ਵੈਟੀਕਨ ਕੈਥੋਲਿਕ ਜਗਤ 'ਚ ਆਰਥਿਕ ਘਪਲੇ ਤੇ ਦੁਰਾਚਾਰ -ਚਰਨ ਸਿੰਘ ਸੰਘਾ
Posted on:- 05-04-2013
ਵੈਟੀਕਨ ਕੈਥੋਲਿਕ ਸੰਸਾਰ ਭਰ ਦੇ ਸ਼ਰਧਾਲੂਆਂ ਦੀ ਮਿੰਨੀ ਭਾਵ ਛੋਟੀ ਜਿਹੀ ਸਟੇਟ ਹੈ। ਇਹ 109 ਏਕੜ 'ਚ ਫੈਲੀ ਹੋਈ ਹੈ। 850 ਦੇ ਲਗਭਗ ਲੋਕਾਂ ਦਾ ਇਸ 'ਚ ਵਸੇਬਾ ਹੈ। ਮੁੱਖ ਤੌਰ 'ਤੇ ਕੈਥੋਲਿਕ ਧਰਮ ਦੇ ਮੁਖੀਏ ਅਤੇ ਇਸ ਨਾਲ ਸੰਬੰਧਤ ਅਮਲਾ-ਫੈਲਾ ਹੀ ਇੱਥੇ ਰਹਿ ਕੇ ਸੰਸਾਰ ਭਰ ਦੇ ਕੈਥੋਲਿਕ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਧਾਰਮਿਕ ਤੌਰ 'ਤੇ ਰਹਿਬਰੀ ਕਰਦੇ ਹਨ। ਇਸ ਦੇ ਨਾਲ ਮੁੱਖ ਤੌਰ 'ਤੇ ਪ੍ਰਬੰਧ ਦੀ ਮੁੱਖ ਕੁੰਜੀ ਵੀ ਇਨ੍ਹਾਂ ਦੇ ਹੀ ਹੱਥ 'ਚ ਹੁੰਦੀ ਹੈ। ਵੈਟੀਕਨ ਦਾ ਆਪਣਾ ਹੀ ਕੌਮੀ ਗੀਤ ਹੈ। ਤੀਬੇਰ ਦਰਿਆ ਦੇ ਕਿਨਾਰੇ ਇਹ ਛੋਟੀ ਸਟੇਟ ਸਥਿਤ ਹੈ। ਇਸ ਦੇ ਆਲੇ-ਦੁਆਲੇ ਦੀਵਾਰ ਮੌਜੂਦ ਹੈ। ਇਸ ਦੇ ਘੇਰੇ ਵਿੱਚ ਸੇਂਟ ਪੀਟਰ ਚੌਂਕ ਦੁਆਲੇ ਖੂਬਸੂਰਤ ਨਮੂਨਿਆਂ ਵਾਲੀਆਂ ਇਮਾਰਤਾਂ ਹਨ।
ਇੱਥੇ ਪੁਰਾਣੇ ਮਹਿਲ, ਅਜਾਇਬਘਰ, ਬਾਗ਼, ਮਕਬਰੇ ਅਤੇ ਹੋਰ ਕਈ ਪ੍ਰਾਚੀਨ ਸਮਿਆਂ ਨੂੰ ਯਾਦ ਕਰਾਉਂਦੀਆਂ ਨਿਸ਼ਾਨੀਆਂ ਵੇਖਣ ਨੂੰ ਮਿਲਦੀਆਂ ਹਨ। ਸੰਸਾਰ ਭਰ 'ਚ ਕੈਥੋਲਿਕ ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਲਗਭਗ ਅਰਬ ਸਵਾ ਅਰਬ ਹੈ। ਧਾਰਮਿਕ ਪੈਰੋਕਾਰਾਂ ਦੀ ਗਿਣਤੀ ਦੱਖਣੀ ਅਮਰੀਕਾ, ਅਫ਼ਰੀਕਾ ਅਤੇ ਏਸ਼ੀਆ ਮਹਾਂਦੀਪਾਂ ਦੇ ਦੇਸ਼ਾਂ 'ਚ ਵਧ ਰਹੀ ਹੈ।
ਵਿਕਾਸ ਜਾਂ ਤਰੱਕੀਯਾਫ਼ਤਾ ਯੂਰਪ, ਉੱਤਰੀ ਅਮਰੀਕਾ ਅਤੇ ਆਸਟਰੇਲੀਆ ਆਦਿ 'ਚ ਧਾਰਮਿਕ ਪੈਰੋਕਾਰ ਦੀ ਸ਼ਰਧਾ ਨੂੰ ਕੈਥੋਲਿਕ ਰਹਿਬਰਾਂ ਭਾਵ ਪੁਜਾਰੀ ਜਮਾਤ 'ਚ ਆਈਆਂ ਤੇ ਜਗ-ਜ਼ਾਹਰ ਹੋਈਆਂ ਬਦਫੈਲੀਆਂ ਅਤੇ ਦੁਰਾਚਾਰਾਂ ਨੇ ਸੱਟ ਮਾਰੀ ਹੈ। ਕੈਥੋਲਿਕ ਜਗਤ ਦੇ ਜਾਗ੍ਰਿਤ ਅਤੇ ਬਦਫੈਲੀਆਂ ਦੇ ਸ਼ਿਕਾਰ ਲੋਕਾਂ ਨੇ ਕੈਥੋਲਿਕ ਪੁਜਾਰੀ ਜਮਾਤ ਖਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ ਅਤੇ ਵੈਟੀਕਨ ਕੈਥੋਲਿਕ ਰਹਿਬਰਾਂ ਭਾਵ ਪੋਪ ਬੈਨੀਡਿਕਟ 16ਵੀਂ ਪਾਸੋਂ ਵਾਜ਼ਬ ਕਾਰਵਾਈ ਦੀ ਮੰਗ ਕਰ ਰਹੇ ਹਨ।
ਵੈਟੀਕਨ ਸਟੇਟ ਦਾ 2007 ਦਾ ਬਜਟ 6.7 ਮਿਲੀਅਨ ਯੂਰੋ ਸੀ। 2008 'ਚ 15 ਮਿਲੀਅਨ ਘਾਟੇ 'ਚ ਦਿਖਾਇਆ ਗਿਆ ਹੈ। ਆਮਦਨ ਬਾਰੇ ਪਾਰਦਰਸ਼ਤਾ ਨਹੀਂ ਹੈ। ਹੋਰਾਂ ਮੁਲਕਾਂ 'ਚ ਕੈਥੋਲਿਕ ਅਦਾਰਿਆਂ ਦੀ ਆਪੋ-ਆਪਣੇ ਬਜਟ ਹਨ। ਬਰਾਜ਼ੀਲ, ਮੈਕਸੀਕੋ ਅਤੇ ਫਿਲਪਾਈਨ ਤੋਂ ਬਾਅਦ ਚੌਥੇ ਨੰਬਰ ਤੇ ਕੈਥੋਲਿਕ ਧਰਮ ਦੇ ਲੋਕਾਂ ਦੀ ਆਬਾਦੀ ਅਮਰੀਕਾ ਵਿੱਚ ਹੈ। ਅਮਰੀਕਾ ਦੀ ਕੁੱਲ ਰਜਿਸਟਰਡ ਧਾਰਮਿਕ ਲੋਕਾਂ ਦੀ ਆਬਾਦੀ 'ਚੋਂ ਚੌਥੇ ਨੰਬਰ 'ਤੇ ਕੈਥੋਲਿਕ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਆਉਂਦੀ ਹੈ। ਕੈਥੋਲਿਕ ਚਰਚ 'ਚ ਕੰਮ ਕਰਨ ਵਾਲੇ ਪੁਜਾਰੀਆਂ ਦੀ ਗਿਣਤੀ ਅਮਰੀਕਾ 'ਚ ਚਾਲੀ ਹਜ਼ਾਰ ਤੋਂ ਵੱਧ ਹੈ। 450 ਤੋਂ ਵੱਧ ਰਹਿਨੁਮਾ ਪੁਜਾਰੀ ਹਨ। 2011 'ਚ ਵੈਟੀਕਨ ਪੋਪ ਕੌਂਸਲ ਵਿੱਚ 19 ਅਮਰੀਕੀ ਪ੍ਰਧਾਨ ਜਾਂ ਮੁੱਖ ਪੁਜਾਰੀਆਂ ਨੇ ਨੁਮਾਇੰਦਗੀ ਕੀਤੀ ਸੀ। ਅਮਰੀਕਾ ਵਿੱਚ ਬਹੁਤ ਹੀ ਵੱਡੀਆਂ-ਵੱਡੀਆਂ ਕੈਥੋਲਿਕ ਗਿਰਜਾ-ਘਰਾਂ ਦੀਆਂ ਇਮਾਰਤਾਂ ਹਨ।
ਇਸ ਤੋਂ ਇਲਾਵਾ ਸਕੂਲ, ਕਾਲਜ ਅਤੇ ਹਸਪਤਾਲ ਵੀ ਕੈਥੋਲਿਕ ਅਦਾਰਿਆਂ ਵੱਲੋਂ ਚਲਾਏ ਜਾਂਦੇ ਹਨ। ਕੈਥੋਲਿਕ ਅਦਾਰਿਆਂ ਦਾ ਬਜਟ ਇੱਕ ਖਾਸੀ ਵੱਡੀ ਕਾਰੋਬਾਰੀ ਕੰਪਨੀ ਦੇ ਬਰਾਬਰ ਪਹੁੰਚ ਜਾਂਦਾ ਹੈ। ਜੇ ਵਾਲਮਾਰਟ ਸੁਪਰ ਸਟੋਰ ਕੰਪਨੀ ਨਾਲ ਮੁਕਾਬਲਾ ਕਰੀਏ, ਜਿਸ ਦੇ ਹਜ਼ਾਰਾਂ ਦੀ ਗਿਣਤੀ 'ਚ ਵੱਡੇ-ਵੱਡੇ ਸਟੋਰ ਹਨ ਤਾਂ ਕੈਥੋਲਿਕ ਅਦਾਰਿਆਂ ਦੇ ਮੁਲਾਜ਼ਮਾਂ ਦੀ ਕੁੱਲ ਗਿਣਤੀ 20 ਲੱਖ ਹੈ। ਸਿਹਤ, ਵਿੱਦਿਆ ਅਤੇ ਧਾਰਮਿਕ ਅਦਾਰਿਆਂ ਨੂੰ ਅਮਰੀਕੀ ਸਰਕਾਰ ਤੋਂ ਵੱਡੀਆਂ-ਵੱਡੀਆਂ ਗਰਾਂਟਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਦਾਨੀ ਲੋਕ ਧਨ ਦਿੰਦੇ ਹਨ ਅਤੇ ਕਈ ਵਾਰ ਖਾਸ ਲੋੜਾਂ ਜਾਂ ਮੁੱਦਿਆਂ ਬਾਰੇ ਧੰਨ ਜਾਂ ਫੰਡ ਇਕੱਠੇ ਵੀ ਕੀਤੇ ਜਾਂਦੇ ਹਨ। 630 ਤੋਂ ਜ਼ਿਆਦਾ ਹਸਪਤਾਲ ਕੈਥੋਲਿਕ ਅਦਾਰਿਆਂ ਵੱਲੋਂ ਚਲਾਏ ਜਾਂਦੇ ਹਨ। ਅਮਰੀਕਾ ਦੇ 100 ਚੋਟੀ ਦੇ ਹਸਪਤਾਲਾਂ 'ਚੋਂ 25 ਵਧੀਆ ਹਸਪਤਾਲ ਕੈਥੋਲਿਕ ਅਦਾਰਿਆਂ ਦੇ ਹਨ। ਇੱਥੋਂ ਤੱਕ ਕਿ ਕੈਥੋਲਿਕ ਅਦਾਰਿਆਂ ਕੋਲ ਕਾਲਜਾਂ ਤੇ ਸਕੂਲਾਂ ਤੋਂ ਇਲਾਵਾ ਆਪਣੀਆਂ ਯੂਨੀਵਰਸਿਟੀਆਂ ਵੀ ਹਨ। ਕੁੱਲ ਬਜਟ 200 ਬਿਲੀਅਨ ਡਾਲਰ ਸਲਾਨਾ ਹੁੰਦਾ ਹੈ। ਇਸ ਵਿੱਚ ਅੱਧਾ ਸਿਹਤ ਸੇਵਾਵਾਂ, 25 ਫੀਸਦੀ ਸਿੱਖਿਆ, 6 ਫੀਸਦੀ ਖੋਜ, ਢਾਈ ਫੀਸਦੀ ਦਾਨ ਅਤੇ 10 ਫੀਸਦੀ ਪ੍ਰਬੰਧਕੀ ਮਾਮਲਿਆਂ 'ਤੇ ਖ਼ਰਚਿਆ ਜਾਂਦਾ ਹੈ। ਆਮ ਮੀਡੀਆ 'ਚ ਬਜਟ ਦੀ ਪਾਰਦਰਸ਼ਤਾ 'ਤੇ ਉਂਗਲਾਂ ਰੱਖੀਆਂ ਜਾਂਦੀਆਂ ਰਹੀਆਂ ਹਨ। ਜਿੰਨਾਂ ਮੁੱਦਿਆਂ 'ਤੇ ਫੰਡਾਂ ਦੀ ਪ੍ਰਾਪਤੀ ਕੀਤੀ ਜਾਂਦੀ, ਉਨ੍ਹਾਂ 'ਤੇ ਖਰਚ ਨਹੀਂ ਕੀਤਾ ਜਾਂਦਾ। ਇਸ ਤੋਂ ਹੇਰਾਫੇਰੀ ਦੇ ਖੁਲਾਸੇ ਵੀ ਵਿੱਚ ਵਾਰ ਹੁੰਦੇ ਰਹੇ ਹਨ। ਬੋਸਟਿਨ ਸ਼ਹਿਰ ਵਿਖੇ ਸੇਵਾਮੁਕਤ ਪੁਜਾਰੀਆਂ ਲਈ ਪੈਨਸ਼ਨ ਫੰਡ ਕਾਇਮ ਕਰਨ ਲਈ 1986-2000 ਤੱਕ 80-90 ਮਿਲੀਅਨ ਡਾਲਰ ਇਕੱਠੇ ਹੋਏ, ਪ੍ਰੰਤੂ ਸੇਵਾਮੁਕਤ ਪੁਜਾਰੀਆਂ ਦੇ ਪੱਲੇ ਵਾਜ਼ਬ ਪੈਨਸ਼ਨਾਂ ਨਾ ਪੈ ਸਕੀਆਂ।
ਸਤੰਬਰ 2011 ਚ ਨਿਊਯਾਰਕ (ਅਮਰੀਕਾ) ਵਿਖੇ ਜਿਉਂਦਿਆਂ ਦੇ ਨੈੱਟਵਰਕ ਅਤੇ ਮਨੁੱਖੀ ਤੇ ਸੰਵਿਧਾਨਿਕ ਅਧਿਕਾਰਾਂ ਦੇ ਵਕੀਲਾਂ ਦੇ ਅਦਾਰੇ ਨੇ ਮਿਲ ਕੇ 84 ਸਫ਼ਿਆਂ ਵਾਲੀ ਦਰਖ਼ਾਸਤ ਨਾਲ 20 ਹਜ਼ਾਰ ਤੋਂ ਵੱਧ ਸਬੂਤ ਜਾਂ ਗਵਾਹੀਆਂ ਵਾਲੇ ਖਰੜੇ ਲਾ ਕੇ ਹੇਗ (ਨੀਦਰਲੈਂਡ) ਦੀ ਕੌਮਾਂਤਰੀ ਅਪਰਾਧਿਕ ਨਿਆਂ ਕਚਿਹਰੀ 'ਚ ਮੁਕੱਦਮਾ ਦਰਜ ਕਰਵਾਇਆ ਸੀ। ਇਸ ਵਿੱਚ ਵੈਟਨਿਕ ਕੈਥੋਲਿਕ ਅਦਾਰਿਆਂ ਦੇ ਪੋਪ ਬੈਨੀਡਿਕਟ ਸੋਲਵੇਂ ਨੂੰ ਧਿਰ ਬਣਾ ਕੇ ਦੋਸ਼ ਲਾਏ ਗਏ ਸਨ ਕਿ ਉਹ ਬੱਚਿਆਂ ਅਤੇ ਔਰਤਾਂ 'ਤੇ ਜਿਸਮਾਨੀ ਸ਼ੋਸ਼ਣ ਅਤੇ ਦੁਰਵਿਹਾਰ ਕਰਨ ਵਾਲੇ ਪੁਜਾਰੀਆਂ ਆਦਿ ਨੂੰ ਬਚਾ ਰਿਹਾ ਹੈ। ਇਸ ਖੁਲਾਸੇ ਨੇ ਲੋਕਾਂ 'ਚ ਖਾਸ ਕਰਕੇ ਕੈਥੋਲਿਕ ਹਲਕਿਆਂ 'ਚ ਤਰਥੱਲੀ ਮਚਾ ਦਿੱਤੀ ਸੀ। ਇਹ ਮਾਮਲਾ ਅਜੇ ਉਵੇਂ ਦਾ ਉਵੇਂ ਖੜ੍ਹਾ ਹੈ। ਪੋਪ ਦੀਆਂ ਧਿਰਾਂ ਦਾ ਕਹਿਣਾ ਹੈ ਕਿ ਪੋਪ ਕਿਸੇ ਵੀ ਤਰ੍ਹਾਂ ਦੀ ਜਵਾਬਦੇਹੀ ਤੋਂ ਉੱਪਰ ਹੈ। ਇਸ ਤੋਂ ਬਾਅਦ ਵੱਡੇ-ਵੱਡੇ ਸ਼ਹਿਰਾਂ 'ਚ ਬਦਫੈਲ ਪੁਜਾਰੀਆਂ ਆਦਿ 'ਤੇ ਅਨੇਕਾਂ ਹੀ ਮੁਕੱਦਮੇ ਚੱਲੇ ਅਤੇ ਦੋਸ਼ੀ ਪਾਏ ਗਏ ਪੁਜਾਰੀਆਂ ਨੂੰ ਸ਼ਜਾਵਾਂ ਹੋਈਆਂ। ਫਲਸਰੂਪ ਪਿਛਲੇ 15 ਵਰ੍ਹਿਆਂ 'ਚ 3.3 ਅਮਰੀਕੀ ਬਿਲੀਅਨ ਡਾਲਰਾਂ ਦਾ ਕੁੱਲ ਮੁਆਵਜ਼ਾ ਕੁੱਲ ਮੁਕੱਦਮਿਆਂ 'ਚ ਪਾਇਆ ਗਿਆ। ਇਹ ਰਾਸ਼ੀ ਬਦਫੈਲੀ ਦੇ ਸ਼ਿਕਾਰ ਬੱਚਿਆਂ ਤੇ ਔਰਤਾਂ ਨੂੰ ਮਿਲੀਆਂ। ਤੀਜੇ ਹਿੱਸੇ ਤੋਂ ਜ਼ਿਆਦਾ ਮੁਆਵਜ਼ਾ ਕੈਲੀਫੋਰਨੀਆ 'ਚ ਸਟੇਟ 'ਚ ਪਾਇਆ ਗਿਆ।
26 ਫਰਵਰੀ 2011 'ਚ ਰੋਮ (ਇਟਲੀ) ਵਿਖੇ ਕੈਥੋਲਿਕ ਚਰਚ ਦੇ ਪੁਜਾਰੀ ਨੇ ਮੰਨਿਆ ਕਿ ਉਸ ਨੂੰ ਜਾਣਕਾਰੀ ਹੈ ਕਿ 23 ਦੇਸ਼ਾਂ ਵਿੱਚ ਚਰਚ ਦੀਆਂ ਸਾਧਣੀਆਂ ਨੂੰ ਜਿਣਸੀ ਸ਼ੋਸ਼ਣ ਅਤੇ ਦੁਰਾਚਾਰ ਦਾ ਸ਼ਿਕਾਰ ਬਣਾਇਆ ਗਿਆ। ਅਮਰੀਕਾ ਦੀ ਹਫ਼ਤਾਵਰੀ ਅਖ਼ਬਾਰ ‘ਕੌਮੀ ਕੈਥੋਲਿਕ ਰਿਪੋਰਟਰ' ਨੇ ਖੁਲਾਸਾ ਕੀਤਾ ਕਿ ਪੁਜਾਰੀ ਧਨ ਅਤੇ ਰੁਤਬੇ ਦੇ ਦਬਾਅ ਹੇਠ ਸਾਧਣੀਆਂ ਨਾਲ ਬਦਫੈਲੀਆਂ ਕਰਦੇ ਹਨ। ਇਨ੍ਹਾਂ 'ਚੋਂ ਬਹੁਤੇ ਮਾਮਲੇ ਅਫ਼ਰੀਕੀ ਦੇਸ਼ਾਂ 'ਚ ਵਾਪਰੇ, ਜਿੱਥੇ ਗੁਰਬਤ ਦੀ ਮਾਰ ਹੇਠ ਆਈਆਂ ਅਫ਼ਰੀਕੀ ਸਾਧਣੀਆਂ ਨੂੰ ਬਦਫੈਲ ਪੁਜਾਰੀਆਂ ਪਾਸੋਂ ਪੱਤ ਲੁਟਾਉਣੀ ਪਈ। ਅਜਿਹੇ ਹੀ ਸੈਂਕੜੇ ਮਾਮਲਿਆਂ ਨੇ ਆਇਰਲੈਂਡ ਵਿੱਚ ਵੀ ਬਵਾਲ ਮਚਾਇਆ। ਯੂਰਪ ਦੇ ਹੋਰਨਾਂ ਮੁਲਕਾਂ ਦੀ ਤਰ੍ਹਾਂ ਬੈਲਜ਼ੀਅਮ, ਇਟਲੀ ਅਤੇ ਜਰਮਨੀ 'ਚ ਵੀ ਸੈਂਕੜੇ ਵਾਰਦਾਤਾਂ ਦੇ ਸਰਮਸਾਰ ਕਿੱਸੇ ਸਾਹਮਣੇ ਆਏ।
ਅਜਿਹੇ ਲੂ-ਕੰਡੇ ਖੜ੍ਹੇ ਕਰਨ ਵਾਲੇ ਕਿੱਸਿਆਂ ਦੇ ਚੱਲਦਿਆਂ ਜਰਮਨੀ ਦੇ ਕੈਥੋਲਿਕ ਅਧਿਕਾਰੀਆਂ ਨੇ ਜਿਸਮਾਨੀ ਸ਼ੋਸ਼ਣ ਦੇ ਸ਼ਿਕਾਰਾਂ ਲਈ ਟੈਲੀਫੋਨ ਲਾਈਨ ਖੋਲ੍ਹੀ।
ਦੋ-ਚੌਂਹ ਦਿਨਾਂ ਵਿੱਚ ਹੀ ਚਾਰ ਹਜ਼ਾਰ ਤੋਂ ਵੱਧ ਫੋਨ ਆਏ। ਅੰਦਰੋ-ਅੰਦਰ ਵੱਡੇ ਪੋਲ ਖੁੱਲ ਜਾਣ ਦੇ ਡਰ ਨਾਲ ਫੋਨ ਲਾਈਨ ਬੰਦ ਕਰ ਦਿੱਤੀ ਗਈ। ਯੂਰਪ 'ਚ ਸ਼ਾਇਦ ਹੀ ਕੋਈ ਮੁਲਕ ਬੱਚਿਆ ਹੋਵੇ, ਜਿੱਥੇ ਅਜਿਹੇ ਸ਼ੋਸ਼ਣ ਅਤੇ ਗੈਰ-ਮਨੁੱਖੀ ਦਰਿੰਦਗੀ ਦੀਆਂ ਵਾਰਦਾਤਾਂ ਸਾਹਮਣੇ ਨਾ ਆਈਆਂ ਹੋਣ।
‘ਨਿਊਯਾਰਕ ਟਾਈਮਜ਼' ਵਰਗੀਆਂ ਅਖ਼ਬਾਰਾਂ ਨੇ ਵੀ ਵਾਰ-ਵਾਰ ਅਜਿਹੇ ਖੁਲਾਸੇ ਕੀਤੇ ਹਨ। 1997 'ਚ ਵੈਟੀਕਨ ਕੈਥੋਲਿਕ ਅਧਿਕਾਰੀਆਂ ਵੱਲੋਂ ਆਇਰਲੈਂਡ ਦੇ ਕੈਥੋਲਿਕ ਅਧਿਕਾਰੀਆਂ ਨੂੰ ਲਿੱਖਈਆਂ ਚਿੱਠੀਆਂ ਦਾ ਵੇਰਵਾ ਸਾਹਮਣੇ ਆਇਆ ਹੈ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਜਿਸਮਾਨੀ ਸ਼ੋਸ਼ਣ ਵਰਗੇ ਮਾਮਲੇ ਵੀ ਅੰਦਰਖਾਤੇ ਕੈਥੋਲਿਕ ਅਦਾਰਿਆਂ 'ਚ ਹੀ ਸੁਲਝਾਏ ਜਾਣੇ ਚਾਹੀਦੇ ਹਨ। ਹੁਣ ਇਕੀਵੀਂ ਸਦੀ 'ਚ ਹਵਾ ਦਾ ਰੁੱਖ਼ ਬਦਲ ਗਿਆ ਹੈ ਅਤੇ ਇਸ ਮੁਜਰਿਮ ਪੁਜਾਰੀ ਜਮਾਤ ਨੂੰ ਆਪਣੇ ਅਪਰਾਧਾਂ ਦਾ ਸਾਹਮਣਾ ਕਰਨਾ ਹੀ ਪਵੇਗਾ। ਪੋਪ ਜਗਤ ਦਾ ਦਬਦਬਾ ਇਨ੍ਹਾਂ ਅਪਰਾਧਾ ਦੇ ਪਰਦਾ ਪਾਉਣ 'ਚ ਕਾਮਯਾਬ ਨਹੀਂ ਹੋਵੇਗਾ।
ਪੋਪ ਜਗਤ ਮੁੱਢ ਤੋਂ ਪੁਜਾਰੀਆਂ ਵਾਸਤੇ ਜੱਤਸੱਤ ਵਾਲੀ ਜ਼ਿੰਦਗੀ ਦੀ ਵਜ਼ਾਹਤ ਕਰਦਾ ਆਇਆ ਹੈ। ਪੁਜਾਰੀਆਂ ਨੂੰ ਸ਼ਾਦੀ ਕਰਾਉਣ ਦੀ ਮਨਾਹੀ ਹੁੰਦੀ ਹੈ ਤੇ ਇਸੇ ਤਰ੍ਹਾਂ ਸਾਧ ਤੇ ਸਾਧਣੀਆਂ ਨੂੰ ਸ਼ਾਦੀਸ਼ੁਦਾ ਜ਼ਿੰਦਗੀ ਤੋਂ ਮਨ੍ਹਾ ਕੀਤਾ ਜਾਂਦਾ ਹੈ। ਪਰ ਹਕੀਕਤ ਇਹ ਹੈ ਕਿ 50 ਫੀਸਦ ਇਸ ਤਰ੍ਹਾਂ ਦੇ ਇਖ਼ਲਾਕੀ ਅਸੂਲਾਂ 'ਤੇ ਬਿਲਕੁਲ ਹੀ ਪਹਿਰਾ ਨਹੀਂ ਦਿੰਦੇ। 40 ਫੀਸਦੀ ਗਾਹੇਵਗਾਹੇ ਨਿਯਮ ਭੰਗ ਕਰਦੇ ਹਨ ਤੇ ਕੇਵਲ 10 ਫੀਸਦੀ ਹੀ ਪਹਿਰਾ ਦਿੰਦੇ ਹਨ।
ਰਵਾਇਤੀ ਜੱਤਸੱਤ ਵਾਲੇ ਨਿਯਮਾਂ ਵਿੱਚ ਸੁਧਾਰ ਦੀ ਲੋੜ ਹੈ। ਪ੍ਰੰਤੂ ਪੋਪ ਜਗਤ ਨੂੰ ਪੈਰੋਕਾਰਾਂ ਦੇ ਖੁੱਸਣ ਨਾਲ ਧਨ ਦੇ ਖੁੱਸਣ ਦਾ ਵੀ ਡਰ ਰਹਿੰਦਾ ਹੈ ਤੇ ਨਾਲ ਹੀ ਚੌਧਰ ਦਾ ਘੇਰਾ ਵੀ ਤੰਗ ਹੋ ਸਕਦਾ ਹੈ। ਜੱਤਸੱਤ ਦੇ ਅਸੂਲਾਂ ਦੀ ਗੱਲ ਤਾਂ ਕਿਤੇ ਰਹੀ, ਇੱਥੇ ਤਾਂ ਪੋਪ ਜਗਤ ਦੇ ਪੁਜਾਰੀਆਂ ਨੂੰ ਅਪਰਾਧਿਕ ਬਿਰਤੀਆਂ ਤੇ ਅਮਲ ਨੇ ਕੱਖ਼ੋਂ ਹੌਲਾ ਕਰਕੇ ਰੱਖ ਦਿੱਤਾ ਹੈ।