ਬੰਗਾਲ ਦੇ ਕਾਲ ਤੋਂ ਲੈ ਕੇ ਖੁਰਾਕ ਸੁਰੱਖਿਆ ਬਿਲ ਤੱਕ -ਐੱਮ ਐੱਸ ਸਵਾਮੀਨਾਥਨ
Posted on:- 22-03-2013
ਬੰਗਾਲ ਦੇ ਕਾਲ ਨੂੰ 70 ਵਰ੍ਹੇ ਪੂਰੇ ਹੋ ਗਏ ਹਨ। ਉਸ ਭਿਆਨਕ ਕਾਲ (1942-43) ਦੌਰਾਨ 15 ਤੋਂ 30 ਲੱਖ ਦੇ ਵਿਚਕਾਰ ਬੱਚੇ, ਔਰਤਾਂ ਤੇ ਮਰਦ ਭੁੱਖ ਦਾ ਸ਼ਿਕਾਰ ਬਣ ਗਏ ਸਨ। ਇਸ ਮਹਾਂ-ਦੁਖਾਂਤ ਦੇ ਕਈ ਕਾਰਨ ਸਨ, ਜਿਵੇਂ ਬਰਮਾ 'ਤੇ ਜਾਪਾਨ ਦਾ ਕਬਜ਼ਾ, ਸਮੁੰਦਰੀ ਤੁਫ਼ਾਨ ਅਤੇ ਬਿਮਾਰੀ ਕਾਰਨ ਚੌਲਾਂ ਦੀ ਫਸਲ ਦਾ ਤਬਾਹ ਹੋ ਜਾਣਾ, ਘਬਰਾਹਟ ਵਿੱਚ ਅਨਾਜ ਦੀ ਖਰੀਦ ਦੇ ਵਪਾਰੀਆਂ ਵੱਲੋਂ ਜਮ੍ਹਾਂਖੋਰੀ, ਦੂਸਰੇ ਵਿਸ਼ਵ ਯੁੱਧ ਦੇ ਕਾਰਨ ਸੰਚਾਰ ਸਾਧਨਾਂ ਵਿੱਚ ਵਿਗਾੜ, ਬਰਤਾਮਵੀ ਹਕੂਮਤ ਵੱਲੋਂ ਭੁੱਖ ਨਾਲ ਮਰ ਰਹੇ ਲੋਕਾਂ ਦੀ ਪਰਵਾਹ ਨਾ ਕਰਨਾ ਆਦਿ।
ਭਾਰਤ ਵਿੱਚ ਬਰਤਾਨਵੀ ਰਾਜ ਸਮੇਂ ਕਾਲ ਆਮ ਹੀ ਆਉਂਦੇ ਰਹਿੰਦੇ ਸਨ। ਕੁਝ ਅੰਦਾਜ਼ਿਆਂ ਅਨੁਸਾਰ 19ਵੀਂ ਸਦੀ ਦੇ ਦੂਸਰੇ ਅੱਧ ਦੌਰਾਨ ਤਾਮਿਲਨਾਡੂ, ਬਿਹਾਰ, ਬੰਗਾਲ ਵਿੱਚ ਤਿੰਨ ਤੋਂ ਚਾਰ ਕਰੋੜ ਲੋਕ ਭੁੱਖ ਨਾਲ ਮਾਰੇ ਗਏ ਸਨ। ਇਸ ਕਰਕੇ ਬਸਤੀਵਾਦੀ ਹਕੂਮਤ ਨੇ ਕਾਲ ਪੀੜ੍ਹਤਾਂ ਦੀ ਮਦਦ ਲਈ ਕੁਝ ਨਵੇਂ ਨਿਯਮ ਬਣਾਏ ਸਨ। ਬੰਗਾਲ ਦਾ ਕਾਲ ਮਹਾਤਮਾਂ ਗਾਂਧੀ ਵੱਲੋਂ ਅਰੰਭੇ ਭਾਰਤ ਛੱਡੋ ਅੰਦੋਲਨ ਤੋਂ ਬਾਅਦ ਆਇਆ ਸੀ, ਜਿਸ ਕਰਕੇ ਇਸ ਨੇ ਲੋਕਾਂ ਅਤੇ ਮੀਡੀਆ ਦਾ ਧਿਆਨ ਬਹੁਤ ਖਿੱਚਿਆ ਸੀ। ਦੇਸ਼ ਦੀ ਖੇਤੀਬਾੜੀ ਵਿੱਚ ਖੜੋਤ ਤੇ ਭੁੱਖਮਰੀ ਬਰਤਾਨਵੀ ਹਕੂਮਤ ਦੀ ਦੇਣ ਸਮਝੀ ਜਾਂਦੀ ਹੈ। ਭਾਰਤ ਛੱਡੋ ਅੰਦੋਲਨ ਅਤੇ ਬੰਗਾਲ ਦੇ ਕਾਲ ਦਾ ਉਸ ਸਮੇਂ ਦੇ ਵਿਦਿਆਰਥੀਆਂ 'ਤੇ ਬਹੁਤ ਅਸਰ ਹੋਇਆ ਸੀ।
ਪਰ ਹੁਣ ਅਸੀਂ ਬੰਗਾਲ ਵਰਗੇ ਕਾਲਾਂ ਨੂੰ ਅਤੀਤ ਦੀ ਘਟਟਨਾ ਬਣਾ ਦਿੱਤਾ ਹੈ ਅਤੇ ਦੇਸ਼ ਵਿੱਚ ਐਨਾ ਅਨਾਜ ਪੈਦਾ ਕਰਨ ਲੱਗ ਪਏ ਹਾਂ ਕਿ ਦੇਸ਼ ਦੀ ਜਨਤਾ ਲਈ ਖ਼ੁਰਾਕ ਸੁਰੱਖਿਆ ਅਧਿਕਾਰ ਬਿਲ ਪਾਸ ਕਰਨ ਜਾ ਰਹੇ ਹਾਂ। ਬੰਗਾਲ ਦੇ ਕਾਲ ਦੀ 70ਵਾਂ ਵਰ੍ਹੇਗੰਡ ਮੌਕੇ ਦੇਸ਼ ਦੀ ਸੰਸਦ ਇਹ ਬਿੱਲ ਪਾਸ ਕਰ ਦੇਵੇਗੀ, ਜੋ ਦੁਨੀਆਂ ਦਾ ਸਭ ਤੋਂ ਵਿਸ਼ਾਲ ਸਮਾਜ ਭਲਾਈ ਦਾ ਪ੍ਰੋਗਰਾਮ ਹੋਵੇਗਾ। ਇਹ ਪਰਿਵਰਤਨ ਕਿਵੇਂ ਸੰਭਵ ਹੋਇਆ? ਇਸ ਸੰਬੰਧੀ ਮੈਂ ਤਿੰਨ ਨੁਕਤਿਆਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ, ਜਿਨ੍ਹਾਂ ਨੇ ਖੇਤੀਬਾੜੀ ਦੇ ਕਾਇਆ-ਕਲਪ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਇੱਕ ਹੈ, ਪਹਿਲੇ ਪੜਾਅ 'ਤੇ ਨਹਿਰੂ ਦੇ ਦੌਰ ਵੇਲੇ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਜਿਵੇਂ ਸਿੰਜਾਈ ਸਹੂਲਤਾਂ, ਰਸਾਇਣਿਕ ਖਾਦ ਉਦਯੋਗ, ਜ਼ਰਾਇਤੀ ਖੋਜ ਕੇਂਦਰ ਤੇ ਯੂਨੀਵਰਸਿਟੀਆਂ ਅਤੇ ਜ਼ਰਾਇਤੀ ਪੈਦਾਵਾਰ ਦੇ ਵਿਕਰੀ ਕੇਂਦਰਾਂ ਦੀ ਉਸਾਰੀ ਕੀਤੀ ਗਈ। ਇਸ ਖੇਤਰ ਵਿੱਚ ਕੀਤੇ ਨਿਵੇਸ਼ ਤੋਂ ਲਾਭ ਪ੍ਰਾਪਤ ਕਰਨ ਲਈ ਜ਼ਿਲ੍ਹਾ ਪੱਧਰ ਦਾ ਖੇਤੀਬਾੜੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ।
1963-64 ਤੱਕ 15 ਜ਼ਿਲ੍ਹਿਆਂ ਵਿੱਚ ਇਹ ਸ਼ੁਰੂ ਹੋ ਗਿਆ ਸੀ। ਨਤੀਜੇ ਆਸ ਮੁਤਾਬਕ ਨਹੀਂ ਮਿਲ ਰਹੇ ਸਨ। ਮੇਰੇ ਵਿਚਾਰ ਅਨੁਸਾਰ ਇਸ ਦੇ ਲਈ ਪਾਣੀ ਤੇ ਖਾਦ ਦੇ ਨਾਲ-ਨਾਲ ਸੁਧਰੇ ਬੀਜਾਂ ਦੀ ਜ਼ਰੂਰਤ ਸੀ, ਜਿਸ ਲਈ ਜੈਨੇਟਿਕ ਵਿਗਿਆਨ ਵਿੱਚ ਮੁਹਾਰਤ ਹਾਸਲ ਕਰਨੀ ਲਾਜ਼ਮੀ ਸੀ। ਇਸ ਲਈ ਅਸੀਂ ਅਮਰੀਕਾ ਦੇ ਵਿਗਿਆਨੀ ਡਾਕਟਰ ਵੋਲਜ਼ ਅਤੇ ਮੈਕਸੀਕੋ ਦੇ ਨਾਰਮਨ ਬੌਰਲੋਗ ਤੋਂ ਸਹਾਇਤਾ ਲਈ ਅਤੇ ਕਣਕ ਦੀਆਂ ਮਦਰੀਆਂ ਕਿਸਮਾਂ ਦੇ ਬੀਜ ਹਾਸਲ ਕੀਤੇ। ਫਿਲਪਾਈਨਜ਼ ਦੀ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ ਤੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੇ ਨਮੂਨੇ ਹਾਸਲ ਕੀਤੇ ਗਏ। ਪੌਦਿਆਂ ਦੀ ਨਵੀਂ ਸਰੀਰਕ ਬਣਤਰ ਕਰਕੇ ਖਾਦਾਂ ਅਤੇ ਹੋਰ ਪੌਸ਼ਟਿਕ ਤੱਤ ਦਾਣਿਆਂ ਵਿੱਚ ਤਬਦੀਲ ਹੋਣ ਲੱਗ ਪਏ। 1962-63 ਵਿੱਚ ਇਹ ਆਸ ਹੋਣ ਲੱਗ ਪਈ ਸੀ ਕਿ ਅਨਾਜ ਦੇ ਮਾਮਲੇ ਵਿੱਚ ਅਸੀਂ ਆਤਮ ਨਿਰਭਰ ਹੋ ਸਕਦੇ ਹਾਂ। ਮੈਂ ‘ਮਧਰੀਆਂ ਕਣਕਾਂ ਦੇ ਪੰਜ ਵਰ੍ਹੇ' ਪ੍ਰੋਗਰਾਮ ਦਾ ਨਕਸ਼ਾ ਤਿਆਰ ਕੀਤਾ ਤਾਂ ਕਿ 1968 ਤੱਕ ਕਣਕ ਦੀ ਪੈਦਾਵਾਰ ਵਿੱਚ ਭਾਰੀ ਵਾਧਾ ਕੀਤਾ ਜਾ ਸਕੇ। ਇਸ ਦਾ ਮੁੱਖ ਨਾਅਰਾ ਸੀ ‘ਖੋਜ ਲਬਾਰਟਰੀ ਤੋਂ ਖੇਤਾਂ ਵਿੱਚ ਜਾਣਾ।' ਨਿਮਨ ਅਤੇ ਮੱਧ-ਵਰਗ ਦੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਪ੍ਰਦਰਸ਼ਨੀ ਪਲਾਂਟ ਲਗਾ ਕੇ ਅਮਲ ਵਿੱਚ ਉਨ੍ਹਾਂ ਨੂੰ ਸਿੱਖਿਅਤ ਕਰਨਾ। ਇਸ ਸਾਰੀ ਯੋਜਨਾ ਵਿੱਚ ਸੀ ਸੁਬਰਾਮਨੀਅਮ, ਲਾਲ ਬਹਾਦੁਰ ਸ਼ਾਸਤਰੀ ਅਤੇ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ। ਸਭ ਦੀ ਮਿਹਨਤ ਸਦਕਾ 1968 ਦਾ ਸਾਲ ਖੇਤੀਬਾੜੀ ਵਿਕਾਸ ਦਾ ਮੀਲ ਪੱਥਰ ਸਾਬਤ ਹੋਇਆ, ਜਦੋਂ ਪ੍ਰਧਾਨ ਮੰਤਰੀ ਇੰਧਰਾ ਗਾਂਧੀ ਨੇ ਕਣਕ ਇਨਕਲਾਬ ਨਾਂ ਦੀ ਡਾਕ ਟਿਕਟ ਜਾਰੀ ਕੀਤੀ।
ਦੂਸਰਾ ਮਹੱਤਵਪੂਰਨ ਕਦਮ ਸੀ ਸਰਕਾਰ ਵੱਲੋਂ ਕਿਸਾਨਾਂ ਤੋਂ ਉਨ੍ਹਾਂ ਦੀ ਫਸਲ ਦੀ ਸਿੱਧੀ ਖਰੀਦ ਸ਼ੁਰੂ ਕਰਨਾ। ਜਿਣਸ ਦਾ ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਵੱਲੋਂ ਖੇਤੀਬਾੜੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਸੀ। ਇਸ ਨਾਲ ਕਿਸਾਨਾਂ ਨੂੰ ਜਿਣਸ ਦੇ ਵਾਜਬ ਭਾਅ ਮਿਲਣੇ ਸ਼ੁਰੂ ਹੋ ਗਏ। ਵੱਧ ਝਾੜ ਅਤੇ ਜਿਣਸ ਦਾ ਲਾਹੇਵੰਦ ਭਾਅ ਦੇਖ ਕੇ ਕਿਸਾਨਾਂ ਨੇ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। 1968 ਤੋਂ ਬਾਅਦ ਕਣਕ ਦੀ ਪੈਦਾਵਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਹੁਣ 9.2 ਕਰੋੜ ਟਨ ਸਲਾਨਾ ਤੱਕ ਪਹੁੰਚ ਗਈ ਹੈ। ਤੀਸਰਾ ਨੁਕਤਾ ਹੈ, ਵਿਗਿਆਨੀਆਂ ਦੀ ਖੋਜ, ਸਿਆਸੀ ਪਹਿਲਕਦਮੀ ਅਤੇ ਕਿਸਾਨਾਂ ਦੇ ਸੁਮੇਲ ਸਦਕਾ ਸੰਭਵ ਹੋਇਆ ਵਿਕਾਸ, ਜਿਸ ਨੂੰ ‘ਹਰੀ ਕ੍ਰਾਂਤੀ' ਦਾ ਨਾਂ ਦਿੱਤਾ ਗਿਆ ਹੈ।
ਭਾਵੇਂ ਜ਼ਰਾਇਤੀ ਪੈਦਾਵਾਰ ਵਿੱਚ ਆਏ ਇਨਕਲਾਬ 'ਤੇ ਸਾਡਾ ਮਾਣ ਕਰਨਾ ਬਣਦਾ ਹੈ, ਪਰ ਸਾਨੂੰ ਆਲਸੀ ਕਦੇ ਨਹੀਂ ਹੋਣਾ ਚਾਹੀਦਾ। ਕਿਉਂਕਿ ਖ਼ਤਰੇ ਦੇ ਨਵੇਂ ਬੱਦਲ ਆਕਾਸ਼ 'ਤੇ ਮੰਡਰਾਉਣ ਲੱਗ ਪਏ ਹਨ। ਮੈਂ ਖੇਤੀਬਾੜੀ ਦੇ ਖਾਸਕਰ ਅਨਾਜ ਦੀ ਪੈਦਾਵਾਰ ਦੇ ਭਵਿੱਖ ਨੂੰ ਦਰਪੇਸ਼ ਤਿੰਨ ਚੁਣੌਤੀਆਂ ਦਾ ਜ਼ਿਕਰ ਕਰਨਾ ਚਾਹਾਂਗਾ, ਜੋ ਖ਼ੁਰਾਕ ਸੁਰੱਖਿਆ ਪ੍ਰੋਗਰਾਮ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ। ਪਹਿਲੀ, ਜਰਖੇਜ਼ ਜ਼ਮੀਨ ਮਕਾਨ ਉਸਾਰੀ ਅਤੇ ਅਜਿਹੇ ਹੋਰ ਖੇਤਰਾਂ ਦੀ ਉਸਾਰੀ ਵਿੱਚ ਤਬਦੀਲ ਹੋ ਰਹੀ ਹੈ ਅਤੇ ਨਾਲ ਹੀ ਬਾਇਓ ਊਰਜਾ ਵਾਲੀਆਂ ਫ਼ਸਲਾਂ ਹੇਠ ਜ਼ਮੀਨ ਦਾ ਰਕਬਾ ਵਧ ਰਿਹਾ ਹੈ। ਵਿਸ਼ਵ ਪੱਧਰ 'ਤੇ ਅਨਾਜ ਨੂੰ ਬਾਇਓ ਊਰਜਾ ਪੈਦਾ ਕਰਨ ਦੀ ਪ੍ਰਵਿਰਤੀ ਦਾ ਖ਼ੁਰਾਕ ਸੁਰੱਖਿਆ 'ਤੇ ਹੋਣ ਵਾਲਾ ਅਸਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਖੁਰਾਕ ਸੁਰੱਖਿਆ ਬਾਰੇ ਵਿਸ਼ਵ ਕਮਿਸ਼ਨ ਦਾ ਮੈਂ ਚੇਅਰਮੈਨ ਹਾਂ, ਜਿਸ ਦੀ ਰਿਪੋਰਟ ਛੇਤੀ ਹੀ ਜਾਰੀ ਕੀਤੀ ਜਾ ਰਹੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜੇ ਵਿਸ਼ਵ ਨੇ ਕੁੱਲ ਲੋੜੀਂਦੀ ਊਰਜਾ ਦਾ ਦਸ ਫ਼ੀਸਦੀ ਬਾਇਓ ਸੋਮਿਆਂ ਤੋਂ ਪ੍ਰਾਪਤ ਕਰਨਾ ਹੈ ਤਾਂ ਦੁਨੀਆਂ ਵਿੱਚ ਪੈਦਾ ਹੋਣ ਵਾਲੀਆਂ ਕੁੱਲ ਫ਼ਸਲਾਂ ਦਾ 26 ਪ੍ਰਤੀਸ਼ਤ ਅਤੇ ਕੁੱਲ ਤਾਜ਼ੇ ਪਾਣੀ ਦਾ 85 ਪ੍ਰਤੀਸ਼ਤ ਇਸ ਦੇ ਬਿਲੇ ਲੱਗ ਜਾਵੇਗਾ। ਇਸ ਲਈ ਹਰ ਦੇਸ਼ ਲਈ ਇਹ ਜ਼ਰੂਰੀ ਹੈ ਕਿ ਉਹ ਜ਼ਮੀਨ ਦੀ ਵਰਤੋਂ ਦੀ ਨੀਤੀ ਬਣਾਉਂਦੇ ਵੇਲੇ ਖ਼ੁਰਾਕ ਦੀ ਜ਼ਰੂਰਤ ਨੂੰ ਪਹਿਲ ਦੇਵੇ।
ਦੂਸਰਾ ਖ਼ਤਰਾ ਵਧ ਰਹੀ ਆਲਮੀ ਤਪਸ਼ ਅਤੇ ਜਲਵਾਯੂ ਪਰਿਵਰਤਨ ਤੋਂ ਹੈ। ਇਹ ਹੁਣ ਲਗਭਗ ਤੈਅ ਹੈ ਕਿ ਆਲਮੀ ਤਾਪਮਾਨ ਅਗਲੇ ਕੁਝ ਦਹਾਕਿਆਂ ਵਿੱਚ ਦੋ ਡਿਗਰੀ ਸੈਂਟੀਗਰੇਡ ਵਧ ਜਾਣਾ ਹੈ। ਗਰਮੀ ਵਿੱਚ ਵਾਧਾ, ਵਾਸ਼ਪੀਕਰਨ ਅਤੇ ਸਮੁੰਦਰੀ ਜਲ-ਸਤਰ ਦਾ ਵੱਧ ਜਾਣਾ ਪ੍ਰਿਥਵੀ ਨਾਮੀ ਗ੍ਰਹਿ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਸਥਿਤੀਆਂ ਦਾ ਮੁਕਾਬਲਾ ਕਰਨ ਲਈ ਵਿਗਿਆਨਕ ਖੋਜ ਅਤੇ ਕਿਸਾਨਾਂ ਦੀ ਸਿਖਲਾਈ ਦੀ ਜ਼ਰੂਰਤ ਹੈ।
ਤੀਸਰਾ ਖ਼ਤਰਾ ਸਰਕਾਰ ਦੀ ਲੋਕਾਂ ਨੂੰ ਅਨਾਜ ਦੀ ਥਾਂ 'ਤੇ ਨਕਦ ਪੈਸਾ ਦੇਣ ਦੀ ਸਕੀਮ ਤੋਂ ਹੈ। ਇਸ ਯੋਜਨਾ ਦੇ ਲਾਗੂ ਹੋਣ ਨਾਲ ਕਿਸਾਨਾਂ ਤੋਂ ਸਰਕਾਰ ਵੱਲੋਂ ਅਨਾਜ ਦੀ ਕੀਤੀ ਜਾਂਦੀ ਖਰੀਦ ਬੰਦ ਹੋ ਜਾਵੇਗੀ, ਜਿਸ ਦੇ ਨਤੀਜੇ ਵੱਜੋਂ ਫ਼ਸਲਾਂ ਦੇ ਭਾਅ ਮਿੱਥਣੇ ਨਿੱਜੀ ਵਪਾਰੀਆਂ ਦੇ ਹੱਥਾਂ ਦੀ ਖੇਡ ਬਣ ਜਾਵੇਗੀ। ਖੇਤੀ ਦੇ ਧੰਦੇ 'ਤੇ ਬਹੁਤ ਮਾੜਾ ਅਸਰ ਪਵੇਗਾ। ਦੇਸ਼ ਦੇ ਬਹੁਤੇ ਕਿਸਾਨ ਨਿੱਕੀਆਂ ਜੋਤਾਂ ਵਾਲੇ ਹਨ, ਜਿਨ੍ਹਾਂ ਕੋਲ ਜਿਣਸ ਨੂੰ ਸਾਂਭਣ ਦੀ ਸਮਰੱਥਾ ਨਹੀਂ ਹੈ। ਆਪਣਾ ਖਰਚ ਚਲਾਉਣ ਲਈ ਜਿਣਸ ਜਲਦੀ ਤੋਂ ਜਲਦੀ ਵੇਚਣੀ ਪੈਂਦੀ ਹੈ। ਸਰਕਾਰੀ ਨੀਤੀ ਨਾਲ ਇਨ੍ਹਾਂ ਕਿਸਾਨਾਂ ਦੀ ਕਿਸਮਤ ਸ਼ਾਹੂਕਾਰ ਦੇ ਹੱਥ ਚਲੀ ਜਾਵੇਗੀ। ਜੇ ਕਿਸਾਨ ਖੁਸ਼ ਨਹੀਂ ਹੈ ਤਾਂ ਅਨਾਜ ਦੀ ਪੈਦਾਵਾਰ ਦਾ ਘਚਣਾ ਸੁਭਾਵਿਕ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰੀ ਕ੍ਰਾਂਤੀ ਦਾ ਇੱਕ ਮੁੱਖ ਕਾਰਨ ਕਿਸਾਨਾਂ ਨੂੰ ਜਿਣਸਾਂ ਦੇ ਲਾਹੇਵੰਦ ਭਾਅ ਮਿਲਣਾ ਸੀ। ਜੇ ਸਰਕਾਰੀ ਏਜੰਸੀਆਂ ਕਿਸਾਨਾਂ ਤੋਂ ਅਨਾਜ ਨਹੀਂ ਜਾਂ ਘੱਟ ਖਰੀਦਣਗੀਆਂ ਤਾਂ ਜਨਤਕ ਵੰਡ ਪ੍ਰਣਾਲੀ ਕੋਲ ਵੀ ਅਨਾਜ ਦੀ ਕਮੀ ਆ ਜਾਵੇਗੀ। ਕੌਮਾ ਤੇ ਕੌਮਾਂਤਰੀ ਮੰਡੀ ਵਿੱਚ ਅਨਾਜ ਦੀਆਂ ਕੀਮਤਾਂ ਅਸਥਿਰ ਹੋ ਜਾਣਗੀਆਂ। ਗ਼ਰੀਬ ਵਰਗ ਦੀ ਹਾਲਤ ਹੋਰ ਪਤਲੀ ਹੋ ਜਾਵੇਗੀ।
ਬੰਗਾਲ ਦੇ ਕਾਲ ਦੇ 70ਵੇਂ ਵਰ੍ਹੇ ਮੌਕੇ ਸਾਨੂੰ ਜ਼ਰਾਇਤੀ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਨਵੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਨਵੀਆਂ ਯੋਜਨਾਵਾਂ ਨੂੰ ਉਲੀਕਣਾ ਚਾਹੀਦਾ ਹੈ। ਘੱਟ ਰਹੀ ਵਾਹੀਯੋਗ ਜ਼ਮੀਨ ਅਤੇ ਘੱਟ ਰਹੇ ਪਾਣੀ ਦੀ ਸਥਿਤੀ ਵਿੱਚ ਅਨਾਜ ਤੇ ਹੋਰ ਫ਼ਸਲਾਂ ਦੀ ਪੈਦਾਵਾਰ ਵਧਾਉਣਾ ਕਿਸਾਨ ਲਈ ਇੱਕ ਵੱਡੀ ਚੁਣੌਤੀ ਹੈ। ਇਹ ਤਾਂ ਹੀ ਸੰਭਵ ਹੈ ਜੇ ਹਰੇ ਇਨਕਲਾਬ ਦੀਆਂ ਸਦਾਬਹਾਰੀ ਤਕਨੀਕਾਂ ਨੂੰ ਅਪਣਾਵਾਂਗੇ ਅਤੇ ਕਿਸਾਨ ਨੂੰ ਭਰੋਸਾ ਦਿਵਾਇਾ ਜਾਵੇਗਾ ਕਿ ਖੇਤੀਬਾੜੀ ਹਮੇਸ਼ਾ ਲਾਹੇਵੰਦ ਧੰਦਾ ਰਹੇਗਾ ਤਾਂ ਹੀ ਨੌਜਵਾਨ ਇਸ ਰਵਾਇਤੀ ਧੰਦੇ ਵੱਲ ਆਕਰਸ਼ਿਤ ਹੋਣਗੇ। ਜੇ ਸਾਡੀ ਖੇਤੀ ਦੀ ਹਾਲਤ ਮਾੜੀ ਹੋ ਗਈ ਤਾਂ ਹੋਰ ਕੁਝ ਵੀ ਠੀਕ ਨਹੀਂ ਰਹੇਗਾ।