Thu, 21 November 2024
Your Visitor Number :-   7255728
SuhisaverSuhisaver Suhisaver

'ਖਾਲਿਸਤਾਨ ਦੀ ਸਾਜ਼ਿਸ਼', ਵਿਤਕਰੇ ਦਾ ਬਿਰਤਾਂਤ ਅਤੇ ਵੀਹਵੀਂ ਸਦੀ ਦੀ ਸਿੱਖ ਲੀਡਰਸ਼ਿਪ!

Posted on:- 10-01-2022

-ਹਰਚਰਨ ਸਿੰਘ ਪ੍ਰਹਾਰ

'ਜਿਸ ਦਿਨ 9 ਸਤੰਬਰ, 1981 ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ, ਭਿੰਡਰਾਂਵਾਲ਼ਾ ਚੰਦੋ ਕਲਾਂ (ਹਰਿਆਣਾ) ਵਿੱਚ ਸਿੱਖੀ ਪ੍ਰਚਾਰ ਦੇ ਦੌਰੇ ਤੇ ਸੀ।ਕਤਲ ਤੋਂ ਚਾਰ ਦਿਨ ਬਾਅਦ ਸੰਤ ਦੀ ਗ੍ਰਿਫਤਾਰੀ ਦੇ ਆਰਡਰ ਹੋ ਚੁੱਕੇ ਸਨ।ਉਸ ਵਕਤ, ਉਨ੍ਹਾਂ ਨਾਲ਼ ਉਹ ਦੋ ਵਿਅਕਤੀ ਵੀ ਹਾਜ਼ਰ ਸਨ, ਜਿਨ੍ਹਾਂ ਦੇ ਨਾਮ ਲਾਲੇ ਦੇ ਕਤਲ ਕੇਸ ਦੀ ਐਫ. ਆਈ. ਆਰ. ਵਿੱਚ ਦਰਜ ਸਨ।ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਹੁਕਮਾਂ ਤੇ DIG ਡੀ. ਐਸ. ਮਾਂਗਟ ਆਪਣੀ ਫੋਰਸ ਨਾਲ਼ ਸੰਤ ਨੂੰ ਗ੍ਰਿਫਤਾਰ ਕਰਨ ਲਈ ਹਰਿਆਣੇ ਨੂੰ ਰਵਾਨਾ ਹੋ ਚੁੱਕਾ ਸੀ।ਪਰ ਇਸ ਤੋਂ ਪਹਿਲਾਂ ਹੀ ਭਿੰਡਰਾਂਵਾਲ਼ੇ ਨੂੰ ਉਪਰੋਂ ਜਾਣਕਾਰੀ ਮਿਲ਼ ਚੁੱਕੀ ਸੀ ਤੇ ਉਹ ਆਪਣੇ ਕੁਝ ਸਾਥੀਆਂ ਨਾਲ਼ ਮਹਿਤਾ ਚੌਕ ਲਈ ਰਵਾਨਾ ਹੋ ਗਿਆ ਸੀ।ਉਹ ਸਾਰੇ 300 ਕਿਲੋਮੀਟਰ ਦਾ ਸਫਰ ਤਹਿ ਕਰਕੇ 13-14 ਸਤੰਬਰ, 1981 ਦੀ ਰਾਤ ਨੂੰ ਆਪਣੇ ਹੈਡ ਕੁਆਟਰ ਪਹੁੰਚ ਚੁੱਕੇ ਸਨ।ਗਿਆਨੀ ਜ਼ੈਲ ਸਿੰਘ ਨੇ ਖੁਦ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਕਹਿ ਦਿੱਤਾ ਸੀ ਕਿ ਸੰਤ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਅਤੇ ਉਹ ਇਸ ਝਮੇਲੇ ਵਿੱਚ ਨਾ ਪਵੇ।ਉਸ ਵਕਤ ਮੈਨੂੰ ਡੀ. ਆਈ. ਜ਼ੀ., ਬੀ. ਐਸ. ਐਫ. ਦਿਵਾਕਰ ਗੁਪਤਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਭਿੰਡਰਾਂਵਾਲ਼ੇ ਨੂੰ ਕਈ ਚੈਕ ਪੋਸਟਾਂ ਤੇ ਗ੍ਰਿਫਤਾਰ ਕਰਨਾ ਚਾਹਿਆ, ਪਰ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਉਸਨੂੰ ਜਾਣ ਦਿੱਤਾ ਗਿਆ।

ਭਿੰਡਰਾਂਵਾਲ਼ਾ ਇਤਨੀ ਕਾਹਲ਼ੀ ਵਿੱਚ ਨਿਕਲਿਆ ਸੀ ਕਿ ਉਹ ਧਾਰਮਿਕ ਪੋਥੀਆਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵਾਲ਼ੀ ਵੈਨ ਉਥੇ ਹੀ ਛੱਡ ਆਇਆ ਸੀ।ਜਿਹੜੀਆਂ ਬਾਅਦ ਵਿਚ ਹੋਈ ਹਿੰਸਾ ਵਿੱਚ ਸੜ੍ਹ ਗਈਆਂ ਸਨ।' (ਜੀ. ਬੀ. ਐਸ. ਸਿੱਧੂ ਦੀ ਕਿਤਾਬ 'ਖਾਲਿਸਤਾਨ ਦੀ ਸਾਜ਼ਿਸ਼' ਪੰਨਾ 61)। ਇਸ ਕਿਤਾਬ ਦੀਆਂ ਉਪਰਲੀਆਂ ਕੁਝ ਲਾਈਨਾਂ ਪੰਜਾਬ ਵਿੱਚ 1978-1995 ਦੌਰਾਨ ਵਾਪਰੇ ਖੂਨੀ ਦੌਰ ਦੀ ਸ਼ੁਰੂਆਤ ਦੀ ਤਸਵੀਰ ਪੇਸ਼ ਕਰਦੀਆਂ ਹਨ ਕਿ ਕਿਵੇਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸੰਤ ਭਿੰਡਰਾਂਵਾਲ਼ਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਦੂਜੇ ਪਾਸੇ ਭਾਰਤ ਦਾ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਉਸਨੂੰ ਬਚਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਰਿਹਾ ਸੀ।ਇਹ ਉਸ ਵਰਤਾਰੇ ਦੀ ਸ਼ੁਰੂਆਤ ਸੀ, ਜਿਸਨੇ ਬਾਅਦ ਵਿੱਚ ਵੱਡੇ ਘੱਲੂਘਾਰੇ ਨੂੰ ਜਨਮ ਦੇਣਾ ਸੀ।

'ਅਖੀਰ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਭਿੰਡਰਾਂਵਾਲ਼ੇ ਨੂੰ ਚੌਕ ਮਹਿਤਾ ਤੋਂ 20 ਸਤੰਬਰ, 1981 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 15 ਅਕਤੂਬਰ, 1981 ਨੂੰ ਰਿਹਾਅ ਕਰ ਦਿੱਤਾ ਗਿਆ।ਇਹ ਮੰਨਣ ਲਈ ਸਾਰੇ ਮਹੱਤਵਪੂਰਣ ਸਬੂਤ ਮੌਜੂਦ ਹਨ ਕਿ ਉਸਦੀ ਰਿਹਾਈ ਹੋਮ ਮਨਿਸਟਰ ਗਿਆਨੀ ਜ਼ੈਲ ਸਿੰਘ ਦੇ ਸਿੱਧੇ ਹੁਕਮਾਂ ਅਨੁਸਾਰ ਹੋਈ ਸੀ।ਉਸਨੇ ਪਾਰਲੀਮੈਂਟ ਵਿੱਚ ਸੰਤ ਦੇ ਨਿਰਦੋਸ਼ ਹੋਣ ਦੀ ਨਿਸ਼ੰਗ ਹੋ ਕੇ ਜਾਮਨੀ ਦਿੱਤੀ ਸੀ। ਪੰਜਾਬ ਦੇ ਕੁਝ ਸੀਨੀਅਰ ਕਾਂਗਰਸੀ ਲੀਡਰਾਂ ਨੇ ਬੀ. ਬੀ. ਸੀ. ਦੇ ਪੱਤਰਕਾਰ ਸਤੀਸ਼ ਜੈਕਬ ਨੂੰ ਦੱਸਿਆ ਸੀ ਕਿ ਮੈਡਮ ਗਾਂਧੀ ਦੀ ਵੀ ਇਸ ਵਿੱਚ ਪੂਰੀ ਸਹਿਮਤੀ ਸੀ।ਜਿਸਦੀ ਤਸਦੀਕ ਬਾਅਦ ਵਿੱਚ ਬੀ. ਬੀ. ਸੀ. ਦੇ ਪੱਤਰਕਾਰ ਮਾਰਕ ਤੁਲੀ ਨਾਲ਼ ਇੰਟਰਵਿਊ ਦੌਰਾਨ ਮਨਜੀਤ ਸਿੰਘ ਜੀਕੇ ਨੇ ਵੀ ਕੀਤੀ ਸੀ, ਉਸਦੇ ਦੱਸਣ ਅਨੁਸਾਰ ਉਸਦੇ ਪਿਤਾ ਦਿੱਲੀ ਗੁਰਦੁਅਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਨੇ ਇੰਦਰਾ ਗਾਂਧੀ ਨੂੰ ਧਮਕੀ ਦਿੱਤੀ ਸੀ ਕਿ ਜੇ ਸੰਤ ਨੂੰ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਤਾਂ ਦਿੱਲੀ ਕਮੇਟੀ ਕਾਂਗਰਸ ਦਾ ਸਾਥ ਛੱਡ ਦੇਵੇਗੀ।ਮਾਰਕ ਤੁਲੀ ਦੀ ਕਿਤਾਬ 'ਅੰਮ੍ਰਿਤਸਰ: ਇੰਦਰਾ ਗਾਂਧੀ ਦੀ ਆਖਰੀ ਲੜਾਈ' ਦੇ ਪੰਨਾ 65 ਅਨੁਸਾਰ ਇੰਦਰਾ ਗਾਂਧੀ ਦੀ ਇਹ ਇੱਕ ਅਜਿਹੀ ਸਿਆਸੀ ਗਲਤੀ ਸੀ, ਜਿਸ ਵਿੱਚ ਉਸਨੇ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਇਨਸਾਫ ਨੂੰ ਦਰ-ਕਿਨਾਰ ਕਰਕੇ ਇੱਕ ਅਜਿਹਾ 'ਫਰੈਂਕਿਨਸਟੀਨ' ਖੜਾ ਕਰ ਲਿਆ ਸੀ, ਜਿਸਨੇ ਕਿ ਬਾਅਦ ਵਿੱਚ ਉਸਨੂੰ ਹੀ ਨਿਗਲ਼ ਜਾਣਾ ਸੀ।

ਬੀ. ਬੀ. ਸੀ. ਦੇ ਪੱਤਰਕਾਰ ਮਾਰਕ ਤੁਲੀ ਤੇ ਸਤੀਸ਼ ਜੈਕਬ ਆਪਣੀ ਇਸੇ ਕਿਤਾਬ ਦੇ ਪੰਨਾ 63 ਤੇ ਲਿਖਦੇ ਹਨ ਕਿ ਭਾਰਤ ਦੇ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ 14 ਅਕਤੂਬਰ, 1981 ਨੂੰ ਪਾਰਲੀਮੈਂਟ ਵਿੱਚ ਦੱਸਿਆ ਕਿ ਅਜਿਹਾ ਕੋਈ ਸਬੂਤ ਨਹੀਂ ਮਿਲ਼ਿਆ, ਜਿਸ ਤੋਂ ਪਤਾ ਲੱਗੇ ਕਿ ਸੰਤ ਭਿੰਡਰਾਂਵਾਲ਼ਾ, ਲਾਲਾ ਜਗਤ ਨਰਾਇਣ ਦੇ ਕਤਲ ਦੀ ਸਾਜ਼ਿਸ਼ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਿਲ ਹੈ।ਜਿਸ ਤੋਂ ਬਾਅਦ ਅਗਲੇ ਦਿਨ ਉਸਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ।ਇਸੇ ਕਿਤਾਬ ਦੇ ਪੰਨਾ 64-65 ਤੇ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਬਾਰੇ ਲਿਖਦੇ ਹਨ: 'ਉਸ ਵਕਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਕਾਂਗਰਸ ਪਾਰਟੀ ਦੇ ਹੱਥ ਵਿੱਚ ਸੀ।ਇਸਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਦੇ ਸ੍ਰੀਮਤੀ ਇੰਦਰਾ ਗਾਂਧੀ ਤੇ ਗ੍ਰਹਿ ਮੰਤਰੀ ਜ਼ੈਲ ਸਿੰਘ ਨਾਲ਼ ਬੜੇ ਨੇੜੇ ਦੇ ਨਿੱਜੀ ਸਬੰਧ ਸਨ।ਜਥੇਦਾਰ ਸੰਤੋਖ ਸਿੰਘ ਭਿੰਡਰਾਂਵਾਲ਼ੇ ਦਾ ਵੀ ਖਾਸ ਆਦਮੀ ਸੀ।ਭਿੰਡਰਾਂਵਾਲ਼ਾ ਅਕਸਰ ਕਹਿੰਦਾ ਸੀ ਕਿ ਸੰਤੋਖ ਸਿੰਘ ਨੇ ਉਦੋਂ ਉਸਦੇ ਵਕੀਲਾਂ ਦੀ ਫੀਸ ਭਰੀ ਸੀ, ਜਦੋਂ ਉਸ ਉਤੇ ਨਿਰੰਕਾਰੀ ਮੱਤ ਦੇ ਮੁਖੀ ਗੁਰਬਚਨ ਸਿੰਘ ਦੇ ਕਤਲ ਕੇਸ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਹ 2000 ਪ੍ਰਤੀ ਮਹੀਨਾ ਭਾਈ ਰਣਜੀਤ ਸਿੰਘ ਨੂੰ ਵੀ ਦਿੰਦਾ ਸੀ, ਜਿਸਨੇ ਨਿਰੰਕਾਰੀ ਮੁਖੀ ਨੂੰ ਮਾਰਿਆ ਸੀ।ਸੰਤੋਖ ਸਿੰਘ ਉਦੋਂ ਮਹਿਤੇ ਚੌਕ ਮੌਜੂਦ ਸੀ, ਜਦੋਂ ਸੰਤ ਨੇ ਲਾਲੇ ਦੇ ਕੇਸ ਵਿੱਚ ਗ੍ਰਿਫਤਾਰੀ ਦਿੱਤੀ ਸੀ।ਉਥੇ ਉਸਨੇ ਆਪਣੀ ਭੜਕਾਊ ਤਕਰੀਰ ਵਿੱਚ ਕਿਹਾ ਸੀ: 'ਜੇ ਸਰਕਾਰ ਭਿੰਡਰਾਂਵਾਲ਼ੇ ਨੂੰ ਫੜਦੀ ਹੈ ਤਾਂ ਉਹ ਸਿੱਖਾਂ ਦੇ ਦਿਲ ਨੂੰ ਹੱਥ ਪਾਵੇਗੀ।ਜੇ ਉਸ ਤੇ ਝੂਠੇ ਕੇਸ ਪਾਏ ਤਾਂ ਸਿੱਖ ਕੌਮ ਜਵਾਲਾਮੁਖੀ ਵਾਂਗ ਫਟ ਪਵੇਗੀ ਅਤੇ ਪਿਘਲ਼ਿਆ ਲਾਵਾ ਇਸ ਦੇਸ਼ ਨੂੰ ਡੁਬੋਅ ਦੇਵੇਗਾ।' ਸੰਤ ਦੀ ਗ੍ਰਿਫਤਾਰੀ ਤੋਂ ਬਾਅਦ ਅਕਾਲੀਆਂ ਨੇ ਵੀ 16 ਅਕਤੂਬਰ, 1981 ਨੂੰ ਪੰਜਾਬ ਦੀਆਂ ਮੰਗਾਂ ਬਾਰੇ ਇੰਦਰਾ ਸਰਕਾਰ ਨਾਲ਼ ਹੋਣ ਵਾਲ਼ੀ ਪਹਿਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਮੰਗ ਰੱਖ ਦਿੱਤੀ ਸੀ ਕਿ ਜਦੋਂ ਤੱਕ ਸੰਤ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ, ਕੋਈ ਗੱਲਬਾਤ ਨਹੀਂ ਹੋਵੇਗੀ।ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ 'Khalistan Struggle-A Non Movement' ਅਨੁਸਾਰ ਸੰਤਾਂ ਦੀ ਚੜ੍ਹਤ ਦੀ ਸ਼ੁਰੂਆਤ ਤਾਂ ਉਸੇ ਸਮੇਂ ਹੋ ਗਈ ਸੀ, ਜਦੋਂ ਜ਼ੇਲ੍ਹ ਤੋਂ ਰਿਹਾਈ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਅਕਾਲ ਤਖਤ ਦਾ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਹਜ਼ਾਰਾਂ ਲੋਕਾਂ ਨਾਲ਼ ਜ਼ੇਲ੍ਹ ਦੇ ਬਾਹਰ ਸੰਤਾਂ ਦੇ ਸਵਾਗਤ ਲਈ ਖੜੇ ਸਨ ਅਤੇ ਫਿਰ ਸੰਤ ਜੀ ਨੂੰ ਵੱਡੇ ਭਾਰੀ ਜਲੂਸ ਵਿੱਚ ਜਿੱਤ ਦੇ ਨਾਹਰੇ ਲਾਉਂਦੇ ਹੋਏ ਦਰਬਾਰ ਸਾਹਿਬ ਲੈ ਗਏ ਸਨ।84 ਦੇ ਦੌਰ ਬਾਰੇ ਵੱਖ-ਵੱਖ ਕਿਤਾਬਾਂ ਵਿੱਚ ਛਪੀ ਜਾਣਕਾਰੀ ਤੋਂ ਕਈ ਸਵਾਲ ਖੜੇ ਹੁੰਦੇ ਹਨ, ਇੱਕ ਪਾਸੇ ਦਿੱਲੀ ਕਮੇਟੀ ਦਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਦਾ ਵੀ ਚਹੇਤਾ ਹੈ ਅਤੇ ਦੂਜੇ ਪਾਸੇ ਸੰਤ ਭਿੰਡਰਾਂਵਾਲੇ ਦਾ ਵੀ ਖਾਸਮ-ਖਾਸ ਹੈ।ਇੱਕ ਪਾਸੇ ਪੰਜਾਬ ਸਰਕਾਰ ਦੀ ਦਰਬਾਰਾ ਸਿੰਘ ਸੰਤ ਨੂੰ ਕਤਲ ਕੇਸ ਵਿੱਚ ਗ੍ਰਿਫਤਾਰ ਵੀ ਕਰਦੀ ਹੈ 'ਤੇ ਦੂਜੇ ਪਾਸੇ ਸੈਂਟਰ ਸਰਕਾਰ ਸੰਤ ਨੂੰ ਬੇਗੁਨਾਹ ਕਹਿ ਕੇ ਬਿਨਾਂ ਸ਼ਰਤ ਰਿਹਾਅ ਵੀ ਕਰ ਰਹੀ ਹੈ? ਕੀ ਇਹ ਉਹੋ ਪ੍ਰਪੰਚ ਨਹੀਂ ਸੀ, ਜੋ ਉਸ ਦੌਰ ਲਈ ਪਿੜ ਬੰਨ੍ਹ ਰਿਹਾ ਸੀ, ਜਿਸਨੇ ਬਾਅਦ ਵਿੱਚ ਜੂਨ, 84 ਦੇ ਹਮਲੇ ਅਤੇ ਫਿਰ ਦਸ ਸਾਲ ਦੀ ਕਤਲੋ-ਗਾਰਤ ਦੇ ਰੂਪ ਵਿੱਚ ਪ੍ਰਗਟ ਹੋਣਾ ਸੀ?

ਲਾਲਾ ਜਗਤ ਨਰਾਇਣ ਦੇ ਕਤਲ ਤੋਂ ਪਹਿਲਾਂ 24 ਅਪਰੈਲ, 1980 ਨੂੰ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੀ ਹੱਤਿਆ ਹੋ ਹੀ ਚੁੱਕੀ ਸੀ।ਉਸ ਵਕਤ ਵੀ ਸੰਤ ਭਿੰਡਰਾਂਵਾਲਿਆਂ ਦਾ ਨਾਮ ਕਤਲ ਦੀ ਸਾਜ਼ਿਸ਼ ਵਿੱਚ ਆਇਆ ਸੀ।ਜਿਸ ਬਾਰੇ ਗੁਰਦੇਵ ਸਿੰਘ ਗਰੇਵਾਲ ਦੀ ਕਿਤਾਬ 'The Searching Eye: An Insider Looks at Punjab Crisis' ਦੇ ਪੰਨਾ 113 ਅਨੁਸਾਰ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੇ ਸੀ ਬੀ ਆਈ ਦੇ ਡਾਇਰੈਕਟਰ ਜੇ. ਐਸ. ਬਾਵਾ ਨੇ ਸੰਤ ਭਿੰਡਰਾਂਵਾਲੇ ਤੋਂ ਨਿਰੰਕਾਰੀ ਮੁੱਖੀ ਕਤਲ ਕੇਸ ਬਾਰੇ ਗੁਰੂ ਰਾਮਦਾਸ ਸਰਾਂ ਵਿੱਚ ਪਹੁੰਚ ਕੇ ਪੁਛਗਿੱਛ ਦੀ ਸੰਕੇਤਕ ਕਾਰਵਾਈ ਪਾਈ ਸੀ।ਸੰਤਾਂ ਨਿਰੰਕਾਰੀ ਮੁੱਖੀ ਦੇ ਕਤਲ ਪਿੱਛੋਂ ਇਹਤਿਆਤੀ ਕਦਮ ਵਜੋਂ ਮਹਿਤਾ ਚੌਕ ਤੋਂ ਗੁਰੂ ਰਾਮ ਦਾਸ ਸਰਾਂ ਵਿੱਚ ਪਹੁੰਚ ਚੁੱਕੇ ਸਨ।ਇਥੇ ਇਹ ਵੀ ਵਰਨਣਯੋਗ ਹੈ ਕਿ ਨਿਰੰਕਾਰੀ ਮੁਖੀ ਨੂੰ ਕਤਲ ਕਰਨ ਲਈ ਜੋ ਕਾਰਬਾਈਨ ਵਰਤੀ ਗਈ ਸੀ, ਉਹ ਸੰਤ ਦੇ ਵੱਡੇ ਭਰਾ ਜਗੀਰ ਸਿੰਘ ਦੇ ਨਾਮ ਤੇ ਰਜਿਸਟਰਡ ਸੀ।ਇਸ ਕਤਲ ਕਾਂਡ ਵਿੱਚ ਨਾਮਜਦ ਕੀਤੇ ਗਏ 25 ਦੇ ਕਰੀਬ ਵਿਅਕਤੀਆਂ ਵਿੱਚ ਟਕਸਾਲ ਦੇ ਕੁਝ ਸਿੰਘਾਂ ਦੇ ਨਾਮ ਵੀ ਸ਼ਾਮਿਲ ਸਨ।ਇੰਡੀਅਨ ਐਕਪ੍ਰੈਸ ਦੇ ਪੱਤਰਕਾਰ ਤੇ ਸੰਤਾਂ ਦੇ ਨਜਦੀਕੀ ਰਹੇ ਜਗਤਾਰ ਸਿੰਘ ਦੀ ਕਿਤਾਬ 'Khalistan Struggle: A Non Movement’ ਅਨੁਸਾਰ ਉਸ ਵਕਤ ਜਦੋਂ ਸੰਤ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦੀ ਗੱਲ ਚੱਲ ਰਹੀ ਸੀ ਤਾਂ 'ਦਲ ਖਾਲਸਾ' ਨੇ ਅਖਬਾਰੀ ਬਿਆਨ ਰਾਹੀਂ ਧਮਕੀ ਦਿੱਤੀ ਸੀ ਕਿ ਜੇ ਸੰਤ ਜੀ ਦਾ ਵਾਲ਼ ਵੀ ਵਿੰਗਾ ਹੋਇਆ ਤਾਂ ਅਸੀਂ ਕਤਲਾਂ ਦੀ ਹਨ੍ਹੇਰੀ ਲਿਆ ਦਿਆਂਗੇ।ਉਸ ਵਕਤ ਵੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਪਾਰਲੀਮੈਂਟ ਵਿੱਚ ਬਿਆਨ ਦਿੱਤਾ ਸੀ ਕਿ ਸੰਤ ਭਿੰਡਰਾਂਵਾਲ਼ਿਆਂ ਦਾ ਨਿਰੰਕਾਰੀ ਕਤਲ ਕਾਂਡ ਵਿੱਚ ਕੋਈ ਹੱਥ ਨਹੀਂ।

ਪੁਸਤਕ 'ਖਾਲਿਸਤਾਨ ਦੀ ਸਾਜ਼ਿਸ਼' ਅਨੁਸਾਰ '1977 ਤੋਂ 1984 ਤੱਕ ਪੰਜਾਬ ਵਿੱਚ ਕਾਂਗਰਸ ਵਲੋਂ ਦੋ ਅਪਰੇਸ਼ਨ ਚਲਾਏ ਗਏ।ਪਹਿਲਾ 'ਭਿੰਡਰਾਂਵਾਲ਼ਾ-ਖਾਲਿਸਤਾਨ' ਸੀ, ਜੋ 1977 ਤੋਂ 1980 ਤੱਕ ਸੀ।ਜਿਸ ਨੂੰ ਸੰਜੇ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਲੀਡ ਕਰ ਰਹੇ ਸਨ।ਉਨ੍ਹਾਂ ਦੇ ਨਾਲ਼ ਇੰਦਰਾ ਗਾਂਧੀ ਤੇ ਕਮਲ ਨਾਥ ਸਨ।ਇਸ ਮਿਸ਼ਨ ਦਾ ਮਕਸਦ ਸਿੱਖਾਂ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪਣੀ ਥਾਂ ਬਣਾਉਣਾ ਸੀ।ਇਸੇ ਮਕਸਦ ਨਾਲ਼ 1979 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸੰਤ ਭਿੰਡਰਾਂਵਾਲ਼ੇ, ਦਲ ਖਾਲਸਾ ਤੇ ਜਗਜੀਤ ਸਿੰਘ ਚੌਹਾਨ ਵਲੋਂ ਅਕਾਲੀਆਂ ਖਿਲਾਫ ਆਪਣੇ ਬੰਦੇ ਵੀ ਖੜੇ ਕੀਤੇ ਗਏ ਸਨ।ਇਸ ਮਿਸ਼ਨ ਅਨੁਸਾਰ ਸੰਤ ਭਿੰਡਰਾਂਵਾਲ਼ੇ ਨੂੰ ਸਿੱਖਾਂ ਵਿੱਚ ਗਰਮ ਖਿਆਲੀ ਸਿੱਖਾਂ ਦੇ ਉਭਾਰ, ਧਾਰਮਿਕ ਕੱਟੜਵਾਦ ਅਤੇ ਪੰਜਾਬ ਵਿੱਚ ਹਿੰਸਕ ਮਾਹੌਲ ਤਿਆਰ ਕਰਨ ਲਈ ਵਰਤਿਆ ਜਾਣਾ ਸੀ ਤਾਂ ਕਿ ਨਰਮ ਖਿਆਲੀ ਅਕਾਲੀਆਂ ਨੂੰ ਕੌਰਨਰ ਕੀਤਾ ਜਾ ਸਕੇ।ਇੰਦਰਾ ਗਾਂਧੀ ਦੇ ਨਜਦੀਕੀ ਰਹੇ ਕਾਂਗਰਸੀ ਆਗੂ ਕਮਲ ਨਾਥ ਦੇ ਦੱਸਣ ਮੁਤਾਬਿਕ ਕਾਂਗਰਸ ਵਲੋਂ ਇਸ ਮਿਸ਼ਨ ਲਈ ਸੰਤ ਭਿੰਡਰਾਂਵਾਲ਼ੇ ਨੂੰ ਫੰਡਿੰਗ ਵੀ ਕੀਤੀ ਜਾਂਦੀ ਸੀ।ਪਰ ਕਮਲ ਨਾਥ ਨੇ ਮੰਨਿਆ ਕਿ ਉਦੋਂ ਉਨ੍ਹਾਂ ਇਹ ਆਸ ਨਹੀਂ ਕੀਤੀ ਸੀ ਕਿ ਬਾਅਦ ਵਿੱਚ ਭਿੰਡਰਾਂਵਾਲ਼ਾ ਇਤਨਾ ਵੱਡਾ 'ਅੱਤਵਾਦੀ ਲੀਡਰ' ਬਣ ਜਾਵੇਗਾ।ਉਸੇ ਸਮੇਂ ਦੌਰਾਨ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਨੇ ਦੂਜੇ ਪਾਸੇ ਭਿੰਡਰਾਂਵਾਲ਼ੇ ਤੋਂ ਵੱਖਰਾ 'ਖਾਲਿਸਤਾਨ' ਦਾ ਮੁੱਦਾ ਖੜਾ ਕਰਨ ਲਈ 'ਦਲ ਖਾਲਸਾ' ਦੀ ਸਥਾਪਨਾ ਵੀ ਕਰਾਈ ਸੀ।ਜਿਸ ਬਾਰੇ ਗਿਆਨੀ ਜ਼ੈਲ ਸਿੰਘ ਨੇ ਹਿੰਦੀ ਦੇ ਹਫਤਾਵਾਰੀ ਮੈਗਜ਼ੀਨ 'ਦਿਨਮਾਨ' ਦੇ 30 ਜਨਵਰੀ, 1988 ਦੇ ਅੰਕ ਵਿੱਚ ਦਿੱਤੀ ਇੰਟਰਵਿਊ 'ਮੇਰੀ ਮਜਬੂਰੀ ਸੀ' ਵਿੱਚ ਮੰਨਿਆ ਸੀ: 'ਮੈਂ 'ਦਲ ਖਾਲਸਾ' ਨਾਲ਼ ਸੰਪਰਕ ਕਾਇਮ ਕੀਤਾ ਸੀ, ਮੇਰਾ ਨਿਸ਼ਾਨਾ ਸਿੱਖ ਗੁਰਦੁਆਰਾ ਸਿਆਸਤ ਵਿੱਚ ਹਿੱਸਾ ਲੈਣਾ ਸੀ, ਆਖਿਰ ਗੁਰਦੁਆਰਿਆਂ ਦਾ ਅਕਾਲੀਆਂ ਨੇ ਠੇਕਾ ਨਹੀਂ ਲਿਆ ਹੋਇਆ।ਮੈਨੂੰ ਅਜਿਹਾ ਕਰਨ ਲਈ ਮੇਰੀ ਆਗੂ ਸ੍ਰੀਮਤੀ ਇੰਦਰਾ ਗਾਂਧੀ, ਨੇ ਵੀ ਕਿਹਾ ਸੀ।ਇਹ ਮੇਰੀ ਮਜਬੂਰੀ ਸੀ।'

ਜੀ ਬੀ ਸਿੱਧੂ ਦੀ ਇਸੇ ਪੁਸਤਕ ਅਨੁਸਾਰ ਦੂਸਰਾ ਅਪਰੇਸ਼ਨ ਉਦੋਂ ਉਲੀਕਿਆ ਗਿਆ, ਜਦੋਂ 1980 ਵਿੱਚ ਇੰਦਰਾ ਗਾਂਧੀ ਦੁਬਾਰਾ ਸਤ੍ਹਾ ਵਿੱਚ ਆ ਗਈ ਸੀ ਤੇ ਅਕਾਲੀ ਪੰਜਾਬ ਵਿੱਚੋਂ ਹਾਰ ਚੁੱਕੇ ਸਨ।ਇਹ ਦੂਸਰਾ ਮਿਸ਼ਨ ਵੀ ਸੰਜੇ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਵਲੋਂ ਹੀ ਉਲੀਕਿਆ ਗਿਆ ਸੀ, ਪਰ ਸੰਜੇ ਗਾਂਧੀ ਦੀ ਉਸੇ ਸਾਲ 23 ਜੂਨ, 1980 ਨੂੰ ਮੌਤ ਤੋਂ ਬਾਅਦ ਇਸਦੇ ਪਲੇਅਰ ਬਦਲ ਗਏ ਸਨ।ਹੁਣ ਇਸ ਗਰੁੱਪ ਵਿੱਚ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ, ਰਾਜੀਵ ਗਾਂਧੀ, ਮੱਖਣ ਲਾਲ ਫੋਤੇਦਾਰ, ਅਰੁਣ ਨਹਿਰੂ, ਅਰੁਣ ਸਿੰਘ, ਕਮਲ ਨਾਥ ਆਦਿ ਸ਼ਾਮਿਲ ਸਨ।ਇਸ ਮਿਸ਼ਨ ਦਾ ਮਕਸਦ ਸੀ ਕਿ ਜਨਵਰੀ, 1985 ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਭਾਰੀ ਬਹੁਮਤ ਨਾਲ਼ ਜਿਤਾਉਣਾ ਤਾਂ ਕਿ ਜਨਤਾ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇ ਅਤੇ ਪਹਿਲਾਂ ਵਾਂਗ ਕਾਂਗਰਸ ਹੀ ਇੱਕੋ-ਇੱਕ ਪਾਰਟੀ ਰਹਿ ਜਾਵੇ।ਇਸ ਮਕਸਦ ਲਈ ਭਿੰਡਰਾਂਵਾਲ਼ਾ ਤੇ ਹੋਰ ਗਰਮ ਖਿਆਲੀ ਸਿੱਖ ਧੜਿਆਂ ਰਾਹੀਂ ਕੱਟੜਵਾਦ, ਅੱਤਵਾਦ ਤੇ ਖਾਲਿਸਤਾਨ ਦੀ ਮੰਗ ਨੂੰ ਉਭਾਰ ਕੇ ਹਿੰਦੂਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਣਾ ਸੀ ਤੇ ਫਿਰ 1985 ਦੀਆਂ ਚੋਣਾਂ ਤੋਂ ਪਹਿਲਾਂ ਕੁਝ ਅਜਿਹਾ ਵੱਡਾ ਕੀਤਾ ਜਾਣਾ ਸੀ, ਜਿਸ ਨਾਲ਼ ਇਹ ਸਾਬਿਤ ਕੀਤਾ ਜਾ ਸਕੇ ਕਿ 'ਇੰਦਰਾ ਗਾਂਧੀ' ਨੇ ਨਾ ਸਿਰਫ ਹਿੰਦੂਆਂ ਨੂੰ ਸਗੋਂ ਦੇਸ਼ ਨੂੰ ਟੁੱਟਣ ਤੋਂ ਬਚਾ ਲਿਆ ਹੈ।' (ਜੀ. ਬੀ. ਐਸ. ਸਿੱਧੂ ਦੀ ਕਿਤਾਬ 'ਖਾਲਿਸਤਾਨ ਦੀ ਸਾਜ਼ਿਸ਼' ਪੰਨਾ: xxi-xxiv)। ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਇਵੇਂ ਲਗਦਾ ਹੈ ਕਿ 1978 ਦੇ ਸਿੱਖ-ਨਿਰੰਕਾਰੀ ਖੂਨੀ ਕਾਂਡ ਤੋਂ ਬਾਅਦ 2 ਦਹਾਕੇ ਚੱਲੇ ਕਾਲੇ ਦੌਰ ਵਿੱਚ ਹਰ ਤਰ੍ਹਾਂ ਦੇ ਸਿੱਖ ਲੀਡਰ ਉਸ ਸ਼ਤਰੰਜ ਦੇ ਮੋਹਰੇ ਸਨ, ਜਿਸਨੂੰ ਮਿ. ਸਿੱਧੂ ਅਨੁਸਾਰ ਇੱਕ ਅਕਬਰ ਰੋਡ ਦਿੱਲੀ ਵਿੱਚ ਬੈਠੀ ਜੁੰਡਲੀ ਨੇ ਵਿਛਾਇਆ ਸੀ।

ਇਸੇ ਕਿਤਾਬ ਦੇ ਪੰਨਾ 39 ਤੇ ਜੀ. ਬੀ. ਸਿੱਧੂ 'ਖਾੜਕੂਵਾਦ ਦੇ ਕੋਈ ਚਿੰਨ੍ਹ ਨਹੀਂ ਸਨ' ਦੇ ਸਿਰਲੇਖ ਹੇਠ ਲਿਖਦੇ ਹਨ ਕਿ ਪਹਿਲੇ ਅਪਰੇਸ਼ਨ ਵਿੱਚ ਕਾਂਗਰਸੀ ਲੀਡਰ, ਭਿੰਡਰਾਂਵਾਲ਼ਾ ਤੇ ਦਲ ਖਾਲਸਾ ਰਾਹੀਂ ਸਿੱਖਾਂ ਵਿੱਚ ਕੋਈ ਖਾਸ ਥਾਂ ਨਾ ਬਣਾ ਸਕੇ ਅਤੇ ਨਾ ਹੀ ਇਹ ਲੋਕ 1980 ਤੱਕ ਕੋਈ ਖਾੜਕੂਵਾਦ ਸ਼ੁਰੂ ਕਰ ਸਕੇ।ਇਸ ਸਬੰਧੀ ਉਹ ਸਾਬਕਾ ਆਈ. ਏ. ਐਸ. ਤੇ ਗ੍ਰਹਿ ਮੰਤਰਾਲੇ ਦੇ ਕੈਬਨਿਟ ਸੈਕਟਰੀ ਬੀ. ਜੀ. ਦੇਸ਼ਮੁੱਖ ਦੀ ਕਿਤਾਬ 'From Poona to The Prime Minister Office: A Cabinet Secretory Looks Back' ਦਾ ਹਵਾਲਾ ਦੇ ਕੇ ਦੱਸਦੇ ਹਨ ਕਿ ਸ੍ਰੀ ਦੇਸ਼ਮੁੱਖ ਖੁਦ ਦਿੱਲੀ ਤੋਂ ਅੰਮ੍ਰਿਤਸਰ ਗਏ ਅਤੇ ਅਕਾਲੀਆਂ ਅਤੇ ਆਮ ਸਿੱਖਾਂ ਨੂੰ ਮਿਲ਼ੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਧਾਰਮਿਕ ਕੱਟੜਵਾਦ, ਖਾਲਿਸਤਾਨ ਜਾਂ ਖਾੜਕੂਵਾਦ ਬਾਰੇ ਸਿੱਖ ਨੌਜਵਾਨਾਂ ਵਿੱਚ ਕੋਈ ਰੁਝਾਨ ਨਹੀਂ ਦਿਸਿਆ।ਸ੍ਰੀ ਦੇਸ਼ਮੁੱਖ ਉਦਾਸੀਨਤਾ ਨਾਲ਼ ਦੱਸਦੇ ਹਨ ਕਿ ਇਹ ਰੁਝਾਨ ਬਹੁਤਾ ਚਿਰ ਨਹੀਂ ਰਿਹਾ ਕਿਉਂਕਿ ਕਾਂਗਰਸ ਦੀ ਲੀਡਰਸ਼ਿਪ ਦਾ ਇੱਕ ਵਰਗ ਪੰਜਾਬ ਵਿੱਚ ਇੱਕ ਅਜਿਹਾ ਛੜਯੰਤਰ ਰਚ ਰਿਹਾ ਸੀ, ਜਿਸਨੇ ਆਉਣ ਵਾਲ਼ੇ ਸਾਲਾਂ ਵਿੱਚ ਕਾਂਗਰਸ ਸਮੇਤ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਣਾ ਸੀ।ਭਿੰਡਰਾਂਵਾਲ਼ੇ, ਦਲ ਖਾਲਸਾ ਅਤੇ ਹੋਰ ਗਰਮ ਖਿਆਲੀ ਧੜਿਆਂ ਦਾ ਉਭਾਰ ਉਦੋਂ ਤੱਕ ਨਹੀਂ ਹੋਇਆ ਸੀ, ਜਦੋਂ ਤੱਕ ਹਿੰਸਾ ਦੀਆਂ ਦੋ ਵੱਡੀਆਂ ਘਟਨਾਵਾਂ ਨਿਰੰਕਾਰੀ ਮੁੱਖੀ ਗੁਰਬਚਨ ਸਿੰਘ ਅਤੇ ਪੱਤਰਕਾਰ ਲਾਲਾ ਜਗਤ ਨਰਾਇਣ ਦੇ ਕਤਲ ਨਹੀਂ ਹੋਏ।ਇਸ ਤੋਂ ਬਾਅਦ ਹਿੰਸਾ ਦੀਆਂ ਘਟਨਾਵਾਂ ਦਾ ਇੱਕ ਅਜਿਹਾ ਦੌਰ ਸ਼ੁਰੂ ਹੋਇਆ, ਜਿਸਨੇ ਅਗਲੇ 15 ਸਾਲ ਪੰਜਾਬ ਦੇ ਸਭ ਭਾਈਚਾਰਿਆਂ ਨੂੰ ਹਿੰਸਕ ਅਗਨਕੁੰਡ 'ਚ ਪਾਈ ਰੱਖਿਆ।

ਸੁਰਜੀਤ ਜਲੰਧਰੀ ਆਪਣੀ ਕਿਤਾਬ 'ਜਨਮ ਤੋਂ ਸ਼ਹਾਦਤ ਤੱਕ: ਭਿੰਡਰਾਂਵਾਲ਼ੇ ਸੰਤ' ਦੇ ਪੰਨਾ 25 ਤੇ ਲਿਖਦੇ ਹਨ ਕਿ 13 ਅਪਰੈਲ, 1978 ਦੇ ਅੰਮ੍ਰਿਤਸਰ ਵਿੱਚ ਵਾਪਰੇ ਖੂਨੀ ਸਾਕੇ ਤੋਂ ਬਾਅਦ ਦਿੱਲੀ ਵਿੱਚ 14 ਮਈ, 1978 ਨੂੰ ਸਿੱਖਾਂ ਵਲੋਂ ਕੱਢੇ 'ਵਿਸ਼ਾਲ ਸਿੱਖ ਮਾਰਚ' ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਰਾਹੀਂ ਸ੍ਰੀਮਤੀ ਇੰਦਰਾ ਗਾਂਧੀ ਆਪਣੇ ਘਰ ਦੇ ਬਾਹਰ ਸੰਤ ਭਿੰਡਰਾਂਵਾਲ਼ੇ ਅਤੇ ਦਲ ਖਾਲਸਾ ਵਾਲ਼ਿਆਂ ਨੂੰ ਮਿਲ਼ੀ ਸੀ।ਇਸ ਸਮੇਂ ਦੌਰਾਨ ਕਾਂਗਰਸ ਦੇ ਸਰਗਰਮ ਵਰਕਰ ਸਿੱਖ-ਨਿਰੰਕਾਰੀ ਮੁਜਾਹਰਿਆਂ ਵਿੱਚ ਮੂਹਰੇ ਹੁੰਦੇ ਸਨ।ਇਸ ਸਬੰਧੀ ਸਤੰਬਰ, 1978 ਨੂੰ ਕਾਨਪੁਰ ਵਿੱਚ ਨਿਰੰਕਾਰੀਆਂ ਖਿਲਾਫ ਮੁਜ਼ਾਹਰੇ ਲਈ ਪ੍ਰਬੰਧ ਕਾਨਪੁਰ ਦੇ ਯੂਥ ਕਾਂਗਰਸ ਪ੍ਰਧਾਨ ਕੰਵਲਜੀਤ ਸਿੰਘ ਗਿੱਲ ਨੇ ਆਪਣੇ ਵਰਕਰਾਂ ਰਾਹੀਂ ਕੀਤਾ ਸੀ, ਜਿਥੇ ਹੋਈ ਹਿੰਸਾ ਤੋਂ ਬਾਅਦ ਪੁਲਿਸ ਗੋਲ਼ੀ ਨਾਲ਼ 12 ਸਿੱਖ ਮਾਰੇ ਗਏ ਸਨ ਅਤੇ 80 ਜ਼ਖਮੀ ਹੋਏ ਸਨ।ਉਸ ਤੋਂ ਬਾਅਦ ਦਿੱਲੀ ਵਿੱਚ ਵੀ ਕਾਂਗਰਸੀਆਂ ਦੀ ਮੱਦਦ ਨਾਲ਼ 5 ਨਵੰਬਰ, 1978 ਨੂੰ ਹੋਏ ਨਿਰੰਕਾਰੀ ਵਿਰੋਧੀ ਮੁਜ਼ਾਹਰੇ ਦੌਰਾਨ ਭੜਕੀ ਹਿੰਸਾ ਵਿੱਚ ਪੁਲਿਸ ਗੋਲ਼ੀ ਨਾਲ਼ 3 ਸਿੱਖ ਮਾਰੇ ਗਏ ਸਨ ਅਤੇ ਦਰਜਨਾਂ ਜ਼ਖਮੀ ਹੋਏ ਸਨ।ਜੀ. ਬੀ. ਸਿੱਧੂ ਅਤੇ ਡਾ. ਸੰਗਤ ਸਿੰਘ (ਕਿਤਾਬ: 'ਇਤਿਹਾਸ ਵਿੱਚ ਸਿੱਖ' ਦਾ ਲੇਖਕ) ਦੀਆਂ ਕਿਤਾਬਾਂ ਅਨੁਸਾਰ ਉਸ ਵਕਤ ਇੱਕ ਅਕਬਰ ਰੋਡ ਵਾਲ਼ੀ ਜੁੰਡਲੀ ਵਲੋਂ ਸਿੱਖ-ਨਿਰੰਕਾਰੀ ਟਕਰਾਅ ਰਾਹੀਂ ਹਿੰਸਾ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਅਤੇ ਸਿੱਖ ਲੀਡਰਸ਼ਿਪ ਤੇ ਸਿੱਖ ਨੌਜਵਾਨ ਉਸ ਟਰੈਪ ਵਿੱਚ ਫਸਦੇ ਜਾ ਰਹੇ ਸਨ।ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਹੀ ਸੰਤ ਭਿੰਡਰਾਂਵਾਲਿਆਂ ਨੇ ਆਪਣੀਆਂ ਤਕਰੀਰਾਂ ਵਿੱਚ ਇਨ੍ਹਾਂ ਘਟਨਾਵਾਂ ਦੇ ਹਵਾਲਿਆਂ ਨਾਲ਼ ਕਹਿਣਾ ਸ਼ੁਰੂ ਕਰਤਾ ਸੀ ਕਿ ਸਿੱਖ ਭਾਰਤ ਵਿੱਚ ਗੁਲਾਮ, ਉਨ੍ਹਾਂ ਤੇ ਭਾਰਤ ਵਿਚ ਜ਼ੁਲਮ ਹੋ ਰਿਹਾ ਹੈ, ਸਿੱਖ ਦੂਜੇ ਦਰਜੇ ਦੇ ਸ਼ਹਿਰੀ ਸਮਝੇ ਜਾਂਦੇ ਹਨ।

'ਖਾਲਿਸਤਾਨ ਦੀ ਸਾਜ਼ਿਸ਼' ਦੇ ਚੈਪਟਰ 4, 'The Rise of Bhindranwale' (ਭਿੰਡਰਾਂਵਾਲੇ ਦਾ ਉਭਾਰ) ਦੇ ਪੰਨਿਆਂ 41-61 ਤੇ ਬਹੁਤ ਵਿਸਥਾਰ ਨਾਲ਼ ਲਿਖਿਆ ਮਿਲਦਾ ਹੈ ਕਿ ਕਿਵੇਂ ਸੰਤ ਭਿੰਡਰਾਂਵਾਲ਼ਿਆਂ ਨੂੰ ਉਸੇ ਅਕਬਰ ਰੋਡ ਵਾਲ਼ੀ ਜੁੰਡਲੀ ਵਲੋਂ ਉਭਾਰਿਆ ਗਿਆ, ਚੰਦੋ ਕਲਾਂ (ਹਰਿਆਣਾ), ਦਿੱਲੀ, ਮੁੰਬਈ ਆਦਿ ਥਾਵਾਂ ਤੋਂ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਪੁਲਿਸ ਤੋਂ ਬਚਾ ਕੇ ਪੂਰੀ ਹਿਫਾਜਤ ਨਾਲ਼ ਕੱਢ ਕੇ ਹੀਰੋ ਬਣਾਇਆ ਗਿਆ।ਇਸਦੇ ਨਾਲ਼ ਹੀ ਦੂਜੇ ਪਾਸੇ ਦਲ ਖਾਲਸਾ ਤੇ ਹੋਰ ਗਰਮ ਖਿਆਲੀ ਧੜਿਆਂ ਰਾਹੀਂ ਹਿੰਸਾ ਨੂੰ ਉਤਸ਼ਾਹਿਤ ਕੀਤਾ ਗਿਆ।ਉਸ ਸਮੇਂ ਦੌਰਾਨ ਹੀ ਅਕਾਲੀਆਂ ਵਲੋਂ 1982 ਵਿੱਚ 'ਧਰਮ ਯੁੱਧ ਮੋਰਚਾ' ਸ਼ੁਰੂ ਕਰ ਲਿਆ ਗਿਆ, ਜਿਸ ਵਿੱਚ ਇੱਕ ਪਾਸੇ ਅਕਾਲੀਆਂ ਨਾਲ਼ ਗੱਲਬਾਤ ਦਾ ਦੌਰ ਜਾਰੀ ਰੱਖਿਆ ਗਿਆ, ਪਰ ਸਮਝੌਤਾ ਨਹੀਂ ਕੀਤਾ ਗਿਆ ਤਾਂ ਕਿ ਇਸ ਮਸਲੇ ਨੂੰ ਜਨਵਰੀ, 1985 ਦੀਆਂ ਵੋਟਾਂ ਤੱਕ ਲਮਕਾ ਕੇ ਸਤ੍ਹਾ ਤੇ ਪੂਰੀ ਤਰ੍ਹਾਂ ਕਬਜੇ ਦਾ ਆਪਣਾ ਮਿਸ਼ਨ ਪੂਰਾ ਕੀਤਾ ਜਾ ਸਕੇ।ਇਸ ਦੌਰਾਨ ਭਿੰਡਰਾਂਵਾਲ਼ੇ ਦੇ ਹਥਿਆਰਬੰਦ ਖਾੜਕੁਆਂ ਰਾਹੀਂ ਅਕਾਲੀਆਂ ਤੇ 'ਧਰਮ ਯੁੱਧ ਮੋਰਚੇ' ਦੀਆਂ ਸਾਰੀਆਂ ਮੰਗਾਂ ਮੰਨਵਾਏ ਬਿਨਾਂ ਕੋਈ ਵੀ ਸਮਝੌਤਾ ਨਾ ਕਰਨ ਲਈ ਮੌਤ ਦੀ ਤਲਵਾਰ ਵੀ ਲਟਕਾਈ ਹੋਈ ਸੀ।ਜੀ. ਬੀ. ਸਿੱਧੂ, ਡਾ. ਸੰਗਤ ਸਿੰਘ, ਮਾਰਕ ਤੁਲੀ-ਸਤੀਸ਼ ਜੈਕਬ, ਗੁਰਦੇਵ ਸਿੰਘ ਗਰੇਵਾਲ਼ ਆਦਿ ਲੇਖਕਾਂ ਦੀਆਂ ਕਿਤਾਬਾਂ ਅਨੁਸਾਰ ਇੱਕ ਤੀਜਾ ਫਰੰਟ ਵੀ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਇੰਗਲੈਂਡ, ਕਨੇਡਾ ਤੇ ਅਮਰੀਕਾ ਵਿੱਚ ਵੀ ਖਾਲਿਸਤਾਨ ਦੀਆਂ ਜੜ੍ਹਾਂ ਲਗਾਉਣ ਲਈ ਡਾ. ਜਗਜੀਤ ਸਿੰਘ ਚੌਹਾਨ, ਗੰਗਾ ਸਿੰਘ ਢਿੱਲੋਂ, ਬਲਬੀਰ ਸਿੰਘ ਸੰਧੂ, ਕੁਲਦੀਪ ਸਿੰਘ ਸੋਢੀ, ਜਸਵੰਤ ਸਿੰਘ ਠੇਕੇਦਾਰ ਆਦਿ ਵਰਗੇ ਕਈ ਵਿਅਕਤੀ ਵਿਦੇਸ਼ਾਂ ਵਿੱਚ 'ਖਾਲਿਸਤਾਨ' ਦੇ ਮੁੱਦੇ ਨੂੰ ਉਭਾਰਨ ਲਈ ਲਗਾਏ ਗਏ।ਡਾ. ਸੰਗਤ ਸਿੰਘ ਦੀ ਕਿਤਾਬ 'ਇਤਿਹਾਸ 'ਚ ਸਿੱਖ' ਦੇ ਪੰਨਾ 405-406 ਅਨੁਸਾਰ ਖਾਲਿਸਤਾਨੀ ਲੀਡਰ ਜਗਜੀਤ ਸਿੰਘ ਚੌਹਾਨ 1977 ਵਿੱਚ ਵਿਦੇਸ਼ਾਂ ਤੋਂ ਵਾਪਿਸ ਪੰਜਾਬ ਆ ਗਿਆ।ਕਾਂਗਰਸ ਉਸ ਵਕਤ ਤਖਤੋਂ ਲੱਥ ਚੁੱਕੀ ਸੀ।ਉਸਨੇ ਚੌਹਾਨ ਦੀ ਉਸੇ ਤਰ੍ਹਾਂ ਵਰਤੋਂ ਕਰਨੀ ਸ਼ੁਰੂ ਕੀਤੀ, ਜਿਵੇਂ 1970ਵਿਆਂ ਦੇ ਸ਼ੁਰੂ ਵਿੱਚ ਕੀਤੀ ਸੀ।ਉਸਨੇ ਗਿਆਨੀ ਜ਼ੈਲ ਸਿੰਘ ਨਾਲ਼ ਨੇੜੇ ਦਾ ਸੰਪਰਕ ਬਣਾਇਆ ਹੋਇਆ ਸੀ ਅਤੇ 1980 ਦੀਆਂ ਚੋਣਾਂ ਤੋਂ ਪਹਿਲਾਂ ਉਹ ਕਈ ਵਾਰ ਇੰਦਰਾ ਗਾਂਧੀ ਨੂੰ ਵੀ ਮਿਲਦਾ ਰਿਹਾ।1978-79 ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੀ ਉਸਨੇ ਕਾਂਗਰਸ ਵਲੋਂ ਲਗਾਈ ਡਿਊਟੀ ਨਿਭਾਈ।ਇੰਦਰਾ ਗਾਂਧੀ ਦੇ ਜਨਵਰੀ, 1980 ਵਿੱਚ ਦੁਬਾਰਾ ਸਤ੍ਹਾ ਵਿੱਚ ਆਉਣ ਤੋਂ ਬਾਅਦ ਉਹ ਫਿਰ ਉਸਨੂੰ ਮਿਲ਼ਿਆ ਅਤੇ 12 ਅਪਰੈਲ, 1980 ਵਿੱਚ ਉਸਨੇ ਆਨੰਦਪੁਰ ਸਾਹਿਬ ਵਿਖੇ 'ਖਾਲਿਸਤਾਨ ਦੀ ਕੌਮੀ ਕੌਂਸਲ' ਦਾ ਐਲਾਨ ਵੀ ਕੀਤਾ।ਉਸਨੇ ਆਪਣੇ ਆਪ ਨੂੰ ਕੌਂਸਲ ਦਾ ਪ੍ਰਧਾਨ ਅਤੇ ਬਲਬੀਰ ਸਿੰਘ ਸੰਧੂ ਨੂੰ ਜਨਰਲ ਸਕੱਤਰ ਐਲਾਨਿਆ।ਇਸ ਸਮੇਂ ਤੱਕ ਉਸਨੂੰ ਕਾਂਗਰਸ ਸਰਕਾਰ ਵਲੋਂ ਖੁੱਲ੍ਹਾ ਪੈਸਾ ਮਿਲਦਾ ਰਿਹਾ।ਮਈ, 1980 ਵਿੱਚ ਉਹ ਇੰਗਲੈਂਡ ਚਲਾ ਗਿਆ ਅਤੇ ਅਗਲੇ ਮਹੀਨੇ ਖਾਲਿਸਤਾਨ ਦਾ ਐਲਾਨ ਕਰਕੇ ਖਾਲਿਸਤਾਨ ਦੇ ਪਾਸਪੋਰਟ, ਟਿਕਟਾਂ, ਕਰੰਸੀ ਵੀ ਜਾਰੀ ਕੀਤੀ।1979 ਵਿੱਚ ਗੰਗਾ ਸਿੰਘ ਢਿੱਲੋਂ ਭਾਰਤ ਆਇਆ ਤਾਂ ਦਲ ਖਾਲਸਾ ਦੇ ਗਜਿੰਦਰ ਸਿੰਘ ਨੇ ਕਰਨਾਲ ਕੋਲ਼ ਗਿਆਨੀ ਜ਼ੈਲ ਸਿੰਘ ਨਾਲ਼ ਉਸਦੀ ਮੁਲਾਕਾਤ ਦਾ ਪ੍ਰਬੰਧ ਕੀਤਾ।ਫਿਰ 1981 ਵਿੱਚ ਚੀਫ ਖਾਲਸਾ ਦੀਵਾਨ ਵਲੋਂ ਚੰਡੀਗੜ ਵਿੱਚ ਗੰਗਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ 'ਸਿੱਖ ਐਜੂਕੇਸ਼ਨਲ ਕਾਨਫਰੰਸ' ਕਰਾਈ ਗਈ, ਜਿਸ ਵਿੱਚ ਢਿੱਲੋਂ ਨੇ 'ਸਿੱਖ ਇੱਕ ਵੱਖਰੀ ਕੌਮ' ਦਾ ਮਤਾ ਪੇਸ਼ ਕੀਤਾ ਤੇ ਬਾਅਦ ਵਿੱਚ ਕਾਨਫਰੰਸ ਵਲੋਂ ਸਿੱਖ ਕੌਮ ਨੂੰ ਯੂ ਐਨ ਵਿੱਚ 'ਫਲਸਤੀਨ ਲਿਬਰੇਸ਼ਨ ਆਰਗਨਾਈਜ਼ੇਸ਼ਨ' ਵਾਂਗ ਮਾਨਤਾ ਦੇਣ ਦਾ ਮਤਾ ਵੀ ਪਾਸ ਕੀਤਾ।ਦਲ ਖਾਲਸਾ ਵਲੋਂ ਇਸਦਾ ਜ਼ੋਰ-ਸ਼ੋਰ ਨਾਲ਼ ਸਵਾਗਤ ਕੀਤਾ ਗਿਆ।ਡਾ. ਸੰਗਤ ਸਿੰਘ ਦੀ ਕਿਤਾਬ ਅਨੁਸਾਰ ਉਸ ਵਕਤ ਗਿਆਨੀ ਜ਼ੈਲ ਸਿੰਘ ਖਾਲਿਸਤਾਨੀ ਲਹਿਰ ਰੂਪੀ 'ਚੱਕਰਵਿਊ' ਸਿਰਜਣ ਵਿੱਚ ਚੰਗੀ ਤਰ੍ਹਾਂ ਸਫਲ ਹੋ ਰਿਹਾ ਸੀ।

ਸਾਲ 1982 ਦੇ ਸ਼ੁਰੂ ਤੋਂ ਹੀ ਪੰਜਾਬ ਦੇ ਹਾਲਾਤ ਤੇਜੀ ਨਾਲ਼ ਬਦਲਣ ਲੱਗੇ ਸਨ। 17 ਮਾਰਚ, 1982 ਨੂੰ ਦਲ ਖਾਲਸਾ ਵਲੋਂ ਚੰਡੀਗੜ੍ਹ ਵਿੱਚ ਪੂਰੇ ਧੂਮ-ਧੜੱਕੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪਹਿਲਾਂ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਤੇ ਫਿਰ 4 ਅਪਰੈਲ, 1982 ਨੂੰ ਦਲ ਖਾਲਸਾ ਦੇ ਇੱਕ ਹੋਰ ਪੰਚ ਮਨਮੋਹਨ ਸਿੰਘ ਨੇ, ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ।ਉਨ੍ਹਾਂ ਧਮਕੀ ਦਿੱਤੀ ਕਿ ਜੇ 13 ਅਪਰੈਲ, 1982 ਤੱਕ ਸ਼ਹਿਰ ਵਿੱਚੋਂ ਤੰਬਾਕੂ, ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨਾ ਹਟਾਈਆਂ ਗਈਆਂ ਤਾਂ ਸਿੱਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।ਇਸੇ ਸਮੇਨ ਦੌਰਾਨ ਸੰਤਾਂ ਨੇ ਆਪਣੇ ਹਥਿਆਰਬੰਦ ਪੈਰੋਕਾਰਾਂ ਨਾਲ਼ ਦਿੱਲੀ ਦੀ ਯਾਤਰਾ ਕੀਤੀ, ਜੋ ਕਿ ਉਸ ਸਮੇਂ ਵੀ ਚਰਚਾ ਦਾ ਵਿਸ਼ਾ ਸੀ ਤੇ ਹੁਣ ਤੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ (ਜਿਸ ਬਾਰੇ ਅੱਗੇ ਵਿਸਥਾਰ ਵਿੱਚ ਚਰਚਾ ਕਰਾਂਗੇ)।ਇਸ ਸਬੰਧੀ ਗੁਰਦੇਵ ਸਿੰਘ ਗਰੇਵਾਲ ਆਪਣੀ ਕਿਤਾਬ 'The Searching Eye: An Insider Looks at Punjab Crisis' ਦੇ ਪੰਨਾ 183 ਤੇ ਲਿਖਦੇ ਹਨ: '1982 ਦੇ ਸ਼ਰੂਆਤੀ ਦਿਨਾਂ ਤੋਂ ਗਰਮ ਖਿਆਲੀ ਸਿੱਖਾਂ ਦੇ ਮਨਸੂਬਿਆਂ ਬਾਰੇ ਸਰਕਾਰ ਤੇ ਸਿਵਿਲ ਪ੍ਰਸ਼ਾਸਨ ਵਿੱਚ ਚਿੰਤਾ ਸ਼ੁਰੂ ਹੋ ਗਈ ਸੀ।ਮੈਂ 8 ਅਪਰੈਲ, 1982 ਨੂੰ ਹੋਮ ਸੈਕਟਰੀ ਬੀ ਕੇ ਚਤੁਰਵੇਦੀ ਨਾਲ਼ ਇਸ ਸਬੰਧੀ ਗੱਲ ਕੀਤੀ, ਉਨ੍ਹਾਂ ਵਿਚਾਰ ਕਰਨ ਲਈ ਗ੍ਰਹਿ ਮੰਤਰਾਲੇ ਦੇ ਦਫਤਰ ਵਿੱਚ ਇੱਕ ਹਾਈ ਲੈਵਲ ਮੀਟਿੰਗ ਬੁਲਾਈ।ਗ੍ਰਹਿ ਮੰਤਰੀ ਜ਼ੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪੀ ਸੀ ਸੇਠੀ, ਬੀ ਕੇ ਚਤੁਰਵੇਦੀ, ਦਿੱਲੀ ਦਾ ਗਵਰਨਰ, ਦਿੱਲੀ ਦਾ ਪੁਲਿਸ ਕਮਿਸ਼ਨਰ, ਪ੍ਰਧਾਨ ਮੰਤਰੀ ਦਾ ਸੁਰੱਖਿਆ ਸਲਾਹਕਾਰ, ਬੀ ਐਸ ਐਫ ਤੇ ਸੀ ਆਰ ਪੀ ਐਫ ਦੇ ਡੀ ਆਈ ਜੀ ਆਦਿ ਸ਼ਾਮਿਲ ਹੋਏ, ਸਭ ਨੇ ਸੰਤ ਨੂੰ ਉਸਦੇ ਹਥਿਆਰਬੰਦ ਸਾਥੀਆਂ ਸਮੇਤ ਦਿੱਲੀ ਵਿੱਚ ਹੀ ਗ੍ਰਿਫਤਾਰ ਕਰਨ ਦੀ ਵਕਾਲਤ ਕੀਤੀ।ਮੀਟਿੰਗ ਦੇ ਅਖੀਰ ਤੇ ਗਿਆਨੀ ਜ਼ੈਲ ਸਿੰਘ ਨੇ ਆਪਣੇ ਉਰਦੂ ਤੇ ਪੰਜਾਬੀ ਮਿਸ਼ਰਨ ਵਾਲ਼ੀ ਭਾਸ਼ਾ ਦੇ ਬੜੇ ਨਾਟਕੀ ਅੰਦਾਜ ਵਿੱਚ ਕਿਹਾ: 'ਮੈਂ ਤੁਹਾਡੇ ਸਭ ਦੀਆਂ ਦੇਸ਼ ਦੀ ਸੁਰੱਖਿਆ ਤੇ ਪੰਜਾਬ ਵਿੱਚ ਵਧ ਰਹੀ ਹਿੰਸਾ ਪ੍ਰਤੀ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਤੇ ਸਾਨੂੰ ਬਦੀ ਦੀ ਜੜ੍ਹ ਨੂੰ ਸ਼ੁਰੂ ਵਿੱਚ ਹੀ ਨੱਪ ਦੇਣਾ ਚਾਹੀਦਾ ਹੈ।ਪਰ ਸੰਤ ਆਪਣੇ ਹਥਿਆਰਬੰਦ ਸਾਥੀਆਂ ਨਾਲ਼ ਬੜੇ ਲੜਾਕੂ ਰੌਂਅ ਵਿੱਚ ਹੈ, ਉਸਨੂੰ ਦੇਸ਼ ਦੀ ਰਾਜਧਾਨੀ ਵਿੱਚ ਸੜਕਾਂ ਤੇ ਗ੍ਰਿਫਤਾਰ ਕਰਨ ਨਾਲ਼ ਖੂਨ-ਖਰਾਬਾ ਹੋ ਸਕਦਾ ਹੈ, ਜਿਸਦੇ ਛਿੱਟੇ ਨਾ ਸਿਰਫ ਦਿੱਲ਼ੀ ਦੀਆਂ ਗਲ਼ੀਆਂ ਵਿੱਚ ਪੈਣਗੇ, ਸਗੋਂ ਮੈਡਮ ਗਾਂਧੀ ਦੇ ਪਾਕ ਦਾਮਨ ਨੂੰ ਵੀ ਦਾਗਦਾਰ ਕਰਨਗੇ।ਸਾਨੂੰ ਇਸ ਬਾਰੇ ਕੁਝ ਹੋਰ ਸੋਚਣਾ ਚਾਹੀਦਾ ਹੈ।'ਪਿਆਰੇ ਮਿੱਤਰੋ' ਸਾਨੂੰ ਅਜਿਹਾ ਹੋਣ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ।' ਦਿੱਲੀ ਦੇ ਦਫਤਰਾਂ ਵਿੱਚ ਬੈਠੇ ਉਨ੍ਹਾਂ 'ਬਾਬੂਆਂ' ਨੂੰ ਕੀ ਪਤਾ ਸੀ ਕਿ ਗਿਆਨੀ ਜੀ, ਆਪ ਦੇ ਸ਼ਰੀਕ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਆਉਣ ਵਾਲ਼ੇ ਦਿਨਾਂ ਵਿੱਚ ਮਘਦੇ ਅੰਗਿਆਰਾਂ ਤੇ ਤੜਪਦਾ ਵੇਖਣ ਲਈ ਆਪਣੀ 'ਵਿਸਾਤ' ਵਿਛਾਉਂਦੇ ਆ ਰਹੇ ਸਨ।

ਦਲ ਖਾਲਸਾ ਵਲੋਂ ਆਪਣੀ ਧਮਕੀ ਨੂੰ ਅਮਲੀ ਰੂਪ ਦਿੰਦਿਆਂ 25-26 ਅਪਰੈਲ ਦੀ ਰਾਤ ਨੂੰ ਅੰਮ੍ਰਿਤਸਰ ਵਿੱਚ ਕਾਲ਼ੀ ਮਾਤਾ ਦੇ ਮੰਦਰਾਂ ਵਿੱਚ ਗਾਵਾਂ ਦੇ ਸਿਰ ਵੱਢ ਕੇ ਟੰਗ ਦਿੱਤੇ ਗਏ।ਜਿਸਦੀ ਜ਼ਿੰਮੇਵਾਰੀ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਨੇ ਲਈ (ਜੋ ਅੱਜਕਲ ਇੰਗਲੈਂਡ ਵਿੱਚ ਰਹਿੰਦਾ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਮੋਦੀ ਕਿਆਂ ਦੀ ਕਿਰਪਾ ਨਾਲ਼ ਵਤਨ ਯਾਤਰਾ ਵੀ ਆਇਆ ਹੈ)।ਅੰਮ੍ਰਿਤਸਰ ਵਿੱਚ ਇੱਕ-ਦਮ ਤਨਾਅ ਵਧ ਗਿਆ।ਇਸ ਘਟਨਾ ਨਾਲ਼ ਹਿੰਦੂ ਭਾਈਚਾਰਾ ਪੂਰੀ ਤਰ੍ਹਾਂ ਭੜਕ ਉਠਿਆ।ਫਿਰ ਗਿਆਨੀ ਜ਼ੈਲ ਸਿੰਘ ਸਿੰਘ ਤੁਰੰਤ ਸਥਿਤੀ ਦਾ ਜਾਇਜਾ ਲੈਣ ਲਈ ਅੰਮ੍ਰਿਤਸਰ ਪਹੁੰਚੇ।ਇਸ ਤੋਂ ਬਾਅਦ ਪੈਦਾ ਹੋਏ ਹਾਲਤਾਂ ਦੇ ਮੱਦੇ ਨਜ਼ਰ ਦਿੱਲੀ ਪਹੁੰਚ ਕੇ ਅਖੀਰ ਉਸਨੂੰ ਨਾ ਚਾਹੁੰਦਿਆਂ ਹੋਇਆਂ ਵੀ ਦਲ ਖਾਲਸਾ ਤੇ ਪਾਬੰਧੀ ਲਗਾਉਣੀ ਪਈ।ਪਰ ਤੀਰ ਉਦੋਂ ਤੱਕ ਭੱਥੇ ਵਿੱਚੋਂ ਨਿਕਲ਼ ਚੁੱਕਾ ਸੀ।ਅਗਲੇ ਦਿਨੀਂ ਵਾਪਰੇ ਪੱਟੀ ਕਾਂਡ ਵਿੱਚ ਕੁਲਵੰਤ ਸਿੰੰਘ ਨਾਗੋਕੇ, ਸੁਖਦੇਵ ਸਿੰਘ ਬੱਬਰ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਪੱਟੀ (ਅੰਮ੍ਰਿਤਸਰ) ਦੇ ਬਜ਼ਾਰ ਵਿੱਚ ਅੰਨੇਵਾਹ ਗੋਲ਼ੀਆਂ ਚਲਾ ਕੇ ਚਾਰ ਗਰੀਬ ਹਿੰਦੂਆਂ ਦੀ ਹੱਤਿਆ ਕਰ ਦਿੱਤੀ ਗਈ।ਇਹ ਉਹ ਸਮਾਂ ਸੀ, ਜਦੋਂ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਤੇ ਆਮ ਲੋਕ ਪੰਜਾਬ ਵਿੱਚ ਵਧ ਰਹੀ ਹਿੰਸਾ ਤੋਂ ਚਿੰਤਤ ਹੋ ਰਹੇ ਸਨ।ਗਰੇਵਾਲ਼ ਅਨੁਸਾਰ ਇਸੇ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਤੇਜਿੰਦਰ ਖੰਨਾ ਨੇ ਕਿਹਾ ਕਿ ਸੰਤ ਨੂੰ NSA ਲਗਾ ਕੇ ਅੰਦਰ ਕੀਤਾ ਜਾਵੇ (ਸੰਤ ਆਪਣੇ ਹਥਿਆਰਬੰਦ ਸਾਥੀਆਂ ਨਾਲ਼ ਉਸ ਸਮੇਂ ਅਜੇ ਦਿੱਲੀ ਵਿੱਚ ਹੀ ਸੀ)।ਉਹ ਪੰਜਾਬ ਸਰਕਾਰ ਦੀ ਹਦਾਇਤ ਤੇ ਇੱਕ ਪ੍ਰੋਪੋਜ਼ਲ ਬਣਾ ਕੇ 6 ਮਈ, 1982 ਨੂੰ ਲਾਅ ਮੰਤਰਾਲੇ ਕੋਲ਼ ਗਿਆ, ਜੁਆਇੰਟ ਸੈਕਟਰੀ ਪੀ. ਕੇ. ਕਾਰਥਾ ਨੇ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ ਸੰਤ ਨੂੰ ਗ੍ਰਿਫਤਾਰ ਕਰਨ ਲਈ ਹਾਂ ਕਰ ਦਿੱਤੀ।ਖੰਨੇ ਨੂੰ ਇਸ ਗੱਲ ਤੇ ਬੜੀ ਤਸੱਲੀ ਹੋਈ, ਪਰ ਇਹ ਬਹੁਤਾ ਚਿਰ ਰਹਿਣ ਵਾਲ਼ੀ ਨਹੀਂ ਸੀ।ਅਚਾਨਕ ਹੀ ਸੰਤ ਭਿੰਡਰਾਂਵਾਲ਼ੇ ਬੰਬਈ ਵਿਖੇ ਸੰਗਤਾਂ ਨੂੰ ਆਪਣੇ ਪ੍ਰਵਚਨ ਸੁਣਾ ਰਹੇ ਸਨ।ਤੇਜਿੰਦਰ ਖੰਨਾ ਤੇ ਉਸਦੇ ਬੌਸ ਦਰਬਾਰਾ ਸਿੰਘ ਨੂੰ ਰਾਹਤ ਪਹੁੰਚਾਣ ਲਈ ਪਹਿਲੀ ਤੇ ਆਖਰੀ ਕੋਸ਼ਿਸ਼ ਵਜੋਂ ਹੋਮ ਸੈਕਟਰੀ ਬੀ ਕੇ ਚਤੁਰਵੇਦੀ ਨੇ 'ਗਿਆਨੀ ਜੀ ਤੋਂ ਚੋਰੀ-ਚੋਰੀ' ਮਹਾਂਰਾਸ਼ਟਰਾ ਦੇ ਚੀਫ ਸੈਕਟਰੀ ਤੇ ਬੰਬਈ ਦੇ ਪੁਲਿਸ ਕਮਿਸ਼ਨਰ ਜੂਲੀਅਟ ਰਿਬੇਰੋ ਨੂੰ ਦਿੱਲੀ ਬੁਲਾ ਲਿਆ ਤਾਂ ਕਿ ਸੰਤ ਨੂੰ ਹੁਣ ਬੰਬਈ ਦੌਰੇ ਦੌਰਾਨ ਗ੍ਰਿਫਤਾਰ ਕੀਤਾ ਜਾ ਸਕੇ।ਉਹ ਸੰਤ ਨੂੰ ਬੰਬਈ ਦੇ 'ਦਾਦਰ ਗੁਰਦੁਆਰੇ' ਤੋਂ ਗ੍ਰਿਫਤਾਰ ਕਰਨਾ ਚਾਹੁੰਦੇ ਸਨ, ਪਰ ਗੁਰਦੁਆਰੇ ਵਿੱਚ ਕਿਸੇ ਤਰ੍ਹਾਂ ਖੂਨ-ਖਰਾਬੇ ਦੇ ਡਰੋਂ, ਫਿਰ ਸੰਤ ਨੂੰ ਬੰਬਈ ਤੋਂ ਵਾਪਿਸੀ ਮੌਕੇ ਨਾਸਿਕ ਦੇ ਰਸਤੇ 'ਚੋਂ ਗ੍ਰਿਫਤਾਰ ਕਰਨ ਦਾ ਪਲਾਨ ਬਣਿਆ ਕਿਉਂਕਿ ਉਨ੍ਹਾਂ ਕੋਲ਼ ਜਾਣਕਾਰੀ ਸੀ ਕਿ ਸੰਤ 10 ਮਈ ਨੂੰ ਨਾਸਿਕ ਦੇ ਰਸਤੇ ਵਾਪਿਸ ਜਾ ਰਿਹਾ ਹੈ।ਗਰੇਵਾਲ਼ ਕਹਿੰਦਾ ਕਿ ਮੇਰੇ ਤਾਂ ਦੰਦ ਜੁੜੇ ਰਹਿ ਗਏ, ਮੇਰਾ ਸਾਹ ਰੁਕ ਗਿਆ, ਸਾਡੀ ਸਾਰੀ ਕੀਤੀ ਤੇ ਪਾਣੀ ਫਿਰ ਗਿਆ ਸੀ, ਜਦੋਂ ਮੈਂ ਸੁਣਿਆ ਕਿ ਸੰਤ ਤਾਂ 9 ਮਈ ਨੂੰ ਆਪਣੇ ਹੈਡਕੁਆਟਰ ਮਹਿਤੇ ਪਹੁੰਚ ਚੁੱਕਾ ਸੀ।ਬਾਅਦ ਵਿੱਚ ਪਤਾ ਲੱਗਾ ਕਿ ਗ੍ਰਹਿ ਮੰਤਰਾਲ਼ੇ ਦੇ ਕਿਸੇ ਨੇੜਲੇ ਗੁਪਤ ਸੂਤਰ ਨੇ ਉਸ 'ਗੁਸੈਲ਼ ਫਰਿਸ਼ਤੇ' ਨੂੰ ਸੰਭਾਵੀ ਗ੍ਰਿਫਤਾਰੀ ਦੀ ਅਗਾਹੂੰ ਜਾਣਕਾਰੀ ਦੇ ਦਿੱਤੀ ਸੀ ਤਾਂ ਕਿ ਉਹ ਸੁਰੱਖਿਅਤ ਪੰਜਾਬ ਪਹੁੰਚ ਸਕੇ।ਇਸ ਸਬੰਧੀ ਰਿਬੇਰੋ ਦੀ ਕਿਤਾਬ 'ਬੁਲਿਟ ਫਾਰ ਬੁਲਿਟ' ਅਨੁਸਾਰ ਇਸ ਤੋਂ ਪਹਿਲਾਂ ਕਿ ਅਸੀਂ ਸੰਤ ਨੂੰ ਗ੍ਰਿਫਤਾਰ ਕਰਦੇ 'ਉਪਰੋਂ' ਕਿਸੇ ਨੇ ਪਹਿਲਾਂ ਹੀ ਜਾਣਕਾਰੀ ਸੰਤ ਤੱਕ ਪਹੁੰਚਾ ਕੇ ਇੱਕ ਵਾਰ ਫਿਰ ਉਸਨੂੰ ਸੁਰੱਖਿਅਤ ਪੰਜਾਬ ਤੱਕ ਪਹੁੰਚਾ ਦਿੱਤਾ ਸੀ।ਖੁਫੀਆ ਏਜੰਸੀ ਆਈ ਬੀ ਦੇ ਜੁਆਇੰਟ ਡਾਇਰੈਕਟਰ ਐਮ ਕੇ ਧਰ ਆਪਣੀ ਕਿਤਾਬ 'ਖੁੱਲ੍ਹੇ ਭੇਦ' ਵਿੱਚ ਪੰਨਾ 292 ਤੇ ਆਪਣੀ ਦਿੱਲੀ ਵਿੱਚ ਤਾਇਨਾਤੀ ਦੌਰਾਨ ਗਿਆਨੀ ਜ਼ੈਲ ਸਿੰਘ ਦੇ ਸੰਤ ਨਾਲ਼ ਸਹਿਚਾਰ ਦਾ ਜ਼ਿਕਰ ਕਰਦੇ ਹੋਏ, ਸੰਤ ਦੇ ਇਸੇ ਦੌਰੇ ਬਾਰੇ ਲਿਖਦੇ ਹਨ: ਬੇਸ਼ਕ ਮੈਨੂੰ ਉਸਦੀ (ਜ਼ੈਲ ਸਿੰਘ) ਪੇਂਡੂ ਸਾਦਗੀ ਨੇ ਮੋਹ ਲਿਆ ਸੀ, ਪਰ ਮੈਂ ਪੂਰੀ ਤਰ੍ਹਾਂ ਸੁਚੇਤ ਸੀ ਕਿ ਉਹਦੀ ਖਲੜੀ ਹੇਠ ਇੱਕ 'ਸ਼ੈਤਾਨ ਸਿਆਸੀ ਪੈਂਤੜੇਬਾਜ' ਲੁਕਿਆ ਹੋਇਆ ਸੀ।ਉਸਦੇ ਚਰਿਤਰ ਦਾ ਹਨੇਰ੍ਹਾ ਪੱਖ ਉਸ ਰਾਤ ਸਾਡੇ ਸੂਤਰਾਂ ਨੇ ਕੈਮਰੇ ਵਿੱਚ ਕੈਦ ਕਰ ਲਿਆ ਸੀ, ਜਦੋਂ ਉਹ ਬੰਗਲਾ ਸਾਹਿਬ ਗੁਰਦੁਆਰੇ ਦੇ ਇੱਕ ਕਮਰੇ ਵਿੱਚ ਚੋਰੀਂ ਸੰਤ ਨਾਲ਼ ਇੱਕ ਘੰਟਾ ਮੀਟਿੰਗ ਕਰਦਾ ਰਿਹਾ ਸੀ।ਦਿੱਲੀ ਵਿੱਚ ਕਿਸੇ ਦੇ ਚਿਤ-ਚੇਤੇ ਵੀ ਨਹੀ ਸੀ ਕਿ ਦੇਸ਼ ਦਾ ਗ੍ਰਹਿ ਮੰਤਰੀ ਕਿਸੇ ਛੋਟੀ ਜਿਹੀ ਧਾਰਮਿਕ ਸੈਮੀਨਾਰੀ ਦੇ ਪ੍ਰਚਾਰਕ ਅੱਗੇ ਮੱਥਾ ਟੇਕ ਕੇ ਮੁਲਕ ਦੀ ਸੁਰੱਖਿਆ ਨਾਲ਼ ਸਮਝੌਤਾ ਕਰੇਗਾ।' ਸਿੱਖ ਵਿਦਵਾਨ ਅਜਮੇਰ ਸਿੰਘ ਦੀ ਕਿਤਾਬ 'ਵੀਹਵੀਂ ਸਦੀ ਦੀ ਸਿੱਖ ਰਾਜਨਤੀ: ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ' ਦੇ ਪੰਨਾ 359 ਅਨੁਸਾਰ: 'ਸੰਤ ਨੂੰ ਵੇਲੇ ਸਿਰ ਸੂਚਨਾ ਮਿਲ ਜਾਣ ਕਰਕੇ ਪੰਜਾਬ ਸਰਕਾਰ ਦੀ ਉਸਨੂੰ ਪੰਜਾਬ ਤੋਂ ਬਾਹਰ ਗ੍ਰਿਫਤਾਰ ਕਰਨ ਦੀ ਯੋਜਨਾ ਸਿਰੇ ਨਾ ਚੜ੍ਹ ਸਕੀ।ਸੰਤ ਜੀ ਗੁਪਤ ਤਰੀਕਿਆਂ ਰਾਹੀਂ ਸੁਰੱਖਿਅਤ ਗੁਰੂ ਨਾਨਕ ਨਿਵਾਸ, ਦਰਬਾਰ ਸਾਹਿਬ (ਚੌਕ ਮਹਿਤਾ ਨਹੀਂ?) ਵਿਖੇ ਪਹੁੰਚ ਚੁੱਕੇ ਸਨ।' ਪੰਜਾਬ ਪਹੁੰਚਣ ਤੋਂ ਬਾਅਦ ਉਸਦੀ ਪੂਰੀ ਚੜ੍ਹਤ ਹੋ ਚੁੱਕੀ ਸੀ।ਜਿਸ ਤੋਂ ਬਾਅਦ ਹਿੰਸਾ ਦੇ ਉਸ ਦੌਰ ਦੀ ਸ਼ੁਰੂਆਤ ਹੋ ਗਈ, ਜਿਸ ਲਈ ਪਿਛਲੇ ਕੁਝ ਸਾਲਾਂ ਤੋਂ ਤਿਆਰੀ ਹੋ ਰਹੀ ਸੀ।ਇਥੇ ਗੁਰਦੇਵ ਸਿੰਘ ਗਰੇਵਾਲ਼ ਦੀ ਇਸੇ ਕਿਤਾਬ ਦੇ ਪੰਨਾ 197 ਤੇ ਦਰਜ ਇੱਕ ਕਿੱਸਾ ਸਾਂਝਾ ਕਰਨਾ ਬੜਾ ਦਿਲਚਸਪ ਰਹੇਗਾ, ਜਿਸ ਵਿੱਚ ਉਹ ਦੱਸਦੇ ਹਨ ਕਿ ਜਦੋਂ ਮੈਂ ਪਟਨੇ (ਬਿਹਾਰ) ਵਿੱਚ ਤਾਇਨਾਤ ਸੀ ਤਾਂ 1987 ਵਿੱਚ ਇੱਕ ਦਿਨ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਦਾ ਸੈਕਟਰੀ ਮਨਮੋਹਨ ਸਿੰਘ (ਜੋ ਕਿ ਮੇਰਾ ਵਿਦਿਆਰਥੀ ਵੀ ਸੀ ਤੇ ਕਿਸੇ ਮੀਟਿੰਗ ਲਈ ਉਥੇ ਆਇਆ ਸੀ) ਮਿਲਣ ਘਰ ਆਇਆ ਤਾਂ 84 ਤੋਂ ਪਹਿਲੇ ਦੌਰ ਦੀ ਚੱਲ ਰਹੀ ਗੱਲਬਾਤ ਦੌਰਾਨ ਅਚਾਨਕ ਉਸਨੇ ਦੱਸਿਆ: 'ਅਪਰੈਲ, 1982 ਵਿੱਚ ਅੰਮ੍ਰਿਤਸਰ ਦੇ ਕਾਲ਼ੀ ਮਾਤਾ ਦੇ ਮੰਦਰਾਂ ਵਿੱਚ 'ਗਾਵਾਂ ਦੇ ਸਿਰ' ਵੱਢ ਕੇ ਸੁੱਟਣ ਵਾਲ਼ਾ 'ਕੌਤਕ' ਤਾਂ ਅਸੀਂ ਖੁਦ ਕਰਾਇਆ ਸੀ।ਮੈਂ ਉਸਦੀ ਇਹ ਗੱਲ ਸੁਣ ਕੇ ਤਰਭਕ ਕਿ ਉਸ ਵੱਲ ਦੇਖਣ ਲੱਗਾ ਤੇ ਕਿੰਨਾ ਚਿਰ ਕੁਝ ਬੋਲਿਆ ਨਾ, ਉਸਨੂੰ ਮੇਰੇ ਭਾਵਾਂ ਦਾ ਪਤਾ ਲੱਗਾ ਜਾ ਨਾ, ਪਰ ਉਹ ਆਪਣੀ ਘੜੀ ਵੇਖਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਕਿਤੇ ਜਾਣਾ ਹੈ, ਫਿਰ ਉਸ ਤੋਂ ਬਾਅਦ ਉਹ ਕੁਝ ਸਮਾਂ ਕੁਝ ਨਾ ਬੋਲਿਆ ਤੇ ਇਹ ਕਹਿੰਦਿਆਂ ਤੁਰ ਗਿਆ ਕਿ ਉਸਦੀ ਤਾਂ ਮੀਟਿੰਗ ਦਾ ਸਮਾਂ ਹੋ ਗਿਆ ਹੈ।'

ਪੰਜਾਬ ਦੀ ਇਸ ਤਰਾਸਦਿਕ ਹੋਣੀ ਦਾ ਅਗਲਾ ਪੜ੍ਹਾਅ ਦਸੰਬਰ, 1982 ਦੀਆਂ ਏਸ਼ੀਆਡ ਖੇਡਾਂ ਮੌਕੇ ਉਸ ਵਕਤ ਆਇਆ, ਜਦੋਂ ਗਿਆਨੀ ਜੀ ਦੇ 'ਗੁਰਭਾਈ' ਤੇ ਇਸ ਸਾਰੇ ਕਥਾਨਿਕ ਦੇ ਇੱਕ ਹੋਰ 'ਮਹਾਂ ਖਲਨਾਇਕ' ਹਰਿਆਣੇ ਦੇ ਮੁਖ ਮੰਤਰੀ ਭਜਨ ਲਾਲ ਨੇ ਦਿੱਲੀ ਜਾ ਰਹੇ ਸਿੱਖਾਂ ਨੂੰ ਖਾਹ-ਮਖਾਹ ਬੇਇੱਜ਼ਤ ਕਰਕੇ ਸੰਤ ਭਿੰਡਰਾਂਵਾਲੇ ਨੂੰ ਨਵੇਂ ਭੜਕਾਊ ਪ੍ਰਵਚਨਾਂ ਲਈ ਮਸਾਲਾ ਦੇ ਦਿੱਤਾ।ਹੁਣ ਜਨਵਰੀ, 83 ਚੜ੍ਹਦਿਆਂ ਹੀ ਅਕਾਲੀ ਦਲ ਨੇ ਪਾਰਲੀਮੈਂਟ ਮੈਂਬਰਾਂ ਨੂੰ ਅਸਤੀਫੇ ਦੇਣ ਦਾ ਸੱਦਾ ਦੇ ਦਿੱਤਾ।ਉਸ ਸਮੇਂ ਦੇ ਹਾਲਾਤਾਂ ਦੀ ਪੁਖਤਾ ਗਵਾਹੀ ਸੰਤਾਂ ਦਾ ਨਜ਼ਦੀਕੀ ਰਿਹਾ ਪੱਤਰਕਾਰ ਜਗਤਾਰ ਸਿੰਘ ਆਪਣੀ ਕਿਤਾਬ 'Khalistan Struggle: A Non Movement’ ਦੇ ਪੰਨਾ 109 ਤੇ ਚੈਪਟਰ 'Call for Armed Struggle' ਵਿੱਚ ਇਵੇਂ ਦੇ ਰਿਹਾ ਹੈ: 'ਜਿਥੇ ਅਕਾਲੀ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਤੇ ਜਮਹੂਰੀ ਢੰਗ ਨਾਲ ਮੰਗਾਂ ਦੀ ਪ੍ਰਾਪਤੀ ਲਈ 'ਧਰਮ ਯੁੱਧ ਮੋਰਚਾ' ਜਾਰੀ ਰੱਖਣ ਲਈ ਦ੍ਰਿੜ ਸਨ।ਉਥੇ ਸੰਤ ਨੌਜਵਾਨਾਂ ਨੂੰ ਹਥਿਆਰ ਅਤੇ ਮੋਟਰ ਸਾਈਕਲ ਰੱਖਣ ਦੀ ਕਾਲ ਦੇ ਰਿਹਾ ਸੀ ਕਿ ਹੁਣ ਵੱਡੀ ਲੜਾਈ ਲਈ ਤਿਆਰ ਹੋਣ ਦੀ ਲੋੜ ਹੈ।ਉਸ ਵਕਤ ਪੰਜਾਬ (ਦਰਬਾਰ ਸਾਹਿਬ) ਵਿੱਚ ਧੜਾ-ਧੜ ਹਥਿਆਰ ਆਉਣੇ ਸ਼ੁਰੂ ਹੋ ਗਏ ਸਨ, ਪਰ ਸੈਂਟਰ ਸਰਕਾਰ ਕੋਈ ਐਕਸ਼ਨ ਲੈਣ ਲਈ ਤਿਆਰ ਨਹੀਂ ਸੀ।' ਇਥੇ ਸਵਾਲ ਖੜਾ ਹੁੰਦਾ ਹੈ ਕਿ ਸ਼ਾਂਤਮਈ ਚੱਲ ਰਹੇ ਸੰਘਰਸ਼ ਵਿੱਚ ਉਸ ਸਮੇਂ ਅਜਿਹੀ ਕਿਹੜੀ ਵੱਡੀ ਲੋੜ ਬਣ ਗਈ ਸੀ ਕਿ ਹਥਿਆਰਾਂ ਤੋਂ ਬਿਨਾਂ ਸੰਘਰਸ਼ ਲੜਿਆ ਨਹੀਂ ਜਾ ਸਕਦਾ ਸੀ? ਕੀ ਮੋਰਚੇ ਦੇ ਸੰਚਾਲਕਾਂ ਨੇ ਹੱਥ ਖੜੇ ਕਰ ਦਿੱਤੇ ਸਨ ਕਿ ਅਸੀਂ ਸ਼ਾਂਤਮਈ ਸੰਘਰਸ਼ ਜਿੱਤ ਨਹੀਂ ਸਕਦੇ ਤੇ ਅਗਲਾ ਸੰਘਰਸ਼ ਹਥਿਆਰਾਂ ਤੋਂ ਬਿਨਾਂ ਲੜਿਆ ਨਹੀਂ ਜਾਣਾ? ਕੀ ਲੀਡਰਸ਼ਿਪ ਨੂੰ ਇਹ ਸੋਚਣਾ ਨਹੀਂ ਬਣਦਾ ਸੀ ਕਿ ਇਹ ਹਥਿਆਰ ਕਿੱਥੋਂ ਆ ਰਹੇ ਹਨ ਤੇ ਦਰਬਾਰ ਸਾਹਿਬ ਅੰਦਰ ਹੀ ਕਿਉਂ ਆ ਰਹੇ ਹਨ? ਕੀ ਇਹ ਸਭ ਸਰਕਾਰ, ਪੁਲਿਸ ਪ੍ਰਸ਼ਾਨ, ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਦੀ ਸਹਿਮਤੀ ਤੋਂ ਬਿਨਾਂ ਸੰਭਵ ਹੋ ਸਕਦਾ ਸੀ?

ਇਥੇ ਗੁਰਦੇਵ ਸਿੰਘ ਗਰੇਵਾਲ ਦੀ ਕਿਤਾਬ 'The Searching Eye: An Inside Looks at Punjab Crisis' ਦੇ ਚੈਪਟਰ 'ਖਾਲਿਸਤਾਨ' ਦੇ ਪੰਨਾ 157-58 ਦਾ ਇੱਕ ਇੰਕਸ਼ਾਫ ਸਾਂਝਾ ਕਰਨਾ ਵੀ ਜਰੂਰੀ ਹੈ, ਜਿਸ ਅਨੁਸਾਰ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਆਪਣੇ ਧੜੇ ਵਲੋਂ 13 ਅਪਰੈਲ, 1982 ਨੂੰ ਇੱਕ ਸਿੱਖ ਕਨਵੈਨਸ਼ਨ ਕਰਨ ਦਾ ਐਲਾਨ ਕੀਤਾ।ਉਸਦੇ ਬੁਲਾਰੇ ਰਣਧੀਰ ਸਿੰਘ ਚੀਮਾ ਨੇ 10 ਅਪਰੈਲ ਨੂੰ ਐਲਾਨ ਕੀਤਾ ਕਿ ਇਸ ਕਨਵੈਨਸ਼ਨ ਵਿੱਚ ਜਾਮਾ ਮਸਜਿਦ ਦਾ ਸ਼ਾਹੀ ਇਮਾਮ ਅਤੇ ਅਮਰੀਕਾ ਤੋਂ ਖਾਲਿਸਤਾਨੀ ਲੀਡਰ ਗੰਗਾ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹਨ।ਇਥੇ ਇਹ ਵੀ ਵਰਨਣਯੋਗ ਹੈ ਕਿ ਮਾਰਕ ਤੁਲੀ ਤੇ ਜੀ ਬੀ ਸਿੱਧੂ ਦੀਆਂ ਕਿਤਾਬਾਂ ਮੁਤਾਬਿਕ ਜ਼ੈਲ ਸਿੰਘ, ਜਿਥੇ ਇੱਕ ਪਾਸੇ ਭਿੰਡਰਾਂਵਾਲ਼ੇ ਤੇ ਦਲ ਖਾਲਸਾ ਰਾਹੀਂ ਕੱਟੜਵਾਦ ਤੇ ਖਾੜਕੂਵਾਦ ਅਤੇ ਚੌਹਾਨ, ਢਿੱਲੋਂ ਵਰਗਿਆਂ ਰਾਹੀਂ ਖਾਲਿਸਤਾਨ ਨੂੰ ਉਭਾਰ ਰਿਹਾ ਸੀ, ਉਥੇ ਦੂਜੇ ਪਾਸੇ ਤਲਵੰਡੀ ਤੇ ਟੌਹੜਾ ਨੂੰ ਵੀ ਬਾਦਲ ਦੀ ਅਕਾਲੀ ਸਰਕਾਰ ਡੇਗਣ ਲਈ ਸ਼ਹਿ ਦੇ ਰਿਹਾ ਸੀ।ਜਥੇਦਾਰ ਤਲਵੰਡੀ ਤੇ ਜਥੇਦਾਰ ਟੌਹੜਾ ਨੇ ਹੀ 1978 ਦੇ ਸਿੱਖ-ਨਿਰੰਕਾਰੀ ਕਤਲ ਕਾਂਡ ਵਿੱਚ ਬਾਦਲ ਸਰਕਾਰ ਦੀ ਕਾਰਗੁਜ਼ਾਰੀ ਨੂੰ ਅਧਾਰ ਬਣਾ ਕੇ ਗਵਰਨਰ ਨੂੰ ਬਾਦਲ ਸਰਕਾਰ ਭੰਗ ਕਰਨ ਦਾ ਮੰਗ ਪੱਤਰ ਦਿੱਤਾ ਸੀ।ਜਿੱਥੇ ਇੱਕ ਪਾਸੇ ਦਰਬਾਰਾ ਸਿੰਘ, ਢਿੱਲੋਂ ਨੂੰ ਰੋਕਣ ਲਈ ਯਤਨ ਕਰ ਰਿਹਾ ਸੀ, ਉਥੇ ਦੂਜੇ ਪਾਸੇ ਗਿਆਨੀ ਜ਼ੈਲ ਸਿੰਘ ਸਾਰਾ ਜ਼ੋਰ ਲਗਾ ਰਿਹਾ ਸੀ ਕਿ ਢਿੱਲੋਂ ਕਿਸੇ ਢੰਗ ਨਾਲ਼ ਭਾਰਤ ਦਾਖਿਲ ਹੋ ਜਾਵੇ।ਇਸ ਕਿਤਾਬ ਦੇ ਲੇਖਕ ਗੁਰਦੇਵ ਸਿੰਘ ਗਰੇਵਾਲ਼, (ਜੋ ਉਸ ਵਕਤ ਗ੍ਰਹਿ ਮੰਤਰਾਲੇ ਵਿੱਚ ਜੁਆਇੰਟ ਸੈਕਟਰੀ ਸੀ) ਅਨੁਸਾਰ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਕੈਬੇਨਿਟ ਸੈਕਟਰੀ ਬੀ ਕੇ ਚਤੁਰਵੇਦੀ ਨਾਲ਼ ਢਿੱਲੋਂ ਦੇ ਭਾਰਤ ਦਾਖਲੇ ਨੂੰ ਰੋਕਣ ਬਾਰੇ ਗੱਲ ਕੀਤੀ ਤਾਂ ਉਹ ਮੇਰੇ ਨਾਲ਼ ਸਹਿਮਤ ਹੋ ਗਿਆ।ਜਦੋਂ ਢਿੱਲੋਂ ਦਿੱਲੀ ਏਅਰਪੋਰਟ ਤੇ ਪਹੁੰਚਿਆ ਤਾਂ ਮੇਰੀਆਂ ਹਦਾਇਤਾਂ ਤੇ ਦਿੱਲੀ ਦੇ ਕਮਿਸ਼ਨਰ ਬਜਰੰਗ ਲਾਲ ਨੇ ਆਪਣੀ ਫੋਰਸ ਨਾਲ਼ ਏਅਰ ਪੋਰਟ ਪਹੁੰਚ ਕੇ ਢਿੱਲੋਂ ਨੂੰ ਭਾਰਤ ਵਿੱਚ ਐਂਟਰੀ ਨਾ ਦਿੱਤੀ ਕਿ ਉਸਦਾ ਨਾਮ ਬਲੈਕ ਲਿਸਟ ਵਿੱਚ ਹੈ ਤੇ ਉਹ ਅਮਰੀਕਾ ਵਿੱਚ ਭਾਰਤ ਵਿਰੋਧੀ ਗਤੀ-ਵਿਧੀਆਂ ਕਰ ਰਿਹਾ ਹੈ।ਇਸੇ ਘਟਨਾਕਰਮ ਬਾਰੇ ਉਘੇ ਪੱਤਰਕਾਰ ਸਤਿੰਦਰਾ ਸਿੰਘ ਨੇ ਆਪਣੀ ਕਿਤਾਬ 'Khalistan: An Academic Analysis' ਵਿੱਚ ਵੀ ਸੰਕੇਤ ਕੀਤੇ ਹੋਏ ਹਨ।ਗਰੇਵਾਲ਼ ਅੱਗੇ ਲਿਖਦਾ ਹੈ ਕਿ ਜਦੋਂ ਢਿੱਲੋਂ ਨੂੰ ਵਾਪਿਸ ਭੇਜਿਆ ਜਾਣਾ ਸੀ ਤਾਂ ਸਾਡੇ ਅਧਿਕਾਰੀ ਦੇ ਦੱਸਣ ਅਨੁਸਾਰ ਉਹ ਉਸਦੇ ਮੂੰਹੋਂ ਇਹ ਸੁਣ ਕੇ ਹੈਰਾਨ ਰਹਿ ਗਏ: 'ਮੈਨੂੰ ਵਾਪਿਸ ਕਿਉਂ ਭੇਜ ਰਹੇ ਹੋ, ਜੋ ਗੇਮ (ਖਾਲਿਸਤਾਨ) ਤੁਸੀਂ ਖੇਡ ਰਹੇ ਹੋ, ਉਹ ਹੀ ਮੈਂ ਖੇਡ ਰਿਹਾ ਹਾਂ?' ਗੁਰਦੇਵ ਗਰੇਵਾਲ਼ ਅਨੁਸਾਰ ਬਾਅਦ ਵਿੱਚ ਜਦੋਂ ਮੈਂ ਬਿਹਾਰ ਵਿੱਚ ਤਾਇਨਾਤ ਸੀ ਤਾਂ ਇੱਕ ਦਿਨ ਜੂਨ, 1986 ਵਿੱਚ ਆਈ ਏ ਐਸ ਅਧਿਕਾਰੀ ਸਤਿਆ ਨਰਾਇਣ ਰੌਏ ਮੇਰੇ ਕੋਲ਼ ਆਇਆ ਤਾਂ ਬੈਠਿਆਂ 1984 ਬਾਰੇ ਗੱਲਾਂ ਚੱਲ ਪਈਆਂ ਤਾਂ ਕਹਿੰਦਾ ਕਿ 1982 ਵਿੱਚ ਉਹ ਅਮਰੀਕਾ ਵਿੱਚ ਅੰਡਰ ਕਵਰ ਏਜੰਟ ਦੇ ਤੌਰ ਤੇ ਕਿਸੇ ਮਿਸ਼ਨ ਤੇ ਗਿਆ ਸੀ।ਉਥੇ ਆਪਣੇ ਕੰਮ ਲਈ ਇੱਕ ਸੂਤਰ (ਗੰਗਾ ਸਿੰਘ ਢਿੱਲੋਂ) ਵਿਕਸਤ ਕੀਤਾ, ਉਸਨੂੰ ਏਜੰਟ ਬਣਾਇਆ, ਉਸਨੂੰ ਫੰਡਿਗ ਕੀਤੀ, ਉਸਦੀ ਭਾਰਤ ਵਿੱਚ ਸਪੈਸ਼ਲ ਵੀਜੇ ਤੇ ਵਿਜੇਟ ਦਾ ਪ੍ਰਬੰਧ ਕੀਤਾ।'ਦਿੱਲੀ ਵਿੱਚ ਬੈਠੇ ਇੱਕ ਬੇਵਕੂਫ ਜੁਆਇੰਟ ਸੈਕਟਰੀ ਨੇ ਮੇਰੇ ਸਾਰੇ ਹਾਰਡ ਵਰਕ ਦਾ ਭੱਠਾ ਬੈਠਾ ਦਿੱਤਾ।ਮੈਂ ਸੁਣ ਕੇ ਕਿਹਾ, ਜਾਨਣਾ ਚਾਹੇਂਗਾ ਕਿ ਉਹ ਬੇਵਕੂਫ ਸੈਕਟਰੀ ਮੈਂ ਹੀ ਸੀ, ਜਿਸਨੇ ਗੰਗਾ ਸਿੰਘ ਢਿੱਲੋਂ ਨੂੰ ਭਾਰਤ ਵਿੱਚ ਐਂਟਰ ਹੋਣ ਤੋਂ ਰੁਕਵਾਇਆ ਸੀ।ਮੇਰੀ ਗੱਲ ਸੁਣ ਕੇ ਉਹ ਭਵੱਤਰ ਗਿਆ ਤੇ ਉਸਨੂੰ ਅੱਗੋਂ ਕੋਈ ਗੱਲ ਨਾ ਆਉੜੀ...।ਫਿਰ ਕੁਝ ਚਿਰ ਲਈ ਸੰਨਾਟਾ ਜਿਹਾ ਛਾਇਆ ਰਿਹਾ ਤੇ ਉਹ ਅੱਗਿਉਂ ਕੱਚਾ ਜਿਹਾ ਹੋ ਕੇ ਬਿਨਾਂ ਕੁਝ ਬੋਲਿਆਂ, ਮੇਰੇ ਕੋਲ਼ੋਂ ਵਿਦਾ ਹੋ ਗਿਆ ...।'

ਗੁਰਦੇਵ ਸਿੰਘ ਗਰੇਵਾਲ਼ ਵਾਂਗ ਗਿਆਨੀ ਜੀ ਦੇ ਸੰਤ ਨਾਲ਼ 'ਵਿਸ਼ੇਸ਼ ਸਨੇਹ' ਦੀ ਇੱਕ ਅਹਿਮ ਗਵਾਹੀ, ਸੀਨੀਅਰ ਪੱਤਰਕਾਰ ਮਰਹੂਮ ਦਲਬੀਰ ਸਿੰਘ ਦੀ ਕਿਤਾਬ 'ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲ਼ੇ' ਦੇ ਪੰਨਾ 171 ਤੋਂ ਦਰਜ ਕਰਨੀ ਵੀ ਕੁਥਾਂਹ ਨਹੀਂ ਹੋਵੇਗੀ, ਜਿੱਥੇ ਉਹ ਲਿਖਦੇ ਹਨ: ਸੰਤ ਭਿੰਡਰਾਂਵਾਲ਼ਿਆਂ ਦੀ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਗ੍ਰਿਫਤਾਰੀ ਦੌਰਾਨ ਮੈਂ ਉਨ੍ਹਾਂ ਨੂੰ ਫਿਰੋਜ਼ਪੁਰ ਜ਼ੇਲ੍ਹ ਵਿੱਚ ਮਿਲਣ ਗਿਆ ਤਾਂ ਸੰਤਾਂ ਨੇ ਅੰਦਰੋਂ ਵੇਖ ਕੇ, ਮੈਨੂੰ ਜ਼ੋਰ ਨਾਲ਼ ਆਵਾਜ ਦੇ ਕੇ ਕਿਹਾ ਕਿ ਭੀੜ ਘਟ ਲੈਣ ਦਿਉ, ਮੈਂ ਤੁਹਾਨੂੰ ਆਪ ਅੰਦਰ ਬੁਲਾ ਲੈਂਦਾ ਹਾਂ।ਕੁਝ ਚਿਰ ਬਾਅਦ ਜਦ ਮੈਂ ਇਕੱਲਾ ਅੰਦਰ ਗਿਆ ਤਾਂ ਉਨ੍ਹਾਂ ਨਾਲ਼ ਗੱਲ ਕਰਨ ਸਮੇਂ ਸੀ. ਆਈ. ਡੀ. ਦੇ 6-7 ਬੰਦੇ ਸਾਡੇ ਉਪਰ ਨੂੰ ਝੁਕ ਗਏ।ਸੰਤਾਂ ਨਾਲ਼ ਮੇਰੀ ਕੋਈ ਖਾਸ ਗੱਲ ਨਾ ਹੋਈ।ਮੈਂ ਕੋਈ ਜਾਣਕਾਰੀ ਲਏ ਬਿਨਾਂ ਵਾਪਿਸ ਆ ਗਿਆ।ਦਫਤਰ ਆਉਂਦਿਆਂ ਹੀ ਪਤਾ ਲੱਗਾ ਕਿ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਦਾ ਵਾਰ-ਵਾਰ ਫੋਨ ਆ ਰਿਹਾ ਸੀ।ਉਹ ਕੋਈ ਜਰੂਰੀ ਗੱਲ ਕਰਨਾ ਚਾਹੁੰਦੇ ਸਨ।ਦਿੱਤੇ ਨੰਬਰ ਤੇ ਜਦੋਂ ਮੈਂ ਫੋਨ ਕੀਤਾ ਤਾਂ ਰਿਸੀਵਰ ਚੁੱਕ ਕੇ ਬੋਲੇ: 'ਦਲਬੀਰ ਤੂੰ ਅੱਜ ਫਿਰੋਜ਼ਪੁਰ ਗਿਆ ਸੀ।ਜਦੋਂ ਮੈਂ ਹਾਂ ਵਿੱਚ ਉਤਰ ਦਿੱਤਾ ਤਾਂ ਕਹਿਣ ਲੱਗੇ, 'ਕੀ ਗੱਲ ਹੋਈ?' ਮੇਰੇ ਇਹ ਕਹਿਣ 'ਤੇ ਕਿ ਤੁਹਾਡੇ ਬੰਦਿਆਂ ਨੇ ਮੇਰੀ ਕੋਈ ਗੱਲ ਨਹੀਂ ਹੋਣ ਦਿੱਤੀ ਤਾਂ ਬੋਲੇ: 'ਉਏ! ਉਹ (ਭਿੰਡਰਾਂਵਾਲ਼ਾ) ਕਿਤੇ ਉਸ ਚਵਲ਼ (ਮੁੱਖ ਮੰਤਰੀ ਦਰਬਾਰਾ ਸਿੰਘ) ਵੱਲ ਤਾਂ ਨਹੀਂ ਝੁਕ ਗਿਆ?'' ਇੱਥੇ ਇਸੇ ਕਿਤਾਬ ਦੇ ਪੰਨਾ 165-66 ਤੇ ਭਾਜੀ ਦਲਬੀਰ ਸਿੰਘ ਦੀ ਇੱਕ ਹੋਰ ਟਿੱਪਣੀ ਸ਼ੇਅਰ ਕਰਨੀ ਵੀ ਮੁੱਲਵਾਨ ਹੋਵੇਗੀ, ਜੋ ਉਨ੍ਹਾਂ ਸੱਠਵਿਆਂ ਵਿੱਚ ਸਿੱਖ ਲੀਡਰਸ਼ਿਪ ਬਾਰੇ ਕੀਤੀ ਸੀ।ਇਹ ਟਿੱਪਣੀ 1947 ਤੋਂ ਬਾਅਦ, ਪਹਿਲਾਂ ਪੰਜਾਬ ਸੂਬੇ ਲਈ ਅਤੇ ਫਿਰ ਚੰਡੀਗੜ ਲਈ ਲਾਏ ਮੋਰਚਿਆਂ ਤੇ ਮਰਨ ਵਰਤਾਂ ਦੇ ਡਰਾਮਿਆਂ ਵਿੱਚ ਸਿੱਖ ਲੀਡਰਸ਼ਿਪ ਵਲੋਂ ਨਿਭਾਏ ਰੋਲ ਬਾਰੇ ਸੀ।ਜਿਸ ਵਿੱਚ ਦਿੱਲੀ ਤੋਂ ਸਰਦਾਰ ਹੁਕਮ ਸਿੰਘ ਰਾਹੀਂ ਸੰਤ ਫਤਹਿ ਸਿੰਘ ਦਾ ਮਰਨ ਵਰਤ ਛਡਵਾਏ ਜਾਣ ਦੇ ਨਾਟਕ ਤੇ ਅਤਿਅੰਤ ਖਫਾਖੂਨ ਹੁੰਦਿਆਂ ਉਹ ਲਿਖਦੇ ਹਨ: 'ਇਨ੍ਹਾਂ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਿਚਰਣ ਨਾਲ਼ ਇੱਕ ਬਹੁਤ ਵੱਡੀ ਸਿੱਖਿਆ, ਜੋ ਮੈਂ ਹਾਸਿਲ ਕੀਤੀ, ਉਹ ਇਹ ਸੀ ਕਿ ਉਸ ਸਮੇਂ ਦੀ ਸਿੱਖ ਲਡਿਰਸ਼ਿਪ ਦਾ ਅਸਲੀ ਸਰੂਪ ਕੀ ਹੈ? ਅੱਜ ਵੀ ਮੇਰੇ ਪਾਸ ਉਹ ਡਾਇਰੀ ਮੌਜੂਦ ਹੈ, ਜਿਸ ਵਿੱਚ ਬਹੁਤੀ ਸਿੱਖ ਲੀਡਰਸ਼ਿਪ ਸਬੰਧੀ ਮੈਂ ਇਹ ਅੱਖਰ ਅੰਕਿਤ ਕੀਤੇ ਸਨ: 'ਇਹ ਲੀਡਰਸ਼ਿਪ ਗਿਆਨਹੀਣ, ਲਾਲਚੀ, ਹਉਮੈ ਮਾਰੀ, ਬੁਜ਼ਦਿਲ, ਮੂੜ੍ਹ ਤੇ ਮੱਕਾਰ ਹੈ।' ਅੱਜ ਤਾਈਂ ਵੀ ਸਿੱਖ ਲੀਡਰਸ਼ਿਪ ਸਬੰਧੀ ਇਹ ਟਿੱਪਣੀਆਂ ਵਾਪਿਸ ਲੈਣ ਜਾਂ ਸੋਧਣ ਦੀ ਮੈਨੂੰ ਲੋੜ ਨਹੀਂ ਪਈ।'
ਭਾਜੀ ਦਲਬੀਰ ਸਿੰਘ ਨੇ ਅਜਿਹੀ ਫਤਵੇਬਾਜੀ ਸਾਰੀ ਅਕਾਲੀ ਲੀਡਰਸ਼ਿਪ ਬਾਰੇ ਆਪਣੇ ਅੰਤਲੇ ਸਮੇਂ ਤੱਕ ਜਾਰੀ ਰੱਖੀ। ਅਸਲ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੀ ਕਾਮਯਾਬੀ ਦੇ ਇਤਿਹਾਸ ਤੋਂ ਬਾਅਦ ਪਿਛਲੇ 100 ਸਾਲ ਦਾ ਸਿੱਖ ਇਤਿਹਾਸ ਪੜ੍ਹਦੇ ਹਾਂ ਤਾਂ ਸਿੱਖ ਲੀਡਰਸ਼ਿਪ ਬਾਰੇ ਕੀਤੀ, ਇਹ ਟਿੱਪਣੀ ਹਰ ਜਗ੍ਹਾ ਸੱਚ ਜਾਪਦੀ ਹੈ।ਮੈਨੂੰ ਤਾਂ ਇਵੇਂ ਵੀ ਮਹਿਸੂਸ ਹੁੰਦਾ ਹੈ ਕਿ 'ਸਿੱਖ ਲੀਡਰਸ਼ਿਪ' ਦੇ ਨਾਲ਼-ਨਾਲ਼ ਇਸ ਵਿੱਚ 'ਸਿੱਖ ਵਿਦਵਾਨ' ਸ਼ਬਦ ਵੀ ਜੋੜ ਦੇਣਾ ਸ਼ਾਇਦ ਗਲਤ ਨਹੀਂ ਹੋਵੇਗਾ? ਸਿੱਖ ਲੀਡਰਸ਼ਿਪ ਬਾਰੇ ਇਸੇ ਤਰ੍ਹਾਂ ਦੀ ਨਿਰਾਸ਼ਤਾ ਸਿਰਦਾਰ ਕਪੂਰ ਸਿੰਘ, ਭਗਵਾਨ ਸਿੰਘ ਦਾਨੇਵਾਲੀਆ, ਡਾ ਸੰਗਤ ਸਿੰਘ, ਹਰਜਿੰਦਰ ਸਿੰਘ ਦਿਲਗੀਰ, ਗੁਰਦਰਸ਼ਨ ਸਿੰਘ ਢਿੱਲੋਂ ਦੀਆਂ ਕਿਤਾਬਾਂ ਵਿੱਚੋਂ ਵੀ ਸਪੱਸ਼ਟ ਮਿਲਦੀ ਹੈ।ਸਵਾਲ਼ ਸਾਡੇ ਸਭ ਲਈ ਹੈ ਕਿ ਫਿਰ ਇਸਦਾ ਹੱਲ ਕੀ ਹੈ? ਇਸ ਸਾਰੀ ਕਹਾਣੀ ਦਾ ਵਿਅੰਗਆਤਮਕ ਪਹਿਲੂ ਇਹ ਹੈ ਕਿ ਇਹ ਸਾਰੇ ਵਿਦਵਾਨ ਆਪਣੀ ਪੀੜ੍ਹੀ ਥੱਲੇ ਸੋਟਾ ਕਦੇ ਨਹੀਂ ਮਾਰਦੇ ਕਿ ਜੇ ਇਹ ਇਤਨੇ ਹੀ ਸਿਆਣੇ ਸਨ ਤਾਂ ਇਨ੍ਹਾਂ ਨੇ ਉਨ੍ਹਾਂ ਦੀ ਪੁਜ਼ੀਸ਼ਨ ਕਿਉਂ ਨਾ ਲੈ ਲਈ, ਇਹ ਇਸ ਸਾਰੇ ਦੌਰ ਵਿੱਚ ਆਪ ਕੀ ਕਰ ਰਹੇ ਸਨ? ਇਹ ਕਦੇ ਦੇਖਣ ਦਾ ਯਤਨ ਨਹੀਂ ਕਰਦੇ ਕਿ ਸਮੇਂ-ਸਮੇਂ ਸਿੱਖ ਲੀਡਰਸ਼ਿਪ ਦੀਆਂ ਕੀ-ਕੀ ਮਜਬੂਰੀਆਂ ਰਹੀਆਂ ਹੋਣਗੀਆਂ?

ਭਾਅ ਜੀ ਦਲਬੀਰ ਸਿੰਘ ਖੁਦ ਕਿਤਨੇ ਕੁ ਦੂਰ-ਅੰਦੇਸ਼ ਸਨ, ਉਨ੍ਹਾਂ ਦੀ ਇਸੇ ਕਿਤਾਬ ਦੇ ਪੰਨਾ 99 ਤੇ ਦਰਜ ਟਿੱਪਣੀ ਤੋਂ ਬੜੀ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਹੈ।ਜਦੋਂ ਉਹ ਲਿਖਦੇ ਹਨ: ਇੱਕ ਦਿਨ ਸੰਤ ਕਹਿਣ ਲੱਗੇ ਕਿ ਮੇਰੇ ਪਾਸ ਕੁਝ ਸੱਜਣ ਆਏ ਸਨ ਤੇ ਅਖ਼ਬਾਰ ਕੱਢਣ ਬਾਰੇ ਗੱਲ ਕਰ ਰਹੇ ਸਨ, ਤੂੰ ਦੱਸ ਕੀ ਕਰੀਏ? ਮੈਂ ਸੋਚਣ ਦਾ ਸਮਾਂ ਮੰਗ ਕੇ ਕੁਝ ਦਿਨ ਬਾਅਦ ਆ ਕੇ ਦੱਸਿਆ ਕਿ ਇੱਕ ਕਰੋੜ ਨਾਲ਼ ਅਖਬਾਰ ਕੱਢੀ ਜਾ ਸਕਦੀ ਹੈ? ਅਗਲੇ ਹਫਤੇ ਕਹਿੰਦੇ ਕਿ ਅਖ਼ਬਾਰ ਬਾਰੇ ਕੀ ਸੋਚਿਆ ਤਾਂ ਮੈਂ ਉਲਝਨ ਵਿੱਚ ਕਿਹਾ ਕਿ ਜੇ ਅਖ਼ਬਾਰ ਵਿੱਚ ਸਿਖਰਵਾਂ ਸੱਚ ਨਾ ਲਿਖਿਆ ਤਾਂ ਤੁਸੀਂ ਬੁਰਾ ਮਨਾਉਗੇ ਅਤੇ ਜੇ ਲਿਖਿਆ ਤਾਂ ਸਰਕਾਰ ਅਖ਼ਬਾਰ ਨੂੰ ਤਾਲੇ ਲਗਾ ਦੇਵੇਗੀ। ਸੰਤ ਬੋਲੇ: 'ਛੱਡ ਖਹਿੜਾ, ਅਖ਼ਬਾਰ ਦਾ।ਇੱਕ ਸਟੇਨਗੰਨ 8 ਹਜ਼ਾਰ ਦੀ ਆਉਂਦੀ ਆ ਤੇ ਇੱਕ ਕਰੋੜ ਦੀਆਂ ਕਿੰਨੀਆਂ ਆਈਆਂ? ਦਿਹਾੜੀ ਦਾ ਇੱਕ ਮੈਗਜ਼ੀਨ ਖਾਲੀ ਕਰਨ ਤਾਂ ਸਾਰੀ ਦੁਨੀਆਂ ਦੇ ਰੇਡੀਉ, ਅਖ਼ਬਾਰਾਂ ਤੇ ਟੈਲੀਵਿਯਨ ਬੋਲਦੇ ਹਨ।ਇੱਕ ਅਖਬਾਰ ਨਾਲ਼ ਇਤਨਾ ਪ੍ਰਚਾਰ ਨਹੀਂ ਹੋ ਸਕਦਾ, ਜਿਤਨਾ ਗੰਨ ਨਾਲ...। ਗੱਲ ਇਥੇ ਹੀ ਮੁੱਕ ਗਈ?' ...ਇਹ ਗੱਲਬਾਤ ਕਿਸੇ ਜੰਗੀ ਕਿਲ੍ਹੇ ਵਿੱਚ ਨਹੀਂ, ਬਲਕਿ ਦਰਬਾਰ ਸਾਹਿਬ ਦੇ ਵਿਹੜੇ ਵਿੱਚ ਹੋ ਰਹੀ ਸੀ। ਭਾਅ ਜੀ ਦਲਬੀਰ ਸਿੰਘ ਸੰਤਾਂ ਦੀ ਅਦੁੱਤੀ ਯੁੱਧ ਕਲਾ ਤੋਂ ਕਿਵੇਂ ਵਾਰੇ-ਵਾਰੇ ਜਾ ਰਹੇ ਸਨ, ਉਨ੍ਹਾਂ ਦੀ ਲਿਖਤ ਦੇ ਅੰਦਾਜ ਤੋਂ ਹੀ ਸਪੱਸ਼ਟ ਹੋ ਰਿਹਾ ਹੈ।ਅੱਜ-ਕੱਲ੍ਹ ਸੰਤਾਂ ਦੀ ਇਸੇ ਤਰ੍ਹਾਂ ਦੀ ਬਿੰਬ ਉਸਾਰੀ ਦਾ ਬੀੜਾ ਭਾਅ ਜੀ ਤੋਂ ਵੀ ਵੱਧ ਜ਼ੋਰ-ਸ਼ੋਰ ਨਾਲ਼ ਸਿੱਖ ਚਿੰਤਕ ਅਜਮੇਰ ਸਿੰਘ ਨੇ ਚੁੱਕਿਆ ਹੋਇਆ ਹੈ।

ਖਾਲਿਸਤਾਨ ਦੀ ਸਾਜ਼ਿਸ਼ ਬਾਰੇ ਜੋ ਖੁਫੀਆ ਜਾਣਕਾਰੀ ਜੀ ਬੀ ਐਸ ਸਿੱਧੂ ਦੀ ਕਿਤਾਬ ਵਿੱਚੋਂ ਮਿਲ਼ ਰਹੀ ਹੈ, ਖਾਲਿਸਤਾਨ ਬਾਰੇ ਕੁਝ ਇਸੇ ਤਰ੍ਹਾਂ ਦੇ ਵਿਚਾਰ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਦੇ ਟਕਸਾਲੀ ਵਾਰਿਸ ਸਿੱਖ ਵਿਦਵਾਨ ਤੇ ਸੰਤਾਂ ਦੇ ਪ੍ਰਸ਼ੰਸਕ ਗੁਰਤੇਜ ਸਿੰਘ ਹੋਰਾਂ ਪਿਛਲੇ ਦਿਨੀਂ ਆਪਣੀ ਫੇਸਬੁੱਕ ਪੋਸਟ ਰਾਹੀਂ ਇਸ ਤਰ੍ਹਾਂ ਸਾਂਝੇ ਕੀਤੇ ਹਨ: 'ਖਾਲਿਸਤਾਨ ਪਹਿਲੇ ਦਿਨ ਤੋਂ ਹੀ ਗ਼ੈਰ-ਸਿੱਖਾਂ ਦੀ ਸਿੱਖਾਂ ਵਿਰੁੱਧ ਵਰਤਣ ਲਈ ਘੜੀ ਗਈ ਘਾੜਤ ਸੀ।ਇਸ ਦੀਆਂ ਜੜ੍ਹਾਂ 1945 ਤੱਕ ਕਾਂਗਰਸ ਪਾਰਟੀ ਦੇ ਦਸਤਾਵੇਜਾਂ ਅਤੇ ਮਹਾਸ਼ਾ ਅਖ਼ਬਾਰਾਂ ਦੇ ਨੀਤੀ-ਲੇਖਾਂ ਤੱਕ ਪਹੁੰਚਦੀਆਂ ਹਨ।ਸਿੱਖਾਂ-ਮੁਸਲਮਾਨਾਂ ਦੇ ਆਪਸੀ ਡੂੰਘੇ ਵੈਰ ਪਵਾ ਕੇ ਪੰਜਾਬ ਦੀ ਵੰਡ ਨੂੰ ਯਕੀਨੀ ਬਣਉਣ ਲਈ, ਇਸਨੂੰ 1947 ਤੋਂ ਪਹਿਲਾਂ ਵਰਤਿਆ ਜਾ ਚੁੱਕਾ ਸੀ।ਉਸ ਤੋਂ ਬਾਅਦ ਇਹ ਸਿੱਖਾਂ ਅਤੇ ਪੰਜਾਬ ਨੂੰ ਬਣਦੇ ਹੱਕਾਂ ਤੋਂ ਵਾਂਝੇ ਰੱਖਣ ਲਈ ਉਸੇ ਤਰ੍ਹਾਂ ਵਰਤਿਆ ਗਿਆ ਸੀ, ਜਿਵੇਂ ਪਾਕਿਸਤਾਨ ਦੇ ਸੰਕਲਪ ਨੂੰ ਮੁਸਲਮਾਨਾਂ ਨੂੰ ਹਿੰਦ ਵਿੱਚ ਥਾਂ ਸਿਰ ਰੱਖਣ ਲਈ ਵਰਤਿਆ ਗਿਆ ਸੀ। 1948 ਤੋਂ ਬਾਅਦ ਸਿੱਖਾਂ ਦੇ ਅਥਾਹ ਰੋਸ ਨੂੰ ਕੁਰਾਹੇ ਪਾਉਣ ਲਈ ਫਿਰ ਇਹੀ ਖਾਲਿਸਤਾਨ ਦਾ ਲਫ਼ਜ਼ ਵਰਤਿਆ ਗਿਆ।ਜੂਨ 84 ਵਿੱਚ ਦੋ ਪੱਤਰਕਾਰ ਪੇਸ਼ ਕੀਤੇ ਗਏ, ਜਿਨ੍ਹਾਂ ਸੰਤ ਭਿੰਡਰਾਂਵਾਲ਼ਿਆਂ ਨੂੰ ਆਖਿਰ ਵਿੱਚ ਮਿਲਣ ਦਾ ਝੂਠਾ ਦਾਅਵਾ ਕੀਤਾ ਅਤੇ ਸੰਤਾਂ ਦੇ ਇਸ ਸਬੰਧੀ ਆਪੇ ਘੜੇ ਬਿਆਨ ਜਾਰੀ ਕੀਤੇ।ਕੁਝ ਸਮੇਂ ਬਾਅਦ ਸੰਤ ਦੀ ਇਸ ਸਬੰਧੀ ਗੁੱਸੇ ਵਿੱਚ ਕੀਤੀ ਇੱਕ ਛੋਟੀ ਜਿਹੀ ਟਿੱਪਣੀ ਲੱਭ ਗਈ ਅਤੇ ਇਸਨੂੰ ਕੌਮੀ ਰਾਜਨੀਤੀ ਦੇ ਧੁਰੇ ਦਾ ਦਰਜਾ ਦੇ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਜੇ ਦਰਬਾਰ ਸਾਹਿਬ ਤੇ ਫੌਜ ਨੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਝੰਬੀ ਸਿੱਖ ਮਾਨਸਕਿਤਾ ਦੇ ਮੁੱਢਲੇ ਖਾੜਕੂ ਆਗੂਆਂ ਨੇ ਖਾਲਿਸਤਾਨ ਦੇ 'ਨਾਹਰੇ' ਨੂੰ ਸੁੱਤੇ ਸਿੱਧ, ਸੱਚੇ ਮਨ ਨਾਲ਼ ਗਲਵਕੜੀ ਪਾ ਲਈ।ਉਹ ਗੁਰਸਿੱਖੀ ਦੀ ਰੀਤ ਅਨੁਸਾਰ ਸਿਰ ਤਲੀ ਤੇ ਰੱਖ ਕੇ ਜੂਝ ਗਏ।ਇਸ ਰੀਤ ਨੂੰ ਗਾਡੀ ਰਾਹ ਬਣਨ ਤੋਂ ਰੋਕਣ ਦਾ ਇੰਤਜਾਮ ਪਹਿਲਾਂ ਹੀ ਹੋ ਚੁੱਕਾ ਸੀ।ਸਿੱਖਾਂ ਵਿਰੁੱਧ ਨਫਰਤ ਭਰਿਆ, ਹਿੰਦੂਆਂ ਨੂੰ ਡਰਾਉਣ ਵਾਲ਼ਾ, ਦੁਸ਼-ਪ੍ਰਚਾਰ, ਇਸਦਾ ਇੱਕ ਮੁੱਖ ਅੰਗ ਸੀ।ਖਾੜਕੂ ਭੇਸ ਵਿੱਚ ਪੁਲਿਸ ਮੁਖਬਰ, ਜਮੀਨ-ਦੋਜ਼ ਪੁਲਿਸ ਧਾੜਾਂ ਅਤੇ ਵਿਦੇਸ਼ਾਂ ਵਿੱਚ ਮਰਨ-ਮਾਰਨ ਨੂੰ ਤੂਲ ਦੇਣ ਵਾਲ਼ੇ ਸਰਕਾਰ ਦੇ ਹਾਮੀ ਵੱਡੀ ਗਿਣਤੀ ਵਿੱਚ ਭਰਤੀ ਕੀਤੇ ਗਏ ਸਨ।ਮਣਾਂ-ਮੂੰਹੀਂ ਧਨ ਲੁਟਾਇਆ ਗਿਆ।ਇਸ ਹਰਚੰਦਿਓਰੀ ਦਾ ਆਖਰੀ ਨਿਸ਼ਾਨਾ ਸੀ, ਸਿੱਖ-ਵਿਰੋਧੀ ਅਨਸਰਾਂ ਨੂੰ ਖਾੜਕੂ ਪ੍ਰਚਾਰ ਕੇ, ਗ਼ੈਰ-ਰਸਮੀ ਸਿੱਖ ਸਿਆਸਤ ਉਤੇ ਕਾਬਜ਼ ਕਰਵਾ ਕੇ, ਸਰਕਾਰੀ ਮੰਤਵ ਹੱਲ ਕਰਨਾ।' ਕੁਝ ਇਸੇ ਤਰ੍ਹਾਂ ਦੇ ਵਿਚਾਰ ਸਿਰਦਾਰ ਕਪੂਰ ਸਿੰਘ ਨੇ ਵੀ ਆਪਣੀ ਕਿਤਾਬ 'ਸਾਚੀ ਸਾਖੀ' ਵਿੱਚ ਪ੍ਰਗਟ ਕੀਤੇ ਸਨ ਅਤੇ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਕਰਨ ਵਾਲ਼ੇ ਲੀਡਰਾਂ ਨੂੰ 'ਗਧੇ' ਤੱਕ ਲਿਖਿਆ ਸੀ।ਜੇ ਸਿੱਖ ਕੌਮ ਦੇ ਇਨ੍ਹਾਂ ਸਿਰਮੌਰ ਵਿਦਵਾਨਾਂ ਦੀ ਗੱਲ ਮੰਨੀਏ ਤਾਂ ਜੀ ਬੀ ਐਸ ਸਿੱਧੂ ਦੀ ਕਿਤਾਬ ਦਾ ਥੀਸਿਸ ਠੀਕ ਹੀ ਲਗਦਾ ਹੈ ਕਿ ਖਾਲਿਸਤਾਨ ਦੀ ਮੰਗ ਸਿੱਖਾਂ ਖਿਲਾਫ ਘੜੀ ਗਈ ਇੱਕ ਸਾਜ਼ਿਸ਼ ਸੀ।

ਜੋ ਟਿੱਪਣੀਆਂ ਦਲਬੀਰ ਸਿੰਘ ਜੀ, ਰਵਾਇਤੀ ਸਿੱਖ ਲੀਡਰਸ਼ਿਪ ਬਾਰੇ ਕਰਦੇ ਹਨ, ਅਜਿਹੀਆਂ ਹੀ ਟਿੱਪਣੀਆਂ ਉਹ ਭਾਈ ਮੋਹਕਮ ਸਿੰਘ, ਬਾਬਾ ਜੋਗਿੰਦਰ ਸਿੰਘ, ਸਿਮਰਨਜੀਤ ਮਾਨ, ਜਸਵੀਰ ਸਿੰਘ ਰੋਡੇ, ਬਾਬਾ ਠਾਕੁਰ ਸਿੰਘ, ਡਾ. ਸੋਹਣ ਸਿੰਘ ਆਦਿ ਗਰਮ ਖਿਆਲੀ ਲੀਡਰਾਂ ਬਾਰੇ ਵੀ ਕਰਦੇ ਸਨ, ਪਰ ਨਾਲ਼ ਹੀ ਉਸ ਸਾਰੇ ਦੌਰ ਵਿੱਚ ਉਨ੍ਹਾਂ ਦੇ ਸਲਾਹਕਾਰ ਵੀ ਬਣੇ ਰਹੇ।ਭਾਅ ਜੀ ਦਲਬੀਰ ਸਿੰਘ ਆਪਣੇ ਆਪ ਨੂੰ ਸੰਤ ਦਾ ਸਭ ਤੋਂ ਸੂਝਵਾਨ ਸਲਾਹਕਾਰ ਹੋਣ ਦਾ ਦਾਅਵਾ ਕਰਦੇ ਹਨ, ਜੋ ਤੱਥ ਸਾਹਮਣੇ ਆ ਰਹੇ ਹਨ, ਉਨ੍ਹਾਂ ਅਨੁਸਾਰ ਸੰਤ ਵੀ ਉਨ੍ਹਾਂ ਦੀ ਸਲਾਹ ਮੰਨਦੇ ਸਨ, ਪਰ ਹੈਰਾਨੀ ਹੁੰਦੀ ਹੈ ਕਿ ਢਿੱਲਵਾਂ ਕਾਂਡ (ਜਿਸ ਵਿੱਚ ਖਾੜਕੂਆਂ ਨੇ 6 ਹਿੰਦੂ ਬੱਸ ਵਿੱਚੋਂ ਲਾਹ ਕੇ ਮਾਰਤੇ ਸਨ) ਸਮੇਂ ਜਦੋਂ ਉਨ੍ਹਾਂ ਤੋਂ ਸੰਤ ਨੇ ਪੁਛਿਆ ਕਿ ਹੁਣ ਕੀ ਪੈਂਤੜਾ ਲਈਏ ਤਾਂ ਉਹ ਆਪਣੀ ਕਿਤਾਬ ਵਿੱਚ ਲਿਖਦੇ ਹਨ: ਅਸੀਂ ਕਦੋਂ ਦੀ ਦਰਬਾਰਾ ਸਿੰਘ ਸਰਕਾਰ ਡੇਗਣਾ ਚਾਹੁੰਦੇ ਸੀ, ਹੁਣ ਹਿੰਦੂਆਂ ਦੇ ਇੱਕ ਚੂੰਡੀ ਵੱਢੀ ਤਾਂ ਸਰਕਾਰ ਮਿੰਟਾਂ ਵਿੱਚ ਭੰਗ ਹੋ ਗਈ, ਸਾਨੂੰ ਕੁਝ ਕਹਿਣ ਦੀ ਕੀ ਲੋੜ ਹੈ? ਭਾਅ ਜੀ ਦਲਬੀਰ ਸਿੰਘ ਵਲੋਂ ਉਚੇਚੇ ਤੌਰ ਤੇ ਬਠਿੰਡੇ ਤੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚ ਕੇ ਸੰਤਾਂ ਨੂੰ ਦਿੱਤੀ ਅਜਿਹੀ ਰਾਏ ਕਿਨੀ ਕੁ ਠੀਕ ਸੀ? ਸ਼ਾਂਤਮਈ ਧਰਮ ਯੁੱਧ ਮੋਰਚੇ ਦੇ ਉਸ ਮੋੜ ਤੇ ਇੱਕ ਧੁਨੰਤਰ ਵਿਦਵਾਨ ਵਲੋਂ ਬੇਗੁਨਾਹ ਹਿੰਦੂਆਂ ਦੇ ਕਤਲਾਂ ਤੇ ਅਜਿਹੀ ਤਸੱਲੀ ਪ੍ਰਗਟਾਉਣੀ ਕਿਤਨੀ ਕੁ ਦੂਰਦਰਸ਼ੀ ਸੀ? ਫਿਰ ਇਸੇ ਕਿਤਾਬ ਅਨੁਸਾਰ ਜੂਨ, 84 ਦੇ ਹਮਲੇ ਤੋਂ ਦੋ-ਚਾਰ ਦਿਨ ਪਹਿਲਾਂ ਸੰਤ ਜੀ ਨੇ ਉਨ੍ਹਾਂ ਤੋਂ ਸਲਾਹ ਮੰਗੀ, ਜਿਸ ਵਕਤ ਉਹ ਆਪਣੇ ਜੁਝਾਰੂਆਂ ਨੂੰ ਅਕਾਲ ਤਖਤ ਦੀ ਉਪਰਲੀ ਮੰਜ਼ਲ ਤੇ ਹਥਿਆਰ ਵੰਡ ਰਹੇ ਸਨ ਤਾਂ ਕੀ ਇਸ ਸੋਝੀਵਾਨ ਵਿਦਵਾਨ ਵਲੋਂ ਉਨ੍ਹਾਂ ਨੂੰ ਅਗਾਮੀ ਖੂਨੀ ਸਾਕੇ ਨੂੰ ਸੱਦਾ ਦੇਣ ਤੋਂ ਬਚਾਇਆ ਨਹੀਂ ਜਾ ਸਕਦਾ ਸੀ? ਉਦੋਂ ਉਨ੍ਹਾਂ ਦੀ ਮੂਕ ਸਹਿਮਤੀ ਕਿਤਨੀ ਕੁ ਜ਼ਾਇਜ ਸੀ? ਜੇ ਸੰਤ ਤੇ ਉਸਦੇ ਸਾਥੀਆਂ ਨੇ ਫੌਜ ਅੱਗੇ ਸਮਰਪਣ ਨਾ ਕਰਕੇ, ਸਿਰਫ 'ਸ਼ਹੀਦੀ' ਹੀ ਪਾਉਣੀ ਸੀ ਤਾਂ ਕੀ ਸਾਡੇ ਇਨ੍ਹਾਂ ਸਤਿਕਾਰਯੋਗ ਵਿਦਵਾਨਾਂ ਵਲੋਂ ਉਨ੍ਹਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਨਿਕਲ਼ ਕੇ ਅਜਿਹਾ 'ਕੌਤਕ' ਕਰਨ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ ਸੀ? ਸ਼ਾਇਦ ਨਹੀਂ ਕਿਉਂਕਿ ਸਿੱਖ ਚਿੰਤਕ ਅਜਮੇਰ ਸਿੰਘ ਤਾਂ ਆਪਣੇ ਪ੍ਰਵਚਨਾਂ ਵਿੱਚ ਮੂੰਹੋਂ ਮੂੰਹ ਕਹੀ ਜਾਂਦਾ ਹੈ ਕਿ ਮਹਿਤੇ ਜਾਂ ਬਾਹਰ ਹੋਰ ਕਿਸੇ ਜਗ੍ਹਾ ਸੰਤ ਤੇ ਸਾਥੀਆਂ ਦੀ ਸ਼ਹੀਦੀ ਹੁੰਦੀ ਤਾਂ ਉਹ ਮੁੱਲ ਨਹੀਂ ਪੈਣਾ ਸੀ, ਜੋ ਦਰਬਾਰ ਸਾਹਿਬ ਦੀ ਰਾਖੀ ਲਈ ਪਾਈਆਂ ਸ਼ਹੀਦੀਆਂ ਦੇ ਨਾਮ ਤੇ ਪੈ ਰਿਹਾ ਹੈ?

ਸਿਰਫ ਜੀ. ਬੀ. ਐਸ ਸਿੱਧੂ, ਡਾ. ਸੰਗਤ ਸਿੰਘ, ਗੁਰਦੇਵ ਸਿੰਘ ਗਰੇਵਾਲ਼, ਭਗਵਾਨ ਸਿੰਘ ਦਾਨੇਵਾਲ਼ੀਆ, ਐਮ. ਕੇ. ਧਰ ਅਤੇ ਹੋਰ ਅਨੇਕਾਂ ਲੇਖਕਾਂ ਦੀਆਂ ਕਿਤਾਬਾਂ ਹੀ ਇਹ ਨਹੀਂ ਕਹਿ ਰਹੀਆਂ ਕਿ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ, ਸੰਜੇ ਗਾਂਧੀ ਆਦਿ ਨੇ ਕਿਵੇਂ ਆਪਣੇ ਸੌੜੇ ਸਿਆਸੀ ਤੇ ਫਿਰਕੂ ਹਿੱਤਾਂ ਲਈ ਸਿੱਧੇ-ਅਸਿੱਧੇ ਢੰਗਾਂ ਨਾਲ਼ ਸਿੱਖਾਂ ਵਿਚਲੇ ਗਰਮ-ਖਿਆਲੀ ਖਾੜਕੂ ਧੜਿਆਂ ਨੂੰ ਉਭਾਰਿਆ ਗਿਆ ਤੇ ਹਾਲਾਤ ਜੂਨ 84 ਤੱਕ ਪਹੁੰਚਣ ਦਿੱਤੇ ਗਏ, ਸਗੋਂ ਖਾਲਿਸਤਾਨੀ ਧਿਰਾਂ ਦੇ ਵਾਹਿਦ ਸਿਧਾਂਤਕਾਰ ਭਾਈ ਅਜਮੇਰ ਸਿੰਘ ਜੀ ਵੀ ਆਪਣੀ ਕਿਤਾਬ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ: ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ' ਦੇ ਪੰਨਾ 385 ਤੇ ਇਹ ਲਿਖਦਿਆਂ ਉਪਰਲੇ ਵਿਦਵਾਨਾਂ ਦੇ ਦਾਅਵਿਆਂ ਦੀ ਤਾਈਦ ਹੀ ਕਰ ਰਹੇ ਹਨ: 'ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੱਖ ਸੰਘਰਸ਼ ਅੰਦਰਲੀ ਗਰਮ-ਖਿਆਲੀ ਧਾਰਾ ਨੂੰ ਇੱਕ ਖਾਸ ਹੱਦ ਤੱਕ ਤਕੜਾਈ ਹਾਸਿਲ ਕਰ ਲੈਣ ਦੀ ਸੰਕੋਚਵੀਂ ਛੋਟ ਦੇਈ ਰੱਖਣੀ ਇੰਦਰਾ ਗਾਂਧੀ ਦੇ ਫ਼ਿਰਕੂ ਮਨੋਰਥਾਂ ਦੇ ਪੂਰੀ ਤਰ੍ਹਾਂ ਸੂਤ ਬਹਿੰਦੀ ਸੀ।ਖਾੜਕੂ ਹਥਿਆਰਬੰਦ ਕਾਰਵਾਈਆਂ ਨਾਲੋਂ ਵੀ ਵਧ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਦੇ ਗਰਮਾਇਸ਼ ਉਪਜਾਉਂਦੇ ਬਿਆਨ ਅਤੇ ਭਾਸ਼ਣ ਹਿੰਦੂ ਜਨਤਾ ਦੇ ਮਨਾਂ ਉਤੇ ਠੀਕ ਉਹੋ ਜਿਹਾ ਹੀ ਅਸਰ ਛੱਡ ਰਹੇ ਸਨ, ਜਿਸਦੀ ਇੰਦਰਾ ਗਾਂਧੀ ਨੂੰ ਲੋੜ ਸੀ।'
ਇੱਥੇ ਵੱਖ-ਵੱਖ ਕਿਤਾਬਾਂ ਵਿਚਲੇ ਉਪਰਲੇ ਸਾਰੇ ਬਿਰਤਾਂਤ ਤੇ ਤੱਥ ਪਾਠਕਾਂ ਦੀ ਕਚਹਿਰੀ ਵਿੱਚ ਰੱਖਣ ਦਾ ਸਾਡਾ ਮਕਸਦ ਨਾ ਤੇ ਸੰਤ ਭਿੰਡਰਾਂਵਾਲ਼ੇ ਤੇ ਉਸਦੇ ਖਾੜਕੂ ਸਾਥੀਆਂ ਨੂੰ ਕਾਂਗਰਸ ਦੇ ਏਜੰਟ ਸਾਬਿਤ ਕਰਨਾ ਹੈ ਅਤੇ ਨਾ ਹੀ ਸਾਡਾ ਉਨ੍ਹਾਂ ਧਿਰਾਂ ਨਾਲ਼ ਇਹ ਇਤਰਾਜ਼ ਹੈ ਕਿ ਉਹ ਸੰਤ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਕਿਉਂ ਮੰਨਦੇ ਹਨ? ਇਹ ਸਵਾਲ ਤਾਂ ਅਸੀਂ ਪਾਠਕਾਂ ਤੇ ਹੀ ਛੱਡਦੇ ਹਾਂ ਕਿ ਉਹ ਆਪਣੀ ਸਮਝ ਅਨੁਸਾਰ ਫੈਸਲਾ ਕਰਨ? ਪਰ ਸਾਡਾ ਸਵਾਲ ਇਹ ਹੈ ਕਿ ਜਦੋਂ ਮੌਕੇ ਦੀਆਂ ਹਕੂਮਤਾਂ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਨਾ ਸਿਰਫ ਸਾਡੇ ਲੀਡਰਾਂ ਨੂੰ ਵਰਤ ਰਹੀਆਂ ਸਨ, ਸਗੋਂ ਪੰਜਾਬ ਨੂੰ ਇੱਕ ਭਿਆਨਕ ਸੰਕਟ ਵੱਲ ਧਕੇਲ ਰਹੀਆਂ ਸਨ ਤਾਂ ਗਿਆਨੀ ਜ਼ੈਲ ਸਿੰਘ, ਡਾ. ਜਗਜੀਤ ਸਿੰਘ ਚੌਹਾਨ, ਗੰਗਾ ਸਿੰਘ ਢਿੱਲੋਂ, ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੌਹੜਾ, ਸੁਖਜਿੰਦਰ ਸਿੰਘ ਤੇ ਉਨ੍ਹਾਂ ਤੋਂ ਬਾਅਦ ਡਾ. ਸੋਹਣ ਸਿੰਘ (ਪੰਥਕ ਕਮੇਟੀ) ਤੇ ਹੋਰ ਖਾੜਕੂ ਲੀਡਰ ਤੇ ਵਿਦਵਾਨ ਕਰ ਕੀ ਰਹੇ ਸਨ? ਕੀ ਇਹ ਸਭ ਇਤਨੇ ਨਾਦਾਨ ਸਨ ਕਿ ਇਨ੍ਹਾਂ ਨੂੰ ਕੁਝ ਦਿਸ ਨਹੀਂ ਰਿਹਾ ਸੀ? ਇਸ ਆਰਟੀਕਲ ਵਿੱਚ ਵੱਖ-ਵੱਖ ਕਿਤਾਬਾਂ ਦੇ ਹਵਾਲੇ ਸਾਡੇ ਸੋਚਣ ਲਈ ਅਨੇਕਾਂ ਸਵਾਲ ਖੜੇ ਕਰ ਰਹੇ ਹਨ? ਸਾਡੇ ਵਿਦਵਾਨ ਇਹ ਰਾਗ ਤਾਂ ਵਾਰ-ਵਾਰ ਅਲਾਪ ਰਹੇ ਹਨ ਕਿ 'ਸ਼ੇਰਾਂ ਦੀ ਕੌਮ ਨੂੰ ਹਮੇਸ਼ਾਂ ਗਧੇ ਲੀਡਰਾਂ ਨੇ ਮਰਵਾਇਆ ਹੈ', ਪਰ ਅਜਿਹੇ ਇਲਜ਼ਾਮਾਂ ਨਾਲ਼ ਅਸੀਂ ਕਦੋਂ ਤੱਕ ਆਪਣੇ ਆਪ ਨੂੰ ਧਰਵਾਸ ਦਿੰਦੇ ਰਹਾਂਗੇ ਜਾਂ ਆਉਣ ਵਾਲ਼ੀਆਂ ਸਿੱਖ ਨਸਲਾਂ ਨੂੰ ਗੁੰਮਰਾਹ ਕਰਦੇ ਰਹਾਂਗੇ? ਸਾਡੀ ਕੌਮ ਦੇ ਵਾਰਿਸ ਕਦੋਂ ਸਪੱਸ਼ਟ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਭਾਰਤ ਵਿੱਚ 'ਵੱਖਰਾ ਸਿੱਖ ਖਿੱਤਾ ਲੈਣਾ ਹੈ', 'ਖੁਦਮੁਖਤਿਆਰ ਸਿੱਖ ਸਟੇਟ ਲੈਣੀ ਹੈ', 'ਵੱਖਰਾ ਸਿੱਖ ਦੇਸ਼ ਲੈਣਾ ਹੈ' 'ਰਾਜਾਂ ਲਈ ਵੱਧ ਅਧਿਕਾਰਾਂ ਵਾਲ਼ਾ ਸੂਬਾ ਲੇਣਾ ਹੈ', 'ਪੰਜਾਬੀ ਬੋਲੀ ਅਧਾਰਿਤ ਵੱਖਰਾ ਸੂਬਾ ਲੈਣਾ ਹੈ' ਜਾਂ ਮੌਜੂਦਾ ਭਾਰਤ ਵਿੱਚ ਬਾਕੀ ਲੋਕਾਂ ਵਾਂਗ ਭਾਰਤੀ ਸ਼ਹਿਰੀ ਬਣ ਕੇ ਰਹਿਣਾ ਹੈ? ਸਿੱਖ ਲੀਡਰਸ਼ਿਪ ਦੀ ਇਹੀ ਦੁਬਿਧਾ 47 ਤੋਂ ਪਹਿਲਾਂ ਸੀ? ਇਹੀ ਦੁਬਿਧਾ 47 ਤੋਂ ਬਾਅਦ ਪੰਜਾਬੀ ਸੂਬਾ ਮੋਰਚੇ ਦੌਰਾਨ ਸੀ? ਤੇ ਇਹੀ ਦੁਬਿਧਾ 'ਧਰਮ ਯੁੱਧ ਮੋਰਚੇ' ਮੌਕੇ ਸੀ ਤੇ ਇਹੀ ਹੁਣ ਹੈ? ਸੰਤ ਭਿੰਡਰਾਂਵਾਲ਼ਾ ਵੀ ਇਸੇ ਦੁਬਿਧਾ ਦਾ ਸ਼ਿਕਾਰ ਸੀ, ਇਸੇ ਕਰਕੇ ਉਸਨੇ ਆਪਣੇ ਜੀਵਨ ਵਿੱਚ ਕਦੇ ਵੀ ਸਪੱਸ਼ਟ ਰੂਪ ਵਿੱਚ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਸਿਰਫ ਇਹੀ ਕਿਹਾ ਕਿ ਸਾਡਾ ਨਿਸ਼ਾਨਾ ਅਨੰਦਪੁਰ ਦਾ ਮਤਾ ਹੈ, ਪਰ ਜੇ ਸਰਕਾਰ ਖਾਲਿਸਤਾਨ ਦੇਵੇਗੀ ਤਾਂ ਨਾਂਹ ਨਹੀਂ ਕਰਾਂਗੇ? ਸਿਰਦਾਰ ਕਪੂਰ ਸਿੰਘ, ਹਰਿੰਦਰ ਸਿੰਘ ਮਹਿਬੂਬ, ਡਾ. ਗੁਰਭਗਤ ਸਿੰਘ, ਜਸਵੰਤ ਸਿੰਘ ਕੰਵਲ ਤੋਂ ਲੈ ਕੇ ਸਿੱਖ ਵਿਦਵਾਨਾਂ ਦੀ ਲੰਬੀ ਲਿਸਟ ਹੈ, ਜੋ ਅਜਿਹੀ ਦੁਬਿਧਾ ਦਾ ਸ਼ਿਕਾਰ ਸਨ ਤੇ ਹਨ? ਅਜਮੇਰ ਸਿੰਘ ਵਰਗੇ ਵਿਦਵਾਨ ਯਹੂਦੀਆਂ ਵਾਂਗ ਇਜ਼ਰਾਈਲ ਦੀ ਤਰਜ ਤੇ ਵੱਖਰੇ ਦੇਸ਼ ਦੀ ਵਕਾਲਤ ਤਾਂ ਕਰਦੇ ਹਨ, ਪਰ ਕਦੇ ਇਹ ਨਹੀਂ ਦੱਸਦੇ ਕਿ ਯਹੂਦੀਆਂ ਤੇ ਸਿੱਖਾਂ ਦੇ ਹਾਲਾਤਾਂ ਵਿੱਚ ਜਮੀਨ-ਅਸਮਾਨ ਦਾ ਫਰਕ ਹੈ ਅਤੇ ਇਜ਼ਰਾਈਲ ਕਿਨ੍ਹਾਂ ਹਾਲਾਤਾਂ ਵਿੱਚ ਬਣਿਆ ਸੀ? ਨਾ ਹੀ ਕਦੇ ਇਹ ਦੱਸਦੇ ਹਨ ਕਿ ਇਜ਼ਰਾਈਲ ਬਣਨ ਨਾਲ਼ ਮਿਡਲ ਈਸਟ ਵਿੱਚ ਪਿਛਲੇ 70 ਸਾਲ ਤੋਂ ਹੋ ਰਹੀ ਕਤਲੋ-ਗਾਰਤ ਲਈ ਕੌਣ ਜ਼ਿਮੇਵਾਰ ਹੈ? ਨਾ ਹੀ ਇਹ ਲੋਕ ਕਦੇ ਸਪੱਸ਼ਟ ਕਰ ਸਕੇ ਹਨ ਕਿ ਪੰਜਾਬ ਵਿੱਚ ਸਿੱਖਾਂ ਤੋਂ ਇਲਾਵਾ ਹਿੰਦੂਆਂ, ਦਲਿਤਾਂ, ਰਾਮਗੜ੍ਹੀਆਂ, ਅਰੋੜੇ/ਖੱਤਰੀ ਸਿੱਖਾਂ, ਨਾਮਧਾਰੀਆਂ, ਰਾਧਾ ਸਵਾਮੀਆਂ ਆਦਿ ਨੂੰ ਨਾਲ਼ ਕਿਵੇਂ ਲਿਆ ਜਾਵੇ, ਉਨ੍ਹਾਂ ਦੇ ਤੁਹਾਡੇ ਵਲੋਂ ਪ੍ਰਸਤਾਵਿਤ ਵੱਖਰੇ ਦੇਸ਼ ਬਾਰੇ ਖਦਸ਼ੇ ਕਿਵੇਂ ਦੂਰ ਹੋਣ ਤੇ ਉਨ੍ਹਾਂ ਦਾ ਉਸ 'ਕਲਪਿਤ' ਦੇਸ਼ ਵਿੱਚ ਸਟੈਟਸ ਕੀ ਹੋਵੇਗਾ? ਕੀ ਕਿਤੇ ਉਨ੍ਹਾਂ ਨਾਲ਼ ਉਹੀ ਤਾਂ ਨਹੀਂ ਹੋਵੇਗੀ, ਜੋ ਪਾਕਿਸਤਾਨ ਵਿੱਚ ਅਹਿਮਦੀਆਂ, ਬਲੋਚੀਆਂ, ਸੂਫੀਆਂ, ਸ਼ੀਆ ਮੁਸਲਮਾਨਾਂ ਨਾਲ਼ ਹੋ ਰਹੀ ਹੈ? ਜਾਂ ਬੋਧੀ ਦੇਸ਼ ਮੀਆਂਮਾਰ (ਬਰਮਾ) ਵਿੱਚ ਰੋਹੰਗੀਆ ਮੁਸਲਮਾਨਾਂ ਨਾਲ ਹੋ ਰਹੀ ਹੈ? ਨਾ ਹੀ ਇਹ ਲੋਕ ਕਦੇ ਸਪੱਸ਼ਟ ਕਰ ਸਕੇ ਹਨ ਕਿ ਪੰਜਾਬ ਤੋਂ ਬਾਹਰ ਤਰਾਈ (ਯੂਪੀ), ਦਿੱਲੀ, ਗੰਗਾਨਗਰ, ਕਲਕੱਤਾ, ਬੰਬਈ ਆਦਿ ਵਿੱਚ ਬਾਦਸ਼ਾਹ ਬਣੇ ਬੈਠੇ ਸਿੱਖਾਂ ਦਾ ਕੀ ਹੋਵੇਗਾ? ਕੀ ਪੰਜਾਬ ਦੇ ਲੋਕ ਅੱਜ ਵੀ ਅਨੇਕਾਂ ਘਾਟਾਂ ਦੇ ਬਾਵਜੂਦ ਬਾਕੀ ਸੂਬਿਆਂ ਦੇ ਲੋਕਾਂ ਨਾਲੋਂ ਕਿਤੇ ਵੱਧ ਬਿਹਤਰ ਸਥਿਤੀ ਵਿੱਚ ਨਹੀਂ ਹਨ।ਜੇ ਸਿੱਖ ਸਚੁਮੱਚ ਹੀ ਭਾਰਤ ਵਿੱਚ ਗੁਲਾਮ ਹਨ ਤਾਂ ਭਾਰਤ ਦੇ ਸਭ ਤੋਂ ਸਿਰਮੌਰ ਸੂਬਿਆਂ ਯੂਪੀ ਤੇ ਬਿਹਾਰ ਦੇ ਗਰੀਬ ਕਿਸਾਨ-ਮਜਦੂਰ ਕਈ ਦਹਾਕਿਆ ਤੋਂ ਪੰਜਾਬੀਆਂ ਦੀ ਗੁਲਾਮੀ ਕਰਨ ਕਿਉਂ ਆ ਰਹੇ ਹਨ? ਅਜਿਹੇ ਵਿੱਚ ਸਿੱਖਾਂ ਨਾਲ਼ ਵਿਤਕਰੇ ਦਾ ਪ੍ਰਵਚਨ ਕਿਤਨਾ ਕੁ ਜ਼ਾਇਜ ਹੈ? ਜੇ ਸਿੱਖਾਂ ਨਾਲ਼ ਇਤਨਾ ਹੀ ਵਿਤਕਰਾ ਹੋ ਰਿਹਾ ਹੈ ਤਾਂ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਵੱਡੇ ਕੇਂਦਰੀ ਮੰਤਰੀਆਂ, ਸੂਬਿਆਂ ਦੇ ਗਵਰਨਰਾਂ, ਮੁੱਖ ਮੰਤਰੀਆਂ, ਪ੍ਰਸ਼ਾਨਿਕ ਅਧਿਕਾਰੀਆਂ, ਫੌਜਾਂ ਦੇ ਮੁੱਖੀਆਂ ਤੋਂ ਇਲਾਵਾ ਹਰ ਖੇਤਰ ਵਿੱਚ ਸਿੱਖ ਬਾਕੀ ਭਾਈਚਾਰਿਆਂ ਦੇ ਮੁਕਾਬਲੇ ਘੱਟ-ਗਿਣਤੀ ਵਿੱਚ ਹੋਣ ਦੇ ਬਾਵਜੂਦ ਮੋਹਰੀ ਕਿਵੇਂ ਹਨ? ਕੀ ਯਹੂਦੀਆਂ ਦੀ ਯੂਰਪ ਵਿੱਚ ਕਦੇ ਅਜਿਹੀ ਸਥਿਤੀ ਸੀ? ਕੀ ਪਾਕਿਸਤਾਨ ਵਿੱਚ ਕਾਦੀਅਨ, ਬਲੋਚ ਜਾਂ ਅਫਗਾਨਿਸਤਾਨ ਵਿੱਚ ਸਿੱਖ ਤੇ ਮੀਆਂਮਾਰ ਵਿੱਚ ਰੋਹੰਗੀ ਇਤਨੀ ਠਾਠ ਨਾਲ਼ ਰਹਿਣ ਬਾਰੇ ਕਦੇ ਸੋਚ ਸਕਦੇ ਹਨ?

ਇਹ ਠੀਕ ਹੈ ਕਿ ਸਿੱਖਾਂ ਤੇ ਪੰਜਾਬ ਦਾ ਭਲਾ ਤਾਂ ਇਸੇ ਗੱਲ ਵਿੱਚ ਸੀ ਕਿ ਪੰਡਤ ਨਹਿਰੂ ਤੇ ਕਾਂਗਰਸ ਦੀ ਲੀਡਰਸ਼ਿਪ ਖੁੱਲ੍ਹੇ ਦਿਲ ਨਾਲ਼ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ 'ਪੰਜਾਬੀ ਸੂਬੇ' ਦੀ ਮੰਗ ਨੂੰ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਵਿੱਚ ਹੀ ਮੰਨ ਲੈਂਦੀ, ਪੰਜਾਬ ਦੇ ਹਿੰਦੂ ਵੀ ਪੰਜਾਬੀ ਸੂਬੇ ਦੇ ਹੱਕ ਵਿੱਚ ਖੜਦੇ ਤਾਂ ਪੰਜਾਬ ਵਿੱਚ ਉਹ ਤਰਾਸਦੀਆਂ ਨਾ ਵਾਪਰਦੀਆਂ, ਜੋ 'ਧਰਮ ਯੁੱਧ ਮੋਰਚੇ' ਦੌਰਾਨ ਤੇ ਜੂਨ 84 ਤੋਂ ਬਾਅਦ ਵਾਪਰੀਆਂ? ਇਸ ਸਭ ਦੇ ਬਾਵਜੂਦ ਵੀ ਸਿੱਖ ਲੀਡਰਸ਼ਿਪ, ਜੋ ਸਿੱਖਾਂ ਨੂੰ ਬਿਨਾਂ ਕਿਸੇ ਲੰਬੀ ਸੋਚ-ਵਿਚਾਰ ਦੇ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਵਾਰ-ਵਾਰ ਮੋਰਚਿਆਂ-ਸੰਘਰਸ਼ਾਂ ਵਿੱਚ ਧੱਕਦੀ ਰਹੀ ਹੈ, ਕੀ ਉਸਦੀ ਵੀ ਕੋਈ ਜ਼ਿੰਮੇਵਾਰੀ ਟਿੱਕੀ ਜਾ ਸਕਦੀ ਹੈ? ਤ੍ਰਾਸਦੀ ਇਹ ਹੈ ਕਿ ਇਤਨਾ ਨੁਕਸਾਨ ਕਰਵਾਉਣ ਤੋਂ ਬਾਅਦ ਵੀ ਨਵੀਂ ਰਵਾਇਤੀ ਤੇ ਪੰਥਕ ਲੀਡਰਸ਼ਿਪ ਕੋਈ ਸਬਕ ਸਿੱਖਣ ਲਈ ਤਿਆਰ ਨਹੀਂ? ਕੀ ਸਿੱਖ ਲੀਡਰਸ਼ਿਪ ਕਦੇ ਵਿਚਾਰ ਕਰੇਗੀ ਕਿ ਪੰਜਾਬ ਦਾ ਹਿੰਦੂ ਪੰਜਾਬੀ ਸੂਬੇ ਦਾ ਨਾਮ ਸੁਣਦਿਆਂ ਹੀ, ਉਵੇਂ ਕਿਉਂ ਤ੍ਰਭਕਦਾ ਸੀ, ਜਿਵੇਂ ਕੋਈ ਫਨੀਅਰ ਨਾਗ ਡੰਗ ਮਾਰਨ ਲੱਗਾ ਹੋਵੇ? ਕੀ 84 ਦੇ ਦੌਰ ਵਿੱਚ ਵੀ ਪੰਜਾਬ ਦੇ ਹਿੰਦੂਆਂ ਨੂੰ ਕੁਝ ਅਜਿਹਾ ਹੀ ਡਰ ਸੀ, ਜਿਸਨੂੰ ਸਿੱਖ ਲੀਡਰਸ਼ਿਪ ਤੇ ਵਿਦਵਾਨਾਂ ਨੇ ਕਦੇ ਗੰਭੀਰਤਾ ਨਾਲ਼ ਨਹੀਂ ਵਿਚਾਰਿਆ? ਕੀ ਇਸਦੇ ਪਿਛੇ ਪੰਜਾਬ ਦੀ ਨਹਿਸ਼ ਵੰਡ ਦਾ ਪਿੜ੍ਹ ਬੰਨ੍ਹਣ ਵਾਲ਼ੇ ਮੁਹੰਮਦ ਅਲੀ ਜਿਨਾਹ ਦਾ ਭੂਤ ਤਾਂ ਨਹੀਂ ਨਜ਼ਰ ਆ ਰਿਹਾ ਸੀ? ਜਿਸਦੇ 'ਦੋ ਕੌਮੀ' ਪ੍ਰਵਚਨ ਸਦਕਾ, ਲੱਖਾਂ ਪੰਜਾਬੀ ਮਰੇ ਤੇ ਕਰੋੜਾਂ ਨੂੰ ਬੇਘਰ ਹੋਣਾ ਪੈ ਗਿਆ ਸੀ।ਜਿਨਾਹ ਦੇ ਪਾਕਿਸਤਾਨ ਦਾ ਸੁਪਨਾ ਪੁਰਾ ਹੋਣ ਤੋਂ ਬਾਅਦ ਪੰਜਾਬ ਵਿੱਚ ਜੋ ਕਤਲੇਆਮ ਹੋਇਆ ਸੀ, ਕੀ ਉਹ ਤਾਂ ਇਸ ਡਰ ਦਾ ਜ਼ਿੰਮੇਵਾਰ ਨਹੀਂ ਸੀ? ਕੀ ਪੰਜਾਬ ਦਾ ਹਿੰਦੂ ਉਸ ਕਿਸਮ ਦੇ ਕਿਸੇ ਹੋਰ ਨਵੇਂ ਬਟਵਾਰੇ ਦੇ ਸਿੱਟਿਆਂ ਤੋਂ ਹੀ ਤੇ ਨਹੀਂ ਡਰੀ ਜਾ ਰਿਹਾ ਸੀ? ਸਾਂਵਲ ਧਾਮੀ ਤੇ ਨਾਸਰ ਢਿੱਲੋਂ ਦੇ ਯੂ ਟਿਊਬ ਚੈਨਲਾਂ ਤੇ ਬਟਵਾਰੇ ਦੌਰਾਨ ਇਧਰੋਂ-ਓਧਰ ਜਾਂ ਓਧਰੋਂ-ਇੱਧਰ ਆਏ ਲੋਕਾਂ ਦੀਆਂ ਦਾਸਤਾਨਾਂ ਸੁਣੋ ਕਿ ਉਹ ਲੋਕ ਬਟਵਾਰੇ ਬਾਰੇ ਕੀ ਕਹਿ ਰਹੇ ਹਨ? ਸੱਚੀ ਗੱਲ ਤਾਂ ਇਹ ਹੈ ਕਿ ਕੀ ਸਿੱਖੀ ਦੀ ਆਤਮਾ 'ਸਭੇ ਸਾਂਝੀਵਾਲ ਸਦਾਇਨਿ----' ਦੇ ਬੋਲਾਂ ਵਿੱਚ ਦਰਜ ਨਹੀਂ ਹੈ? ਸਿੱਖਾਂ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ, ਇਸੇ ਮਾਰਗ ਅਨੁਸਾਰ ਹੀ ਆਪਣੀਆਂ ਅਗਲੀਆਂ ਮੰਜ਼ਿਲਾਂ ਵਿਉਂਤਣੀਆਂ ਪੈਣਗੀਆਂ? ਕੀ ਪਿਛਲੇ ਸਮੇਂ ਵਿੱਚ ਲੜੇ ਗਏ ਸਰਬ ਸਾਂਝੇ ਮਹਾਨ ਕਿਸਾਨ ਅੰਦੋਲਨ ਨੂੰ ਮੂਹਰੇ ਰੱਖ ਕੇ ਭਵਿੱਖੀ ਯੋਜਨਾਵਾਂ ਨਹੀਂ ਬਣਾਈਆਂ ਜਾ ਸਕਦੀਆਂ?

ਅਮਰਜੀਤ ਸਿੰਘ ਗਰੇਵਾਲ਼ ਦੇ ਇੱਕ ਲੇਖ ''ਪੰਜਾਬ ਜੀਂਦਾ ਗੁਰਾਂ ਦੇ ਨਾਮ 'ਤੇ'' ਵਿੱਚੋਂ ਕੁਝ ਲਾਈਨਾਂ ਨਾਲ਼ ਸਮਾਪਤ ਕਰਨਾ ਚਾਹਾਂਗਾ, ਜਿੱਥੇ ਉਹ ਪ੍ਰੋ: ਪੂਰਨ ਸਿੰਘ ਦੇ ਸੁਪਨਿਆਂ ਵਾਲ਼ੇ ਪੰਜਾਬ ਦੀ ਗੱਲ ਕਰਦੇ ਹੋਏ ਲਿਖਦੇ ਹਨ: ''ਪ੍ਰੋ. ਪੂਰਨ ਸਿੰਘ ਜਾਣਦੇ ਸਨ ਕਿ ਪੰਜਾਬ ਦੇ ਨਿਰਮਿਤ ਹੋ ਰਹੇ ਅਧੁਨਿਕਵਾਦੀ ਸਮਾਜ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੀ 'ਚੌਧਰ' ਉਤਨੀ ਦੇਰ ਸਥਾਪਿਤ ਨਹੀਂ ਹੋ ਸਕਦੀ, ਜਿਤਨੀ ਦੇਰ ਤੱਕ ਉਹ ਬਹੁ-ਧਰਮੀ, ਬਹੁ-ਭਾਸ਼ਾਈ, ਬਹੁ-ਜਾਤੀ, ਬਹੁ-ਸਭਿਆਚਾਰੀ ਪੰਜਾਬੀ ਭਾਈਚਾਰੇ ਦੇ ਮਨਾਂ ਨੂੰ 'ਸਿੱਖ ਸਿਧਾਂਤਾਂ ਤੇ ਸਪਿਰਿਟ' ਨਾਲ਼ ਜਿੱਤ ਨਹੀਂ ਲੈਂਦੇ? ਪ੍ਰੋ. ਸਾਹਿਬ ਜਾਣਦੇ ਸਨ ਕਿ ਪੰਜਾਬੀ ਸਮਾਜ ਦੇ ਵੱਖਰੇਵਿਆਂ ਨੂੰ ਤਾਂ ਦੂਰ ਨਹੀਂ ਕਰ ਸਕਦੇ, ਕਰਨੇ ਵੀ ਨਹੀਂ ਚਾਹੀਦੇ।ਇਸ ਲਈ ਪ੍ਰੋ ਸਾਹਿਬ ਪੰਜਾਬ ਅੰਦਰ ਹਰਮਨ ਪਿਆਰੇ ਕਿਰਦਾਰ ਵਾਲ਼ੀ ਇੱਕ ਸਰਬ ਸਾਂਝੀ 'ਸਮੂਹਿਕ ਇੱਛਾ' ਦਾ ਨਿਰਮਾਣ ਕਰਨ ਲਈ, ਸਰਬ ਸਾਂਝੇ ਸਿੱਖ ਸਿਧਾਂਤਾਂ ਦੇ ਅਧਾਰ ਤੇ ਸਿੱਖ ਕੌਣ ਹੈ, ਦੀ ਪ੍ਰੀਭਾਸ਼ਾ ਨੂੰ ਵਿਸਤਾਰ ਦਿੰਦੇ ਸਨ।''

ਅੰਤਿਕਾ: ਪਾਠਕ! ਲੇਖ ਵਿਚਲੀਆਂ ਗੱਲਾਂ ਨਾਲ਼ ਸਹਿਮਤੀ ਹੋਣ ਜਾਂ ਨਾ ਹੋਣ, ਪਰ ਮੇਰੀ ਬੇਨਤੀ ਹੈ ਕਿ ਪ੍ਰਸਿੱਧ ਵਿਦਵਾਨ, ਫਿਲਾਸਫਰ ਤੇ ਲੇਖਕ ਪ੍ਰੋ. ਜੁਵਾਲ ਹਰਾਰੀ ਦੀ ਨਵੀਂ ਕਿਤਾਬ, '21 Lessons for the 21st Century’ (21ਵੀਂ ਸਦੀ ਲਈ 21 ਪਾਠ) ਜਰੂਰ ਪੜ੍ਹਨ ਤਾਂ ਕਿ ਪਤਾ ਲੱਗ ਸਕੇ ਕਿ ਸਾਰੀ ਮਨੁੱਖਤਾ ਨੂੰ ਆਉਣ ਵਾਲ਼ੇ ਸਮੇਂ ਵਿੱਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ?

ਸੰਪਰਕ:  403-681-8689
Email: [email protected]


Comments

Kamal Dhillon

Sirrre di chawal mari sidhu jehra raw da agent kehnda kitab likhi langri reha ohna da suniya sunayia gal likh k desh bhagat te apne app nu write bana betha otho wade kusse tusi bina partal ton chak k shaap dinde

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ