(ਗਰਮ ਖਿਆਲੀ ਸਿੱਖਾਂ ਦੀ ਕਚਹਿਰੀ ਵਿੱਚ)
-ਹਰਚਰਨ ਸਿੰਘ ਪ੍ਰਹਾਰ
7 ਅਪਰੈਲ, 2021 ਨੂੰ ‘ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲਬੀਆ' (UBC) ਦੀ 'ਏਸ਼ੀਅਨ ਸਟੱਡੀ ਡਿਪਾਰਟਮੈਂਟ' ਦੇ 'ਪੰਜਾਬੀ ਸਟੱਡੀਜ਼ ਪ੍ਰੋਗਰਾਮ' ਵਲੋਂ 'ਹਰਜੀਤ ਕੌਰ ਸਿੱਧੂ ਮੈਮੋਰੀਅਲ' ਸਲਾਨਾ ਸਮਾਗਮ ਵਿੱਚ ਇੰਡੀਆ ਵਿੱਚ ਚੱਲ ਰਹੇ, ਕਿਸਾਨ ਸੰਘਰਸ਼ ਸਬੰਧੀ ਬੋਲਣ ਲਈ ਉਘੇ ਪੱਤਰਕਾਰ ਹਰਤੋਸ਼ ਸਿੰਘ ਬੱਲ ਨੂੰ ਸੱਦਾ ਦਿੱਤਾ ਗਿਆ ਸੀ।ਹਰਤੋਸ਼ ਸਿੰਘ ਬੱਲ ਵਲੋਂ ਪਿਛਲੇ ਸਮੇਂ ਵਿੱਚ ਬਹੁਤ ਵਿਸਥਾਰ ਤੇ ਬਰੀਕੀ ਨਾਲ਼ ਨਵੇਂ ਖੇਤੀ ਕਨੂੰਨਾਂ ਬਾਰੇ ਆਰਟੀਕਲ ਲਿਖੇ ਸਨ ਕਿ ਕਿਵੇਂ ਇਨ੍ਹਾਂ ਦੇ ਲਾਗੂ ਹੋਣ ਨਾਲ਼ ਖੇਤੀ ਸੈਕਟਰ ਤੇ ਪ੍ਰਭਾਵ ਪਵੇਗਾ ਅਤੇ ਵੱਡੇ ਕਾਰਪੋਰੇਟ ਘਰਾਣੇ ਖੇਤੀ ਦਾ ਉਦਯੋਗੀਕਰਨ ਕਰਕੇ ਕਾਬਿਜ਼ ਹੋਣਗੇ? ਜਿਸ ਨਾਲ਼ ਖੇਤੀਬਾੜੀ ਦੇ ਪਿਤਾ ਪੁਰਖੀ ਧੰਦੇ ਨਾਲ਼ ਜੁੜੇ ਹੋਏ ਲੱਖਾਂ ਲੋਕ ਖੇਤੀ ਤੋਂ ਬਾਹਰ ਹੋ ਜਾਣਗੇ? ਅਚਾਨਕ ਹੀ UBC ਵਲੋਂ ਇਹ ਸਮਾਗਮ ਰੱਦ ਕਰ ਦਿੱਤਾ ਗਿਆ, ਜਿਸ ਬਾਰੇ ਮਿ. ਬੱਲ ਨੂੰ ਸਹੀ ਢੰਗ ਨਾਲ਼ ਸੂਚਿਤ ਵੀ ਨਹੀਂ ਕੀਤਾ ਗਿਆ, ਜੋ ਕਿ ਇੱਕ ਨਾਮੀ ਪੱਤਰਕਾਰ ਦੇ ਵਕਾਰ ਨੂੰ ਸੱਟ ਮਾਰਨ ਵਾਲ਼ੀ ਗੱਲ ਸੀ।ਇਥੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਹਰਤੋਸ਼ ਸਿੰਘ ਬੱਲ, ਭਾਰਤ ਵਿੱਚ ਇੱਕ ਉਘੇ ਪੱਤਰਕਾਰ ਹਨ, ਜੋ ਕਿ 'ਆਊਟਲੁੱਕ', 'ਦੀ ਓਪਨ' ਵਰਗੇ ਅਦਾਰਿਆਂ ਨਾਲ਼ ਕੰਮ ਕਰ ਚੁੱਕੇ ਹਨ ਅਤੇ ਹੁਣ ਮਸ਼ਹੁਰ ਮੈਗਜ਼ੀਨ 'ਕਾਰਵਾਂ' ਦੇ ਰਾਜਨੀਤਕ ਐਡੀਟਰ ਹਨ।ਉਹ 2 ਕਿਤਾਬਾਂ ਦੇ ਲੇਖਕ ਦੇ ਨਾਲ਼-ਨਾਲ਼ ਆਪਣੀਆਂ ਬੇਬਾਕ ਲਿਖਤਾਂ ਲਈ ਮਸ਼ਹੂਰ ਹਨ।ਮੌਜੂਦਾ ਮੋਦੀ ਦੌਰ ਵਿੱਚ ਜਦੋਂ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਹਮਲੇ ਹੋ ਰਹੇ ਹਨ, ਜ਼ੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਤਾਂ ਅਜਿਹੇ ਮਾਹੌਲ ਵਿੱਚ ਹਰਤੋਸ਼ ਸਿੰਘ ਬੱਲ, ਉਨ੍ਹਾਂ ਗਿਣਤੀ ਦੇ ਸਿਰੜੀ ਪੱਤਰਕਾਰਾਂ ਤੇ ਲੇਖਕਾਂ ਵਿੱਚੋਂ ਇੱਕ ਹਨ, ਜੋ ਨਿਰਪੱਖ ਪੱਤਰਕਾਰੀ ਤੇ ਬੁਲੰਦ ਆਵਾਜ ਵਿੱਚ ਲਿਖਣ ਲਈ ਜਾਣੇ ਜਾਂਦੇ ਹਨ।ਜਿਨ੍ਹਾਂ ਵਿੱਚ ਰਵੀਸ਼ ਕੁਮਾਰ, ਪੁਨਿਆ ਪਰਾਸਨ ਬਾਜਪਾਈ, ਸਿਧਾਰਥ ਭਾਟੀਆ, ਅਰੁਨਧਿਤੀ ਰੌਏ ਆਦਿ ਦੇ ਨਾਮ ਵਰਨਣਯੋਗ ਹਨ।ਇਸ ਪ੍ਰੋਗਰਾਮ ਦੇ ਕੈਂਸਲ ਹੋਣ ਤੋਂ ਬਾਅਦ ਬੀ ਸੀ ਦੇ ਸਾਬਕਾ ਪ੍ਰੀਮੀਅਰ ਤੇ ਕਨੇਡਾ ਦੇ ਸਾਬਕਾ ਹੈਲਥ ਮਨਿਸਟਰ ਉਜਲ ਦੋਸਾਂਝ ਨੇ UBC ਨੂੰ ਇੱਕ ਰੋਸ ਚਿੱਠੀ ਲਿਖੀ ਤੇ ਨਾਲ਼ ਹੀ ਆਪਣੀ 'ਲਾਅ' ਦੀ ਡਿਗਰੀ 'ਕੂੜੇਦਾਨ' ਵਿੱਚ ਸੁੱਟ ਦਿੱਤੀ।