ਭਾਰਤੀ ਅੱਤਵਾਦੀ ਅਤੇ ਸ਼ਾਹਰੁਖ਼ ਦੀ ਸਕਿਉਰਿਟੀ -ਮੁਹੰਮਦ ਸ਼ੋਇਬ ਆਦਿਲ
Posted on:- 24-02-2013
ਪਿਛਲੇ ਦਿਨੀਂ ਜਦ ਭਾਰਤ ਦੇ ਵਜ਼ੀ-ਰੇ-ਦਾਖ਼ਲਾ ਨੇ ਬਿਆਨ ਦਿੱਤਾ ਕਿ BJP ਤੇ RSS ਦੇ ਕਾਰਕੁਨ ਅੱਤ ਵਾਦ ਦੀਆਂ ਕਈਆਂ ਵਾਰਦਾਤਾਂ ਵਿਚ ਸ਼ਾਮਿਲ ਨੇਂ ਜਿਹਨਾਂ ਅੰਦਰ ਕਈ ਪਾਕਿਸਤਾਨੀ ਤੇ ਹਿੰਦੁਸਤਾਨੀ ਮੁਸਲਮਾਨ ਮੋਏ ਨੇਂ ਤੇ ਸਾਡੇ ਬੁਨਿਆਦ ਪ੍ਰਸਤਾਂ ਦੀਆਂ ਤਾਂ ਜਿਵੇਂ ਵਰਾਛਾਂ ਖੁੱਲ ਗਈਆਂ ਨੇਂ। ਉਸ ਉਰਦੂ ਮਿਸਾਲ ਹਾਰ ``ਉਲਟਾ ਚੋਰ ਕੋਤਵਾਲ ਕੋ ਡਾਂਟੇ`` ਭਾਰਤ ਵਿਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਆਖਿਆ ਏ 'ਬਈ ਅਸੀਂ ਆਹੰਦੇ ਸਾਂ ਨਾ ਭਾਰਤ ਇਕ ਅੱਤਵਾਦੀ ਮੁਲਕ ਹੈ। ਹਿੰਦੂ ਕਦੇ ਵੀ ਮੁਸਲਮਾਨ ਦਾ ਦੋਸਤ ਨਹੀਂ ਹੋ ਸਕਦਾ ਵਗ਼ੈਰਾ ਵਗ਼ੈਰਾ। ਅਜੇ ਇਹ ਬਹਿਸ ਚੱਲ ਰਹੀ ਸੀ ਕਿ ਉਸ ਵਿਚਾਲੇ ਮਸ਼ਹੂਰ ਭਾਰਤੀ ਅਦਾਕਾਰ ਸ਼ਾਹਰੁਖ਼ ਖ਼ਾਨ ਜਿਹੜਾ ਕਿ ਭਾਰਤ ਦੀ ਫ਼ਿਲਮ ਇੰਡਸਟਰੀ ਵਿਚ ਸੁਪਰਸਟਾਰ ਦਾ ਮੁਕਾਮ ਰੱਖਦਾ ਹੈ ਨੇ ਆਪਣੇ ਮਜ਼ਮੂਨ ਵਿਚ ਇਹ ਲਿਖ ਛੋੜਿਆ ਕਿ ਮੈਨੂੰ ਮੁਸਲਮਾਨ ਹੋਣ ਦੀ ਵਜ੍ਹਾ ਨਾਲ ਹਿੰਦੁਸਤਾਨ ਵਿਚ ਹਿੰਦੂਆਂ ਵੱਲੋਂ ਤਆਸੁਬ ਦਾ ਸਾਹਮਣਾ ਕਰਨਾ ਪੈਂਦਾ ਏ।
ਸ਼ਾਹਰੁਖ਼ ਦੇ ਬਿਆਨ ਮਗਰੋਂ ਨਾਲ ਈ ਬੁਨਿਆਦਪ੍ਰਸਤ ਅਖ਼ਬਾਰੀ ਲੇਖਕਾਂ ਜੋ ਕਿ ਅੱਜ ਕਲ੍ਹ ਲਿਬਰਲ ਇਜ਼ਮ ਦਾ ਮਖੌਟਾ ਪਹਿਨ ਕੇ ਇਕ ਵਾਰੀ ਮੁੜ ਭਾਰਤੀ ਸੈਕੂਲਰ ਇਜ਼ਮ ਦੀਆਂ ਧੱਜੀਆਂ ਉਡਾ ਦਿਤੀਆਂ ਹੁਣ ਇਨ੍ਹਾਂ ਸਭਨਾਂ ਨੂੰ ਪਾਕਿਸਤਾਨ ਵਿਚ ਮਨਾਰਟੀ ਨਾਲ ਹੋਣ ਵਾਲੇ ਧਰੋ ਤੇ ਇਨ੍ਹਾਂ ਦਾ ਕਤਲੇਆਮ ਸਭਨਾਂ ਨੂੰ ਵਿਸਰ ਗਿਆ ਹੈ ਤੇ ਉਨ੍ਹਾਂ ਨੂੰ ਸ਼ਾਹਰੁਖ਼ ਦੀ ਸਕਿਉਰਿਟੀ ਦੀ ਫ਼ਿਕਰ ਪੈ ਗਈ ਏ। ਇਹ ਉਹ ਮਜ਼੍ਹਬੀ ਆਗੂ ਤੇ ਅਖ਼ਬਾਰੀ ਲੇਖਕ ਹਨ ਜਿਹੜੇ ਹਿੰਦੂਆਂ ਦੀਆਂ ਕੁੜੀਆਂ ਨੂੰ ਅਗ਼ਵਾ ਕਰਨ ਤੇ ਮੁੜ ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਕਰਨ ਤੇ ਚੁਪ ਵੱਟ ਲੈਂਦੇ ਹਨ। ਹਾਫ਼ਿਜ਼ ਸਈਦ ਨੇ ਤੇ ਬਾਕਾਆਦਾ ਪ੍ਰੈੱਸ ਕਾਨਫ਼ਰੰਸ ਕਰ ਦਿਤੀ ਤੇ ਸ਼ਾਹਰੁਖ਼ ਨੂੰ ਪਾਕਿਸਤਾਨ ਆਉਣ ਦੀ ਦਾਅਵਤ ਦੇ ਦਿਤੀ ਤੇ ਆਖਿਆ ਕਿ ਉਹ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਰਾਖੀ ਦੇਵਣਗੇ। ਸਾਡੇ ਵਜ਼ੀ-ਰੇ-ਦਾਖ਼ਲਾ ਰਹਿਮਾਨ ਮਲਿਕ ਵੀ ਭਾਰਤੀ ਸਫ਼ਾਰਤਖ਼ਾਨੇ ਜਾ ਕੇ ਬੜੇ ਚਹਿਕੇ। ਉਹ ਪਾਕਿਸਤਾਨ ਵਿੱਚ ਨਿੱਤ ਦਿਹਾੜੇ ਮਰਨ ਵਾਲਿਆਂ ਨੂੰ ਸਿਕੋਰਟੀ ਤਾਂ ਦੇ ਨਹੀਂ ਸਕਦੇ ਮਗਰ ਭਾਰਤ ਤੋਂ ਮੰਗ ਕਰ ਦਿਤੀ ਕਿ ਉਹ ਸ਼ਾਹਰੁਖ਼ ਦੀ ਸਕਿਉਰਿਟੀ ਦਾ ਪ੍ਰਬੰਧ ਕਰਨ।
ਪਾਕਿਸਤਾਨ ਵੱਲੋਂ ਲਗਾਤਾਰ ਬਿਆਨ ਬਾਜ਼ੀ ਤੋਂ ਬਾਅਦ ਸ਼ਾਹਰੁਖ਼ ਖ਼ਾਨ ਨੇ ਆਪਣੇ ਇਕ ਬਿਆਨ ਵਿਚ ਕਹਿਆ ਕਿ ਪਹਿਲੀ ਗੱਲ ਤਾਂ ਇਹ ਕਿ ਬਹੁਤੇ ਪਾਕਿਸਤਾਨੀਆਂ ਮੇਰੇ ਮਜ਼ਮੂਨ ਨੂੰ ਪੜ੍ਹਿਆ ਈ ਨਹੀਂ ਜੇਕਰ ਪੜ੍ਹਿਆ ਵੀ ਹੈ ਤਾਂ ਗ਼ੌਰ ਕਰਨ ਗਵਾਰਾ ਨਹੀਂ ਕੀਤਾ। ਮੈਂ ਲਿਖਿਆ ਸੀ ਕਿ ``ਕਿਸੇ ਕਿਸੇ ਥਾਂ ਮੈਨੂੰ ਮੁਸਲਮਾਨ ਹੋਣ ਕਾਰਨ ਬੁਨਿਆਦ ਪ੍ਰਸਤਾਂ ਵੱਲੋਂ ਕਰੜੇ ਵਿਹਾਰ ਦਾ ਸਾਹਮਣਾ ਕਰਨਾ ਪੈਂਦਾ ਏ।ਤੇ ਬੁਨਿਆਦ ਪ੍ਰਸਤਾਂ ਵੱਲੋਂ ਅਜਿਹਾ ਵਿਹਾਰ ਹਰ ਦੇਸ ਵਿਚ ਹੁੰਦਾ ਹੈ`` ਇਸ ਨੂੰ ਆਖੀਦਾ ਏ ਗੱਲ ਦਾ ਪਤੰਗੜ ਬਨਾਣਾ । ਅਸਲ ਵਿਚ ਪਾਕਿਸਤਾਨ ਤੇ ਇੰਡੀਆ ਵਿਚਾਲੇ ਨਿਸਾਬ ਤੇ ਮੀਡੀਆ ਰਾਹੀਂ ਇਹ ਵੈਰ ਬਹੁਤਾ ਵਡਿਆਇਆ ਗਿਆ ਹੇ ਕਿ ਨਿਕਾ ਜਿਹਾ ਵਾਕਿਆ ਦੋਹਾਂ ਦੇਸਾਂ ਵਿਚਾਲੇ ਚੰਗੇ ਸਬੰਧਾਂ ਨੂੰ ਜ਼ੀਰੋ ਕਰ ਦਿੰਦਾ ਹੈ ਜਿਸ ਦਾ ਬੁਨਿਆਦੀ ਕਾਰਨ ਕਿ ਅਸੀਂ ਭਾਰਤ ਨਾਲ ਦੋਸਤੀ ਵਿਚ ਮੁਖ਼ਲਿਸ ਨਹੀਂ ਤੇ ਮਜਬੂਰੀ ਵਿਚ ਦੋਸਤੀ ਦੀਆਂ ਗੱਲਾਂ ਕਰਦੇ ਹਾਂ। ਤੇ ਜਿਵੇਂ ਕੋਈ ਮਾਅਮੂਲੀ ਜਿਹੀ ਵਾਪਰੀ ਵਾਪਰ ਜਾਂਦੀ ਹੇ ਅਸੀਂ ਬੰਦੂਕਾਂ ਸਿੱਧੀਆਂ ਕਰ ਲੈਨੇ ਆਂ ਤੇ ਹਿੰਦੂ ਇਨ੍ਹਾਂ ਸਭਨਾਂ ਨੂੰ ਸਾਜ਼ਸ਼ੀ ਲੱਗਣ ਲੱਗ ਪੈਂਦਾ ਹੈ।
ਅਤਾਉਲ ਹਕ ਕਾਸਮੀ ਇਕ ਮੰਨਿਆ ਪ੍ਰਮਨਿਆ ਪੱਤਰਕਾਰ ਹੈ ਜਨਾਬ ਸਾਰੀ ਉਮਰ ਆਪਣੀਆਂ ਲਿਖਤਾਂ ਵਿਚ ਖੱਬੇ ਧੜੇ ਤੇ ਲਆਨਤਾਂ ਪਾਉਂਦੇ ਰਹੇ ਨੇਂ ਸਗੋਂ ਕਈ ਥਾਵਾਂ ਤੇ ਗਾਲ੍ਹਾਂ ਤੀਕਰ ਦਾ ਸਹਾਰਾ ਲਿਆ ਨੇਂ। ਬੁਨਿਆਦੀ ਤੌਰ ਤੇ ਕਹਾਣੀਕਾਰ ਨੇਂ ਤੇ ਆਪਣੇ ਕਾਲਮ ਵਿਚ ਦਲੀਲਾਂ ਨਾਲ ਆਪ ਮੁਹਾਰੀਆਂ ਪਰੁਚੀਆਂ ਹੋਣੀਆਂ ਆਪੋ ਘੜ ਲੈਂਦੇ ਨੇਂ। ਵਣਗੀ ਵੱਜੋਂ ਉਹ ਆਪਣੇ ਪਿਛਲੇ ਦਿਨੀਂ ਲਿਖੇ ਕਾਲਮ ਵਿਚ ਲਿਖਦੇ ਹਨ: ਭਾਰਤੀ ਅੇਰਪੋਰਟ ਤੇ ਇਕ ਪਾਕਿਸਤਾਨੀ ਨੌਜਵਾਨ ਨਾਲ ਮੁਲਾਕਾਤ ਹੋਈ ਜਿਹੜਾ ਇੰਡੀਆ ਦੇ ਕਿਸੇ ਦੂਰ ਦੁਰਾਡੇ ਇਲਾਕੇ ਵਿਚ ਸਥਿਤ ਇਕ ਯੂਨੀਵਰਸਿਟੀ ਵਿਚ ਤਾਲੀਮ ਹਾਸਲ ਕਰਦਾ ਸੀ। ਉਹ ਪੜ੍ਹਿਆਰ ਆਪਣੇ ਦੂਜੇ ਸੰਗੀ ਪੜ੍ਹਿਆਰਾਂ ਦੇ ਵਿਹਾਰ ਤੋਂ ਚੋਖਾ ਪ੍ਰੇਸ਼ਾਨ ਲਗਦਾ ਸੀ। ਉਹਨੇ ਦੱਸਿਆ ਕਿ ਇਕ ਦਿਹਾੜੇ ਉਹ ਯੂਨੀਵਰਸਟੀਉਂ ਬਾਹਰ ਨਿਕਲਿਆ ਤੇ ਕਿੱਧਰੇ ਜਾਵਣ ਲਈ ਇਕ ਮੋਟਰ ਸਾਈਕਲ ਸਵਾਰ ਜਵਾਨ ਤੋਂ ਲਿਫ਼ਟ ਮੰਗੀ। ਸਫ਼ਰ ਦੌਰਾਨ ਮੋਟਰ ਸਾਈਕਲ ਵਾਲੇ ਪੁੱਛਿਆ ਬਈ ਤੁਸੀਂ ਕਿਥੋਂ ਦੇ ਰਹਿਣ ਵਾਲੇ ਓ? ਉਸ ਪੜ੍ਹੀਆਰ ਨੇ ਪਾਕਿਸਤਾਨ ਦਾ ਨਾਂ ਲਿਆ।ਤੇ ਉਸ ਮੋਟਰ ਸਾਈਕਲ ਵਾਲੇ ਨੇ ਬਰੇਕ ਲਾਈ ਤੇ ਕਹਿਣ ਲੱਗਾ: ਉਤਰ ਜਾ।ਮੈਂ ਕਿਸੇ ਪਾਕਿਸਤਾਨੀ ਨੂੰ ਲਿਫ਼ਟ ਨਹੀਂ ਦੇ ਸਕਦਾ`` ਭਲਾ ਹੋਵੇ ਇਹ ਹੋਣੀ ਕਿਧਰੇ ਕਾਸਮੀ ਸਾਹਿਬ ਹੋਰਾਂ ਨਾਲ ਨਹੀਂ ਵਾਪਰ ਗਈ। ਅਜਿਹੀਆਂ ਹੋਣੀਆਂ ਕੋਈ ਅਨ-ਹੋਣੀਆਂ ਨਹੀਂ ਤੇ ਵਾਹਗੇ ਦੇ ਦੋਹਾਂ ਬੱਨੇ ਇਹ ਸੱਭ ਕਝਾ ਹੁੰਦਾ ਏ। ਜਦ ਕਿ ਇਸ ਦੇ ਮੁਕਾਬਲੇ ਵਿਚ ਅਜਿਹੀਆਂ ਦਰਜਨਾਂ ਵਾਪਰੀਆਂ ਵੀ ਹਨ ਜਿਹਨਾਂ ਵਿਚ ਭਾਰਤੀਆਂ ਨੇ ਪਾਕਿਸਤਾਨੀਆਂ ਨੂੰ ਖਿੜੇ ਮੱਥੇ ਜੀ ਆਇਆਂ ਆਖਿਆ।
ਅਸਲ ਗੱਲ ਇਹ ਵੇ ਕਿ ਕਿਸੇ ਨਾ ਕਿਸੇ ਢੰਗ ਨਾਲ ਦੋਹਾਂ ਵਿਚਾਲੇ ਘਿਰਨਾ ਪੈਦਾ ਕੀਤੀ ਜਾਵੇ। ਕਾਸਿਮੀ ਜੀ ਹੋਰ ਲਿਖਦੇ ਨੇਂ ਕਿ ਸਾਡੇ ਖ਼ਰਾਬ ਹਾਲਾਤ ਦੀ ਵਜ੍ਹਾ ਨਾਲ ਭਾਰਤੀ ਸਾਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਹਨ ਤੇ ਇਨ੍ਹਾਂ ਵਿਚ ਇਕ ਝੱਲ ਪੁਣੇ ਜਿਹੀ ਦੇਸ਼ ਭਗਤੀ ਜਨਮ ਲੈ ਚੁਕੀ ਹੈ। ਮਤਲਬ ਅਸੀਂ ਕੁੱਝ ਵੀ ਕਹਿ ਲੀਏ ਉਹ ਠੀਕ ਜੇ ਉਹ ਕਰਨ ਤੇ ਝੱਲ ਪੁਣੇ ਜਿਹੀ ਦੇਸ਼ ਭਗਤੀ ਆਖ ਦਿਤਾ ਜਾਵੇ।
ਕਾਸਮੀ ਸਾਹਿਬ ਨੇ ਆਪਣੇ ਇਕ ਕਾਲਮ ਵਿਚ ਮਸ਼ਹੂਰ ਫ਼ਨਕਾਰਾ ਬੁਸ਼ਰਾ ਅੰਸਾਰੀ ਨੂੰ ਭਾਰਤ ਤੇ ਲਆਨ ਤਆਨ ਕਰਨ ਤੇ ਚੰਗੀ ਤਨਕੀਦ ਕੀਤੀ। ਉਹ ਲਿਖਦੇ ਹਨ ਕਿ ਬੁਸ਼ਰਾ ਅੰਸਾਰੀ ਅਹਿਮਦ ਬਸ਼ੀਰ ਜਿਹੇ ਦਬੰਗ ਪਾਕਿਸਤਾਨੀ ਦੀ ਧੀ ਤੇ ਪ੍ਰਸਿੱਧ ਡਰਾਮਾ ਪ੍ਰੋਡਿਊਸਰ ਇਕਬਾਲ ਅੰਸਾਰੀ ਦੀ ਪਤਨੀ ਹੈ।
ਕਾਸਮੀ ਸਾਹਿਬ ਅੱਜ 2013 ਵਿਚ ਅਹਿਮਦ ਬਸ਼ੀਰ ਜੀ ਹੋਰਾਂ ਨੂੰ ਦਬੰਗ ਪਾਕਿਸਤਾਨੀ ਆਖਦੇ ਪਏ ਨੇਂ ਜਦ ਕਿ ਅਤੀਤ ਵਿਚ ਅਹਿਮਦ ਬਸ਼ੀਰ ਹੋਰਾਂ ਨੂੰ ਕਦੇ ਚੰਗੇ ਲਫ਼ਜ਼ਾਂ ਵਿਚ ਯਾਦ ਨਹੀਂ ਕੀਤਾ ਗਿਆ। ਕਾਸਮੀ ਜੀ ਹੋਰ ਲਿਖਦੇ ਹਨ ਕਿ ਦਿਲੀ ਵਿਚ ਸਾਡਾ ਸਫ਼ਾਰਤ ਖ਼ਾਨਾ ਇੰਡੀਅਨ ਲਿਖਾਰੀਆਂ, ਸੂਝਵਾਨਾਂ ਤੇ ਕਲਾਕਾਰਾਂ ਲਈ ਬੜੀ ਖੁੱਲ ਦਿਲੀ ਦਾ ਵਖਾਲਾ ਕਰੇਂਦਾ ਹੈ ਤੇ ਬੜੇ ਸਤਿਕਾਰ ਨਾਲ ਉਨ੍ਹਾਂ ਨੂੰ ਵੀਜ਼ੇ ਇਸ਼ੂ ਕਰਦਾ ਏ ਪਰ ਸਾਡੇ ਪਾਕਿਸਤਾਨੀਆਂ ਨਾਲ ਹੋਣ ਵਾਲਾ ਮੰਦਾ ਵਿਹਾਰ ਕਿਸੇ ਦੀ ਸੋਚ ਦਾ ਸ਼ੀਸ਼ਾ ਹੁੰਦਾ ਹੈ ਇਸ ਦਾ ਅੰਦਾਜ਼ਾ ਲਾਵਣ ਲਈ ਬੁਸ਼ਰੀ ਅੰਸਾਰੀ ਕਿਸੇ ਦਿਹਾੜੇ ਇੰਡੀਆ ਦਾ ਵੀਜ਼ਾ ਅਪਲਾਈ ਕਰਕੇ ਵੇਖਣ ਇਸ ਵੀਜ਼ੇ ਨੂੰ ਹਾਸਿਲ ਕਰਨ ਦੌਰਾਨ ਜੇ ਉਨ੍ਹਾਂ ਨੂੰ ਦਿਨੇਂ ਤਾਰੇ ਨਾ ਨਜ਼ਰ ਆਨ ਤਾਂ ਕਹਿਣਾਂ। ਉਹ ਬੇ-ਸ਼ੱਕ ਭਾਰਤ ਵਿਚ ਵਧਦੇ ਹੋਏ ਹਿੰਦੂ ਅੱਤਵਾਦ ਨੂੰ ਅੱਖੋਂ ਪਰੋਖੇ ਰੱਖਦੇ ਹੋਏ ਪਾਕਿਸਤਾਨ ਦੇ ਅਣ-ਡਿਠੇ ਅੱਤਵਾਦ ਨੂੰ ਨਿੰਦੇ ਰਹਿਣ। ਮੇਰਾ ਭਾਰਤ ਕਈ ਵਾਰੀ ਜਾਣਾ ਹੋਇਆ ਮਗਰ ਮੇਰੇ ਨਾਲ ਕਦੇ ਇੰਝ ਨਹੀਂ ਹੋਇਆ। ਹਾਂ ਇੰਝ ਦੀਆਂ ਹੋਣੀਆਂ ਵਰਤਦੀਆਂ ਨੇਂ ਤੇ ਉਹ ਦੋਹਾਂ ਬੱਨੇ ਨੇਂ।
ਭਾਰਤ ਦੇ ਵਜ਼ੀ-ਰ-ਦਾਖ਼ਲਾ ਮੰਨਿਆ ਕਿ ਸਾਡੇ ਇੱਧਰ ਕੁਝ ਇੰਤਹਾਪਸੰਦ ਜਮਾਅਤਾਂ ਅੱਤ ਵਾਦ ਦੀਆਂ ਵਾਰਦਾਤਾਂ ਵਿਚ ਸ਼ਾਮਿਲ ਨੇਂ ਜਦ ਕਿ ਸਾਡੀ ਸਰਕਾਰ ਅਜੇ ਤੱਕ ਇਹ ਮੰਨਣ ਨੂੰ ਤਿਆਰ ਨਹੀਂ ਤੇ ਉਹ ਅੱਤਵਾਦ ਨੂੰ ਭਾਰਤੀ ਸਾਜ਼ਿਸ਼ ਦੱਸਦੇ ਨੇਂ। ਭਾਰਤ ਤੇ ਪਾਕਿਸਤਾਨ ਦੇ ਅੱਤ ਵਾਦ ਦਾ ਬੁਨਿਆਦੀ ਫ਼ਰਕ ਇਹ ਵੇ ਕਿ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਅੱਤ ਵਾਦੀਆਂ ਦੀ ਸਰਪ੍ਰਸਤੀ ਕਰਦੀ ਹੈ ਜਦ ਕਿ ਭਾਰਤ ਵਿਚ ਇੰਝ ਨਹੀਂ ਹੁੰਦਾ।
ਓਧਰ ਜੇ ਮਾਲੀਗਾਉਂ ਧਮਾਕੇ ਵਿਚ ਫ਼ੌਜ ਦਾ ਕਰਨਲ ਵੀ ਸ਼ਾਮਿਲ ਹੈ ਤਾਂ ਉਸ ਨੂੰ ਵੀ ਕਨੂੰਨ ਮੁਤਾਬਿਕ ਸਜ਼ਾ ਦਿਤੀ ਵੇਂਦੀ ਏ ਜਦ ਕਿ ਸਾਡੇ ਵੱਲ ਇਹ ਨਾਮੁਮਕਿਨ ਏ। ਸਾਡੇ ਪਾਸੇ ਤਾਂ ਜੁਮੇ ਦੀ ਨਮਾਜ਼ ਦੇ ਇਕੱਠਾਂ ਵਿਚ ਯਾ ਈਦ ਤੇ ਦਹਿਸ਼ਤ ਗਰਦ ਖੁਲਮ ਖੁੱਲਾ ਸਟੇਜ ਤੇ ਚੜ੍ਹ ਕੇ ਭਾਰਤ ਨੂੰ ਤਬਾਹ ਕਰਨ ਦੇ ਦਾਅਵੇ ਕਰਦੇ ਨੇਂ ਤੇ ਹਰ ਮਹੀਨੇ ਆਪਣੇ ਰਸਾਲਿਆਂ ਵਿਚ ਉਹ ਭਾਰਤ ਵਿਚ ਅੱਤ ਵਾਦ ਫੀਲਾਵਨ ਦਾ ਖੁੱਲਾ ਵਰਨਣ ਕਰਦੇ ਹਨ ਮਗਰ ਕਾਸਮੀ ਐਂਡ ਕੰਪਨੀ ਨੂੰ ਕਦੇ ਇਨ੍ਹਾਂ ਦੀ ਨਿੰਦਿਆ ਕਰਨ ਦਾ ਹੌਸਲਾ ਨਹੀਂ ਪਿਆ ਉਲਟਾ ਉਨ੍ਹਾਂ ਨੂੰ ਗੁਮਨਾਮ ਚਿਹਰੇ ਕਰਾਰ ਦਿੰਦੇ ਨੇਂ।
ਸ਼ੀਆ ਟੱਬਰ ਦੀ ਨਸਲ ਕਸ਼ੀ ਜਾਰੀ ਏ ਤੇ ਲਸ਼ਕਰੇ ਝੰਗਵੀ ਇਸ ਦੀ ਜ਼ਿੰਮਾਦਾਰੀ ਕਬੂਲਦੀ ਹੈ ਮਗਰ ਉਹ ਗੁਮਨਾਮ ਚਿਹਰੇ ਆਖਣ ਤੇ ਜ਼ੋਰ ਦਿਤੀ ਖਲੇ ਨੇਂ। ਜੇਕਰ ਬਾਲ ਠਾਕਰੇ ਕੋਈ ਗੱਲ ਕਰ ਦੇਵੇ ਤਾਂ ਸਾਡੇ ਪੱਤਰਕਾਰ ਤੂਫ਼ਾਨ ਖੜਾ ਕਰ ਦਿੰਦੇ ਨੇਂ। ਅਜੇ 5 ਫ਼ਰਵਰੀ ਨੂੰ ਜਿਸ ਤਰ੍ਹਾਂ ਦੀ ਜ਼ਬਾਨ ਤੇ ਅਲਕਾਬਾਤ ਇਸਤਮਾਲ ਕੀਤੇ ਗਏ ਨੇਂ ਇੰਟਰਨੈਸ਼ਨਲ ਮੀਡੀਆ ਨੇ ਇਸ ਨੂੰ ਰਿਪੋਰਟ ਕੀਤਾ ਹੈ ਮਗਰ ਅਸੀਂ ਲਗਾਤਾਰ ਮੈਂ ਨਾ ਮਨਾਂ ਵਾਲੀ ਹਾਲਤ ਦਾ ਸ਼ਿਕਾਰ ਹਾਂ। ਇਨ੍ਹਾਂ ਦੀ ਨਿੰਦਿਆ ਕਰਨ ਨੂੰ ਕੋਈ ਤਿਆਰ ਨਹੀਂ। ਤੇ ਇੰਝ ਭਾਰਤ ਵਿਚ ``ਝੱਲ ਪੁਣੇ ਦੀ ਦੇਸ਼ ਭਗਤੀ`` ਹੀ ਜਨਮ ਲੈ ਸਕਦੀ ਹੈ। ਇਹ ਵੀ ਸ਼ੁੱਕਰ ਏ ਕਿ ਕਾਸਮੀ ਸਾਹਿਬ ਉਨ੍ਹਾਂ ਨੂੰ ਮੁਸਲਮਾਨ ਤਸਲੀਮ ਕਰ ਲਿਆ ਹੈ ਜਦ ਕਿ ਪੱਕੇ ਮੁਸਲਮਾਨ (ਯਾਸਿਰ ਪੀਰਜ਼ਾਦਾ) ਨੇ ਤਾਂ ਆਪਣੇ ਕਾਲਮ ਵਿਚ ਉਨ੍ਹਾਂ ਨੂੰ ਮੁਸਲਮਾਨ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ।
ਇਹ ਅਲੱਗ ਗੱਲ ਹੈ ਕਿ ਜੇ ਸ਼ਾਹਰੁਖ਼ ਪਾਕਿਸਤਾਨ ਆ ਗਏ ਤਾਂ ਫਿਰ ਉਹ ਫ਼ਿਲਮ ਇੰਡਸਟਰੀ ਜਿਹੀ ਗੰਦੀ ਥਾਂ ਨੂੰ ਛੱਡ ਕੇ ਕਸ਼ਮੀਰ ਦੇ ਜਹਾਦ ਲਈ ਤਿਆਰ ਹੋ ਜਾਵਣਗੇ। ਉਂਜ ਵੀ ਤਾਂ ਇਕ ਮੰਨਿਆ ਪ੍ਰਮਨਿਆ ਕ੍ਰਿਕਟਰ ਯੂਸੁਫ਼ ਯੂਹਨਾ ਨੂੰ ਵੀ ਕੌਮੀ ਕ੍ਰਿਕਟ ਟੀਮ ਵਿਚ ਥਾਂ ਬਣਾਉਣ ਲਈ ਮੁਹੰਮਦ ਯੂਸੁਫ਼ ਬਣਨਾ ਪਿਆ।
mani sandhu
great ji....bht wdia likhia....