Thu, 21 November 2024
Your Visitor Number :-   7255356
SuhisaverSuhisaver Suhisaver

ਸਮਾਜ ਵਿੱਚ ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ

Posted on:- 15-03-2022

suhisaver

-ਸੁਖਵੰਤ ਹੁੰਦਲ

8
ਮਾਰਚ ਦਾ ਦਿਨ ਸੰਸਾਰ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ `ਤੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਯਾਦ ਕਰਦਿਆਂ ਹਿੰਦੀ, ਪੰਜਾਬੀ, ਬੰਗਾਲੀ ਅਤੇ ਅੰਗਰੇਜ਼ੀ ਦੀਆਂ ਉਹਨਾਂ ਕੁੱਝ ਫਿਲਮਾਂ ਦੀ ਸੂਚੀ ਪੇਸ਼ ਹੈ ਜੋ ਔਰਤਾਂ ਨਾਲ ਸੰਬੰਧਤ ਕਿਸੇ ਨਾ ਕਿਸੇ ਮਸਲੇ ਦੀ ਗੱਲ ਕਰਦੀਆਂ ਹਨ।

ਪਿਛਲੇ ਡੇਢ-ਦੋ ਦਹਾਕਿਆਂ ਦੌਰਾਨ ਤਕਨੌਲੌਜੀ ਵਿੱਚ ਹੋਈਆਂ ਤਬਦੀਲੀਆਂ ਕਾਰਨ ਇਹਨਾਂ ਵਿੱਚੋਂ ਬਹੁਤੀਆਂ ਫਿਲਮਾਂ ਆਨਲਾਈਨ ਜਾਂ ਹੋਰ ਢੰਗਾਂ ਨਾਲ ਸੌਖਿਆ ਹੀ ਪ੍ਰਾਪਤ ਕੀਤੀਆਂ ਅਤੇ ਦੇਖੀਆਂ ਜਾ ਸਕਦੀਆਂ ਹਨ। ਤੁਸੀਂ ਇਹਨਾਂ ਫਿਲਮਾਂ ਨੂੰ ਨਿੱਜੀ ਪੱਧਰ `ਤੇ ਇਕੱਲੇ ਦੇਖ ਸਕਦੇ ਹੋ ਜਾਂ ਇਹਨਾਂ ਫਿਲਮਾਂ ਨੂੰ ਦੂਜਿਆਂ ਦੇ ਨਾਲ ਇਕੱਠੇ ਦੇਖ ਕੇ ਆਪਣੇ ਸੰਗੀ/ਸਾਥੀਆਂ ਨਾਲ ਮਿਲ ਬੈਠਣ ਅਤੇ ਸਾਂਝ ਪੈਦਾ ਕਰਨ ਦੇ ਮੌਕੇ ਪੈਦੇ ਕਰ ਸਕਦੇ ਹੋ। ਸਭਿਆਚਾਰਕ ਕਾਰਕੁੰਨ ਬਦਲਵਾਂ ਸਭਿਆਚਾਰ ਉਸਾਰਨ ਦੇ ਆਪਣੇ ਕਾਰਜ ਵਿੱਚ ਇਹਨਾਂ ਫਿਲਮਾਂ ਨੂੰ ਇਕ ਮਹੱਤਵਪੂਰਨ ਸੰਦ ਵਜੋਂ ਵਰਤ ਸਕਦੇ ਹਨ।

ਜ਼ਰੂਰੀ ਨਹੀਂ ਕਿ ਇਹਨਾਂ ਫਿਲਮਾਂ ਵਿੱਚ ਪੇਸ਼ ਕੀਤੇ ਗਏ ਸਾਰੇ ਦੇ ਸਾਰੇ ਵਿਚਾਰ ਤੁਹਾਨੂੰ ਠੀਕ ਲੱਗਣ। ਹੋ ਸਕਦਾ ਹੈ ਕਿ ਕੋਈ ਇਕ ਫਿਲਮ ਦੇਖ ਕੇ ਤੁਹਾਨੂੰ ਲੱਗੇ ਕਿ ਫਿਲਮ ਵਿੱਚ ਔਰਤਾਂ ਦੀ ਸਥਿਤੀ ਦਾ ਕੀਤਾ ਗਿਆ ਵਿਸ਼ਲੇਸ਼ਣ ਸਹੀ ਨਹੀਂ। ਇਸ ਕਾਰਨ ਫਿਲਮ ਨੂੰ ਮੁੱਢੋਂ ਸੁੱਢੋਂ ਰੱਦ ਕਰਨ ਦੀ ਥਾਂ ਆਪਣੀ ਅਸਹਿਮਤੀ ਨੂੰ ਦਲੀਲ ਨਾਲ ਪੇਸ਼ ਕਰਕੇ ਅਜਿਹੇ ਮੌਕਿਆਂ ਨੂੰ ਹੋਰ ਸਿੱਖਣ/ਸਿਖਾਉਣ ਦੇ ਮੌਕਿਆਂ ਵਿੱਚ ਬਦਲਿਆ ਜਾ ਸਕਦਾ ਹੈ। ਲਿਸਟ ਹਾਜ਼ਰ ਹੈ।

ਦੁਨੀਆ ਨਾ ਮਾਨੇ (ਹਿੰਦੀ, 1937)

ਵੀ. ਸ਼ਾਂਤਾਰਾਮ ਦੇ ਨਿਰਦੇਸ਼ਨ ਵਿੱਚ ਪ੍ਰਭਾਤ ਸਟੂਡੀਓਜ਼ ਵਲੋਂ ਬਣਾਈ ਗਈ ਫਿਲਮ ਦੁਨੀਆ ਨਾ ਮਾਨੇ  ਨੌਜਵਾਨ ਔਰਤਾਂ ਦੇ ਬੁੱਢਿਆਂ ਨਾਲ ਜ਼ਬਰਦਸਤੀ ਕੀਤੇ ਜਾਂਦੇ ਵਿਆਹਾਂ ਦੇ ਮਸਲੇ ਨਾਲ ਸੰਬੰਧਿਤ ਹੈ। ਇਸ ਵਿੱਚ ਇਕ ਨੌਜਵਾਨ ਕੁੜੀ ਨਿਰਮਲਾ ਦਾ ਵਿਆਹ ਇਕ ਬੁੱਢੇ ਵਕੀਲ ਨਾਲ ਤੈਅ ਹੋ ਜਾਂਦਾ ਹੈ। ਨਿਰਮਲਾ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ। ਜਦੋਂ ਵਿਆਹ ਸਮੇਂ ਉਹ ਆਪਣੇ ਬੁੱਢੇ ਪਤੀ ਨੂੰ ਦੇਖਦੀ ਹੈ ਤਾਂ ਉਹ ਉਸ ਦੇ ਗਲ ਵਿੱਚ ਵਰਮਾਲਾ ਪਾਉਣ ਤੋਂ ਰੁਕ ਜਾਂਦੀ ਹੈ, ਪਰ ਉਸ ਦੇ ਹੱਥੋਂ ਬੁੱਢੇ ਦੇ ਗਲ ਵਿੱਚ ਵਰਮਾਲਾ ਮੱਲੋਮੱਲੀ ਪਵਾ ਦਿੱਤੀ ਜਾਂਦੀ ਹੈ। ਨਿਰਮਲਾ ਇਸ ਵਿਆਹ ਨੂੰ ਸਵੀਕਾਰ ਨਹੀਂ ਕਰਦੀ। ਜਦੋਂ ਉਸ ਨੂੰ ਰਵਾਇਤ ਅਤੇ ਰੀਤੀ ਰਿਵਾਜ਼ਾਂ ਦਾ ਵਾਸਤਾ ਪਾ ਕੇ ਸ਼ਰਮ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਜੁਆਬ ਦਿੰਦੀ ਹੈ, “ਆਪਣੀ ਉਮਰ ਕਾ ਖਿਆਲ ਨਾ ਕਰਤੇ ਹੂਏ ਜਿਨਕੀ ਮੈਂ ਬੇਟੀ ਨਜ਼ਰ ਆਤੀ ਹੂੰ, ਮੁਝ ਸੇ ਸ਼ਾਦੀ ਕਰਤੇ ਹੂਏ ਇਨਹੋਂ ਨੇ ਸ਼ਰਮ ਕੀ ਥੀ? ਬੜੇ ਬੂੜੋਂ ਨੇ ਆਪਣੀ ਸ਼ਰਮ ਛੋੜ ਦੀ ਔਰ ਮੁਝੇ ਸ਼ਰਮ ਕਰਨੇ ਕੇ ਲੀਏ ਕਹਿਤੇ ਹੋ।”ਫਿਰ ਉਸ ਨੂੰ ਇਹ ਯਾਦ ਕਰਾਇਆ ਜਾਂਦਾ ਹੈ ਕਿ “ਯਾਦ ਰੱਖ ਅਬ ਤੂੰ ਅਜ਼ਾਦ ਨਹੀਂ ਕਿਸੀ ਕੀ ਔਰਤ ਹੈ।” ਇਸ ਦੇ ਜੁਆਬ ਵਿੱਚ ਉਹ ਕਹਿੰਦੀ ਹੈ, “ਹਾਂ ਔਰਤ ਹੂੰ, ਔਰਤ ਹੂੰ, ਔਰ ਔਰਤ ਹੂੰ ਇਸ ਲਈ ਆਪ ਮੇਰਾ ਸਫਾਈ ਸੇ ਗਲਾ ਕਾਟ ਸਕੇ।”ਇਹ ਡਾਇਲਾਗ ਬਹੁਤ ਹੀ ਸਾਫ ਅਤੇ ਥੋੜ੍ਹੇ ਸ਼ਬਦਾਂ ਵਿੱਚ ਹਿੰਦੁਸਤਾਨੀ ਸਮਾਜ ਵਿੱਚ ਔਰਤ ਦੀ ਸਥਿਤੀ ਬਿਆਨ ਕਰ ਦਿੰਦਾ ਹੈ।

ਫਿਲਮ ਦੇ ਅਖੀਰ ‘ਤੇ ਨਿਰਮਲਾ ਦੇ ਬੁੱਢੇ ਪਤੀ ਨੂੰ ਨਿਰਮਲਾ ਨਾਲ ਹੋਈ ਵਧੀਕੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਖੁਦਕਸ਼ੀ ਕਰ ਲੈਂਦਾ ਹੈ ਤਾਂ ਕਿ ਨਿਰਮਲਾ ਲਈ ਆਪਣੀ ਮਨਮਰਜ਼ੀ ਦਾ ਵਿਆਹ ਕਰਵਾਉਣ ਲਈ ਰਸਤਾ ਪੱਧਰਾ ਹੋ ਸਕੇ। ਪਰ ਇਸ ਨਾਲ ਵੀ ਨਿਰਮਲਾ ਦੀ ਸਮੱਸਿਆ ਖਤਮ ਨਹੀਂ ਹੁੰਦੀ। ਹੁਣ ਉਸ ਦੇ ਸਾਹਮਣੇ ਵਿਧਵਾ ਵਿਆਹ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਉਸ ਸਮੇਂ ਹਿੰਦੂ ਸਮਾਜ ਵਿੱਚ ਵਿਧਵਾ ਵਿਆਹ ਦੀ ਇਜਾਜ਼ਤ ਨਹੀਂ ਸੀ। ਇਸ ਤਰ੍ਹਾਂ ਫਿਲਮ ਵਿੱਚ ਸਮਾਜ ਵਿੱਚ ਔਰਤ ਦੀ ਤ੍ਰਾਸਦੀ ਦੇ ਵੱਖ ਵੱਖ ਪੱਖਾਂ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ।
ਫਿਲਮ ਇਤਿਹਾਸਕਾਰਾਂ ਅਨੁਸਾਰ ਇਸ ਫਿਲਮ ਦੀ ਸਪਸ਼ਟ ਅਤੇ ਸਿੱਧੀ ਪੇਸ਼ਕਾਰੀ ਨੇ ਦਰਸ਼ਕਾਂ ਉੱਤੇ ਕਾਫੀ ਵੱਡਾ ਅਸਰ ਪਾਇਆ ਸੀ ਅਤੇ ਫਿਲਮ ਬਾਅਦ ਦੇ ਸਾਲਾਂ ਦੌਰਾਨ ਵਾਰ ਵਾਰ ਦਿਖਾਈ ਜਾਂਦੀ ਰਹੀ ਸੀ।
ਮੁੱਖ ਕਲਾਕਾਰ: ਸ਼ਾਂਤਾ ਆਪਟੇ, ਕੇਸ਼ਾਵਰਾਓਦੱਤੇ, ਵਿਮਲਾ ਵਸਿ਼ਸ਼ਟ, ਸ਼ੰਕੁਤਲਾ ਪ੍ਰਾਂਜਪਾਈ ਆਦਿ।

ਸਾਰਾ ਅਕਾਸ਼ (ਹਿੰਦੀ, 1969)

ਰਾਜਿੰਦਰ ਯਾਦਵ ਦੇ ਨਾਵਲ `ਤੇ ਆਧਾਰਤ ਇਹ ਫਿਲਮ ਇਕ ਨਵੇਂ ਵਿਆਹੇ ਜੋੜੇ ਦੀ ਅਣਬਣ `ਤੇ ਕੇਂਦਰਿਤ ਹੈ। ਫਿਲਮ ਦਰਸਾਉਂਦੀ ਹੈ ਕਿ ਮਾਪਿਆਂ ਵਲੋਂ ਨੌਜਵਾਨਾਂ ਦੇ ਵਿਆਹਾਂ ਵਿੱਚ ਕੀਤੀ ਜ਼ਬਰਦਸਤੀ ਕਿਸ ਢੰਗ ਨਾਲ ਉਹਨਾਂ ਵਿਚਕਾਰ ਕਲੇਸ਼ ਪੈਦਾ ਕਰਨ ਦਾ ਕਾਰਨ ਬਣਦੀ ਹੈ ਅਤੇ ਇਸ ਕਲੇਸ਼ ਵਿੱਚ ਸਭ ਤੋਂ ਵੱਧ ਦੁੱਖ ਸਹਿਣ ਵਾਲੀ ਧਿਰ ਔਰਤ ਹੁੰਦੀ ਹੈ। ਫਿਲਮ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਕਿਸੇ ਇਕ ਵਿਅਕਤੀ ਨੂੰ ਕਸੂਰਵਾਰ ਠਹਿਰਾਉਣ ਦੀ ਥਾਂ ਪਿੱਤਰਸੱਤਾ ਵਾਲੇ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਬਾਸੂ ਚੈਟਰਜੀ ਵੱਲੋਂ ਨਿਰਦੇਸਿ਼ਤ ਇਸ ਫਿਲਮ ਦੇ ਕਲਾਕਾਰ ਸਨ: ਰਾਕੇਸ਼ ਪਾਂਡੇ, ਮਧੂ ਚੱਕਰਵਰਤੀ, ਨੰਦੀਤਾ ਠਾਕੁਰ, ਏ. ਕੇ. ਹੰਗਲ, ਦੀਨਾ ਪਾਠਕ, ਮਨੀ ਕੌਲ, ਤਾਰਲਾ ਮਹਿਤਾ, ਸ਼ੈਲੀ ਸ਼ੈਲੇਂਦਰ, ਜਲਾਲ ਆਗਾ ਅਤੇ ਆਰਤੀ ਬੋਲ।       

ਅੰਕੁਰ (ਹਿੰਦੀ , 1974)

ਨਿਰਦੇਸ਼ਕ ਸ਼ਿਆਮਬੈਨੇਗਿਲ ਦੀ ਇਹ ਫਿਲਮ ਜਗੀਰਦਾਰੀ ਪ੍ਰਬੰਧ ਵਿੱਚ ਗਰੀਬਾਂ, ਨੀਵੀਂ ਜਾਤ ਵਾਲਿਆਂ ਅਤੇ ਔਰਤਾਂ ਦੇ ਸ਼ੋਸ਼ਣ ਦੀ ਕਹਾਣੀ ਪੇਸ਼ ਕਰਦੀ ਹੈ। ਪਿੰਡ ਦੇ ਗੈਰਹਾਜ਼ਰ ਜਗੀਰਦਾਰ ਦਾ ਸ਼ਹਿਰ `ਚ ਪੜ੍ਹਿਆ ਲਿਖਿਆ ਮੁੰਡਾ ਸੂਰਯਾ ਪੜ੍ਹਾਈ ਖਤਮ ਕਰਕੇ ਆਪਣੀ ਜ਼ਮੀਨ ਦੀ ਦੇਖਭਾਲ ਕਰਨ ਲਈ ਪਿੰਡ ਆਉਂਦਾ ਹੈ। ਇੱਥੇ ਘੁਮਾਰ ਜਾਤ ਦੀ ਲਕਸ਼ਮੀ ਅਤੇ ਉਸ ਦਾ ਗੂੰਗਾ ਅਤੇ ਬੋਲਾ ਘਰਵਾਲਾ ਕਿਸ਼ਤੀਆ ਉਸ ਦੇ ਖੇਤਾਂ ਅਤੇ ਘਰ ਨੂੰ ਸੰਭਾਲਣ ਦਾ ਕੰਮ ਕਰਦੇ ਹਨ। ਸੂਰਯਾ ਜਿਸ ਢੰਗ ਨਾਲ ਲਕਸ਼ਮੀ ਅਤੇ ਕਿਸ਼ਤੀਆ ਨਾਲ ਵਰਤਾਅ ਕਰਦਾ ਹੈ, ਉਸ ਤੋਂ ਜਗੀਰਦਾਰੀ ਲੁੱਟ ਦੀਆਂ ਵੱਖ ਵੱਖ ਪਰਤਾਂ ਉਜਾਗਰ ਹੁੰਦੀਆਂ ਹਨ। ਫਿਲਮ ਵਿੱਚ ਇਸ ਲੁੱਟ ਵਿਰੁੱਧ ਕੋਈ ਸਿੱਧਾ ਸੰਘਰਸ਼ ਨਹੀਂ ਦਿਖਾਇਆ ਗਿਆ। ਸਿਰਫ ਫਿਲਮ ਦੇ ਅੰਤ `ਤੇ ਇਕ ਬੱਚਾ ਜਗੀਰਦਾਰ ਦੇ ਘਰ ਦੀ ਸ਼ੀਸ਼ੇ ਦੀ ਬਾਰੀ `ਤੇ ਇਕ ਪੱਥਰ ਮਾਰਦਾ ਹੈ ਅਤੇ ਸਕਰੀਨ ਲਾਲ ਹੋ ਜਾਂਦਾ ਹੈ। ਇਸ ਸੰਕੇਤਕ ਢੰਗ ਨਾਲ ਨਿਰਦੇਸ਼ਕ ਦਰਸ਼ਕਾਂ ਨੂੰ ਜਗੀਰਦਾਰੀ ਪ੍ਰਬੰਧ ਦੀ ਬੇਇਨਸਾਫੀ ਵਿਰੁੱਧ ਲੜਨ ਦਾ ਸੁਨੇਹਾ ਦਿੰਦਾ ਹੈ। ਪਰ ਕਈ ਆਲੋਚਕਾਂ ਦਾ ਮੱਤ ਹੈ ਕਿ ਫਿਲਮ ਵਿੱਚ ਦਿਖਾਇਆ ਗਿਆ ਇਹ ਵਿਰੋਧ ਬਹੁਤ ਹੀ ਨਿਗੂਣਾ ਅਤੇ ਕਮਜ਼ੋਰ ਹੈ।

ਕਲਾਕਾਰ: ਸ਼ਬਾਨਾ ਆਜ਼ਮੀ, ਆਨੰਤ ਨਾਗ, ਸਾਧੂ ਮੇਹਰ ਅਤੇ ਪ੍ਰਿਆ ਤੇਂਦੂਲਕਰ।

ਏਕ ਦਿਨ ਪ੍ਰਤੀਦਿਨ (ਬੰਗਾਲੀ, 1979)

ਮ੍ਰਿਣਾਲ ਸੇਨ ਵਲੋਂ ਨਿਰਦੇਸਿ਼ਤ ਫਿਲਮ ਏਕ ਦਿਨ ਪ੍ਰਤੀਦਿਨਇਕ ਨੌਜਵਾਨ, ਅਣਵਿਆਹੀ ਅਤੇ ਘਰ ਤੋਂ ਬਾਹਰ ਕੰਮ ਕਰਨ ਵਾਲੀ ਕੁੜੀ ਦੀ ਕਹਾਣੀ ਹੈ ਜਿਸ ਦੀ ਕਮਾਈ ਇਕ ਛੇਜੀਆਂ ਦੇ ਨਿਮਨ ਮੱਧਵਰਗੀ ਪਰਿਵਾਰ ਦੇ ਗੁਜ਼ਾਰੇ ਦਾ ਮੁੱਖ ਸਾਧਨ ਹੈ। ਇਕ ਦਿਨ ਇਹ ਕੁੜੀ ਸ਼ਾਮ ਨੂੰ ਮਿੱਥੇ ਸਮੇਂ ਤੇ ਕੰਮ ਤੋਂ ਵਾਪਸ ਨਹੀਂ ਆਉਂਦੀ। ਨਤੀਜੇ ਵਜੋਂ ਪਰਿਵਾਰ ਜਿਸ ਤਰ੍ਹਾਂ ਦੀ ਚਿੰਤਾ ਅਤੇ ਸੋਚ-ਵਿਚਾਰ ਵਿੱਚੋਂ ਦੀ ਗੁਜ਼ਰਦਾ ਹੈ, ਉਹ ਇਸ ਫਿਲਮ ਦਾ ਵਿਸ਼ਾ ਹੈ। ਪਰਿਵਾਰ ਨੂੰ ਇਕ ਪਾਸੇ ਉਸ ਦੀ ਸੁਰੱਖਿਆ ਦਾ ਫਿਕਰ ਹੈ ਅਤੇ ਦੂਸਰੇ ਪਾਸੇ ਇਸ ਗੱਲ ਦਾ ਫਿਕਰ ਹੈ ਕਿ ਜੇ ਆਂਢ-ਗੁਆਂਢ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹਨਾਂ ਦੀ ਨੌਜਵਾਨ ਕੁੜੀ ਕੰਮ ਤੋਂ ਵਾਪਸ ਘਰ ਨਹੀਂ ਆਈ ਤਾਂ ਉਹ ਕੀ ਕਹਿਣਗੇ। ਬੜੀ ਹੀ ਸਰਲ ਕਹਾਣੀ ਵਾਲੀ ਇਸ ਫਿਲਮ ਵਿੱਚ ਸੇਨ ਨੇ ਇਕ ਮਰਦਪ੍ਰਧਾਨ ਸਮਾਜ ਦੇ ਔਰਤਾਂ ਬਾਰੇ ਵਿਚਾਰਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ ਤੋਂ ਪਤਾ ਚੱਲਦਾ ਹੈ ਕਿ ਬੇਸ਼ੱਕ ਇਹ ਕੁੜੀ ਇਕ ਹੱਦ ਤੱਕ ਆਰਥਿਕ ਪੱਖੋਂ ਤਾਂ ਅਜ਼ਾਦ ਹੈ, ਪਰ ਸਮਾਜਕ ਪੱਖੋਂ ਅਜ਼ਾਦ ਨਹੀਂ।

ਇਹ ਫਿਲਮ ਕਾਫੀ ਲੋਕਾਂ ਵਲੋਂ ਸਲਾਹੀ ਗਈ। ਦੂਸਰੇ ਪਾਸੇ ਕੁਝ ਹੋਰ ਲੋਕਾਂ ਨੂੰ ਲੱਗਾ ਕਿ ਮ੍ਰਿਣਾਲ ਸੇਨ ਹੁਣ ਨਰਮ ਪੈ ਗਿਆ ਹੈ ਅਤੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਉਹ ਸਿਆਸਤ ਬਾਰੇ ਫਿਲਮਾਂ ਬਣਾਉਣ ਤੋਂ ਪਾਸਾ ਵੱਟ ਰਿਹਾ ਹੈ। ਉਹਨਾਂ ਦਾ ਵਿਚਾਰ ਸੀ ਕਿ ਉਸ ਦੀ ਇਸ ਫਿਲਮ ਵਿੱਚ ਕੋਈ ਸੁਨੇਹਾ ਨਹੀਂ। ਇਸ ਤਰ੍ਹਾਂ ਦੀ ਆਲੋਚਨਾ ਦੇ ਜੁਆਬ ਸੇਨ ਨੇ ਕਿਹਾ, "ਮੈਂ ਅਜਿਹੀਆਂ ਫਿਲਮਾਂ ਬਣਾਈਆਂਹਨਜਿਹਨਾਂ ਦਾ ਸਿਆਸੀ ਸਥਿਤੀ ਨਾਲ ਸੰਬੰਧ ਹੈ ਅਤੇ ਉਨ੍ਹਾਂ ਵਿੱਚ ਸਿਆਸੀ ਪਾਤਰ ਹਨ, ਪਰ ਮੈਂ ਅਜਿਹੀਆਂ ਫਿਲਮਾਂ ਵੀ ਬਣਾਈਆਂ ਹਨ ਜਿਹਨਾਂ ਦੀ ਸਿੱਧੇ ਤੌਰ `ਤੇ ਕੋਈ ਸਿਆਸੀ ਪ੍ਰਸੰਗਤਾ ਨਹੀਂ ਹੈ। ਪਰ ਉਹਨਾਂ ਸਾਰੀਆਂ ਵਿੱਚ ਮੈਂ ਹਮੇਸ਼ਾਂ ਇਕ ਸਮਾਜਕ, ਸਿਆਸੀ ਅਤੇ ਆਰਥਿਕ ਨਜ਼ਰੀਆ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ।… ਜਦੋਂ ਮੈਂ ਕਿਸੇ ਮਰਦ ਅਤੇ ਔਰਤ ਦੇ ਰਿਸ਼ਤੇ ਬਾਰੇ ਫਿਲਮ ਬਣਾਉਂਦਾ ਹਾਂ ਤਾਂ ਮੈਂ ਉਸ ਰਿਸ਼ਤੇ ਨੂੰ ਵੱਡੇ ਸੰਦਰਭ ਵਿੱਚ ਸਮਝਣ ਦਾ ਯਤਨ ਕਰਦਾ ਹਾਂ। … ਏਕ ਦਿਨ ਪ੍ਰਤੀਦਿਨ ਵਿੱਚ ਭਾਵੇਂ ਕਿ ਕੈਮਰਾ ਘਰ ਤੋਂ ਬਾਹਰ ਬਹੁਤ ਘੱਟ ਜਾਂਦਾ ਹੈ, ਫਿਰ ਵੀ ਫਿਲਮ ਵਿੱਚ ਉਹਨਾਂ ਸਮਾਜਕ, ਸਿਆਸੀ ਅਤੇ ਸਦਾਚਾਰਕ ਬੰਦਸ਼ਾਂ ਬਾਰੇ ਗੱਲ ਕੀਤੀ ਗਈ ਹੈ ਜਿਹੜੀਆਂ ਸਾਡੇ ਸਮਾਜਕ ਵਰਤਾਅ ਨੂੰ ਨਿਸ਼ਚਿਤ ਕਰਦੀਆਂ ਹਨ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ‘ਤੇ ਅਸਰ ਕਰਦੀਆਂ ਹਨ।"  

ਕਲਾਕਾਰ: ਸਤਿਆ ਬੈਨਰਜੀ, ਗੀਤਾ ਸੇਨ, ਸ੍ਰੀਲਾ ਮਜ਼ੁਮਦਰ, ਮਮਤਾ ਸ਼ੰਕਰ, ਤਪਨ ਦਾਸ ਅਤੇ ਮਮਤਾ ਭੱਟਾਚਾਰੀਆ

ਅਰਥ (ਹਿੰਦੀ, 1982)

ਨਿਰਦੇਸ਼ਕ ਮਹੇਸ਼ ਭੱਟ ਦੀ ਸ਼ਹਿਰੀ ਮੱਧਵਰਗ ਦੇ ਜੀਵਨ `ਤੇ ਆਧਾਰਤ ਇਹ ਫਿਲਮ ਵਿਆਹ ਦੀ ਸੰਸਥਾ ਵਿੱਚ ਬੱਝੇ ਮਰਦ ਅਤੇ ਔਰਤ ਦੇ ਨਾਬਰਾਬਰ ਸੰਬੰਧਾਂ ਨੂੰ ਦੇਖਣ ਦਾ ਯਤਨ ਕਰਦੀ ਹੈ।

ਕਲਾਕਾਰ:  ਸ਼ਬਾਨਾ ਆਜ਼ਮੀ, ਸਮੀਤਾ ਪਾਟਿਲ, ਕੁਲਭੂਸ਼ਨ ਖਰਬੰਦਾ, ਰਾਜ ਕਿਰਨ ਅਤੇ ਰੋਹਨੀ ਹਤੰਗੜੀ।

ਕਮਲਾ (ਹਿੰਦੀ, 1985 )

ਨਿਰਦੇਸ਼ਕ ਜਗਮੋਹਨ ਮੂੰਧੜਾ ਵਲੋਂ ਨਿਰਦੇਸ਼ਤ ਫਿਲਮ ਕਮਲਾ ਦੇ ਸ਼ੁਰੂ ਵਿੱਚ ਦਿੱਲੀ ਦੀ ਇਕ ਅੰਗਰੇਜ਼ੀ ਅਖਬਾਰ ਦਾ ਸਟਾਰ ਰਿਪੋਰਟਰ ਜੈ ਸਿੰਘ ਯਾਦਵ ਮੱਧਿਆ ਪ੍ਰਦੇਸ਼ ਦੇ ਪੇਂਡੂ ਇਲਾਕੇ ਵਿੱਚੋਂ ਇਕ ਗਰੀਬ ਔਰਤ ਕਮਲਾ ਨੂੰ ਖ੍ਰੀਦ ਕੇ ਦਿੱਲੀ ਲਿਆਉਂਦਾ ਹੈ। ਉਸ ਦੀ ਯੋਜਨਾ ਕਮਲਾ ਨੂੰ ਇਕ ਸਬੂਤ ਵਜੋਂ ਪ੍ਰੈੱਸ ਕਾਨਫਰੰਸ ਵਿੱਚ ਪੇਸ਼ ਕਰਨ ਦੀ ਹੈ ਤਾਂ ਕਿ ਉਹ ਭਾਰਤ ਵਿਚ ਔਰਤਾਂ ਦੇ ਵਿਉਪਾਰ ਦੇ ਇਸ ‘ਘਿਣਾਉਣੇ’ ਵਰਤਾਰੇ ਨੂੰ ਇਕ ਧਮਾਕੇ ਭਰਪੂਰ ਢੰਗ ਨਾਲ ਨੰਗਾ ਕਰ ਸਕੇ।

ਉਸ ਵਲੋਂ ਕੀਤਾ ਗਿਆ ਇਹ ਯਤਨ ਭਾਰਤ ਦੇ ਗਰੀਬ ਇਲਾਕਿਆਂ ਵਿੱਚੋਂ ਕੀਤੀ ਜਾਂਦੀ ਔਰਤਾਂ ਦੀ ਖ੍ਰੀਦੋਫਰੋਖਤ ਨੂੰ ਨੰਗਾ ਕਰਨ ਦੇ ਨਾਲ ਨਾਲ ਭਾਰਤੀ ਸਮਾਜ ਵਿੱਚ ਪਿੱਤਰਸੱਤਾ ਦੇ ਦਾਬੇ ਹੇਠ ਰਹਿ ਰਹੀਆਂ ਸਾਰੀਆਂ ਭਾਰਤੀ ਔਰਤਾਂ ਦੇ ਸ਼ੋਸ਼ਣ ਨੂੰ ਨੰਗਾ ਕਰ ਦਿੰਦਾ ਹੈ। ਦਰਸ਼ਕ ਜਦੋਂ ਇਸ ਸਟਾਰ ਰਿਪੋਰਟਰ ਜੈ ਸਿੰਘ ਯਾਦਵ ਦੇ ਘਰ ਵਿੱਚ ਉਸ ਦੀ ਪਤਨੀ ਦੇ ਜੀਵਨ ਨੂੰ ਦੇਖਦਾ ਹੈ ਤਾਂ ਉਸ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲਗਦੀ ਕਿ ਯਾਦਵ ਦੀ ਪਤਨੀ ਦੀ ਸਥਿਤੀ ਕਿਸੇ ਵੀ ਤਰ੍ਹਾਂ ਕਮਲਾ ਦੀ ਸਥਿਤੀ ਤੋਂ ਵੱਖਰੀ ਨਹੀਂ ਹੈ।  

ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਦੇ ਸੱਚ ਨੂੰ ਉਜਾਗਰ ਕਰਨ ਦੇ ਨਾਲ ਨਾਲ ਇਹ ਫਿਲਮ ਸਨਸਨੀਖੇਜ਼ ਅਤੇ ਧਮਾਕੇਦਾਰ ਖੱਬਰਾਂ `ਤੇ ਕੇਂਦਰਿਤ ਪੱਤਰਕਾਰੀ ਦੀ ਕਾਰਜ ਪ੍ਰਣਾਲੀ ਅਤੇ ਭੂਮਿਕਾ ਉੱਤੇ ਵੀ ਕਈ ਤਰ੍ਹਾਂ ਦੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਫਿਲਮ ਦੇਖਦਿਆਂ ਦਰਸ਼ਕ ਦੇ ਮਨ ਵਿੱਚ ਇਹ ਸਵਾਲ ਵਾਰ ਵਾਰ ਉੱਠਦਾ ਹੈ ਕਿ ਆਪਣੇ ਪਾਠਕਾਂ ਦੀ ਗਿਣਤੀ ਵਧਾਉਣ ਲਈ ਅਨੂਠੇ ਸਮਾਚਾਰਾਂ (ਸਕੂਪਾਂ) ਅਤੇ ਸਕੈਂਡਲਾਂ ਦਾ ਸਹਾਰਾ ਲੈਣ ਵਾਲੀ ਪੱਤਰਕਾਰੀ ਕੀ ਪਾਠਕਾਂ ਨੂੰ ਆਪਣੀਆਂ ਸਥਿਤੀਆਂ ਦੀ ਅਸਲੀਅਤ ਸਮਝਣ ਲਈ ਜਾਗਰੂਕ ਕਰ ਸਕਦੀ ਹੈ?  

ਅੰਤ ਵਿੱਚ ਜਿੱਥੇ ਕਮਲਾ ਸਮਾਜ ਵਿੱਚ ਔਰਤ ਦੀ ਸਥਿਤੀ ਅਤੇ ਪੱਤਰਕਾਰੀ ਦੀ ਭੂਮਿਕਾ ਨੂੰ ਸਮਝਣ ਵਿੱਚ ਇਕ ਮਹੱਤਵਪੂਰਨ ਰੋਲ ਨਿਭਾਉਂਦੀ ਹੈ, ਉੱਥੇ ਇਹ ਦਰਸ਼ਕਾਂਨੂੰ ਇਹ ਸੁਨੇਹਾ ਵੀ ਦਿੰਦੀ ਹੈ, ਸਮਾਜ ਵਿੱਚ ਵੱਖ ਵੱਖ ਪੱਧਰਾਂ `ਤੇ ਹੋ ਰਹੇ ਸ਼ੋਸ਼ਣ ਇਕ ਦੂਸਰੇ ਨਾਲ ਸੰਬੰਧਤ ਹੁੰਦੇ ਹਨ। ਕਿਸੇ ਵੀ ਇਕ ਪੱਧਰ `ਤੇ ਹੋ ਰਹੇ ਸ਼ੋਸ਼ਣ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਅਸੀਂ ਸਾਰੇ ਸ਼ੋਸ਼ਣਾਂ ਦੇ ਤਾਣੇ-ਬਾਣੇ ਨੂੰ ਸਮਝੀਏ ਅਤੇ ਉਨ੍ਹਾਂ ਵਿਰੁੱਧਸਾਂਝੀ ਲੜਾਈ ਲੜੀਏ।

ਮੁੱਖ ਕਲਾਕਾਰ: ਮਾਰਕ ਜ਼ੁਬੇਰ, ਦੀਪਤੀ ਨਵਲ ਅਤੇ ਸ਼ਬਾਨਾ ਆਜ਼ਮੀ।

ਮਿਰਚ ਮਸਾਲਾ (ਹਿੰਦੀ, 1987)   

ਕੇਤਨ ਮਹਿਤਾ ਦੀ ਨਿਰਦੇਸ਼ਨਾ ਵਿੱਚ ਬਣੀ ਫਿਲਮ ਮਿਰਚ ਮਸਾਲਾ ਦਾ ਭਾਰਤੀ ਸਮਾਜ ਵਿੱਚ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਬਣੀਆਂ ਫਿਲਮਾਂ ਵਿੱਚ ਇਕ ਮਹੱਤਵਪੂਰਨ ਸਥਾਨ ਹੈ। ਫਿਲਮ ਦੀ ਕਹਾਣੀ ਸਮਾਜ ਵਿੱਚ ਔਰਤ ਦੇ ਦਮਨ ਅਤੇ ਇਸ ਦਮਨ ਵਿਰੁੱਧ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਲੜਨ ਦੀ ਸ਼ਕਤੀਸ਼ਾਲੀ ਕਹਾਣੀ ਹੈ। ਸਮਾਜ ਵਿੱਚ ਪਿੱਤਰਸੱਤਾ, ਜਮਾਤ ਅਤੇ ਜਾਤ ਕਿਸ ਤਰ੍ਹਾਂ ਮਿਲ ਕੇ ਔਰਤਾਂ ਦੇ ਦਮਨ ਦਾ ਕਾਰਨ ਬਣਦੀਆਂ ਹਨ, ਇਸ ਗੱਲ ਨੂੰ ਫਿਲਮ ਵਿੱਚ ਬਹੁਤ ਬਾਰੀਕੀ ਅਤੇ ਸਪਸ਼ਟਤਾ ਨਾਲ ਦਿਖਾਇਆ ਗਿਆ ਹੈ। ਫਿਲਮ ਦੇ ਅੰਤ `ਤੇ ਆਪਣੇ ਤਰ੍ਹਾਂ ਤਰ੍ਹਾਂ ਦੇ ਡਰਾਂ `ਤੇ ਕਾਬੂ ਪਾ, ਮਰਦਾਂ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਤੋਂ ਬਿਨਾਂ, ਔਰਤਾਂ ਇਕੱਠੀਆਂ ਹੋ ਕੇ ਜਿਸ ਤਰ੍ਹਾਂ ਆਪਣੇ ਜ਼ਾਲਮ ਨੁੰ ਠੋਕਵਾਂ ਜਵਾਬ ਦਿੰਦੀਆਂ ਹਨ, ਉਹ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਲੜ੍ਹਨ ਵਾਲਿਆਂ ਲਈ ਪ੍ਰੇਰਨਾ ਦਾ ਸ੍ਰੋਤ ਬਣ ਜਾਂਦਾ ਹੈ। ਦਰਸ਼ਕ ਨੂੰ ਸੁਨੇਹਾ ਮਿਲਦਾ ਹੈ ਕਿ ਇਕੱਠੇ ਹੋ ਕੇ ਅਤੇ ਆਪਣੇ ਆਪ `ਤੇ ਵਿਸ਼ਵਾਸ ਰੱਖ ਕੇ ਲੜੀ ਗਈ ਲੜਾਈ ਵਿੱਚ ਜਿੱਤ ਲੜਨ ਵਾਲਿਆਂ ਦੀ ਹੀ ਹੁੰਦੀ ਹੈ,  ਬੇਸ਼ੱਕ ਉਨ੍ਹਾਂ ਸਾਹਮਣੇ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ ਹੋਣ। ਅਜ਼ਾਦੀ ਤੋਂ ਪਹਿਲਾਂ ਦੇ ਹਿੰਦੁਸਤਾਨ ਦੀਆਂ ਸਥਿਤੀਆਂ ਬਾਰੇ ਬਣਾਈ ਗਈ ਇਹ ਫਿਲਮ ਹਿੰਦੁਸਤਾਨ ਦੀਆਂ ਅਜੋਕੀਆਂ ਸਥਿਤੀਆਂ ਵਿੱਚ ਵੀ ਉਨੀ ਹੀ ਪ੍ਰਸੰਗਕ ਹੈ ਜਿੰਨੀ ਇਹ ਪਹਿਲਾਂ ਸੀ।

ਮੁੱਖ ਕਲਾਕਾਰ: ਨਸੀਰੂਦੀਨ ਸ਼ਾਹ, ਸਮੀਤਾ ਪਾਟਿਲ, ਓਮ ਪੁਰੀ, ਸੁਰੇਸ਼ ਓਬਰਾਇ, ਦੀਪਤੀ ਨਵਲ, ਦੀਨਾ ਪਾਠਕ, ਮੋਹਨ ਗੋਖਲੇ ਅਤੇ ਪਾਰੇਸ਼ ਰਵਾਲ।

ਰਿਹਾਈ (ਹਿੰਦੀ, 1988)

ਰੋਜ਼ੀ ਰੋਟੀ ਦੀ ਭਾਲ ਵਿੱਚ ਆਪਣੇ ਪਰਿਵਾਰ ਤੋਂ ਲੰਮਾ ਸਮਾਂ ਦੂਰ ਰਹਿ ਰਹੇ ਇਕ ਮਰਦ ਵਲੋਂ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਉਣ ਨੂੰ ਸਮਾਜ ਵਿੱਚ ਜੇ ਠੀਕ ਨਹੀਂ ਸਮਝਿਆ ਜਾਂਦਾ ਤਾਂ ਸੁਭਾਵਕ ਜ਼ਰੂਰ ਸਮਝਿਆ ਜਾਂਦਾ ਹੈ। ਜੇ ਉਸ ਦੀ ਔਰਤ ਨੂੰ ਇਸ ਬਾਰੇ ਪਤਾ ਲੱਗ ਜਾਵੇ ਤਾਂ ਉਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਨੂੰ ਅਣਗੌਲਿਆ ਕਰ ਦੇਵੇ। ਸਮਝਿਆ ਜਾਂਦਾ ਹੈ ਮਰਦ ਤੋਂ ਇਹ ਸਭ ਕੁਝ ਉਸ ਦੀ ਇਕੱਲਤਾ ਭਰੀਆਂ ਹਾਲਤਾਂ ਨੇ ਕਰਵਾਇਆ ਹੈ, ਇਸ ਵਿੱਚ ਉਸ ਦਾ ਕੋਈ ਵੱਡਾ ਦੋਸ਼ ਨਹੀਂ। ਦੂਸਰੇ ਪਾਸੇ ਜੇ ਮਰਦ ਦੀ ਲੰਮੀ ਗੈਰਹਾਜ਼ਰੀ ਦੌਰਾਨ ਉਸ ਦੀ ਔਰਤ ਦਾ ਸੰਬੰਧ ਕਿਸੇ ਹੋਰ ਨਾਲ ਬਣ ਜਾਵੇ ਤਾਂ ਇਸ ਨੂੰ ਨਾ-ਬਖਸ਼ਣ ਯੋਗ ਅਪਰਾਧ ਸਮਝਿਆ ਜਾਂਦਾ ਹੈ। ਔਰਤ ਨੂੰ ਬਦਚਲਣ ਸਮਝਿਆ ਜਾਂਦਾ ਹੈ ਅਤੇ ਮਰਦ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਸ ਨੂੰ ਛੱਡ ਦੇਵੇ।

ਅਰੂਨਾ ਰਾਜ ਵਲੋਂ ਨਿਰਦੇਸ਼ਤ ਇਸ ਫਿਲਮ ਵਿੱਚ ਇਸ ਮਸਲੇ ਬਾਰੇ ਸਮਾਜ ਦੇ ਦੋਹਰੇ ਕਿਰਦਾਰ ਦੇ ਦੰਭ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਅਖੀਰ ਵਿੱਚ ਜਦੋਂ ਪਿੰਡ ਦੀ ਪੰਚਾਇਤ ਵਿੱਚ ਔਰਤਾਂ ਇਕੱਠੀਆਂ ਹੋ ਕੇ ਇਸ ਮਸਲੇ ਬਾਰੇ ਸਾਂਝਾ ਸਟੈਂਡ ਲੈਂਦੀਆਂ ਹਨ ਤਾਂ ਮਰਦਾਂ ਕੋਲ ਪੰਚਾਇਤ ਵਿੱਚੇ ਛੱਡ ਕੇ ਨੱਠ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਇਸ ਤਰ੍ਹਾਂ ਇਹ ਫਿਲਮ ਸਮਾਜ ਵਿੱਚਲੀ ਮਰਦਪ੍ਰਧਾਨਤਾ `ਤੇ ਇਕ ਕਰਾਰੀ ਸੱਟ ਮਾਰਦੀ ਹੈ।

ਮੁੱਖ ਕਲਾਕਾਰ: ਹੇਮਾ ਮਾਲਿਨੀ, ਵਿਨੋਦ ਖੰਨਾ, ਨਸੀਰੂਦੀਨ ਸ਼ਾਹ, ਰੀਮਾ ਲਗੂ, ਨੀਨਾ ਗੁਪਤਾ, ਪਲਵੀ ਜੋਸ਼ੀ, ਮੋਹਨ ਆਗਾਸ਼ੇ, ਅਛੂਤ ਪੋਤਦਾਰ।   

ਬੈਂਡਿਟ ਕੁਈਨ (ਹਿੰਦੀ, 1995)

ਸ਼ੇਖਰ ਕਪੂਰ ਵਲੋਂ ਨਿਰਦੇਸਿ਼ਤ ਫਿਲਮ ਬੈਂਡਿਟ ਕੁਈਨ ਮਸ਼ਹੂਰ ਡਕੈਤ ਫੂਲਨ ਦੇਵੀ ਦੀ ਜਿ਼ੰਦਗੀ `ਤੇ ਆਧਾਰਤ ਹੈ। ਫਿਲਮ ਦਿਖਾਉਂਦੀ ਹੈ ਕਿ ਅਖੌਤੀ ਨੀਵੀਂ ਜਾਤ ਨਾਲ ਸੰਬੰਧਤ ਫੂਲਨ ਦੇਵੀ ਨੂੰ ਬਚਪਨ ਤੋਂ ਹੀ ਕਿਸ ਤਰ੍ਹਾਂ ਜਾਤਪਾਤ ਅਤੇ ਮਰਦ-ਪ੍ਰਧਾਨਤਾ ਦੇ ਜ਼ਬਰ ਦਾਸ਼ਿਕਾਰ ਹੋਣਾ ਪਿਆ ਸੀ। ਫਿਲਮ ਇਕ ਪਾਸੇ ਜਾਤਪਾਤ ਅਤੇ ਮਰਦ-ਪ੍ਰਧਾਨਤਾ `ਤੇ ਟਿਕੇ ਸਮਾਜ ਦੀ ਕਰੂਰਤਾ ਨੂੰ ਨੰਗਾ ਕਰਦੀ ਹੈ, ਦੂਸਰੇ ਪਾਸੇ ਫੂਲਨ ਦੇਵੀ ਵਲੋਂ ਇਸ ਕਰੂਰਤਾ ਵਿਰੁੱਧ ਹੌਂਸਲੇ ਅਤੇ ਦ੍ਰਿੜਤਾ ਨਾਲ ਲੜੀ ਲੜਾਈ ਨੂੰ ਵੀ ਉਜਾਗਰ ਕਰਦੀ ਹੈ। ਫਿਲਮ ਦੇਖਣ ਬਾਅਦ ਦਰਸ਼ਕ ਫੂਲਨ ਦੇਵੀ ਵਲੋਂ ਵਿਅਕਤੀਗਤ ਹਿੰਸਾ ਅਪਨਾਉਣ ਦੇ ਰਸਤੇ ਨਾਲ ਸਹਿਮਤ ਹੋਣ ਜਾਂ ਨਾ, ਇਸ ਗੱਲ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਕਿਸੇ ਸਮਾਜ ਵਲੋਂ ਅਪਣਾਈਗਈਢਾਂਚਾਗਤ ਹਿੰਸਾ ਅਤੇ ਵਹਿਸ਼ਤ ਉਸ ਹੀ ਤਰ੍ਹਾਂ ਦੀ ਹਿੰਸਾ ਅਤੇ ਵਹਿਸ਼ਤ ਪੈਦਾ ਕਰਨ ਵਿੱਚ ਵੱਡਾ ਰੋਲ ਨਿਭਾਉਂਦੀ ਹੈ।   

ਕਲਾਕਾਰ: ਸੀਮਾ ਵਿਸਵਾਸ, ਨਿਰਮਲ ਪਾਂਡੇ, ਅਦਿਤੀਆ ਸ਼੍ਰੀ ਵਾਸਤਵ, ਰਾਮ ਚਰਨ ਨਿਰਮਾਲਕਰ, ਸਵੀਤਰੀ ਰਾਇਕਵਾਰਸ, ਗਜਰਾਜ ਰਾਓ,ਸਰੌਭ ਸ਼ੁਕਲਾ, ਮਨੋਜ ਬਾਜਪਾਈ, ਰਘੁਬੀਰ ਯਾਦਵ, ਆਦਿ।

ਸੰਸ਼ੋਧਨ ( ਹਿੰਦੀ, 1996)

ਗੋਬਿੰਦ ਨਿਹਾਲਨੀ ਵਲੋਂ ਨਿਰਦੇਸ਼ਤ ਇਹ ਫਿਲਮ ਪਿੰਡ ਦੀਆਂ ਪੰਚਾਇਤਾਂ ਵਿੱਚ ਔਰਤਾਂ ਦੀਆਂ ਸੀਟਾਂ ਰਾਖਵੀਂਆਂ ਕਰਨ ਦੇ ਮਸਲੇ ਨੂੰ ਸੰਬੋਧਿਤ ਹੈ। ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਆਮ ਤੌਰ `ਤੇ ਔਰਤਾਂ ਲਈ ਰਾਖਵੀਂਆਂ ਸੀਟਾਂ `ਤੇ ਬੇਸ਼ੱਕ ਇਲੈਕਸ਼ਨ ਔਰਤਾਂ ਲੜਦੀਆਂ ਹਨ ਪਰ ਅਸਲੀਅਤ ਵਿੱਚ ਉਹਨਾਂ ਦੇ ਅਹੁਦੇ ਦੀ ਤਾਕਤ ਉਹਨਾਂ ਦੇ ਘਰ ਦੇ ਮਰਦਾਂ ਦੇ ਹੱਥ ਹੀ ਰਹਿੰਦੀ ਹੈ। ਇਸ ਤਰ੍ਹਾਂ ਦੀ ਇਲੈਕਸ਼ਨ ਜਿੱਤ ਕੇ ਜਦੋਂ ਕੋਈ ਔਰਤ ਆਪਣੇ ਆਪ ਫੈਸਲੇ ਕਰਨ ਲੱਗ ਪਏ ਤਾਂ ਕੀ ਹੁੰਦਾ ਹੈ? ਸੰਸ਼ੋਧਨ ਇਸ ਸਵਾਲ ਦਾ ਜੁਆਬ ਦੱਸਣ ਦੀ ਕੋਸਿ਼ਸ਼ ਕਰਦੀ ਹੈ।  

ਕਲਾਕਾਰ: ਮਨੋਜ ਬਾਜਪਾਈ, ਵਾਨਿਆ ਜੋਸ਼ੀ, ਆਸ਼ੂਤੋਸ਼ ਰਾਣਾ, ਕਿਸ਼ੋਰ ਕਦਮ, ਲਲਿਤ ਪਰੀਮੂ ਅਤੇ ਵਿਨਿਤ ਕੁਮਾਰ।

ਚਾਂਦਨੀ ਬਾਰ (ਹਿੰਦੀ, 2001)

ਮਧੂ ਭੰਡਾਰਕਰ ਦੀ ਫਿਲਮ ਚਾਂਦਨੀ ਬਾਰ ਬੰਬਈ ਦੀਆਂ ਬੀਅਰ ਬਾਰਾਂ ਵਿੱਚ ਨਾਚੀਆਂ ਵਜੋਂ ਕੰਮ ਕਰਦੀਆਂ ਔਰਤਾਂ ਦੀ ਜ਼ਿੰਦਗੀ`ਤੇ ਕੇਂਦਰਿਤ ਹੈ। ਫਿਲਮ ਵਿੱਚ ਉਹਨਾਂ ਸਥਿਤੀਆਂ ਨੂੰ ਘੋਖਣ ਦਾ ਯਤਨ ਵੀ ਹੈ ਜਿਹਨਾਂ ਸਥਿਤੀਆਂ ਕਾਰਨ ਔਰਤਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ ਅਤੇ ਇਸ ਕੰਮ ਉੱਪਰ ਹੁੰਦੇ ਔਰਤਾਂ ਦੇ ਸ਼ੋਸ਼ਣ ਨੂੰ ਵੀ ਨੰਗਾ ਕੀਤਾ ਗਿਆ ਹੈ।  

ਕਲਾਕਾਰ: ਤਬੂ, ਅਤੁਲ ਕੁਲਕਰਨੀ, ਰਾਜਪਾਲ ਯਾਦਵ, ਵੱਲਭ ਵਿਆਸ, ਵਿਨੇ ਅਪਟੇ, ਅਨਾਨਿਆ ਖਰੇ, ਉਪਿੰਦਰ ਲਿਮਾਏ, ਵਿਸ਼ਾਲ ਠੱਕਰ, ਮੀਨਾਕਸ਼ੀ ਸਾਹਨੀ, ਅਭੇ ਭਾਰਗਵ।

ਖਾਮੋਸ਼ ਪਾਣੀ (ਪੰਜਾਬੀ, 2003)

ਸਬੀਹਾ ਸਮਰ ਵਲੋਂ ਨਿਰਦੇਸ਼ਤ ਪੰਜਾਬੀ ਦੀ ਬਿਹਤਰੀਨ ਫਿਲਮ ਖਾਮੋਸ਼ ਪਾਣੀ ਇਕ ਅਜਿਹੀ ਸਿੱਖ ਔਰਤ ਦੀ ਕਹਾਣੀ ਹੈ ਜਿਸ ਨੂੰ ਸੰਨ 1947 ਦੇ ਰੌਲਿਆਂ ਵੇਲੇ ਅਗਵਾ ਕਰ ਲਿਆ ਗਿਆ ਸੀ। ਫਿਲਮ ਦਾ ਮੁੱਖ ਸੁਨੇਹਾ ਇਹ ਹੈ ਕਿ ਬੇਸ਼ੱਕ ਸਮਾਜ ਵਿੱਚ ਧਾਰਮਿਕ ਕੱਟੜਵਾਦ ਅਧਾਰਤ ਹਿੰਸਾ ਫੈਲਾਉਣ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਘੱਟ ਹੁੰਦੀ ਹੈ, ਫਿਰ ਵੀ ਉਹਨਾਂ ਨੂੰ ਇਸ ਕੱਟੜਵਾਦੀ ਹਿੰਸਾ ਦੇ ਜ਼ੁਲਮ ਦਾ ਸਭ ਤੋਂ ਵੱਧ ਸ਼ਿਕਾਰਹੋਣਾ ਪੈਂਦਾ ਹੈ। ਧਰਮ ਦੇ ਕੱਟੜ ਸਿਪਾਹੀ ਸਮਾਜ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੀ ਜੱਦੋਜਹਿਦ ਦੀ ਸ਼ੁਰੂਆਤ ਔਰਤਾਂ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੇ ਯਤਨਾਂ ਤੋਂ ਸ਼ੁਰੂ ਕਰਦੇ ਹਨ।

ਮੁੱਖ ਕਲਾਕਾਰ:  ਕਿਰਨ ਖੇਰ, ਆਮਿਰ ਮਲਿਕ, ਨਵਤੇਜ ਜੌਹਰ ਸਿੰਘ, ਸਿ਼ਲਪਾ ਸ਼ੁਕਲਾ, ਅਤੇ ਸਲਮਨ ਸ਼ਾਹਿਦ ਆਦਿ।

ਡੋਰ (ਹਿੰਦੀ, 2006 )

ਨਗੇਸ਼ ਕੁਕੂਨੂਰ ਵਲੋਂ ਨਿਰਦੇਸ਼ਤ ਫਿਲਮ ਡੋਰ ਵਿੱਚ ਸਥਿਤੀਆਂ ਕਾਰਨ ਇਕ ਦੂਸਰੇ ਦੇ ਵਿਰੋਧ ਵਿੱਚ ਖੜ੍ਹੀਆਂ ਦੋ ਔਰਤਾਂ ਇਕ ਦੂਸਰੇ ਦੀ ਸਥਿਤੀ ਸਮਝਣ ਤੋਂ ਬਾਅਦ ਇਕ ਦੂਸਰੇ ਦੀਆਂ ਹਿਮਾਇਤੀ ਬਣ ਜਾਂਦੀਆਂ ਹਨ ਅਤੇ ਦੁਸ਼ਮਣਾਂ ਤੋਂ ਹਿਮਾਇਤੀ ਬਣਨ ਦੇ ਇਸ ਅਮਲ ਦੌਰਾਨ ਉਹ ਸਮਾਜ ਵਿਚਲੀ ਪਿੱਤਰਸੱਤਾ ਨੂੰ ਚੁਣੌਤੀ ਦੇਣ ਤੋਂ ਵੀ ਨਹੀਂ ਝਿਜਕਦੀਆਂ। ਫਿਲਮ ਬਾਰੇ ਗੱਲ ਕਰਦਿਆਂ ਫਿਲਮ ਅਦਾਕਾਰ ਸ਼ਰਮੀਲਾ ਟੈਗੋਰ ਕਹਿੰਦੀ ਹੈ ਕਿ ਡੋਰ“ਇਕ ਨਿਰਾਲੀ ਫਿਲਮ ਹੈ, ਕਿਉਂਕਿ ਇਹ ਨਾ ਸਿਰਫ ਔਰਤ ਨੂੰ ਹਾਸ਼ੀਏ `ਤੇ ਖੜ੍ਹੇ ਮਰਦ ਦੇ ਸਨਮੁੱਖ ਰੱਖਦੀ ਹੈ ਅਤੇ ਮੁਸਲਿਮ ਔਰਤ ਨੂੰ ਵਧੇਰੇ ਬੰਧਨ ਮੁਕਤ ਦਿਖਾਉਂਦੀ ਹੈ, ਸਗੋਂ ਇਸ ਫਿਲਮ ਵਿੱਚ ਇਕ ਜਵਾਨ ਹਿੰਦੂ, ਰਾਜਸਥਾਨੀ ਵਿਧਵਾ ਦਿਖਾਉਣ ਦੀ ਦਲੇਰੀ ਵੀ ਹੈ, ਜੋ ਰੋਂਦੀ ਨਹੀਂ, ਨੱਚਣਾ ਚਾਹੁੰਦੀ ਹੈ, ਸੰਗੀਤ ਸੁਣਨਾ ਚਾਹੁਦੀ ਹੈ ਅਤੇ ਜਿਸ ਲਈ ਪਤੀ ਦੀ ਮੌਤ ਨਾਲ ਜ਼ਿੰਦਗੀਖਤਮ ਨਹੀਂ ਹੁੰਦੀ। ਮੌਜੂਦਾ ਢਾਂਚੇ ਦੁਆਰਾ ਖਿੱਚੀਆਂ ਹੱਦਾਂ ਅੰਦਰ ਕੰਮ ਕਰਦੇ ਹੋਏ ਵੀ ਪਿੱਤਰਸੱਤਾ ਵਾਲੇ ਢਾਂਚੇ ਤੋਂ ਬਾਹਰ ਆਉਣ ਦਾ ਫੈਸਲਾ ਕਰਨ ਵਾਲੀਆਂ ਅਜਿਹੀਆਂ ਫਿਲਮਾਂ ਹੀ ਭਵਿੱਖ ਦੇ ਪਾਪੂਲਰ ਸਿਨੇਮਾ ਵਿੱਚ ਔਰਤਾਂ ਦੀ ਰੂਪ-ਰੇਖਾ ਨੂੰ ਪ੍ਰੀਭਾਸਿ਼ਤ ਕਰਨਗੀਆਂ। ਮੈਨੂੰ ਇਹ ਹੀ ਉਮੀਦ ਹੈ।”

ਕਲਾਕਾਰ: ਆਇਸ਼ਾ ਟਾਕਿਆ, ਗੁਲ ਪਨਾਗ, ਸ੍ਰੀਆਸ ਤਲਪਡੇ, ਗਿਰੀਸ਼ ਕਰਨਾਰਡ, ਉਤਾਰਾ ਭਾਵਕਰ, ਅਤੇ ਪ੍ਰਤੀਕਸ਼ਾ ਲੋਨਕਰ।

ਪ੍ਰੋਵੋਕਡ ( ਅੰਗਰੇਜ਼ੀ, 2006)

 ਜੈਗ ਮੂੰਧੜਾ ਵੱਲੋਂ ਨਿਰਦੇਸਿ਼ਤ ਫਿਲਮ ਪ੍ਰੋਵੋਕਡਇੰਗਲੈਂਡ ਵਿੱਚ ਵਿਆਹ ਕੇ ਆਈ ਇਕ ਪੰਜਾਬੀ ਔਰਤ ਕਿਰਨਜੀਤ ਆਹਲੂਵਾਲੀਆ ਦੇ ਜੀਵਨ ਦੀ ਸੱਚੀ ਕਹਾਣੀ `ਤੇ ਆਧਾਰਿਤ ਹੈ। ਕਿਰਨਜੀਤ ਭਾਰਤੀ ਮੂਲ ਦੇ ਇਕ ਬਰਤਾਨਵੀ ਮਰਦ ਨਾਲ ਵਿਆਹ ਕਰਵਾ ਕੇ 1980 ਦੇ ਨੇੜੇ ਤੇੜੇ ਇੰਗਲੈਂਡ ਪਹੁੰਚਦੀ ਹੈ। ਇਸ ਉਮਰ ਦੀਆਂ ਆਮ ਕੁੜੀਆਂ ਵਾਂਗ ਉਸ ਦੇ ਮਨ ਵਿੱਚ ਵੀ ਵਿਆਹ ਤੋਂ ਬਾਅਦ ਇਕ ਚੰਗਾ ਘਰ ਵਸਾਉਣ ਦੇ ਸੁਫਨੇ ਹਨ। ਪਰ ਇੰਗਲੈਂਡ ਪਹੁੰਚਣ ਬਾਅਦ ਛੇਤੀਂ ਹੀ ਉਸ ਦੇ ਇਹ ਸੁਫਨੇ ਚਕਨਾਚੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਉਸ ਦਾ ਪਤੀ ਉਸ ਨੂੰ ਪਿਆਰ ਅਤੇ ਇੱਜ਼ਤ ਦੇਣ ਦੀ ਥਾਂ ਨਮੋਸ਼ੀ,  ਬੇਵਿਸ਼ਵਾਸੀ, ਧੋਖਾ ਅਤੇ ਮਾਰ ਕੁੱਟ ਦਿੰਦਾ ਹੈ। ਪਤੀ ਲਈ ਕਿਰਨਜੀਤ ਦੀ ਹੋਂਦ ਦਾ ਕੋਈ ਅਰਥ ਨਹੀਂ। ਸਮਾਂ ਪੈਣ ਨਾਲ ਕਿਰਨਜੀਤ ਦੀ ਜ਼ਿੰਦਗੀ ਵਿਚਲੀ ਜ਼ਿੱਲਤ ਅਤੇ ਹਿੰਸਾ ਘਟਣ ਦੀ ਥਾਂ ਵਧਦੀ ਜਾਂਦੀ ਹੈ। ਅਖੀਰ 1989 ਵਿੱਚ ਕਿਰਨਜੀਤ ਆਪਣੇ ਸੁੱਤੇ ਹੋਏ ਪਏ ਪਤੀ ਨੂੰ ਅੱਗ ਲਾ ਦਿੰਦੀ ਹੈ ਅਤੇ ਉਸ ਦੇ ਪਤੀ ਦੀ ਕੁਝ ਦਿਨ ਹਸਪਤਾਲ ਵਿੱਚ ਰਹਿ ਕੇ ਮੌਤ ਹੋ ਜਾਂਦੀ ਹੈ। ਫਿਲਮ ਪ੍ਰੋਵੋਕਡ ਦੀ ਕਹਾਣੀ ਇਥੋਂ ਸ਼ੁਰੂ ਹੁੰਦੀ ਹੈ।

ਫਿਲਮ ਵਿੱਚ ਕਿਰਨਜੀਤ ਦੇ ਜੀਵਨ ਵਿਚਲੀ ਹਿੰਸਾ ਦਿਖਾਉਣ ਲਈ ਹਿੰਸਾ ਭਰੇ ਦ੍ਰਿਸ਼ਾਂ ਦੀ ਵਰਤੋਂ ਬਹੁਤ ਸੰਜਮ ਨਾਲ ਕੀਤੀ ਗਈ ਹੈ। ਨਤੀਜੇ ਵਜੋਂ ਦਰਸ਼ਕਾਂ ਨੂੰ ਔਰਤਾਂ ਵਿਰੁੱਧ ਵਾਪਰਦੀ ਪਰਿਵਾਰਕ ਹਿੰਸਾ ਇਕ ਆਮ ਅਤੇ ਕੁਦਰਤੀ ਵਰਤਾਰਾ ਨਹੀਂ ਜਾਪਦੀ ਸਗੋਂ ਇਕ ਅਜਿਹਾ ਵਰਤਾਰਾ ਜਾਪਦੀ ਹੈ ਜਿਸ ਨੂੰ ਨਫਰਤ ਕਰਨੀ ਚਾਹੀਦੀ ਹੈ। ਹਿੰਸਾ ਭਰੇ ਦ੍ਰਿਸ਼ਾਂ ਦੀ ਥਾਂ ਜੇਲ੍ਹ ਵਿੱਚ ਕਿਰਨਜੀਤ ਵੱਲੋਂ ਬੋਲਿਆ ਇਕ ਡਾਇਲਾਗ ਉਸ ਦੇ ਘਰ ਦੇ ਹਿੰਸਾ ਭਰੇ ਵਾਤਾਵਰਣ ਬਾਰੇ ਬਹੁਤ ਵੱਡਾ ਪ੍ਰਗਟਾਵਾ ਕਰ ਜਾਂਦਾ ਹੈ। ਨਾਰੀ ਹੱਕਾਂ ਲਈ ਕੰਮ ਕਰਦੀ ਇਕ ਕਾਰਕੁੰਨ, ਰਾਧਾ, ਕਿਰਨ ਨੂੰ ਜੇਲ੍ਹ ਵਿੱਚ ਮਿਲਣ ਆਈ ਉਸ ਨੂੰ ਪੁੱਛਦੀ ਹੈ ਕਿ ਉਹ ਜੇਲ੍ਹ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ। ਕਿਰਨਜੀਤ ਜੁਆਬ ਦਿੰਦੀ ਹੈ, “ਮੈਂ ਅਜ਼ਾਦ ਮਹਿਸੂਸ ਕਰ ਰਹੀ ਹਾਂ।”

ਫਿਲਮ ਵਿੱਚ ਇੰਗਲੈਂਡ ਦੇ ਨਿਆਂ ਪ੍ਰਬੰਧ ਉੱਪਰ ਵੀ ਆਲੋਚਨਾਤਮਕ ਰੌਸ਼ਨੀ ਪਾਈ ਗਈ ਹੈ ਅਤੇ ਇਹ ਦਿਖਾਉਣ ਦੀ ਕੋਸ਼ਸ਼ ਕੀਤੀ ਗਈ ਹੈ ਕਿ ਉਹ ਔਰਤਾਂ ਇੰਗਲੈਂਡ ਦੇ ਨਿਆਂ ਪ੍ਰਬੰਧ ਵਿੱਚ ਦੁਹਰੇ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਹਨ, ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਜਿਹਨਾਂ ਦਾ ਸਭਿਆਚਾਰ ਐਂਗਲੋ ਸੈਕਸਨ ਸਭਿਆਚਾਰ ਨਾਲੋਂ ਵੱਖਰਾ ਹੈ।  

ਫਿਲਮ ਵਿੱਚ ਇਹ ਕਹਿਣ ਦੀ ਕੋਸ਼ਿਸ਼ਕੀਤੀ ਗਈ ਹੈ ਕਿ ਬੇਸ਼ੱਕ ਪੰਜਾਬੀ ਸਭਿਆਚਾਰ ਘਰਾਂ ਵਿੱਚ ਔਰਤਾਂ ਪ੍ਰਤੀ ਹੁੰਦੀ ਹਿੰਸਾ ਦਾ ਸਮਰਥਨ ਨਾ ਵੀ ਕਰਦਾ ਹੋਵੇ ਫਿਰ ਵੀ ਪੰਜਾਬੀ ਲੋਕ (ਪਰਿਵਾਰ ਦੇ ਮੈਂਬਰ ਅਤੇ ਦੂਸਰੇ) ਇਸ ਹਿੰਸਾ ਨੂੰ ਦੇਖ ਕੇ ਅਣਗੌਲ੍ਹਿਆਂ ਜ਼ਰੂਰ ਕਰ ਦਿੰਦੇ ਹਨ, ਜਿਸ ਕਾਰਨ ਇਸ ਦਾ ਵਾਪਰਨਾ ਜਾਰੀ ਰਹਿੰਦਾ ਹੈ। ਇਸ ਦੇ ਨਾਲ ਹੀ ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਮ, ਪਰਿਵਾਰਕ ਇੱਜ਼ਤ ਆਦਿ ਗੱਲਾਂ ਕਰ ਕੇ ਪੰਜਾਬੀ ਔਰਤਾਂ ਇਸ ਹਿੰਸਾ ਬਾਰੇ ਬਾਹਰ ਗੱਲ ਨਹੀਂ ਕਰਦੀਆਂ। ਨਤੀਜੇ ਵਜੋਂ ਇਹ ਹਿੰਸਾ ਕਰਨ ਵਾਲੇ ਪੰਜਾਬੀ ਮਰਦ ਬਿਨਾਂ ਕਿਸੇ ਡਰ-ਭਉ ਦੇ ਹਿੰਸਾ ਕਰਨਾ ਜਾਰੀ ਰੱਖਦੇ ਹਨ। ਫਿਲਮ ਦੇ ਅਖੀਰ ਵਿੱਚ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਈ ਕਿਰਨਜੀਤ ਦੇ ਇਹ ਸੰਬਦ “ਜ਼ਿੰਦਗੀ ਵਿੱਚ ਚੁੱਪ ਚਾਪ (ਜ਼ੁਲਮ) ਸਹੀ ਜਾਣ ਵਿੱਚ ਕੋਈ ਇੱਜ਼ਤ ਨਹੀਂ…”ਪੰਜਾਬੀ ਸਭਿਆਚਾਰ ਦੀ ਇਸ ਧਾਰਨਾ ਨੂੰ ਚੁਣੌਤੀ ਦੇਣ ਦੀ ਅਪੀਲ ਕਰਦੇ ਹਨ।

ਮੁੱਖ ਕਲਾਕਾਰ:  ਐਸ਼ਵਾਰਿਆ ਰਾਏ, ਨਵੀਨ ਐਂਡਰਿਊ, ਮਿਰਾਂਡਾ ਰਿਚਰਡਸਨ ਅਤੇ ਹੋਰ।

ਬਵੰਡਰ ( ਹਿੰਦੀ, 2011)

ਨਿਰਦੇਸ਼ਕ ਜਗਮੋਹਨ ਮੂੰਧੜਾ ਦੀ ਫਿਲਮ ਬਵੰਡਰ ਰਾਜਸਥਾਨ ਵਿੱਚ ਗੈਂਗ ਰੇਪ ਦਾ ਸ਼ਿਕਾਰਹੋਈ ਇਕ ਔਰਤ ਬਨਵਾਰੀ ਦੇਵੀ ਦੀ ਸੱਚੀ ਕਹਾਣੀ `ਤੇ ਆਧਾਰਤ ਹੈ। ਫਿਲਮ ਵਿੱਚ ਅਖੌਤੀ ਨੀਵੀਂ ਜਾਤ ਨਾਲ ਸੰਬੰਧਤ ਸਾਂਵਰੀ ਦੇਵੀ ਇਕ ਪਿੰਡ ਵਿੱਚ ਸਰਕਾਰ ਵਲੋਂ ਚਲਾਏ ਜਾਂਦੇ ਔਰਤ ਵਿਕਾਸ ਦੇ ਪ੍ਰੋਜੈਕਟ ਵਿੱਚ ਕੰਮ ਕਰਦੀ ਹੈ। ਆਪਣੇ ਇਸ ਕੰਮ ਦੌਰਾਨ ਉਹ ਪਿੰਡ ਦੀਆਂ ਔਰਤਾਂ ਨੂੰ ਬੱਚਿਆਂ ਦੇ ਛੋਟੀ ਉਮਰ ਵਿੱਚ ਕੀਤੇ ਜਾਂਦੇ ਵਿਆਹਾਂ ਅਤੇ ਔਰਤਾਂ ਦੇ ਸ਼ੋਸ਼ਣ ਬਾਰੇ ਜਾਗਰੂਕ ਕਰਦੀ ਹੈ। ਪਿੰਡ ਦੀ ਪੰਚਾਇਤ ਦੇ ਗੁੱਜਰ ਜਾਤੀ (ਅਖੌਤੀ ਉੱਚੀ ਜਾਤੀ) ਦੇ ਮੈਂਬਰਾਂ ਨੂੰ ਉਸ ਵਲੋਂ ਕੀਤਾ ਜਾਂਦਾ ਇਹ ਕੰਮ ਪਸੰਦ ਨਹੀਂ। ਉਹ ਉਸ ਨੂੰ ਰੋਕਣ ਲਈ ਸਾਂਵਰੀ ਦੇਵੀ ਅਤੇ ਉਸ ਦੇ ਪਰਿਵਾਰ ਵਿਰੁੱਧ ਸਮਾਜਕ ਅਤੇ ਆਰਥਿਕ ਬਾਈਕਾਟ ਦਾ ਹੁਕਮ ਜਾਰੀ ਕਰਦੇ ਹਨ। ਜਦੋਂ ਸਾਂਵਰੀ ਦੇਵੀ ਪਿੰਡ ਵਿੱਚ ਇਕ ਗੁੱਜਰ ਪਰਿਵਾਰ ਵਿੱਚ ਹੋ ਰਹੇ ਬਾਲ ਵਿਆਹ ਬਾਰੇ ਪੁਲੀਸ ਨੂੰ ਸੂਚਨਾ ਦਿੰਦੀ ਹੈ ਤਾਂ ਉਸ ਨੂੰ ਸਬਕ ਸਿਖਾਉਣ ਲਈ ਉਸ ਗੁੱਜਰ ਪਰਿਵਾਰ ਦੇ ਮੈਂਬਰਾਂ ਵਲੋਂ ਉਸ ਨਾਲ ਗੈਂਗ ਰੇਪ ਕੀਤਾ ਜਾਂਦਾ ਹੈ।

ਗੈਂਗ ਰੇਪ ਤੋਂ ਬਾਅਦ ਸਾਂਵਰੀ ਚੁੱਪ ਕਰ ਕੇ ਨਹੀਂ ਬਹਿੰਦੀ ਸਗੋਂ ਆਪਣੇ ਵਿਰੁੱਧ ਹੋਏ ਇਸ ਜੁਰਮ ਲਈ ਇਨਸਾਫ ਲੈਣ ਲਈ ਲੜਾਈ ਸ਼ੁਰੂ ਕਰਦੀ ਹੈ ਅਤੇ ਹਰ ਤਰ੍ਹਾਂ ਦੀ ਮੁਸ਼ਕਿਲਾਂ ਦੇ ਬਾਵਜੂਦ ਆਪਣੀ ਲੜਾਈ ਨੂੰ ਜਾਰੀ ਰੱਖਦੀ ਹੈ। ਆਪਣੇ ਲਈ ਇਨਸਾਫ ਲੈਣ ਦੀ ਲੜਾਈ ਵਿੱਚ ਉਸ ਵੱਲੋਂ ਵਿਖਾਈ ਗਈ ਇਹ ਦ੍ਰਿੜਤਾ ਬੇਇਨਸਾਫੀ ਵਿਰੁੱਧ ਲੜਾਈ ਲੜ ਰਹੇ ਹੋਰ ਲੋਕਾਂ ਲਈ ਪ੍ਰੇਰਣਾ ਸ੍ਰੋਤ ਬਣ ਸਕਦੀ ਹੈ।

ਕਲਾਕਾਰ: ਦੀਪਤੀ ਨਵਲ, ਨੰਦੀਤਾ ਦਾਸ, ਰਘੁਬੀਰ ਯਾਦਵ, ਰਾਹੁਲ ਖੰਨਾ ਆਦਿ। ***

ਲੇਖਕ ਦਾ ਬਲਾਗ:www.sukhwanthundal.wordpress.com


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ