Thu, 21 November 2024
Your Visitor Number :-   7256245
SuhisaverSuhisaver Suhisaver

ਹਾਂ ਮੈਂ ਸੱਚ ਉਜਾਗਰ ਕਰਨ ਦਾ ਦੋਸ਼ੀ ਹਾਂ : ਬਰੈਡਲੀ ਮੈਨਿੰਗ -ਪੁਸ਼ਪਿੰਦਰ ਸਿੰਘ

Posted on:- 23-03-2013

ਬਰੈਡਲੀ ਮੈਨਿੰਗ ਅਮਰੀਕਾ ਦੀ ਫੌਜ ਦਾ ਸਿਪਾਹੀ ਹੈ, ਜਿਸ ਨੂੰ ਸਰਕਾਰ ਨੇ ਕੈਦ ਕਰ ਰੱਖਿਆ ਹੈ। ਉਸ ਦਾ ਜੁਰਮ ਇਹ ਹੈ ਕਿ ਜਦੋਂ ਉਹ ਇਰਾਕ ਉੱਪਰ ਅਮਰੀਕੀ ਹਮਲੇ ਵੇਲੇ ਬਗਦਾਦ ਦੇ ਲਾਗੇ ਫੌਜ ਦੇ ਖ਼ੁਫ਼ੀਆ ਤੰਤਰ ਦਾ ਅਫ਼ਸਰ ਸੀ ਤਾਂ ਉਸ ਨੇ ਕੁਝ ਅਹਿਮ ਗੁਪਤ ਦਸਤਾਵੇਜ਼ ਲੀਕ ਕਰ ਦਿੱਤੇ ਸਨ, ਜਿਹੜੇ ਵਿਕੀਲੀਕਸ ਤੇ ਕਈ ਹੋਰ ਅਖ਼ਬਾਰਾਂ ਵਿੱਚ ਛਪ ਗਏ ਸਨ। ਅਮਰੀਕਾ ਦੀ ਸਰਕਾਰ ਵੱਲੋਂ ਅਫ਼ਗਾਨਿਸਤਾਨ ਤੇ ਇਰਾਕ ਵਿੱਚ ਕੀਤੇ ਜਾ ਰਹੇ ਅੱਤਿਆਚਾਰਾਂ ਦੀ ਹਕੀਕਤ ਸਾਹਮਣੇ ਆ ਜਾਣ ਕਾਰਨ ਸਰਕਾਰ ਨੂੰ ਬਹੁਤ ਨਮੋਸ਼ੀ ਝਲਣੀ ਪਈ ਸੀ। ਇਨ੍ਹਾਂ ਵਿੱਚ ਹੈਲੀਕਾਪਟਰ ਹਮਲੇ ਦਾ ਉਹ ਵੀਡੀਓ ਵੀ ਸ਼ਾਮਲ ਸੀ, ਜਿਸ ਵਿੱਚ ਹੈਲੀਕਾਪਟਰ ਵਿੱਚ ਬੈਠੇ ਫੌਜੀਆਂ ਵੱਲੋਂ 12 ਨਿਹੱਥੇ ਸ਼ਹਿਰੀਆਂ ਨੂੰ ਕਤਲ ਕਰਦੇ ਦਿਖਾਇਆ ਗਿਆ ਸੀ। ਇਨ੍ਹਾਂ ਵਿੱਚ ਸੰਸਾਰ ਪ੍ਰਸਿੱਧ ਖ਼ਬਰ ਏਜੰਸੀ ਰਾਇਟਰ ਦੇ ਦੋ ਪੱਤਰਕਾਰ ਅਤੇ ਦੋ ਮਾਸੂਮ ਬੱਚੇ ਵੀ ਸ਼ਾਮਲ ਸਨ।



ਬਰੈਡਲੀ ਮੈਨਿੰਗ ਦਾ ਜਨਮ 17 ਦਸੰਬਰ 1987 ਨੂੰ ਆਇਰਲੈਂਡ ਦੀ ਵਸਨੀਕ ਸੂਸਾਂ ਫ਼ੌਕਸ ਅਤੇ ਉਸ ਦੇ ਅਮਰੀਕੀ ਪਤੀ ਬਰਾਇਨ ਮੈਨਿੰਗ ਦੇ ਘਰ ਓਕਲਾਹੋਮਾ ਦੇ ਕਸਬੇ ਕਰੈਂਸਟ ਵਿੱਚ ਹੋਇਆ ਸੀ। ਬਰੈਡਲੀ ਕੱਦ ਦਾ ਜ਼ਰੂਰ ਮਧਰਾ (ਪੰਜ ਫੁੱਟ, 2 ਇੰਚ), ਪਰ ਦਿਮਾਗ਼ ਬਹੁਤ ਤੇਜ਼ ਸੀ। ਉਸ ਦੇ ਪਿਤਾ ਨੇ ਨਿਭਜ਼ ਏਜੰਸੀ ਪੀ ਬੀ ਐੱਸ ਨੂੰ ਦੱਸਿਆ ਕਿ ਦਸ ਸਾਲ ਦੀ ਉਮਰ ਵਿੱਚ ਹੀ ਉਸ ਨੇ ਕੰਪਿਊਟਰ 'ਤੇ ਆਪਣੀ ਵੈੱਬਸਾਈਟ ਤਿਆਰ ਕਰ ਲਈ ਸੀ। ਤਿੰਨ ਸਾਲ ਲਗਾਤਾਰ ਉਹ ਵਿਗਿਆਨ ਦੇ ਸਕੂਲ ਮੇਲਿਆਂ ਵਿੱਚ ਇਨਾਮ ਜਿੱਤਦਾ ਰਿਹਾ। ਛੇਵੀਂ ਦਾ ਵਿਦਿਆਰਥੀ ਹੁੰਦਿਆਂ ਉਸ ਨੇ ਸੂਬਾ ਪੱਧਰ ਦੀ ਪ੍ਰਸ਼ਨ ਉੱਤਰ ਪ੍ਰਤੀਯੋਗਤਾ ਜਿੱਤੀ ਸੀ। ਤੇਰਾਂ ਸਾਲ ਦੀ ਉਮਰ ਤੱਕ ਉਹ ਕੰਪਿਊਟਰ ਦਾ ਨਿਪੁੰਨ ਮਾਸਟਰ ਬਣ ਚੁੱਕਆ ਸੀ। ਜੀਵਨ ਦੇ ਇਸ ਪੜਾਅ 'ਤੇ ਉਸਦੇ ਮਾਂ-ਬਾਪ ਦਾ ਤਲਾਕ ਹੋ ਗਿਆ। ਉਹ ਆਪਣੀ ਮਾਂ ਨਾਲ ਅਮਰੀਕਾ ਛੱਡ ਕੇ ਵੇਲਜ਼ ਆ ਗਿਆ ਤੇ ਕਸਬੇ ਦੇ ਟਾਸਕਰ ਮਿਲਵਾਰਡ ਸੈਕੰਡਰੀ ਸਕੂਲ ਵਿੱਚ ਪੜ੍ਹਨ ਲੱਗਿਆ।

ਡੈਨਵਰ ਨਿਕਸ ਨੇ ਇੱਕ ਕਿਤਾਬ ਲਿਖੀ ਹੈ; ‘ਪਰਾਈਵੇਟ: ਬਰੈਡਲੀ ਮੈਨਿੰਗ, ਵਿਕੀਲੀਕਸ ਐਂਡ ਬਿੱਗਸੈਟ ਐਕਸਪੋਜ਼ਰ ਆਫ਼ ਅਮੈਰੀਕਨ ਹਿਸਟਰੀ'। ਉਹ ਉਸਦੇ ਦੋਸਤਾਂ ਮਿੱਤਰਾਂ ਦੇ ਹਵਾਲੇ ਨਾਲ ਦੱਸਦਾ ਹੈ ਕਿ ਮੈਨਿੰਗ ਤੇਜ਼ ਬੁੱਧੀ ਵਾਲਾ, ਮੌਲਿਕ ਸੋਚ ਵਾਲਾ, ਧਰਮ ਵਿਰੋਧੀ ਵਿਚਾਰਾਂ ਵਾਲਾ ਬਹੁਤ ਹੁਸ਼ਿਆਰ ਬਾਲਕ ਸੀ। ਸਕੂਲ ਸਮੇਂ ਦੇ ਇੱਕ ਜਮਾਤੀ ਨੇ ‘ਸੰਡੇ ਟਾਈਮਜ਼' ਨੂੰ ਦੱਸਿਆ, ‘‘ਹੁਸ਼ਿਆਰ, ਅਨੋਖਾ, ਬਹੁਤ ਹੀ ਅਨੋਖਾ ਇਨਸਾਨ ਸੀ ਉਹ।'' ਮਾਂ ਬਿਮਾਰ ਰਹਿੰਦੀ ਸੀ, ਇਹ ਸੋਚਦਿਆਂ ਕਿ ਉਸ ਦੀ ਪੜ੍ਹਾਈ ਦਾ ਖ਼ਰਚ ਬਰਦਾਸ਼ਤ ਨਹੀਂ ਕਰ ਸਕੇਗੀ। ਉਹ ਵਾਪਸ ਅਮਰੀਕਾ ਆਪਣੇ ਪਿਤਾ ਦੇ ਘਰ ਆ ਗਿਆ। ਛੇਤੀ ਬਾਅਦ ਮਤਰੇਈ ਮਾਂ ਨਾਲ ਝਗੜਾ ਹੋਣ ਕਾਰਨ ਉਸ ਨੂੰ ਘਰ ਛੱਡਣਾ ਪਿਆ। ਛੋਟੀਆਂ-ਮੋਟੀਆਂ ਨੌਕਰੀਆਂ ਤੋਂ ਬਾਅਦ 2007 ਵਿੱਚ ਉਹ ਫੌਜ ਵਿੱਚ ਭਰਤੀ ਹੋ ਗਿਆ। ਜਨਵਰੀ 2008 ਵਿੱਚ ਉਸ ਦੀ ਸਿਖਲਾਈ ਸ਼ੁਰੂ ਹੋਈ। ਉਸ ਨੇ ਡਿਗਰੀ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਫ਼ੌਜੀ ਖ਼ੁਫ਼ੀਆ ਤੰਤਰ ਦੇ ਟੈਸਟ ਪਾਸ ਕੀਤੇ। ਕੰਪਿਊਟਰ ਦੀ ਨਿਪੁੰਨਤਾ ਹੋਣ ਕਾਰਨ ਉਹ ਵਿਭਾਗ ਵਿੱਚ ਪੜਤਾਲੀਆ ਅਫ਼ਸਰ ਬਣ ਗਿਆ।

ਅਕਤੂਬਰ 2009 ਵਿੱਚ ਉਸ ਨੂੰ ਇਰਾਕ ਦੀ ਜੰਗ ਵਿੱਚ ਬਗਦਾਦ ਭੇਜ ਦਿੱਤਾ ਗਿਆ। ਇੱਕ ਮਹੀਨੇ ਬਾਅਦ ਨਵੰਬਰ ਵਿੱਚ ਉਸ ਨੂੰ ਤਰੱਕੀ ਦੇ ਕੇ ਮਾਹਿਰ ਬਣਾ ਦਿੱਤਾ ਗਿਆ। ਸਾਰੀ-ਸਾਰੀ ਰਾਤ ਉਸ ਨੂੰ ਕੰਮ ਕਰਨਾ ਪੈਂਦਾ ਸੀ। ਏਸੇ ਵਕਤ ਉਸ ਕੋਲ ਅਮਰੀਕੀ ਸਰਕਾਰ ਅਤੇ ਫ਼ੌਜ ਦੀਆਂ ਕਾਰਵਾਈਆਂ ਦੀਆਂ ਜਾਣਕਾਰੀ ਆਉਣ ਲੱਗ ਪਈ, ਜਿਸ ਤੋਂ ਉਹ ਬਹੁਤ ਪ੍ਰੇਸ਼ਾਨ ਹੋ ਗਿਆ। ਇਹ ਜਾਣਕਾਰੀ ਉਸ ਨੇ ਡਾਊਨਲੋਡ ਕਰ ਲਈ। ਫ਼ੌਜ ਦੇ ਅਨੁਸ਼ਾਸ਼ਨ ‘ਕਿਸੇ ਨੂੰ ਕੁਝ ਨਾ ਪੁੱਛੋ ਤੇ ਕਿਸੇ ਨੂੰ ਕੁਝ ਨਾ ਦੱਸੋ' ਤੋਂ ਉਹ ਬਹੁਤ ਦੁਖੀ ਹੋ ਗਿਆ। ਇਸ ਸਮੇਂ ਦੌਰਾਨ ਹੀ ਉਸ ਨੇ ਫ਼ੌਜ ਦੇ ਅੱਤਿਆਚਾਰਾਂ ਨੂੰ ਜੱਗ-ਜ਼ਾਹਰ ਕਰਨ ਦਾ ਫੈਸਲਾ ਕੀਤਾ। ਫਫ਼ਰਵਰੀ 2010 ਵਿੱਚ ਉਸ ਨੇ ਬਗਦਾਦ ਦੇ ਹੈਲੀਕਾਪਟਰ ਹਮਲੇ ਦੀ ਵੀਡੀਓ ਵਿਕੀਲੀਕਸ ਨੂੰ ਭੇਜ ਦਿੱਤੀ ਅਤੇ ਅਪ੍ਰੈਲ ਵਿੱਚ ਇਹ ਦੁਨੀਆਂ ਭਰ ਵਿੱਚ ਨਸ਼ਰ ਹੋ ਗਈ ਸੀ। 26 ਮਈ 2010 ਵਾਲੇ ਦਿਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

22 ਸਾਲ ਦੀ ਉਮ ਵਿੱਚ ਬਰੈਡਲੀ ਮੈਨਿੰਗ ਵੱਲੋਂ ਭੇਜੀ ਗਈ ਪਹਿਲੀ ਜਾਣਕਾਰੀ ਵਿਕੀਲੀਕਸ ਨੇ 18 ਫ਼ਰਵਰੀ 2010 ਨੂੰ ਪ੍ਰਕਾਸ਼ਤ ਕੀਤੀ ਸੀ, ਜੋ ਰਿਕਜੋਵਿਕ  ਵਿਚਲੇ ਅਮਰੀਕੀ ਦੂਤਘਰ ਵੱਲੋਂ ਵਾਸ਼ਿੰਗਟਨ ਵਿਚਲੇ ਮੁੱਖ ਦਫ਼ਤਰ ਨੂੰ ਭੇਜੀ ਗਈ ਚਿੱਠੀ ਸੀ। ਇਸ ਤੋਂ ਬਾਅਦ ਬਗਦਾਦ ਹੈਲੀਕਾਪਟਰ ਦੀ ਵੀਡੀਓ, ਅਫ਼ਗਾਨਿਸਤਾਨ ਅਤੇ ਇਰਾਕ ਦੀ ਜੰਗ ਦੇ ਖ਼ੁਫ਼ੀਆ ਦਸਤਾਵੇਜ਼, ਗੁਪਤ ਕੇਬਲਾਂ (ਕੇਬਲਗੇਟ), ਗੁਆਟਨਾਮੋ ਬੇ ਦੀਆਂ ਗੁਪਤ ਖ਼ਬਰਾਂ ਮੈਨਿੰਗ ਨੇ ਵਿਕੀਲੀਕਸ ਨੂੰ ਸਪਲਾਈ ਕੀਤੀਆਂ, ਜੋ ਦੁਨੀਆਂ ਭਰ ਦੇ ਮੀਡੀਆ ਵਿੱਚ ਨਸ਼ਰ ਹੋਈਆਂ।
ਅਮਰੀਕੀ ਸਰਕਾਰ ਵੱਲੋਂ ਮੈਨਿੰਗ ਦੇ ਖ਼ਿਲਾਫ਼ ਜੁਲਾਈ 2010 ਨੂੰ 22 ਦੋਸ਼ ਆਇਦ ਕੀਤੇ ਗਏ ਸਨ, ਜਿਨ੍ਹਾਂ ਵਿੱਚ ਖ਼ੁਫ਼ੀਆ ਜਾਣਕਾਰੀ ਲੀਕ ਕਰਨ ਤੋਂ ਇਲਾਵਾ ਦੁਸ਼ਮਣ ਦਾ ਸਾਥ ਦੇ ਕੇ ਗ਼ਦਾਰੀ ਕਰਨਾ ਵੀ ਸ਼ਾਮਲ ਹੈ।

ਇਸ ਜ਼ੁਰਮ ਦੀ ਸਜ਼ਾ ਮੌਤ ਹੈ, ਪਰ ਸਰਕਾਰ ਦਾ ਕਹਿਣਾ ਸੀ ਕਿ ਉਹ ਉਮਰ ਕੈਦ ਦੀ ਸਜ਼ਾ ਨਾਲ ਹੀ ਸੰਤੁਸ਼ਟ ਹੋ ਜਾਵੇਗੀ। ਸ਼ੁਰੂ ਵਿੱਚ ਉਸ ਨੂੰ ਕੁਵੈਤ ਵਿੱਚ ਰੱਖਿਆ ਗਿਆ ਤੇ 29 ਜੁਲਾਈ 2010 ਨੂੰ ਵਰਜੀਨੀਆ ਤਬਦੀਲ ਕਰ ਦਿੱਤਾ ਗਿਆ। ਮੈਨਿੰਗ ਦੇ ਵਕੀਲ ਡੇਵਿਡ ਕੂਬਜ਼ ਦਾ ਕਹਿਣਾ ਹੈ ਕਿ ਉਸ ਨੂੰ ਇਕੱਲੇ ਨੂੰ ਕੋਠੜੀ ਵਿੱਚ ਕੈਦ ਰੱਖਿਆ ਗਿਆ। ਸਵੇਰ ਦੇ ਪੰਜ ਵਜੇ ਤੋਂ ਲੈ ਕੇ ਸ਼ਾਮ ਦੇ ਸੱਤ ਵਜੇ ਤੱਕ ਸੌਣ ਦੀ ਮਨਾਹੀ ਸੀ। ਇਸ ਤਰ੍ਹਾਂ ਤੀਹ ਮਹੀਨਿਆਂ ਦੀ ਕੈਦ ਤੋਂ ਬਾਅਦ 28 ਫ਼ਰਵਰੀ ਨੂੰ ਉਸ ਨੇ ਅਦਾਲਤ ਵਿੱਚ ਜੱਜ ਦੇ ਸਾਹਮਣੇ ਆਪਣਾ ਬਿਆਨ ਦਿੱਤਾ। ਤੀਹ ਸਫ਼ਿਆਂ ਦੇ ਲੰਮੇਂ ਬਿਆਨ ਵਿੱਚ ਉਸ ਨੇ ਕਿਹਾ ਕਿ ਗੁਪਤ ਜਾਣਕਾਰੀ ਜਨਤਕ ਕਰਨ ਦਾ ਮਕਸਦ ਲੋਕਾਂ ਨੂੰ ਹਕੀਕਤ ਤੋਂ ਜਾਣੂ ਕਰਾਉਣਾ ਸੀ, ਤਾਂ ਕਿ ਉਹ ਸੋਚਣ ਕਿ ਅਮਰੀਕੀ ਸਰਕਾਰ ਤੇ ਫੌਜ ਜੋ ਕਰ ਰਹੀ ਹੈ, ਬਹੁਤ ਗ਼ਲਤ ਕਰ ਰਹੀ ਹੈ। ਉਸ ਨੇ 22 ਦੋਸ਼ਾਂ ਵਿੱਚੋਂ 10 ਕਬੂਲ ਕਰ ਲਏ। ਉਸ ਨੇ ਆਪਣੇ ਦੇਸ਼ ਨਾਲ ਗ਼ਦਾਰੀ ਕਰਨ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਇਹ ਉਸ ਦਾ ਖ਼ੁਦ ਦਾ ਫੈਸਲਾ ਸੀ, ਕਿਸੇ ਨੇ ਉਸ ਞਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਇਆ। ਅਦਾਲਦੇ ਸੁੰਨਸਾਨ ਕਮਰੇ ਵਿੱਚ ਬੈਂਚ 'ਤੇ ਬੈਠਾ ਮੈਨਿੰਗ ਕਹਿ ਰਿਹਾ ਸੀ- ‘‘ਹੈਲੀਕਾਪਟਰ ਵਿੱਚ ਬੈਠੇ ਫੌਜੀਆਂ ਦੀ ਖੂਨ ਦੀ ਪਿਆਸ ਦੇਖ ਕੇ ਮੈਂ ਬਹੁਤ ਘਬਰਾਅ ਗਿਆ ਸੀ। ਮੇਰਾ ਵਿਸ਼ਵਾਸ ਸੀ ਕਿ ਇਸ ਦ੍ਰਿਸ਼ ਨੂੰ ਲੋਕ, ਖ਼ਾਸ ਕਰ ਕੇ ਅਮਰੀਕਾ ਦੇ ਲੋਕ ਦੇਖਣਗੇ ਤਾਂ ਆਪਣੇ ਦੇਸ਼ ਵੱਲੋਂ ਅਫ਼ਗਾਨਿਸਤਾਨ ਤੇ ਇਰਾਨ ਵਿੱਚ ਲਾਗੂ ਕੀਤੀ ਜਾ ਰਹੀ ਨੀਤੀ ਬਾਰੇ ਜ਼ਰੂਰ ਸੋਚਣਗੇ। ਅਸਲੀਅਤ ਨੂੰ ਜਾਣ ਕੇ ਸ਼ਾਇਦ ਸਮਾਜ ਦਹਿਸ਼ਤਵਾਦ ਵਿਰੱਧ ਸ਼ੁਰੂ ਕੀਤੀ ਜੰਗ ਬਾਰੇ ਚਿੰਤਨ ਕਰੇ, ਜਿਸ ਜੰਗ ਦੇ ਕਾਰਨ ਉੱਥੋਂ ਦੇ ਲੋਕਾਂ ਐਨਾ ਅੱਤਿਆਚਾਰ ਹੋ ਰਿਹਾ ਹੈ।

ਮੈਨੂੰ ਆਸ ਸੀ ਕਿ ਹੈਲੀਕਾਪਟਰ ਵਿੱਚ ਬੈਠੇ ਗੋਲੀਆਂ ਵਰ੍ਹਾ ਰਹੇ ਫੌਜੀਆਂ ਨੂੰ ਦੇਖ ਕੇ ਲੋਕ ਵੀ ਮੇਰੇ ਵਾਂਗ ਭੈ-ਭੀਤ ਹੋ ਜਾਣਗੇ। ਮੈਂ ਚਾਹੁੰਦਾ ਸੀ ਕਿ ਲੋਕਾਂ ਨੂੰ ਗਿਆਨ ਹੋ ਜਾਵੇ ਕਿ ਇਰਾਕ ਤੇ ਅਫ਼ਗਾਨਿਸਤਾਨ ਦਾ ਹਰ ਵਿਅਕਤੀ ਸਾਡਾ ਦੁਸ਼ਮਣ ਨਹੀਂ ਹੈ। ਅਸੀਂ ਉੱਥੇ ਜੰਗ ਦਾ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਲੋਕ ਪ੍ਰੈਸ਼ਰ ਕੁੱਕਰ ਵਿੱਚ ਰਹਿਣ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ।''

ਹਕੀਕਤ ਨੂੰ ਜਨਤਾ ਦੇ ਸਾਹਮਣੇ ਲਿਆਉਣ ਦੇ ਦੋਸ਼ ਨੂੰ ਕਬੂਲ ਕਰਦਿਆਂ ਉਸ ਨੇ ਕਿਹਾ, ‘‘ਪਹਿਲਾਂ ਮੈਂ ‘ਵਾਸ਼ਿੰਗਚਨ ਪੋਸਟ', ‘ਨਿਊ ਯਾਰਕ ਟਾਈਮਜ਼' ਤੇ ‘ਪੋਲੀਟੀਕੋ' ਤੱਕ ਪਹੁੰਚ ਕੀਤੀ ਸੀ, ਪਰ ਉਨ੍ਹਾਂ ਮੇਰੀ ਗੱਲ ਨਹੀਂ ਸੁਣੀ ਤਾਂ ਮੈਂ ਇਹ ਸਾਰੀ ਖ਼ੁਫ਼ੀਆ ਜਾਣਕਾਰੀ ਵਿਕੀਲੀਕਸ ਨੂੰ ਦੇ ਦਿੱਤੀ, ਜਿਸ ਲਈ ਕਿਸੇ ਨੇ ਵੀ ਮੈਨੂੰ ਮਜਬੂਰ ਨਹੀਂ ਸੀ ਕੀਤਾ।'' ਉਸ ਨੇ ਅੱਗੇ ਕਿਹਾ, ‘‘ਆਪਣੇ ਇਸ ਫੈਸਲੇ ਦੀ ਮੈਂ ਸਾਰੀ ਜ਼ਿੰਮੇਵਾਰੀ ਕਬੂਲਦਾ ਹਾਂ। ਮੈਂ ਜਾਣਦਾ ਹਾਂ ਕਿ ਇਸ ਕਾਰਨ ਮੈਨੂੰ ਵੀਹ ਸਾਲ ਤੱਕ ਜਾਂ ਉਮਰ ਭਰ ਲਈ ਕੈਦ ਵਿੱਚ ਰਹਿਣਾ ਪੈ ਸਕਦਾ ਹੈ।'' ਇਸ ਬਿਆਨ ਤੋਂ ਪਹਿਲਾਂ ਇੱਕ ਕੰਪਿਊਟਰ ਹੈਕਰ ਐਂਡਰੀਅਨ ਲਾਮੋ ਨਾਲ ਬਰੈਡਲੀ ਮੈਨਿੰਗ ਨੇ 21 ਮਈ ਤੋਂ 25 ਮਈ 2010 ਤੱਕ ਚੈਟ ਕੀਤੀ ਸੀ, ਜੋ ਲਾਮੋ ਨੇ ਅਮਰੀਕਾ ਦੀ ਖੁਫ਼ੀਆ ਪੁਲਸ (ਆੱਫ਼ ਬੀ ਆਈ) ਦੇ ਹਵਾਲੇ ਕਰ ਦਿੱਤੀ ਸੀ। ਉਸ ਨੇ ਕਿਹਾ ਸੀ, ‘‘ਮੈਂ ਜਾਣਕਾਰੀ ਲੀਕ ਕਰ ਰਿਹਾ ਹਾਂ, ਕਿਉਂਕਿ ਮੈਂ ਚਾਹੁੰਦਾ ਹਾਂ ਲੋਕ ਸੱਚ ਨੂੰ ਜਾਣਨ, ਉਹ ਕੋਈ ਵੀ ਹੋ ਸਕਦਾ ਹੈ, ਕਿਉਂਕਿ ਸਹੀ ਜਾਣਕਾਰੀ ਤੋਂ ਬਿੰਨਾਂ ਤੁਸੀਂ ਸਹੀ ਫੈਸਲਾ ਨਹੀਂ ਲੈ ਸਕਦੇ।'' ਬਰੈਡਲੀ ਦਾ ਕਹਿਣਾ ਹੈ, ‘‘ਇਹ ਅਜੋਕੇ ਸਮੇਂ ਦੇ ਬਹੁਤ ਮਹਤੱਵਪੂਰਣ ਦਸਤਾਵੇਜ਼ ਹਨ, ਕਿਉਂਕਿ ਇਨ੍ਹਾਂ ਨੇ ਵਿਸ਼ਵ ਦੀ ਸਾਮਰਾਜੀ ਜੁੰਡਲੀ ਵੱਲੋਂ ਕੀਤੇ ਜਾ ਰਹੇ ਘਿਨਾਉਣੇ ਜੁਰਮਾਂ ਨੂੰ ਨੰਗਿਆਂ ਕੀਤਾ ਹੈ।''

‘ਗਾਰਡੀਅਨ' ਅਖ਼ਬਾਰ ਦੇ ਕਾਲਮ-ਨਵੀਸ ਗਲੈਨ ਗਾਲਡਵਿਨ ਨੇ ਲਿਖਿਆ ਹੈ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਨਿੰਗ ਵੱਲੋਂ ਲੀਕ ਕੀਤੀ ਤੇ ਵਿਕੀਲੀਕਸ ਵੱਲੋਂ ਪ੍ਰਕਾਸ਼ਿਤ ਕੀਤੀ ਇਹ ਖ਼ੁਫ਼ੀਆ ਜਾਣਕਾਰੀ 2010 ਦੀ ਸਭ ਤੋਂ ਮਹਤੱਵਪੂਰਨ ਅਤੇ ਸਨਸਨੀਖ਼ੇਜ ਖ਼ਬਰ ਬਣੀ ਹੈ।'' ਇਹ ਸਭ ਬਰੈਡਲੀ ਬੈਨਿੰਗ ਨੇ ਸੰਭਵ ਬਣਾਇਆ, ਜੋ ਉਸ ਸਮੇਂ 22 ਸਾਲ ਦਾ ਨੌਜਵਾਨ ਸੀ। ਉਸ ਨੇ ਆਪਣੀ ਆਜ਼ਾਦੀ ਤੇ ਜ਼ਿੰਦਗੀ ਦਾ ਸੁੱਖ-ਆਰਾਮ ਗਵਾ ਲਿਆ ਅਤੇ ਅਮਰੀਕੀ ਸਰਕਾਰ ਦੇ ਅਜਿਹੇ ਤਸ਼ਦੱਦ ਦਾ ਸ਼ਿਕਾਰ ਬਣਿਆ, ਜਿਸ ਨੂੰ ਸੰਯੁਕਤ ਰਾਸ਼ਟਰ ਦੇ ਖੋਜਕਰਤਾ ਨੇ ‘ਜ਼ਾਲਮਾਨਾ ਤੇ ਅਣ-ਮਨੁੱਖੀ' ਕਿਹਾ ਸੀ।

ਮੈਨਿੰਗ ਨੇ ਸਰਕਾਰ ਵੱਲੋਂ ਲਾਏ 22 ਦੋਸ਼ਾਂ ਵਿੱਚੋਂ 10 ਨੂੰ ਸਵੀਕਾਰ ਕੀਤਾ ਹੈ। ਉਸ 'ਤੇ ਲੰਮਾ ਮੁਕੱਦਮਾ ਚਲਾਇਆ ਜਾਵੇਗਾ ਅਤੇ ਦੇਸ਼ ਧ੍ਰੋਹੀ ਸਾਬਤ ਕਰ ਕੇ ਮੌਤ ਜਾਂ ਉਮਰ ਕੈਦ ਦੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਬਾਰੇ ਹਾਵਰਡ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਪ੍ਰੋਫ਼ੈਸਰ ਯੋਚਾਏ ਬੈਂਕਲਰ ਦਾ ਕਹਿਣਾ ਹੈ, ‘‘ਖੋਜੀ ਪੱਤਰਕਾਰਾਂ ਦੀ ਸੁਤੰਤਰਤਾ 'ਤੇ ਹਮਲਾ ਹੈ ਤੇ ਇਸ ਦੇ ਸਿੱਟੇ ਗੰਭੀਰ ਹੋਣਗੇ।ਅਲਕਾਇਦਾ ਲਈ ਵੱਡੀ ਪ੍ਰਾਪਤੀ ਹੈ ਇਹ, ਅਮਰੀਕਾ ਕੌਮੀ ਸੁਰੱਖਿਆ ਦੇ ਨਾਂ 'ਤੇ ਵਿਅਕਤੀਗਤ ਆਜ਼ਾਦੀ ਨੂੰ ਖ਼ਤਮ ਕਰ ਰਿਹਾ ਹੈ।''

ਬਰੈਡਲੀ ਮੈਨਿੰਗ ਮਨੁੱਖੀ ਸੁਤੰਤਰਤਾ ਤੇ ਮਾਨਵੀ ਅਧਿਕਾਰਾਂ ਦਾ ਨਾਇਕ ਬਣ ਕੇ ਉੱਭਰਿਆ ਹੈ। ਉਸ ਦੇ ਕੇਸ ਦੀ ਪੈਰਵੀ ਕਰ ਰਹੇ ਇੱਕ ਵਕੀਲ ਕੈਵਿਨ ਜ਼ੀਸ ਨੇ ਕਿਹਾ, ‘‘ਇੱਕ ਰਾਸ਼ਟਰ ਨੇ ਤਾਂ ਉਸ ਨੂੰ ਛੇਕ ਦਿੱਤਾ ਹੈ, ਪਰ ਸਾਨੂੰ ਜ਼ਰੂਰ ਉਸ ਦਾ ਸਾਥ ਦੇਣਾ ਚਾਹੀਦਾ ਹੈ।''

ਸੰਪਰਕ:   98721 40145

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ