿੰਗਾਂ ਖਰੀਦਣ ਲਈ 1.86 ਕਰੋੜ ਰੁਪਏ ਖ਼ਰਚੇ ਅਤੇ ਉਸ ਦੀ ਸਰਕਾਰ ਨੂੰ ਮਹਿੰਗੇ-ਮਹਿੰਗੇ ਤੋਹਫ਼ੇ ਦਿੱਤੇ।
ਉਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰਨ ਬਦਲੇ ਤ੍ਰਿਣਮੂਲ ਦੇ ਆਗੂਆਂ ਨੇ ਉਸ ਤੋਂ ਕਰੋੜਾਂ ਰੁਪਏ ਬਟੋਰੇ। ਇਹ ਸਿਆਸਤਦਾਨਾਂ-ਕਾਰੋਬਾਰੀਆਂ ਅਤੇ ਮੀਡੀਆ ਦੇ ਨਾਪਾਕ ਗਠਜੋੜ ਦੀ ਨੰਗੀ-ਚਿੱਟੀ ਮਿਸਾਲ ਹੈ।
ਨਿਵੇਸ਼ਕਾਂ ਨੂੰ ਗੁੰਮਰਾਹ ਰਨ ਲਈ ਸੇਨ ਆਪਣੇ-ਆਪ ਨੂੰ ਜਿਹੇ ਸਫ਼ਲ ਕਾਰੋਬਾਰੀ ਵੱਜੋਂ ਪੇਸ਼ ਕਰਦਾ ਸੀ ਜੋ ਇੱਕ ਭੂਮੀ-ਬੈਂਕ ਦਾ ਅਤੇ ਕਈ ਫੈਕਟਰੀਆਂ ਦਾ ਮਾਲਕ ਹੈ। ਉਹ ਇੰਝ ਜ਼ਾਹਿਰ ਕਰਦਾ ਸੀ ਕਿ ਉਸ ਵੱਲੋਂ ਮੋਟਰਸਾਈਕਲ ਨਿਰਮਾਣ ਦਾ ਕਾਰਖ਼ਾਨਾ ਵੀ ਬੜੀ ਸਫ਼ਲਤਾ ਨਾਲ ਚਲਾਇਆ ਜਾ ਰਿਹਾ ਹੈ। ਨਿਵੇਸ਼ਕ ਆਸਾਂ ਲਾ ਕੇ ਬੈਠੇ ਸਨ ਕਿ ਉਨ੍ਹਾਂ ਵੱਲੋਂ ਨਿਵੇਸ਼ ਕੀਤੇ ਗਏ ਪੈਸੇ ਦੇ ਵੱਡੇ ਲਾਭ ਮਿਲਣ ਵਾਲੇ ਹਨ ਪਰ ਹਕੀਕਤ ਵਿੱਚ ਮੋਟਰ ਸਾਈਕਲਾਂ ਦਾ ਕੋਈ ਨਿਰਮਾਣ ੋ ਹੀ ਨਹੀਂ ਸੀ ਰਿਹਾ।
ਸ਼ਰਧਾ ਗਰੁੱਪ ਦੀਆਂ ਸਕੀਮਾਂ ਵਿੱਚ ਨਿਵੇਸ਼ ਕਰਨ ਲਈ ਲੋਕਾਂ ਨੇ ਇੱਕ ਸਾਲ ਦੇ ਵਿੱਚ-ਵਿੱਚ ਬੈਕਾਂ ਅਤੇ ਡਾਕਖਾਨਿਆਂ ਦੇ ਬੱਚਤ ਖ਼ਾਤਿਆਂ ਵਿੱਚੋਂ 1200 ਕਰੋੜ ਰੁਪਏ ਕੱਢਵਾ ਲਏ। ਸੂਬਾਈ ਬੈਂਕਰਜ਼ ਕਮੇਟੀ ਤੁਰੰਤ ਸੁਚੇਤ ਹੋ ਗਈ ਸੀ। ਉਸ ਨੇ ਇਸ ਸੰਬੰਧੀ ਸੁਧਾਰਕ ਕਦਮ ਉਠਾਉਣ ਲਈ ਸਿਫ਼ਾਰਸ਼ਾਂ ਵੀ ਕੀਤੀਆਂ ਸਨ ਪਰ ਮਮਤਾ ਬੈਨਰਜੀ ਨੇ ਇਨਕਾਰ ਕਰ ਦਿੱਤਾ। ਸੁਦੀਪਤਾ ਸੇਨ ਵੱਲੋਂ ਕੋਲਕਾਤਾ ਦੇ ਨਾਲ-ਨਾਲ ਆਸਾਮ ਅਤੇ ਓਡੀਸ਼ਾ ਤੋਂ ਚਲਾਏ ਜਾਂਦੇ ਮੀਡੀਆ ਸਮੂਹਾਂ ਕਾਰਨ ਉਸ ਨੂੰ ਵੱਡਾ ਪ੍ਰਭਾਵ ਅਤੇ ਮਾਣ-ਸਨਮਾਨ ਹਾਸਲ ਹੋ ਗਿਆ ਸੀ। ਮੀਡੀਆ ਦੇ ਪ੍ਰਭਾਵ ਦੀ ਵਰਤੋਂ ਦਾ ਵੀ ਨਿਵੇਸ਼ ਦੀ ਰਕਮ ਅਤੇ ਨਿਵੇਸ਼ਕਾਂ ਦੀ ਗਿਣਤੀ ਵਧਾਉਣ ਵਿੱਚ ਵੱਡਾ ਹੱਥ ਰਿਹਾ। ਬਾਅਦ ਵਿੱਚ ਸੇਨ ਦੇ ਇਹ ਸਾਰੇ ਮੀਡੀਆ ਸਮੂਹ, ਜੋ ਕਿ ਘਾਟੇ ਵਿੱਚ ਚੱਲ ਰਹੇ ਸਨ, ਰਾਤੋ-ਰਾਤ ਦੌੜ ਗਏ। ਇੱਥੋਂ ਤੱਕ ਕਿ ਕਰਮਚਾਰੀਆਂ ਨੂੰ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ। 15 ਅਪ੍ਰੈਲ ਨੂੰ ਸੇਨ ਨੇ ਪਣੇ ਸਾਰੇ ਫੋਨ ਬੰਦ ਕਰ ਲਏ ਅਤੇ ਗਾਇਬ ਹੋ ਗਿਆ। ਬਾਅਦ ਵਿੱਚ ਉਸ ਨੂੰ ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਾਰਧਾ ਘਪਲੇ ਦੇ ਨਾਂ ਨਾਲ ਮਸ਼ਹੂਰ ਇਸ ਮਾਮਲੇ ਵਿੱਚ ਅਨੇਕਾਂ ਏਜੰਟਾਂ ਅਤੇ ਪੱਤਰਕਾਰਾਂ ਦੀ ਵੀ ਸ਼ਮੂਲੀਅਤ ਹੈ। ਨਿਵੇਸ਼ਕਾਂ ਦਾ ਸਾਰਾ ਗ਼ੁੱਸਾ ਤ੍ਰਿਣਮੂਲ ਕਾਂਗਰਸ ਨੂੰ ਝੱਲਣਾ ਪੈ ਰਿਹਾ ਹੈ ਅਤੇ ਉਸ ਦੀ ਸਿਆਸੀ ਭਰੋਸੇਯੋਗਤਾ ਦਾਅ 'ਤੇ ਲੱਗ ਗਈ ਹੈ।
ਸ਼ਾਰਧਾ ਘਪਲੇ ਦੇ ਸਮੁੱਚੇ ਭਾਰਤੀ ਮੀਡੀਆ ਲਈ ਖ਼ਾਸ ਸਬਕ ਹਨ। ਇਹ ਮੀਡੀਆ ਦੇ ਕਈ ‘ਅੰਦਰੂਨੀ
ਰੋਗਾਂ' ਨੂੰ ਜ਼ਾਹਿਰ ਕਰਦਾ ਹੈ, ਜਿਵੇਂ ਕਿ ‘ਪੇਡ ਨਿਊਜ਼' ਰਾਹੀਂ ਵਪਾਰਕ ਹਿਤਾਂ ਨੂੰ ਪੇਸ਼
ਕਰਨਾ, ਨਿਊਜ਼ ਰੂਮਾਂ ਵਿੱਚ ਕਿਸੇ ਖ਼ਾਸ ਧਿਰ ਦੇ ਨੁਮਾਇੰਦੇ ਵੱਜੋਂ ਵਿਚਰਨਾ ਅਤੇ ਮਸ਼ਹੂਰੀਆਂ
ਨੂੰ ਖ਼ਬਰਾਂ ਵਜੋਂ ਪੇਸ਼ ਕਰਨਾ ਆਦਿ। ਘਟਨਾਵਾਂ ਦਾ ਬਿਰਤਾਂਤ ਪੇਸ਼ ਕਰਨ, ਖ਼ੁਦ ਨੂੰ ਜਨਤਕ
ਬਹਿਸ ਦੇ ਮੰਚ ਵੱਜੋਂ ਸਥਾਪਿਤ ਕਰਨ ਅਤੇ ਨਿਰਪੱਖ ਹੋ ਕੇ ਸਹੀ-ਗਲਤ ਦੇ ਫ਼ੈਸਲੇ ਦੇਣ ਸਬੰਧੀ
ਆਪਣਾ ਬਣਦੀ ਜਾਇਜ਼ ਭੂਮਿਕਾ ਨਿਭਾਉਣ ਵਿੱਚ ਅੱਜ-ਕੱਲ੍ਹ ਮੀਡੀਆ ਅਕਸਰ ਅਸਫ਼ਲ ਸਿੱਧ ਹੁੰਦਾ
ਨਜ਼ਰ ਆਉਂਦਾ ਹੈ। ਇਸ ਦੇ ਵੱਕਾਰ ਨੂੰ ਢਾਹ ਲੱਗ ਚੁੱਕੀ ਹੈ। ਕਾਰਪੋਰੇਟ ਦਾ ਮਾਲਕੀ ਵਾਲੇ
ਭਾਰਤ ਦੇ ਬਹੁਤੇ ਮੀਡੀਆ ਦਾ ਸਮਾਜਿਕ ਪ੍ਰਸੰਗਿਕਤਾ, ਸੱਚਾਈ ਜਾਂ ਬਹੁਲਵਾਦ ਨਾਲ ਹੁਣ ਕੋਈ
ਲੈਣਾ-ਦੇਣਾ ਨਹੀਂ ਰਿਹਾ। ਇਸ ਦੀ ਥਾਂ ਇਹ ਤੜਕ-ਭੜਕ, ਉਲਾਰਵਾਦ ਅਤੇ ਸਨਸਨੀ ਨੂੰ ਉਭਾਰਦਾ
ਹੈ। ਅਜਿਹਾ ਮੀਡੀਆ ਅਕਸਰ ਸੁਤੰਤਰ ਤੌਰ 'ਤੇ ਖ਼ਬਰਾਂ ਇਕੱਤਰ ਨਹੀਂ ਕਰਦਾ, ਸਗੋਂ ਉਨ੍ਹਾਂ
ਨੂੰ ਕਾਰਪੋਰੇਟ ਸਰੋਤਾਂ ਅਤੇ ਲੋਕ ਸੰਪਰਕ ਏਜੰਸੀਆਂ ਤੋਂ ਹਾਸਲ ਕਰਦਾ ਹੈ।
ਉੱਚ ਪੱਧਰੀ
ਸੰਪਾਦਕ ਆਮ ਕਰਕੇ ਵਪਾਰਕ ਮੈਨੇਜਰਾਂ ਵਾਂਗ ਵਿਚਰਨ ਲੱਗੇ ਹਨ। ਖੇਤਰ ਵਿੱਚ ਕੰਮ ਕਰਨ
ਵਾਲੇ ਬਹੁਤੇ ਪੱਤਰਕਾਰ ਅਸੁਰੱਖਿਅਤ ਮਹਿਸੂਸ ਕਰਦੇ ਹਨ, ਕਿਉਂਕਿ ਉਹ ‘ਵਰਕਿੰਗ ਜਰਨਲਿਸਟ
ਐਕਟ' ਦੀ ਉਲੰਘਣਾ ਕਰਕੇ ਠੇਕੇ 'ਤੇ ਰੱਖੇ ਗਏ ਹੁੰਦੇ ਹਨ। ਸੰਪਾਦਕ ਅਤੇ ਟੀ.ਵੀ. ਐਂਕਰ
ਆਪਣੇ ਮਾਲਕਾਂ ਲਈ ਹੁਣ ‘ਜੁਗਾੜਬਾਜ਼ਾਂ' ਦੀ ਭੂਮਿਕਾ ਨਿਭਾਉਣ ਲੱਗੇ ਹਨ। ਇਸ ਦੀ ਇੱਕ
ਮਿਸਾਲ ਜ਼ੀ ਨਿਊਜ਼ ਵੱਲੋਂ ਕਥਿਤ ਤੌਰ 'ਤੇ 100 ਕਰੋੜ ਰੁਪਏ ਦੀ ਮੰਗ ਕੀਤੇ ਜਾਣ ਦਾ ਪਿਛਲੇ
ਸਮੇਂ ਦੌਰਾਨ ਸਾਹਮਣੇ ਆਇਆ ਮਾਮਲਾ ਹੈ।
ਦੋ ਪੱਖਾਂ ਨੇ ਸਥਿਤੀਆਂ ਨੂੰ ਹੋਰ ਵੀ ਗੰਭੀਰ
ਬਣਾ ਦਿੱਤਾ ਹੈ। ਇਹ ਹਨ ਵਡੇ ਕਾਰੋਬਾਰੀਆਂ ਦੀ ਮੀਡੀਆ ਵਿੱਚ ਘੁਸਪੈਠ ਅਤੇ ਮੀਡੀਆ ਦੇ
ਵੱਖ-ਵੱਖ ਰੂਪਾਂ ਦੀ ਇੱਕੋ ਧਿਰ ਕੋਲ ਮਾਲਕੀ ਦਾ ਵਧਦਾ ਰੁਝਾਨ। ਇਨ੍ਹਾਂ ਦੋਵਾਂ ਕਾਰਨਾਂ
ਕਰਕੇ ਮੀਡੀਆ 'ਤੇ ਬਾਜ਼ਾਰ ਦਾ ਗਰਬਾ ਵੱਧਦਾ ਜਾਂਦਾ ਹੈ। ਇਹ ਦੋਵੇਂ ਸਾਫ਼-ਸੁਥਰੀ
ਮੁਕਾਬਲੇਬਾਜ਼ੀ ਅਤੇ ਮੀਡੀਆ ਦੀ ਸੁਤੰਤਰਤਾ ਦੇ ਖ਼ਿਲਾਫ਼ ਭੁਗਤਦੇ ਹਨ।
ਰਿਵਾਇੰਸ ਸਮੂਹ
ਇਨਾਡੂ ਗਰੁੱਪ ਵਿੱਚ 2600 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ ਜੋ ਟੀ.ਵੀ. 18
ਸੀ.ਐਨ.ਐਨ-ਆਈ.ਬੀ.ਐਨ. ਨੈੱਟਵਰਕ ਤੋਂ ਇਲਾਵਾ ਤਕਰੀਬਨ 30 ਹੋਰ ਖੇਤਰੀ ਚੈਨਲ ਚਲਾਉਂਦਾ
ਹੈ। ਅਦਿਤਿਆ ਬਿਰਲਾ ਗਰੁੱਪ ਦਾ ‘ਇੰਡੀਆ ਟੂਡੇ ਲਿਵਿੰਗ ਮੀਡੀਆ ਕੰਪਨੀ' ਵਿੱਚ 27.5
ਫੀਸਦੀ ਹਿੱਸਾ ਹੈ ਅਤੇ ਇਹ ਇਸ ਹਿੱਸੇਦਾਰੀ ਨੂੰ 51 ਫੀਸਦੀ ਕਰਨ ਦਾ ਚਾਹਵਾਨ ਹੈ। ਇਹ ਸਭ
ਕੁਝ ਮੀਡੀਆ ਦੀ ਸੁਤੰਤਰਤਾ ਅਤੇ ਦਿਆਨਤਦਾਰੀ ਦੇ ਹੱਕ ਵਿੱਚ ਨਹੀਂ ਭੁਗਤਦਾ।
ਮੀਡੀਆ ਦੇ
ਵੱਖ-ਵੱਖ ਰੂਪਾਂ ਦੀ ਇੱਕੋ ਕੰਪਨੀ ਕੋਲ ਮਾਲਕੀ ਦਾ ਸਿਲਸਿਲਾ ਵੀ ਇੱਕ ਗ਼ੈਰ-ਸਿਹਤਮੰਦ
ਰੁਝਾਨ ਹੈ, ਜਿਸ 'ਤੇ ਅਮਰੀਕਾ, ਬਰਤਾਨੀਆ, ਜਰਮਨੀ, ਫਰਾਂਸ ਅਤੇ ਦੱਖਣੀ ਅਫਰੀਕਾ ਆਦਿ
ਦੇਸ਼ਾਂ ਵਿੱਚ ਕਈ ਸਖ਼ਤ ਪਾਬੰਦੀਆਂ ਲਾਗੂ ਹਨ। ਪਰ ਭਾਰਤ ਵਿੱਚ ਅਜਿਹੀ ਕੋਈ ਪਾਬੰਦੀ ਨਹੀਂ।
‘ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਫ਼ ਇੰਡੀਆ' ਅਤੇ ‘ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ
ਇੰਡੀਆ' (ਟਰਾਈ) ਵੱਲੋਂ ਅਜਿਹੀ ਮਾਲਕੀ ਬਾਰੇ ਪੜਤਾਲ ਕੀਤੀ ਗਈ ਹੈ। ਕਾਲਜ ਨੇ ਵੇਖਿਆ ਕਿ
ਭਾਰਤ ਦੇ ਸਿਖਰਲੇ 23 ਟੀ.ਵੀ. ਨੈੱਟਵਰਕਾਂ ਵਿੱਚੋਂ 11 ਅਜਿਹੇ ਹਨ, ਜਿਨ੍ਹਾਂ ਦੀ ਪ੍ਰਿੰਟ
ਅਤੇ ਰੇੀਓ ਮੀਡੀਆ ਵਿੱਚ ਵੀ ਹਿੱਸੇਦਾਰੀ ਹੈ। ਬਾਕੀਆਂ ਵੱਲੋਂ ਵੀ ਟੈਲੀਵਿਜ਼ਨ ਦੇ
ਨਾਲ-ਨਾਲ ਘੱਟੋ-ਘੱਟ ਇੱਕ ਹੋਰ ਮੀਡੀਆ ਮਾਧਿਅਮ ਵੀ ਚਲਾਇਆ ਜਾ ਰਿਹਾ ਹੈ। ‘ਟਰਾਈ' ਦੇ
ਸਰਵੇਖਣ ਅਨੁਸਾਰ 15 ਮੀਡੀਆ ਕੰਪਨੀਆਂ ਦੀ ਮੀਡੀਆ ਦੇ ਵੱਖ-ਵੱਖ ਰੂਪਾਂ 'ਤੇ ਮਾਲਕੀ ਹੈ।
ਇਸ ਦਾ ਕਹਿਣਾ ਹੈ ਕਿ ਇਸ ਸਿਲਸਿਲੇ ਵਿੱਚੋਂ ਪੈਦਾ ਹੋਣ ਵਾਲਾ ਹਿਤਾਂ ਦਾ ਟਕਰਾਅ ‘ਪੇਡ
ਨਿਊਜ਼', ਕਾਰਪੋਰੇਟ ਅਤੇ ਸਿਆਸੀ ਲਾਬਿੰਗ, ਤੁਅੱਸਬ ਭਰੇ ਵਿਸ਼ਲੇਸ਼ਣ ਅਤੇ ਗ਼ੈਰ-ਜ਼ਿੰਮੇਵਾਰ
ਰਿਪੋਰਟਿੰਗ ਦੇ ਰੂਪ ਵਿੱਚ ਜ਼ਾਹਿਰ ਹੁੰਦਾ ਹੈ।
ਸੇਨ ਤਾਂ ਇੱਕ ਛੋਟੇ ਜਿਹੇ ਸਮੇਂ ਤੱਕ
ਪ੍ਰਭਾਵ ਰੱਖਣ ਵਾਲਾ ਮੀਡੀਆ ਆਪ੍ਰੇਟਰ ਸੀ, ਜੋ ਦੌੜ 'ਚੋਂ ਬਾਹਰ ਹੋ ਚੁੱਕਾ ਹੈ। ਪਰ ਵੱਡੇ
ਕਾਰੋਬਾਰੀਆਂ ਵੱਲੋਂ ਮੀਡੀਆ 'ਤੇ ਸਫ਼ਲਤਾ ਪੂਰਵਕ ਕੀਤਾ ਜਾ ਰਿਹਾ ਕੰਟਰੋਲ ਕਿਤੇ ਵੱਧ
ਨੁਕਸਾਨਦੇਹ ਹੈ। ਇਸ ਲਈ ਮੀਡੀਆ ਨੂੰ ਨਿਯਮਬੱਧ ਕੀਤਾ ਜਾਣਾ ਜ਼ਰੂਰੀ ਹੈ।