ਝੂਠੇ ਤੁਫ਼ਾਨ ਆਸਰੇ ਲੋਕਾਂ ’ਚ ਪ੍ਰਵਾਨ ਚੜਨ ਦੀਆਂ ਮੋਦੀ ਦੀਆਂ ਚਾਲਾਂ -ਨਿਰਮਲ ਰਾਣੀ
Posted on:- 22-04-2013
ਭਾਰਤੀ ਸਿਆਸਤ ’ਚ ਸਿਆਸਤਦਾਨਾਂ ਦੁਆਰਾ ਪ੍ਰਸਿੱਧੀ ਹਾਸਲ ਕਰਨ ਲਈ ਲੋਕ-ਹਿੱਤਕਾਰੀ ਰਾਹ ਤਿਆਰ ਕੀਤੇ ਜਾਣ ਦੀ ਬਜਾਏ ਲੋਕ-ਲੁਭਾਉਣੀਆਂ ਗੱਲਾਂ ਨਾਲ ਜਨਤਾ ਨੂੰ ਆਪਣੇ ਵੱਲ ਖਿੱਚਣ ਦਾ ਢੰਗ ਹਾਲਾਂ ਕਿ ਕਾਫ਼ੀ ਪੁਰਾਣਾ ਹੈ, ਪਰ ਦਿਨ-ਪ੍ਰਤੀ-ਦਿਨ ਸਿਆਸਤ ਦੇ ਇਸ ਅੰਦਾਜ਼ ’ਚ ਹੋਰ ਵੀ ਤਬਦੀਲੀ ਆਉਂਦੀ ਜਾ ਰਹੀ ਹੈ। ਖ਼ਾਸ ਤੌਰ ’ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੁਆਰਾ ਇਨੀਂ- ਦਿਨੀਂ ਜਿਸ ਸ਼ੈਲੀ ਦੀ ਸਿਆਸਤ ਕੀਤੀ ਜਾ ਰਹੀ ਹੈ, ਉਸ ਨੂੰ ਦੇਖ ਕੇ ਤਾਂ ਅਜਿਹਾ ਲੱਗਣ ਲੱਗਾ ਹੈ ਕਿ ਭਵਿੱਖ ਦੀ ਤਰਜ਼-ਏ-ਸਿਆਸਤ ਸੰਭਾਵਿਤ ਇਹੋ ਤਰਜ਼ ਦੀ ਹੀ ਹੋਣ ਵਾਲੀ ਹੈ।
ਭਾਵ ਆਧਾਰਹੀਣ, ਤਰਕ ਵਿਹੀਣ, ਲੋਕ-ਲੁਭਾਉਣੀਆਂ ਗੱਲਾਂ ਕਰਨਾ, ਝੂਠੇ-ਸੱਚੇ ਅੰਕੜੇ ਪੇਸ਼ ਕਰਕੇ ਲੋਕਾਂ ਦੀ ਪ੍ਰਸ਼ੰਸਾ ਹਾਸਲ ਕਰਨਾ, ਵਿਰੋਧੀ ਧਿਰ ’ਤੇ ਹਮਲਾ ਕਰਨ ਲਈ ਲਾਲੂ ਪ੍ਰਸਾਦ ਯਾਦਵ ਦੀ ਤਰਜ਼ ’ਤੇ ਚੁਟਕਲੇ ਛੱਡ ਕੇ ਮਸਖ਼ਰੇਪਣ ਦੀ ਰਾਜਨੀਤੀ ਦਾ ਸਹਾਰਾ ਲੈਂਦੇ ਹੋਏ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਾ, ਆਪਣੇ ਫਿਰਕੂ ਏਜੰਡੇ ਨੂੰ ਬੜੀ ਚਤੁਰਾਈ ਤੇ ਸਫ਼ਾਈ ਨਾਲ ਲਾਗੂ ਕਰਨਾ, ਵਿਕਾਸ ਦਾ ਝੂਠਾ ਢਿੰਡੋਰਾ ਪਿੱਟਣ ਲਈ ਕੌਮਾਂਤਰੀ ਮਾਰਕਟਿੰਗ ਏਜੰਸੀਆਂ ਦਾ ਸਹਾਰਾ ਲੈਣਾ, ਅਮਿਤਾਬ ਬੱਚਨ ਜਿਹੇ ਸੁਪਰ ਸਟਾਰ ਨੂੰ ਰਾਜ ਦਾ ਬ੍ਰੈਂਡ ਅੰਬੈਸਡਰ ਬਣਾ ਕੇ ਗੁਜਰਾਤ ਦੀ ਤਰੱਕੀ ਦਾ ਝੂਠਾ ਬਖਾਨ ਕਰਵਾਉਣਾ ਅਤੇ ਆਪਣੇ ਸਿਆਸੀ ਹਿੱਤਾਂ ਲਈ ਅਪਰਾਧੀਆਂ ਨੂੰ ਸੁਰੱਖਿਆ ਦੇਣ ਜਿਹੀਆਂ ਤਮਾਮ ਗੱਲਾਂ ਇਸ ਸ਼ੈਲੀ ’ਚ ਸ਼ਾਮਲ ਹਨ।
ਜਦੋਂ ਤੋਂ ਨਰਿੰਦਰ ਮੋਦੀ ਦੇ ਵਿਸ਼ੇ ’ਚ ਮੀਡੀਆ ’ਚ ਇਹ ਚਰਚਾ ਛਿੜੀ ਹੈ ਕਿ 2014 ਦੀਆਂ ਆਗਾਮੀ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਦਾਅਵੇਦਾਰ ਹੋ ਸਕਦੇ ਹਨ, ਉਸ ਸਮੇਂ ਤੋਂ ਤਾਂ ਨਰਿੰਦਰ ਮੋਦੀ ਦੀ ਤਰਜ਼-ਏ-ਸਿਆਸਤ ਕੁਝ ਹੋਰ ਹੀ ਨਿਰਾਲੀ ਹੁੰਦੀ ਜਾ ਰਹੀ ਹੈ। ਕਦੇ ਉਹ ਗੁਜਰਾਤ ਨੂੰ ਦੇਸ਼ ਦਾ ਪਹਿਲੇ ਨੰਬਰ ਦਾ ਦੁੱਧ ਉਤਪਾਦਕ ਰਾਜ ਦੱਸਦੇ ਹਨ ਤਾਂ ਕਦੇ ਗੁਜਰਾਤ ਨੂੰ ਦੇਸ਼ ਦੇ ਸਭ ਤੋਂ ਵਿਕਾਸਸ਼ੀਲ ਰਾਜਾਂ ’ਚ ਗਿਣਵਾਉਂਦੇ ਹਨ। ਗੁਜਰਾਤ ’ਚ ਘੱਟ-ਗਿਣਤੀ ਸਮੇਤ ਬਹੁ-ਗਿਣਤੀ ਸਮੇਤ ਬਹੁ-ਗਿਣਤੀ ਭਾਈਚਾਰੇ ਦੇ ਵੱਡੇ ਪੈਮਾਨੇ ’ਤੇ ਵਿਰੋਧੀ ਹੋਣ ਦੇ ਬਾਵਜੂਦ ਉਹ ਖ਼ੁਦ ਨੂੰ 6 ਕਰੋੜ ਗੁਜਰਾਤ ਵਾਸੀਆਂ ਦਾ ਖੁਦਮੁਖਤਿਆਰ ‘ਕੇਅਰਟੇਕਰ’ ਦੱਸਦੇ ਰਹਿੰਦੇ ਹਨ। ਉਨਾਂ ਦੇ ਭਾਸ਼ਣਾਂ ਤੇ ਸ਼ੈਲੀ ਅਤੇ ਹਾਵ-ਭਾਵ ਦੇਖ ਕੇ ਕੋਈ ਵੀ ਵਿਅਕਤੀ ਬੜੀ ਆਸਾਨੀ ਨਾਲ ਇਹ ਸਮਝ ਸਕਦਾ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਲਈ ਕਿੰਨੇ ਉਤਾਵਲੇ ਹਨ।
ਪਿਛਲੇ ਦਿਨੀਂ ਦਿੱਲੀ ’ਚ ਮਹਿਲਾ ਉਧਮੀਆਂ ਦੀ ਸਭਾ ’ਚ ਨਰਿੰਦਰ ਮੋਦੀ ਨੇ ਲਿੱਜਤ ਪਾਪੜ ਜਿਹੇ ਕੌਮੀ ਪੱਧਰ ’ਤੇ ਪ੍ਰਸਿੱਧ ਖਾਦ ਉਤਪਾਦ ਨੂੰ ਗੁਜਰਾਤ ਦੀ ਮਲਕੀਅਤ ਦੱਸਣ ਦੀ ਕੋਸ਼ਿਸ਼ ਕੀਤੀ, ਜਦ ਕਿ ਅਸਲ ’ਚ ਲਿੱਜਤ ਪਾਪੜ ਦੀ ਸ਼ੁਰੂਆਤ ਮਹਾਂਰਾਸ਼ਟਰ ਤੋਂ ਹੋਈ ਸੀ। ਇਸੇ ਤਰਾਂ ਔਰਤਾਂ ਨੂੰ ਲੁਭਾਉਣ ਲਈ ਅਤੇ ਉਨਾਂ ਦੀ ਹਮਦਰਦੀ ਹਾਸਲ ਕਰਨ ਲਈ ਉਨਾਂ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਸਥਾਨਕ ਸੰਸਤਾਵਾਂ ’ਚ 50 ਫੀਸਦੀ ਔਤ ਰਾਖਵਾਂਕਰਨ ਕੀਤੇ ਜਾਣ ਨਾਲ ਸਬੰਧਤ ਬਿੱਲ ਪਾਸ ਕਰਵਾ ਕੇ ਰਾਜਪਾਲ ਨੂੰ ਭੇਜ ਦਿੱਤਾ ਹੈ। ਪਰ ਰਾਜਪਾਲ ਨੇ, ਜੋ ਕਿ ਖ਼ੁਦ ਇੱਕ ਔਰਤ ਵੀ ਹਨ, ਉਸ ਬਿੱਲ ਨੂੰ ਆਪਣੇ ਕੋਲ ਰੋਕ ਕੇ ਰੱਖਿਆ ਹੋਇਆ ਹੈ। ਇਸ ਬਿਆਨ ਨਾਲ ਇੱਕ ਤਾਂ ਮੋਦੀ ਨੇ ਔਰਤਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਦੂਜੇ ਪਾਸੇ ਰਾਜਪਾਲ ਦੇ ਬਹਾਨੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ’ਤੇ ਵੀ ਨਿਸ਼ਾਨਾ ਸਾਧਿਆ ਹੈ। ਪ੍ਰੰਤੂ ਮੋਦੀ ਦੇ ਇਸ ਗ਼ੈਰ-ਜ਼ਿੰਮੇਦਾਰਾਨਾ ਬਿਆਨ ਤੋਂ ਤੁਰੰਤ ਬਾਅਦ ਹੀ ਗੁਜਰਾਤ ਰਾਜ ਭਵਨ ਵੱਲੋਂ ਮੋਦੀ ਦੇ ਇਸ ਬਿਆਨ ’ਤੇ ਰਾਜਪਾਲ ਵੱਲੋਂ ਖੰਡਨ ਜਾਰੀ ਕਰਕੇ ਇਹ ਦੱਸਿਆ ਗਿਆ ਕਿ ਮੋਦੀ ਦਾ ਬਿਆਨ ਧੋਖਾ ਦੇਣ ਵਾਲਾ ਹੈ ਅਤੇ ਰਾਜ ਭਵਨ ’ਚ ਅਜਿਹਾ ਕੋਈ ਬਿਲ ਲਟਕਿਆ ਹੋਇਆ ਨਹੀਂ ਹੈ।
ਜਿੱਥੋਂ ਤੱਕ ਔਰਤ ਸਸ਼ਕਤੀਕਰਨ ਪ੍ਰਤੀ ਮੋਦੀ ਦੀ ਚਿੰਤਾ ਤੇ ਉਨਾਂ ਦੀਆਂ ਅਤਕਥਨੀਆਂ ਦਾ ਸਵਾਲ ਹੈ ਤਾਂ ਉਨਾਂ ਨੂੰ ਔਰਤ ਸਸ਼ਕਤੀਕਰਨ ਦੇ ‘‘ਮਾਇਆ ਕੋਡਨਾਨੀ ਮਾਡਲ’’ ਦੇ ਰੂਪ ’ਚ ਵੀ ਦੇਖਿਆ ਜਾ ਸਕਦਾ ਹੈ। ਕੀ ਨਰਿੰਦਰ ਮੋਦੀ ਦਾ ਸਸ਼ਕਤੀਕਰਨ ਇਸੇ ਗੱਲ ’ਚ ਸੀ ਕਿ ਉਨਾਂ ਨੇ ਗੁਜਰਾਤ ਦੰਗਿਆਂ ਦੀ ਮੁੱਖ ਦੋਸ਼ੀ ਮਾਇਆ ਕੋਡਨਾਨੀ ਨੂੰ ਦੋਸ਼ੀ ਹੋਣ ਦੇ ਬਾਵਜੂਦ ਆਪਣੇ ਮੰਤਰੀ ਮੰਡਲ ’ਚ ਥਾਂ ਦੇ ਕੇ ਉਸ ਨੂੰ ਸਿਹਤ ਮੰਤਰੀ ਹਣਾ ਦਿੱਤਾ। ਅੱਜ ਉਹੀ ਕਾਤਲ ਔਰਤ ਦੇਸ਼ ’ਚ ਹੁਣ ਤੱਕ ਦੀ ਸਭ ਤੋਂ ਲੰਬੀ ਸਜ਼ਾ ਪਾਉਣ ਵਾਲੀ ਔਰਤ ਦੇ ਰੂਪ ’ਚ ਜੇਲ ਦੀਆਂ ਸਲਾਖਾਂ ਪਿੱਛੇ ਹੈ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਬਾਅਦ ਮਜਬੂਰੀਵਸ ਮੋਦੀ ਨੂੰ ਆਪਣੀ ਉਸ ਚਹੇਤੀ ਔਰਤ ਨੇਤਾ ਨੂੰ ਮੰਤਰੀ ਆਹੁਦੇ ਤੋਂ ਹਟਾਉਣਾ ਪਿਆ। ਮੋਦੀ ਦਾ ਔਰਤ ਸਸ਼ਕਤੀਕਰਨ ਕੀ ਇਹੀ ਹੈ ਕਿ ਸੋਹਰਾਬੂਦੀਨ ਅਤੇ ਉਸ ਦੀ ਪਤਨੀ ਕੌਸਰ ਬੀ ਨੂੰ ਫ਼ਰਜ਼ੀ ਐਨਕਾੳੂਂਟਰ ’ਚ ਮਾਰਨ ਦਾ ਸ਼ੜਯੰਤਰ ਰਚਣ ਵਾਲੇ ਅਮਿਤ ਸ਼ਾਹ ਨੂੰ ਮੰਤਰੀ ਮੰਡਲ ਅਤੇ ਸੰਗਠਨ ’ਚ ਪ੍ਰਮੁੱਖ ਥਾਂ ਦਿੱਤੀ ਜਾਵੇ? ਮੋਦੀ ਦਾ ਔਰਤ ਸਸ਼ਕਤੀਕਰਨ ਮਾਡਲ ਉਨਾਂ ਦਰਦਨਾਕ ਹਾਦਸਿਆਂ ਤੋਂ ਵੀ ਯਾਦ ਕੀਤਾ ਜਾ ਸਕਦਾ ਹੈ, ਜਦੋਂ ਉਨਾਂ ਦੀ ਪਾਰਟੀ ਨਾਲ ਸੰਬੰਧਤ ਦੁਰਗਾਵਾਹਿਨੀ ਦੀਆਂ ਔਰਤ ਮੈਂਬਰਾਂ ਨੇ 2002 ’ਚ ਸੈਂਕੜੇ ਐਰਤਾਂ ਦਾ ਕਤਲੇਆਮ ਕੀਤਾ? ਔਰਤ ਸਸ਼ਕਤੀਕਰਨ ਦਾ ਵਿਚਾਰ ਉਸ ਸਮੇਂ ਕਿੱਥੇ ਦਮ ਤੋੜ ਰਿਹਾ ਸੀ, ਜਦੋਂ ਗੁਜਰਾਤ ’ਚ ਗਰਭਵਤੀ ਔਰਤਾਂ ਦੇ ਪੇਟ ’ਚੋਂ ਬੱਚੇ ਕੱਢ ਕੇ ਔਰਤਾਂ ਤੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ? ਮੋਦੀ ਰਾਜ ’ਚ ਇਸ਼ਰਤ ਜਹਾਂ ਦੇ ਰੂਪ ’ਚ ਇੱਕ ਔਰਤ ਫ਼ਰਜ਼ੀ ਮੁੱਠਭੇੜ ’ਚ ਮਾਰੀ ਜਾਂਦੀ ਹੈ ਅਤੇ ਮੋਦੀ ਜੀ ਔਰਤ ਸਸ਼ਕਤੀਕਰਨ ਦੀਆਂ ਗੱਲਾਂ ਕਰਨ, ਇਹ ਕਿਹੋ ਜਿਹੀ ਤਰਜ਼-ਏ-ਸਿਆਸਤ ਹੈ?
ਨਰਿੰਦਰ ਮੋਦੀ ਜੇਕਰ ਅਸਲ ’ਚ ਇਹ ਕਹਿੰਦੇ ਹਨ ਕਿ ਹੁਣ ਉਹ ਗੁਜਰਾਤ ਦਾ ਕਰਜ਼ ਉਤਾਰ ਚੁੱਕੇ ਹਨ ਅਤੇ ਦੇਸ਼ ਦਾ ਕਰਜ਼ ਉਤਾਰਨਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਉਨਾਂ ਨੂੰ ਔਰਤ ਸਸ਼ਕਤੀਕਰਨ ਦੇ ਸੰਬੰਧ ’ਚ ਦਿੱਤੇ ਜਾ ਰਹੇ ਆਪਣੇ ਵਿਚਾਰਾਂ ’ਤੇ ਅਮਲ ਕਰਦੇ ਹੋਏ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਵੇਖਣੇ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਪਾਰਟੀ ਦੀ ਦੂਜੀ ਪ੍ਰਸਿੱਧ ਨੇਤਾ ਸੁਸ਼ਮਾ ਸਵਰਾਜ ਦੇ ਨਾਂ ਨੂੰ ਪ੍ਰਧਾਨ ਮੰਤਰੀ ਆਹੁਦੇ ਲਈ ਅੱਗੇ ਕਰਨਾ ਚਾਹੀਦਾ ਹੈ। ਵੈਸੇ ਤਾਂ ਉਨਾਂ ਦੇ ਆਲੋਚਕ ਉਨਾਂ ਦੀ ਆਪਣੀ ਛੱਡੀ ਹੋਈ ਪਤਨੀ ਅਤੇ ਉਨਾਂ ਦੀ ਮਾਂ ਦੀ ਸਥਿਤੀ ਨੂੰ ਦੇਖ ਕੇ ਹੀ ਉਨਾਂ ਦੇ ਔਰਤ ਸਸ਼ਕਤੀਕਰਨ ’ਤੇ ਦਿੱਤੇ ਗਏ ਭਾਸ਼ਣ ਨੂੰ ਹਾਸੋਹੀਣਾ ਤੇ ਸ਼ਤ-ਪ੍ਰਤੀਸ਼ਤ ਲੋਕ-ਲੁਭਾਉਮਾ ਦੱਸਦੇ ਹਨ। ਜੋ ਵੀ ਹੋਵੇ, ਨਰਿੰਦਰ ਮੋਦੀ ਆਪਣੀ ਸਸਤੀ ਤੇ ਫ਼ਿਰਕੂ ਤਰਜ਼-ਏ-ਸਿਆਸਤ ਦੇ ਜ਼ੋਰ ’ਤੇ ਦੇਸ਼ ਤੇ ਮੀਡੀਆ ਨੂੰ ਆਪਣੇ ਵੱਲ ਖਿੱਚ ਰਹੇ ਹਨ, ਜਿਸ ਪਿੱਛੇ ਕਾਰਪੋਰੇਟ ਖੇਤਰ ਕੰਮ ਕਰ ਰਿਹਾ ਹੈ। ਕਿਤੇ ਅਜਿਹਾ ਨਾ ਹੋਵੇ ਕਿ ਇਸੇ ਲੋਕ-ਲੁਭਾਉਣੇ, ਢੋਂਗ-ਪੂਰਨ, ਅਹੰਕਾਰ ਪੂਰਨ ਅਤੇ ਝੂਠ ਤੇ ਫਰੇਬ ’ਤੇ ਆਧਾਰਤ ਸਿਆਸੀ ਸ਼ੈਲੀ ਦਾ ਦੇਸ਼ ’ਚ ਬੋਲਬਾਲਾ ਹੋਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਨਿਸ਼ਚਿਤ ਤੌਰ ’ਤੇ ਸਿਆਸਤ ਤੇ ਸਿਆਸਤਦਾਨਾਂ ਉੱਤੋਂ ਜਨਤਾ ਦਾ ਰਹਿੰਦਾ-ਖੂਹੰਦਾ ਭਰੋਸਾ ਬਿਲਕੁਲ ਹੀ ਉੱਠ ਜਾਵੇਗਾ।
ਸੰਪਰਕ: 0171-2535628