ਮੀਡੀਆ ਤੇ ਮਨੋਰੰਜਨ ਦੇ ਸਰੋਕਾਰ- ਅਮਰਿੰਦਰ ਸਿੰਘ
Posted on:- 17-05-2013
ਵਿਸ਼ਵੀਕਰਨ ਦੇ ਅਜੋਕੇ ਦੌਰ ਵਿੱਚ ਪੰਜਾਬੀ ਮੀਡੀਆ ਨੇ ਸਰਮਾਏਦਾਰੀ ਨਿਜ਼ਾਮ ਅਨੁਸਾਰੀ ਚਰਿੱਤਰ ਸਿਰਜ ਲਿਆ ਹੈ।ਇਲੈਕਟ੍ਰਾਨਿਕ ਮੀਡੀਆ ਤੇ ਪੂਰੀ ਮਿਊਜਿਕ ਮੰਡੀ ਇਸ ਵਿਵਸਥਾ ਦੇ ਨਕਸ਼ੇ ਕਦਮਾਂ ਉੱਪਰ ਚੱਲਣ ਦੇ ਆਹਰ ਵਿੱਚ ਹੈ।ਲੋਕਾਂ ਅੱਗੇ ਪਰੋਸੇ ਜਾ ਰਹੇ ਕੁੱਲ ਪ੍ਰੋਗਰਾਮਾਂ ਦੀ ਰੂਪ-ਰੇਖਾ ਇਹ ਵਿਵਸਥਾ ਤਹਿ ਕਰਦੀ ਹੈ।ਇੱਕ ਮੁਕੰਮਲ ਬੌਧਿਕ ਜਮੂਦ ਦੀ ਅਵਸਥਾ ਵਿੱਚ ਬੰਦਾ ਬੇਵਸ ਤੇ ਮੂਕ ਦਰਸ਼ਕ ਗਿਆ ਹੈ।ਮਨੋਰੰਜਨ ਦੀ ਚੰਡੋਲ ਤੇ ਸਵਾਰ ਹੋਇਆ ਅਜੋਕਾ ਮਨੁੱਖ ਮੀਡੀਆ ਦੀ ਤਹਿਸ਼ੁਦਾ ਰੁਆਉਣੀ,ਹਸਾਉਣੀ ਤੇ ਡਰਾਉਣੀ ਕਾਇਨਾਤ ਦੇ ਭਰਮਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ।
ਇਸ ਵਰਤਾਰੇ ਤੋਂ ਨਜਾਤ ਪਾਉਣ ਦੀ ਨਾ ਹੀ ਤਾਂ ਉਸ ਕੋਲ ਕੋਈ ਵਿਗਿਆਨਕ ਸੋਝੀ ਹੈ ਤੇ ਨਾ ਹੀ ਕੋਈ ਵਿਕਲਪਿਕ ਮੀਡੀਆ।ਅਜੋਕਾ ਮਨੁੱਖ ਪੂਰੀ ਤਰ੍ਹਾਂ ਮੰਡੀ ਦੇ ਕੰਟਰੋਲ ਵਿੱਚ ਹੈ।ਉਸ ਦੀ ਹਰ ਤਰ੍ਹਾਂ ਦੀ ਕਿਰਿਆ-ਪ੍ਰਤੀਕਿਰਿਆ ਤੇ ਦੈਨਿਕ ਜੀਵਨ ਦੇ ਹਰ ਵਿਵਹਾਰ ਨੂੰ ਮੀਡੀਆ ਤੇ ਮੰਡੀ ਓਪਰੇਟ ਕਰਦੀ ਹੈ।ਮੀਡੀਆ ਤੇ ਮੰਡੀ ਦੀ ਇਸ ਜੁਗਲਬੰਦੀ ਵਿੱਚੋਂ ਆਪਣੇ ਹਿੱਸੇ ਦਾ ਰੁੱਖਾ-ਮਿੱਸਾ ਮਨੋਰੰਜਨ ਤਲਾਸ਼ਣਾ ਹੀ ਅਜੋਕੇ ਮਨੁੱਖ ਦੀ ਤ੍ਰਾਸਦੀ ਬਣ ਗਿਆ ਹੈ।ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਅਜੋਕੇ ਮਨੁੱਖ ਕੋਲ ਇਸ ਗੱਲ ਦੀ ਸੋਝੀ ਹੀ ਨਹੀਂ ਹੈ ਕਿ ਉਸ ਦਾ ਮਨੋਰੰਜਨ ਕੌਣ,ਕਿਵੇਂ ਤੇ ਕਿਉਂ ਕਰ ਰਿਹਾ ਹੈ।
ਸਮਝਣ ਵਾਲੀ ਗੱਲ ਇਹ ਹੈ ਕਿ ਮਨੋਰੰਜਨ ਦੀ ਵੀ ਆਪਣੀ ਇੱਕ ਸਪਸ਼ਟ ਵਿਚਾਰਧਾਰਾ ਹੁੰਦੀ ਹੈ।ਮਨੋਰੰਜਨ ਕਿਵੇਂ,ਕਿਸਦਾ ਤੇ ਕਦੋਂ ਕਰਨਾ ਹੈ ਇਸ ਦੀ ਮੁਕੰਮਲ ਸੋਝੀ ਵਿਵਸਥਾ ਕੋਲ ਹੁੰਦੀ ਹੈ;ਆਮ ਬੰਦੇ ਕੋਲ ਨਹੀਂ।ਅੱਜ ਮਨੁੱਖ ਦੇ ਮਨੋਰੰਜਨ ਲਈ ਦਿਨ-ਰਾਤ ਚੱਲਣ ਵਾਲੇ ਬੇਸ਼ੁਮਾਰ ਚੈਨਲ ਮੌਜੂਦ ਹਨ।ਬੰਦਾ ਹਰ ਕਿਸਮ ਦੇ ‘ਸਿਲੈਕਟਡ ਇੰਟਰਟੇਨਮੈਂਟ’ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ।ਇਹਨਾਂ ਵੱਖ-ਵੱਖ ਟੀ.ਵੀ ਚੈਨਲਾਂ ਨੇ ਇੱਕ ਮੁਕੰਮਲ ਲੁਟੇਰਾ ਨੈਟਵਰਕ ਬਣਾ ਲਿਆ ਹੈ।ਭੋਲੇ-ਭਾਲੇ ਤੇ ਗੈਰਸੋਝੀਵਾਨ ਮਨੁੱਖ ਨੂੰ ਇਕ ਪੂਰੀ ਯੋਜਨਾਬੱਧ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ।ਇਹਨਾਂ ਚੈਨਲਾਂ ਦਾ ਕਾਰੋਬਾਰ ਤੇ ਮਾਰਕੀਟਿੰਗ ਵਿਧੀ ਬਹੁਗਿਣਤੀ ਲੋਕਾਂ ਦੇ ਮਾਨਸਿਕ ਅਵਚੇਤਨ ਵਿਚਲੇ ਆਸਥਾਮੁਖੀ ਵਤੀਰੇ ਉੱਪਰ ਉੱਸਰੀ ਹੋਈ ਹੈ।ਸਰਮਾਏਦਾਰੀ ਦੀ ਤਿੱਖੀ ਤੇ ਤੇਜ ਗਤੀ ਨੇ ਸਧਾਰਨ ਤੇ ਕਿਰਤੀ ਵਰਗ ਦੇ ਸੰਸੇ ਤੇ ਸੁਪਨਿਆਂ ਨੂੰ ਸਰਮਾਏਦਾਰੀ ਰੰਗ ਵਿੱਚ ਰੰਗ ਦਿੱਤਾ ਹੈ।ਸਰਮਾਏਦਾਰੀ ਸੁਹਜ ਦਾ ਸ਼ਾਤਰ ਚਿਹਰਾ ਪੂਰੀ ਤਰ੍ਹਾਂ ਪਰਦੇ ਅੰਦਰੋਂ ਹੀ ਅਪਣੀਆਂ ਗਤੀਵਿਧੀਆਂ ਨੂੰ ਸਰਅੰਜਾਮ ਦੇ ਰਿਹਾ ਹੈ।
ਮਨੋਰੰਜਨ ਦੇ ਨਾਂ ਤੇ ਆਮ ਆਵਾਮ ਅੱਗੇ ਜਿਸ ਕਿਸਮ ਦੀ ਬੇਹੂਦਾ ਨੌਟੰਕੀ ਤੇ ਇਸ਼ਤਿਹਾਰੀ ਕਲਾਬਾਜ਼ੀਆਂ ਦੀ ਕਸਰਤ ਦਿਖਾਈ ਜਾ ਰਹੀ ਹੈ ਉਸ ਦਾ ਮਿਹਨਤਕਸ਼ ਤਬਕੇ ਨਾਲ ਇੱਕ ਰੱਤੀ ਦਾ ਵੀ ਰਿਸ਼ਤਾ ਨਹੀਂ ਹੈ।ਸਾਡੇ ਸਮਾਜ ਦੀ ‘ਖਾਂਦੀ-ਪੀਂਦੀ’ ਸ਼੍ਰੇਣੀ ਇਸ ਮੀਡੀਆ ਦੇ ਤੰਦੂਆ ਜਾਲ ਵਿੱਚ ਵਧੇਰੇ ਬੁਰੀ ਤਰ੍ਹਾਂ ਫਸੀ ਹੋਈ ਹੈ।ਬਰਾਂਡਡ ਵਸਤੂਆਂ ਦਾ ਭੂਤ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।ਵਿਖਾਵਾ ਤੇ ਫੈਸ਼ਨ ਇਸ ਵਰਗ ਲਈ ਇੱਕ ਨਾਮੁਰਾਦ ਗੰਭੀਰ ਬੀਮਾਰੀ ਬਣ ਗਿਆ ਹੈ।
ਦੇਸ਼ ’ਚ ਉੱਸਰ ਰਹੇ ਵੱਡੇ-ਵੱਡੇ ਸ਼ੌਪਿੰਗ ਮਾਲ ਇਹਨਾਂ ਦੀ ਬੌਧਿਕ ਕੰਗਾਲੀ ਸਿਰੋਂ ਹੀ ਚੱਲ ਰਹੇ ਹਨ।ਇਸ ਸ਼੍ਰੇਣੀ ਦੀ ਰੀਸੋ-ਰੀਸ ‘ਲੁੱਟੇ-ਪੁੱਟੇ’ ਲੋਕ ਵੀ ਆਪਣੀ ਰਹਿੰਦੀ-ਖੂੰਹਦੀ ਲੁੱਟ ਕਰਵਾਉਣ ਦੇ ਆਹਰ ਵਿੱਚ ਲੱਗੇ ਹੋਏ ਹਨ।ਬਜ਼ਾਰਵਾਦ ਨੇ ਇੱਕ ਪੂਰੀ ਬਰਾਂਡ ਅਬੈਸਡਰ ਪੀੜ੍ਹੀ ਸਿਰਜ ਲਈ ਹੈ।ਜਿਵੇਂ ਕੋਈ ਇੱਕ ਝੂਠ ਨੂੰ ਸੌ ਵਾਰ ਸੱਚ ਬਣਾ ਕੇ ਕਹਿ ਦੇਵੇ ਤਾਂ ਉਹ ਸੱਚ ਬਣ ਜਾਂਦਾ ਹੈ ਉਸੇ ਤਰ੍ਹਾਂ ਇਸ਼ਤਿਹਾਰੀ ਕਲਾਬਾਜ਼ੀ ਨੇ ਮਨੁੱਖ ਦੇ ਮਨ ਉੱਪਰ ਇਹਨਾਂ ਉਪਭੋਗੀ ਵਸਤੂਆਂ ਦੀ ਅਜਿਹੀ ਛਾਪ ਛੱਡ ਦਿੱਤੀ ਹੈ ਕਿ ਉਸ ਦਾ ਰੰਗ ਉਤਰਨਾ ਫਿਲਹਾਲ ਮੁਸ਼ਕਿਲ ਹੈ।ਇਸ ਤੋਂ ਇਲਾਵਾ ਵੱਖ-ਵੱਖ ਕਿਸਮ ਦੇ ਅਧਿਆਤਮਕ ਚੈਨਲਾਂ ਨੇ ਇਹ ਬੀੜਾ ਚੁੱਕਿਆ ਹੋਇਆ ਹੈ ਕਿ ਅਜੋਕੇ ਮਨੁੱਖ ਨੂੰ ਉਸ ਦੀ ਲੁੱਟ ਦੀ ਅਸਲੀ ਪਛਾਣ ਤੇ ਕਾਰਨਾਂ ਤੋਂ ਦੂਰ ਕਰਕੇ ਉਸ ਦੀ ਅਧਿਆਤਮਿਕ ਜੁਗਤੀ ਦੱਸੀ ਜਾ ਰਹੀ ਹੈ।ਆਸਥਾ ਦੇ ਨਾਂ ਤੇ ਇੱਕ ਪੂਰੀ ਲੁਟੇਰੀ ਸਲਤਨਤ ਕਾਇਮ ਕਰਕੇ ਕਿਰਤੀ ਵਰਗ ਦੀ ‘ਸੇਵਾ’ ਦੇ ਨਾਂ ਤੇ ਅੰਨ੍ਹੀ ਤੇ ਬੇਕਿਰਕ (ਸਰੀਰਕ ਤੇ ਮਾਨਸਿਕ) ਲੁੱਟ ਕੀਤੀ ਜਾ ਰਹੀ ਹੈ।
ਸਮਾਜਿਕ ਤੇ ਆਰਥਿਕ ਗੁਲਾਮੀ ਤੋਂ ਮੁਕਤੀ ਦੀ ਬਜਾਇ ਅਧਿਆਤਮਿਕ ਮੁਕਤੀ ਦਾ ਮਾਰਗ ਸੁਲਝਾਇਆ ਜਾ ਰਿਹਾ ਹੈ।ਬਜ਼ਾਰਵਾਦ ਤੇ ਅਧਿਆਤਮਕਤਾ ਦੀ ਇਸ ਜੁਗਲਬੰਦੀ ਵਿੱਚ ਬੰਦਾ ਮੂਕ ਸ੍ਰੋਤਾ ਬਣਕੇ ਅਜਿਹੇ ਪ੍ਰਵਚਨਾਂ ਨੂੰ ਅੰਗੀਕਾਰ ਕਰ ਰਿਹਾ ਹੈ ਅਤੇ ਆਪਣੀ ਹੋਣੀ ਨੂੰ ‘ਸੱਤ ਬਚਨ’ ਕਹਿ ਕੇ ਭਾਣਾ ਮੰਨਣ ਤੇ ਭੋਗਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ।ਘਰੇਲੂ ਧਨ ਵਿੱਚ ਬੇਤਹਾਸ਼ਾ ਵਾਧਾ ਕਰਨ ਵਾਲੇ ਯੰਤਰਾਂ ਦੀ ਖਰੀਦੋ-ਫਰੋਖਤ ਕਰਨ ਲਈ ਇਹ ਚੈਨਲ ਇੱਕ ਖੁੱਲ੍ਹੀ ਮੰਡੀ ਦਾ ਰੂਪ ਧਾਰ ਚੁੱਕੇ ਹਨ।ਅਜਿਹੇ ਯੰਤਰ ਸੱਚਮੁੱਚ ਹੀ ਜੇਕਰ ਅਸਲੀਅਤ ’ਚ ਅਜਿਹਾ ਕਰਨ ਦੇ ਸਮਰੱਥ ਤੇ ਯੋਗ ਹੁੰਦੇ ਤਾਂ ਪੰਜਾਬ ਸਰਕਾਰ ਨੇ ਆਪਣਾ ਖਾਲੀ ਹੋਇਆ ਖਜ਼ਾਨਾ ਕਦੋਂ ਦਾ ਭਰ ਲੈਣਾ ਸੀ ਤੇ ਖੁੱਲ੍ਹੇ ਅਸਮਾਨ ਥੱਲੇ ਸੌਂਦੇ ਲੋਕਾਂ ਨੂੰ ਵੀ ਛੱਤ ਨਸੀਬ ਹੋ ਜਾਣੀ ਸੀ।ਹਰ ਪ੍ਰਕਾਰ ਦਾ ‘ਕੂੜ ਕਬਾੜ’ ਇਸ ਚਲਾਕੀ ਭਰੇ ਕੂੜ ਪ੍ਰਚਾਰ ਰਾਹੀਂ ਹੀ ਵੇਚਿਆ ਜਾ ਸਕਦਾ ਹੈ।ਇਸ ਹੋ ਰਹੀ ਅੰਨ੍ਹੀ ਲੁੱਟ ਦੇ ਪ੍ਰਤੀਕਰਮ ਵਜੋਂ ਬੰਦੇ ਕੋਲ ਨਾ ਹੀ ਤਾਂ ਕੋਈ ਲੋੜੀਂਦਾ ਤਰਕ ਹੈ ਤੇ ਨਾ ਹੀ ਕਾਰਗਰ ਵਿਵੇਕ।
ਸੰਸੇ,ਫਿਕਰਾਂ ਤੇ ਗ਼ਰੀਬੀ ’ਚ ਘਿਰੇ ਬੰਦੇ ਦੀ ਹਰ ਤਰ੍ਹਾਂ ਦੀ ਬਿਪਤਾ ਦਾ ਸੰਕਟ ਮੋਚਨ ਕਰਨ ਲਈ ਬਾਬੇ,ਤਾਂਤਰਿਕ ਤੇ ਸਾਧ-ਸਿਆਣਿਆਂ ਦਾ ਹਰ ਸਮੇਂ ਆਨਲਾਈਨ ਤਾਂਤਾ ਲੱਗਿਆ ਰਹਿੰਦਾ ਹੈ।ਚੜ੍ਹਾਵਾ ਚੜ੍ਹਾਉਣ ਲਈ ਬਾਬਿਆਂ ਦੇ ਬੈਂਕ ਖਾਤੇ ਚੌਵੀ ਘੰਟੇ ਖੁੱਲ੍ਹੇ ਹਨ।ਮੁਕਦੀ ਗੱਲ ਲੋਕਾਈ ਦੀ ਲੁੱਟ ਦਾ ਇੱਕ ਪੂਰਾ ਲੋਟੂ ਨਿਜ਼ਾਮ ਮੌਜੂਦ ਹੈ।ਅਜੋਕੀ ਸਾਮਰਾਜੀ ਬੁਰਜੂਆ ਵਿਵਸਥਾ ਇਸ ਦੀ ਸਰਪ੍ਰਸਤੀ ਕਰਦੀ ਹੈ।ਮੰਡੀ ਦੀ ਵਾਫਰ ਪੈਦਾਵਾਰ ਨੂੰ ਲੋਕਾਂ ਸਿਰ ਮੜ੍ਹਨ ਦਾ ਇਹ ਇੱਕ ਕਾਰਗਰ ਹਥਿਆਰ ਬਣ ਗਿਆ ਹੈ।ਨਿਰਸੰਦੇਹ ਪੂਰੇ ਵਿਸ਼ਵ ਵਿੱਚ ਮੰਦੀ ਦਾ ਦੌਰ ਪੂੰਜੀਵਾਦ ਦਾ ਖੁਦ ਸਿਰਜਿਆ ਸੰਕਟ ਹੈ।ਇਸ ਸੰਕਟ ’ਚੋਂ ਨਿਕਲਨ ਵਾਸਤੇ ਵਸਤੂਆਂ ਦੀ ਖੁੱਲ੍ਹੇ ਬਾਜ਼ਾਰ ਰਾਹੀਂ ਵਿਕਰੀ ਕਰਨ ਲਈ ਇਲੈਕਟ੍ਰਾਨਿਕ ਮੀਡੀਆ ਇੱਕ ਤੇਜ-ਤਰਾਰ ਤੇ ਸ਼ਕਤੀਵਰ ਸਾਧਨ ਸਾਬਤ ਹੋਇਆ ਹੈ।ਵਾਫਰ ਉੱਪਭੋਗੀ ਵਸਤੁ ਉਤਪਾਦਨ ਦੀ ਵਿਕਰੀ ਕਰਨ ਲਈ ਇਸ ਨੂੰ ਮੀਡੀਆ ਨੇ ਇਸ ਤਰੀਕੇ ਨਾਲ਼ ਪੇਸ਼ ਕੀਤਾ ਹੈ ਕਿ ਲੋਕਾਂ ਲਈ ਬੇਲੋੜੀਆਂ ਵਸਤੂਆਂ ਵੀ ਉਹਨਾਂ ਦੇ ਜੀਵਨ ਦਾ ਅੰਗ ਬਣਾ ਦਿੱਤੀਆਂ ਗਈਆਂ ਹਨ।ਆਮ ਬੰਦੇ ਦੀ ਕਦੋਂ ਜੇਬ ਕੱਟੀ ਜਾਂਦੀ ਹੈ ਉਸ ਨੂੰ ਆਪਣੀ ਜੇਬ ਕੱਟੇ ਜਾਣ ਤੋਂ ਬਾਅਦ ਵੀ ਅਹਿਸਾਸ ਨਹੀਂ ਹੋਣ ਦਿੱਤਾ ਜਾਂਦਾ।ਬੰਦੇ ਨੂੰ ਅਮੀਰ,ਮੋਟਾ,ਪਤਲਾ.ਲੰਬਾ ਤੇ ਸੁਡੌਲ ਬਨਾਉਣ ਲਈ ਦਵਾਈਆਂ ਦੇ ਰੂਪ ਵਿੱਚ ਹਰ ਰੋਜ਼ ਕਰੋੜਾਂ ਦਾ ਕਾਰੋਬਾਰ ਆਪਣੀ ਸਿਖਰ ਨੂੰ ਛੋਹ ਰਿਹਾ ਹੈ।ਸਿਤਮਜ਼ਰੀਫੀ ਇਹ ਹੈ ਕਿ ਇਹ ਸਮੁੱਚਾ ਵਰਤਾਰਾ ਤੇ ਦਾਰੋਮਦਾਰ ਮੇਰੇ ਭਾਰਤ ਦੇਸ਼ ਦੇ ਲਾਈਲੱਗ ਤੇ ਪਿਛਾਂਹਖਿੱਚੂ ਮਾਨਸਿਕਤਾ ਵਾਲੇ ਕਰੋੜਾਂ ਲੋਕਾਂ ਦੇ ਸਿਰ ’ਤੇ ਚੱਲ ਰਿਹਾ ਹੈ।ਬੰਦੇ ਦੀ ਚੌਵੀ ਘੰਟੇ ਹੁੰਦੀ ਖੁੱਲ੍ਹੀ ਤੇ ਬੇਕਿਰਕ ਲੁੱਟ ਦਾ ਮੰਜ਼ਰ ਸਭ ਦੇ ਸਾਹਮਣੇ ਹੈ।
ਅਸਲ ਵਿੱਚ ਆਮ ਲੋਕਾਈ ਨੂੰ ਤਰਜ਼ੀਹੀ ਤੌਰ ਤੇ ਇੱਕ ਤਰਕਹੀਣ ਮਨੋਰੰਜਨ ਦੇ ਕੇਂਦਰ ਵਿੱਚ ਗੱਡ ਦੇਣਾ ਇਸ ਸਾਮਰਾਜੀ ਮੀਡੀਆ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ।ਇਸ ਰਾਹੀਂ ਆਮ ਲੋਕਾਈ ਨੂੰ ਇੱਕ ਜਸ਼ਨਾਵੀ ਮਾਹੌਲ਼ ਪ੍ਰਦਾਨ ਕਰਕੇ ਉਹਨਾਂ ਦੇ ਸੰਸਿਆਂ,ਫਿਕਰਾਂ ਤੇ ਸੰਕਟਾਂ ਤੋਂ ਭਾਰ-ਮੁਕਤ ਕਰਨ ਦਾ ਦੰਭ ਸਿਰਜਿਆ ਜਾ ਰਿਹਾ ਹੈ।ਵਿਚਾਰਹੀਣ ਤੇ ਪਿਛਾਖੜੀ ਸੁਭਾਅ ਦੇ ਲੋਕਾਂ ਨੂੰ ਅਜਿਹਾ ਮਨੋਰੰਜਨ ਉਹਨਾਂ ਦੀ ਮਾਨਸਿਕ ਤੇ ਸਰੀਰਕ ਲੁੱਟ ਲਈ ਵਧੇਰੇ ਕਾਰਗਰ ਰੂਪ ਵਿੱਚ ਤਿਆਰ ਕਰ ਲੈਂਦਾ ਹੈ।ਅੱਜ ਲੋਕਾਈ ਨੂੰ ਜਿਸ ਬੁਰਜੂਆ ਸੰਗੀਤ ਦੇ ਛਣਕਣਿਆਂ ਨਾਲ ਪਰਚਾਇਆ ਤੇ ਨਚਾਇਆ ਜਾ ਰਿਹਾ ਹੈ,ਉਸ ਵਿੱਚੋਂ ਉਹਨਾਂ ਦੀ ਲੁੱਟ ਤੋਂ ਸਿਵਾਏ ਕੁੱਝ ਵੀ ਨਿੱਕਲਣ ਵਾਲਾ ਨਹੀਂ।ਨੰਗੇਜ਼ਵਾਦ,ਲੱਚਰਤਾ ਤੇ ਔਰਤ ਦੇ ਜਿਸਮ ਦੇ ਤਲਿਸਮ ਨੂੰ ਖੂੱਲ੍ਹੀ ਮੰਡੀ ਵਿੱਚ ਖੁੱਲ੍ਹੇ ਦਿਲ ਨਾਲ਼ ਪਰੋਸਿਆ ਜਾ ਰਿਹਾ ਹੈ।ਅਜੋਕੇ ਸੰਗੀਤਕ ਗਧੀਗੇੜ ਵਿੱਚ ਕਾਮੁਕਤਾ ਦਾ ਜਲੌਅ ਆਪਣੇ ਪੂਰੇ ਜੋਬਨ ਉੱਪਰ ਹੈ।ਨੌਜਵਾਨਾਂ ਉੱਪਰ ਇਸ ਸੰਗੀਤ ਦਾ ਇਸ ਕਦਰ ਅਸਰ ਹੈ ਕਿ ਅਧਿਆਤਮਿਕਤਾ ਦੇ ਪੈਰੋਕਾਰਾਂ ਨੇ ਵੀ ਇਸ ਸੰਗੀਤ ਦਾ ਓਟ-ਆਸਰਾ ਲੈ ਕੇ ਆਪਣੇ ਪ੍ਰਵਚਨਾਂ ਨੂੰ ਆਪਣੇ ਪੈਰੋਕਾਰਾਂ ਅੱਗੇ ਪਰੋਸਣਾ ਸ਼ੁਰੂ ਕਰ ਦਿੱਤਾ ਹੈ।
ਲੋਕਪੱਖੀ ਗਾਇਕੀ ਤੇ ਲੋਕਪੱਖੀ ਸੱਭਿਆਚਾਰ ਦੀ ਥਾਂ ਖਪਤ ਸੱਭਿਆਚਾਰ ਨੇ ਲੈ ਲਈ ਹੈ।ਸੰਗੀਤ ਤੇ ਮਨੋਰੰਜਨ ਮੰਡੀ ਦੀ ਵਸਤੂ ਬਣਾ ਦਿੱਤੇ ਗਏ ਹਨ।ਮੰਡੀ ਜਿਵੇਂ ਓਪਰੇਟ ਕਰਦੀ ਹੈ ਇਹਨਾਂ ਦੀ ਦਿਸ਼ਾ ਉਸੇ ਪਾਸੇ ਵੱਲ ਹੁੰਦੀ ਹੈ।ਅਜੋਕਾ ਰਾਹਮੁਕਤ ਤੇ ਦਿਸ਼ਾਹੀਣ ਨੌਜਵਾਨ ਇਸ ਮੰਡੀ ਦੇ ਨਿਸ਼ਾਨੇ ’ਤੇ ਹੈ।ਮੀਡੀਆ ਨੇ ਇਸ ਨੂੰ ਵਧੇਰੇ ਮੋਬਲਾਈਜ਼ ਕਰ ਦਿੱਤਾ ਹੈ।ਬੰਦਾ ਦੁਨੀਆਂ ਨੂੰ ਮੁੱਠੀ ’ਚ ਕਰਦਾ-ਕਰਦਾ ਖੁਦ ਮੋਬਾਇਲ ਦੀ ਮੁੱਠੀ ਵਿੱਚ ਆ ਗਿਆ ਹੈ।ਮਨੋਰੰਜਨ ਦੇ ਤਮਾਮ ਸਾਧਨ ਉਸ ਦੀ ਜੇਬ ਵਿੱਚ ਹਨ,ਇਹ ਹੁਸੀਨ ਭਰਮ ਉਸ ਨੂੰ ਕਿਵੇਂ ਚਿੱਟੇ ਦਿਨ ਲੁੱਟ ਲੈਂਦਾ ਹੈ ਉਸ ਨੂੰ ਪਤਾ ਹੀ ਨਹੀਂ ਲਗਦਾ।ਅਜੋਕੇ ਸਮੇਂ ਵਿੱਚ ਪੰਜਾਬੀ ਫਿਲਮਾਂ ਨੇ ਆਮ ਲੋਕਾਈ ਅੱਗੇ ਮਨੋਰੰਜਨ ਪਰੋਸਣ ਦਾ ਜੋ ਯੂ ਟਰਨ ਲਿਆ ਹੈ ਉਸ ਦਾ ਬੁਨਿਆਦੀ ਸਰੋਕਾਰ ਸਸਤੇ ਕਿਸਮ ਦੇ ਬੇਤੁਕੇ ਹਾਸੇ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਹੈ।ਮਨੋਰੰਜਨ ਦੀ ਸਸਤੀ ਸ਼ੋਭਾ ਵਾਲੀ ਇਹ ਜੁਗਤ ਕਰੋੜਾਂ ਦਾ ਕਾਰੋਬਾਰ ਕਰ ਰਹੀ ਹੈ।
ਪੰਜਾਬੀ ਮਿਊਜਿਕ ਕਾਰੋਬਾਰੀ ਕਲਾਕਾਰ ਇਸ ਦੌੜ ਵਿਚੋਂ ਸਭ ਤੋਂ ਅੱਗੇ ਹਨ।ਹਾਸਾ ਭਰਪੂਰ ਪੰਜਾਬੀ ਫਿਲਮਾਂ ਦੇਖਦਿਆਂ ਇਸ ਹਾਸੇ ਦੇ ਤਮਾਸ਼ੇ ਵਿੱਚ ਬੰਦੇ ਦਾ ਬੌਧਿਕ ਜਨਾਜ਼ਾ ਕਿਵੇਂ ਨਿੱਕਲ ਗਿਆ, ਪਤਾ ਹੀ ਨਹੀਂ ਲਗਦਾ।ਇਸ ਪੂਰੇ ਫਿਲਮੀ ਐਪੀਸੋਡ ਵਿਚੋਂ ਆਮ ਬੰਦੇ ਦੀ ਕਥਾ ਕਿਤੇ ਵੀ ਨਜ਼ਰ ਨਹੀਂ ਪੈਂਦੀ।ਉਸ ਵਿੱਚੋਂ ਤਾਂ ਬੇਤੁਕੇ ਹਾਸੇ ਦੀਆਂ ਸਸਤੀਆਂ ਪਿਚਕਾਰੀਆਂ ਹੀ ਲੋਕਾਂ ਉੱਪਰ ਆਪਣਾ ਗੰਧਲਾ ਰੰਗ ਬਿਖੇਰ ਰਹੀਆਂ ਹਨ।ਕੁੱਝ ਕੁ ਪ੍ਰਤੀਬੱਧ ਫਿਲਮਸਾਜ਼ ਜਿਹੜੇ ਕਿ ਅਜੋਕੀ ਸਮਾਜਿਕ ਦਸ਼ਾ ਤੇ ਰਾਜਸੀ ਢਾਂਚੇ ਦਾ ਮੁਲਾਂਕਣ ਕਰਨ ਵਾਲੀਆਂ ਫਿਲਮਾਂ ਦਾ ਨਿਰਮਾਣ ਕਰ ਹਨ,ਨੂੰ ਛੱਡ ਕੇ ਬਾਕੀ ਸਭ ਫਿਲਮਸਾਜ਼ ਲੋਕਾਈ ਲਈ ਸਸਤੇ ਤੇ ਵਕਤੀ ਮਨੋਰੰਜਨ ਨੂੰ ਪਰੋਸਣ ਵਿੱਚ ਲੱਗੇ ਹੋਏ ਹਨ।ਇਸ ਹਾਸੇ ਦੇ ਵਰਤਾਰੇ ਦੀ ਪਿੱਠਭੂਮੀ ਵਿੱਚ ਇੱਕ ਮਕਸਦ ਭਰਪੂਰ ਕਾਰੋਬਾਰ ਕੰਮ ਕਰ ਰਿਹਾ ਹੈ।ਨੌਜਵਾਨਾਂ ਲਈ ਇੱਕ ਮੰਤਵਹੀਣ ਗਧੀਗੇੜ ਪੈਦਾ ਕਰਨਾ ਇਸ ਦਾ ਕੇਂਦਰੀ ਤੇ ਇੱਕਨੁਕਤੀ ਏਜੰਡਾ ਹੈ।ਮੁੰਡਿਆਂ ਤੋਂ ਬਾਅਦ ਹੁਣ ਕੁੜੀਆਂ ਨੂੰ ਵੀ ਵਿਸਕੀ ਦੇ ਪੈੱਗ ਦੇ ਚਟਕਾਰੇ ਦੁਆਏ ਜਾਣ ਲੱਗੇ ਹਨ।ਵਿਸਕੀ ਦੇ ਪੈੱਗ ਪੀਣ ਤੋਂ ਬਾਅਦ ਉਹਨਾਂ ਦੇ ਲਾਲ ਹੋਏ ਜਿਸਮਾਨੀ ਰੰਗ ਤੇ ਕਲਾਬਾਜ਼ੀਆਂ ਦਾ ਜ਼ਿਕਰ ਵੀ ਛੇੜ ਦਿੱਤਾ ਗਿਆ ਹੈ।ਇਸ ਤੋਂ ਵੱਧ ਹੋਰ ਕੀ ਨਿਗਾਰ ਆਵੇਗਾ ਕਿ ਪੰਜਾਬ ਦੀਆਂ ਮੁਟਿਆਰਾਂ ਹੁਣ ਵਿਸਕੀ ਦੇ ਰੰਗ ਵਿੱਚ ਰੰਗੀਆਂ ਜਾਣਗੀਆਂ।
ਉਕਤ ਵਰਤਾਰਾ ਇੱਕ ਤਹਿਸ਼ੁਦਾ ਵਿਚਾਰਧਾਰਾ ਦਾ ਸਿੱਟਾ ਹੈ।ਲੋੜ ਅੱਜ ਅਜਿਹੇ ਵਰਤਾਰੇ ਤੋਂ ਪੂਰਨ ਭਾਂਤ ਸੁਚੇਤ ਹੋਣ ਦੀ ਹੀ ਨਹੀਂ ਸਗੋਂ ਬੌਧਿਕ ਤੌਰ ਤੇ ਇਸ ਨਾਲ ਸੰਵਾਦ ਰਚਾਉਣ ਦੀ ਵੀ ਹੈ।ਦੇਸ਼ ਦੇ ਨੌਜਵਾਨਾਂ ਲਈ ਇਹ ਜਿਹੜਾ ਰਾਹ ਸਿਰਜ ਰਿਹਾ ਹੈ ਉਸ ਦੀ ਮੰਜ਼ਿਲ ਤਬਾਹੀ ਦੇ ਕਾਗਾਰ ਵੱਲ ਲੈ ਜਾਣ ਵਾਲੀ ਹੈ।ਬਾਜ਼ਾਰਵਾਦ,ਮਿਊਜਿਕ ਮੰਡੀ ਤੇ ਅਧਿਆਤਮਿਕ ਸਲਤਨਤ ਦੀ ਅੰਨ੍ਹੀ ਤੇ ਬੇਕਿਰਕ ਲੁੱਟ ਤੋਂ ਬਚਣ ਤੇ ਸੰਜੀਦਾ ਹੋਣ ਦੀ ਲੋੜ ਸਮੇਂ ਦੀ ਮੁੱਖ ਮੰਗ ਹੈ।ਇਸ ਦੇ ਸਮਾਨੰਤਰ ਇੱਕ ਲੋਕਪੱਖੀ ਸਭਿਆਚਾਰ ਤੇ ਲੋਕਪੱਖੀ ਗਾਇਕੀ ਨੂੰ ਉਭਾਰਨ ਦੀ ਲੋੜ ਹੈ।ਉਹ ਸੱਭਿਆਚਾਰ ਤੇ ਗਾਇਕੀ ਜਿਸ ਵਿੱਚ ਕਿਰਤੀ ਤੇ ਆਮ ਬੰਦੇ ਦੇ ਜੀਵਨ ਜਿਉਣ ਦੀ ਜੁਗਤ ਦੱਸੀ ਗਈ ਹੋਵੇ।ਅਜਿਹਾ ਵਿਕਲਪਿਕ ਮੀਡੀਆ ਤੇ ਸੱਭਿਆਚਾਰ ਹੀ ਅਜੋਕੇ ਮਨੁੱਖ ਲਈ ਚਾਨਣਮੁਨਾਰੇ ਦਾ ਕੰਮ ਕਰੇਗਾ।
ਸੰਪਰਕ: 9463004858