Thu, 21 November 2024
Your Visitor Number :-   7252375
SuhisaverSuhisaver Suhisaver

ਹੁਣ ਅਮਰੀਕੀ ਵਧੀਕੀਆਂ ਵਿਰੁੱਧ ਕੁਸਕਦੇ ਨਹੀਂ ਯੂਰਪੀ ਦੇਸ਼ -ਪੁਸ਼ਪਿੰਦਰ ਸਿੰਘ

Posted on:- 17-02-2013

ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਦੁਨੀਆਂ ਦੀ ਸਭ ਤੋਂ ਵੱਡੀ ਸੈਨਿਕ ਅਤੇ ਆਰਥਿਕ ਸ਼ਕਤੀ ਬਣ ਕੇ ਉਭਰਿਆ। ਦੂਸਰੇ ਵਿਸ਼ਵ ਯੁੱਧ ਦਾ ਅੰਤ ਅਮਰੀਕਾ ਵੱਲੋਂ ਜਾਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਕੀ ਉੱਪਰ ਕ੍ਰਮਵਾਰ 6 ਅਤੇ 9 ਅਗਸਤ 1945 ਨੂੰ ਐਟਮੀ ਬੰਬ ਸੁੱਟਣ ਨਾਲ ਹੋਇਆ। 2 ਸਤੰਬਰ ਨੂੰ ਜਾਪਾਨ ਨੇ ਆਤਮ-ਸਮਰਪਣ ਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦਿੱਤੇ ਸਨ। ਦੁਨੀਆਂ ਦੀ ਇਸ ਸਭ ਤੋਂ ਵੱਡੀ ਤ੍ਰਾਸਦੀ ਵਿੱਚ 1 ਲੱਖ 50 ਹਜ਼ਾਰ ਤੋਂ 2 ਲੱਖ 46 ਹਜ਼ਾਰ ਤੱਕ ਲੋਕ ਮਰ ਗਏ ਸਨ।
    
ਇੱਕ ਯੁੱਧ ਦਾ ਅੰਤ ਤਾਂ ਹੋ ਗਿਆ, ਪਰ ਇੱਕ ਹੋਰ ਯੁੱਧ ਸ਼ੁਰੂ ਹੋ ਗਿਆ, ਜੋ ਅਜੇ ਤੱਕ ਚੱਲ ਰਿਹਾ ਹੈ। ਅਮਰੀਕਾ ਦਾ ਦੁਨੀਆਂ ਦੀ ਮਹਾਂਸ਼ਕਤੀ ਬਣਨ ਦਾ ਅਤੇ ਕਮਜ਼ੋਰ ਮੁਲਕਾਂ ਤੋਂ ਆਪਣੀ ਈਨ ਮਨਵਾਉਣ ਦਾ ਯੁੱਧ। ਯੁੱਧ ਦਾ ਬਹਾਨਾ ਕੋਈ ਵੀ ਹੋ ਸਕਦਾ ਹੈ, ਮੁਲਕਾਂ ਨੂੰ ਜਮਹੂਰੀਅਤ ਦੇ ਨਿਯਮ ਸਿਖਾਉਣਾ, ਜਨਤਾ ਨੂੰ ਕਠੋਰ ਸ਼ਾਸਕਾਂ ਦੇ ਜ਼ੁਲਮ ਤੋਂ ਬਚਾਉਣਾ, ਅੱਤਵਾਦ ਦਾ ਖ਼ਾਤਮਾ ਕਰਨਾ ਆਦਿ।
    
ਅਮਰੀਕਾ ਵੱਲੋਂ ਯੁੱਧ ਜਾਰੀ ਹੈ ਤੇ ਲੱਗਦਾ ਹੈ ਜਿਵੇਂ ਯੂਰਪ ਵਿੱਚ ਉਸ ਦੀ ਸਰਦਾਰੀ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਬਚਿਆ। ਯੂਰਪ ਦੇ ਸਾਮਰਾਜੀ ਦੇਸ਼ਾਂ ਬਰਤਾਨੀਆ, ਪੁਰਤਗਾਲ, ਸਪੇਨ, ਫਰਾਂਸ ਆਦਿ ਨੇ 19ਵੀਂ, 20ਵੀਂ ਸਦੀ ਵਿੱਚ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਨੂੰ ਆਪਣੀਆਂ ਬਸਤੀਆਂ ਬਣਾਈ ਰੱਖਿਆ, ਇਹ ਇਤਿਹਾਸ ਦੇ ਖ਼ਲਨਾਇਕ ਰਹੇ ਹਨ। ਪਰ ਫਿਰ ਵੀ ਬਸਤੀਵਾਦ ਦੇ ਦੌਰ ਤੋਂ ਬਾਅਦ ਇੱਕ ਸਮਾਂ ਸੀ, ਜਦੋਂ ਪੱਛਮੀ ਯੂਰਪ ਦੇ ਦੇਸ਼ ਦੇ ਨੇਤਾ ਅਮਰੀਕਾ ਦੀਆਂ ਵਧੀਕੀਆਂ ਨੂੰ ਗ਼ਲਤ ਕਹਿੰਦੇ ਸਨ, ਨਿੰਦਾ ਕਰਦੇ ਸਨ, ਮਾਨਵੀ ਹੱਕਾਂ 'ਤੇ ਪਹਿਰਾ ਦਿੰਦੇ ਸਨ, ਜੋ ਅੱਜ ਨਹੀਂ ਹੈ। ਹੁਣ ਤਾਂ ਲੱਗਦਾ ਹੈ ਜਿਵੇਂ ਯੂਰਪ ਅਮਰੀਕਾ ਦੀ ਬਸਤੀ ਬਣ ਗਿਆ ਹੈ। ਉਸ ਦਾ ਹੁਕਮ ਮੰਨਿਆ ਜਾ ਰਿਹਾ ਹੈ, ਉਸ ਦੇ ਜ਼ੁਲਮ ਨੂੰ ਰੋਕਿਆ ਨਹੀਂ, ਸਗੋਂ ਉਸ ਦਾ ਸਾਥ ਦਿੱਤਾ ਜਾ ਰਿਹਾ ਹੈ।

ਅੱਜ ਤੋਂ 40 ਸਾਲ ਪਹਿਲਾਂ ਅਮਰੀਕਾ ਨੇ ਕ੍ਰਿਸਮਿਸ ਦੇ ਮੌਕੇ ਵੀਅਤਨਾਮ 'ਤੇ ਬੰਬਾਰੀ ਬੰਦ ਕਰਨ ਤੇ ਪੈਰਿਸ ਸ਼ਾਂਤੀਵਾਰਤਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਸ ਵਕਤ ਦੇ ਪੱਛਮੀ ਯੂਰਪ ਦੇ ਨੇਤਾ ਅਮਰੀਕਾ ਬਾਰੇ ਕੀ ਸੋਚਦੇ ਸਨ?, ਧਿਆਨਯੋਗ ਹੈ। ਸਵੀਡਨ ਦੇ ਪ੍ਰਧਾਨ ਮੰਤਰੀ ਓਲੋਫ਼ ਪਾਮੇ ਨੇ ਵੀਅਤਨਾਮ ਵਿੱਚ ਅਮਰੀਕਾ ਦੇ ਅੱਤਿਆਚਾਰਾਂ ਦੀ ਤੁਲਨਾ ਹਿਟਲਰ ਦੇ ਨਾਜ਼ੀਵਾਦ ਨਾਲ ਕਰਦਿਆਂ ਕਿਹਾ ਸੀ : ਸਾਨੂੰ ਘਟਨਾਵਾਂ ਨੂੰ ਸਹੀ ਨਾਂ ਨਾਲ ਬਿਆਨ ਕਰਨਾ ਚਾਹੀਦਾ ਹੈ। ਜੋ ਅੱਜ ਵੀਅਤਨਾਮ ਵਿੱਚ ਹੋ ਰਿਹਾ ਹੈ, ਅੱਤਿਆਚਾਰ ਦੀ ਇੱਕ ਕਿਸਮ ਹੈ। ਵੀਅਤਨਾਮ ਉੱਤੇ ਹੋ ਰਹੀ ਬੰਬਾਰੀ ਨੂੰ ਕਿਸੇ ਵੀ ਫੌਜੀ ਨੁਕਤੇ ਤੋਂ ਸਹੀ ਸਾਬਤ ਨਹੀਂ ਕੀਤਾ ਜਾ ਸਕਦਾ। ਲੋਕਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਇੱਕ ਕੌਮ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਤੁਹਾਡੀ ਈਨ ਮੰਨ ਲਵੇ। ਅਜੋਕੇ ਸਮੇਂ ਵਿੱਚ ਅਜਿਹੇ ਅੱਤਿਆਚਾਰ ਕੀਤੇ ਗਏ ਹਨ ਤੇ ਇਨ੍ਹਾਂ ਦੀਆਂ ਕਈ ਉਦਾਹਰਨਾਂ ਹਨ- ਗੋਰਨਿਕਾ, ਓਰਾਡੋਰ, ਬਾਬੀਜ਼ਾਰ, ਕਾਤਿਆਨ, ਲੀਤੀਸ, ਸਾਰਸਵੈਲ, ਟਰੈਬੀਲਿਨਕਾ, ਜਿੱਥੇ ਹਿੰਸਾ ਦੀ ਜਿੱਤ ਹੋਈ, ਪਰ ਅਗਲੀ ਪੀੜ੍ਹੀ ਨੇ ਜ਼ਾਲਮਾਂ ਦੀ ਨਿੰਦਾ ਕੀਤੀ।ਹੁਣ ਇਸ ਸੂਚੀ ਵਿੱਚ ਨਵਾਂ ਨਾਂ ਜੁੜ ਜਾਵੇਗਾ- ਹਾਨੋਈ ਕ੍ਰਿਸਮਿਸ 1972। ਇਹ ਲਫ਼ਜ਼ ਬਰੈਜ਼ਨੇਵ ਜਾਂ ਕਾਸਟਰੋ ਵਰਗੇ ਕਿਸੇ ਕਮਿਊਨਿਸਟ ਦੇ ਨਹੀਂ ਹਨ, ਪੱਛਮੀ ਯੂਰਪ ਦੇ ਪੂੰਜੀਵਾਦੀ ਜਮਹੂਰੀ ਮੁਲਕ ਦਾ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਹੈ। ਅੱਜ ਦੇ ਸਮੇਂ ਸਵੀਡਨ ਉਹੀ ਕੁਝ ਕਰਦਾ ਹੈ, ਜੋ ਅਮਰੀਕਾ ਕਹਿੰਦਾ ਹੈ। ਵਿਕੀਲੀਕਜ਼ ਦੇ ਜੂਲੀਅਨ ਅਸਾਂਜੇ ਦੀ ਕਹਾਣੀ ਪੁਰਾਣੀ ਨਹੀਂ ਹੈ, ਅਜੇ ਖੇਡ ਜਾਰੀ ਹੈ।
    
ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਹਨ, ਜਦੋਂ 60ਵਿਆਂ ਤੇ 70ਵਿਆਂ ਦੇ ਦੌਰ 'ਚ ਯੂਰਪੀ ਮੁਲਕਾਂ ਨੇ ਆਪਣੀ ਆਜ਼ਾਦੀ ਦਾ ਮਾਣ-ਸਤਿਕਾਰ ਕਾਇਮ ਰੱਖਿਆ। ਫ਼ਰਾਂਸ ਦੇ ਰਾਸ਼ਟਰਪਤੀ ਡੀ ਗਾਲ ਵੀ ਪਾਮੇ ਦੀ ਤਰ੍ਹਾਂ ਅਮਰੀਕਾ ਦੀ ਵੀਅਤਨਾਮ ਜੰਗ ਦੇ ਵਿਰੁੱਧ ਸੀ। ਉਸ ਨੇ ਵੀਅਤਨਾਮ ਵਿੱਚੋਂ ਅਮਰੀਕੀ ਫੌਜਾਂ ਬਾਹਰ ਕੱਢਣ ਦੀ ਮੰਗ ਕੀਤਾ ਸੀ। 1966 ਵਿੱਚ ਡੀ ਗਾਲ ਨੇ ਨਾਟੋ ਮਿਲਟਰੀ ਕਮਾਂਡ ਵਿੱਚੋਂ ਫਰਾਂਸ ਨੂੰ ਬਾਹਰ ਕੱਢ ਲਿਆ ਸੀ। ਇੱਕ ਸਾਲ ਬਾਅਦ ਫਰਾਂਸ ਵਿੱਚੋਂ ਅਮਰੀਕਾ ਦੇ ਸਾਰੇ ਫੌਜੀ ਅੱਡੇ ਬੰਦ ਕਰ ਦਿੱਤੇ ਗਏ ਸਨ ਅਤੇ ਨਾਟੋ ਦਾ ਹੈੱਡਕੁਆਰਟਰ ਫਰਾਂਸ ਵਿੱਚੋਂ ਨਿਕਲ ਕੇ ਬਰਸਲਜ਼ ਵਿੱਚ ਚਲਿਆ ਗਿਆ ਸੀ। ਡੀ ਗਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਜਾਹਨਸਨ ਨੂੰ ਇੱਕ ਪੱਤਰ ਵਿੱਚ ਲਿਖਿਆ ਸੀ, ‘‘ਫਰਾਂਸ ਆਪਣੇ ਸਾਰੇ ਇਲਾਕੇ 'ਤੇ ਆਪਣੀ ਹੀ ਪ੍ਰਭੂਸੱਤਾ ਕਾਇਮ ਕਰਨੀ ਚਾਹੁੰਦਾ ਹੈ।''
    
ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਹੈਰਾਡਲ ਵਿਲਸਨ ਨੂੰ ਵਿਰੋਧੀਆਂ ਵੱਲੋਂ ਅਮਰੀਕਾ ਪੱਖੀ ਕਿਹਾ ਜਾਂਦਾ ਸੀ, ਪਰ ਉਸ ਨੇ ਵੀ ਵੀਅਤਨਾਮ ਵਿੱਚ ਬਰਤਾਨਵੀ ਸੈਨਿਕ ਭੇਜਣ ਦੀ ਅਮਰੀਕਾ ਦੀ ਮੰਗ ਨੂੰ ਠੁਕਰਾ ਦਿੱਤਾ ਸੀ। 1970 ਵਿੱਚ ਵਿਲਸਨ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਐਡਵਰਡ ਹੈਥ ਨੇ ਵੀ ਅਮਰੀਕਾ ਨਾਲ ਕਿਸੇ ਤਰ੍ਹਾਂ ਦੇ ਵਿਸ਼ੇਸ਼ ਸੰਬੰਧ ਬਣਾਉਣ ਦੀ ਸਿਫਾਰਸ਼ ਨਹੀਂ ਕੀਤੀ ਸੀ। ਆਸਟਰੀਆ ਤੇ ਮਾਲਟਾ ਵਰਗੇ ਯੂਰਪ ਦੇ ਛੋਟੇ ਮੁਲਕਾਂ ਨੇ ਵੀ ਅਮਰੀਕਾ ਦੀ ਈਨ ਨਾ ਮੰਨਦੇ ਹੋਏ ਆਪਣੀ ਆਜ਼ਾਦ ਵਿਦੇਸ਼ ਨੀਤੀ 'ਤੇ ਪਹਿਰਾ ਦਿੱਤਾ ਸੀ।
    
ਵਰਤਮਾਨ ਸਮੇਂ ਵਿੱਚ ਨਕਸ਼ਾ ਬਦਲ ਗਿਆ ਹੈ। ਸੋਵੀਅਤ ਸੰਘ ਅਤੇ ਕਮਿਊਨਿਸਟ ਦੇਸ਼ਾਂ ਦੇ ਬਲਾਕ ਬਿਖਰ ਜਾਣ ਬਾਅਦ ਇਹ ਆਸ ਕੀਤੀ ਗਈ ਸੀ ਕਿ ਠੰਡੀ ਜੰਗ ਦੇ ਖ਼ਤਮ ਹੋਣ ਕਰਕੇ ਯੂਰਪੀਅਨ ਦੇਸ਼ ਨਿਰਪੱਖ ਤੇ ਆਜ਼ਾਦਨਾ ਹੋਂਦ ਨੂੰ ਮਜ਼ਬੂਤ ਕਰਨਗੇ, ਪਰ ਸਥਿਤੀ ਇਹ ਹੈ ਕਿ ਸਵੀਡਨ, ਜੋ ਕਦੇ ਅਗਾਂਹਵਧੂ ਸਿਆਸਤ ਦਾ ਅਲੰਬਰਦਾਰ ਸੀ, ਅਮਰੀਕਾ ਦਾ ਪਿੱਠੂ ਬਣ ਗਿਆ ਹੈ।
    
ਫਰਾਂਸ ਮੁੜ ਨਾਟੋ ਦਾ ਸਰਗਰਮ ਮੈਂਬਰ ਹੈ, ਫੌਜੀ ਕਾਰਵਾਈਆਂ ਵਿੱਚ ਭਾਈਵਾਲ ਹੈ। ਬਰਤਾਨੀਆ ਵਿੱਚ ਸ਼ਾਸਨ 'ਤੇ ਕਾਬਜ਼ ਤੇ ਵਿਰੋਧੀ ਧਿਰ ਦੋਵੇਂ ਹੀ ਅਮਰੀਕਾ ਦੇ ਇਸ਼ਾਰੇ 'ਤੇ ਚਲਦੇ ਹਨ। 1983 ਵਿੱਚ ਬਰਤਾਨੀਆ ਦੀ ਲੇਬਰ ਪਾਰਟੀ ਨੇ ਐਟਮੀ ਹਥਿਆਰਾਂ 'ਤੇ ਇੱਕਤਰਫ਼ਾ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ ਸੀ। 20 ਸਾਲ ਬਾਅਦ ਉਸ ਨੇ ਅਮਰੀਕਾ ਦੀਆਂ ਅਤਿ ਪਿਛਾਂਹ-ਖਿੱਚੂ ਤਾਕਤਾਂ ਨਾਲ ਰਲ਼ ਕੇ ਇਰਾਕ ਵਿੱਚ ਕਤਲੇਆਮ ਨੂੰ ਅੰਜਾਮ ਦਿੱਤਾ ਹੈ।
    
ਇੱਥੇ ਅਸੀਂ ਨਵੀਂ ਪੀੜ੍ਹੀ ਦੀ ਸੋਚ ਵਿੱਚ ਆਏ ਫਰਕ ਦਾ ਇੱਕ ਕਾਰਨ ਵੀ ਵੇਖ ਸਕਦੇ ਹਾਂ। ਪਹਿਲੀ ਪੀੜ੍ਹੀ ਦੇ ਓਲੋਫ਼ ਪਾਮੇ, ਡੀ ਗਾਲ, ਹੈਥ, ਕਰੀਸਕੀ, ਮਿਨਟੌਫ਼ ਵਰਗੇ ਨੇਤਾਵਾਂ ਨੇ ਯੁੱਧ ਦੇ ਸੰਤਾਪ ਨੂੰ ਹੰਢਾਇਆ ਸੀ। ਇਸ ਦੀ ਭਿਆਨਕਤਾ ਬਾਰੇ ਜਾਣੂ ਸਨ, ਇਸ ਲਈ ਉਹ ਜੰਗ ਦੇ ਵਿਰੋਧੀ ਤੇ ਸਾਮਰਾਜ ਵਿਰੋਧੀ ਸਨ। ਨਵੀਂ ਪੀੜ੍ਹੀ ਦੇ ਨਿਕੋਲਸ ਸਾਰਕੋਜ਼ੀ, ਟੋਨੀ ਬਲੇਅਰ, ਡੇਵਿਡ ਕੈਮਰੂਨ ਵਰਗੇ ਤਾਂ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੀ ਪੈਦਾਵਾਰ ਹਨ, ਸ਼ਾਇਦ ਇਸੇ ਕਰਕੇ ਆਪਣੇ ਬਜ਼ੁਰਗਾਂ ਦੇ ਅਨੁਭਵ ਨਾਲ ਸਹਿਮਤ ਨਹੀਂ ਹਨ।
    
ਅਮਰੀਕਾ ਵਿੱਚ ਵੀ ਸਿਆਣੇ ਤੇ ਅਮਨ-ਪਸੰਦ ਬੰਦਿਆਂ ਦੀ ਕਮੀ ਨਹੀਂ ਸੀ। ਜਾਰਜ਼ ਵਾਸ਼ਿੰਗਟਨ ਨੇ 1796 ਵਿੱਚ ਆਪਣੇ ਵਿਦਾਇਗੀ ਭਾਸ਼ਣ ਵਿੱਚ ਦੇਸ਼ ਦੇ ਨਾਂ ਇੱਕ ਸੁਨੇਹਾ ਦਿੱਤਾ ਸੀ : ਇਸ ਤੋਂ ਜ਼ਿਆਦਾ ਕੁਝ ਹੋਰ ਜ਼ਰੂਰੀ ਨਹੀਂ ਹੈ ਕਿ ਦੇਸ਼ਾਂ ਨੂੰ ਨਫ਼ਰਤ ਨਾ ਕਰੋ, ਨਾ ਹੀ ਅੰਨ੍ਹਾ ਪਿਆਰ ਕਰੋ। ਸਾਰਿਆਂ ਦੇ ਲਈ ਨਿਆਂਪੂਰਨ ਤੇ ਸੰਵੇਦਨਸ਼ੀਲ ਭਾਵਨਾਵਾਂ ਹੋਣੀਆਂ ਚਾਹੀਦੀਆਂ ਹਨ। ਦੇਸ਼, ਜੋ ਕਿਸੇ ਦੇਸ਼ ਨੂੰ ਅੰਨ੍ਹੀ ਨਫ਼ਰਤ ਕਰਦਾ ਹੈ ਅਤੇ ਕਿਸੇ ਦੂਸਰੇ ਨੂੰ ਅੰਨ੍ਹਾ ਪਿਆਰ ਉਹ ਕੁਝ ਹੱਦ ਤੱਕ ਆਪ ਹੀ ਗੁਲਾਮ ਹੈ, ਪਰ ਅੱਜ ਦੇ ਅਮਰੀਕਾ ਦੇ ਹਾਕਮ ਆਪਣੇ ਵਡੇਰਿਆਂ ਦੀਆਂ ਨਸੀਹਤਾਂ ਨੂੰ ਚਿਰੋਕਣਾ ਭੁੱਲ ਗਏ ਹਨ।
    
ਯੂਰਪੀਅਨ ਦੇਸ਼ਾਂ ਦੀ ਹਿਮਾਇਤ ਨਾਲ ਉਸ ਨੂੰ ਹੋਰ ਉਤਸ਼ਾਹ ਮਿਲ ਰਿਹਾ ਹੈ। ਆਪਣੇ ਦੇਸ਼ ਦੀ ਜਨਤਾ ਦੀ ਰਾਏ ਦੀ ਪਰਵਾਹ ਨਾ ਕਰਦੇ ਹੋਏ ਉਹ ਦੂਸਰੇ ਦੇਸ਼ਾਂ, ਲੋਕਾਂ ਦੇ ਖ਼ਿਲਾਫ਼ ਜੰਗਾਂ ਲੜੀ ਜਾ ਰਿਹਾ ਹੈ। ਉਸ ਦੀਆਂ ਇਨ੍ਹਾਂ ਕਾਰਵਾਈਆਂ ਕਰਕੇ ਦੁਨੀਆਂ ਭਿਆਨਕ ਬਣਦੀ ਜਾ ਰਹੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ