Thu, 21 November 2024
Your Visitor Number :-   7255311
SuhisaverSuhisaver Suhisaver

ਬਰਹਿਮ ਹਾਲਤਾਂ ਹੇਠ ਪਲ਼ ਰਿਹਾ ਹਿੰਦੋਸਤਾਨੀ ਬਚਪਨ -ਡਾ. ਹਰਸ਼ਿੰਦਰ ਕੌਰ

Posted on:- 26-02-2013

suhisaver

ਜਿਵੇਂ ਮੋਤੀ ਲੱਭਣ ਲਈ ਡੂੰਘੇ ਸਮੁੰਦਰ ਅੰਦਰ ਤਾਰੀ ਲਾਉਣੀ ਜ਼ਰੂਰੀ ਹੁੰਦੀ ਹੈ, ਬਿਲਕੁਲ ਉਸੇ ਹੀ ਤਰ੍ਹਾਂ ਕਿਸੇ ਜ਼ੁਰਮ ਨੂੰ ਉਜਾਗਰ ਕਰਨ ਲਈ ਮੀਡੀਆ ਦੇ ਕੁਝ ਦਮਦਾਰ ਬੰਦੇ ਜੁਰਮ ਦੀ ਦਲਦਲ ਅੰਦਰ ਪੈਰ ਧਰ ਕੇ ਅਸਲੀਅਤ ਲੱਭ ਲਿਆਉਂਦੇ ਹਨ। ਜਿਸ ਤਰ੍ਹਾਂ ਗਿੜਦੇ ਹੋਏ ਰਿਸ਼ਤੇ ਨੂੰ ਸੁਧਾਰਨ ਲਈ ਉਸ ਨੂੰ ਨਵਾਂ ਰੂਪ ਦੇਣਾ ਜ਼ਰੂਰੀ ਹੋ ਜਾਂਦਾ ਹੈ, ਉਸੇ ਹੀ ਤਰ੍ਹਾਂ ਸਮਾਜ ਸੁਧਾਰਨ ਲਈ ਅਜਿਹੇ ਟੇਡੇ-ਮੇਡੇ ਰਸਤਿਆਂ ਵਿੱਚੋਂ ਲੰਘ ਕੇ ਨਵੇਂ ਮੋੜ ਦਾ ਰਾਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ।
    
ਮੀਡੀਆ ਰਾਹੀਂ ਹੁੰਦੇ ਜਦੋਂ ਇੱਕਾ-ਦੁਕਾ ਜ਼ੁਲਮਾਂ ਨੂੰ ਉਜਾਗਰ ਕੀਤਾ ਜਾਂਦਾ ਹੈ ਤਾਂ ਲੋਕ ਉਸ ਉੱਤੇ ਹਾਏ-ਤੋਬਾ ਮਚਾ ਦਿੰਦੇ ਹਨ, ਪਰ ਇਹ ਕੁਝ ਘੰਟਿਆਂ ਦੀ ਗੱਲਬਾਤ ਹੁੰਦੀ ਹੈ, ਜਿਸ ਤੋਂ ਬਾਅਦ ਸਾਰੇ ਆਪੋ-ਆਪਣੇ ਕੰਮਾਂ ਵਿੱਚ ਰੁੱਝ ਜਾਂਦੇ ਹਨ।
    
ਇਨ੍ਹਾਂ ਇੱਕਾ-ਦੁਕਾ ਜ਼ੁਰਮਾਂ ਤੋਂ ਅਗਾਂਹ ਜੇ ਕੋਈ ਮਜ਼ਰ ਮਾਰਨੀ ਚਾਹੇ ਤਾਂ ਵਾਕਈ ਅਜਿਹੀ ਦਲਦਲ ਦਿੱਸਦੀ ਹੈ, ਜਿਸ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਮਿਲਦਾ। ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਨੇ 2001 ਵਿੱਚ ਪੂਰੇ ਹਿੰਦੋਸਤਾਨ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਬੱਚਿਆਂ ਉੱਤੇ ਹੁੰਦੇ ਜ਼ੁਲਮਾਂ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਦੇ ਅੰਕੜੇ ਅੱਖਾਂ ਖੋਲ੍ਹਣ ਵਾਲੇ ਹਨ। ਧਿਆਨ ਰਹੇ ਕਿ ਇਹ ਅੰਕੜੇ ਸਿਰਫ ਉਹ ਹਨ, ਜਿਹੜੇ ਪੁਲਿਸ ਦੀ ਰਿਪੋਰਟ ਵਿੱਚ ਦਰਜ ਹੋ ਚੁੱਕੇ ਹਨ। ਇਸ ਤੋਂ ਇਲਾਵਾ ਜਿਹੜੇ ਜੁਰਮਾਂ ਦਾ ਲੇਖਾ-ਜੋਖਾ ਕਿਤੇ ਦਰਜ ਨਹੀਂ, ਉਨ੍ਹਾਂ ਦਾ ਹਿਸਾਬ ਲਾਉਣਾ ਔਖਾ ਨਹੀਂ, ਕਿਉਂਕਿ ਸਿਰਫ ਜਬਰ-ਜਿਨਾਹ ਦੇ 69 ਕੇਸਾਂ ਵਿੱਚੋਂ ਵੀ ਸਿਰਫ ਇੱਕ ਕੇਸ ਹੀ ਰਿਪੋਰਟ ਕੀਤਾ ਜਾਂਦਾ ਹੈ। ਇਸੇ ਹੀ ਤਰ੍ਹਾਂ ਕਈ ਹੋਰ ਕਿਸਮ ਦੇ ਜੁਰਮਾਂ, ਜਿਨ੍ਹਾਂ ਵਿੱਚ ਬਾਲ ਮਜ਼ਦੂਰੀ ਵੀ ਸ਼ਾਮਲ ਹੈ, ਵਿੱਚੋਂ 1000 ਕੇਸਾਂ ’ਚੋਂ 2 ਕੁ ਦਾ ਹੀ ਜ਼ਿਕਰ ਕੀਤਾ ਮਿਲਦਾ ਹੈ।
    
ਜੇ ਬਿਹਾਰ ਵਿੱਚ ਝਾਤ ਮਾਰੀਏ ਤਾਂ ਉੱਥੋਂ ਦੇ ਅੰਕੜਿਆਂ ਮੁਤਾਬਿਕ 38.6 ਪ੍ਰਤੀਸ਼ਤ ਬੱਚੇ ਜੁਰਮ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ਵਿੱਚੋਂ 46 ਪ੍ਰਤੀਸ਼ਤ ਬੱਚੇ ਚੁੱਕੇ ਗਏ, 17.5 ਪ੍ਰਤੀਸ਼ਤ ਬੱਚੇ ਕਤਲ ਕਰ ਦਿੱਤੇ ਗਏ ਤੇ 16 ਪ੍ਰਤੀਸ਼ਤ ਕੁੜੀਆਂ ਵੇਚ ਦਿੱਤੀਆਂ ਗਈਆਂ। ਜੇ ਸਾਖਰਤਾ ਵੱਲ ਝਾਤ ਮਾਰੀਏ ਤਾਂ ਦਸ ਸਾਲਾਂ ਵਿੱਚ ਸਿਰਫ 11 ਪ੍ਰਤੀਸ਼ਤ ਵਾਧਾ ਹੋਇਆ ਦਿਸਦਾ ਹੈ, ਜਿਸ ਦਾ ਮਤਲਬ ਹੈ ਕਿ ਹੁਣ 47.5 ਪ੍ਰਤੀਸ਼ਤ ਲੋਕ ਹੀ ਪੜ੍ਹੇ ਲਿਖੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਸਿਰਫ ਦਸਤਖ਼ਤ ਹੀ ਕਰ ਸਕਦੇ ਹਨ।
    

ਮਹਾਂਰਾਸ਼ਟਰ ਵਿੱਚ ਭਾਵੇਂ ਸਾਖਰਤਾ 78 ਪ੍ਰਤੀਸ਼ਤ ਹੋ ਚੁੱਕੀ ਹੈ, ਪਰ ਕੁੜੀਆਂ ਦੀ ਗਿਣਤੀ ਸਗੋਂ ਪਿਛਲੇ ਦਸ ਸਾਲਾਂ (ਸੰਨ 2001 ਤੱਕ ਦੇ ਅੰਕੜੇ) ਵਿੱਚ ਘਟਣ ਲੱਗ ਪਈ ਹੈ, ਯਾਨੀ 922 ਕੁੜੀਆਂ ਪ੍ਰਤੀ ਹਜ਼ਾਰ ਮੁੰਡੇ ਅਤੇਉੱਥੇ ਛੇ ਸਾਲ ਤੋਂ ਛੋਟੇ ਬੱਚਿਆਂ ਦੀ ਗਿਣਤੀ ਸਿਰਫ 13.6 ਪ੍ਰਤੀਸ਼ਤ ਹੈ। ਮਹਾਂਰਾਸ਼ਟਰ ਵਿੱਚਲੀਆਂ ਬਹੁਤੀਆਂ ਬਸਤੀਆਂ ਵਿੱਚ ਤਾਂ ਲਗਭਗ ਹਰ ਘਰ ਵਿੱਚ ਹੀ ਦੇਹ ਵਪਾਰ ਖੁੱਲ੍ਹਮ-ਖੁਲ੍ਹਾ ਚੱਲ ਰਿਹਾ ਹੈ। ਇਸ ਤੋਂ ਇਲਾਵਾ ਛੋਟੇ ਬੱਚੇ ਅਤੇ ਬੱਚੀਆਂ ਉੱਤੇ ਇੰਨਾ ਜ਼ੁਲਮ ਢਾਹਿਆ ਜਾਂਦਾ ਹੈ, ਜਿਸ ਦਾ ਸੌਵਾਂ ਹਿੱਸਾ ਵੀ ਮੀਡੀਆ ਰਾਹੀਂ ਉਜਾਗਰ ਨਹੀਂ ਹੋ ਸਕਿਆ ਤੇ ਨਾ ਹੀ ਪੁਲਿਸ ਵਿੱਚ ਕੇਸ ਦਰਜ ਹੁੰਦੇ ਹਨ, ਕਿਉਂਕਿ ਜ਼ਿਆਦਾਤਰ ਕੇਸਾਂ ਵਿੱਚ ਪੁਲਿਸ ਆਪ ਹੀ ਅਜਿਹੇ ਧੰਦਿਆਂ ਵਿੱਚੋਂ ਹਿੱਸਾ-ਪੱਤੀ ਲੈ ਰਹੀ ਹੁੰਦੀ ਹੈ।
    
ਜਿੰਨੇ ਵੀ ਕੇਸ ਰਿਪੋਰਟ ਹੋਏ ਹਨ, ਉਹ ਉਦੋਂ ਹੀ ਹੋਏ ਹਨ, ਜਦੋਂ ਜ਼ੁਲਮ ਦੀ ਇੰਤਹਾ ਹੋ ਚੁੱਕੀ ਹੁੰਦੀ ਹੈ ਤੇ ਅਜਿਹੇ ਕੇਸਾਂ ਵਿੱਚੋਂ 70 ਪ੍ਰਤੀਸ਼ਤ ਬੱਚੇ ਜ਼ੁਲਮ ਨਾ ਸਹਿ ਸਕਣ ਕਾਰਨ ਮਾਨਸਿਕ ਰੋਗੀ ਹੋ ਚੁੱਕੇ ਹੁੰਦੇ ਹਨ। ਨਿੱਕੀਆਂ ਬਾਲੜੀਆਂ ਨੂੰ ਧੱਕੋ-ਜ਼ੋਰੀ ਦੇਹ ਵਪਾਰ ਵਿੱਚ ਧੱਕਣ ਲਈ ਬੋਰੀਆਂ ਵਿੱਚ ਤੁੰਨ ਕੇ ਜਾਂ ਭੇਡਾਂ-ਬਕਰੀਅੰ ਵਾਂਗ ਹੇੜ ਕੇ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਭੇਜਿਆ ਜਾਂਦਾ ਹੈ। ਨਾਂਹ-ਨੁਕਰ ਕਰਨ ’ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚੋਂ 27 ਪ੍ਰਤੀਸ਼ਤ ਨਿੱਕੀਆਂ ਬਾਲੜੀਆਂ ਨੂੰ ਕਤਲ ਕਰਨ ਤੋਂ ਪਹਿਲਾਂ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ। 14.8 ਪ੍ਰਤੀਸ਼ਤ ਵੱਡੇ ਘਰਾਂ ਦੀਆਂ ਬੱਚੀਆਂ ਨੂੰ ਚੁੱਕ ਕੇ ਮਾਪਿਆਂ ਤੋਂ ਉਗਰਾਹੀ ਕੀਤੀ ਜਾਂਦੀ ਹੈ ਤੇ 13 ਪ੍ਰਤੀਸ਼ਤ ਨੂੰ ਫੜੇ ਜਾਣ ਦੇ ਡਰ ਤੋਂ ਕਤਲ ਕਰ ਦਿੱਤਾ ਜਾਂਦਾ ਹੈ।
    
ਜੰਮੂ-ਕਸ਼ਮੀਰ ਵਿੱਚ 42 ਪ੍ਰਤੀਸ਼ਤ ਔਰਤਾਂ ਪੜ੍ਹੀਆਂ-ਲਿਖੀਆਂ ਹਨ ਤੇ ਕੁਲ ਸਾਖਰਤਾ 54 ਪ੍ਰਤੀਸ਼ਤ ਹੈ। ਲਦਾਖ ਵਿੱਚ ਕੁੜੀਆਂ ਦੀ ਗਿਣਤੀ ਲਗਾਤਾਰ ਘਟਦੇ ਹੋਏ 845 ਤੋਂ 805 ਕੁੜੀਆਂ ਪ੍ਰਤੀ ਹਜ਼ਾਰ ਮੁੰਡੇ ਰਹਿ ਚੁੱਕੀ ਹੈ, ਜੋ ਫਤਹਿਗੜ੍ਹ ਸਾਹਿਬ ਤੋਂ ਕਾਫ਼ੀ ਘੱਟ ਹੈ, ਪਰ ਫਿਰ ਵੀ ਪੰਜਾਬ ਨੂੰ ਕੁੜੀਮਾਰਾਂ ਵਿੱਚੋਂ ਮੋਹਰੀ ਕਰਾਰ ਦੇ ਦਿੱਤਾ ਜਾਂਦਾ ਹੈ। ਖ਼ੈਰ, ਇਹ ਹੁਣ ਕੌਣ ਦੱਸੇ ਕਿ ਕਿਹੜਾ ਪੰਜਾਬੀਆਂ ਨੂੰ ਬਦਨਾਮ ਕਰਨ ਲੱਗਿਆ ਹੋਇਆ ਹੈ।
    
ਜੇਕਰ ਜੰਮੂ-ਕਸ਼ਮੀਰ ਬੱਚਿਆਂ ਉੱਤੇ ਹੁੰਦੇ ਜ਼ੁਲਮ ਵੱਲ ਝਾਤ ਮਾਰੀਏ ਤਾਂ ਅਮੰਤਨਾਗ ਦੀਅੰ ਤਿੰਨ-ਚੌਥਾਈ ਬੱਚੀਆਂ ਚੁੱਕ ਕੇ ਦਲਾਲਾਂ ਨੂੰ ਵੇਚ ਦਿੱਤੀਆਂ ਜਾਂਦੀਆਂ ਹਨ ਅਤੇ ਬਚ ਕੇ ਭੱਜਣ ਵਾਲੀਆਂ ਕਤਲ ਕਰ ਦਿੱਤੀਆਂ ਜਾਂਦੀਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ 74 ਪ੍ਰਤੀਸ਼ਤ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।
    
ਕਰਨਾਟਕ ਵਿੱਚ ਕੁੜੀਆਂ ਦੀ ਘਟਦੀ ਗਿਣਤੀ ਵਿੱਚ ਧਰਵਾੜ ਨੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ ਤੇ ਬੱਚਿਆਂ ਉੱਤੇ ਹੁੰਦੇ ਕੁੱਲ ਜ਼ੁਲਮਾਂ ਦੇ ਅੰਕੜੇ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ 25 ਪ੍ਰਤੀਸ਼ਤ ਬੱਚੇ ਕਤਲ ਕਰ ਦਿੱਤੇ ਜਾਂਦੇ ਹਨ, 20 ਪ੍ਰਤੀਸ਼ਤ ਜਵਾਨ ਬੱਚੀਆਂ ਚੁੱਕ ਕੇ ਵੇਚਣ ਲਈ ਭੇਜੀਆਂ ਜਾਂਦੀਆਂ ਹਨ, 17 ਪ੍ਰਤੀਸ਼ਤ ਬੱਚੀਆਂ ਜਬਰ-ਜਿਨਾਹ ਦਾ ਸ਼ਿਕਾਰ ਹੁੰਦੀਆਂ ਹਨ, 9 ਪ੍ਰਤੀਸ਼ਤ ਬੱਚੀਆਂ ਨੂੰ ਮਾਪੇ ਜੰਮਣ ਤੋਂ ਬਾਅਦ ਕੂੜੇ ਦੇ ਢੇਰ ਉੱਪਰ ਸੁੱਟ ਦਿੰਦੇ ਹਨ ਤੇ 6 ਪ੍ਰਤੀਸ਼ਤ ਬਾਲੜੀਆਂ ਦੇਹ ਵਪਾਰ ਵੱਲ ਧੱਕੀਅੰ ਜਾਂਦੀਅੰ ਹਨ।
    
ਪੰਜਾਬ ਵਿੱਚ ਛੇ ਸਾਲ ਤੋਂ ਘੱਟ ਬੱਚਿਆਂ ਦੀ ਗਿਣਤੀ 12.5 ਪ੍ਰਤੀਸ਼ਤ ਹੈ ਤੇ ਸਰਕਾਰੀ ਅੰਕੜਿਆਂ ਮੁਤਾਬਕ ਹਰ ਹਜ਼ਾਰ ਮੁੰਡਿਆਂ ਪਿੱਛੇ 874 ਕੁੜੀਅੰ ਪੈਦਾ ਹੋ ਰਹੀਆਂ ਹਨ। ਪੰਜਾਬ, ਜਿਹੜਾ ਪੂਰੇ ਹਿੰਦੋਸਤਾਨ ਨੂੰ ਅੰਨ ਮੁਹੱਈਆ ਕਰਵਾਉਣ ਵਿੱਚ ਪਹਿਲੇ ਨੰਬਰ ’ਤੇ ਹੈ, ਆਪਣੇ ਪੰਜਾਬੀ ਬੱਚਿਆਂ ਨੂੰ ਅੰਨ ਖੁਆਉਣ ਵਿੱਚ ਪਿੱਛੇ ਰਹਿ ਗਿਆ ਹੈ, ਕਿਉਂਕਿ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ 41 ਤੋਂ 50 ਪ੍ਰਤੀਸ਼ਤ ਬੱਚੇ ਖ਼ੁਰਾਕ ਦੀ ਕਮੀ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਬਹੁਗਿਣਤੀ ਕੁੜੀਆਂ ਦੀ ਹੈ। ਅੰਤਰਰਾਸ਼ਟਰੀ ਰਿਪੋਰਟ ਮਤਾਬਕ ਲਹੂ ਦੀ ਕਮੀ ਪੰਜਾਬ ਦੇ 90 ਪ੍ਰਤੀਸ਼ਤ ਤੋਂ ਵੀ ਵੱਧ ਬੱਚਿਆਂ ਵਿੱਚ ਹੈ, ਕਿਉਂਕਿ ਡਾਕਟਰੀ ਵਿਗਿਆਨ ਅਨੁਸਾਰ 12 ਗ੍ਰਾਮ ਤੋਂ ਘੱਟ ਹਿਮੋਗਲੋਬਿਨ ਨੂੰ ਲਹੂ ਦੀ ਕਮੀ ਮੰਨਿਆ ਜਾਂਦਾ ਹੈ।
    
ਪੰਜਾਬੀ ਬੱਚਿਆਂ ਉੱਤੇ ਹੁੰਦੇ ਜ਼ੁਲਮਾਂ ਵੱਲ ਝਾਤ ਮਾਰੀਏ ਤਾਂ ਜ਼ੁਲਮ ਦੇ ਸ਼ਿਕਾਰ ਹੋਏ ਕੁੱਲ ਬੱਚਿਆਂ ਵਿੱਚੋਂ 36 ਪ੍ਰਤੀਸ਼ਤ ਕੁੜੀਆਂ ਜੰਮਣ ਤੋਂ ਪਹਿਲਾਂ ਜਾਂ ਜੰਮਣ ਤੋਂ ਇੱਕਦਮ ਬਾਅਦ ਮਾਪਿਆਂ ਵੱਲੋਂ ਮਾਰ ਦਿੱਤੀਅੰ ਗਈਆਂ। ਬਾਕੀ ਦੀ ਬਚੀ ਗਿਣਤੀ ਵਿੱਚੋਂ 52 ਪ੍ਰਤੀਸ਼ਤ ਅੱਧਖਿੜੀਆਂ ਕਲੀਅੰ ਜਬਰ-ਜਿਨਾਹ ਦਾ ਸ਼ਿਕਾਰ ਹੋਈਆਂ, 62 ਪ੍ਰਤੀਸ਼ਤ ਚੁੱਕ ਕੇ ਵੇਚ ਦਿੱਤੀਆਂ ਗਈਆਂ, 5 ਪ੍ਰਤੀਸ਼ਤ ਬਾਲੜੀਆਂ ਜਿਹੜੀਆਂ ਹਾਲੇ ਪੰਜ ਵਰ੍ਹੇ ਵੀ ਪੂਰੇ ਨਹੀਂ ਸੀ ਕਰ ਸਕੀਆਂ, ਜਿਸਮਾਨੀ ਵਧੀਕੀਆਂ ਕਾਰਨ ਮਧੋਲ ਦਿੱਤੀਅੰ ਗਈਆਂ ਅਤੇ 18 ਪ੍ਰਤੀਸ਼ਤ ਬੱਚੇ ਮਾਰ-ਕੁਟਾਈ ਅਤੇ ਬਾਲ-ਮਜ਼ਦੂਰੀ ਦੇ ਸ਼ਿਕਾਰ ਬਣੇ।
    
ਪਤਾ ਨਹੀਂ ਕਿਉਂ ਪੰਜਾਬ ਦਾ ਦੂਜਾ ਪਾਸਾ ਦੱਬ ਲਿਆ ਜਾਂਦਾ ਹੈ ਕਿ ਇਹ ਪੂਰੇ ਦੇਸ਼ ਦਾ ਸਿਰਫ 1.5 ਪ੍ਰਤੀਸ਼ਤ ਹਿੱਸਾ ਹੈ ਤੇ ਪੂਰੇ ਦੇਸ਼ ਦੀ ਜਨਸੰਖਿਆ ਵਿੱਚੋਂ ਸਿਰਫ 2.3 ਲੋਕ ਹੀ ਇੱਥੇ ਵਸਦੇ ਹਨ। ਇਸ ਸਭ ਦੇ ਬਾਵਜੂਦ ਪੂਰੇ ਦੇਸ਼ ਵਿੱਚੋਂ ਮੂਹਰਲੀ ਕਤਾਰ ਵਿੱਚ ਪੰਜਾਬੀ ਵੇਖੇ ਜਾ ਸਕਦੇ ਹਨ, ਭਾਵੇਂ ਉਹ ਦੇਸ਼ ਲਈ ਜਾਨ ਵਾਰਨ ਵਾਲਾ ਪਾਸਾ ਹੋਵੇ ਜਾਂ ਵਪਾਰ ਹੋਵੇ ਜਾਂ ਆਈਏਐੱਸ ਤੇ ਆਈਪੀਐੱਸ ਦਾ ਇਮਤਿਹਾਨ ਹੋਵੇ।
    
ਪੰਜਾਬੋਂ ਬਾਹਰ ਵੀ ਪੰਜਾਬੀਅੰ ਨੇ ਹਰ ਖੇਤਰਵਿੱਚ ਅਤੇ ਹਰ ਦੇਸ਼ ਵਿੱਚ ਆਪਣਾ ਸਿੱਕਾ ਜਮਾ ਕੇ ਪੂਰੀ ਦੁਨੀਆਂ ਵਿੱਚ ਆਪਣਾ ਡੰਕਾ ਵਜਾ ਦਿੱਤਾ ਹੈ।ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਿੱਚ ਕੁੜੀਆਂ ਪਹਿਲੇ ਨੰਬਰ ’ਤੇ ਆ ਜਾਣ ’ਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀਅੰ, ਕਿਉਂਕਿ ਔਰਤਾਂ ਉੱਤੇ ਹੁੰਦੇ ਜ਼ੁਲਮਾਂ ਵਿੱਚ ਕਿਸੇ ਪਾਸਿਓਂ ਠੱਲ ਪੈਂਦੀ ਨਹੀਂ ਦਿਸਦੀ ਤੇ ਨਾ ਹੀ ਦਾਜ ਕਿਸੇ ਕੁੜੀ ਨੂੰ ਹੜਪ ਕੀਤੇ ਬਗ਼ੈਰ ਛੱਡ ਰਿਹਾ ਹੈ।
    
ਹਿੰਦੋਸਤਾਨ ਵਿੱਚ ਇਸ ਵੇਲੇ ਹਰ ਸਾਲ 80,000 ਨਾਬਾਲਗ ਬੱਚੀਆਂ ਦੇ ਨਾਲ ਜਿਸਮਾਨੀ ਵਧੀਕੀਆਂ ਦੇ ਕੇਸ ਰਿਪੋਰਟ ਹੋ ਰਹੇ ਹਨ, ਜਿਹੜੇ ਅਸਲ ਵਿੱਚ ਸਿਰਫ ਇੱਕ-ਚੌਥਾਈ ਹਨ, ਕਿਉਂਕਿ ਤਿੰਨ-ਚੌਥਾਈ ਬੱਚੀਅੰ ਜਾਂ ਤਾਂ ਸ਼ਰਮ ਦੇ ਮਾਰੇ ਜ਼ਬਾਨ ਹੀ ਨਹੀਂ ਖੋਲ੍ਹਦੀਅੰ ਜਾਂ ਉਨ੍ਹਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ।
    
ਪੰਜਾਬ ਵਿਚਲੇ ਅੰਕੜੇ ਸਾਬਤ ਕਰ ਰਹੇ ਹਨ ਕਿ 47 ਪ੍ਰਤੀਸ਼ਤ ਕੁੜੀਆਂ ਮੰਨੀਆਂ ਹਨ ਕਿ ਉਹ ਆਪਣਿਆਂ ਦੀ ਹਵਸ ਦਾ ਸ਼ਿਕਾਰ ਬਣ ਚੁੱਕੀਆਂ ਹਨ ਤੇ ਇਨ੍ਹਾਂ ਵਿੱਚੋਂ 38 ਪ੍ਰਤੀਸ਼ਤ ਦੇ ਉੱਤੇ ਹੋਏ ਤਸ਼ੱਦਦ ਦੀ ਹਵਾ ਵੀ ਬਾਹਰ ਨਹੀਂ ਨਿਕਲਣ ਦਿੱਤੀ ਗਈ।
    
ਜੇ ਨਸ਼ਿਆਂ ਵੱਲ ਝਾਤ ਮਾਰਨੀ ਹੋਵੇ ਤਾਂ ਸਰਕਾਰੀ ਅੰਕੜਿਆਂ ਅਨੁਸਾਰ ਹਿੰਦੋਸਤਾਨ ਵਿੱਚ 7 ਕਰੋੜ ਬੰਦੇ ਨਸ਼ੇ ਦੀ ਲਤ ਪਾਲ਼ ਚੁੱਕੇ ਹਨ। ਸਦੀਆਂ ਪਹਿਲਾਂ ਤੋਂ ਹੀ ਹਿੰਦੋਸਤਾਨ ਵਿੱਚ ਭੰਗ, ਮਦਿਰਾ ਜਾਂ ਸੋਮਰਸ ਦੇ ਦਰਿਆ ਵਗਦੇ ਹੁੰਦੇ ਸਨ, ਪਰ ਹੁਣ ਜਿਸ ਕਦਰ ਬੱਚੇ ਇਸ ਜ਼ਹਿਰ ਨੂੰ ਪੀਣ ਲੱਗ ਪਏ ਹਨ ਤੇ ਵਿਆਹੁਤਾ ਜ਼ਿੰਦਗੀਆਂ ਟੁੱਟ ਰਹੀਆਂ ਹਨ, ਇਸ ਪਾਸੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। 1976 ਵਿੱਚ ਭਾਰਤ ਸਰਕਾਰ ਨੇ ਸ਼ਹਿਰਾਂ ਵਿਚਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਬੱਚਿਆਂ ਉੱਤੇ ਖੋਜ ਕਰਕੇ ਸਿੱਟਾ ਕੱਢਿਆ ਸੀ ਕਿ 17.6 ਤੋਂ 35 ਪ੍ਰਤੀਸ਼ਤ ਤੱਕ ਬੱਚੇ ਨਸ਼ੇ ਦੀ ਲਤ ਪਾਲ਼ੀ ਬੈਠੇ ਸਨ। ਇਨ੍ਹਾਂ ਵਿੱਚੋਂ ਸ਼ਹਿਰਾਂ ’ਚੋਂ ਸਭ ਤੋਂ ਘੱਟ (17.6 ਪ੍ਰਤੀਸ਼ਤ) ਗਿਣਤੀ ਹੈਦਰਾਬਾਦ ਦੀ ਸੀ ਤੇ ਸਭ ਤੋਂ ਵੱਧ ਦਿੱਲੀ ਤੇ ਮੁੰਬਈ (35 ਪ੍ਰਤੀਸ਼ਤ)। ਵਰਤੇ ਜਾ ਰਹੇ ਨਸ਼ਿਆਂ ਵਿੱਚੋਂ ਸਭ ਤੋਂ ਵੱਧ ਮਾਤਰਾ ਸ਼ਰਾਬ ਦੀ ਸੀ।
    
ਸੇਠੀ ਅਤੇ ਤ੍ਰਿਵੇਦੀ ਨੇ 1985 ਵਿੱਚ ਪੰਜਾਬ ਦੇ ਪਿੰਡਾਂ ਵਿੱਚ ਦੌਰਾ ਕਰਕੇ ਸਬੂਤ ਪੇਸ਼ ਕੀਤਾ ਕਿ ਪੰਜਾਬ ਦੇ ਪਿੰਡਾਂ ਦੇ 74 ਪ੍ਰਤੀਸ਼ਤ ਗੱਭਰੂ ਸ਼ਰਾਬ ਦੇ ਨਸ਼ੇ ਵਿੱਚ ਗੜੁੱਚ ਹੋ ਚੁੱਕੇ ਸਨ। 2009 ਦੇ ਸਰਕਾਰੀ ਅੰਕੜੇ ਤਾਂ ਸਾਫ ਹੀ ਦਸ ਰਹੇ ਹਨ ਕਿ ਪੰਜਾਬ ਅੰਦਰ ਨਸ਼ੇ ਦਾ ਹਿੜਾ ਛੇਵਾਂ ਦਰਿਆ ਵਗਣਾ ਸ਼ੁਰੂ ਹੋ ਚੁੱਕਿਆ ਹੈ, ਉਹ ਇਸ ਤਰ੍ਹਾਂ ਪੰਜਾਬ ਦੀ ਜਵਾਨੀ ਤਹਿਸ-ਨਹਿਸ ਕਰ ਰਿਹਾ ਹੈ ਕਿ ਪਿੰਡਾਂ ਦੇ 67 ਪ੍ਰਤੀਸ਼ਤ ਗੱਭਰੂ ਅਤੇ ਬੱਚੇ ਇਸ ਦੀ ਚਪੇਟ ਵਿੱਚ ਆ ਕੇ ਹਮੇਸ਼ਾ ਲਈ ਇਸ ਦੇ ਆਦੀ ਬਣ ਚੁੱਕੇ ਹਨ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਵਿੱਚੋਂ ਬਹੁਤਿਆਂ ਕੋਲੋਂ ਪਿਓ ਬਣਨ ਦੀ ਸ਼ਕਤੀ ਗੁਆਚ ਚੁੱਕੀ ਹੈ। ਸ਼ਹਿਰਾਂ ਵਿੱਚ ਨਸ਼ਈ ਇਸ ਵੇਲੇ ਵੱਡੀ ਮਾਤਰਾ ਵਿੱਚ ਲਹੂ ਵੇਚ ਰਹੇ ਹਨ, ਚੋਰੀ, ਡਕੈਤੀ ਕਰ ਰਹੇ ਹਨ, ਆਪਣੇ ਘਰ ਦੀਆਂ ਚੀਜਾਂ ਵੇਚ ਰਹੇ ਹਨ ਤੇ ਕਤਲ ਤੱਕ ਕਰ ਰਹੇ ਹਨ।
    
ਇੱਕ ਵਾਰ ਫਿਰ ਪੰਜਾਬੀਆਂ ਨੇ ਝੰਡੇ ਗੱਡ ਦਿੱਤੇ ਹਨ ਤੇ ਪੂਰੇ ਹਿੰਦੋਸਤਾਨ ਵਿੱਚੋਂ ਪ੍ਰਤੀ ਬੰਦੇ ਵੱਲੋਂ ਰੋਜ਼ ਦੀ ਸ਼ਰਾਬ ਪੀਣ ਦੀ ਮਾਤਰਾ ਵਿੱਚ ਪੰਜਾਬੀ ਪਹਿਲੇ ਨੰਬਰ ਉੱਤੇ ਆ ਚੁੱਕੇ ਹਨ। ਪੰਜਾਬ ਦੇ ਸਰਹੱਦੀ ਇਲਾਕੇ ਦੇ 35 ਤੋਂ 60 ਸਾਲ ਦੇ ਬੰਦਿਆਂ ਵਿੱਚੋਂ 40 ਪ੍ਰਤੀਸ਼ਤ ਲੋਕ ਨਸ਼ੇ ਵਿੱਚ ਡੁੱਬ ਚੁੱਕੇ ਹਨ ਅਤੇ 15 ਤੋਂ 25 ਸਾਲ ਦੇ 70 ਤੋਂ 75 ਪ੍ਰਤੀਸ਼ਤ ਜਵਾਨ ਹੁਣ ਨਸ਼ੇ ਦੇ ਪੂਰੀ ਤਰ੍ਹਾਂ ਆਦੀ ਬਣ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੀ 16 ਪ੍ਰਤੀਸ਼ਤ ਆਬਾਦੀ ਨਸ਼ੇ ਦੀਆਂ ਦਵਾਈਆਂ ਅਤੇ ਟੀਕੇ ਲਵਾ ਕੇ ਮੂਧੀ ਪੈ ਚੁੱਕੀ ਹੋਈ ਹੈ।
    
ਮੌਰਫੀਨ, ਅਫੀਮ, ਹੈਰੋਇਨ ਤਾਂ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ ਪੰਜਾਬ ਰਾਹੀਂ ਭਾਰੀ ਮਾਤਰਾ ਵਿੱਚ ਸਾਰੇ ਹਿੰਦੋਸਤਾਨ, ਅਮਰੀਕਾ ਤੇ ਯੂਰਪ ਤੱਕ ਪਹੁੰਚ ਰਹੀ ਹੈ। ਪਹਿਲਾ ਪੜਾ ਪੰਜਾਬ ਹੋਣ ਕਾਰਨ ਸਭ ਤੋਂ ਵੱਧ ਮਾਰ ਪੰਜਾਬੀਆਂ ’ਤੇ ਪੈ ਰਹੀ ਹੈ ਤੇ ਇਸੇ ਲਈ ਗ਼ਰੀਬੀ, ਕਰਜ਼ੇ, ਟੁੱਟੇ ਘਰ ਅਤੇ ਵਿਧਵਾਵਾਂ ਦਾ ਢੇਰ ਇੱਥੇ ਹੀ ਸਭ ਤੋਂ ਵੱਧ ਦਿਸ ਰਹੇ ਹਨ।
    
ਮੈਂ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਅੰਦਰ ਬੱਚਿਆਂ ਉੱਤੇ ਹੁੰਦੇ ਜ਼ੁਲਮਾਂ ਨੂੰ ਇਾਂਨਾ ਉਜਾਗਰ ਕਰ ਦਿੱਤਾ ਗਿਆ ਹੈ ਕਿ ਪੰਜਾਬ ਜ਼ੁਲਮ ਢਾਹੁਣ ਵਿੱਚ ਲਗਭਗ ਮਹਰਲੀਆਂ ਕਤਾਰਾਂ ਵਿੱਚ ਗਿਣਿਆ ਜਾਣ ਲੱਗ ਪਿਆ ਹੈ। ਉੱਪਰ ਦਿਖਾਈ ਤਸਵੀਰ ਵੇਖ ਕੇ ਸ਼ਾਇਦ ਸਾਰੇ ਸਮਝ ਸਕਣ ਕਿ ਪੰਜਾਬ ਵਿੱਚ ਕੁੱਲ 161 ਕੇਸ ਦਰਜ ਹੋਏ ਹਨ, ਜਦਕਿ ਮੱਧ ਪ੍ਰਦੇਸ਼ ਵਿੱਚ 2320!
    
ਇਹ ਖੁਸ਼ੀ ਜ਼ਾਹਰ ਕਰਨ ਦਾ ਵੇਲਾ ਨਹੀਂ ਹੈ, ਕਿਉਂਕਿ ਮੈਂ ਪਹਿਲਾਂ ਹੀ ਦੱਸ ਆਈ ਹਾਂ ਕਿ ਰਿਪੋਰਟ ਕੀਤੇ ਕੇਸ ਸਰਕਾਰੀ ਅੰਕੜਿਆਂ ਅਨੁਸਾਰ ਤਾਂ ਸੱਤਰ ਗੁਣਾ ਘੱਟ ਹੁੰਦੇ ਹਨ। ਬਚਪਨ ਤੋਂ ਜਵਾਨੀ ਵਿੱਚ ਪੈਰ ਧਰਦੇ ਹੋਏ ਮੈਂ ਤੇ ਮੇਰੀਆਂ ਸਹੇਲੀਆਂ ਆਮ ਹੀ ਅਜਿਹਾ ਕੁਝ ਸੁਣਿਆ ਕਰਦੀਆਂ ਸੀ- ‘‘ਬਚਪਨ ਦੀ ਗਲੀ ਤੇ ਗਵਾਂਢ ਨਹੀਂ ਭੁੱਲਦਾ; ਖੇਡਦੇ ਸੀ ਕਲੀ ਡੋਟਾ, ਉਹ ਥਾਂ ਨਹੀਂ ਭੁੱਲਦਾ। ਅਸੀਂ ਆਪਣੀ ਖ਼ੁਸ਼ੀ ਨੂੰ ਤੇਰੇ ਉੱਤੋਂ ਵਾਰਦੇ ਰਹੇ; ਮੁੱਠੀ ਵਿੱਚ ਸੀ ਜੋਟਾ, ਕਲੀ ਕਹਿ ਕੇ ਹਾਰਦੇ ਰਹੇ।’’
    
ਇਸ ਤਰ੍ਹਾਂ ਦੀਆਂ ਮਿੱਠੀਆਂ-ਨਿੱਘੀਆਂ ਗੱਲਾਂ ਹੁਣ ਖ਼ੌਰੇ ਕਿੱਧਰ ਗੁੰਮ ਹੋ ਚੁੱਕੀਆਂ ਹਨ। ਧੱਕੋ-ਜ਼ੋਰੀ ਇਸ਼ਕ ਜਤਾਉਣਾ, ਮਾਰ-ਕੁਟਾਈ, ਚੁੱਕ ਕੇ ਲੈ ਜਾਣਾ ਵਰਗੀਆਂ ਹਰਕਤਾਂ ਸਾਬਤ-ਸਬੂਤ ਦਿਮਾਗ਼ ਦੀਆਂ ਨਿਸ਼ਾਨੀਆਂ ਨਹੀਂ ਹਨ।
    
ਜਦ ਤੱਕ ਅਸੀਂ ਸਕੂਲਾਂ ਤੇ ਕਾਲਜਾਂ ਦੀ ਪੜ੍ਹਾਈ ਵਿੱਚ ਬਦਲਾਅ ਲਿਆ ਕੇ ਸਿਰਫ ਚੈਪਟਰ ਰਟ ਲੈਣ ਤੋਂ ਇਲਾਵਾ ਬੱਚਿਆਂ ਨੂੰ ਦੂਜੇ ਪ੍ਰਤੀ ਸੁਹਿਰਦਤਾ ਨਹੀਂ ਸਿਖਾਉਂਦੇ ਤੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕ ਨਹੀਂ ਕਰਦੇ, ਬੱਚੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਹੀ ਰਹਿਣਗੇ। ਜਦੋਂ ਬੱਚੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਤਾਂ ਉਨ੍ਹਾਂ ਪ੍ਰਤੀ ਹੁੰਦੇ ਜ਼ੁਲਮ ਵੀ ਘਟ ਜਾਣਗੇ।
    
ਇਸ ਸਭ ਲਈ ਸਾਖਰਤਾ ਮੁਹਿੰਮ ਦੀ ਜ਼ਬਰਦਸਤ ਲੋੜ ਹੈ। ਭਾਰਤ ਦੀ ਸਾਖਰਤਾ ਸਿਰਫ 57 ਪ੍ਰਤੀਸ਼ਤ ਹੈ, ਜਦਕਿ ਇੰਗਲੈਂਡ, ਅਮਰੀਕਾ, ਮੰਗੋਲੀਆ, ਸਵਿਟਜ਼ਰਲੈਂਡ, ਨਿਊਜ਼ੀਲੈਂਡ, ਕੈਨੇਡਾ, ਜਾਪਾਨ, ਆਸਟ੍ਰੇਲੀਆ, ਆਸਟ੍ਰੀਆ, ਡੈਨਮਾਰਕ, ਫਰਾਂਸ, ਜਰਮਨੀ ਅਤੇ ਨੌਰਵੇ ਦੀ 99 ਪ੍ਰਤੀਸ਼ਤ ਹੈ, ਚੀਨ ਦੀ 84 ਪ੍ਰਤੀਸ਼ਤ ਹੈ, ਫਿਲੀਪੀਨਜ਼ ਦੀ 95 ਪ੍ਰਤੀਸ਼ਤ, ਮਲੇਸ਼ੀਆ ਦੀ 88 ਪ੍ਰਤੀਸ਼ਤ, ਮੈਕਸੀਕੋ ਦੀ 91 ਪ੍ਰਤੀਸ਼ਤ ਅਤੇ ਕੋਰੀਆ ਦੀ 98 ਪ੍ਰਤੀਸ਼ਤ ਹੈ।
    
ਜੇ ਭਾਰਤ ਦੇ ਮੱਥੇ ਤੋਂ ਬੱਚਿਆਂ ਉੱਤੇ ਹੁੰਦੇ ਜ਼ੁਲਮਾਂ ਦਾ ਕਲੰਕ ਲਾਹੁਣਾ ਹੈ ਤਾਂ ਹਰ ਬੱਚੇ ਲਈ ਪੜਾਈ ਮੁਫ਼ਤ ਤੇ ਲਾਜ਼ਮੀ ਕਰਨੀ ਹੀ ਪਵੇਗੀ। ਜੇ ਪੰਜਾਬ ਬੱਚਿਆਂ ਦੇ ਹੱਕਾਂ ਦੀ ਰਾਖ਼ੀ ਕਰਨ ਵਿੱਚ ਪਹਿਲੇ ਨੰਬਰ ਉੱਤੇ ਆ ਜਾਵੇ ਤਾਂ ਕਿੰਨੀ ਵਧੀਆ ਗੱਲ ਹੋਵੇਗੀ। ਇਸ ਵਾਸਤੇ ਹਰ ਐਨਆਰਆਈ ਆਪਣੇ ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਲੈਣ ਲੱਗ ਪੈਣ ਤਾਂ ਅੱਧੀ ਸਮੱਸਿਆ ਤਾਂ ਉਸੇ ਵੇਲੇ ਹੀ ਹੱਲ ਹੋ ਜਾਵੇਗੀ। ਇਸ ਨਾਲ ਸ਼ਾਇਦ ਸਰਕਾਰ ਵਿੱਚ ਕਿਸੇ ਨੂੰ ਸ਼ਰਮ ਵੀ ਆ ਜਾਵੇ ਤੇ ਉਹ ਵੀ ਭਾਸ਼੍ਹ ਤੋਂ ਇਲਾਵਾ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਲੱਗ ਪੈਣ।
    
ਇਸ ਤਰ੍ਹਾਂ ਦੀ ਮਦਦ ਲੋੜਵੰਦ ਬੱਚੇ ਜ਼ਿੰਦਗੀ ਭਰ ਯਾਦ ਰੱਖਦੇ ਹਨ ਤੇ ਮਦਦ ਕਰਨ ਵਾਲੇ ਨੂੰ ਰੱਬ ਸਮਝ ਕੇ ਪੂਜਦੇ ਵੀ ਰਹਿੰਦੇ ਹਨ। ਸਾਨੂੰ ਸਿਰਫ ਇੰਨਾ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਉਂਗਲ, ਜਿਹੜੀ ਸਾਡੇ ਹੰਝੂ ਪੂੰਜ ਦੇਵੇ, ਉਹ ਉਨ੍ਹਾਂ ਦਸ ਉਂਗਲਾਂ ਤੋਂ ਬਿਹਤਰ ਹੈ, ਜਿਹੜੀਆਂ ਸਾਨੂੰ ਸਾਹਮਣੇ ਵੇਖ ਤਾਂ ਤਾੜੀਆਂ ਮਾਰ ਦਿੰਦੀਆਂ ਹਨ, ਪਰ ਪਿੱਛੋਂ ਸਾਡੇ ਖ਼ਿਲਾਫ਼ ਜ਼ਹਿਰ ਘੋਲਦੀਆਂ ਰਹਿੰਦੀਆਂ ਹਨ।
    
ਮੈਂ ਤਾਂ ਇਸ ਵੇਲੇ ਤਿੰਨ ਸੌ ਕੁੜੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਹੀ ਹਾਂ ਤੇ ਮੈਨੂੰ ਪਤਾ ਲੱਗ ਚੁੱਕਿਆ ਹੈ ਕਿ ਹੋਰ ਵੀ ਕਈ ਲੋਕ ਇਸ ਭਲੇ ਪਾਸੇ ਵੱਲ ਲੱਗ ਚੁੱਕੇ ਹਨ। ਹੁਣ ਵੇਲਾ ਹੈ ਹਰ ਉਸ ਇਨਸਾਨ ਨੂੰ ਜਗਾਉਣ ਦਾ, ਜਿਹੜਾ ਯਕੀਨ ਰੱਖਦਾ ਹੈ ਕਿ ਦਸਵੰਧ ਕੱਢ ਕੇ ਕਮਾਈ ਵਿੱਚ ਵਾਧਾ ਹੀ ਹੁੰਦਾ ਹੈ, ਕਿ ਉਹ ਆਂਢ-ਗੁਆਂਢ ਝਾਤ ਮਾਰ ਕੇ ਘੱਟੋ-ਘੱਟ ਇੱਕ ਲੋੜਵੰਦ ਬੱਚੇ ਦੀ ਪੜਾਈ ਦਾ ਖ਼ਰਚਾ ਚੁੱਕੇ।

‘‘ਉਲਝਤੇ ਹੂਏ ਰਿਸ਼ਤੇ ਕੋ ਕੋਈ ਰੂਪ ਦੇ ਦੋ
ਖ਼ਿਲਤੇ ਹੂਏ ਗੁਲਾਬ ਕੋ ਥੋੜੀ ਧੂਪ ਦੇ ਦੋ
ਜ਼ਿੰਦਾ ਹੈਂ ਹਮ, ਇਸ ਲੀਏ
ਅਪਨੇ ਜ਼ਿੰਦਾ ਹੋਨੇ ਕਾ ਸਬੂਤ ਦੇ ਦੋ।’’


ਸੰਪਰਕ: 0175-2216783

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ