ਇਹ ਸਰਕਾਰ ਦੀ ਅਸਫ਼ਲਤਾ ਨਹੀਂ ਹੈ, ਅਸੀਂ ਮਨੁੱਖਤਾ ਵਿਰੁੱਧ ਜੁਰਮਾਂ ਦੇ ਗਵਾਹ ਬਣ ਰਹੇ ਹਾਂ -ਅਰੁੰਧਤੀ ਰਾਏ
Posted on:- 04-05-2021
ਅਨੁਵਾਦ : ਬੂਟਾ ਸਿੰਘ
ਉੱਤਰ ਪ੍ਰਦੇਸ਼ ਵਿਚ 2017 ’ਚ ਫਿਰਕੂ ਤੌਰ ’ਤੇ ਇਕ ਬਹੁਤ ਹੀ ਵੰਡੀ ਹੋਈ ਚੋਣ ਮੁਹਿੰਮ
ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮੈਦਾਨ ’ਚ ਨਿੱਤਰੇ ਤਾਂ ਹਾਲਾਤ ਦੀ ਉਤੇਜਨਾ ਹੋਰ ਵਧ ਗਈ। ਇਕ ਜਨਤਕ ਮੰਚ ਤੋਂ ਉਨ੍ਹਾਂ ਨੇ
ਰਾਜ ਸਰਕਾਰ, ਜੋ ਇਕ ਵਿਰੋਧੀ-ਧਿਰ ਦੇ ਹੱਥ ’ਚ ਸੀ ਉੱਪਰ ਇਲਜ਼ਾਮ ਲਗਾਇਆ ਕਿ ਉਹ
ਸ਼ਮਸ਼ਾਨਾਂ ਦੇ ਮੁਕਾਬਲੇ ਕਬਰਸਤਾਨਾਂ ਉੱਪਰ ਵਧੇਰੇ ਖ਼ਰਚ ਕਰਕੇ ਮੁਸਲਮਾਨਾਂ ਨੂੰ ਖ਼ੁਸ਼ ਕਰ ਰਹੀ ਹੈ।
ਆਪਣੇ ਸਦਾਬਹਾਰ ਹਿਕਾਰਤ ਭਰੇ ਅੰਦਾਜ਼ ’ਚ, ਜਿਸ ’ਚ ਹਰੇਕ ਤਾਅਨਾ ਅਤੇ ਚੁੱਭਵੀਂ ਗੱਲ ਇਕ ਡਰਾਉਣੀ ਗੂੰਜ ’ਤੇ ਪਹੁੰਚ ਕੇ ਮੁੱਕਣ ਤੋਂ ਪਹਿਲੇ, ਵਾਕ ਦਰਮਿਆਨ ਤੱਕ ਆਉਦੇ-ਆਉਦੇ ਇਕ ਸਿਖ਼ਰਲੀ ਸੁਰ ’ਤੇ ਪਹੁੰਚ ਜਾਂਦਾ ਹੈ, ਉਨ੍ਹਾਂ ਨੇ ਭੀੜ ਨੂੰ ਉਕਸਾਇਆ। ਉਨ੍ਹਾਂ ਕਿਹਾ,
‘ਪਿੰਡ ਵਿਚ ਜੇ ਕਬਰਸਤਾਨ ਬਣਦਾ ਹੈ ਤਾਂ ਪਿੰਡ ਵਿਚ
ਸ਼ਮਸਾਨ ਵੀ ਬਣਨਾ ਚਾਹੀਦਾ ਹੈ।’
‘ਸ਼ਮਸਾਨ! ਸ਼ਮਸਾਨ!’ ਮੰਤਰ-ਮੁਗਧ, ਭਗਤ ਭੀੜ ਵਿੱਚੋਂ ਜਵਾਬੀ ਗੂੰਜ ਉੱਠੀ।
ਸ਼ਾਇਦ ਉਹ ਹੁਣ ਖ਼ੁਸ਼ ਹੋਣ ਕਿ ਭਾਰਤ ਦੇ ਸ਼ਮਸਾਨਾਂ ਤੋਂ
ਸਮੂਹਿਕ ਅੰਤਿਮ ਸੰਸਕਾਰਾਂ ਨਾਲ ਉੱਠਦੀਆਂ ਲਾਟਾਂ ਦੀਆਂ ਦੁਖਦਾਈ ਤਸਵੀਰਾਂ ਅੰਤਰਰਾਸ਼ਟਰੀ ਅਖ਼ਬਾਰਾਂ
ਦੇ ਪਹਿਲੇ ਪੰਨੇ ’ਤੇ ਆ ਰਹੀਆਂ ਹਨ। ਅਤੇ ਕਿ ਉਨ੍ਹਾਂ ਦੇ ਮੁਲਕ
ਦੇ ਸਾਰੇ ਕਬਰਸਤਾਨ ਅਤੇ ਸ਼ਮਸ਼ਾਨ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ, ਆਪਣੀ-ਆਪਣੀ ਆਬਾਦੀ ਦੇ ਸਿੱਧੇ ਅਨੁਪਾਤ ’ਚ ਅਤੇ ਆਪਣੀਆਂ ਸਮਰੱਥਾਵਾਂ ਤੋਂ ਕਿਤੇ ਜ਼ਿਆਦਾ।
‘ਕੀ 1.3 ਅਰਬ ਆਬਾਦੀ ਵਾਲੇ ਭਾਰਤ ਨੂੰ ਅਲੱਗ-ਥਲੱਗ ਕੀਤਾ ਜਾ ਸਕਦਾ ਹੈ?’ ਇਹ ਆਪਣੇ ਆਪ ਨੂੰ ਪੁੱਛੀ ਜਾਣ ਵਾਲੀ ਸਵਾਲਨੁਮਾ ਗੱਲ ਦ ਵਾਸ਼ਿੰਗਟਨ ਪੋਸਟ ਨੇ ਹਾਲ ਹੀ ਵਿਚ ਆਪਣੇ ਇਕ ਸੰਪਾਦਕੀ ’ਚ ਕਹੀ, ਜੋ ਭਾਰਤ ਦੀ ਫੈਲਦੀ ਜਾ ਰਹੀ ਤਬਾਹੀ ਅਤੇ ਨਵੇਂ, ਤੇਜ਼ੀ ਨਾਲ ਫੈਲਣ ਵਾਲੇ ਕੋਵਿਡ ਵੇਰੀਐਂਟ ਨੂੰ ਰਾਸ਼ਟਰੀ ਹੱਦਾਂ ਵਿਚ ਸੀਮਤ ਕਰਨ ਦੀਆਂ ਮੁਸ਼ਕਲਾਂ ਬਾਬਤ ਹੈ।
‘ਸੌਖਿਆਂ ਨਹੀਂ,’ ਇਸ ਦਾ ਜਵਾਬ ਸੀ। ਇਸ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਇਹ ਸਵਾਲ ਸਹੀ ਰੂਪ ’ਚ ਪੁੱਛਿਆ ਗਿਆ ਹੁੰਦਾ ਜਦੋਂ ਕੋਰੋਨਾ ਵਾਇਰਸ ਮਹਿਜ਼ ਕੁਛ ਮਹੀਨੇ ਪਹਿਲਾਂ ਬਰਤਾਨਵੀਆ ਅਤੇ ਯੂਰਪ ਵਿਚ ਤਬਾਹੀ ਮਚਾ ਰਿਹਾ ਸੀ। ਲੇਕਿਨ ਭਾਰਤ ਵਿਚ ਸਾਨੂੰ ਨੂੰ ਇਸ ਦਾ ਬੁਰਾ ਮਨਾਉਣ ਦਾ ਹੱਕ ਬਹੁਤ ਘੱਟ ਹੈ, ਇਸ ਦੀ ਵਜਾ੍ਹ ਹੈ ਇਸ ਸਾਲ ਆਲਮੀ ਆਰਥਕ ਮੰਚ ’ਤੇ ਕਹੇ ਗਏ ਸਾਡੇ ਪ੍ਰਧਾਨ ਮੰਤਰੀ ਦੇ ਸ਼ਬਦ।
ਮੋਦੀ ਨੇ ਇਕ ਐਸੇ ਸਮੇਂ ਭਾਸ਼ਣ ਦਿੱਤਾ ਜਦੋਂ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਦੇ ਲੋਕ ਆਲਮੀ ਮਹਾਮਾਰੀ ਦੀ ਦੂਜੀ ਲਹਿਰ ਦੀ ਸਿਖ਼ਰ ਦੇ ਸੰਤਾਪ ’ਚੋਂ ਗੁਜ਼ਰ ਰਹੇ ਸਨ। ਪ੍ਰਧਾਨ ਮੰਤਰੀ ਕੋਲ ਕਹਿਣ ਲਈ ਹਮਦਰਦੀ ਦਾ ਇਕ ਵੀ ਸ਼ਬਦ ਨਹੀਂ ਸੀ, ਸਿਰਫ਼ ਭਾਰਤ ਦੇ ਬੁਨਿਆਦੀ-ਢਾਂਚੇ ਅਤੇ ਕੋਵਿਡ ਸੰਬੰਧੀ ਤਿਆਰੀਆਂ ਦੇ ਬਾਰੇ ਇਕ ਲੰਮੀ, ਸ਼ੇਖ਼ੀ ਭਰੀ ਆਤਮ-ਸੰਤੁਸ਼ਟੀ ਸੀ।
ਮੈਂ ਭਾਸ਼ਣ ਨੂੰ ਡਾਊਨਲੋਡ ਕਰ ਲਿਆ, ਕਿਉਕਿ ਮੈਨੂੰ ਡਰ ਹੈ ਕਿ ਜਦੋਂ ਮੋਦੀ ਹਕੂਮਤ ਇਤਿਹਾਸ ਨੂੰ ਮੁੜ ਤੋਂ ਲਿਖੇਗੀ, ਜੋ ਛੇਤੀ ਹੀ ਹੋਵੇਗਾ, ਤਾਂ ਇਹ ਭਾਸ਼ਣ ਗ਼ਾਇਬ ਹੋ ਸਕਦਾ ਹੈ ਜਾਂ ਇਸ ਨੂੰ ਲੱਭਣਾ ਮੁਸ਼ਕਿਲ ਹੋ ਜਾਵੇਗਾ। ਇਸ ਦੀਆਂ ਕੁਛ ਬੇਹੱਦ ਵੱਡਮੁੱਲੀਆਂ ਝਲਕੀਆਂ ਪੇਸ਼ ਹਨ:
‘ਮਿੱਤਰੋ, ਤਮਾਮ ਸ਼ੰਕਿਆਂ ਦੌਰਾਨ ਅੱਜ ਮੈਂ ਤੁਹਾਡੇ ਸਭ ਦੇ ਸਾਹਮਣੇ 1.3 ਅਰਬ ਤੋਂ ਜ਼ਿਆਦਾ ਭਾਰਤੀਆਂ ਵੱਲੋਂ ਦੁਨੀਆ ਲਈ ਵਿਸ਼ਵਾਸ, ਸਕਾਰਾਤਮਕਤਾ ਅਤੇ ਉਮੀਦ ਦਾ ਸੰਦੇਸ਼ ਲੈ ਕੇ ਆਇਆ ਹਾਂ.... ਭਵਿੱਖਬਾਣੀ ਕੀਤੀ ਗਈ ਸੀ ਕਿ ਪੂਰੀ ਦੁਨੀਆ ’ਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਮੁਲਕ ਭਾਰਤ ਹੋਵੇਗਾ। ਕਿਹਾ ਗਿਆ ਕਿ ਭਾਰਤ ਵਿਚ ਕੋਰੋਨਾ ਲਾਗ ਦੀ ਸੁਨਾਮੀ ਆਵੇਗੀ, ਕਿਸੇ ਨੇ 70-80 ਕਰੋੜ ਭਾਰਤੀਆਂ ਨੂੰ ਕੋਰੋਨਾ ਹੋਣ ਦੀ ਗੱਲ ਕਹੀ ਤਾਂ ਕਿਸੇ ਨੇ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ।’
‘ਮਿੱਤਰੋ, ਭਾਰਤ ਦੀ ਕਾਮਯਾਬੀ ਨੂੰ ਕਿਸੇ ਇਕ ਮੁਲਕ ਦੀ ਸਫ਼ਲਤਾ ਨਾਲ ਅੰਕਣਾ ਉਚਿਤ ਨਹੀਂ ਹੋਵੇਗਾ। ਜਿਸ ਮੁਲਕ ’ਚ ਵਿਸ਼ਵ ਦੀ 18% ਆਬਾਦੀ ਰਹਿੰਦੀ ਹੋਵੇ ਉਸ ਮੁਲਕ ਨੇ ਕੋਰੋਨਾ ਉੱਪਰ ਅਸਰਦਾਰ ਕਾਬੂ ਪਾ ਕੇ ਪੂਰੀ ਦੁਨੀਆ ਨੂੰ ਮਨੁੱਖਤਾ ਦੀ ਬੜੀ ਤ੍ਰਾਸਦੀ ਤੋਂ ਵੀ ਬਚਾਇਆ ਹੈ।’
ਜਾਦੂਗਰ ਮੋਦੀ ਨੇ ਕੋਰੋਨਾ ਵਾਇਰਸ ਉੱਪਰ ਅਸਰਦਾਰ ਕਾਬੂ ਪਾਉਦੇ ਹੋਏ ਮਨੁੱਖਤਾ ਨੂੰ ਬਚਾਉਣ ਲਈ ਵਾਹ-ਵਾਹ ਖੱਟੀ। ਹੁਣ ਜਦੋਂ ਪਤਾ ਲੱਗਾ ਹੈ ਕਿ ਉਹ ਉਸ ਉੱਪਰ ਕਾਬੂ ਨਹੀਂ ਪਾ ਸਕੇ ਹਨ, ਤਾਂ ਕੀ ਅਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹਾਂ ਕਿ ਕਿਉ ਸਾਨੂੰ ਇੰਞ ਦੇਖਿਆ ਜਾ ਰਿਹਾ ਹੈ ਜਿਵੇਂ ਅਸੀਂ ਰੇਡੀਓਐਕਟਿਵ ਹੋਈਏ?
ਕਿ ਹੋਰ ਮੁਲਕਾਂ ਨੇ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ? ਕਿ ਸਾਨੂੰ ਆਪਣੇ ਵਾਇਰਸ ਅਤੇ ਆਪਣੇ ਪ੍ਰਧਾਨ ਮੰਤਰੀ ਨਾਲ ਸੀਲਬੰਦ ਕੀਤਾ ਜਾ ਰਿਹਾ ਹੈ, ਸਾਰੀ ਬੀਮਾਰੀ, ਵਿਗਿਆਨ ਦੇ ਕੁਲ ਵਿਰੋਧ, ਨਫ਼ਰਤ ਅਤੇ ਬੇਵਕੂਫ਼ੀ ਦੇ ਨਾਲ ਜਿਸ ਦੀ ਉਹ, ਉਨ੍ਹਾਂ ਦੀ ਪਾਰਟੀ ਅਤੇ ਹਰ ਤਰ੍ਹਾਂ ਦੀ ਰਾਜਨੀਤੀ ਨੁਮਾਇੰਦਗੀ ਕਰਦੀ ਹੈ?
----
ਪਿਛਲੇ ਸਾਲ ਜਦੋਂ ਪਹਿਲੀ ਵਾਰ ਕੋਵਿਡ ਭਾਰਤ ਆਇਆ ਅਤੇ ਸ਼ਾਂਤ ਹੋ ਗਿਆ, ਤਾਂ ਸਰਕਾਰ ਅਤੇ ਇਸ ਦੇ ਹਮਾਇਤੀ ਜੁਮਲੇਬਾਜ਼ ਕਾਮਯਾਬੀ ਦਾ ਜਸ਼ਨ ਮਨਾ ਰਹੇ ਸਨ। ‘ਭਾਰਤ ਵਿਚ ਪਿਕਨਿਕ ਨਹੀਂ ਹੋ ਰਹੀ ਹੈ,’ ਸ਼ੇਖ਼ਰ ਗੁਪਤਾ ਨੇ ਟਵੀਟ ਕੀਤਾ ਸੀ, ਜੋ ਆਨਲਾਈਨ ਨਿਊਜ਼ ਵੈੱਬਸਾਈਟ ਦ ਪਿੰ੍ਰਟ ਦੇ ਪ੍ਰਮੁੱਖ ਸੰਪਾਦਕ ਹਨ। ‘ਲੇਕਿਨ ਸਾਡੀਆਂ ਨਾਲੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਨਹੀਂ ਹਨ, ਹਸਪਤਾਲਾਂ ਵਿਚ ਬੈੱਡਾਂ ਦੀ ਕਮੀ ਨਹੀਂ ਹੈ, ਨਾ ਹੀ ਸ਼ਮਸ਼ਾਨਾਂ ਅਤੇ ਕਬਰਸਤਾਨਾਂ ਵਿਚ ਲੱਕੜੀ ਅਤੇ ਜਗਾ੍ਹ ਦੀ ਕਮੀ ਹੈ। ਯਕੀਨ ਨਹੀਂ ਆਉਦਾ? ਜੇ ਨਹੀਂ ਮੰਨਦੇ ਤਾਂ ਡੇਟਾ ਲੈ ਆਓ, ਸਿਵਾਏ ਇਸ ਦੇ ਕਿ ਤੁਸੀਂ ਸੋਚਦੇ ਹੋ ਕਿ ਤੁਸੀਂ ਭਗਵਾਨ ਹੋ।’
ਇਸ ਸੰਵੇਦਨਸ਼ੀਲ, ਅਸ਼ਿਸ਼ਟ ਅਕਸ ਨੂੰ ਛੱਡ ਵੀ ਦੇਈਏ - ਲੇਕਿਨ ਕੀ ਸਾਨੂੰ ਇਹ ਦੱਸਣ ਲਈ ਇਕ ਭਗਵਾਨ ਦੀ ਜ਼ਰੂਰਤ ਹੁੰਦੀ ਹੈ ਕਿ ਜ਼ਿਆਦਾਤਰ ਮਹਾਮਾਰੀਆਂ ਦੀ ਇਕ ਦੂਜੀ ਲਹਿਰ ਵੀ ਹੁੰਦੀ ਹੈ, ਇਸ ਲਹਿਰ ਦਾ ਅਗਾਊਂ-ਅੰਦਾਜ਼ਾ ਲਗਾਇਆ ਸੀ, ਹਾਲਾਂਕਿ ਇਸ ਦੀ ਤੇਜ਼ੀ ਨੇ ਵਿਗਿਆਨੀਆਂ ਅਤੇ ਵਾਇਰਸ ਵਿਗਿਆਨੀਆਂ ਤੱਕ ਨੂੰ ਹੈਰਾਨ ਕਰ ਦਿੱਤਾ ਹੈ। ਫਿਰ ਕਿੱਥੇ ਹੈ ਉਹ ਕੋਵਿਡ ਸੰਬੰਧੀ ਬੁਨਿਆਦੀ ਢਾਂਚਾ ਅਤੇ ਵਾਇਰਸ ਦੇ ਖ਼ਿਲਾਫ਼ ‘ਜਨਤਾ ਦੇ ਅੰਦੋਲਨ’, ਜਿਨ੍ਹਾਂ ਦੀ ਸ਼ੇਖੀ ਮੋਦੀ ਨੇ ਆਪਣੇ ਭਾਸ਼ਣ ’ਚ ਮਾਰੀ ਸੀ?
ਹਸਪਤਾਲ ’ਚ ਬੈੱਡ ਨਹੀਂ ਮਿਲ ਰਹੇ। ਡਾਕਟਰ ਅਤੇ ਮੈਡੀਕਲ ਸਟਾਫ਼ ਪਸਤ ਹੋਣ ਦੇ ਕੰਢੇ ’ਤੇ ਹਨ। ਦੋਸਤ ਫ਼ੋਨ ਕਰਕੇ ਐਸੇ ਵਾਰਡਾਂ ਦੀ ਦਾਸਤਾਨ ਦੱਸਦੇ ਹਨ ਜਿੱਥੇ ਕੋਈ ਸਟਾਫ਼ ਨਹੀਂ ਹੈ, ਅਤੇ ਜਿੱਥੇ ਜ਼ਿੰਦਾ ਮਰੀਜ਼ਾਂ ਨਾਲੋਂ ਮੁਰਦੇ ਜ਼ਿਆਦਾ ਹਨ।
ਲੋਕ ਹਸਪਤਾਲ ਦੇ ਵਰਾਂਡਿਆਂ, ਸੜਕਾਂ ਜਾਂ ਆਪਣੇ ਘਰਾਂ ਵਿਚ ਮਰ ਰਹੇ ਹਨ। ਦਿੱਲੀ ਵਿਚ ਸ਼ਮਸ਼ਾਨ ਘਾਟਾਂ ਕੋਲ ਲੱਕੜੀ ਖ਼ਤਮ ਹੋ ਗਈ ਹੈ। ਵਣ ਵਿਭਾਗ ਨੂੰ ਸ਼ਹਿਰ ਦੇ ਦਰੱਖ਼ਤ ਵੱਢਣ ਦੇ ਲਈ ਵਿਸ਼ੇਸ਼ ਇਜਾਜ਼ਤ ਦੇਣੀ ਪਈ ਹੈ। ਨਿਰਾਸ਼-ਪ੍ਰੇਸ਼ਾਨ ਲੋਕ ਜੋ ਵੀ ਹੱਥ ਲੱਗ ਰਿਹਾ ਹੈ ਉਸ ਨਾਲ ਲਾਸ਼ਾਂ ਜਲਾ ਰਹੇ ਹਨ।
ਪਾਰਕਾਂ ਅਤੇ ਕਾਰ ਪਾਰਕਿੰਗ ਨੂੰ ਸ਼ਮਸ਼ਾਨ ਭੂਮੀ ’ਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਇੰਞ ਹੈ ਜਿਵੇਂ ਇਕ ਉਡਣ-ਤਸ਼ਤਰੀ ਸਾਡੇ ਆਸਮਾਨ ਵਿਚ ਖੜ੍ਹੀ ਹੈ, ਅਤੇ ਸਾਡੇ ਫੇਫੜਿਆਂ ਦੀ ਹਵਾ ਖਿੱਚ ਰਹੀ ਹੈ। ਇਸ ਤਰ੍ਹਾਂ ਦਾ ਇਕ ਹਵਾਈ ਹਮਲਾ, ਜੋ ਅਸੀਂ ਕਦੇ ਨਹੀਂ ਜਾਣਦੇ ਸੀ।
ਭਾਰਤ ਵਿਚ ਬੀਮਾਰੀ ਦੇ ਇਕ ਨਵੇਂ ਸ਼ੇਅਰ ਬਾਜ਼ਾਰ ਵਿਚ ਆਕਸੀਜਨ ਦੀ ਇਕ ਨਵੀਂ ਕਰੰਸੀ ਹੈ। ਉੱਘੇ ਰਾਜਨੇਤਾ, ਪੱਤਰਕਾਰ, ਵਕੀਲ ਭਾਰਤ ਦਾ ਕੁਲੀਨ ਵਰਗ - ਟਵਿੱਟਰ ਉੱਪਰ ਹਸਪਤਾਲਾਂ ਦੇ ਬੈੱਡ ਅਤੇ ਆਕਸੀਜਨ ਦੇ ਸਿਲੰਡਰ ਲਈ ਫ਼ਰਿਆਦ ਕਰ ਰਹੇ ਹਨ। ਸਿਲੰਡਰਾਂ ਦੀ ਇਕ ਗੁਪਤ ਮੰਡੀ ਵਧ-ਫੁੱਲ ਰਹੀ ਹੈ। ਆਕਸੀਜਨ ਸੈਚੂਰੇਸ਼ਨ ਮਸ਼ੀਨਾਂ ਅਤੇ ਦਵਾਈਆਂ ਮਿਲਣੀਆਂ ਮੁਸ਼ਕਿਲ ਹਨ।
ਮੰਡੀ ਕੁਛ ਹੋਰ ਚੀਜ਼ਾਂ ਦੀ ਵੀ ਹੈ। ਮੁਕਤ ਮੰਡੀ ਦੇ ਹੇਠਲੇ ਸਿਰੇ ’ਤੇ, ਆਪਣੇ ਪਿਆਰਿਆਂ ਦੀ ਇਕ ਆਖ਼ਰੀ ਝਲਕ ਦੇ ਲਈ ਰਿਸ਼ਵਤ, ਜਿਨ੍ਹਾਂ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਲਪੇਟ ਕੇ ਅਤੇ ਜਮਾ੍ਹ ਕਰਕੇ ਰੱਖਿਆ ਗਿਆ ਹੈ। ਇਕ ਪੁਜਾਰੀ ਦੀ ਵਧੀ ਹੋਈ ਭੇਟਾ ਜੋ ਅੰਤਿਮ ਰਸਮਾਂ ਨਿਭਾਉਣ ਲਈ ਰਾਜ਼ੀ ਹੋਇਆ ਹੈ। ਆਨਲਾਈਨ ਮੈਡੀਕਲ ਮਸ਼ਵਰੇ, ਜਿਸ ਵਿਚ ਪ੍ਰੇਸ਼ਾਨ ਪਰਿਵਾਰਾਂ ਨੂੰ ਬੇਰਹਿਮ ਡਾਕਟਰਾਂ ਵੱਲੋਂ ਲੁੱਟਿਆ ਜਾ ਰਿਹਾ ਹੈ।
ਉੱਪਰਲੇ ਸਿਰੇ ’ਤੇ, ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਤੁਹਾਨੂੰ ਆਪਣੀ ਜ਼ਮੀਨ-ਘਰ ਤੱਕ ਵੇਚਣਾ ਪੈ ਸਕਦਾ ਹੈ, ਆਪਣੇ ਆਖ਼ਰੀ ਰੁਪਏ ਵੀ ਇਸ ’ਚ ਲਗਾਉਣੇ ਪੈ ਸਕਦੇ ਹਨ। ਤੁਹਾਨੂੰ ਦਾਖ਼ਲ ਕਰਨ ਲਈ ਉਨ੍ਹਾਂ ਦੇ ਮੰਨ ਜਾਣ ਤੋਂ ਪਹਿਲਾਂ, ਸਿਰਫ਼ ਪਹਿਲਾਂ ਜਮਾਂ ਕਰਾਉਣ ਲਈ ਪੇਸ਼ਗੀ ਰਕਮ ਇਕੱਠੀ ਕਰਨ ’ਚ ਹੀ ਤੁਹਾਡਾ ਪਰਿਵਾਰ ਪੀੜੀਆਂ ਤੱਕ ਪਿੱਛੇ ਧੱਕਿਆ ਜਾ ਸਕਦਾ ਹੈ।
ਅਤੇ ਇਹ ਸਭ ਉਸ ਸਦਮੇ, ਅਫ਼ਰਾਤਫ਼ਰੀ, ਅਤੇ ਸਭ ਤੋਂ ਵਧ ਕੇ ਉਸ ਤਿ੍ਰਸਕਾਰ ਨੂੰ ਪੂਰਾ-ਪੂਰਾ ਬਿਆਨ ਨਹੀਂ ਕਰਦਾ ਹੈ ਜੋ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਮੇਰੇ ਇਕ ਨੌਜਵਾਨ ਦੋਸਤ ਟੀ ਨਾਲ ਜੋ ਹੋਇਆ, ਉਹ ਦਿੱਲੀ ਦੀਆਂ ਸੈਂਕੜੇ ਅਤੇ ਸ਼ਾਇਦ ਹਜ਼ਾਰਾਂ ਐਸੀਆਂ ਦਾਸਤਾਨਾਂ ਵਿੱਚੋਂ ਇਕ ਹੈ। ਟੀ ਜੋ ਆਪਣੀ ਉਮਰ ਦੇ ਤੀਜੇ ਦਹਾਕੇ ’ਚ ਹੈ, ਆਪਣੇ ਮਾਂ-ਬਾਪ ਨਾਲ ਦਿੱਲੀ ਦੇ ਬਾਹਰ ਗਾਜ਼ੀਆਬਾਦ ਵਿਚ ਇਕ ਨਿੱਕੇ ਜਹੇ ਫਲੈਟ ਵਿਚ ਰਹਿੰਦਾ ਹੈ।
ਉਨ੍ਹਾਂ ਤਿੰਨਾਂ ਦਾ ਟੈਸਟ ਕੋਵਿਡ ਪਾਜਿਟਿਵ ਆ ਗਿਆ। ਉਸ ਦੀ ਮਾਂ ਗੰਭੀਰ ਰੂਪ ’ਚ ਬੀਮਾਰ ਸੀ। ਕਿਉਕਿ ਅਜੇ ਇਹ ਮੁੱਢਲੇ ਦਿਨਾਂ ਦੀ ਗੱਲ ਸੀ, ਤਾਂ ਚੰਗੇ ਭਾਗੀਂ ਉਸ ਦੀ ਮਾਂ ਲਈ ਇਕ ਹਸਪਤਾਲ ਵਿਚ ਇਕ ਬੈੱਡ ਮਿਲ ਗਿਆ। ਉਸ ਦੇ ਪਿਤਾ, ਜਿਨ੍ਹਾਂ ਨੂੰ ਗੰਭੀਰ ਬਾਈਪੋਲਰ ਡਿਪਰੈਸ਼ਨ ਹੈ, ਹਿੰਸਕ ਹੋਣ ਲੱਗੇ ਅਤੇ ਉਨ੍ਹਾਂ ਨੇ ਖ਼ੁਦ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਸੌਣਾ ਬੰਦ ਕਰ ਦਿੱਤਾ। ਉਹ ਆਪਣੇ ਆਪ ਨੂੰ ਗੰਦਾ ਕਰ ਲੈਂਦੇ। ਉਨ੍ਹਾਂ ਦੀ ਮਨੋਚਿਕਿਤਸਕ ਉਨ੍ਹਾਂ ਦੀ ਆਨਲਾਈਨ ਮੱਦਦ ਕਰਨ ਦੀ ਵਾਹ ਲਾ ਰਹੀ ਸੀ, ਹਾਲਾਂਕਿ ਉਹ ਵੀ ਕਦੇ-ਕਦੇ ਟੁੱਟ ਜਾਂਦੀ ਕਿਉਕਿ ਉਸ ਦੇ ਪਿਤਾ ਹੁਣੇ ਹੀ ਕੋਵਿਡ ’ਚੋਂ ਗੁਜ਼ਰੇ ਸਨ।
ਉਨ੍ਹਾਂ ਨੇ ਕਿਹਾ ਕਿ ਟੀ ਦੇ ਪਿਤਾ ਨੂੰ ਹਸਪਤਾਲ ’ਚ ਦਾਖ਼ਲ ਕਰਨ ਦੀ ਜ਼ਰੂਰਤ ਸੀ, ਲੇਕਿਨ ਕਿਉਕਿ ਉਹ ਕੋਵਿਡ ਪਾਜਿਟਿਵ ਸਨ ਤਾਂ ਇਸ ਦੀ ਕੋਈ ਸੰਭਾਵਨਾ ਹੀ ਨਹੀਂ ਸੀ। ਤਾਂ ਟੀ ਰਾਤ ਦਰ ਰਾਤ ਜਾਗਦੇ ਹੋਏ ਆਪਣੇ ਪਿਤਾ ਨੂੰ ਸ਼ਾਂਤ ਕਰਦੇ, ਗਿੱਲੇ ਕੱਪੜੇ ਨਾਲ ਉਨ੍ਹਾਂ ਦਾ ਸਰੀਰ ਪੂੰਝਦੇ, ਸਾਫ਼ ਕਰਦੇ। ਹਰ ਵਾਰ ਜਦੋਂ ਮੈਂ ਉਸ ਨਾਲ ਗੱਲ ਕੀਤੀ ਮੈਨੂੰ ਆਪਣਾ ਸਾਹ ਉੱਖੜਦਾ ਹੋਇਆ ਮਹਿਸੂਸ ਹੋਇਆ।
ਅੰਤ ’ਚ, ਇਕ ਦਿਨ ਸੰਦੇਸ਼ ਆ ਗਿਆ: ‘ਪਿਤਾ ਜੀ ਗੁਜ਼ਰ ਗਏ।’ ਉਹ ਕੋਵਿਡ ਨਾਲ ਨਹੀਂ, ਸਗੋਂ ਬਲੱਡ ਪ੍ਰੈਸ਼ਰ ਬਹੁਤ ਵਧ ਜਾਣ ਨਾਲ ਫ਼ੌਤ ਹੋਏ, ਜੋ ਬੇਹੱਦ ਬੇਵਸੀ ਦੇ ਹਾਲਾਤ ’ਚ ਬਣੀ ਮਾਨਸਿਕ ਉੱਥਲ-ਪੁੱਥਲ ਦਾ ਨਤੀਜਾ ਸੀ।
ਉਨ੍ਹਾਂ ਦੀ ਦੇਹ ਦਾ ਕੀ ਕੀਤਾ ਜਾਵੇ? ਮੈਂ ਮਾਯੂਸੀ ’ਚ ਆਪਣੇ ਹਰੇਕ ਜਾਣੂ ਨੂੰ ਫ਼ੋਨ ਕੀਤੇ। ਜਵਾਬ ਦੇਣ ਵਾਲਿਆਂ ’ਚ ਇਕ ਅਨਿਰਬਾਨ ਭੱਟਾਚਾਰੀਆ ਸਨ, ਜੋ ਜਾਣੇ-ਪਛਾਣੇ ਸਮਾਜੀ ਕਾਰਕੁੰਨ ਹਰਸ਼ ਮੰਦਰ ਦੇ ਨਾਲ ਕੰਮ ਕਰਦੇ ਹਨ।
ਭੱਟਾਚਾਰੀਆ 2016 ’ਚ ਆਪਣੇ ਯੂਨੀਵਰਸਿਟੀ ਕੈਂਪਸ ’ਚ ਇਕ ਵਿਰੋਧ ਪ੍ਰਦਰਸ਼ਨ ਜਥੇਬੰਦ ਕਰਨ ’ਚ ਮੱਦਦ ਕਰਨ ਲਈ ਰਾਜਧੋ੍ਰਹ ਦੇ ਇਲਜ਼ਾਮ ’ਚ ਮੁਕੱਦਮਾ ਭੁਗਤ ਰਹੇ ਹਨ। (ਮਸ਼ਹੂਰ ਜੇ.ਐੱਨ.ਯੂ. ਰਾਜਧੋ੍ਰਹ ਮਾਮਲਾ)
ਪਿਛਲੇ ਸਾਲ ਦੀ ਗੰਭੀਰ ਲਾਗ ਤੋਂ ਅਜੇ ਪੂਰੀ ਤਰ੍ਹਾਂ ਠੀਕ ਨਾ ਹੋਏ ਮੰਦਰ ਉੱਪਰ ਵੀ ਨਿਗਰਾਨੀ ਦਾ ਖ਼ਤਰਾ ਮੰਡਰਾ ਰਿਹਾ ਹੈ ਅਤੇ ਉਨ੍ਹਾਂ ਦਾ ਅਨਾਥਘਰ ਬੰਦ ਕਰਾ ਦਿੱਤੇ ਜਾਣ ਦਾ ਡਰ ਹੈ, ਜੋ ਉਹ ਉਦੋਂ ਤੋਂ ਚਲਾਉਦੇ ਆ ਰਹੇ ਹਨ ਜਦੋਂ ਉਨ੍ਹਾਂ ਨੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ (ਐੱਨ.ਆਰ.ਸੀ.) ਅਤੇ ਦਸੰਬਰ 2019 ’ਚ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਖ਼ਿਲਾਫ਼ ਲੋਕਾਂ ਨੂੰ ਇਕਜੁੱਟ ਕੀਤਾ ਸੀ।
ਇਹ ਦੋਵੇਂ ਮੁਸਲਮਾਨਾਂ ਨਾਲ ਸਰੇਆਮ ਵਿਤਕਰਾ ਕਰਨ ਵਾਲੇ ਸਰਕਾਰੀ ਕਦਮ ਸਨ। ਮੰਦਰ ਅਤੇ ਭੱਟਾਚਾਰੀਆ ਉਨ੍ਹਾਂ ਅਨੇਕ ਨਾਗਰਿਕਾਂ ਵਿੱਚੋਂ ਹਨ, ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਸ਼ਾਸਨ ਦੀ ਗ਼ੈਰਮੌਜੂਦਗੀ ’ਚ, ਹੈਲਪਲਾਈਨਾਂ ਅਤੇ ਐਮਰਜੈਂਸੀ ਮੱਦਦ ਦਾ ਤਾਣਾਬਾਣਾ ਬਣਾਇਆ ਹੈ ਅਤੇ ਐਂਬੂਲੈਂਸਾਂ ਦਾ ਇੰਤਜ਼ਾਮ, ਅੰਤਿਮ ਸੰਸਕਾਰਾਂ ਦੀ ਵਿਵਸਥਾ ਅਤੇ ਲਾਸ਼ਾਂ ਨੂੰ ਲਿਆਉਣ-ਲਿਜਾਣ ਦੇ ਕੰਮ ’ਚ ਹਾਲੋ-ਬੇਹਾਲ ਹੋ ਕੇ ਜੁੱਟੇ ਹੋਏ ਹਨ।
ਆਪਣੀ ਮਰਜ਼ੀ ਨਾਲ ਇਸ ਕੰਮ ’ਚ ਲੱਗੇ ਇਹ ਲੋਕ ਜੋ ਕਰ ਰਹੇ ਹਨ, ਉਹ ਉਨ੍ਹਾਂ ਨੇ ਲਈ ਮਹਿਫ਼ੂਜ਼ ਨਹੀਂ ਹੈ। ਮਹਾਮਾਰੀ ਦੀ ਇਸ ਲਹਿਰ ਦੀ ਲਪੇਟ ’ਚ ਆਉਣ ਵਾਲਿਆਂ ’ਚ ਨੌਜਵਾਨ ਲੋਕ ਹਨ, ਜੋ ਇੰਟੈਂਸਿਵ ਕੇਅਰ ਯੂਨਿਟਾਂ ਵਿਚ ਭਰਤੀ ਕੀਤੇ ਜਾ ਰਹੇ ਹਨ। ਜਦੋਂ ਨੌਜਵਾਨ ਲੋਕ ਮਰਦੇ ਹਨ ਤਾਂ ਸਾਡੇ ਵਿੱਚੋਂ ਬਜ਼ੁਰਗਾਂ ਦੀ ਜਿਊਣ ਦੀ ਖ਼ਵਾਇਸ਼ ਰਤਾ ਕੁ ਹੋਰ ਖ਼ੁਰ ਜਾਂਦੀ ਹੈ।
ਟੀ ਦੇ ਪਿਤਾ ਦਾ ਅੰਤਿਮ ਸੰਸਕਾਰ ਹੋ ਗਿਆ। ਟੀ ਅਤੇ ਉਸ ਦੇ ਮਾਤਾ ਜੀ ਠੀਕ ਹੋ ਰਹੇ ਹਨ।
----
ਹਾਲਾਤ ਆਖ਼ਿਰਕਾਰ ਸੰਭਲ ਜਾਣਗੇ। ਬੇਸ਼ੱਕ ਇਹ ਹੋਵੇਗਾ। ਲੇਕਿਨ ਅਸੀਂ ਨਹੀਂ ਜਾਣਦੇ ਕਿ ਉਹ ਦਿਨ ਦੇਖਣ ਲਈ ਸਾਡੇ ਵਿੱਚੋਂ ਕੌਣ ਬਚਿਆ ਰਹੇਗਾ। ਅਮੀਰ ਸੌਖ ਨਾਲ ਸਾਹ ਲੈਣਗੇ। ਗ਼ਰੀਬ ਨਹੀਂ ਲੈ ਸਕਣਗੇ।
ਫ਼ਿਲਹਾਲ ਬੀਮਾਰ ਅਤੇ ਮਰਨ ਵਾਲੇ ਲੋਕਾਂ ’ਚ ਲੋਕਤੰਤਰ ਦੀਆਂ ਨਿਸ਼ਾਨੀਆਂ ਨਜ਼ਰ ਆਉਦੀਆਂ ਹਨ। ਇਸ ਦੀ ਲਪੇਟ ’ਚ ਆਉਣ ਵਾਲਿਆਂ ’ਚ ਅਮੀਰ ਵੀ ਹਨ। ਹਸਪਤਾਲ ਆਕਸੀਜਨ ਲਈ ਲੇਲੜੀਆਂ ਕੱਢ ਰਹੇ ਹਨ। ਕੁਛ ਨੇ ਆਪਣੀ ਆਕਸੀਜਨ ਖ਼ੁਦ ਲਿਆਉਣ ਦੀ ਯੋਜਨਾ ਸ਼ੁਰੂ ਕੀਤੀ ਹੈ।
ਆਕਸੀਜਨ ਸੰਕਟ ਦੇ ਨਤੀਜੇ ਵਜੋਂ ਰਾਜਾਂ ਦਰਮਿਆਨ ਇਕ ਤਿੱਖੀ ਅਤੇ ਘਟੀਆ ਲੜਾਈ ਸ਼ੁਰੂ ਹੋ ਗਈ ਹੈ, ਜਦੋਂ ਰਾਜਨੀਤਕ ਪਾਰਟੀਆਂ ਆਪਣੇ ਉੱਪਰੋਂ ਇਲਜ਼ਾਮ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਦਿੱਲੀ ਦੇ ਸਭ ਤੋਂ ਬੜੇ ਨਿੱਜੀ ਹਸਪਤਾਲਾਂ ਵਿੱਚੋਂ ਇਕ ਸਰ ਗੰਗਾ ਰਾਮ ਹਸਪਤਾਲ ਵਿਚ 22 ਅਪ੍ਰੈਲ ਦੀ ਰਾਤ ਨੂੰ ਹਾਈ-ਫਲੋਅ ਆਕਸੀਜਨ ਉੱਪਰ ਪਾਏ ਗੰਭੀਰ ਰੂਪ ’ਚ ਬੀਮਾਰ, 25 ਕੋਵਿਡ ਮਰੀਜ ਦਮ ਤੋੜ ਗਏ। ਹਸਪਤਾਲ ਨੇ ਆਪਣੀ ਆਕਸੀਜਨ ਸਪਲਾਈ ਨੂੰ ਮੁੜ ਭਰਨ ਲਈ ਬਹੁਤ ਸਾਰੇ ਮਾਯੂਸੀ ਵਾਲੇ ਐਮਰਜੈਂਸੀ ਸੰਦੇਸ਼ ਭੇਜੇ।
ਇਕ ਦਿਨ ਬਾਦ, ਹਸਪਤਾਲ ਬੋਰਡ ਦੇ ਪ੍ਰਧਾਨ ਕਾਹਲੀ-ਕਾਹਲੀ ਮਾਮਲੇ ਦੀ ਸਫ਼ਾਈ ਦਿੰਦੇ ਨਜ਼ਰ ਆਏ: ‘ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਆਕਸੀਜਨ ਸੁਪੋਰਟ ਦੀ ਘਾਟ ਦੇ ਕਾਰਨ ਮਰੇ ਹਨ।’
24 ਅਪ੍ਰੈਲ ਨੂੰ 20 ਹੋਰ ਮਰੀਜਾਂ ਦੀ ਮੌਤ ਹੋ ਗਈ, ਜਦੋਂ ਦਿੱਲੀ ਦੇ ਇਕ ਹੋਰ ਬੜੇ ਹਸਪਤਾਲ ਜੈਪੁਰ ਗੋਲਡਨ ਵਿਚ ਆਕਸੀਜਨ ਦੀ ਸਪਲਾਈ ਖ਼ਤਮ ਹੋ ਗਈ। ਉਸੇ ਦਿਨ, ਦਿੱਲੀ ਹਾਈਕੋਰਟ ’ਚ ਭਾਰਤ ਦੇ ਅਟਾਰਨੀ ਜਨਰਲ ਤੁਸ਼ਾਰ ਮਹਿਤਾ ਨੇ ਭਾਰਤ ਸਰਕਾਰ ਵੱਲੋਂ ਬੋਲਦੇ ਹੋਏ ਕਿਹਾ: ‘ਰੋਂਦੂ ਬੱਚੇ ਬਣਨ ਤੋਂ ਗੁਰੇਜ਼ ਕਰੋ.... ਹੁਣ ਤੱਕ ਅਸੀਂ ਇਹ ਯਕੀਨੀਂ ਬਣਾ ਲਿਆ ਹੈ ਕਿ ਮੁਲਕ ’ਚ ਕੋਈ ਵੀ ਬਿਨਾਂ ਆਕਸੀਜਨ ਦੇ ਨਹੀਂ ਹੈ।’
ਉੱਤਰ ਪ੍ਰਦੇਸ਼ ਦੇ ਭਗਵੇਂ ਮੁੱਖ ਮੰਤਰੀ ਅਜੇ ਮੋਹਨ ਬਿਸ਼ਟ ਨੇ, ਜੋ ਯੋਗੀ ਅਦਿੱਤਿਆਨਾਥ ਵਜੋਂ ਜਾਣਿਆ ਜਾਂਦਾ ਹੈ, ਨੇ ਐਲਾਨ ਕੀਤਾ ਹੈ ਕਿ ਉਸ ਦੇ ਰਾਜ ਵਿਚ ਕਿਸੇ ਹਸਪਤਾਲ ’ਚ ਆਕਸੀਜਨ ਦੀ ਕੋਈ ਘਾਟ ਨਹੀਂ ਹੈ ਅਤੇ ਅਫ਼ਵਾਹ ਫੈਲਾਉਣ ਵਾਲਿਆਂ ਨੂੰ ਨੈਸ਼ਨਲ ਸਕਿਊਰਿਟੀ ਐਕਟ ਤੇ ਤਹਿਤ ਬਿਨਾਂ ਜ਼ਮਾਨਤ ਗਿ੍ਰਫ਼ਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ।
ਯੋਗੀ ਅਦਿੱਤਿਆਨਾਥ ਕੋਈ ਗੱਲ ਸਰਸਰੀ ਨਹੀਂ ਕਹਿੰਦੇ। ਕੇਰਲ ਦੇ ਇਕ ਮੁਸਲਮਾਨ ਪੱਤਰਕਾਰ ਸਿਦੀਕ ਕੱਪਨ ਉੱਤਰ ਪ੍ਰਦੇਸ਼ ’ਚ ਮਹੀਨਿਆਂ ਤੋਂ ਜੇਲ੍ਹ ’ਚ ਬੰਦ ਹਨ, ਜਦੋਂ ਉਹ ਅਤੇ ਦੋ ਹੋਰ ਜਣੇ ਹਾਥਰਸ ਜ਼ਿਲ੍ਹੇ ਵਿਚ ਇਕ ਲੜਕੀ ਦੇ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੀ ਰਿਪੋਰਟ ਕਰਨ ਲਈ ਉੱਥੇ ਗਏ ਸਨ।
ਕੱਪਨ ਗੰਭੀਰ ਰੂਪ ’ਚ ਬੀਮਾਰ ਹਨ ਅਤੇ ਕੋਵਿਡ ਪਾਜਿਟਿਵ ਹਨ। ਉਨ੍ਹਾਂ ਦੀ ਪਤਨੀ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਦਿੱਤੀ ਇਕ ਮਾਯੂਸੀ ਭਰੀ ਪਟੀਸ਼ਨ ਵਿਚ ਦੱਸਿਆ ਕਿ ਉਸ ਦੇ ਪਤੀ ਨੂੰ ਮਥੁਰਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਕ ਬੈੱਡ ਨਾਲ ‘ਜਾਨਵਰਾਂ ਦੀ ਤਰ੍ਹਾਂ’ ਬੰਨ੍ਹ ਕੇ ਰੱਖਿਆ ਗਿਆ ਹੈ। (ਸੁਪਰੀਮ ਕੋਰਟ ਨੇ ਹੁਣ ਉੱਤਰ ਪ੍ਰਦੇਸ਼ ਸਰਕਾਰ ਨੂੰ ਉਸ ਨੂੰ ਦਿੱਲੀ ਦੇ ਇਕ ਹਸਪਤਾਲ ’ਚ ਲੈ ਜਾਣ ਦਾ ਆਦੇਸ਼ ਦਿੱਤਾ ਹੈ।)
ਸੋ ਜੇ ਤੁਸੀਂ ਉੱਤਰ ਪ੍ਰਦੇਸ਼ ਵਿਚ ਰਹਿੰਦੇ ਹੋ, ਤਾਂ ਸੰਦੇਸ਼ ਇਹ ਜਾਪਦਾ ਹੈ ਕਿ ਆਪਣੇ ਉੱਪਰ ਮਿਹਰਬਾਨੀ ਕਰੋ ਅਤੇ ਬਿਨਾਂ ਸ਼ਿਕਾਇਤ ਕੀਤਿਆਂ ਮਰ ਜਾਓ।
ਸ਼ਿਕਾਇਤ ਕਰਨ ਵਾਲਿਆਂ ਨੂੰ ਖ਼ਤਰਾ ਸਿਰਫ਼ ਉੱਤਰ ਪ੍ਰਦੇਸ਼ ਤੱਕ ਸੀਮਤ ਨਹੀਂ ਹੈ। ਫਾਸ਼ੀਵਾਦੀ ਹਿੰਦੂ ਰਾਸ਼ਟਰਵਾਦੀ ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.), ਮੋਦੀ ਅਤੇ ਉਸ ਦੇ ਕਈ ਮੰਤਰੀ ਜਿਸ ਦੇ ਮੈਂਬਰ ਹਨ ਅਤੇ ਜਿਸ ਦੀ ਆਪਣੀ ਹਥਿਆਰਬੰਦ ਮਿਲੀਸ਼ੀਆ ਹੈ ਦੇ ਇਕ ਬੁਲਾਰੇ ਨੇ ਚੇਤਾਵਨੀ ਦਿੱਤੀ ਹੈ ਕਿ ‘ਭਾਰਤ ਵਿਰੋਧੀ ਤਾਕਤਾਂ’ ਇਸ ਸੰਕਟ ਸੰਕਟ ਦਾ ਲਾਹਾ ‘ਨਕਾਰਾਤਮਕਤਾ’ ਅਤੇ ‘ਬੇਵਿਸ਼ਵਾਸੀ’ ਦੀ ਅੱਗ ਭੜਕਾਉਣ ਲਈ ਲੈਣਗੀਆਂ ਅਤੇ ਉਸ ਨੇ ਮੀਡੀਆ ਤੋਂ ‘ਸਕਾਰਾਤਮਕ ਮਾਹੌਲ’ ਬਣਾਉਣ ’ਚ ਮੱਦਦ ਕਰਨ ਦੀ ਮੰਗ ਕੀਤੀ ਹੈ। ਟਵਿੱਟਰ ਨੇ ਉਨ੍ਹਾਂ ਦੀ ਮੱਦਦ ਕਰਦੇ ਹੋਏ ਸਰਕਾਰ ਦੇ ਪ੍ਰਤੀ ਆਲੋਚਨਾਤਮਕ ਰੁਖ਼ ਅਖ਼ਤਿਆਰ ਕਰਨ ਵਾਲੇ ਅਕਾਊਂਟ ਜਾਮ ਕਰ ਦਿੱਤੇ ਹਨ।
ਮਨ ਨੂੰ ਧਰਵਾਸ ਦੇਣ ਅਸੀਂ ਕਿਸ ਪਾਸੇ ਝਾਕ ਰੱਖਾਂਗੇ? ਵਿਗਿਆਨ ਤੋਂ? ਕੀ ਅਸੀਂ ਅੰਕੜਿਆਂ ਦੇ ਭਰੋਸੇ ਰਹਾਂਗੇ? ਕਿੰਨੀਆਂ ਮੌਤਾਂ? ਕਿੰਨੇ ਠੀਕ ਹੋਏ? ਕਿੰਨੇ ਇਸ ਦੀ ਲਪੇਟ ’ਚ ਆਏ? ਇਸ ਦਾ ਸਿਖ਼ਰ ਕਦੋਂ ਆਵੇਗਾ?
27 ਅਪ੍ਰੈਲ ਨੂੰ 32,144 ਨਵੇਂ ਮਾਮਲਿਆਂ ਅਤੇ 2771 ਮੌਤਾਂ ਦੀ ਖ਼ਬਰ ਸੀ। ਅੰਕੜਿਆਂ ਦੀ ਇਹ ਸਟੀਕਤਾ ਕੁਛ-ਕੁਛ ਧਰਵਾਸ ਦਿੰਦੀ ਹੈ। ਫ਼ਰਕ ਬਸ ਇਹ ਹੈ ਸਾਨੂੰ ਕਿਵੇਂ ਪਤੈ?
ਇੱਥੋਂ ਤੱਕ ਕਿ ਦਿੱਲੀ ਵਿਚ ਵੀ ਟੈਸਟ ਕਰਵਾ ਸਕਣਾ ਬਹੁਤ ਮੁਸ਼ਕਿਲ ਹੈ। ਕਸਬਿਆਂ ਅਤੇ ਸ਼ਹਿਰਾਂ ਵਿਚ ਕਬਰਸਤਾਨਾਂ ਅਤੇ ਸ਼ਮਸ਼ਾਨਾਂ ਵਿਚ ਕੋਵਿਡ-ਨਿਯਮਾਂ ਮੁਤਾਬਿਕ ਹੋਣ ਵਾਲੇ ਅੰਤਿਮ ਸੰਸਕਾਰਾਂ ਦੀ ਗਿਣਤੀ ਦੱਸਦੀ ਹੈ ਕਿ ਮੌਤ ਦੇ ਅੰਕੜੇ ਅਧਿਕਾਰਕ ਗਿਣਤੀ ਨਾਲੋਂ 30 ਗੁਣਾਂ ਜ਼ਿਆਦਾ ਹਨ। ਮਹਾਨਗਰਾਂ ਦੇ ਬਾਹਰ ਕੰਮ ਕਰਨ ਵਾਲੇ ਡਾਕਟਰ ਦੱਸ ਸਕਦੇ ਹਨ ਕਿ ਹਾਲਾਤ ਕੀ ਹਨ।
ਜੇ ਦਿੱਲੀ ਟੁੱਟ ਰਹੀ ਹੈ, ਤਾਂ ਸਾਨੂੰ ਕਿਵੇਂ ਕਲਪਨਾ ਕਰਨੀ ਚਾਹੀਦੀ ਹੈ ਕਿ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਪਿੰਡਾਂ ਵਿਚ ਕੀ ਹੋ ਰਿਹਾ ਹੈ? ਜਿੱਥੇ ਸ਼ਹਿਰਾਂ ਤੋਂ ਕਰੋੜਾਂ ਮਜ਼ਦੂਰ ਆਪਣੇ ਨਾਲ ਵਾਇਰਸ ਲੈ ਕੇ ਆਪਣੇ ਪਰਿਵਾਰਾਂ ਕੋਲ ਆਪਣੇ ਘਰਾਂ ਨੂੰ ਪਰਤ ਰਹੇ ਹਨ, ਉਨ੍ਹਾਂ ਦੇ ਜ਼ਿਹਨ ’ਚ 2020 ’ਚ ਮੋਦੀ ਦੇ ਰਾਸ਼ਟਰੀ ਲੌਕਡਾਊਨ ਦੀਆਂ ਯਾਦਾਂ ਦੀ ਦਹਿਸ਼ਤ ਹੈ।
ਇਹ ਦੁਨੀਆ ਦਾ ਸਭ ਤੋਂ ਸਖ਼ਤ ਲੌਕਡਾਊਨ ਸੀ, ਜਿਸ ਨੂੰ ਮਹਿਜ਼ ਚਾਰ ਘੰਟਿਆਂ ਦੇ ਨੋਟਿਸ ਉੱਪਰ ਲਾਗੂ ਕਰ ਦਿੱਤਾ ਗਿਆ ਸੀ। ਇਸ ਨਾਲ ਪ੍ਰਵਾਸੀ ਮਜ਼ਦੂਰ ਰੋਜ਼ਗਾਰ ਤੋਂ ਬਿਨਾਂ, ਰਿਹਾਇਸ਼ ਦੇ ਕਿਰਾਏ ਜੋਗੇ ਪੈਸਿਆਂ ਤੋਂ ਬਿਨਾਂ, ਖਾਣੇ ਅਤੇ ਆਵਾਜਾਈ ਦੇ ਸਾਧਨਾਂ ਦੀ ਅਣਹੋਂਦ ’ਚ, ਸ਼ਹਿਰਾਂ ’ਚ ਫਸ ਗਏ ਸਨ। ਕਈਆਂ ਨੂੰ ਆਪਣੇ ਦੂਰ-ਦਰਾਜ ਪਿੰਡਾਂ ਵਿਚਲੇ ਆਪਣੇ ਘਰਾਂ ’ਚ ਪਹੁੰਚਣ ਲਈ ਸੈਂਕੜੇ ਮੀਲ ਤੁਰਨਾ ਪਿਆ, ਸੈਂਕੜੇ ਰਸਤੇ ’ਚ ਹੀ ਦਮ ਤੋੜ ਗਏ।
ਇਸ ਵਾਰ, ਹਾਲਾਂਕਿ ਕੋਈ ਰਾਸ਼ਟਰੀ ਲੌਕਡਾਊਨ ਨਹੀਂ ਹੈ, ਮਜ਼ਦੂਰਾਂ ਨੇ ਹੁਣੇ ਚਾਲੇ ਪਾ ਦਿੱਤੇ ਹਨ, ਜਦੋਂ ਆਵਾਜਾਈ ਅਜੇ ਮਿਲ ਰਹੀ ਹੈ, ਜਦੋਂ ਟਰੇਨਾਂ ਅਤੇ ਬੱਸਾਂ ਅਜੇ ਚੱਲ ਰਹੀਆਂ ਹਨ। ਉਹ ਚੱਲ ਪਏ ਹਨ ਕਿਉਕਿ ਉਹ ਜਾਣਦੇ ਹਨ ਕਿ ਚਾਹੇ ਉਹ ਇਸ ਵਿਸ਼ਾਲ ਮੁਲਕ ਦੀ ਆਰਥਿਕਤਾ ਦਾ ਇੰਜਣ ਹਨ, ਜਦੋਂ ਕੋਈ ਸੰਕਟ ਆਉਦਾ ਹੈ ਤਾਂ ਇਸ ਰਾਜ-ਪ੍ਰਸ਼ਾਸਨ ਦੀਆਂ ਨਜ਼ਰਾਂ ’ਚ ਉਨ੍ਹਾਂ ਦੀ ਕੋਈ ਹੋਂਦ ਨਹੀਂ ਹੁੰਦੀ।
ਇਸ ਸਾਲ ਦੇ ਪਲਾਇਨ ਦੇ ਨਤੀਜੇ ’ਚ ਇਕ ਵੱਖਰੀ ਤਰ੍ਹਾਂ ਦੀ ਗੜਬੜ ਹੋਈ ਹੈ: ਆਪਣੇ ਪਿੰਡਾਂ ਦੇ ਘਰਾਂ ’ਚ ਵੜਨ ਤੋਂ ਪਹਿਲਾਂ ਉਨ੍ਹਾਂ ਲਈ ਕੁਆਰੰਟੀਨ ’ਚ ਰਹਿਣ ਲਈ ਕੋਈ ਸੈਂਟਰ ਵੀ ਨਹੀਂ ਹੈ। ਸ਼ਹਿਰਾਂ ਵਿਚ ਫੈਲੇ ਵਾਇਰਸ ਤੋਂ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਕੋਈ ਦਿਖਾਵਾ ਤੱਕ ਨਹੀਂ ਕੀਤਾ ਜਾ ਰਿਹਾ।
ਇਹ ਉਹ ਪਿੰਡ ਹਨ ਜਿੱਥੇ ਲੋਕ ਸੌਖਿਆਂ ਹੀ ਇਲਾਜ ਯੋਗ ਟੱਟੀਆਂ-ਉਲਟੀਆਂ ਅਤੇ ਟੀ.ਬੀ. ਵਰਗੀਆਂ ਬੀਮਾਰੀਆਂ ਨਾਲ ਮਰ ਜਾਂਦੇ ਹਨ। ਉਹ ਕੋਵਿਡ ਦਾ ਸਾਹਮਣਾ ਕਿਵੇਂ ਕਰਨਗੇ? ਕੀ ਉਨ੍ਹਾਂ ਕੋਲ ਕੋਵਿਡ ਟੈਸਟ ਦੀ ਸਹੂਲਤ ਹੈ? ਕੀ ਹਸਪਤਾਲ ਹਨ? ਕੀ ਉੱਥੇ ਆਕਸੀਜਨ ਹੈ? ਉਸ ਤੋਂ ਅੱਗੇ, ਕੀ ਪਿਆਰ ਹੈ? ਪਿਆਰ ਨੂੰ ਭੁੱਲ ਜਾਓ, ਕੋਈ ਚਿੰਤਾ ਵੀ ਹੈ?
ਨਹੀਂ ਹੈ। ਕਿਉਕਿ ਜਿੱਥੇ ਭਾਰਤ ਦਾ ਜਨਤਕ ਦਿਲ ਹੋਣਾ ਚਾਹੀਦਾ ਹੈ, ਉੱਥੇ ਇਕ ਦਿਲਨੁਮਾ ਖੋਲ ਹੈ ਜਿਸ ਵਿਚ ਇਕ ਸਰਦ ਬੇਪ੍ਰਵਾਹੀ ਭਰੀ ਹੋਈ ਹੈ।
----
28 ਅਪ੍ਰੈਲ ਦੀ ਸਵੇਰ ਨੂੰ ਖ਼ਬਰ ਆਈ ਕਿ ਸਾਡੇ ਦੋਸਤ ਪ੍ਰਭੂਭਾਈ ਨਹੀਂ ਰਹੇ। ਮੌਤ ਤੋਂ ਪਹਿਲਾਂ ਉਨ੍ਹਾਂ ’ਚ ਕੋਵਿਡ ਦੇ ਜਾਣੇ-ਪਛਾਣੇ ਲੱਛਣ ਮਿਲੇ ਸਨ। ਲੇਕਿਨ ਉਨ੍ਹਾਂ ਦੀ ਮੌਤ ਕੋਵਿਡ ਦੀ ਅਧਿਕਾਰਕ ਗਿਣਤੀ ’ਚ ਦਰਜ ਨਹੀਂ ਹੋਵੇਗੀ ਕਿਉਕਿ ਉਨ੍ਹਾਂ ਦੀ ਮੌਤ ਬਿਨਾਂ ਟੈਸਟ ਜਾਂ ਬਿਨਾਂ ਇਲਾਜ ਘਰ ’ਚ ਹੀ ਹੋਈ।
ਪ੍ਰਭੂਭਾਈ ਨਰਮਦਾ ਘਾਟੀ ’ਚ ਡੈਮ ਵਿਰੋਧੀ ਅੰਦੋਲਨ ਦੇ ਪੁਰਾਣੇ ਘੁਲਾਟੀਏ ਸਨ। ਮੈਂ ਕੇਵੜੀਆ ’ਚ ਉਨ੍ਹਾਂ ਦੇ ਘਰ ਕਈ ਵਾਰ ਰਹੀ ਹਾਂ, ਜਿੱਥੇ ਦਹਾਕੇ ਪਹਿਲਾਂ ਆਦਿਵਾਸੀ ਲੋਕਾਂ ਦੇ ਪਹਿਲੇ ਸਮੂਹ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਉਜਾੜ ਦਿੱਤਾ ਗਿਆ ਸੀ ਤਾਂ ਜੋ ਉੱਥੇ ਡੈਮ ਦੀ ਉਸਾਰੀ ਕਰਨ ਵਾਲਿਆਂ ਅਤੇ ਅਫ਼ਸਰਾਂ ਦੀਆਂ ਬਸਤੀਆਂ ਵਸਾਈਆਂ ਜਾ ਸਕਣ।
ਪ੍ਰਭੂਭਾਈ ਦੇ ਪਰਿਵਾਰ ਵਰਗੇ ਉੱਜੜੇ ਹੋਏ ਪਰਿਵਾਰ ਅਜੇ ਵੀ ਉਸ ਬਸਤੀ ਦੇ ਕਿਨਾਰੇ ਰਹਿੰਦੇ ਹਨ, ਬੁਰੇ ਹਾਲ ਅਤੇ ਅਨਿਸ਼ਚਿਤ ਜ਼ਿੰਦਗੀ, ਉਸੇ ਜ਼ਮੀਨ ਉੱਪਰ ਗ਼ੈਰਕਾਨੂੰਨੀ ਬਾਸ਼ਿੰਦੇ ਜੋ ਕਦੇ ਉਨ੍ਹਾਂ ਦੀ ਹੁੰਦੀ ਸੀ।
ਕੇਵੜੀਆ ’ਚ ਕੋਈ ਹਸਪਤਾਲ ਨਹੀਂ ਹੈ। ਸਿਰਫ਼ ਸਟੈਚੂ ਆਫ਼ ਯੂਨਿਟੀ ਹੈ, ਜੋ ਸੁਤੰਤਰਤਾ ਸੈਨਾਨੀ ਅਤੇ ਭਾਰਤ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਸਰਦਾਰ ਵੱਲਭਭਾਈ ਪਟੇਲ ਦਾ ਹੈ, ਜਿਸ ਦੇ ਨਾਮ ’ਤੇ ਡੈਮ ਦਾ ਨਾਮ ਰੱਖਿਆ ਗਿਆ ਹੈ। 182 ਮੀਟਰ ਉੱਚਾ ਇਹ ਬੁੱਤ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹੈ ਜਿਸ ਦੀ ਲਾਗਤ 42.2 ਕਰੋੜ ਅਮਰੀਕਨ ਡਾਲਰ ਹੈ।
ਇਸ ਦੇ ਅੰਦਰ ਲਗਾਈ ਤੇਜ਼ ਰਫ਼ਤਾਰ ਲਿਫਟ ਸਰਦਾਰ ਪਟੇਲ ਦੇ ਸੀਨੇ ਦੀ ਉਚਾਈ ਤੱਕ ਡੈਮ ਦਾ ਨਜ਼ਾਰਾ ਲੈਣ ਲਈ ਸੈਲਾਨੀਆਂ ਨੂੰ ਉੱਪਰ ਲੈ ਜਾਂਦੀ ਹੈ।
ਬੇਸ਼ੱਕ ਤੁਸੀਂ ਨਦੀ ਘਾਟੀ ਸੱਭਿਅਤਾ ਨੂੰ ਨਹੀਂ ਦੇਖ ਸਕਦੇ ਜੋ ਇਸ ਵਿਸ਼ਾਲ ਜਲ-ਭੰਡਾਰ ਦੀਆਂ ਗਹਿਰਾਈਆਂ ’ਚ ਤਬਾਹ ਹੋ ਕੇ ਡੁੱਬੀ ਹੋਈ ਹੈ, ਜਾਂ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਨਹੀਂ ਸੁਣ ਸਕਦੇ ਜਿਨ੍ਹਾਂ ਨੇ ਦੁਨੀਆ ਦੀ ਜਾਣਕਾਰੀ ’ਚ ਸਭ ਤੋਂ ਖ਼ੂਬਸੂਰਤ ਅਤੇ ਗਹਿਰਾ ਸੰਘਰਸ਼ ਉਸਾਰਿਆ ਮਹਿਜ਼ ਇਕ ਡੈਮ ਦੇ ਖ਼ਿਲਾਫ਼ ਨਹੀਂ ਸਗੋਂ ਸੱਭਿਅਤਾ, ਖ਼ੁਸ਼ਹਾਲੀ ਅਤੇ ਤਰੱਕੀ ਦੇ ਮਨਜ਼ੂਰਸ਼ੁਦਾ ਵਿਚਾਰਾਂ ਦੇ ਖ਼ਿਲਾਫ਼। ਬੁੱਤ ਮੋਦੀ ਦਾ ਚਹੇਤਾ ਪ੍ਰੋਜੈਕਟ ਸੀ। ਉਨ੍ਹਾਂ ਨੇ ਅਕਤੂਬਰ 2018 ’ਚ ਇਸ ਦਾ ਉਦਘਾਟਨ ਕੀਤਾ।
ਜਿਸ ਦੋਸਤ ਨੇ ਪ੍ਰਭੂਭਾਈ ਬਾਰੇ ਸੰਦੇਸ਼ ਭੇਜਿਆ ਸੀ, ਉਸ ਨੇ ਨਰਮਦਾ ਘਾਟੀ ’ਚ ਇਕ ਡੈਮ ਵਿਰੋਧੀ ਕਾਰਕੁੰਨ ਵਜੋਂ ਕਈ ਵਰ੍ਹੇ ਗੁਜ਼ਾਰ ਦਿੱਤੇ ਹਨ। ਉਸ ਨੇ ਲਿਖਿਆ: ‘ਇਹ ਲਿਖਦੇ ਹੋਏ ਮੇਰੇ ਹੱਥ ਕੰਬ ਰਹੇ ਹਨ। ਕੇਵੜੀਆ ਬਸਤੀ ’ਚ ਅਤੇ ਆਲੇ-ਦੁਆਲੇ ਦੇ ਹਾਲਾਤ ਭਿਆਨਕ ਹਨ।’
ਭਾਰਤ ਵਿਚ ਕੋਵਿਡ ਦਾ ਗ੍ਰਾਫ਼ ਸਟੀਕ ਅੰਕੜਿਆਂ ਨਾਲ ਬਣਦਾ ਹੈ, ਇਹ ਉਸ ਦੀਵਾਰ ਦੀ ਤਰ੍ਹਾਂ ਹਨ ਜੋ ਅਹਿਮਦਾਬਾਦ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਲੁਕੋਣ ਲਈ ਬਣਾਈ ਗਈ ਸੀ। ਇਸ ਲਈ ਕਿ ਫਰਵਰੀ 2020 ’ਚ ਡੋਨਾਲਡ ਟਰੰਪ ਨੇ ਉਸ ਰਸਤਿਓਂ ਹੋ ਕੇ ‘ਨਮਸਤੇ ਟਰੰਪ’ ਪ੍ਰੋਗਰਾਮ ’ਚ ਜਾਣਾ ਸੀ, ਜਿਸ ਦੀ ਮੇਜ਼ਬਾਨੀ ਮੋਦੀ ਨੇ ਉਚੇਚੇ ਤੌਰ ’ਤੇ ਕੀਤੀ ਸੀ।
ਇਹ ਅੰਕੜੇ ਭਿਆਨਕ ਹਨ, ਇਹ ਤੁਹਾਨੂੰ ਉਸ ਦੀ ਤਸਵੀਰ ਦਿਖਾਉਦੇ ਹਨ ਕਿ ਭਾਰਤ ਵਿਚ ਕਿਸ ਦਾ ਮਹੱਤਵ ਹੈ, ਲੇਕਿਨ ਯਕੀਨੀਂ ਤੌਰ ’ਤੇ ਇਹ ਉਸ ਨੂੰ ਨਹੀਂ ਦਿਖਾਉਦੇ ਕਿ ਭਾਰਤ ਹਕੀਕਤ ’ਚ ਕੀ ਹੈ। ਭਾਰਤ ਜੋ ਹਕੀਕਤ ਹੈ, ਉਸ ਵਿਚ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਿੰਦੂ ਦੇ ਰੂਪ ’ਚ ਵੋਟ ਦੇਣ, ਲੇਕਿਨ ਕਿਸੇ ਨਾਚੀਜ਼ ਦੀ ਤਰ੍ਹਾਂ ਦਮ ਤੋੜ ਜਾਣ।
‘ਰੋਂਦੂ ਬੱਚਾ ਬਣਨ ਤੋਂ ਗੁਰੇਜ਼ ਕਰੋ।’
ਇਸ ਉੱਪਰ ਧਿਆਨ ਦੇਣ ਤੋਂ ਗੁਰੇਜ਼ ਕਰੋ ਕਿ ਅਪ੍ਰੈਲ 2020 ’ਚ ਹੀ, ਅਤੇ ਫਿਰ ਨਵੰਬਰ ’ਚ ਖ਼ੁਦ ਸਰਕਾਰ ਵੱਲੋਂ ਬਣਾਈ ਗਈ ਇਕ ਕਮੇਟੀ ਨੇ ਆਕਸੀਜਨ ਦੀ ਖ਼ਤਰਨਾਕ ਕਮੀ ਦੀ ਸੰਭਾਵਨਾ ਜ਼ਾਹਿਰ ਕੀਤੀ ਸੀ।
ਇਸ ਉੱਪਰ ਸੋਚਣ ਤੋਂ ਗੁਰੇਜ਼ ਕਰੋ ਕਿ ਦਿੱਲੀ ਦੇ ਸਭ ਤੋਂ ਬੜੇ ਹਸਪਤਾਲਾਂ ਕੋਲ ਵੀ ਆਪਣਾ ਆਕਸੀਜਨ-ਜਨਰੇਸ਼ਨ ਪਲਾਂਟ ਕਿਉ ਨਹੀਂ ਹੈ। ਇਸ ਬਾਰੇ ਸੋਚਣ ਤੋਂ ਗੁਰੇਜ਼ ਕਰੋ ਕਿ ਕਿਉ ਪੀ.ਐੱਮ. ਕੇਅਰਜ਼ ਫੰਡ ਉਹ ਅਪਾਰਦਰਸ਼ੀ ਸੰਸਥਾ ਜਿਸ ਨੇ ਹਾਲ ਹੀ ਵਿਚ ਵਧੇਰੇ ਜਨਤਕ ਪ੍ਰਧਾਨ ਮੰਤਰੀ ਰਾਹਤ ਕੋਸ਼ ਦੀ ਜਗਾ੍ਹ ਲੈ ਲਈ ਅਤੇ ਜੋ ਜਨਤਕ ਧਨ ਅਤੇ ਸਰਕਾਰੀ ਢਾਂਚੇ ਦੀ ਵਰਤੋਂ ਕਰਦਾ ਹੈ ਲੇਕਿਨ ਕਿਸੇ ਨਿੱਜੀ ਟਰੱਸਟ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਦੀ ਕੋਈ ਜਨਤਕ ਜਵਾਬਦੇਹੀ ਨਹੀਂ ਹੈ ਹੁਣ ਅਚਾਨਕ ਆਕਸੀਜਨ ਸੰਕਟ ਨਾਲ ਨਜਿੱਠਣ ਲਈ ਕਿਉ ਅੱਗੇ ਆਇਆ ਹੈ। ਕੀ ਮੋਦੀ ਸਾਡੀ ਹਵਾ ਦੀ ਸਪਲਾਈ ’ਚ ਵੀ ਸ਼ੇਅਰਾਂ ਦੇ ਮਾਲਕ ਹੋਣਗੇ?
‘ਰੋਂਦੂ ਬੱਚਾ ਬਣਨ ਤੋਂ ਗੁਰੇਜ਼ ਕਰੋ।’
ਇਹ ਸਮਝ ਲਓ ਕਿ ਸੁਲਝਾਉਣ ਲਈ ਮੋਦੀ ਸਰਕਾਰ ਦੇ ਕੋਲ ਕਿਤੇ ਜ਼ਰੂਰੀ ਬਹੁਤ ਸਾਰੀਆਂ ਸਮੱਸਿਆਵਾਂ ਸਨ ਅਤੇ ਹਨ। ਲੋਕਤੰਤਰ ਦੀ ਆਖ਼ਰੀ ਰਹਿੰਦ-ਖੂੰਹਦ ਦਾ ਖ਼ਾਤਮਾ, ਗ਼ੈਰਹਿੰਦੂ ਘੱਟਗਿਣਤੀਆਂ ਨੂੰ ਸਤਾਉਣਾ ਅਤੇ ਹਿੰਦੂ ਰਾਸ਼ਟਰ ਦੀਆਂ ਨੀਂਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਇਕ ਅਣਥੱਕ ਰੁਝੇਵੇਂ ਵਾਲਾ ਕੰਮ ਹੈ।
ਮਿਸਾਲ ਵਜੋਂ, ਅਸਾਮ ’ਚ ਵਸੇ ਵੀਹ ਲੱਖ ਲੋਕਾਂ ਦੇ ਲਈ ਵਿਸ਼ਾਲ ਜੇਲ੍ਹਾਂ ਦੀ ਉਸਾਰੀ ਫ਼ੌਰੀ ਤੌਰ ’ਤੇ ਜ਼ਰੂਰੀ ਹੈ ਜੋ ਪੁਸ਼ਤਾਂ ਤੋਂ ਉੱਥੇ ਰਹਿ ਰਹੇ ਹਨ ਅਤੇ ਅਚਾਨਕ ਉਨ੍ਹਾਂ ਦੀ ਨਾਗਰਿਕਤਾ ਖੋਹ ਲਈ ਗਈ ਹੈ। (ਇਸ ਮਾਮਲੇ ’ਚ ਸਾਡੀ ਸੁਤੰਤਰ ਸੁਪਰੀਮ ਕੋਰਟ ਸਖ਼ਤੀ ਨਾਲ ਸਰਕਾਰ ਦੇ ਪੱਖ ’ਚ ਖੜ੍ਹੀ ਅਤੇ ਨਰਮੀ ਨਾਲ ਬਦਮਾਸ਼ਾਂ ਦੇ ਪੱਖ ’ਚ ਖੜ੍ਹੀ।)
ਐਸੇ ਸੈਂਕੜੇ ਵਿਦਿਆਰਥੀ, ਕਾਰਕੁੰਨ ਅਤੇ ਨੌਜਵਾਨ ਮੁਸਲਮਾਨ ਹਨ ਜਿਨ੍ਹਾਂ ਉੱਪਰ ਮੁਸਲਿਮ ਵਿਰੋਧੀ ਕਤਲੇਆਮ ਦੇ ਮੁੱਖ ਦੋਸ਼ੀਆਂ ਵਜੋਂ ਮੁਕੱਦਮਾ ਚਲਾਇਆ ਜਾਣਾ ਹੈ। ਇਹ ਕਤਲੇਆਮ ਪਿਛਲੇ ਮਾਰਚ ’ਚ ਪੂਰਬ-ਉੱਤਰੀ ਦਿੱਲੀ ਵਿਚ ਖ਼ੁਦ ਉਨ੍ਹਾਂ ਦੇ ਫਿਰਕੇ ਦੇ ਹੀ ਖ਼ਿਲਾਫ਼ ਕੀਤਾ ਗਿਆ ਸੀ। ਜੇ ਤੁਸੀਂ ਭਾਰਤ ਵਿਚ ਮੁਸਲਮਾਨ ਹੋ ਤਾਂ ਕਤਲ ਕਰ ਦਿੱਤੇ ਜਾਣਾ ਤੁਹਾਡਾ ਆਪਣਾ ਹੀ ਇਕ ਜੁਰਮ ਹੈ। ਇਸ ਦਾ ਮੁੱਲ ਵੀ ਤੁਹਾਡੇ ਆਪਣੇ ਹੀ ਲੋਕਾਂ ਨੂੰ ਤਾਰਨਾ ਪਵੇਗਾ।
ਅਯੁੱਧਿਆ ਵਿਚ ਨਵੇਂ ਰਾਮ ਮੰਦਿਰ ਦੇ ਮਹੂਰਤ ਦਾ ਕੰਮ ਸੀ ਜਿਸ ਨੂੰ ਉਸ ਮਸਜਿਦ ਦੀ ਜਗਾ੍ਹ ਬਣਾਇਆ ਜਾ ਰਿਹਾ ਹੈ ਜਿਸ ਨੂੰ ਹਿੰਦੂਤਵ ਹੁੱਲੜਬਾਜਾਂ ਵੱਲੋਂ ਉੱਘੇ ਭਾਜਪਾ ਆਗੂਆਂ ਦੀ ਨਿਗਰਾਨੀ ਹੇਠ ਤੋੜ ਦਿੱਤਾ ਗਿਆ ਸੀ। (ਇਸ ਮਾਮਲੇ ’ਚ ਸਾਡੀ ਸੁਤੰਤਰ ਸੁਪਰੀਮ ਕੋਰਟ ਸਖ਼ਤੀ ਨਾਲ ਸਰਕਾਰ ਦੇ ਪੱਖ ’ਚ ਖੜ੍ਹੀ ਅਤੇ ਨਰਮੀ ਨਾਲ ਬਦਮਾਸ਼ਾਂ ਦੇ ਪੱਖ ’ਚ ਖੜ੍ਹੀ।)
ਖੇਤੀ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਲਈ ਵਿਵਾਦਪੂਰਨ ਨਵੇਂ ਖੇਤੀ ਕਾਨੂੰਨ ਪਾਸ ਕਰਾਉਣੇ ਸਨ। ਜਦੋਂ ਉਹ ਵਿਰੋਧ ’ਚ ਸੜਕਾਂ ਉੱਪਰ ਉੱਤਰੇ ਤਾਂ ਲੱਖਾਂ ਕਿਸਾਨਾਂ ਨੂੰ ਕੁਟਾਪਾ ਚਾੜ੍ਹਨਾ ਸੀ ਅਤੇ ਉਨ੍ਹਾਂ ਉੱਪਰ ਅੱਥਰੂ ਗੈਸ ਸੁੱਟਣ ਦਾ ਮਹੱਤਵਪੂਰਨ ਕੰਮ ਸੀ।
ਫਿਰ ਨਵੀਂ ਦਿੱਲੀ ਦੇ ਬਸਤੀਵਾਦੀ ਕੇਂਦਰ ਦੀ ਫਿੱਕੀ ਪੈ ਰਹੀ ਚਮਕ-ਦਮਕ ਨੂੰ ਮੁੜ ਚਮਕਾਉਣ ਲਈ ਹਜ਼ਾਰਾਂ ਕਰੋੜ ਰੁਪਏ ਦੀ ਯੋਜਨਾ ਹੈ, ਜਿਸ ਵੱਲ ਫ਼ੌਰੀ ਤੌਰ ’ਤੇ ਧਿਆਨ ਦੇਣਾ ਜ਼ਰੂਰੀ ਸੀ। ਆਖ਼ਿਰਕਾਰ ਨਵੇਂ ਹਿੰਦੂ ਭਾਰਤ ਦੀ ਸਰਕਾਰ ਪੁਰਾਣੀਆਂ ਇਮਾਰਤਾਂ ’ਚ ਕਿਵੇਂ ਰਹਿ ਸਕਦੀ ਹੈ?
ਜਦੋਂਕਿ ਮਹਾਮਾਰੀ ਨਾਲ ਬਦਹਾਲ ਦਿੱਲੀ ਵਿਚ ਲੌਕਡਾਊਨ ਹੈ, ‘ਸੈਂਟਰਲ ਵਿਸਟਾ’ ਪ੍ਰੋਜੈਕਟ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ, ਜਿਸ ਨੂੰ ਲਾਜ਼ਮੀ ਸੇਵਾ ਕਰਾਰ ਦਿੱਤਾ ਗਿਆ ਹੈ। ਮਜ਼ਦੂਰ ਲਿਆਂਦੇ ਜਾ ਰਹੇ ਹਨ। ਸੰਭਵ ਹੈ ਯੋਜਨਾ ’ਚ ਥੋੜ੍ਹਾ ਬਦਲਾਓ ਲਿਆਉਦੇ ਹੋਏ ਇਸ ਵਿਚ ਇਕ ਸ਼ਮਸ਼ਾਨਘਾਟ ਵੀ ਜੋੜ ਦਿੱਤਾ ਜਾਵੇ।
ਕੁੰਭ ਮੇਲਾ ਵੀ ਲਾਉਣਾ ਸੀ, ਤਾਂ ਜੋ ਲੱਖਾਂ ਹਿੰਦੂ ਤੀਰਥ ਯਾਤਰੀ ਇਕ ਛੋਟੇ ਜਿਹੇ ਸ਼ਹਿਰ ਵਿਚ ਭੀੜ ਦੇ ਰੂਪ ’ਚ ਇਕੱਠੇ ਹੋ ਸਕਣ, ਗੰਗਾ ’ਚ ਇਸ਼ਨਾਨ ਕਰਨ ਲਈ ਅਤੇ ਧਨ-ਧਨ ਅਤੇ ਸ਼ੁੱਧ ਹੋ ਕੇ ਆਪਣੇ ਘਰਾਂ ਨੂੰ ਪਰਤਦੇ ਹੋਏ ਪੂਰੇ ਮੁਲਕ ’ਚ ਇਕ ਬਰਾਬਰ ਵਾਇਰਸ ਫੈਲਾਉਣ ਲਈ। ਕੁੰਭ ਧੂਮਧਾਮ ਨਾਲ ਚੱਲ ਰਿਹਾ ਹੈ, ਹਾਲਾਂਕਿ ਮੋਦੀ ਨੇ ਪੋਲਾ ਜਿਹਾ ਸੁਝਾਅ ਦਿੱਤਾ ਕਿ ਪਵਿੱਤਰ ਇਸ਼ਨਾਨ ਨੂੰ ‘ਚਿੰਨ੍ਹਾਤਮਕ’ ਰੱਖਿਆ ਜਾ ਸਕਦਾ ਹੈ ਹੁਣ ਇਸ ਦਾ ਭਾਵ ਕੁਛ ਵੀ ਹੋਵੇ।
(ਪਿਛਲੇ ਸਾਲ ਇਸਲਾਮੀ ਜਥੇਬੰਦੀ ਤਬਲੀਗੀ ਜਮਾਤ ਦੇ ਜਲਸੇ ’ਚ ਸ਼ਾਮਿਲ ਹੋਣ ਵਾਲਿਆਂ ਨਾਲ ਜੋ ਵਾਪਰਿਆ, ਉਸ ਦੇ ਉਲਟ ਮੀਡੀਆ ਨੇ ਉਨ੍ਹਾਂ ਨੂੰ ‘ਕੋਰੋਨਾ ਜਿਹਾਦੀ’ ਕਰਾਰ ਦਿੰਦੇ ਹੋਏ ਜਾਂ ਉਨ੍ਹਾਂ ਉੱਪਰ ਮਨੁੱਖਤਾ ਵਿਰੁੱਧ ਜੁਰਮ ਕਰਨ ਦਾ ਇਲਜ਼ਾਮ ਲਗਾਉਦੇ ਹੋਏ ਉਵੇਂ ਮੁਹਿੰਮ ਨਹੀਂ ਚਲਾਈ ਹੈ।)
ਕੁਝ ਕੁ ਹਜ਼ਾਰ ਰੋਹਿੰਗਿਆ ਸ਼ਰਣਾਰਥੀ ਵੀ ਸਨ ਜਿਨ੍ਹਾਂ ਨੂੰ ਇਕ ਰਾਜ-ਪਲਟੇ ਦਰਮਿਆਨ ਫ਼ੌਰੀ ਤੌਰ ’ਤੇ ਮਿਆਂਮਾਰ ਦੀ ਨਸਲੀ-ਸਫ਼ਾਏ ਵਾਲੀ ਹਕੂਮਤ ਕੋਲ ਵਾਪਸ ਭੇਜਣਾ ਸੀ ਜਿਸ ਦੇ ਉਹ ਭਾਗੀ ਸਨ। (ਇਕ ਵਾਰ ਫਿਰ, ਸਾਡੀ ਸੁਪਰੀਮ ਕੋਰਟ ਕੋਲ ਇਸ ਮਾਮਲੇ ਦੀ ਪਟੀਸ਼ਨ ਪਹੁੰਚੀ ਸੀ, ਇਸ ਨੇ ਸਰਕਾਰ ਦੇ ਨਜ਼ਰੀਏ ਨਾਲ ਰਜ਼ਾਮੰਦੀ ਜ਼ਾਹਿਰ ਕੀਤੀ।)
ਸੋ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਸਰਕਾਰ ਬੇਹੱਦ, ਬੇਹੱਦ ਮਸਰੂਫ਼ ਸੀ।
ਇਸ ਫ਼ੌਰੀ ਸਰਗਰਮੀ ’ਚ ਸਭ ਤੋਂ ਉੱਪਰ ਇਕ ਚੋਣ ਹੈ, ਜਿਸ ਨੂੰ ਪੱਛਮੀ ਬੰਗਾਲ ਵਿਚ ਜਿੱਤਣਾ ਹੈ। ਇਸ ਵਿਚ ਸਾਡੇ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ, ਮੋਦੀ ਦੇ ਅਜ਼ੀਜ਼ ਅਮਿੱਤ ਸ਼ਾਹ ਦੇ ਲਈ ਘੱਟੋਘੱਟ ਆਪਣੀ ਵਜ਼ਾਰਤ ਦੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਮਹੀਨਿਆਂ ਤੱਕ ਬੰਗਾਲ ਉੱਪਰ ਧਿਆਨ ਦੇਣਾ ਜ਼ਰੂਰੀ ਸੀ, ਆਪਣੀ ਪਾਰਟੀ ਦੇ ਘਾਤਕ ਪ੍ਰਚਾਰ ਨੂੰ ਫੈਲਾਉਣ ਲਈ, ਹਰੇਕ ਛੋਟੇ ਕਸਬੇ ਅਤੇ ਪਿੰਡ ਵਿਚ ਇਨਸਾਨਾਂ ਦੇ ਖ਼ਿਲਾਫ਼ ਇਨਸਾਨਾਂ ਨੂੰ ਭੜਕਾਉਣ ਲਈ।
ਪੱਛਮੀ ਬੰਗਾਲ ਇਕ ਛੋਟਾ ਰਾਜ ਹੈ। ਚੋਣਾਂ ਇਕ ਦਿਨ ’ਚ ਕਰਵਾਈਆਂ ਜਾ ਸਕਦੀਆਂ ਸਨ, ਅਤੇ ਅਤੀਤ ’ਚ ਇੰਞ ਹੁੰਦਾ ਰਿਹਾ ਹੈ। ਲੇਕਿਨ ਕਿਉਕਿ ਇਹ ਭਾਜਪਾ ਲਈ ਨਵਾਂ ਵਿਸਤਾਰ ਖੇਤਰ ਹੈ, ਇਸ ਲਈ ਪਾਰਟੀ ਨੂੰ ਵੋਟਿੰਗ ਦਾ ਕੰਮਕਾਜ ਦੇਖਣ ਲਈ ਆਪਣੇ ਕਾਡਰਾਂ, ਜਿਨ੍ਹਾਂ ’ਚ ਬਹੁਤ ਸਾਰੇ ਬੰਗਾਲ ਤੋਂ ਨਹੀਂ ਹਨ, ਨੂੰ ਇਲਾਕਾ-ਦਰ-ਇਲਾਕਾ ਲੈ ਕੇ ਜਾਣ ਲਈ ਵਕਤ ਵੀ ਤਾਂ ਚਾਹੀਦਾ ਸੀ।
ਚੋਣਾਂ ਨੂੰ ਅੱਠ ਪੜਾਵਾਂ ’ਚ ਵੰਡਿਆ ਗਿਆ, ਜੋ ਇਕ ਮਹੀਨੇ ਤੋਂ ਵਧੇਰੇ ਸਮੇਂ ਤੱਕ ਚੱਲ ਕੇ 29 ਅਪ੍ਰੈਲ ਨੂੰ ਸਮਾਪਤ ਹੋਈਆਂ। ਜਿਉ-ਜਿਉ ਕੋਰੋਨਾ ਲਾਗ ਦੀ ਗਿਣਤੀ ਵਧਣ ਲੱਗੀ, ਰਾਜਨੀਤਕ ਪਾਰਟੀਆਂ ਨੇ ਚੋਣ ਕਮਿਸ਼ਨ ਤੋਂ ਚੋਣਾਂ ਦੀਆਂ ਤਾਰੀਕਾਂ ਉੱਪਰ ਮੁੜ ਵਿਚਾਰ ਕਰਨ ਦੀ ਫ਼ਰਿਆਦ ਕੀਤੀ।
ਕਮਿਸ਼ਨ ਨੇ ਇਨਕਾਰ ਕਰ ਦਿੱਤਾ ਅਤੇ ਸਖ਼ਤੀ ਨਾਲ ਭਾਜਪਾ ਦਾ ਸਾਥ ਦਿੱਤਾ, ਅਤੇ ਮੁਹਿੰਮ ਜਾਰੀ ਰਹੀ। ਭਾਜਪਾ ਦੇ ਸਟਾਰ ਪ੍ਰਚਾਰਕ ਖ਼ੁਦ ਪ੍ਰਧਾਨ ਮੰਤਰੀ ਦਾ ਜੇਤੂਆਂ ਦੀ ਤਰ੍ਹਾਂ ਅਤੇ ਬਿਨਾਂ ਮਾਸਕ ਪਾਏ, ਬਿਨਾਂ ਮਾਸਕ ਵਾਲੀ ਭੀੜ ਦੇ ਸਾਹਮਣੇ ਭਾਸ਼ਣ ਦਿੰਦੇ ਹੋਏ, ਲੋਕਾਂ ਨੂੰ ਬੇਮਿਸਾਲ ਗਿਣਤੀ ’ਚ ਆਉਣ ਲਈ ਧੰਨਵਾਦ ਕਰਦੇ ਹੋਏ ਦਾ ਵੀਡੀਓ ਕਿਸ ਨੇ ਨਹੀਂ ਦੇਖਿਆ?
ਉਹ 17 ਅਪ੍ਰੈਲ ਦੀ ਗੱਲ ਸੀ, ਜਦੋਂ ਰੋਜ਼ਾਨਾ ਲਾਗ ਦੇ ਅਧਿਕਾਰਕ ਅੰਕੜੇ ਦੋ ਲੱਖ ਵੱਲ ਵਧ ਰਹੇ ਸਨ। ਹੁਣ, ਜਦੋਂ ਵੋਟਿੰਗ ਖ਼ਤਮ ਹੋ ਚੁੱਕੀ ਹੈ, ਬੰਗਾਲ ਹੁਣ ਕੋਰੋਨਾ ਦਾ ਨਵਾਂ ਕੇਂਦਰ ਬਣਨ ਲਈ ਤਿਆਰ ਹੈ, ਇਕ ਨਵੇਂ ਟਿ੍ਰਪਲ ਮਿਊਟੈਂਟ ਸਟ੍ਰੇਨ ਨਾਲ ਜਿਸ ਦਾ ਨਾਮ ਹੈ ਜ਼ਰਾ ਅੰਦਾਜ਼ਾ ਲਗਾਓ ‘ਬੰਗਾਲ ਸਟ੍ਰੇਨ।’
ਅਖ਼ਬਾਰ ਖ਼ਬਰ ਦਿੰਦੇ ਹਨ ਕਿ ਰਾਜ ਦੀ ਰਾਜਧਾਨੀ ਕੋਲਕਾਤਾ ਵਿਚ ਟੈਸਟ ਕੀਤਾ ਜਾ ਰਿਹਾ ਹਰ ਦੂਜਾ ਸ਼ਖਸ ਕੋਵਿਡ ਪਾਜਿਟਿਵ ਮਿਲ ਰਿਹਾ ਹੈ। ਭਾਜਪਾ ਨੇ ਐਲਾਨ ਕੀਤਾ ਹੈ ਜੇ ਉਹ ਬੰਗਾਲ ਜਿੱਤਦੀ ਹੈ ਤਾਂ ਇਹ ਯਕੀਨੀਂ ਬਣਾਏਗੀ ਕਿ ਲੋਕਾਂ ਨੂੰ ਮੁਫ਼ਤ ਵੈਕਸੀਨ ਲਗਾਏ ਜਾਣ। ਅਤੇ ਜੇ ਨਹੀਂ ਜਿੱਤਦੀ ਫਿਰ?
‘ਰੋਂਦੂ ਬੱਚਾ ਬਣਨ ਤੋਂ ਗੁਰੇਜ਼ ਕਰੋ।’
----
ਖ਼ੈਰ, ਵੈਕਸੀਨ ਦਾ ਕੀ ਹਾਲ ਹੈ? ਯਕੀਨਨ ਉਹ ਸਾਨੂੰ ਬਚਾ ਲੈਣਗੇ? ਕੀ ਭਾਰਤ ਵੈਕਸੀਨ ਦਾ ਪਾਵਰਹਾਊਸ ਨਹੀਂ ਹੈ? ਦਰਅਸਲ, ਭਾਰਤ ਸਰਕਾਰ ਦੋ ਨਿਰਮਾਤਾਵਾਂ ਉੱਪਰ ਪੂਰੀ ਤਰ੍ਹਾਂ ਨਿਰਭਰ ਹੈ, ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਅਤੇ ਭਾਰਤ ਬਾਇਓਟੈੱਕ।
ਦੋਵਾਂ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਵੈਕਸੀਨਾਂ ਵਿੱਚੋਂ ਦੋ ਨੂੰ ਦੁਨੀਆ ਦੇ ਸਭ ਤੋਂ ਗ਼ਰੀਬ ਲੋਕਾਂ ਨੂੰ ਮੁਹੱਈਆ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਹਫ਼ਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਨਿੱਜੀ ਹਸਪਤਾਲਾਂ ਨੂੰ ਥੋੜ੍ਹਾ ਵੱਧ ਮੁੱਲ ’ਤੇ ਵੇਚਣਗੇ, ਅਤੇ ਰਾਜ ਸਰਕਾਰਾਂ ਨੂੰ ਥੋੜ੍ਹਾ ਘੱਟ ਮੁੱਲ ’ਤੇ। ਮੋਟੇ ਹਿਸਾਬ ਦੱਸਦੇ ਹਨ ਕਿ ਵੈਕਸੀਨ ਕੰਪਨੀਆਂ ਵੱਲੋਂ ਘਿਣਾਉਣੇ ਰੂਪ ’ਚ ਬੇਥਾਹ ਮੁਨਾਫ਼ੇ ਕਮਾਉਣ ਦੀ ਸੰਭਾਵਨਾ ਹੈ।
ਮੋਦੀ ਦੀ ਹਕੂਮਤ ’ਚ, ਭਾਰਤ ਦੀ ਆਰਥਿਕਤਾ ਖੋਖਲੀ ਕਰ ਦਿੱਤੀ ਗਈ ਹੈ, ਕਰੋੜਾਂ ਲੋਕ ਜੋ ਪਹਿਲਾਂ ਤੋਂ ਹੀ ਇਕ ਸੰਕਟਪੂਰਨ ਜ਼ਿੰਦਗੀ ਜੀ ਰਹੇ ਸਨ ਉਨ੍ਹਾਂ ਨੂੰ ਭਿਆਨਕ ਗ਼ਰੀਬੀ ’ਚ ਧੱਕ ਦਿੱਤਾ ਗਿਆ ਹੈ। ਇਕ ਬਹੁਤ ਬੜੀ ਗਿਣਤੀ ਹੁਣ ਆਪਣੇ ਗੁਜ਼ਾਰੇ ਲਈ ਕੌਮੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਨਰੇਗਾ) ਤੋਂ ਹੋਣ ਵਾਲੀ ਮਾਮੂਲੀ ਕਮਾਈ ਦੀ ਮੁਹਤਾਜ ਹੈ, ਜਿਸ ਨੂੰ 2005 ’ਚ ਲਾਗੂ ਕੀਤਾ ਗਿਆ ਸੀ ਜਦੋਂ ਕਾਂਗਰਸ ਪਾਰਟੀ ਸੱਤਾ ’ਚ ਸੀ।
ਇਹ ਉਮੀਦ ਕਰਨਾ ਅਸੰਭਵ ਹੈ ਕਿ ਭੁੱਖਮਰੀ ਦੇ ਕੰਢੇ ਉੱਪਰ ਰਹਿਣ ਵਾਲੇ ਪਰਿਵਾਰ ਆਪਣੇ ਮਹੀਨੇ ਦੀ ਜ਼ਿਆਦਾਤਰ ਕਮਾਈ ਦਾ ਭੁਗਤਾਨ ਟੀਕਾ ਲਗਾਉਣ ਲਈ ਕਰਨਗੇ। ਬਰਤਾਨੀਆ ’ਚ ਟੀਕਾ ਮੁਫ਼ਤ ਹੈ ਅਤੇ ਇਕ ਮੌਲਿਕ ਹੱਕ ਹੈ। ਆਪਣੀ ਵਾਰੀ ਤੋੜ ਕੇ ਟੀਕਾ ਲਗਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਉੱਪਰ ਮੁਕੱਦਮਾ ਚੱਲ ਸਕਦਾ ਹੈ। ਭਾਰਤ ਵਿਚ ਟੀਕਾਕਰਨ ਮੁਹਿੰਮ ਦੇ ਪਿੱਛੇ ਸਾਰੀ ਪ੍ਰੇਰਣਾ ਕਾਰਪੋਰੇਟ ਮੁਨਾਫ਼ਾ ਨਜ਼ਰ ਆਉਦੀ ਹੈ।
ਜਦੋਂ ਇਹ ਭਿਆਨਕ ਪੈਮਾਨੇ ਦੀ ਤਬਾਹੀ ਸਾਡੇ ਮੋਦੀਪ੍ਰਸਤ ਭਾਰਤੀ ਟੀ.ਵੀ. ਚੈਨਲਾਂ ਉੱਪਰ ਦਿਖਾਈ ਜਾਂਦੀ ਹੈ ਤਾਂ ਤੁਸੀਂ ਗ਼ੌਰ ਕਰੋਗੇ ਕਿ ਉਹ ਸਭ ਕਿਵੇਂ ਇਕ ਰਟੀ-ਰਟਾਈ ਆਵਾਜ਼ ’ਚ ਬੋਲਦੇ ਹਨ। ‘ਸਿਸਟਮ’ ਢਹਿਢੇਰੀ ਹੋ ਗਿਆ ਹੈ, ਇਹ ਗੱਲ ਉਹ ਵਾਰ-ਵਾਰ ਕਹਿੰਦੇ ਹਨ। ਵਾਇਰਸ ਭਾਰਤ ਦੇ ਸਿਹਤ ਸੇਵਾ ‘ਸਿਸਟਮ’ ਉੱਪਰ ਹਾਵੀ ਹੋ ਗਿਆ ਹੈ।
ਸਿਸਟਮ ਢਹਿਢੇਰੀ ਨਹੀਂ ਹੋਇਆ ਹੈ। ‘ਸਿਸਟਮ’ ਤਾਂ ਹੈ ਹੀ ਨਹੀਂ ਸੀ। ਸਰਕਾਰ ਨੇ - ਇਸ ਸਰਕਾਰ ਨੇ ਅਤੇ ਇਸ ਤੋਂ ਪਹਿਲੀ ਕਾਂਗਰਸ ਦੀ ਸਰਕਾਰ ਨੇ - ਜਾਣ-ਬੁੱਝ ਕੇ ਜੋ ਵੀ ਮੈਡੀਕਲ ਦਾ ਮਾੜਾ-ਮੋਟਾ ਬੁਨਿਆਦੀ-ਢਾਂਚਾ ਸੀ ਉਸ ਨੂੰ ਤਬਾਹ ਕਰ ਦਿੱਤਾ। ਲੱਗਭੱਗ ਇਕ ਨਦਾਰਦ ਜਨਤਕ ਸਿਹਤ ਵਿਵਸਥਾ ਵਾਲੇ ਮੁਲਕ ਵਿਚ ਜਦੋਂ ਮਹਾਮਾਰੀ ਫੈਲਦੀ ਹੈ ਤਾਂ ਇਹੀ ਹੁੰਦਾ ਹੈ।
ਭਾਰਤ ਆਪਣੀ ਕੁਲ ਘਰੇਲੂ ਪੈਦਾਵਾਰ ਦਾ 1.25% ਸਿਹਤ ਉੱਪਰ ਖ਼ਰਚ ਕਰਦਾ ਹੈ ਜੋ ਦੁਨੀਆ ’ਚ ਜ਼ਿਆਦਾਤਰ ਮੁਲਕਾਂ ਤੋਂ ਘੱਟ ਹੈ, ਸਭ ਤੋਂ ਗ਼ਰੀਬ ਮੁਲਕਾਂ ਤੋਂ ਵੀ ਘੱਟ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਅੰਕੜਾ ਵੀ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ, ਕਿਉਕਿ ਉਨ੍ਹਾਂ ਚੀਜ਼ਾਂ ਨੂੰ ਵੀ ਇਸ ਵਿਚ ਘੁਸੇੜ ਦਿੱਤਾ ਗਿਆ ਹੈ ਜੋ ਮਹੱਤਵਪੂਰਨ ਹਨ ਲੇਕਿਨ ਜੋ ਸਿਹਤ ਸੰਭਾਲ ’ਚ ਆਉਦੀਆਂ ਹੀ ਨਹੀਂ। ਤਾਂ ਅਸਲ ਅੰਕੜਾ 0.34% ਹੋਣ ਦਾ ਅੰਦਾਜ਼ਾ ਹੈ।
ਤ੍ਰਾਸਦੀ ਇਹ ਹੈ ਕਿ ਇਸ ਭਿਆਨਕ ਰੂਪ ’ਚ ਗ਼ਰੀਬ ਮੁਲਕ ’ਚ, ਸ਼ਹਿਰੀ ਇਲਾਕਿਆਂ ’ਚ 78% ਅਤੇ ਪੇਂਡੂ ਇਲਾਕਿਆਂ ’ਚ 71% ਸਿਹਤ ਸੰਭਾਲ ਨਿੱਜੀ ਸੈਕਟਰ ਕੋਲ ਹੈ, ਜਿਵੇਂ ਕਿ 2016 ’ਚ ਲਾਂਸੈਟ ਦੇ ਇਕ ਅਧਿਐਨ ਵਿਚ ਦੱਸਿਆ ਗਿਆ ਸੀ। ਜਨਤਕ ਖੇਤਰ ’ਚ ਬਚੇ ਹੋਏ ਵਸੀਲਿਆਂ ਨੂੰ ਸਿਲਸਿਲੇਵਾਰ ਤਰੀਕੇ ਨਾਲ ਨਿੱਜੀ ਖੇਤਰ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜਿਸ ਦੇ ਪਿੱਛੇ ਭਿ੍ਰਸ਼ਟ ਪ੍ਰਸ਼ਾਸਕਾਂ ਅਤੇ ਮੈਡੀਕਲ ਸੇਵਾਵਾਂ ਦੇਣ ਵਾਲਿਆਂ, ਭਿ੍ਰਸ਼ਟ ਰੈਫਰਲ ਅਤੇ ਬੀਮਾ ਘੁਟਾਲਿਆਂ ਦਾ ਇਕ ਗੱਠਜੋੜ ਹੈ।
ਸਿਹਤ ਸੰਭਾਲ ਇਕ ਮੌਲਿਕ ਹੱਕ ਹੈ। ਨਿੱਜੀ ਖੇਤਰ ਭੁੱਖਮਰੀ ਦੇ ਸ਼ਿਕਾਰ, ਬੀਮਾਰ, ਮਰ ਰਹੇ ਲੋਕਾਂ ਦੀ ਸੇਵਾ ਨਹੀਂ ਕਰੇਗਾ ਜਿਨ੍ਹਾਂ ਕੋਲ ਕੋਈ ਪੈਸਾ ਨਹੀਂ ਹੈ। ਭਾਰਤ ਦੀਆਂ ਸਿਹਤ ਸੇਵਾਵਾਂ ਦਾ ਨਿੱਜੀਕਰਨ ਇਕ ਜੁਰਮ ਹੈ।
ਸਿਸਟਮ ਢਹਿਢੇਰੀ ਨਹੀਂ ਹੋਇਆ ਹੈ, ਸਰਕਾਰ ਨਾਕਾਮ ਰਹੀ ਹੈ। ਸ਼ਾਇਦ ‘ਨਾਕਾਮ’ ਵੀ ਇਕ ਅਣਉਚਿਤ ਸ਼ਬਦ ਹੈ ਕਿਉਕਿ ਜੋ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ ਉਹ ਮੁਜਰਮਾਨਾ ਅਣਦੇਖੀ ਨਹੀਂ ਹੈ, ਸਗੋਂ ਮਨੁੱਖਤਾ ਦੇ ਖ਼ਿਲਾਫ਼ ਇਕ ਜੁਰਮ ਹੈ।
ਵਾਇਰਸ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਭਾਰਤ ਵਿਚ ਮਾਮਲਿਆਂ ਦੀ ਗਿਣਤੀ ਬੇਤਹਾਸ਼ਾ ਵਧ ਕੇ ਰੋਜ਼ਾਨਾ ਪੰਜ ਲੱਖ ਤੋਂ ਵਧੇਰੇ ਹੋ ਜਾਵੇਗੀ। ਉਹ ਆਉਣ ਵਾਲੇ ਮਹੀਨਿਆਂ ’ਚ ਕਈ ਲੱਖ ਲੋਕਾਂ ਦੀਆਂ ਮੌਤਾਂ ਦੀ ਪੇਸ਼ੀਨਗੋਈ ਕਰ ਰਹੇ ਹਨ। ਸ਼ਾਇਦ ਉਸ ਤੋਂ ਵੀ ਜ਼ਿਆਦਾ।
ਮੇਰੇ ਦੋਸਤਾਂ ਨੇ ਅਤੇ ਮੈਂ ਰੋਜ਼ਾਨਾ ਇਕ ਦੂਜੇ ਨੂੰ ਫ਼ੋਨ ਕਰਨ ਦਾ ਫ਼ੈਸਲਾ ਲਿਆ ਹੈ, ਤਾਂ ਜੋ ਆਪਣੀ ਮੌਜੂਦਗੀ ਨੂੰ ਦਰਜ ਕਰਾ ਸਕੀਏ, ਆਪਣੇ ਸਕੂੂਲ ਦੀ ਜਮਾਤ ’ਚ ਹਾਜ਼ਰੀ ਦੀ ਤਰ੍ਹਾਂ। ਅਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ ਉਨ੍ਹਾਂ ਨਾਲ ਸੇਜਲ ਅੱਖਾਂ ਨਾਲ ਗੱਲ ਕਰਦੇ ਹਾਂ, ਕੰਬਦੇ ਹੋਏ, ਨਾ ਜਾਣਦੇ ਹੋਏ ਕਿ ਅਸੀਂ ਇਕ ਦੂਜੇ ਨੂੰ ਕਦੇ ਦੇਖ ਵੀ ਸਕਾਂਗੇ।
ਅਸੀਂ ਲਿਖਦੇ ਹਾਂ, ਅਸੀਂ ਕੰਮ ਕਰਦੇ ਹਾਂ, ਇਹ ਨਾ ਜਾਣਦੇ ਹੋਏ ਕਿ ਅਸੀਂ ਜੋ ਸ਼ੁਰੂ ਕੀਤਾ ਸੀ ਉਸ ਨੂੰ ਨੇਪਰੇ ਚਾੜ੍ਹਨ ਲਈ ਜ਼ਿੰਦਾ ਵੀ ਰਹਿ ਸਕਾਂਗੇ। ਇਹ ਨਾ ਜਾਣਦੇ ਹੋਏ ਕਿ ਕੈਸੀ ਦਹਿਸ਼ਤ ਅਤੇ ਅਪਮਾਨ ਸਾਡਾ ਇੰਤਜ਼ਾਰ ਕਰ ਰਹੇ ਹਨ। ਇਸ ਸਭ ਕਾਸੇ ਤੋਂ ਮਹਿਸੂਸ ਹੋਣ ਵਾਲੀ ਜ਼ਲਾਲਤ। ਇਹੀ ਉਹ ਚੀਜ਼ ਹੈ ਜੋ ਸਾਨੂੰ ਤੋੜ ਦਿੰਦੀ ਹੈ।
----
ਸੋਸ਼ਲ ਮੀਡੀਆ ਉੱਪਰ # ਟਰੈਂਡ ਕਰ ਰਿਹਾ ਹੈ। ਕੁਛ ਮੀਮਾਂ ਅਤੇ ਇਲਸਟ੍ਰੇਸ਼ਨਾਂ ਵਿਚ ਮੋਦੀ ਦੀ ਦਾੜੀ ਦੇ ਪਿੱਛਿਓਂ ਖੋਪੜੀਆਂ ਦੇ ਢੇਰ ਦੇ ਰੂਪ ’ਚ ਮੋਦੀ ਦਾ ਅਸਲ ਰੂਪ ਝਾਕਦਾ ਦਿਖਾਈ ਦਿਖਾਇਆ ਗਿਆ ਹੈ। ਮਸੀਹਾ ਮੋਦੀ ਲਾਸ਼ਾਂ ਦੀ ਇਕ ਰੈਲੀ ਵਿਚ ਭਾਸ਼ਣ ਦੇ ਰਿਹਾ ਹੈ। ਗਿਰਝਾਂ ਦੇ ਰੁੂਪ ’ਚ ਮੋਦੀ ਅਤੇ ਅਮਿਤ ਸ਼ਾਹ ਦਿਸਹੱਦੇ ਉੱਪਰ ਲਾਸ਼ਾਂ ਦੇ ਲਈ ਨਜ਼ਰਾਂ ਗੱਡੀ ਬੈਠੇ ਹਨ ਜਿਨ੍ਹਾਂ ਤੋਂ ਵੋਟਾਂ ਦੀ ਫ਼ਸਲ ਵੱਢੀ ਜਾਣੀ ਹੈ। ਲੇਕਿਨ ਇਹ ਕਹਾਣੀ ਦਾ ਸਿਰਫ਼ ਇਕ ਪਾਸਾ ਹੈ।
ਦੂਜਾ ਪਾਸਾ ਹੈ ਕਿ ਭਾਵਨਾਵਾਂ ਤੋਂ ਸੱਖਣੇ ਇਕ ਆਦਮੀ, ਖਾਲੀ ਅੱਖਾਂ ਅਤੇ ਅਣਮੰਨੀ ਮੁਸਕਰਾਹਟ ਵਾਲਾ ਇਕ ਸ਼ਖਸ, ਅਤੀਤ ਦੇ ਇੰਨੇ ਸਾਰੇ ਤਾਨਾਸ਼ਾਹਾਂ ਦੀ ਤਰ੍ਹਾਂ, ਦੂਜਿਆਂ ’ਚ ਤਿੱਖੀਆਂ ਭਾਵਨਾਵਾਂ ਜਗਾ ਸਕਦਾ ਹੈ। ਉਸ ਦੀ ਬੀਮਾਰੀ ਛੂਤ ਦੀ ਹੈ ਅਤੇ ਇਹੀ ਚੀਜ਼ ਉਸ ਨੂੰ ਵਿਲੱਖਣ ਬਣਾਉਦੀ ਹੈ।
ਉੱਤਰੀ ਭਾਰਤ ਵਿਚ, ਜਿੱਥੇ ਉਨ੍ਹਾਂ ਦਾ ਸਭ ਤੋਂ ਬੜਾ ਵੋਟ ਆਧਾਰ ਹੈ, ਅਤੇ ਜੋ ਆਪਣੀ ਸ਼ੁੱਧ ਗਿਣਤੀ ਦੇ ਜ਼ੋਰ, ਮੁਲਕ ਦੀ ਰਾਜਨੀਤਕ ਤਕਦੀਰ ਦਾ ਫ਼ੈਸਲਾ ਕਰਦਾ ਹੈ, ਉੱਥੇ ਉਸ ਵੱਲੋਂ ਦਿੱਤਾ ਗਿਆ ਸੰਤਾਪ ਇਕ ਅਜੀਬੋ-ਗ਼ਰੀਬ ਆਨੰਦ ’ਚ ਬਦਲਦਾ ਨਜ਼ਰ ਆ ਰਿਹਾ ਹੈ।
ਫਰੈੱਡਰਿਕ ਡਗਲਸ ਨੇ ਠੀਕ ਹੀ ਕਿਹਾ ਸੀ: ‘ਤਾਨਾਸ਼ਾਹਾਂ ਦੀਆਂ ਸੀਮਾਵਾਂ ਉਨ੍ਹਾਂ ਲੋਕਾਂ ਦੀ ਸਹਿਣਸ਼ੀਲਤਾ ਤੋਂ ਤੈਅ ਹੰੁਦੀਆਂ ਹਨ ਜਿਨ੍ਹਾਂ ਉੱਪਰ ਉਹ ਜ਼ੁਲਮ ਕਰਦੇ ਹਨ।’ ਭਾਰਤ ਵਿਚ ਅਸੀਂ ਸਹਿਣਸ਼ੀਲਤਾ ਦੀ ਆਪਣੀ ਕਾਬਲੀਅਤ ਉੱਪਰ ਕਿੰਨਾ ਮਾਣ ਕਰਦੇ ਹਾਂ।
ਕਿੰਨੀ ਖ਼ੂਬਸੂਰਤੀ ਨਾਲ ਅਸੀਂ ਆਪਣੇ ਗੁੱਸੇ ਤੋਂ ਮੁਕਤੀ ਪਾਉਣ ਦੀ ਖ਼ਾਤਰ ਧਿਆਨ ਲਗਾਉਣ ਅਤੇ ਇਕਾਗਰ ਹੋਣ ਲਈ, ਅਤੇ ਬਰਾਬਰੀ ਨੂੰ ਅਪਣਾਉਣ ’ਚ ਆਪਣੀ ਨਾਲਾਇਕੀ ਨੂੰ ਸਹੀ ਠਹਿਰਾਉਣ ਲਈ ਖ਼ੁਦ ਨੂੰ ਸਿੱਖਿਅਤ ਕਰ ਲਿਆ ਹੈ। ਕਿੰਨੀ ਬੇਵਸੀ ਨਾਲ ਅਸੀਂ ਆਪਣੇ ਅਪਮਾਨ ਨੂੰ ਗਲੇ ਲਗਾ ਲੈਂਦੇ ਹਾਂ।
ਜਦੋਂ ਉਸ ਨੇ 2001 ’ਚ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਦੇ ਰੂਪ ’ਚ ਆਪਣੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਘਟਨਾ ਤੋਂ ਬਾਦ ਮੋਦੀ ਨੇ ਭਵਿੱਖੀ ਪੁਸ਼ਤਾਂ ਦੇ ਲਈ ਆਪਣੀ ਜਗਾ੍ਹ ਪੱਕੀ ਕਰ ਲਈ ਸੀ ਜੋ ਗੁਜਰਾਤ ਕਤਲੇਆਮ-2002 ਨਾਮ ਨਾਲ ਜਾਣੀ ਜਾਂਦੀ ਹੈ। ਥੋੜ੍ਹੇ ਦਿਨਾਂ ’ਚ ਹੀ ਹਜ਼ਾਰਾਂ ਮੁਸਲਮਾਨ ਕਤਲ ਕਰ ਦਿੱਤੇ ਗਏ, ਬਲਾਤਕਾਰ ਕੀਤੇ ਗਏ, ਜ਼ਿੰਦਾ ਜਲਾਏ ਗਏ।
ਇਹ ਸਭ ਇਕ ਟਰੇਨ ’ਚ ਅੱਗਜ਼ਨੀ ਦੇ ਇਕ ਭਿਆਨਕ ਕਾਂਡ ਦੇ ‘ਬਦਲੇ’ ਵਜੋਂ ਕੀਤਾ ਗਿਆ, ਜਿਸ ਵਿਚ 50 ਤੋਂ ਵਧੇਰੇ ਹਿੰਦੂ ਤੀਰਥ ਯਾਤਰੀ ਜ਼ਿੰਦਾ ਸੜ ਗਏ ਸਨ। ਇਕ ਵਾਰ ਹਿੰਸਾ ਰੁਕ ਜਾਣ ਤੋਂ ਬਾਦ, ਮੋਦੀ, ਜੋ ਉਸ ਸਮੇਂ ਤੱਕ ਆਪਣੀ ਪਾਰਟੀ ਵੱਲੋਂ ਇਕ ਨਾਮਜ਼ਦ ਮੁੱਖ ਮੰਤਰੀ ਸੀ, ਨੇ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਰ ਦਿੱਤਾ।
ਉਸ ਨੂੰ ’ਹਿੰਦੂ ਹਿਰਦੇ ਸਮਰਾਟ’ ਦੇ ਰੂਪ ’ਚ ਪੇਸ਼ ਕਰਨ ਵਾਲੀ ਮੁਹਿੰਮ ਨੇ ਉਸ ਨੂੰ ਇਕ ਭਾਰੀ ਜਿੱਤ ਜਿੱਤ ਕੇ ਦਿੱਤੀ। ਉਦੋਂ ਤੋਂ ਲੈ ਕੇ ਮੋਦੀ ਇਕ ਵੀ ਚੋਣ ਨਹੀਂ ਹਾਰਿਆ। ਗੁਜਰਾਤ ਕਤਲੇਆਮ ਦੇ ਅਨੇਕ ਹਤਿਆਰੇ ਬਾਦ ਵਿਚ ਇਸ ਗੱਲ ਦੀ ਸ਼ੇਖੀ ਮਾਰਦੇ ਹੋਏ ਪੱਤਰਕਾਰ ਆਸ਼ੀਸ਼ ਖੇਤਰ ਵੱਲੋਂ ਕੈਮਰੇ ਉੱਪਰ ਰਿਕਾਰਡ ਕੀਤੇ ਗਏ, ਕਿ ਉਨ੍ਹਾਂ ਨੇ ਕਿਵੇਂ ਲੋਕਾਂ ਨੂੰ ਕੋਹ-ਕੋਹ ਕੇ ਮਾਰਿਆ ਸੀ, ਕਿਵੇਂ ਗਰਭਵਤੀ ਮਾਵਾਂ ਦੇ ਪੇਟ ਪਾੜ ਗਏ ਅਤੇ ਪੇਟ ਵਿਚਲੇ ਬੱਚੇ ਦੇ ਸਿਰ ਪੱਥਰਾਂ ਨਾਲ ਪਟਕ ਕੇ ਫੇਹ ਦਿੱਤੇ ਸਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਕੁਛ ਕੀਤਾ ਉਹ ਸਿਰਫ਼ ਇਸ ਲਈ ਕਰ ਸਕੇ ਕਿਉਕਿ ਮੋਦੀ ਮੁੱਖ ਮੰਤਰੀ ਸਨ। ਉਹ ਟੇਪ ਰਾਸ਼ਟਰੀ ਟੀ.ਵੀ. ਉੱਪਰ ਦਿਖਾਈ ਗਈ। ਜਿੱਥੇ ਮੋਦੀ ਸੱਤਾ ’ਚ ਬਣੇ ਰਹੇ, ਉੱਥੇ ਖ਼ੇਤਾਨ, ਜਿਸ ਨੇ ਟੇਪਾਂ ਅਦਾਲਤਾਂ ਨੂੰ ਸੌਂਪੀਆਂ ਅਤੇ ਜਿਨ੍ਹਾਂ ਦੀ ਫਾਰੈਂਸਿਕ ਜਾਂਚ ਹੋਈ, ਅਨੇਕ ਮੌਕਿਆਂ ’ਤੇ ਗਵਾਹ ਦੇ ਰੂਪ ’ਚ ਅਦਾਲਤ ’ਚ ਹਾਜ਼ਰ ਹੁੰਦੇ ਰਹੇ। ਸਮਾਂ ਗੁਜ਼ਰਨ ਨਾਲ ਕੁਛ ਹਤਿਆਰੇ ਗਿ੍ਰਫ਼ਤਾਰ ਕਰ ਲਏ ਗਏ, ਜੇਲ੍ਹ ਵਿਚ ਵੀ ਰਹੇ, ਲੇਕਿਨ ਅਨੇਕ ਨੂੰ ਛੱਡ ਦਿੱਤਾ ਗਿਆ।
ਆਪਣੀ ਹਾਲੀਆ ਕਿਤਾਬ ਅੰਡਰਕਵਰ: ਮਾਈ ਜਰਨੀ ਇਨ ਟੂ ਡਾਰਕਨੈੱਸ ਆਫ਼ ਹਿੰਦੂਤਵ ਵਿਚ ਖ਼ੇਤਾਨ ਦੱਸਦੇ ਹਨ ਕਿ ਕਿਵੇਂ ਮੁੱਖ ਮੰਤਰੀ ਦੇ ਰੂਪ ’ਚ ਮੋਦੀ ਦੀ ਹਕੂਮਤ ਦੌਰਾਨ, ਗੁਜਰਾਤ ਪੁਲਿਸ, ਜੱਜ, ਵਕੀਲ, ਸਰਕਾਰੀ ਪੱਖ ਅਤੇ ਜਾਂਚ ਕਮਿਸ਼ਨ ਸਾਰਿਆਂ ਨੇ ਮਿਲ ਕੇ ਸਬੂਤਾਂ ਨਾਲ ਛੇੜਛਾੜ ਕੀਤੀ, ਗਵਾਹਾਂ ਨੂੰ ਧਮਕਾਇਆ ਅਤੇ ਜੱਜਾਂ ਦੇ ਤਬਾਦਲੇ ਕੀਤੇ ਗਏ।
ਇਹ ਸਭ ਜਾਣਕਾਰੀ ਹੋਣ ਦੇ ਬਾਵਜੂਦ, ਭਾਰਤ ਦੇ ਬਹੁਤ ਸਾਰੇ ਕਥਿਤ ਬੁੱਧੀਜੀਵੀ, ਇੱਥੋਂ ਦੀਆਂ ਕਾਰਪੋਰੇਟ ਕੰਪਨੀਆਂ ਦੇ ਸੀਈਓ ਅਤੇ ਉਨ੍ਹਾਂ ਦੀ ਮਾਲਕੀ ਵਾਲੇ ਮੀਡੀਆ ਘਰਾਣਿਆਂ ਨੇ ਸਖ਼ਤ ਘਾਲਣਾ ਘਾਲ਼ਦੇ ਹੋਏ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਕੀਤਾ। ਸਾਡੇ ਵਿੱਚੋਂ ਜੋ ਲੋਕ ਆਪਣੀ ਆਲੋਚਨਾ ਉੱਪਰ ਡੱਟੇ ਰਹੇ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਅਤੇ ਖ਼ਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।
‘ਅੱਗੇ ਵਧੋ,’ ਉਨ੍ਹਾਂ ਦਾ ਮੂਲ-ਮੰਤਰ ਸੀ। ਇੱਥੋਂ ਤੱਕ ਕਿ ਅੱਜ ਵੀ, ਜਦੋਂ ਉਹ ਮੋਦੀ ਦੇ ਲਈ ਕੁਛ ਸਖ਼ਤ ਸ਼ਬਦ ਕਹਿੰਦੇ ਹਨ ਤਾਂ ਉਸ ਦੀ ਧਾਰ ਖੁੰਢੀ ਕਰਨ ਲਈ ਉਹ ਉਸ ਦੀ ਭਾਸ਼ਣ-ਕਲਾ ਅਤੇ ਉਸ ਦੀ ‘ਕਰੜੀ ਮਿਹਨਤ’ ਦੀਆਂ ਤਾਰੀਫ਼ਾਂ ਕਰਨੀਆਂ ਨਹੀਂ ਭੁੱਲਦੇ।
ਕਿਤੇ ਵਧੇਰੇ ਸਖ਼ਤੀ ਨਾਲ ਉਹ ਵਿਰੋਧੀ-ਧਿਰ ਦੇ ਰਾਜਨੀਤਕ ਆਗੂਆਂ ਦੀ ਨਿੰਦਾ ਕਰਦੇ ਹਨ ਅਤੇ ਉਨ੍ਹਾਂ ਉੱਪਰ ਧੌਂਸ ਦਿਖਾ ਕੇ ਉਨ੍ਹਾਂ ਨੂੰ ਅਪਮਾਨਿਤ ਕਰਦੇ ਹਨ। ਆਪਣੀ ਖ਼ਾਸ ਨਫ਼ਰਤ ਨੂੰ ਉਹ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇ ਲਈ ਬਚਾ ਕੇ ਰੱਖਦੇ ਹਨ ਜੋ ਐਸਾ ਇਕੱਲਾ ਰਾਜਨੀਤਕ ਆਗੂ ਹੈ ਜਿਸ ਨੇ ਆਉਣ ਵਾਲੇ ਕੋਵਿਡ ਸੰਕਟ ਦੀ ਲਗਾਤਾਰ ਚੇਤਾਵਨੀ ਦਿੱਤੀ ਅਤੇ ਵਾਰ-ਵਾਰ ਸਰਕਾਰ ਤੋਂ ਮੰਗ ਕਰਦਾ ਰਿਹਾ ਕਿ ਸਰਕਾਰ ਲਈ ਜਿੰਨਾ ਸੰਭਵ ਹੋ ਸਕਦਾ ਹੈ ਉਹ ਖ਼ੁਦ ਨੂੰ ਉਸ ਲਈ ਤਿਆਰ ਕਰੇ।
ਸਾਰੀਆਂ ਹੀ ਵਿਰੋਧੀ ਧਿਰ ਪਾਰਟੀਆਂ ਨੂੰ ਬਰਬਾਦ ਕਰਨ ਦੀ ਇਸ ਦੀ ਮੁਹਿੰਮ ’ਚ ਸੱਤਾਧਾਰੀ ਪਾਰਟੀ ਦੀ ਮੱਦਦ ਕਰਨਾ ਲੋਕਤੰਤਰ ਨੂੰ ਬਰਬਾਦ ਕਰਨ ’ਚ ਮਿਲੀਭੁਗਤ ਦੇ ਬਰਾਬਰ ਹੈ।
ਤਾਂ ਹੁਣ ਅਸੀਂ ਇੱਥੇ ਪਹੁੰਚ ਚੁੱਕੇ ਹਾਂ, ਸਮੂਹਿਕ ਰੂਪ ’ਚ ਉਨ੍ਹਾਂ ਦੇ ਬਣਾਏ ਹੋਏ ਜਹੱਨਮ ’ਚ, ਜਿੱਥੇ ਇਕ ਲੋਕਤੰਤਰ ਦੇ ਕੰਮਕਾਜ ਲਈ ਬੁਨਿਆਦੀ ਰੂਪ ’ਚ ਜ਼ਰੂਰੀ ਹਰੇਕ ਸੁਤੰਤਰ ਸੰਸਥਾ ਨੂੰ ਸੰਕਟ ’ਚ ਸੁੱਟ ਕੇ ਖੋਖਲੀ ਬਣਾ ਦਿੱਤਾ ਗਿਆ ਹੈ, ਅਤੇ ਜਿੱਥੇ ਇਕ ਬੇਕਾਬੂ, ਬੇਲਗਾਮ ਵਾਇਰਸ ਦਣਦਣਾ ਰਿਹਾ ਹੈ।
ਸੰਕਟ ਪੈਦਾ ਕਰਨ ਵਾਲੀ ਇਹ ਮਸ਼ੀਨ, ਜਿਸ ਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਹਾਂ, ਸਾਨੂੰ ਇਸ ਤਬਾਹੀ ’ਚੋਂ ਕੱਢਣ ਦੇ ਨਾਕਾਬਿਲ ਹੈ। ਖ਼ਾਸ ਕਰਕੇ ਇਸ ਲਈ ਕਿ ਇਸ ਸਰਕਾਰ ਵਿਚ ਇਕ ਆਦਮੀ ਇਕੱਲਾ ਫ਼ੈਸਲੇ ਕਰਦਾ ਹੈ, ਜੋ ਖ਼ਤਰਨਾਕ ਹੈ ਅਤੇ ਉਹ ਬਹੁਤਾ ਸਮਝਦਾਰ ਨਹੀਂ ਹੈ।
ਇਹ ਵਾਇਰਸ ਇਕ ਅੰਤਰਰਾਸ਼ਟਰੀ ਸਮੱਸਿਆ ਹੈ। ਇਸ ਨਾਲ ਨਜਿੱਠਣ ਲਈ ਘੱਟੋਘੱਟ ਮਹਾਮਾਰੀ ਉੱਪਰ ਕਾਬੂ ਪਾਉਣ ਅਤੇ ਇੰਤਜ਼ਾਮ ਲਈ ਫ਼ੈਸਲੇ ਲੈਣ ਦਾ ਕੰਮ ਇਕ ਤਰ੍ਹਾਂ ਦੀ ਗ਼ੈਰਪਾਰਟੀ ਸੰਸਥਾ ਦੇ ਹੱਥਾਂ ’ਚ ਦੇਣਾ ਹੋਵੇਗਾ ਜਿਸ ਵਿਚ ਸੱਤਾਧਾਰੀ ਪਾਰਟੀ ਦੇ ਮੈਂਬਰ, ਵਿਰੋਧੀ-ਧਿਰ ਦੇ ਮੈਂਬਰ ਅਤੇ ਸਿਹਤ ਅਤੇ ਜਨਤਕ ਨੀਤੀਆਂ ਦੇ ਮਾਹਿਰ ਸ਼ਾਮਲ ਹੋਣ।
ਜਿੱਥੋਂ ਤੱਕ ਮੋਦੀ ਦੀ ਗੱਲ ਹੈ, ਕੀ ਆਪਣੇ ਜੁਰਮਾਂ ਨੂੰ ਮੁੱਖ ਰੱਖਦਿਆਂ ਉਸ ਵੱਲੋਂ ਅਸਤੀਫ਼ਾ ਦੇਣ ਦੀ ਕੋਈ ਸੰਭਵ ਗੁੰਜਾਇਸ਼ ਹੈ? ਜੇ ਕਰ ਸਕੇ ਤਾਂ ਉਹ ਬਸ ਉਨ੍ਹਾਂ ਜੁਰਮਾਂ ਤੋਂ ਇਕ ਮੋਹਲਤ ਹੀ ਦੇ ਦੇਵੇ ਆਪਣੀ ਕਰੜੀ ਮਿਹਨਤ ਨਾਲ ਬਸ ਇਕ ਮੋਹਲਤ।
ਉਸ ਦੇ ਲਈ ਇਕ 56.4 ਕਰੋੜ ਡਾਲਰ ਦਾ ਇਕ ਬੋਇੰਗ 777, ਏਅਰ ਇੰਡੀਆ ਵਨ ਦਾ ਜਹਾਜ਼ ਇਕ ਵੀ.ਵੀ.ਆਈ.ਪੀ. ਸਫ਼ਰ ਦੇ ਲਈ, ਦਰਅਸਲ ਉਸ ਦੇ ਲਈ, ਤਿਆਰ ਹੈ ਅਤੇ ਫ਼ਿਲਹਾਲ ਰੱਨਵੇਅ ਉੱਪਰ ਵਿਹਲਾ ਖੜ੍ਹਾ ਹੈ। ਉਹ ਅਤੇ ਉਸ ਦੇ ਆਦਮੀ ਬਸ ਛੱਡ ਕੇ ਜਾ ਸਕਦੇ ਹਨ। ਬਾਕੀ ਦੇ ਲੋਕ ਉਨ੍ਹਾਂ ਦੀਆਂ ਗੜਬੜਾਂ ਨੂੰ ਠੀਕ ਕਰਨ ਲਈ ਜੋ ਕੁਛ ਹੋ ਸਕੇਗਾ ਉਹ ਕਰਨਗੇ।
ਨਹੀਂ, ਭਾਰਤ ਨੂੰ ਅਲੱਗ-ਥਲੱਗ ਨਹੀਂ ਕੀਤਾ ਜਾ ਸਕਦਾ। ਸਾਨੂੰ ਮੱਦਦ ਦੀ ਜ਼ਰੂਰਤ ਹੈ।