ਸਾਵੇਜ਼ ਦੇ 15 ਸਾਲ -ਅਰਵਿੰਦ ਸਿਵਾਰਾਮਾਕ੍ਰਿਸ਼ਨਨ
Posted on:- 21-03-2013
ਵੈਨਜ਼ੁਏਲਾ ਦੇ ਰਾਸ਼ਟਰਪਤੀ ਹਿਊਗੋ ਰਾਫੇਲ ਸਾਵੇਜ਼ ਦੀ ਲੰਘੀ 5 ਮਾਰਚ ਨੂੰ ਕੈਂਸਰ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਕਹਿੰਦੇ ਹਨ ਕਿ ਜ਼ਿੰਦਗੀ ਭਰ ਉਹ ਰਾਜਸੀ ਲੜਾਈਆਂ ਜਿੱਤਦਾ ਹੀ ਰਿਹਾ, ਪਰ ਕੈਂਸਰ ਨਾਲ ਹੋਈ ਆਖ਼ਰੀ ਲੜਾਈ ਉਹ ਹਾਰ ਗਿਆ। ਪਿਛਲੇ ਪੰਦਰਾਂ ਸਾਲ ਉਹ ਨਾ ਸਿਰਫ਼ ਆਪਣੇ ਦੇਸ ਦਾ, ਸਗੋਂ ਸਮੁੱਚੇ ਲਾਤੀਨੀ ਅਮਰੀਕਾ ਦਾ ਨੇਤਾ ਬਣ ਕੇ ਉਭਰਿਆ ਹੈ। ਇਸ ਸਮੇਂ ਦੌਰਾਨ ਇਸ ਮਹਾਂਦੀਪ ਵਿੱਚ ਖੱਬੇ ਤੇ ਕੇਂਦਰੀ ਖੱਬੀਆਂ ਪਾਰਟੀਆਂ ਨੂੰ ਲੋਕਾਂ ਵੱਲੋਂ ਚੋਣਾਂ ਵਿੱਚ ਭਰਪੂਰ ਸਮਰਥਨ ਮਿਲਿਆ ਹੈ।
ਬੁਲੰਦ ਆਵਾਜ਼ ਦਾ ਮਾਲਕ ਤੇ ਪ੍ਰਤਿਭਾਸ਼ਾਲੀ ਬੁਲਾਰਾ ਸੀ ਉਹ, ਜੋ ਘੰਟਿਆਂ-ਬੱਧੀ ਸਰੋਤਿਆਂ ਨੂੰ ਮੰਤਰ-ਮੁਗਧ ਰੱਖ ਸਕਦਾ ਸੀ। ਉਹ ਇੱਕ ਬਹੁਤ ਸਿਆਣਾ ਰਾਜਸੀ ਨੇਤਾ, ਆਪਣੇ ਉਦੇਸ਼ ਪ੍ਰਤੀ ਪ੍ਰਤੀਬੱਧ, ਆਮ ਜਨਤਾ ਦੇ ਦੁੱਖ-ਦਰਦ ਨੂੰ ਸਮਝਣ ਵਾਲਾ, ਆਸਾਧਾਰਨ ਪ੍ਰਤਿਭਾ ਦਾ ਮਾਲਕ ਸੀ।
ਉਸ ਨੇ 1954 ਵਿੱਚ ਵੈਨਜ਼ੁਏਲਾ ਦੇ ਸ਼ਹਿਰ ਸਾਬਾਨੇਤਾ ਵਿਖੇ ਅਧਿਆਪਕ ਮਾਂ-ਬਾਪ ਦੇ ਘਰ ਜਨਮ ਲਿਆ। ਨੈਸ਼ਨਲ ਮਿਲਟਰੀ ਅਕੈਡਮੀ ਤੋਂ ਆਰਮਸ ਐਂਡ ਸਾਇੰਸਜ਼ ਦੀ ਪੜ੍ਹਾਈ ਉਪਰੰਤ ਉਹ ਪਾਰਾਟਰੂਪਰ ਯੂਨਿਟ ਵਿੱਚ ਇੱਕ ਅਫ਼ਸਰ ਬਣਿਆ। ਉਸਨੇ ਆਪਣੇ ਰਾਜਸੀ ਜੀਵਨ ਦੀ ਸ਼ੁਰੂਆਤ ‘ਇਨਕਲਾਬੀ ਬੋਲਿਵੇਰੀਅਨ ਲਹਿਰ' ਨਾਂ ਦੀ ਗੁਪਤ ਜੱਥੇਬੰਦੀ ਬਣਾ ਕੇ ਕੀਤੀ। ਇਸ ਜੱਥੇਬੰਦੀ ਦਾ ਨਾਂ ਲਾਤੀਨੀ ਅਮਰੀਕਾ ਦੇ ਆਜ਼ਾਦੀ ਦੇ ਸੰਘਰਸ਼ ਦੇ ਨੇਤਾ ਸਿਮੋਨ ਬੋਲਿਵਰ ਦੇ ਨਾਂ 'ਤੇ ਰੱਖਿਆ ਗਿਆ ਸੀ। ਇਸ ਜੱਥੇਬੰਦੀ ਨੇ ਸਾਵੇਜ਼ ਦੀ ਅਗਵਾਈ ਹੇਠ 1992 ਵਿੱਚ ਕਾਰਲੋਸ ਆਂਦਰੇਸ ਪੇਰੇਜ਼ ਦੀ ਸਰਕਾਰ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ। ਸਾਵੇਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦੋ ਸਾਲ ਜੇਲ੍ਹ ਵਿੱਚ ਰਹਿਣਾ ਪਿਆ।
ਸਾਵੇਜ਼ ਨੇ ਆਪਣੀ ਜੱਥੇਬੰਦੀ ਦਾ ਨਾਂ ਬਦਲ ਕੇ ‘ਮੂਵਮੈਂਟ ਆਫ਼ ਦਾ ਫ਼ਿਫਥ ਰਿਪਬਲਿਕ' ਰੱਖ ਦਿੱਤਾ ਤੇ ਤਕਰੀਬਨ ਦਸ ਸਾਲ ਬਾਅਦ ਦੇਸ਼ ਦੇ ਹੋਰ ਸਿਆਸੀ ਟੋਲਿਆਂ ਨਾਲ ਮਿਲ ਕੇ ‘ਯੂਨਾਇਟਿਡ ਸੋਸ਼ਲਿਸਟ ਪਾਰਟੀ ਆਫ਼ ਵੈਨੇਜ਼ੁਏਲਾ' ਦਾ ਗਠਨ ਕੀਤਾ। 1998 ਵਿੱਚ ਰਾਸ਼ਟਰਪਤੀ ਦੀ ਚੋਣ ਸਮਾਜਵਾਦੀ ਮੈਨੀਫੈਸਟੋ ਦੇ ਆਧਾਰ ਉੱਤੇ ਜਿੱਤੀ। ਉਸ ਨੇ ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਕਿ ਉਸ ਪੁਰਾਣੀ ਵਿਵਸਥਾ ਨੂੰਬਦਲ ਦਿੱਤਾ ਜਾਵੇਗਾ, ਜੋ ਕੌਮ ਦੇ ਕੁਦਰਤੀ ਭੰਡਾਰ ਤੇਲ ਦੀ ਕਮਾਈ ਅਮੀਰ ਤਬਕੇ ਤੇ ਤੇਲ ਕਾਰਪੋਰੇਸ਼ਨਾਂ ਦੇ ਲਾਭ ਲਈ ਵਰਤ ਰਹੀ ਹੈ।
ਰਾਸ਼ਟਰਪਤੀ ਬਣਨ ਤੋਂ ਬਾਅਦ ਸਾਵੇਜ਼ ਨੇ ਭ੍ਰਿਸ਼ਟ ਫ਼ੌਜੀ ਅਫ਼ਸਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਅਤੇ ਦੇਸ਼ ਵਿੱਚ ਸੁਧਾਰਾਂ ਦੀ ਲਹਿਰ ਸ਼ੁਰੂ ਕੀਤੀ। ਅਮਰੀਕਾ ਦੇ ਊਰਜਾ ਵਿਭਾਗ ਅਨੁਸਾਰ ਵੈਨੇਜ਼ੁਏਲਾ ਕੋਲ 1.36 ਟ੍ਰਿਲੀਅਨ ਬੈਰਲ ਦਾ ਵਿਸ਼ਵ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ। ਦੇਸ਼ ਦੀ ਮੁੱਖ ਤੇਲ ਕੰਪਨੀ ‘ਪੈਟਰੋਲਜ਼ ਡੀ ਵੈਨੇਜ਼ੁਏਲਾ' ਨੂੰ ਸਰਕਾਰੀ ਹੱਥਾਂ ਵਿੱਚ ਲੈ ਲਿਆ ਗਿਆ। ਕੰਪਨੀ ਦੀ ਕਮਾਈ ਨੂੰ ਜਨਤਕ ਭਲਾਈ ਦੀਆਂ ਪ੍ਰਭਾਵਸ਼ਾਲੀ ਯੋਜਨਾਵਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ।
ਲੇਖਕਾਂ, ਕਾਰਲਸ ਮੁਟਾਨਾਰ,ਜੋਆਨ ਬੀਨੈਚ ਅਤੇ ਮਾਰੀਆ ਪਾਰੇਜ਼ ਨੇ ਅੰਕਿਤ ਕੀਤਾ ਹੈ- ਸਾਲ 2000 ਤੋਂ ਲੈ ਕੇ 2010 ਦੇ ਦਸ ਸਾਲਾਂ ਦਰਮਿਆਨ ਜਨਤਕ ਯੋਜਨਾਵਾਂ ਦੇ ਖਰਚੇ ਵਿੱਚ 61 ਪ੍ਰਤੀਸ਼ਤ ਵਾਧਾ ਹੋਇਆ ਹੈ ਜਾਂ ਕੁੱਲ 772 ਅਰਬ ਡਾਲਰ ਖ਼ਰਚ ਕੀਤਾ ਗਿਆ ਹੈ। ਇਸ ਖੇਤਰ ਦੇ ਦੇਸ਼ਾਂ ਵਿੱਚ ਸਭ ਤੋਂ ਘੱਟ ਨਾ-ਬਰਾਬਰੀ ਵੈਨੇਜ਼ੁਏਲਾ ਵਿੱਚ ਹੈ, ਨਾ-ਬਰਾਬਰੀ ਦੇ ਅੰਕੜੇ ‘ਗਿਨੀ ਕੋ- ਐਫ਼ੀਸ਼ਟ' ਵਿੱਚ 54 ਫੀਸਦੀ ਦੀ ਕਮੀ ਆਈ ਹੈ, 1996 ਵਿੱਚ ਗ਼ਰੀਬੀ ਦੀ ਦਰ 71 ਫ਼ੀਸਦੀ ਸੀ, ਜੋ ਹੁਣ ਘੱਟ ਕੇ 21 ਫ਼ੀਸਦੀ ਹੋ ਗਈ ਹੈ। ਅੱਤ ਦੀ ਗ਼ਰੀਬੀ 40 ਪ੍ਰਤੀਸ਼ਤ ਤੋਂ ਘੱਟ ਕੇ 7.3 ਪ੍ਰਤੀਸ਼ਤ ਰਹਿ ਗਈ ਹੈ। ਵੈਨੇਜ਼ੁਏਲਾ ਦੇ ਦੋ ਕਰੋੜ ਲੋਕਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਦਾ ਫ਼ਾਇਦਾ ਪ੍ਰਾਪਤ ਹੋਇਆ ਹੈ। ਵਡੇਰੀ ਉਮਰ ਦੇ 21 ਲੱਖ ਵਿਅਕਤੀ ਪੈਨਸ਼ਨਾਂ ਲੈ ਰਹੇ ਹਨ। ਸਾਵੇਜ਼ ਦੇ ਰਾਜ ਵਿੱਚ ਇਹ ਗਿਣਤੀ ਸੱਤ ਗੁਣਾਂ ਵਧੀ ਹੈ।
ਵੈਨੇਜ਼ੁਏਲਾ ਆਪਣੀ ਅਨਾਜ ਦੀ ਕੁੱਲ ਖਪਤ ਦਾ 90 ਪ੍ਰਤੀਸ਼ਤ ਬਾਹਰੋਂ ਆਯਾਤ ਕਰਦਾ ਹੁੰਦਾ ਸੀ। ਇਹ ਆਯਾਤ ਹੁਣ ਘੱਟ ਕੇ 30 ਪ੍ਰਤੀਸ਼ਤ ਰਹਿ ਗਿਆ ਹੈ। 1990 ਵਿੱਚ ਕੁਪੋਸ਼ਣ ਦੀ ਦਰ 7.7 ਪ੍ਰਤੀਸ਼ਤ ਸੀ, ਜੋ ਹੁਣ 5 ਹੈ। 1990 ਵਿੱਚ 1000 ਪਿੱਛੇ 25 ਨਵਜਾਤ ਸ਼ਿਸ਼ੂ ਮਰ ਜਾਂਦੇ ਸਨ, ਜੋ ਗਿਣਤੀ ਹੁਣ 13 ਹੈ। 1996 ਵਿੱਚ 10,000 ਵਸੋਂ ਪਿੱਛੇ ਡਾਕਟਰਾਂ ਦੀ ਗਿਣਤੀ 18 ਸੀ, ਹੁਣ 58 ਹੋ ਗਈ ਹੈ। 96 ਪ੍ਰਤੀਸ਼ਤ ਆਬਾਦੀ ਕੋਲ ਪੀਣ ਵਾਲਾ ਸਾਫ਼ ਪਾਣੀ ਹੈ। ਕੁੱਲ ਗਿਣਤੀ ਦੇ 85 ਪ੍ਰਤੀਸ਼ਤ ਬੱਚੇ ਸਕੂਲ ਜਾਂਦੇ ਹਨ ਅਤੇ ਤਿੰਨਾਂ ਵਿੱਚੋਂ ਇੱਕ ਵਿਦਿਆਰਥੀ ਯੂਨੀਵਰਸਿਟੀ ਪੱਧਰ ਤੱਕ ਦੀ ਪੜ੍ਹਾਈ ਮੁਫ਼ਤ ਕਰਦਾ ਹੈ।
ਤੇਲ ਤੋਂ ਮਿਲਣ ਵਾਲੀ ਰਾਇਲਟੀ ਮਦਦ ਕਰ ਰਹੀ ਹੈ। ਵਿਦੇਸ਼ੀ ਕੰਪਨੀਆਂ ਦੀ ਤੇਲ ਦੀ ਵੇਚ ਕੀਮਤ ਵਿੱਚੋਂ ਹਿੱਸਾ 84 ਪ੍ਰਤੀਸ਼ਤ ਤੋਂ ਘਟਾ ਕੇ 70 ਪ੍ਰਤੀਸ਼ਤ ਕਰ ਦਿੱਤਾ ਗਿਆ ਅਤੇ ਇਹ ਹੁਣ 16.6 ਫੀਸਦੀ ਰਾਇਲਟੀ ਵੀ ਅਦਾ ਕਰਦੀਆਂ ਨ। ਦੋ ਕੰਪਨੀਆਂ, ਐਕਸੋਨ ਤੇ ਕੋਨਕੋ ਨੇ ਇਨ੍ਹਾਂ ਸ਼ਰਤਾਂ ਨੂੰ ਮਨਜ਼ੂਰ ਨਹੀਂ ਕੀਤਾ ਤਾਂ ਦੇਸ਼ ਛੱਡਣਾ ਪਿਆ। ਹੁਣ ਚੈਵਰੋਨ ਕਾਰੋਬਾਰ ਕਰ ਰਹੀ ਹੈ।
ਸਾਵੇਜ਼ ਨੇ ਦੇਸ਼ ਦੇ ਗੋਰੇ ਅਮੀਰ ਵਰਗ ਨੂੰ ਜ਼ਰੂਰ ਨਾਰਾਜ਼ ਕੀਤਾ ਹੈ। ਉਸ ਨੂੰ ਨਸਲਵਾਦੀ ਕਹਿ ਕੇ ਭੰਡਿਆ ਵੀ ਗਿਆ। ਅਮਰੀਕਾ ਦੀ ਸਰਕਾਰ ਤੇ ਮੀਡੀਆ ਵੀ ਬਹੁਤ ਦੁੱਖੀ ਹੋਏ। ਉਸ ਦੀ ਆਲੋਚਨਾ ਲਈ ਅਸੱਭਿਆ ਸ਼ਬਦ ਵੀ ਵਰਤ ਲੈਂਦਾ ਸੀ। 2002 ਵਿੱਚ ਸਾਵੇਜ਼ ਦੀ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਗਈ। ਅਮਰੀਕਾ ਦੀ ਸਰਕਾਰ ਨੇ ਇਸ ਦੀ ਹਮਾਇਤ ਕਰਦੇ ਹੋਏ ਸਮਰਥਨ ਦਾ ਭਰੋਸਾ ਦਿੱਤਾ ਤੇ ਦੋਸ਼ ਲਾਇਆ ਕਿ ਸਾਵੇਜ਼ ਨੇ ਉਪ-ਰਾਸ਼ਟਰਪਤੀ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਹੈ। ਸੱਚਾਈ ਇਹ ਸੀ ਕਿ ਤਖ਼ਤਾ ਪਲਟਣ ਵਾਲੇ ਟੋਲੇ ਦੇ ਸਰਦਾਰ ਪੈਡਰੋ ਕਾਰਮੋਨਾ ਐਸਤਾਂਗਾ ਨੇ ਨੈਸ਼ਨਲ ਅਸੰਬਲੀ ਨੂੰ ਭੰਗ ਕਰਾਰ ਦਿੱਤਾ, ਸੁਪਰੀਮ ਕੋਰਟ ਦੇ ਜੱਜਾਂ ਅਤੇ ਸਰਕਾਰੀ ਵਕੀਲਾਂ ਨੂੰ ਨੌਕਰੀਓਂ ਜਵਾਬ ਦੇ ਦਿੱਤਾ ਅਤੇ ਦੇਸ਼ ਦੇ ਗ਼ਰੀਬ ਵਰਗ ਲਈ ਬਣਾਏ ਗਏ 48 ਕਾਨੂੰਨਾਂ ਨੂੰ ਭੰਗ ਕਰ ਦਿੱਤਾ ਸੀ।
ਸਾਵੇਜ਼ ਦੇ ਹੱਕ ਵਿੱਚ ਜਨਤਕ ਸਮਰਥਨ ਦੇ ਸਾਹਮਣੇ ਪਿਛਾਖੜੀ ਤਾਕਤਾਂ ਟਿਕ ਨਾ ਸਕੀਆਂ। ਸਾਵੇਜ਼ ਮੁੜ ਰਾਸ਼ਟਰਪਤੀ ਬਣਿਆ। ਅਮਰੀਕਾ ਵਿਚਲੀ ਰਾਸ਼ਟਰਪਤੀ ਬੁਸ਼ ਦੀ ਸਰਕਾਰ ਦੀ ਕੌਮਾ ਸੁਰੱਖਿਆ ਨੀਤੀ ਵਿੱਚ ਸਾਵੇਜ਼ ਨੂੰ ਭਿਖਾਰੀਆਂ ਦਾ ਨੇਤਾ ਕਿਹਾ ਗਿਆ, ਜੋ ਦੇਸ਼ ਵਿੱਚੋਂ ਜਮਹੂਰੀਅਤ ਨੂੰ ਖ਼ਤਮ ਕਰਨ 'ਤੇ ਤੁਲਿਆ ਹੋਇਆ ਹੈ।
ਅਮਰੀਕਾ ਦੇ ਮੀਡੀਆ ਨੇ ਸਰਕਾਰ ਪ੍ਰਤੀ ਵਫ਼ਾਦਾਰੀ ਬਾਖੂਬੀ ਨਿਭਾਈ। ਸਤੰਬਰ 2012 ਵਿੱਚ ਜਦੋਂ ਸਾਵੇਜ਼ ਚੌਥੀ ਵਾਰ ਚੋਣ ਜਿੱਤਣ ਜਾ ਰਿਹਾ ਸੀ ਤਾਂ ਵਰਲਡਨੈੱਟ ਦੇ ਕਾਲਮਨਵੀਸ ਡਰੂ ਜਾਹਨ ਨੇ ਸਾਵੇਜ਼ ਨੂੰ ਸਮਾਜਵਾਦੀ ਤਾਨਾਸ਼ਾਹ ਦੱਸਿਆ, ਜਦ ਕਿ ਦੁਨੀਆ ਮੰਨ ਗਈ ਹੈ ਕਿ ਸਾਵੇਜ਼ ਦੇ ਸਮੇਂ ਚੋਣ ਪ੍ਰਣਾਲੀ ਅਮਰੀਕਾ ਨਾਲੋਂ ਜਮਹੂਰੀ ਗੁਣਾਂ ਦੇ ਮਾਮਲੇ ਵਿੱਚ ਜ਼ਿਆਦਾ ਵਧੀਆ ਹੈ।
2012 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦੇਸ਼ ਦੇ 80 ਫ਼ੀਸਦੀ ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ ਤੇ ਸਾਵੇਜ਼ ਨੂੰ 11 ਪ੍ਰਤੀਸ਼ਤ ਵੋਟਾਂ ਦੇ ਵਾਧੇ ਨਾਲ ਜਿੱਤਾ ਪ੍ਰਾਪਤ ਹੋਈ। ਅਮਰੀਕਾ ਦਾ ਮੀਡੀਆ ਪ੍ਰਚਾਰ ਕਰਦਾ ਰਿਹਾ ਹੈ ਕਿ ਸਾਵੇਜ਼ ਸਰਕਾਰ ਕਰਜ਼ੇ ਲੈ-ਲੈ ਕੇ ਜਨਤਕ ਖ਼ੇਤਰ ਨੂੰ ਫੁਲਾ ਰਹੀ ਹੈ। ਮਾਰਕ ਵੀਸਬਰੈਟ ਨੇ ਲਿਖਿਆ ਹੈ- ਵੈਨੇਜ਼ੁਏਲਾ ਦੇ 18.4 ਪ੍ਰਤੀਸ਼ਤ ਕਿਰਤੀ ਜਨਤਕ ਖੇਤਰ ਦੇ ਮੁਲਾਜ਼ਮ ਹਨ, ਜਦ ਕਿ ਨਾਰਵੇ ਦੇ 29 ਪ੍ਰਤੀਸ਼ਤ। ਵੈਨੇਜ਼ੁਏਲਾ ਦਾ ਬਜਟ ਘਾਟਾ ਕੁੱਲ ਘਰੇਲੂ ਉਤਪਾਦਨ ਦਾ 51.8 ਪ੍ਰਤੀਸ਼ਤ ਹੈ, ਜਦ ਕਿ ਯੂਰਪੀਅਨ ਯੂਨੀਅਨ ਦੇਸ਼ਾਂ ਦਾ ਔਸਤ ਬਜਟ ਘਾਟਾ 82.5 ਪ੍ਰਤੀਸ਼ਤ ਹੈ। ਨਿਊਯਾਰਕ ਟਾਈਮਜ਼ ਨੇ ਆਪਣੇ ਕਾਲਮਾਂ ਵਿੱਚ ਸਾਵੇਜ਼ ਦਾ ਤਖ਼ਤਾ ਪਲਟਣ ਦੀ ਹਮਾਇਤ ਕੀਤੀ ਸੀ, ਪਰ ਹੁਣ 14 ਸਾਲ ਬਾਅਦ ਸਾਵੇਜ਼ ਦੀ ਹਮਾਇਤ ਵਿੱਚ ਕੋਈ ਅੱਖਰ ਛਾਪਿਆ ਹੈ।
ਕਾਰਲੋਸ ਮੁਟਾਨਰ ਤੇ ਸਾਥੀਆਂ ਨੇ ਲਿਖਿਆ ਹੈ ਕਿ ਅਮਰੀਕਾ ਵੈਨੇਜ਼ੁਏਲਾ ਨੂੰ ਤਾਂ ਪੁਛਦਾ ਹੈ ਕਿ ਤੇਲ ਮੁੱਕਣ ਤੋਂ ਬਾਅਦ ਤੁਸੀਂ ਕੀ ਕਰੋਗੇ? %ਪਰ ਇਹ ਸਵਾਲ ਉਸ ਨੇ ਕਦੇ ਸਾਊਦੀ ਅਰਬ ਜਾਂ ਕੈਨੇਡਾ ਤੋਂ ਕਿਉਂ ਨਹੀਂ ਪੁੱਛਿਆ। ਆਲੋਚਕ ਕਦੇ ਵੀ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਵੈਨੇਜ਼ੁਏਲਾ ਨਿਰਯਾਤ ਤੋਂ ਹੋਣ ਵਾਲੀ ਆਮਦਨ ਦਾ ਸਿਰਫ਼ ਤਿੰਨ ਪ੍ਰਤੀਸ਼ਤ ਵਿਆਜ ਦੀ ਅਦਾਇਗੀ ਲਈ ਪ੍ਰਯੋਗ ਕਰਦਾ ਹੈ। ਗਰੈਗ ਪਾਲਾਸਟ ਲਿਖਦਾ ਹੈ ਕਿ ਅਮਰੀਕਾ ਨੂੰ ਤਕਲੀਫ਼ ਇਸ ਗੱਲ ਦੀ ਹੈ ਕਿ ਸਾਵੇਜ਼ ਨੇ ਤੇਲ ਤੋਂ ਹੋਣ ਵਾਲੀ ਆਮਦਨ ਨੂੰ ਲਾਤੀਨੀ ਖ਼ੇਤਰ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ, ਜਦਕਿ ਸਾਊਦੀ ਅਰਬ ਅਮਰੀਕਾ ਦੇ ਖ਼ਜ਼ਾਨੇ ਦੇ ਬਿੱਲ 'ਤੇ ਹਥਿਆਰ ਖਰੀਦਦਾ ਹੈ। ਇੱਕ ਸਮੇਂ ਵੈਨਜ਼ੁਏਲਾ ਨੇ ਅਮਰੀਕਾ ਦੇ ਫੈਡਰਲ ਬੈਂਕ ਵਿੱਚੋਂ 20 ਅਰਬ ਡਾਲਰ ਦੀ ਮੋਟੀ ਰਕਮ ਕਢਵਾ ਲਈ ਸੀ ਅਤੇ ਉਸ ਨੇ 36 ਅਰਬ ਡਾਲਰ ਲਾਤੀਨੀ ਅਮਰੀਕਾ ਦੇ ਦੇਸ਼ਾਂ ਨੂੰ ਸਹਾਇਤਾ ਵਜੋਂ ਵੀ ਦਿੱਤੇ ਸਨ, ਜਿਸ ਵਿੱਚੋਂ ਜ਼ਿਆਦਾਤਰ ਰਕਮ ਦੀ ਵਾਪਸੀ ਵੀ ਹੋ ਚੁੱਕੀ ਹੈ। ਵੈਨਜ਼ੁਏਲਾ ਦੀ ਇਸ ਕਾਰਵਾਈ ਨੂੰ ਕੌਮਾਂਤਰੀ ਮੁਦਰਾ ਫੰਡ ਤੇ ਵਿਸ਼ਵ ਬੈਂਕ ਦਾ ਤ੍ਰਿਸਕਾਰ ਸਮਝਿਆ ਜਾ ਰਿਹਾ ਹੈ। ਅਮਰੀਕਾ ਨੂੰ ਡਰ ਹੈ ਕਿ ਸਾਵੇਜ਼ਇਜ਼ਮ ਲਾਤੀਨੀ ਖੇਤਰ ਵਿੱਚ ਰਾਜਸੀ ਖੇਤਰ ਪ੍ਰਾਪਤ ਕਰਨ ਦੀ ਇੱਕ ਮੁਹਿੰਮ ਹੈ। ਅਜਿਹੀ ਮੁਹਿੰਮ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਫ਼ਰੈਂਕਲਨ ਰੂਜ਼ਵੋਲਟ ਦੀ ਨਿਉ ਡੀਲ ਵਾਂਗ ਹੈ, ਜਿਸ ਨੇ ਆਮਦਨ ਕਰ ਵਧਾ ਕੇ ਜਨਤਕ ਕੰਮਾਂ, ਸਮਾਜਿਕ ਸੁਰੱਖਿਆ ਅਤੇ ਸਸਤੀ ਬਿਜਲੀ ਦੇਣ ਦੀ ਮੁਹਿੰਮ ਚਲਾਈ ਸੀ। ਸਾਵੇਜ਼ ਨੇ ਖ਼ੁਦ ਕਿਹਾ ਸੀ ਕਿ ਵੈਨਜ਼ੁਏਲਾ ਕੋਈ ਤੇਲ ਕੰਪਨੀ ਨਹੀਂ ਹੈ, ਇਹ ਤਾਂ ਤੇਲ ਦੇ ਭੰਡਾਰ ਦਾ ਖ਼ੁਦ ਮਾਲਕ ਹੈ। ਮੈਂ ਚਾਹੁੰਦਾ ਹਾਂ ਕਿ ਕੌਮਾਂਤਰੀ ਮੁਦਰਾ ਫੰਡ ਦੀ ਥਾਂ 'ਤੇ ਮਿਲਵਰਤਣ ਅਤੇ ਸਹਿਯੋਗ ਦੇ ਆਧਾਰ 'ਤੇ ਇੱਕ ਕੌਮਾਂਤਰੀ ਮਾਨਵਵਾਦੀ ਬੈਂਕ ਬਣਾਇਆ ਜਾਵੇ। ਯੂਰੁਗਾਏ ਵੈਨੇਜ਼ੁਏਲਾ ਤੋਂ ਲਏ ਤੇਲ ਦੀ ਕੀਮਤ ਗਾਵਾਂ ਦੇ ਰੂਪ ਵਿੱਚ ਅਦਾ ਕਰ ਰਿਹਾ ਹੈ।
ਸਾਵੇਜ਼ ਦੀ ਖ਼ਾਹਿਸ਼ ਸੀ ਕਿ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਬੰਦ ਹੋ ਜਾਣ, ਲਾਤੀਨੀ ਅਮਰੀਕਾ ਦੇ ਦੇਸ਼ ਸਵੈ-ਨਿਰਭਰ ਹੋਣ ਤੇ ਸਾਰਾ ਮਹਾਂਦੀਪ ਖ਼ੁਦ-ਮੁਖ਼ਤਿਆਰ ਹੋਵੇ। ਇਸ ਸੋਚ ਨੇ ਹੀ ਉਸ ਨੂੰ ਖੇਤਰ ਦਾ ਨਿਰਣਾਇਕ ਨੇਤਾ ਬਣਾ ਦਿੱਤਾ ਸੀ। ਸਾਵੇਜ਼ ਦੀਆਂ ਕੋਸ਼ਿਸ਼ਾਂ ਸਦਕਾ ਹੀ ਲਾਤੀਨੀ ਤੇ ਕਾਰਬੀਆਈ ਦੇਸ਼ਾਂ ਦਾ ਸੰਗਠਨ (ਸੈਲੇਕ) ਹੋਂਦ ਵਿੱਚ ਆਇਆ ਸੀ।
ਸਾਵੇਜ਼ ਸਖਤ ਸ਼ਾਸਕ ਵੀ ਸੀ। ਉਸ ਦੇ ਇੱਕ ਪੁਰਾਣੇ ਸਾਥੀ ਨੂੰ ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਵਿੱਚ ਅੱਠ ਸਾਲ ਦੀ ਕੈਦ ਦੀ ਸਜ਼ਾ ਹੋਈ ਸੀ। ਉਸ ਉੱਪਰ ਭਵਿੱਖ ਵਿੱਚ ਕਿਸੇ ਵੀ ਰਾਜਸੀ ਗਤੀਵਿਧੀ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਲਾ ਦਿੱਤੀ ਗਈ। ਭਾਵੇਂ ਉਹ ਸਮਾਜਵਾਦੀ ਵਿਚਾਰਾਂ ਦਾ ਸੀ, ਪਰ ਉਸ ਦਾ ਸਮਾਜਵਾਦ ਦਾ ਮਾਡਲ ਨਿੱਜੀ ਜਾਇਦਾਦ ਦੀ ਵੀ ਕਦਰ ਕਰਦਾ ਹੈ। ਰਾਜਨੀਤਿਕ ਆਰਥਿਕਤਾ ਬਾਰੇ ਵੀ ਉਹ ਗੰਭੀਰਤਾ ਨਾਲ ਸੋਚਦਾ ਸੀ। ਚਿੰਤਕ ਭੋਜਵਾਨੀ ਦਾ ਵਿਚਾਰ ਹੈ ਕਿ ਉਸ ਦਾ ਸਮਾਜਵਾਦ 21ਵੀਂ ਸਦੀ ਦਾ ਸਮਾਜਵਾਦ ਹੈ, ਜੋ ਹੀਨਜ਼ ਦੀਤਰਚ ਸਟੀਫ਼ਨ ਦੀਆਂ ਲਿਖਤਾਂ 'ਤੇ ਆਧਾਰਤ ਹੈ। ਉਸ ਅਨੁਸਾਰ ਚੱਜ-ਅਚਾਰ, ਨੈਤਿਕਤਾ, ਸਹਿਕਾਰਤਾ ਤੇ ਮਿਲਵਰਤਣ ਆਰਥਿਕ ਖੁਸ਼ਹਾਲੀ ਲਈ ਮਾਹੌਲ ਪੈਦਾ ਕਰਦੇ ਹਨ ਅਤੇ ਬਰਾਬਰਤਾ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਨ। ਵੈਨੇਜ਼ੁਏਲਾ ਦੇ ਲੋਕਾਂ ਨੇ ਸਾਵੇਜ਼ ਦੇ ਵਿਚਾਰਾਂ ਦੀ ਹਿਮਾਇਤ ਕੀਤੀ ਹੈ।
ਸਾਵੇਜ਼ ਦਸੰਬਰ 2012 ਦੀ ਰਾਸ਼ਟਰਪਤੀ ਚੋਣ ਵਿੱਚ ਸਰਗਰਮੀ ਨਾਲ ਹਿੱਸਾ ਨਹੀਂ ਲੈ ਸਕਿਆ ਸੀ, ਪਰ ਫਿਰ ਵੀ ਜਨਤਾ ਨੇ ਉਸ ਦਾ ਭਰਪੂਰ ਸਮਰਥਨ ਕੀਤਾ। ਜਿੱਤ ਬਾਰੇ ਅਰਜਨਟਾਈਨਾ ਦੀ ਪ੍ਰਧਾਨ ਕਰਿਟੀਨਾ ਫ਼ਰਨਾਂਡਿਸ ਕਰਚਿਨਰ ਨੇ ਸੁਨੇਹੇ ਵਿੱਚ ਕਿਹਾ, ‘‘ਤੇਰੀ ਜਿੱਤ ਸਾਡੀ ਜਿੱਤ ਹੈ।'' ਦੁਨੀਆਂ ਭਰ ਦੇ ਅਰਬਾਂ ਗ਼ਰੀਬ ਲੋਕ ਵੀ ਇਹੋ ਕਹਿ ਰਹੇ ਹਨ।
ਰਾਜਪਾਲ ਸਿੰਘ
ਅੱਜ ਜਦ ਲੋਕ ਪੱਖੀ ਰਾਜਨੀਤੀ ਬਹੁਤ ਠੰਢੀ ਪਈ ਹੋਈ ਹੈ ਉਸ ਵਕਤ ਸ਼ਾਵੇਜ਼ ਨੇ ਜੋ ਪ੍ਰਾਪਤੀਆਂ ਕੀਤੀਆਂ ਉਹ ਸਚਮੱਚ ਹੀ ਬਹੁਤ ਵੱਡੀਆਂ ਹਨ। ਇਕ ਤਰ੍ਹਾਂ ਨਾਲ ਉਹ ਸਾਡੇ ਸਮਿਆਂ ਦਾ ਮਹਾਂਨਾਇਕ ਹੋ ਨਿਬੜਿਆ ਹੈ। ਉਸਦੀ ਬੇਵਕਤ ਮੌਤ ਨਾ ਸਿਰਫ ਵੈਨਜ਼ੁਏਲਾ ਦੇ ਲੋਕਾਂ ਲਈ ਧੱਕਾ ਹੈ ਬਲਕਿ ਸਾਰੀਆਂ ਦੁਨੀਆਂ ਦੇ ਅਗਾਂਹਵਧੂ ਲੋਕਾਂ ਲਈ ਵੱਡੀ ਸੱਟ ਹੈ। ਅਜਿਹੀ ਮਾਣਯੋਗ ਸ਼ਖਸੀਅਤ ਬਾਰੇ ਮਿਆਰੀ ਲੇਖ ਪ੍ਰਕਾਸ਼ਿਤ ਕਰਨ ਲਈ ਸੂਹੀ ਸਵੇਰ ਪ੍ਰਸੰਸਾ ਦੀ ਹੱਕਦਾਰ ਹੈ।