Thu, 21 November 2024
Your Visitor Number :-   7252388
SuhisaverSuhisaver Suhisaver

ਕੀ ਵੱਧ ਰਹੀ ਅਬਾਦੀ ਇਸ ਧਰਤੀ ਲਈ ਖ਼ਤਰਾ ਹੈ? - ਜੋਗਿੰਦਰ ਬਾਠ ਹੌਲੈਂਡ

Posted on:- 27-04-2013

suhisaver

ਭੋਖੜਾ, ਬਿਮਾਰੀਆਂ,  ਜੰਗਾਂ ਤੋਂ ਆਉਣ ਵਾਲੀਆਂ ਨਸਲਾਂ ਨੂੰ ਕੋਈ ਵੀ ਨਹੀਂ ਬਚਾ ਸਕਦਾ, ਜੇ ਇਸ ਸੰਸਾਰ ਵਾਸੀਆਂ ਨੇ ਦੁਨੀਆਂ ਦੀ ਵੱਧ ਰਹੀ ਇਨਸਾਨੀ ਅਬਾਦੀ ਨੂੰ ਬਰੇਕ ਨਾ ਲਾਈ ਤਾਂ। ਇਹ ਵਿਚਾਰ ਸਨ ਅਠਾਰਵੀ ਸਦੀ ਵਿੱਚ ਪੈਦਾ ਹੋਏ ਇੰਗਲੈਂਡ ਦੇ ਉਸ ਸਮੇਂ ਦੇ ਮਸ਼ਹੂਰ ਅਰਥ ਸਾਸ਼ਤਰੀ ਮਿਸਟਰ ਥੌਮਸ ਮਾਲਟਥੁਸ ਦੇ ਹਨ।

ਥੌਮਸ ਮਾਲਟਥੁਸ (1766-1834) ਨੇ ਇਹ ਵਿਚਾਰ ਆਪਣੇ ਆਲੇ ਦੁਵਾਲੇ ਦੀ ਵਧ ਰਹੀ ਅਬਾਦੀ ਵੇਖ ਕੇ ਬਣਾਏ ਸਨ। ਉਨ੍ਹਾਂ ਦਿਨਾਂ ਵਿੱਚ ਇੰਗਲਿਸ਼ਤਾਨ ਦੇ ਹਰੇਕ ਘਰ ਵਿੱਚ ਤਿੰਨ ਤੋਂ ਲੈ ਕੇ 8 ਤੱਕ ਬੱਚੇ ਆਮ ਸਨ। ਉਸ ਦਾ ਵਿਚਾਰ ਸੀ ਜਿਸ ਤੇਜੀ਼ ਨਾਲ ਸੰਸਾਰ ਵਿੱਚ ਖਾਣ ਵਾਲੇ ਮੂੰਹਾਂ ਦੀ ਗਿਣਤੀ ਵਧੀ ਜਾਂਦੀ ਹੈ ਉਸ ਤੇਜ਼ੀ ਨਾਲ ਖਾਧ ਪਦਾਰਥਾਂ ਦੀ ਉੱਪਜ ਨਹੀਂ ਵੱਧ ਰਹੀ। ਜੇ ਏਸੇ ਹੀ ਤਰੀਕੇ ਨਾਲ ਅਬਾਦੀ ਦਾ ਵਾਧਾ ਹੁੰਦਾ ਰਿਹਾ ਤਾ ਇੱਕ ਵਕਤ ਐਸਾ ਵੀ ਆਵੇਗਾ ਜਦ ਮਨੁੱਖਾਂ, ਜਾਨਵਰਾਂ,ਜਨੌਰਾਂ ਦੇ ਖਾਣ ਲਈ ਕੁਝ ਵੀ ਨਹੀਂ ਬਚੇਗਾ।
ਉਸ ਨੇ ਭਵਿੱਖਬਾਣੀ ਕੀਤੀ ਸੀ ਇਹ ਵਕਤ ਛੇਤੀ ਹੀ ਆਉਣ ਵਾਲਾ ਹੈ।                                                 

ਹਾਲਾਂਕਿ ਓਦੋਂ ਸਾਰੀ ਦੁਨੀਆਂ ਦੀ ਅਬਾਦੀ ਸੌਅ ਕਰੌੜ ਤੋਂ ਵੀ ਘੱਟ ਸੀ। ਇਹੋ ਜਿਹੀਆਂ ਭਵਿੱਖ ਬਾਣੀਆਂ ਕਰਨ ਵਾਲਾ ਉਹ ਕੱਲਾ ਹੀ ਅਰਥਸ਼ਾਸਤਰੀ ਨਹੀਂ ਸੀ ਹੋਰ ਵੀ ਬਥੇਰੇ ਇਸ ਤਰ੍ਹਾਂ ਦੀ ਪਰਲੋ ਆਉਣ ਦੇ ਅਵਾੜੇ ਛੱਡੀ ਜਾਂਦੇ ਸਨ ਤੇ ਦੁਨੀਆਂ ਦਾ ਤਰ੍ਹਾਂ ਕੱਢੀ ਜਾਂਦੇ ਸਨ।                                               

ਅਬਾਦੀ ਦਾ ਅਸਲ ਵਾਧਾ ਸੁਰੂ ਹੋਇਆ ਸੀ ਪਿਛਲੀ ਸਦੀ ਦੇ ਪੰਜਾਵਿਆਂ ਵਿੱਚ। 1950 ਵਿੱਚ ਸਾਰੀ ਦੁਨੀਆਂ ਦੇ ਬਾਸ਼ਿੰਦਿਆਂ ਦੀ ਅਬਾਦੀ ਸੀ ਢਾਈ ਸੌ ਕਰੋੜ, ਤੇ ਅੱਜ ਦੀ ਘੜੀ ਹੈ ਸੱਤ ਸੌਅ ਕਰੌੜ ਤੋਂ ਵੀ ਉੱਪਰ। ਪਰੰਤੂ ਸੱਤ ਸੌਅ ਕਰੋੜ ਅਬਾਦੀ ਹੋਣ ਦੇ ਬਾਵਜੂਦ ਵੀ ਅੱਜ ਦੁਨੀਆ ਦੇ ਬਹੁਤੇ ਬਾਸਿ਼ੰਦੇ ਪਹਿਲਾ ਨਾਲੋਂ ਵਧੀਆ ਤੇ ਸਤੁੰਲਤ ਖੁਰਾਕ ਖਾ ਰਹੇ ਹਨ ਤੇ ਲੱਖਾ ਟੱਨ ਅਨਾਜ਼ ਅਕਾਲ ਅਤੇ ਕੁਦਰਤੀ ਆਫਤਾਂ ਵਰਗੀਆਂ ਹਾਲਤਾਂ ਨਾਲ ਨਿਪਟਨ ਲਈ ਸੰਸਾਰ ਦੇ ਭੜੋਲੇ ਵਿੱਚ ਭਰਿਆ ਪਿਆ ਹੈ।

ਜੇ ਕਿਤੇ ਸੰਸਾਰ ਵਿੱਚ ਇਥੋਪੀਆਂ,ਸੁਮਾਲੀਆਂ ਵਰਗੇ ਦੇਸ਼ਾ ਵਿੱਚ ਭੁੱਖ ਮਰੀ ਹੈ ਵੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਨਾਜ਼ ਦੀ ਘਾਟ ਹੈ ਸਗੋਂ ਇਹ ਉਨ੍ਹਾਂ ਮੁਲਕਾਂ ਦੀਆਂ ਖਾਨਾਜੰਗੀਆ ਤੇ ਕਾਣੀ ਵੰਡ ਦੀ ਵਜ੍ਹਾ ਨਾਲ ਹੈ। ਹਿੰਦੁਸਤਾਨ ਵਿੱਚੋਂ ਵੀ ਭੁੱਖ ਮਰੀ ਦੀਆਂ ਖ਼ਬਰਾਂ ਆਮ ਹੀ ਆਉਂਦੀਆਂ ਰਹਿੰਦੀਆਂ ਹਨ, ਪਰੰਤੂ ਦੂਜੇ ਪਾਸੇ ਲੱਖਾਂ ਟੱਨ ਅਨਾਜ਼ ਸੰਭਾਲ ਖੁਣੋ ਖੁੱਲ੍ਹੇ ਅਸਮਾਨ ਥੱਲੇ ਹਰ ਸਾਲ ਗਲ ਸੜ ਕੇ ਕੀੜੀਆਂ ਦੇ ਖੁੱਡੀ ਢੋਹਣ ਜੋਗਾ ਵੀ ਨਹੀਂ ਰਿਹਾ।

ਅੱਜ ਦੇ ਸਮੇਂ ਵਿੱਚ ਵੀ ਬਹੁਤ ਸਾਰੇ ਰੱਜੇ ਬੁੱਧੀਜੀਵੀ ਜੰਥੇਬੰਦੀਆਂ ਬਣਾ ਕੇ ਮਨੁੱਖਾਂ ਦਾ ਦਿਮਾਗ ਮਾਲਥੂਸ ਵਾਂਗ ਹੀ ਨੀਲੇ ਥੋਥੇ ਨਾਲ ਧੋਈ ਜਾਂਦੇ ਹਨ। ਗਿਆਨਪੀਠ ਵਿਜੇਤਾ ਸਾਡੇ ਮਸ਼ਹੂਰ ਨਾਵਲਕਾਰ ਸ੍ਰੀ ਗੁਰਦਿਆਲ ਸਿੰਘ ਦਾ ਅਜੀਤ ਅਖ਼ਬਾਰ ਵਿੱਚ ਵਧਦੀ ਅਬਾਦੀ ਬਾਰੇ ਛੱਪਿਆ ਲੇਖ ਵੀ ਥੋਮਸ ਮਾਲਟਥੁਸ ਵਾਲੇ ਸੌਅ ਸਾਲ ਪੁਰਾਣੇ ਖ਼ਦਸੇ਼ ਜ਼ਾਹਰ ਕਰਦਾ ਹੈ। ਇਸ ਕਿਸਮ ਦੇ ਬੁੱਧੀਜੀਵੀਆਂ ਦਾ ਖਿਆਲ ਹੈ ਜੇ ਮਨੁੱਖ ਏਸੇ ਤਰ੍ਹਾਂ ਅਨਮੋਲ ਕੁਦਰਤੀ ਧਾਤਾਂ ਤੇ ਵਸੀਲਿਆਂ ਦੀ ਬੇਕਿਰਕ ਵਰਤੋਂ ਕਰਦਾ ਰਿਹਾ ਤਾਂ ਫੈਕਟਰੀਆਂ,ਕਾਰਾਂ ਵੱਲੋਂ ਛੱਡੀਆਂ ਗਰੀਨ ਹਾਉਸ ਗੈਸਾਂ ਧਰਤੀ ਦੇ ਰੱਖਿਆ ਕਵਚ ( ਉਜ਼ੋਨ) ਵਿੱਚ ਮਘੋਰੇ ਕਰ ਦੇਣਗੀਆਂ।

ਧਰਤੀ ਦੇ ਲਗਾਤਾਰ ਵਧ ਰਹੇ ਤਾਪਮਾਨ ਨਾਲ ਮੌਸਮਾਂ ਵਿੱਚ ਵਿਕਾਰ ਤੇ ਵਿਗਾੜ ਪੈਦਾ ਹੋ ਜਾਵੇਗਾ। ਗਰਮੀ ਨਾਲ ਪਹਾੜਾ ਤੇ ਜੰਮੀਆਂ ਬਰਫਾਂ ਪਿਘਲ ਜਾਣਗੀਆਂ। ਕਿਤੇ ਡੋਬਾ ਕਿਤੇ ਸੋਕਾ, ਤੁਫਾਨ ਤੇ ਸੁਨਾਮੀਆਂ ਇਸ ਧਰਤੀ ਦੇ ਜੀਵਾਂ, ਬਨਸਪਤੀ ਸਣੇ ਮਨੁੱਖਾਂ ਨੂੰ ਬਰਬਾਦ ਕਰ ਕੇ ਰੱਖ ਦੇਵੇਗਾ। ਵੱਧ ਰਹੀ ਅਬਾਦੀ ਇਸ ਮੰਜ਼ਰ ਨੂੰ ਹੋਰ ਵੀ ਭਿਆਨਕ ਬਣਾ ਦੇਵੇਗੀ। ਵਧਦੀ ਅਬਾਦੀ ਇਸ ਖੂਬਸੂਰਤ ਨੀਲੀ ਧਰਤੀ ਨੂੰ ਕੂੜੇ ਕਰਕਟ ਦਾ ਢੇਰ ਬਣਾ ਕੇ ਰੱਖ ਦੇਵੇਗੀ।  ਮਨੁੱਖੀ ਖੁਰਾਕ ਨੂੰ ਪੂਰਾ ਕਰਨ ਲਈ ਵੱਧ ਝਾੜ ਲੈਣ ਲਈ ਫਸਲਾਂ ਤੇ ਛਿੱੜਕੇ ਜਾ ਰਹੇ ਕੀਟਨਾਸ਼ਕ ਕੈਮੀਕਲ ਮਿੱਟੀ, ਪਾਣੀ ਤੇ ਹਵਾ ਨੂੰ ਜ਼ਹਿਰੀਲਾ ਕਰ ਕੇ ਰੱਖ ਦੇਣਗੇ। ਮਨੁੱਖ ਵਲੋਂ ਧਰਤੀ ਨੂੰ ਖਗਾਲ ਕੇ ਬੇਕਿਰਕੀ ਨਾਲ ਲਗਾਤਾਰ ਕੱਢੇ ਜਾ ਰਹੇ ਖਣਿਜ਼ ਪਦਾਰਥ ਧਰਤੀ ਨੂੰ ਖੋਖਲਾ ਕਰ ਕੇ ਗਿਰੀ ਕੱਢੇ ਸੁੱਕੇ ਅਖਰੋਟ ਵਰਗੀ ਬਣਾ ਦੇਣਗੇ।                                                           

ਅਮਰੀਕਾ ਦੀ ਇੱਕ ਗਾਇਕ ਬੁੱਧੀਜੀਵਨੀ ਮਦਾਮ ਕਰਿਸ਼ ਕੋਰਡਾ ਦਾ ਵਿਚਾਰ ਹੈ ਕਿ ਸਿਰਫ ਮਨੁੱਖ ਦੀ ਵਜਹਾ ਨਾਲ ਇਸ ਧਰਤੀ ਦਾ ਬੀ ਨਾਸ਼ ਹੋ ਰਿਹਾ ਹੈ। ਉਹ ਡੰਕੇ ਦੀ ਚੋਟ ਤੇ ਹੋਕਾ ਦਿੰਦੀ ਫਿਰਦੀ ਹੈ ਕਿ ਸਾਰੇ ਮਨੁੱਖ ਜਿੰਨੀ ਛੇਤੀ ਹੋਵੇ ਬੱਚੇ ਜੰਮਣੇ ਬੰਦ ਕਰਨ ਤਾਂ ਹੀ ਸੰਸਾਰ ਦੇ ਕੁਦਰਤੀ ਨਿਜ਼ਾਮ ਨੂੰ ਸਤੁੰਲਤ ਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਤੇ ਭਵਿੱਖ ਵਿੱਚ ਪੈਣ ਵਾਲੇ ਭੋਖੜੇ ਦਾ ਅਗਾਹੋਂ ਬੰਦੋਬਸਤ ਕੀਤਾ ਜਾ ਸਕਦਾ ਹੈ। ਬੀਬੀ ਤਾਂ ਮਨੁੱਖਤਾਂ ਦੇ ਨਾਸ਼ ਲਈ ਇਥੋਂ ਤੱਕ ਅੱਤਵਾਦੀ ਹੈ, ਉਸ ਦਾ ਤਰਕ ਹੈ ਮਨੁੱਖ ਨੂੰ ਇਸ ਨੀਲੀ ਧਰਤੀ ਤੋਂ ਉੱਕਾ ਹੀ ਖਤਮ ਹੋ ਜਾਣਾ ਚਾਹੀਦਾ ਹੈ ਤਾਂ ਜੋ ਧਰਤੀ ਦੇ ਦੂਸਰੇ ਵਾਸੀਆਂ ਜਾਨਵਰਾਂ, ਬਨਸਪਤੀ ਨੂੰ ਬਚਾਇਆ ਜਾ ਸਕੇ। ਉਹ ਗਾ ਕੇ ਹੋਕਾ ਦਿੰਦੀ ਫਿਰਦੀ ਹੈ ਕਿ ਹਰ ਬੰਦੇ ਨੂੰ ਆਤਮ ਹੱਤਿਆ ਦਾ ਹੱਕ ਹੋਣਾ ਚਾਹੀਦਾ ਹੈ। ਇਸ ਧਰਤੀ ਲਈ ਓਨਾ ਹੀ ਚੰਗਾ ਹੈ ਜਿੰਨੀ ਛੇਤੀ ਹੋ ਸਕੇ ਇਸ ਧਰਤੀ ਦੇ ਸਾਰੇ ਮਨੁੱਖ ਛੇਤੀ ਤੋਂ ਛੇਤੀ ਅਪਣੇ ਗਲਾਂ ਵਿੱਚ ਫਾਹੇ ਪਾ ਜੋ ਵੀ ਟੰਬਾ,ਖੰਬਾ ਜਾ ਰੁੱਖ ਮਿਲੇ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਤਾਂ ਜੋ ਇਸ ਧਰਤੀ ਨੂੰ ਬਚਾਇਆ ਜਾ ਸਕੇ ਅੱਗੇ ਹੀ ਬਹੁਤ ਦੇਰ ਹੋ ਚੁੱਕੀ ਹੈ।

ਭਾਰਤ ਦੇਸ਼ ਦਾ ਇੱਕ ਟੀ ਵੀ ਚੈਂਨਲ ਹੈ ,ਆਜ ਤੱਕ, ਜੋ ਦਰਸ਼ਕਾਂ ਨੂੰ ਚੌਵੀ ਘੰਟੇ ਅਖੌਤੀ ਭੂਤਾਂ ਪ੍ਰੇਤਾਂ ਨਾਲੋਂ ਵੀ ਵੱਧ ਡਰਾਉਣ ਦਾ ਯਤਨ ਕਰਦਾ ਹੈ। ਬਾਬਿਆਂ, ਪਾਖੰਡੀਆਂ ਦੀ ਪੈਸੇ ਲੈ ਕੇ ਸ਼ਾਨ ਵਧਾਉਣ ਵਾਲਾ ਇਹ ਚੈਨਲ ਪਿਛਲੇ ਦਿਨੀਂ ਜਪਾਨ ਵਿੱਚ ਆਏ ਦੋ ਸਾਲ ਪਹਿਲਾਂ ਸੁਨਾਮੀ ਭੁਚਾਲ ਦਾ ਸਾਰਾ ਦੋਸ਼ ਇਸ ਧਰਤੀ ਦੀ ਆਹਲਾ ਨਸਲ ਮਨੁੱਖ ਉੱਪਰ ਹੀ ਪਾ ਰਿਹਾ ਸੀ ਉਸ ਦਾ ਤਰਕ ਸੀ ਜੇ ਮਨੁੱਖ ਏਸੇ ਤਰ੍ਹਾਂ ਹੀ ਕੁਦਰਤ ਨਾਲ ਛੇੜ ਛਾੜ ਕਰਦਾ ਰਿਹਾ ਤਾ ਭਵਿੱਖ ਵਿੱਚ ਇਸ ਤੋਂ ਵੀ ਵੱਡੀਆ ਸੁਨਾਮੀਆਂ ਆਉਣਗੀਆ ਤੇ ਸੰਸਾਰ ਦੇ ਸਾਰੇ ਜੀਵਾਂ ਨੂੰ ਤਬਾਹ ਕਰ ਕੇ ਰੱਖ ਦੇਣਗੀਆਂ।                                                 

ਵਧਦੀ ਅਬਾਦੀ ਦਾ ਤਰਕ ਵੀ ਇਸ ਕਿਸਮ ਦੇ ਟੀ ਵੀ ਚੈਨਲਾਂ, ਬੁੱਧੀਜੀਵੀਆਂ, ਸਾਇੰਸਦਾਨਾਂ ਤੇ ਸੜੇ ਸਾਧਾ ਦਾ ਆਪਣਾ ਹੀ ਹੈ। ਇਹ ਤਿੰਨ ਤਰ੍ਹਾਂ ਦੇ ਅੰਕੜੇ ਪੇਸ਼ ਕਰਦੇ ਹਨ। ਸੰਨ 2100 ਵਿੱਚ ਸੰਸਾਰ ਦੀ ਅਬਾਦੀ ਦੇ ਤਿੰਨ ਅੰਦਾਜੇ਼ ਹਨ। ਕੋਈ ਕਹਿੰਦਾ ਹੈ ਸੰਨ ਇੱਕੀ ਸੌਅ ਵਿੱਚ ਸੰਸਾਰ ਦੀ ਅਬਾਦੀ ਪੰਦਰਾਂ ਅਰਬ ਹੋ ਜਵੇਗੀ ਦੂਜਾ ਕਹਿੰਦਾ ਨਹੀਂ ਦਸ ਅਰਬ ਹੋਵੇਗੀ ਤੇ ਤੀਜਾ ਕਹਿੰਦਾ ਘਟ ਜਾਵੇਗੀ, ਸਿਰਫ ਛੇ ਅਰਬ ਹੀ ਰਹਿ ਜਾਵੇਗੀ। ਭਵਿੱਖ ਦੀ ਅਬਾਦੀ ਬਾਰੇ ਅੰਦਾਜ਼ੇ ਲਾਉਣੇ ਕੋਈ ਖਾਲਾ ਜੀ ਵਾੜਾ ਨਹੀਂ ਹੈ ਇਹ ਸਾਇੰਸਦਾਨ ਅੱਜ ਦੇ ਅੰਕੜਿਆ ਨੂੰ ਹੀ ਮੁੱਖ ਰੱਖ ਕੇ ਭਵਿੱਖ ਦੀ ਮਨੁੱਖੀ ਅਬਾਦੀ ਬਾਰੇ ਭਵਿੱਖਬਾਣੀਆਂ ਕਰ ਰਹੇ ਹਨ। ਭਵਿੱਖ ਦੇ ਗਰਭ ਵਿੱਚ ਕੀ ਪਿਆ ਹੈ ਇਹ ਕੋਈ ਵੀ ਨਹੀਂ ਜਾਣਦਾ ਕੱਲ੍ਹ ਕਲੋਤਰ ਨੂੰ ਐਟਮੀ ਜੰਗਾਂ ਵੀ ਲੱਗ ਸਕਦੀਆਂ ਹਨ, ਕੋਈ ਭਿਆਨਕ ਬਿਮਾਰੀਆ ਵੀ ਫੈਲ ਸਕਦੀਆਂ ਹਨ, ਆਰਥਿਕ ਮੰਦਵਾੜਾ, ਕੁੱਦਰਤੀ ਆਫਤਾਂ ਵੀ ਅਰਬਾਂ ਲੋਕਾ ਨੂੰ ਨਿਗਲ ਸਕਦੀਆਂ ਹਨ। ਇਸ ਕਰਕੇ ਸਾਇੰਸਦਾਨਾ ਦੇ ਟੇਵੇ ਇਤਿਹਾਸਕ ਪਾਤਰ ਬੀਰਬਲ ਦੇ ਭੇਡ ਦੇ ਵਾਲ ਤੇ ਅਸਮਾਨ ਵਿੱਚ ਤਾਰਿਆਂ ਦੀ ਗਿਣਤੀ ਦੱਸਣ ਵਾਂਗ ਹੀ ਹਨ। ਪਰੰਤੂ 2100 ਸੰਨ ਤੱਕ ਪਹੁੰਚਦਿਆਂ ਫਿਰ ਵੀ ਸੰਸਾਰ ਦੀ 9 ਕੁ ਅਰਬ ਅਬਾਦੀ ਮੰਨਣਯੋਗ ਹੈ, ਜੇ ਹਾਲਾਤ ਹੁਣ ਵਾਂਗ ਹੀ ਭਵਿੱਖ ਵਿੱਚ ਨਾਰਮਲ ਚੱਲਣਗੇ ?
ਆਉ ਜ਼ਰਾਂ ਸੋਚੀਏ ਕੀ ਵੱਧ ਰਹੀ ਅਬਾਦੀ ਵਾਕਿਆ ਹੀ ਸਾਡੀ ਧਰਤੀ ਲਈ ਖਤਰਨਾਕ ਹੈ ?
ਬੰਦਾ ਸਮਾਜੀ ਜੀਵ ਹੈ। ਆਪਣੀ ਨਸ਼ਲ ਨਾਲ ਇਕੱਠਿਆ ਰਹਿਣਾ ਤੇ ਰਲ ਕੇ ਤਰੱਕੀ ਕਰਨੀ ਇਸ ਦੇ ਮਾਦੇ ਵਿੱਚ ਹੈ। ਇਸੇ ਸਮੂਹਕ ਤਾਕਤ ਦਾ ਨਤੀਜਾ ਹੈ ਇਸ ਨੇ ਜੰਗਲੀ ਗੁਫਾਵਾਂ ਵਿੱਚੋਂ ਨਿਕਲ ਕੇ ਸੌ ਸੌ ਮੰਜ਼ਲੀਆਂ ਝੂਲਣ ਵਾਲੀਆਂ ਇਮਾਰਤਾਂ ਦਾ ਨਿਰਮਾਨ ਕੀਤਾ ਹੈ। ਧਰਤੀ ਤੇ ਰੀਂਗਣ ਤੋ ਸ਼ੁਰੂ ਕਰਕੇ ਪਲਾੜ ਵਿੱਚ ਦੂਸਰੇ ਗਰੈਹਾਂ ਤੱਕ ਉਡਾਰੀ ਇਸ ਆਦਮ ਜਾਤ ਲਈ ਹੁਣ ਮਨ ਪਰਚਾਉਣ ਵਾਲੀਆਂ ਖੇਡਾਂ ਹਨ । ਏਸੇ ਕਰਕੇ ਅੱਜ ਪੂਰੀ ਦੁਨੀਆਂ ਤਕਨੀਕੀ ਤੌਰ ਤੇ ਇੱਕ ਦੂਜੇ ਮਨੁੱਖ ਨਾਲ ਜੁੜ ਕੇ ਇੱਕ ਗਲੋਬਲ ਪਿੰਡ ਬਣ ਗਈ ਹੈ।                             

ਦੁਨੀਆਂ ਦਾ ਇੱਕ ਬਹੁਤ ਹੀ ਛੋਟਾ ਮੁਲਕ ਹੈ ਮੋਨਾਕੋ ਜਿਸ ਦਾ ਘੇਰਾ ਸ੍ਰਿਫ ਦੋ ਕੀਲੋਮੀਟਰ ਚੌਰਸ ਹੈ ਤੇ ਅਬਾਦੀ ਹੈ ਤੇਤੀ ਲੱਖ ਯਾਨਿ ਕਿ ਪਰ ਕਿਲੋਮੀਟਰ ਵਿੱਚ ਸੋਲਾ ਹਜ਼ਾਰ ਪੰਜ ਸੌਅ ਲੋਕ ਸਾਂਤੀ ਪੁਰਵਕ ਵਸ ਰਹੇ ਹਨ। ਇਹ ਦੇਸ਼ ਸਾਡੀ ਨੀਲੀ ਧਰਤੀ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਮੁਲਕ ਹੈ।

ਦੂਜੇ ਨੰਬਰ ’ਤੇ ਆਉਂਦਾ ਹੈ ਸਿੰਘਾਪੁਰ। ਇਹ ਸਾਉਥ ਈਸਟ ਏਸ਼ੀਆਂ ਦਾ ਸਭ ਤੋ ਛੋਟਾ ਦੇਸ਼ ਹੈ। ਇਥੇ ਅੱਧਾ ਕਰੋੜ ਲੋਕ ਵੱਸਦੇ ਹਨ। ਪਰ ਚੌਰਸ ਕਿਲੋਮੀਟਰ ਥਾਂ ਤੇ ਇਥੇ ਸੱਤ ਹਜ਼ਾਰ ਸਤਾਨਵੇਂ ਲੋਕ ਆਪਣਾ ਜੀਵਨ ਗੁਜ਼ਾਰਦੇ ਹਨ। ਸਿਰੇ ਦਾ ਸ਼ਾਂਤ ਮੁਲਕ ਤੇ ਦੁਨੀਆ ਦਾ ਤੀਜਾ ਅਮੀਰ ਮੁਲਕ ਹੈ ਸਿੰਘਾਪੁਰ। ਮੇਰੇ ਦੇਸ਼ ਹੌਲੈਂਡ ਵਿੱਚ 400 ਬੰਦੇ ਪਰ ਚੋਰਸ ਕਿਲੋਮੀਟਰ ਵਿੱਚ ਪੂਰੇ ਅਮਨੋ ਅਮਾਨ ਨਾਲ ਵੱਸ ਰਹੇ ਹਨ ਨੀਦਰਲੈਂਡ ਦੁਨੀਆ ਦਾ ਬਾਰ੍ਹਵਾਂ ਅਮੀਰ ਮੁਲਕ ਹੈ।                          
                              
ਇਸ ਦੇ ਉਲਟ ਮੰਗੌਲੀਆਂ ਦੇਸ਼ ਵਿੱਚ ਪਰ ਚੌਰਸ ਕਿਲੋਮੀਟਰ ਵਿੱਚ ਰਹਿੰਦੇ ਹਨ ਸਿਰਫ ਪੌਣੇ ਦੋ ਬੰਦੇ ਫਿਰ ਵੀ ਉਸ ਨੂੰ ਤੀਜੀ ਦੁਨੀਆ ਦਾ ਗਰੀਬ ਦੇਸ਼ ਕਿਹਾ ਜਾਂਦਾ ਹੈ। ਦੁਨੀਆ ਵਿੱਚ ਸਭ ਤੋਂ ਵਿਰਲੀ ਅਬਾਦੀ ਇਸ ਦੇਸ਼ ਵਿੱਚ ਹੈ। ਤਿੰਨ ਬੰਦੇ ਰਹਿੰਦੇ ਹਨ ਆਸਟਰੇਲੀਆ ਵਿੱਚ, ਰਸ਼ੀਅ ਵਿੱਚ ਅੱਠ, ਫਿਨਲੈਂਡ ਵਿੱਚ ਤੇਰਾਂ ਤੇ ਨਾਰਵੇ ਵਿੱਚ ਇੱਕੀ।                                          

ਅਸਲ ਵਿੱਚ ਸੱਤ ਅਰਬ ਲੋਕਾਂ ਲਈ ਬਥੇਰੀ ਥਾਂ ਹੈ ਦੁਨੀਆ ਵਿੱਚ ਜੇ ਸਾਰੀ ਧਰਤੀ ਤੋਂ ਬਾਡਰ ਚੁੱਕੇ ਜਾਣ ? ਧਰਤੀ ਦੇ ਹਰੇਕ ਬਾਸਿ਼ਦੇ ਦੇ ਹਿੱਸੇ ਅਜੇ ਵੀ ਵੀਹ ਹਜ਼ਾਰ ਵਰਗ ਮੀਟਰ ਜਗ੍ਹਾ ਆਉਂਦੀ ਹੈ। ਅਸਲ ਵਿੱਚ ਗ਼ਰੀਬ ਦੇਸ਼ਾਂ ਵਿੱਚ ਹੀ ਅਬਾਦੀ ਵਧ ਰਹੀ ਹੈ ਪਰੰਤੂ ਉਹ ਧਰਤੀ ਦੇ ਖਜ਼ਾਨਿਆਂ ਨੂੰ ਨਾ ਮਾਤਰ ਹੀ ਵਰਤਦੇ ਹਨ। ਉਹ ਕੁਦਰਤ ਵਿੱਚ ਗੰਦ ਵੀ ਬਹੁਤ ਘੱਟ ਪਾਉਂਦੇ ਹਨ। ਅਸਲੀ ਗੰਦ ਤਾਂ ਵਾਤਾਵਰਨ ਵਿੱਚ ਅਮੀਰ ਪੱਛਮੀ ਮੁਲਕ ਹੀ ਪਾਉਂਦੇ ਹਨ ਇਹ ਮੁਲਕ ਆਪਣੀ ਅਯਾਸ਼ੀ ਤੇ ਸੁੱਖ ਸਹੁਲਤਾਂ ਲਈ ਲਈ ਵੱਡਾ ਹਿਸਾ ਧਰਤੀ ਦੇ ਖਣਿਜ ਪਦਾਰਥਾਂ ਦਾ ਵਰਤਦੇ ਹਨ।

ਪਰੰਤੂ ਅਮੀਰ ਦੇਸ਼ਾ ਵਿੱਚ ਅਬਾਦੀ 1950 ਤੋਂ ਬਾਦ ਲਗਾਤਾਰ ਘੱਟ ਰਹੀ ਹੈ ਯੋਰਪ ਵਿੱਚ 1950 ਦੇ ਗੇੜ ਤੇ ਇਸ ਤੋਂ ਪਹਿਲਾਂ ਹਰ ਔਰਤ ਦੇ ਪੰਜ ਬੱਚੇ ਸਨ ਤੇ ਹੁਣ ਸਿਰਫ ਢਾਈ ਹੀ ਹਿਸੇ ਆਉਂਦੇ ਹਨ। ਜੇ ਯੋਰਪ ਵਿੱਚ ਬੱਚੇ ਜੰਮਣ ਦੀ ਰਫਤਾਰ 1950 ਵਾਲੀ ਹੀ ਰਹਿੰਦੀ ਤਾ ਹੁਣ ਨੂੰ ਦੁਨੀਆਂ ਦੀ ਅਬਾਦੀ ਦਸ ਅਰਬ ਹੋ ਜਾਣੀ ਸੀ। ਪਰੰਤੂ ਔਰਤਾਂ ਵਿੱਚ ਉੱਚ ਪੜ੍ਹਾਈ ਤੇ ਮਰਦਾ ਬਰਾਬਰ ਹਰ ਖੇਤਰ ਵਿੱਚ ਕੰਮ ਕਰਨ ਦੇ ਰੁਝਾਨ ਨੇ ਬੱਚਿਆ ਦੇ ਜੰਮਣ ਨੂੰ ਠੱਲ੍ਹ ਪਾਈ ਤੇ ਹੁਣ ਸਾਰੀ ਦੁਨੀਆਂ ਦੇ ਹੀ ਪੜ੍ਹੇ ਲਿਖੇ ਲੋਕਾਂ ਵਿੱਚ ਬੱਚੇ ਜੰਮਣ ਦੀ ਗਿਣਤੀ ਵਿੱਚ ਲਗਾਤਾਰ ਕਮੀ ਆ ਰਹੀ ਹੈ। ਕਈ ਦੇਸ਼ਾਂ ਖਾਸ ਕਰਕੇ ਜਰਮਨੀ ਵਰਗੇ ਦੇਸ਼ ਵਿੱਚ ਤਾਂ ਅਬਾਦੀ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ।

2005 ਵਿੱਚ ਜਰਮਨ ਦੀ ਅਬਾਦੀ 85,5 ਮੀਲੀਅਨ ਸੀ ਤੇ ਹੁਣ ਦੋ ਹਜ਼ਾਰ ਦਸ ਵਿੱਚ ਦੋ ਲੱਖ ਬੰਦਾ ਘਟ ਗਿਆ ਹੈ। ਹਾਲਾਕਿ ਬਹੁਤ ਸਾਰੇ ਵਿਦੇਸ਼ੀਆਂ ਨੇ ਜਰਮਨ ਦੀ ਅਬਾਦੀ ਦੇ ਤਵਾਜ਼ਨ ਨੂੰ ਧੰਨਭਾਗ ਲਾ ਕੇ ਬਚਾਈ ਰੱਖਿਆਂ ਹੈ, ਕਿਉਂਕਿ ਇੱਥੇ ਰਹਿੰਦੇ ਵਿਦੇਸ਼ੀਆਂ ਦੇ ਅਜੇ ਵੀ ਤਿੰਨ ਤਿੰਨ ਚਾਰ ਚਾਰ ਬੱਚੇ ਹਨ। ਇਹੋ ਹਾਲ ਹੋਰ ਯੋਰਪੀਨ ਦੇਸ਼ਾਂ ਦਾ ਵੀ ਹੈ। ਪੰਜਾਬ ਵਿੱਚ ਸਿੱਖ ਵੀ ਦੁਹਾਈ ਪਾਈ ਜਾਂਦੇ ਹਨ ਕਿ ਘੱਟ ਬੱਚਿਆਂ ਕਰਕੇ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਪਤਾਲਾਂ ਨੂੰ ਗਰਕਦੀ ਜਾਂਦੀ ਹੈ।          
                           
ਬੇਸ਼ੱਕ ਦੁਨੀਆ ਦੀ ਅਬਾਦੀ ਇਸ ਸਦੀ ਦੇ ਅਖੀਰ ਤੱਕ ਜੇ 9 ਅਰਬ ਵੀ ਹੋ ਜਾਂਦੀ ਹੈ ਕੀ ਸਾਨੂੰ ਡਰਨਾ ਚਾਹੀਦਾ ਹੈ ? ਬਿਲਕੁਲ ਨਹੀਂ, ਇਹ ਵਿਚਾਰ ਪੋਸਟਡੰਮ ਇੰਸਟੀਚਿਉਟ ਔਫ ਕਲਾਈਮੈਂਟ ਦੇ ਖੋਜ਼ੀ ਸੀਗਫਰਿਡ ਫਰੰਕ ਦੇ ਹਨ ਉਸ ਦੀ ਖੋਜ ਦੱਸਦੀ ਹੈ ਧਰਤੀ ਦੀ ਅੰਨ ਦੇਣ ਦੀ ਸਮਰੱਥਾ ਅੱਜ ਵੀ 283 ਅਰਬ ਲੋਕਾਂ ਲਈ ਕਾਫੀ ਹੈ। ਉਸ ਦਾ ਕਹਿਣਾ ਹੈ ਜੇ ਧਰਤੀ ਨੂੰ ਅੱਜ ਵਾਲੀ ਹਾਲਤ ਵਿੱਚ ਵੀ ਰੱਖੀਏ ਹੋਰ ਨਵੀਂ ਧਰਤੀ ਵਾਹੀ ਲਈ ਜੰਗਲ ਪੁੱਟ ਕੇ ਨਾ ਵੀ ਬਣਾਈਏ ਤੱਦ ਵੀ ਧਰਤੀ 150 ਅਰਬ ਲੋਕਾਂ ਨੂੰ ਰੋਟੀ ਦੇਣ ਦੇ ਕਾਬਲ ਹੈ। ਇਹ ਵਿਗਿਆਨੀ ਵਧਦੀ ਅਬਾਦੀ ਨੂੰ ਬਿਲਕੁਲ ਸਮੱਸਿਆ ਨਹੀਂ ਸਮਝਦੇ ਇਨ੍ਹਾਂ ਦਾ ਮੱਤ ਹੈ ਵਧਦੀ ਅਬਾਦੀ ਸਾਨੂੰ ਮਜਬੂਰ ਕਰਦੀ ਹੈ ਕਿ ਅਸੀਂ ਸੋਚੀਏ ਤੇ ਇਸ ਸਮੱਸਿਆ ਨਾਲ ਨਿਪਟਨ ਲਈ ਵਧੀਆਂ ਤਕਨੀਕਾਂ ਦੀ ਖੋਜ ਕਰੀਏ ।

ਧਰਤੀ ਦੇ ਹਰੇਕ ਬਾਸਿ਼ੰਦੇ ਦਾ ਸਿੱਖਿਆ, ਕੰਮ, ਕੁੱਲੀ, ਜੁੱਲੀ ਦਾ ਪ੍ਰਬੰਧ ਕਰੀਏ ਉਨ੍ਹਾਂ ਦੇ ਜੀਵਨ ਪੱਧਰ ਨੂੰ ਪੱਛਮੀ ਸੰਸ਼ਾਰ ਦੇ ਬਰਾਬਰ ਲਿਆਈਏ। ਜੇ ਦੁਨੀਆ ਦੇ ਸਾਰੇ ਬਾਸ਼ਿੰਦਿਆਂ ਕੋਲ ਕੰਮ ਤੇ ਕਮਾਈ ਹੋਵੇਗੀ ਕੁਦਰਤੀ ਹੀ ਅਬਾਦੀ ਘਟੇਗੀ ਜਿਸ ਤਰ੍ਹਾਂ ਪੱਛਮੀ ਅਤੇ ਤਰੱਕੀ ਯਾਫਤਾ ਮੁਲਖ਼ਾਂ ਵਿੱਚ ਹੋ ਰਿਹਾ ਹੈ। ਸਾਨੂੰ ਐਸੀਆਂ ਤਕਨੀਕਾ ਖੋਜਣੀਆਂ ਪੈਣਗੀਆਂ ਕਿ ਧਰਤੀ ਦੇ ਛੋਟੇ ਤੋਂ ਛੋਟੇ ਟੋਟੋ ਤੋਂ ਫ਼ਸਲਾਂ ਦਾ ਵੱਧ ਤੋਂ ਵੱਧ ਝਾੜ ਲੈ ਸਕੀਏ।

ਕੁਦਰਤ ਦੀਆਂ ਦੌਲਤਾਂ ਧਰਤੀ ਨੂੰ ਪੁੱਟ ਕੇ ਤੇਲ ਕੱਢਣ ਦੀ ਬਜਾਏ ਹਵਾ,ਪਾਣੀ,ਸੂਰਜ ਤੋਂ ਆਪਣੀਆਂ ਬਿਜਲੀ, ਤੇਲ ਦੀਆਂ ਜਰੂਰਤਾਂ ਪੁਰੀਆਂ ਕਰੀਏ। ਪਿੱਛਲੀ ਸਦੀ ਵਿੱਚ ਆਏ ਹਰੇ ਇਨਕਲਾਬਾਂ ਨੇ ਇਹ ਸਿੱਧ ਵੀ ਕਰ ਦਿੱਤਾ ਸੀ। ਇਹ ਵੀ ਖੁਸ਼ੀ ਦੀ ਗੱਲ ਹੈ ਹੁਣ ਮਨੁੱਖ ਪਹਿਲਾਂ ਨਾਲੋਂ ਸਿਆਣਾ ਹੋ ਚੁੱਕਿਅ ਹੈ ਉਹ ਕੁਦਰਤੀ ਸੋਮਿਆਂ ਦੀ ਵਰਤੋਂ ਸੰਕੋਚ ਨਾਲ ਕਰਨ ਦਾ ਵਲ ਸਿੱਖ ਗਿਆ ਹੈ। ਇਹ ਗੱਲਾਂ ਅਠਾਰਵੀਂ ਸਦੀ ਦੇ ਅਖੀਰ ਵਿੱਚ ਦੁਨੀਆ ਦੀ ਤਬਾਹੀ ਦੀ ਭਵਿਸ਼ ਬਾਣੀ ਕਰਨ ਵਾਲੇ ਇੰਗਲੈਂਡ ਦੇ ਵਿਗਿਆਨੀ ਥੋਮਾਸ ਮਾਲਥੁਸ ਦੇ ਵਹਿਮ ਗੁਮਾਨ ਵਿੱਚ ਵੀ ਨਹੀਂ ਸਨ ।
                                       

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ