ਸੁਪਨਦੇਸ਼ ਵਿੱਚ ਵੱਧਦੀ ਮਹਿੰਗਾਈ - ਮਨਦੀਪ
Posted on:- 14-11-2022
ਦੁਨੀਆ ਭਰ ਦੇ ਵਿਕਾਸਸ਼ੀਲ ਮੁਲਕਾਂ ਦੇ ਨਾਲ-ਨਾਲ ਹੁਣ ਵਿਕਸਿਤ ਪੂੰਜੀਵਾਦੀ ਮੁਲਕ ਵੀ ਲਗਾਤਾਰ ਵੱਧਦੀ ਮਹਿੰਗਾਈ ਦੀ ਮਾਰ ਹੇਠ ਆਏ ਹੋਏ ਹਨ। ਸੰਸਾਰ ਬੈਂਕ ਤੇ ਆਈ. ਐਮ. ਐਫ. ਵਰਗੀਆਂ ਵੱਡੀਆਂ ਵਿਸ਼ਵ ਵਿੱਤੀ ਸੰਸਥਾਵਾਂ ਵੱਧਦੀ ਮਹਿੰਗਾਈ ਅਤੇ ਸੰਸਾਰ ਅਰਥਚਾਰੇ ਦੇ ਤੇਜੀ ਨਾਲ ਮੰਦੀ ਵੱਲ ਵਧਣ ਦੇ ਬਿਆਨ ਦੇ ਰਹੀਆਂ ਹਨ। ਦੁਨੀਆ ਦੇ ਵੱਡੇ ਹਿੱਸੇ ਉੱਤੇ ਰਾਜ ਕਰਨ ਵਾਲੇ ਬਰਤਾਨੀਆ, ਅਮਰੀਕਾ, ਜਰਮਨ ਆਦਿ ਸਾਮਰਾਜੀ ਮੁਲਕ ਵੀ ਮਹਿੰਗਾਈ ਦੀ ਚਪੇਟ ਵਿੱਚ ਆਏ ਹੋਏ ਹਨ। ਕੋਵਿਡ-19 ਤੇ ਯੂਕਰੇਨ ਜੰਗ ਤੋਂ ਬਾਅਦ ਵਿਸ਼ਵ ਭਰ ਵਿੱਚ ਵੱਖ-ਵੱਖ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ (ਪਰੰਤੂ ਇਹ ਮੌਜੂਦਾ ਵਿਸ਼ਵ ਮੰਦੀ ਦੇ ਬੁਨਿਆਦੀ ਕਾਰਨ ਨਹੀਂ ਹਨ)।
ਜੰਗ ਦੌਰਾਨ ਲੱਗੀਆਂ ਆਰਥਿਕ-ਵਪਾਰਕ ਰੋਕਾਂ ਨਾਲ ਤੇਲ ਦੀਆਂ ਕੀਮਤਾਂ ਵਿੱਚ ਬੇਥਾਹ ਵਾਧਾ ਹੋਇਆ। ਤੇਲ ਕੀਮਤਾਂ ਵਿੱਚ ਵਾਧੇ ਕਾਰਨ ਢੋਆ-ਢੁਆਈ ਤੇ ਆਵਾਜਾਈ ਦੇ ਖ਼ਰਚਿਆਂ ਵਿੱਚ ਵਾਧੇ ਨਾਲ ਹਰ ਖੇਤਰ ਵਿੱਚ ਵਸਤੂਆਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ। ਵਿਸ਼ਵਵਿਆਪੀ ਮਹਿੰਗਾਈ ਵਿੱਚ ਊਰਜਾ ਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਲੋਕਾਂ ਦੀ ਆਮਦਨ ਉੱਤੇ ਸਿੱਧਾ ਤੇ ਵੱਡਾ ਹਮਲਾ ਬੋਲਿਆ ਹੈ। ਮਹਿੰਗਾਈ ਦੀ ਇਸ ਮਾਰ ਤੋਂ ਕੈਨੇਡਾ-ਅਮਰੀਕਾ ਵਰਗੇ ਮੁਲਕ ਵੀ ਬੇਲਾਗ ਨਹੀਂ ਰਹੇ ਜਿੱਥੇ ਹਾਲ ਦੀ ਘੜੀ ਬੇਰੁਜਗਾਰੀ ਭਾਰਤ ਵਰਗੇ ਮੁਲਕਾਂ ਵਾਂਗ ਵੱਡੀ ਸਮੱਸਿਆ ਨਹੀਂ ਹੈ।
ਕੈਨੇਡਾ, ਜਿੱਥੇ ਇਸ ਸਮੇਂ ਰੁਜ਼ਗਾਰ ਦੇ ਬਹੁਤ ਜ਼ਿਆਦਾ ਮੌਕੇ ਹਨ, ਵਿੱਚ ਮਹਿੰਗਾਈ ਛੜੱਪੇ ਮਾਰਕੇ ਵੱਧ ਰਹੀ ਹੈ ਜੋ ਨੇੜ ਭਵਿੱਖ ਵਿੱਚ ਰੁਜ਼ਗਾਰ ਦੇ ਇਨ੍ਹਾਂ ਮੌਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੂਨ, 2022 ਵਿੱਚ ਮਹਿੰਗਾਈ ਦਰ 8.1% ਸੀ ਜੋ ਵਕਤੀ ਤੌਰ ਤੇ ਤੇਲ ਕੀਮਤਾਂ ਵਿੱਚ ਕਮੀ ਕਾਰਨ ਜੁਲਾਈ ਵਿੱਚ 7.6% ਦੇ ਅੰਕੜੇ ਤੇ ਆ ਗਈ। ਕੈਨੇਡਾ ਅੰਦਰ ਮਹਿੰਗਾਈ ਦੀ ਇਹ ਦਰ ਪਿਛਲੇ 39 ਸਾਲਾਂ ਬਾਅਦ ਰਿਕਾਰਡ ਤੋੜ ਪੱਧਰ ਤੇ ਪਹੁੰਚ ਗਈ। ਕੋਵਿਡ ਕਾਰਨ ਸਾਲ 2020-21 ਕੈਨੇਡਾ ਵਾਸੀਆਂ ਖਾਸਕਰ ਨਵੇਂ ਪਰਵਾਸੀਆਂ ਲਈ ਲਈ ਬੇਹੱਦ ਮੁਸ਼ਕਲਾਂ ਭਰੇ ਵਰ੍ਹੇ ਸਨ। ਉਪਰੋਂ ਨਵਾਂ ਸਾਲ (2022) ਯੂਕਰੇਨ ਜੰਗ ਅਤੇ ਆਰਥਿਕ ਤੰਗੀਆਂ ਦੇ ਨਵੇਂ ਹਮਲਿਆਂ ਸੰਗ ਚੜ੍ਹਿਆ। ਤੇਲ, ਗੈਸ ਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ 'ਚ ਵਾਧੇ ਦੇ ਨਾਲ-ਨਾਲ ਫ਼ਰਨੀਚਰ, ਆਟਮੋਬਿਲ, ਢੋਆ-ਢੁਆਈ, ਘਰਾਂ ਦੇ ਕਿਰਾਏ, ਬੈਂਕ ਵਿਆਜ ਦਰਾਂ ਤੇ ਹਵਾਈ ਕਿਰਾਇਆਂ ਵਿੱਚ ਵਾਧੇ ਨੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਘਰਾਂ ਦੇ ਕਿਰਾਏ ਵਧਣ ਤੇ ਉੱਪਰੋਂ ਸਰਦੀ ਦਾ ਮੌਸਮ ਆਉਣ ਕਰਕੇ ਗਰੀਬ ਤੇ ਬੇਘਰ ਕੈਨੇਡੀਅਨ ਪਨਾਹ ਤੇ ਭੋਜਨ ਲਈ ਮਾਨਸਿਕ ਰੋਗਾਂ ਦੇ ਸੱਚੇ ਤੇ ਝੂਠੇ ਬਹਾਨਿਆਂ ਨਾਲ ਹਸਪਤਾਲਾਂ ਦੀ ਢੋਈ ਲੈ ਰਹੇ ਹਨ। ਅਨੇਕਾਂ ਲੋਕ ਭੋਜਨ ਵਾਸਤੇ ਫੂਡ ਬੈਂਕਾਂ ਦਾ ਆਸਰਾ ਲੈ ਰਹੇ ਹਨ। ਘਰਾਂ ਦੇ ਕਿਰਾਏ ਮਹਿੰਗੇ ਹੋਣ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪ੍ਰਵਾਸੀ ਕਾਮੇ ਕੁੱਕੜਾਂ ਵਾਂਗ ਛੋਟੇ ਕਮਰਿਆਂ ਤੇ ਬੇਸਮੈਂਟਾਂ ਵਿੱਚ ਦਿਨ ਕੱਟਣ ਲਈ ਮਜਬੂਰ ਹਨ। ਕੁਝ ਲੋਕ ਬੱਚੇ ਪੈਦਾ ਕਰਨ ਅਤੇ ਤਲਾਕ ਨੂੰ ਵਕਤੀ ਤੌਰ ਤੇ ਟਾਲਣ ਲਈ ਮਜਬੂਰ ਹਨ। ਲੋਕ ਵਿਆਹ ਦੇ ਖ਼ਰਚਿਆਂ ਤੋਂ ਬਚਣ ਲਈ ਵੱਖਰੇ ਤੇ ਸਸਤੇ ਓਹੜ-ਪੋਹੜ ਕਰ ਰਹੇ ਹਨ। ਕੁਝ ਲੋਕਾਂ ਨੂੰ ਬਜ਼ੁਰਗਾਂ ਤੇ ਬਿਮਾਰਾਂ ਦੇ ਮਰਨ ਉਪਰੰਤ ਸਸਕਾਰ ਦੇ ਹੋਣ ਵਾਲੇ ਖਰਚ ਤੋਂ ਬਚਣ ਲਈ ਸਰੀਰਦਾਨ ਕਰਨ ਦਾ ਢੰਗ ਅਪਣਾਉਣਾ ਪੈ ਰਿਹਾ ਹੈ। ਭੋਜਨ ਪਦਾਰਥਾਂ ਵਿੱਚ ਵਾਧੇ ਕਾਰਨ ਲੋਕਾਂ ਨੇ ਬਾਹਰੋਂ ਖਾਣਾ ਘਟਾ ਦਿੱਤਾ ਹੈ। ਕੋਵਿਡ ਦੌਰਾਨ ਲੰਮਾ ਸਮਾਂ ਘਰਾਂ ਵਿੱਚ ਕੈਦ ਰਹਿਣ ਬਾਅਦ ਹਵਾਦੀ ਸਫਰ ਵਿੱਚ ਵਕਤੀ ਉਛਾਲ ਆਇਆ ਪਰ ਜਲਦ ਹੀ ਮਹਿੰਗਾਈ ਕਾਰਨ ਹਵਾਈ ਕਿਰਾਏ ਵਧਣ ਉਪਰੰਤ ਲੋਕਾਂ ਨੇ ਵਤਨ ਦਾ ਗੇੜਾ ਕੱਢਣ, ਸਕੇ-ਸਬੰਧੀਆਂ ਨੂੰ ਮਿਲਣ ਤੇ ਸੈਰ-ਸਪਾਟਾ ਕਰਨਾ ਘਟਾ ਦਿੱਤਾ ਹੈ। ਵੱਧਦੇ ਖਰਚ ਕਾਰਨ ਲੋਕਾਂ ਨੇ ਕੰਮ ਦੇ ਘੰਟੇ ਵਧਾ ਦਿੱਤੇ ਹਨ ਅਤੇ ਵਾਧੂ ਖਰਚਿਆਂ ਤੇ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਹੈ। ਮਹਿੰਗਾਈ ਲੋਕਾਂ ਦੇ ਬਜਟ ਨੂੰ ਘੁਣ ਵਾਂਗ ਖਾ ਰਹੀ ਹੈ। ਮਾਈਕਰੋਚਿੱਪਾਂ ਦੀ ਸਪਲਾਈ ਵਿੱਚ ਰੁਕਾਵਟ ਕਾਰਨ ਨਵੀਂਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧੇ (6.8%) ਕਾਰਨ ਲੋਕਾਂ ਵਿੱਚ ਪੁਰਾਣੀਆਂ ਕਾਰਾਂ ਖ਼ਰੀਦਣ ਦਾ ਰੁਝਾਣ ਵੱਧਣ ਤੇ ਪੁਰਾਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦੀ ਥਾਂ ਵਾਧਾ ਹੋ ਰਿਹਾ ਹੈ। ਇਸਤੋਂ ਇਲਾਵਾ ਲੈਜਰ ਨੇ ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜਨਸ਼ਿੱਪ ਦੇ ਸਹਿਯੋਗ ਨਾਲ ਮਿਲਕੇ ਕੀਤੇ ਇੱਕ ਸਰਵੇ ਵਿੱਚ ਵਿਖਾਇਆ ਕਿ ਮਹਿੰਗਾਈ ਕਾਰਨ ਤਕਰੀਬਨ ਇੱਕ ਚੌਥਾਈ ਕੈਨੇਡੀਅਨ ਅਗਲੇ ਦੋ ਸਾਲਾਂ ਵਿੱਚ ਕੈਨੇਡਾ ਛੱਡਕੇ ਜਾਣ ਦੀ ਯੋਜਨਾ ਬਣਾ ਰਹੇ ਹਨ। ਕੈਨੇਡਾ ਰਾਜ ਦੀ ਪ੍ਰਮੁੱਖ ਮਹਾਂਰਾਣੀ ਐਲਿਜ਼ਬੈੱਥ ਦੇ ਸਸਕਾਰ (ਲੰਡਨ) ਵਿੱਚ ਸ਼ਾਮਲ ਕੈਨੇਡਾ ਦੇ ਸਰਕਾਰੀ ਵਫਦ ਦਾ ਚਾਰ ਲੱਖ ਡਾਲਰ ਦਾ ਬਿੱਲ ਪਹਿਲਾਂ ਹੀ ਮਹਿੰਗਾਈ ਦੀ ਮਾਲ ਝੱਲ ਰਹੇ ਲੋਕਾਂ ਸਿਰ ਮੜ੍ਹ ਦਿੱਤਾ ਗਿਆ। ਵੱਧਦੀ ਮਹਿੰਗਾਈ ਅਤੇ ਵਿਆਜ ਦਰਾਂ ਵਿੱਚ ਵਾਧੇ ਕਾਰਨ ਰੀਅਲ ਇਸਟੇਟ ਖਾਸਕਰ ਤੇਜੀ ਨਾਲ ਵੱਧ ਰਹੀ ਘਰਾਂ ਦੀ ਮਾਰਕਿਟ ਇਕੋ ਝਟਕੇ ਜਾਮ ਹੋ ਗਈ ਹੈ। ਆਰਥਿਕ ਗਤੀਵਿਧੀਆਂ ਦੀ ਗਤੀ ਧੀਮੀ ਹੋ ਰਹੀ ਹੈ ਅਤੇ ਅਬਾਦੀ ਦਾ ਵੱਡਾ ਹਿੱਸਾ ਮਹਿੰਗਾਈ ਨੂੰ ਲੈਕੇ ਚਿੰਤਾ ਵਿਚ ਹੈ।ਨਵੇਂ ਪ੍ਰਵਾਸੀ ਨੌਕਰੀ, ਸੁਰੱਖਿਆ, ਚੰਗਾ ਭਵਿੱਖ, ਚੰਗੀ ਤਨਖਾਹ, ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ, ਬਿਹਤਰ ਕਿਰਤ ਕਾਨੂੰਨ ਤੇ ਚੰਗੀਆਂ ਕੰਮ ਹਾਲਤਾਂ ਦੇ ਸੁਪਨੇ ਲੈ ਕੈਨੇਡਾ ਆਉਂਦੇ ਹਨ। ਪਰੰਤੂ ਵੱਧ ਰਹੇ ਗਲੋਬਲ ਆਰਥਿਕ ਸੰਕਟ ਕਾਰਨ ਕੈਨੇਡਾ ਵਰਗੇ 'ਲਿਬਰਲ ਡੈਮੋਕਰੇਟਿਕ' ਦੇਸ਼ ਅੰਦਰ ਪੈਦਾ ਹੋਈਆਂ ਨਵੀਆਂ ਹਾਲਤਾਂ ਇਸ ਗੱਲ ਵੱਲ ਸੰਕੇਤ ਕਰ ਰਹੀਆਂ ਹਨ ਕਿ ਸੁਪਨਿਆਂ ਦੇ ਦੇਸ਼ ਵਿੱਚ ਆਉਣ ਲਈ 'ਸਭ ਕੁਝ' ਦਾਅ ਤੇ ਲਾਉਣਾ ਨਵੀਆਂ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ।ਕੈਨੇਡਾ ਵਰਗੇ ਪੂੰਜੀਵਾਦੀ ਮੁਲਕਾਂ ਵਿੱਚ ਮੰਗ ਨੂੰ ਖਿੱਚਣ ਲਈ (Demand pull) ਬੈਂਕਾਂ, ਕਾਰਪੋਰੇਸ਼ਨਾਂ ਤੇ ਹੋਰ ਵਪਾਰਕ ਆਦਾਰਿਆਂ ਵੱਲੋਂ ਖਪਤਵਾਦੀ ਸੱਭਿਆਚਾਰ ਦਾ ਧੂੰਆਂਧਾਰ ਪ੍ਰਚਾਰ ਕੀਤਾ ਜਾਂਦਾ ਹੈ। ਲੋਕਾਂ ਅੰਦਰ ਨਵੀਆਂ ਤਕਨੀਕੀ ਇਲੈਕਟ੍ਰਾਨਿਕਸ ਵਸਤਾਂ, ਘਰਾਂ, ਕਾਰਾਂ ਅਤੇ ਹੋਰ ਲਗਜ਼ਰੀ ਚੀਜਾਂ ਪ੍ਰਤੀ ਮੰਗ ਪੈਦਾ ਕੀਤੀ ਜਾਂਦੀ ਹੈ। ਲੋਕ ਭਵਿੱਖ ਪ੍ਰਤੀ ਨਿਸ਼ਚਿੰਤ ਤੇ ਬੇਪ੍ਰਵਾਹ ਹੋਕੇ ਸਸਤੀਆਂ ਵਿਆਜ ਉੱਤੇ ਘਰ, ਕਾਰਾਂ ਤੇ ਲਗਜ਼ਰੀ ਵਸਤਾਂ ਦੀ ਧੜਾਧੜ ਖਰੀਦੋ-ਫਰੋਖਤ ਕਰਦੇ ਹਨ। ਇਸ ਤਰ੍ਹਾਂ ਦੀ ਵੱਧਦੀ ਮੰਗ ਨੇ ਕੈਨੇਡੀਅਨ ਮਾਰਕਿਟ ਵਿੱਚ ਘਰਾਂ, ਕਾਰਾਂ ਤੇ ਹੋਰ ਲਗਜ਼ਰੀ ਵਸਤਾਂ ਦੀਆਂ ਕੀਮਤਾਂ ਵਿੱਚ ਇੱਕਦਮ ਉਛਾਲ ਲਿਆਂਦਾ। ਦੂਜੇ ਪਾਸੇ ਇਜਾਰੇਦਾਰੀ ਰਾਹੀਂ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਨੂੰ ਕੰਟਰੋਲ ਕਰਕੇ ਲਾਗਤਾਂ ਨੂੰ ਧੱਕਿਆ (cost push) ਜਾਂਦਾ ਹੈ। ਇਸਤੋਂ ਇਲਾਵਾ ਲਾਗਤਾਂ ਨੂੰ ਧੱਕਣ ਵਿੱਚ ਕੁਦਰਤੀ ਵਾਤਾਵਰਣਿਕ ਤਬਦੀਲੀਆਂ ਦਾ ਵੀ ਅਸਰ ਹੈ। ਵੱਧਦੇ ਤਾਪਮਾਨ ਕਰਕੇ ਇਸ ਵਾਰ ਕੈਨੇਡਾ ਦੀਆਂ ਖੇਤੀਬਾੜੀ ਜਿਣਸਾਂ ਦੀ ਪੈਦਾਵਾਰ ਵਿੱਚ ਗਿਰਾਵਟ ਆਈ। ਭਾਵੇਂ ਯੂਕਰੇਨ ਸਮੇਤ ਦੂਸਰੇ ਦੇਸ਼ਾਂ ਤੋਂ ਦਰਾਮਦ ਕੀਤੇ ਜਾਂਦੇ ਭੋਜਨ ਪਦਾਰਥਾਂ ਦੀ ਸਪਲਾਈ ਘੱਟਣ ਤੇ ਕੀਮਤਾਂ ਵੱਧਣ ਕਾਰਨ ਵੀ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਆਲਮੀ ਪੱਧਰ ਤੇ ਵਾਤਾਵਰਣ ਵਿੱਚ ਆਈਆਂ ਤਬਦੀਲੀਆਂ ਨੇ ਭੋਜਨ ਪਦਾਰਥਾਂ ਦੀ ਸਪਲਾਈ ਅਤੇ ਕੀਮਤਾਂ ਨੂੰ ਜਰੂਰ ਪ੍ਰਭਾਵਿਤ ਕੀਤਾ ਹੈ ਪਰੰਤੂ ਵਸਤਾਂ ਅਤੇ ਸੇਵਾਵਾਂ ਅੰਦਰ ਵੱਧਦੀ ਮਹਿੰਗਾਈ ਪੂੰਜੀਪਤੀਆਂ ਦੀ ਇਜਾਰੇਦਾਰੀ ਦਾ ਨਤੀਜਾ ਹੈ। ਕੈਨੇਡਾ ਵਿੱਚ ਮਹਿੰਗਾਈ ਦਿਨ-ਬ-ਦਿਨ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ ਤੇ ਲੋਕਾਂ ਵਿੱਚ ਕੇਂਦਰੀ ਤੇ ਹੋਰ ਵਪਾਰਕ ਬੈਂਕਾਂ ਪ੍ਰਤੀ ਭਰੋਸੇਯੋਗਤਾ ਲਗਾਤਾਰ ਘੱਟਦੀ ਜਾ ਰਹੀ ਹੈ। ਉੱਚੀਆਂ ਵਿਆਜ ਦਰਾਂ ਤੇ ਸੰਪੱਤੀ ਦੀਆਂ ਘੱਟਦੀਆਂ ਕੀਮਤਾਂ ਨੇ ਹਾਲਾਤ ਹੋਰ ਬਦਤਰ ਕਰ ਦਿੱਤੇ ਹਨ। ਬੈਂਕ ਭਰੋਸੇਯੋਗਤਾ ਦੀ ਮੁੜਬਹਾਲੀ ਵਿੱਚ ਬੁਰੀ ਤਰ੍ਹਾਂ ਅਸਮਰੱਥ ਨਜ਼ਰ ਆ ਰਹੇ ਹਨ। ਕੇਂਦਰੀ ਬੈਂਕ ਮਹਿੰਗਾਈ ਦਰ ਨੂੰ 2% ਤੱਕ ਲਿਆਉਣ ਲਈ ਸਾਲ 2024 ਦੇ ਅੰਤ ਤੱਕ ਦਾ ਸੁਪਨਮਈ ਟੀਚਾ ਰੱਖ ਰਹੇ ਹਨ। ਕੇਂਦਰੀ ਬੈਂਕ ਆਪਣੀ ਬੈਲੈਂਸ ਸ਼ੀਟ ਸਥਿਰ ਰੱਖਣ ਲਈ ਸਰਕਾਰੀ ਸੁਰੱਖਿਆ ਖਾਤੇ ਵਿੱਚੋਂ ਅੱਧੇ ਟ੍ਰਿਲੀਅਨ ਡਾਲਰ ਤੋਂ ਵੱਧ ਦੀ ਵਿੱਤੀ ਪੂੰਜੀ ਲੈ ਰਹੇ ਹਨ। ਬੈਂਕ ਆਫ ਕੈਨੇਡਾ ਸਪਲਾਈ ਚੇਨ ਵਿੱਚ ਰੁਕਾਵਟਾਂ, ਉੱਚੀਆਂ ਊਰਜਾ ਕੀਮਤਾਂ ਤੇ ਯੂਕਰੇਨ ਜੰਗ ਦੌਰਾਨ ਰੂਸ ਤੇ ਲੱਗੀਆਂ ਆਰਥਿਕ ਰੋਕਾਂ ਨੂੰ ਮਹਿੰਗਾਈ ਦਾ ਮੁੱਖ ਕਾਰਨ ਦੱਸ ਰਿਹਾ ਹੈ। ਅਤੇ ਇਸ ਹਾਲਤ ਵਿੱਚੋਂ ਨਿਕਲਣ ਲਈ ਉਹ ਅਮਰੀਕੀ ਦਿਸ਼ਾ-ਨਿਰਦੇਸ਼ਿਤ ਨਵਉਦਾਰਵਾਦੀ ਮੁਦਰਾ ਨੀਤੀ ਦਾ ਸਹਾਰਾ ਲੈ ਰਹੇ ਹਨ। ਅਮਰੀਕੀ ਸਾਮਰਾਜੀ ਕਦਮ ਚਿੰਨ੍ਹਾਂ ਤੇ ਚੱਲਦਿਆ 7 ਸਤੰਬਰ ਨੂੰ ਕੈਨੇਡਾ ਦੀਆਂ ਕੇਂਦਰੀ ਬੈਂਕਾਂ ਨੇ 'ਮੁਦਰਾ ਨੀਤੀ' ਸੰਬੰਧੀ ਮੀਟਿੰਗ ਤੋਂ ਬਾਅਦ ਵਿਆਜ ਦਰਾਂ ਵਿੱਚ 3.25% ਦਾ ਵਾਧਾ ਕੀਤਾ। ਬਿਲਕੁਲ ਇਸੇ ਤਰ੍ਹਾਂ ਦਾ ਵਾਧਾ ਅਮਰੀਕਾ ਅੰਦਰ ਜੁਲਾਈ ਮਹੀਨੇ ਵਿੱਚ ਕੀਤਾ ਗਿਆ ਸੀ। ਇਸ ਸਮੇਂ ਬੈਂਕ ਵਿਆਜ ਦਰਾਂ 3.75% ਹਨ। ਕੋਵਿਡ ਪ੍ਰੇਰਿਤ ਮੰਦੀ ਨੂੰ ਘਟਾਉਣ ਲਈ ਬੈਂਕ ਆਪਣੀ ਪੁਰਾਣੀ ਧਾਰਨਾ ਮੁਤਾਬਕ ਹੱਥ-ਪੈਰ ਮਾਰ ਰਹੇ ਹਨ। ਬੈਂਕ ਸੋਚਦੇ ਹਨ ਕਿ ਵਿਆਜ ਦਰਾਂ ਵਧਾਕੇ, ਪੈਸੇ ਦੀ ਸਪਲਾਈ ਸੀਮਤ ਕਰਕੇ ਉਹ ਮਹਿੰਗਾਈ ਕੰਟਰੋਲ ਕਰ ਲੈਣਗੇ। ਉਹ ਸੋਚਦੇ ਹਨ ਕਿ ਮਹਿੰਗਾਈ ਆਰਥਿਕਤਾ ਵਿੱਚ ਬਹੁਤ ਜ਼ਿਆਦਾ ਪੈਸਾ ਘੁੰਮਣ ਨਾਲ ਹੁੰਦੀ ਹੈ ਤੇ ਇਸਦਾ ਹੱਲ ਕੇਂਦਰੀ ਬੈਂਕਾਂ ਦੁਆਰਾ ਮੁਦਰਾ ਦੀ ਛਪਾਈ ਘਟਾਉਣ ਵਿੱਚ ਵੇਖਦੇ ਹਨ। ਵਿਆਜ ਦਰਾਂ ਵਿੱਚ ਵਾਧੇ ਨਾਲ ਉਹ ਨਿਵੇਸ਼ ਕੰਟਰੋਲ ਕਰਕੇ ਮਹਿੰਗਾਈ ਨੂੰ ਕਾਬੂ ਕਰਨਾ ਲੋਚਦੇ ਹਨ ਜਦਕਿ ਕੋਵਿਡ ਦੌਰਾਨ ਕੈਨੇਡਾ ਦੀਆਂ ਬੈਂਕਾਂ ਵਿੱਚ ਵਪਾਰਕ ਖਾਤਿਆਂ ਵਿੱਚ ਪੂੰਜੀ ਭੰਡਾਰ ਵਿੱਚ ਬੇਹੱਦ ਵਾਧਾ (1500 ਗੁਣਾਂ) ਹੋਇਆ। ਬੈਂਕ ਰਿਜ਼ਰਵ ਵਿੱਚ ਇਸ ਵਾਧੇ ਨੇ ਮਹਿੰਗਾਈ ਨੂੰ ਹੋਰ ਵਧਾ ਦਿੱਤਾ। ਪੂੰਜੀਵਾਦੀ ਪ੍ਰਬੰਧ ਅੰਦਰ ਕੇਂਦਰੀ ਬੈਂਕ ਅਸਲ ਵਿੱਚ ਬੈਂਕਾਂ ਦੇ ਬੈਂਕ ਹੁੰਦੇ ਹਨ ਜੋ ਨਵਉਦਾਰਵਾਦੀ ਆਰਥਿਕ ਮੁਦਰਾ ਨੀਤੀਆਂ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹਨ। ਬੈਂਕਾਂ ਦੀ ਇਹ ਮੁਦਰਾ ਨੀਤੀ ਅਸਲ ਵਿੱਚ ਮਿਲਟਨ ਫਰਾਇਡਮੈਨ ਦੀ ਨੀਤੀ ਹੈ। ਉਸਦਾ ਮੰਨਣਾ ਸੀ ਕਿ 'ਮਹਿੰਗਾਈ ਹਮੇਸ਼ਾਂ ਅਤੇ ਹਰ ਥਾਂ ਇਕ ਮੁਦਰਾ ਵਰਤਾਰਾ ਹੈ। ਪੈਸੇ ਦੀ ਸਪਲਾਈ ਅਤੇ ਵਿਸਥਾਰ ਨੂੰ ਸੀਮਿਤ ਕਰਕੇ ਮਹਿੰਗਾਈ ਨੂੰ ਨੱਥ ਪਾਈ ਜਾ ਸਕਦੀ ਹੈ।' ਜਦਕਿ 'ਪੈਸੇ ਦੀ ਜ਼ਿਆਦਾ ਮਾਤਰਾ' ਮਹਿੰਗਾਈ ਦਾ ਕਾਰਨ ਨਹੀਂ। ਪੂੰਜੀ ਦਾ ਕੁਝ ਹੱਥਾਂ ਵਿੱਚ ਇਕੱਤਰ ਹੋਣਾ, ਅਤੇ ਏਕਾਧਿਕਾਰ ਪੂੰਜੀਵਾਦੀ ਨੀਤੀਆਂ ਇਸਦੀ ਅਸਲ ਜੜ੍ਹ ਹਨ। ਉਦਾਹਰਨ ਵਜੋਂ ਇੱਕ ਪਾਸੇ ਤੇਲ ਮਹਿੰਗਾ ਹੈ ਪਰ ਦੂਜੇ ਪਾਸੇ ਦੁਨੀਆ ਭਰ ਵਿੱਚ ਤੇਲ ਦੇ ਬੇਥਾਹ ਭੰਡਾਰ ਹਨ। ਪੂੰਜੀਪਤੀ ਤੇਲ ਦੇ ਉਤਪਾਦਨ ਨੂੰ ਕੰਟਰੋਲ ਕਰਕੇ ਇਸਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਮੋਟੇ ਮੁਨਾਫ਼ੇ ਕਮਾਉਂਦੇ ਹਨ। ਪੂੰਜੀਪਤੀਆਂ ਦੀ ਇਜਾਰੇਦਾਰੀ ਹੋਣ ਕਰਕੇ ਮੰਗ ਅਤੇ ਪੂਰਤੀ ਉੱਤੇ ਕੰਟਰੋਲ ਕਰਕੇ ਕੀਮਤਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ।ਕੈਨੇਡਾ ਸਰਕਾਰ ਤੇ ਬੈਂਕ ਮਹਿੰਗਾਈ ਦੇ ਰੱਥ ਨੂੰ ਠੱਲ੍ਹਣ ਲਈ ਲੋਕਾਂ ਨੂੰ ਦਿਖਾ ਰਹੇ ਹਨ ਕਿ ਉਹ ਇਸ ਹਾਲਤ ਨਾਲ ਨਜਿੱਠਣ ਲਈ ਸਿਰਤੋੜ ਯਤਨ ਕਰ ਰਹੇ ਹਨ ਤੇ ਲੋਕਾਂ ਨੂੰ ਇਸ ਨੂਰਾਂ ਕੁਸ਼ਤੀ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਪੇਸ਼ਕਾਰੀ ਇਵੇਂ ਕੀਤੀ ਜਾਂਦੀ ਹੈ ਜਿਵੇਂ ਵੱਧਦੀ ਮਹਿੰਗਾਈ ਹੀ ਸਭ ਸਮੱਸਿਆਵਾਂ ਦੀ ਜੜ੍ਹ ਹੈ ਤੇ ਇਸਦੇ ਘੱਟ ਹੋਣ ਨਾਲ ਸਭ ਅੱਛਾ ਹੋ ਜਾਵੇਗਾ। ਉਧਰ ਅਮਰੀਕਾ ਵਿੱਚ ਜੋਅ ਬਾਇਡਨ ਮਹਿੰਗਾਈ ਨਾਲ ਸਿੱਝਣ ਲਈ ਇਕ ਨਵਾਂ 'ਹੋਣਹਾਰ ਵਿਕਲਪ' ਲੈਕੇ ਆਏ ਹਨ ਕਿ 'ਤਨਖਾਹਾਂ ਦੀ ਬਜਾਏ ਲਾਗਤਾਂ ਨੂੰ ਘਟਾਉਣ ਲਈ ਕੰਪਨੀਆਂ ਤੇ ਦਬਾਅ ਪਾਕੇ ਅਤੇ ਦਵਾਈਆਂ, ਊਰਜਾ ਤੇ ਬੱਚਿਆਂ ਦੀ ਦੇਖ-ਭਾਲ ਨੂੰ ਵਧੇਰੇ ਕਿਫ਼ਾਇਤੀ ਬਣਾਕੇ ਮਹਿੰਗਾਈ ਨਾਲ ਨਜਿੱਠਿਆ ਜਾ ਸਕਦਾ ਹੈ।' ਅਸਲ ਵਿੱਚ ਇਹ ਸਭ ਵਕਤੀ ਲੋਕਭਰਮਾਊ ਬਿਆਨਬਾਜ਼ੀ ਹੈ। ਮਹਿੰਗਾਈ ਨਵਉਦਾਰਵਾਦੀ ਨੀਤੀਆਂ ਜਰੀਏ ਇਜਾਰੇਦਾਰ ਪੂੰਜੀਵਾਦ ਦੀ ਪੈਦਾ ਕੀਤੀ ਹੋਈ ਭੈੜੀ ਵਬਾ ਹੈ ਅਤੇ ਇਸਨੂੰ ਕੰਟਰੋਲ ਕਰਨ ਬਹਾਨੇ ਦੁਨੀਆਂ ਭਰ ਦੇ ਕਰੋੜਾਂ-ਕਰੋੜ ਮਿਹਨਤਕਸ਼ ਲੋਕਾਂ ਦੀ ਕਿਰਤ ਲੁੱਟ ਤੇ ਕੁਦਰਤੀ ਸ੍ਰੋਤਾਂ ਦੀ ਲੁੱਟ-ਖਸੁੱਟ ਕੀਤੀ ਜਾਂਦੀ ਹੈ।ਵਟ੍ਹਸਐਪ +5493813389246