Thu, 21 November 2024
Your Visitor Number :-   7253269
SuhisaverSuhisaver Suhisaver

ਕਿਸਾਨੀ ਮੋਰਚਾ ਬਨਾਮ ਭਾਈਚਾਰਕ ਸਾਂਝ!

Posted on:- 29-12-2020

-ਹਰਚਰਨ ਸਿੰਘ ਪ੍ਰਹਾਰ

ਪਿਛਲੇ 3 ਮਹੀਨੇ ਤੋਂ ਭਾਰਤ ਵਿੱਚ ਕਿਸਾਨੀ ਮੋਰਚਾ ਚੱਲ ਰਿਹਾ ਹੈ।ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀ ਸਿੱਖ ਕਿਸੇ ਨਾ ਕਿਸੇ ਢੰਗ ਨਾਲ ਇਸ ਮੋਰਚੇ ਨਾਲ ਜੁੜੇ ਹੋਏ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬੀ ਜਿਥੇ ਮਰਜੀ ਬੈਠੇ ਹੋਣ, ਉਹ ਪੰਜਾਬ ਨਾਲ਼ ਹਮੇਸ਼ਾਂ ਜੁੜੇ ਰਹਿੰਦੇ ਹਨ।ਆਪਣੇ ਲੋਕਾਂ ਨਾਲ਼ ਖੜਨਾ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ, ਇੱਕ ਸ਼ਲਾਘਾਯੋਗ ਰੁਝਾਨ ਹੈ।ਅਸੀਂ ਕਿਸਾਨ ਜਾਂ ਲੋਕ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ਼ ਖੜੇ ਹਾਂ ਤੇ ਆਪਣੇ ਵਿੱਤ ਜਾਂ ਸਮਝ ਅਨੁਸਾਰ ਆਪਣਾ ਯੋਗਦਾਨ ਵੀ ਪਾਉਂਦੇ ਰਹਾਂਗੇ।ਅਸੀਂ ਸਿਰਫ ਪੰਜਾਬ ਵਿੱਚ ਹੀ ਨਹੀਂ ਕੈਲਗਰੀ ਜਾਂ ਕਨੇਡਾ ਵਿੱਚ ਵੀ ਲੋਕਾਂ ਦੇ ਮਸਲਿਆਂ ਲਈ ਨਾ ਸਿਰਫ ਹਮੇਸ਼ਾਂ ਉਨ੍ਹਾਂ ਦੇ ਹੱਕ ਵਿੱਚ ਖੜੇ ਹਾਂ, ਸਗੋਂ ਸੰਘਰਸ਼ਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੇ ਹਾਂ ਤੇ ਪਾਉਂਦੇ ਰਹਾਂਗੇ।ਮੈਂ ਆਪਣੇ ਜੀਵਨ ਵਿੱਚ ਪਿਛਲੇ 25-30 ਸਾਲਾਂ ਵਿੱਚ ਕਈ ਮੋਰਚੇ ਜਾਂ ਸੰਘਰਸ਼ ਦੇਖੇ ਹਨ, ਜਦੋਂ ਆਪਣੇ ਲੋਕ ਇਤਨੇ ਜ਼ਿਆਦਾ ਜਜ਼ਬਾਤੀ ਤੇ ਉਲਾਰ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਇਹ ਮੋਰਚੇ ਜੀਵਨ ਮੌਤ ਦਾ ਸਵਾਲ ਬਣ ਜਾਂਦੇ ਹਨ ਜਾਂ ਬਹੁਤ ਸਾਰੇ ਲੋਕ ਮਰਨ-ਮਾਰਨ ਲਈ ਤਿਆਰ ਹੋ ਜਾਂਦੇ ਹਨ।ਪਰ ਉਹ ਭੁੱਲ ਜਾਂਦੇ ਹਨ ਕਿ ਮੋਰਚੇ ਵੀ ਤੇ ਮਸਲੇ ਵੀ ਸਾਡੇ ਜੀਵਨ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਤੇ ਆਉਂਦੇ ਜਾਂਦੇ ਰਹਿਣਗੇ, ਇਥੇ ਕੁਝ ਵੀ ਸਦੀਵੀ ਨਹੀਂ, ਨਾ ਹੀ ਅਸੀਂ ਇਥੇ ਸਦੀਵੀ ਹਾਂ।

ਇਸ ਲਈ ਸਾਨੂੰ ਕੁਝ ਵੀ ਕਰਨ ਵੇਲੇ ਰਿਸ਼ਤਿਆਂ ਦੀ ਮਰਿਯਾਦਾ, ਭਾਸ਼ਾ ਦੀ ਮਰਿਯਾਦਾ, ਦੂਸਰਿਆਂ ਦੇ ਮਨੁੱਖੀ ਅਧਿਕਾਰਾਂ ਨੂੰ ਸਵੀਕਾਰ ਕਰਨ, ਦੂਜਿਆਂ ਦਾ ਆਦਰ ਕਰਨ ਆਦਿ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ।ਸਾਨੂੰ ਦੂਜਿਆਂ ਨੂੰ ਵੀ ਆਪਣੇ ਵਾਂਗ ਅਜ਼ਾਦ ਹੋ ਕੇ ਬੋਲਣ, ਲਿਖਣ, ਕੁਝ ਕਰਨ ਦੀ ਉਵੇਂ ਹੀ ਅਜ਼ਾਦੀ ਦੇਣੀ ਚਾਹੀਦੀ ਹੈ, ਜਿਵੇਂ ਅਸੀਂ ਆਪਣੇ ਲਈ ਚਾਹੁੰਦੇ ਹਾਂ।ਮੈਨੂੰ ਯਾਦ ਹੈ ਕਿ 1997-1998 ਵਿੱਚ ਸਰੀ (ਕਨੇਡਾ) ਵਿੱਚ ਇੱਕ ਗੁਰਦੁਆਰੇ ਦੇ ਕਬਜੇ ਨੂੰ ਲੈ ਕੇ ਦੋ ਧੜਿਆਂ ਵਿੱਚ ਝਗੜਾ ਹੋ ਗਿਆ, ਜੋ ਕਿ ਬਾਅਦ ਵਿੱਚ ਗੁਰਦੁਆਰਿਆਂ ਦੇ ਲੰਗਰ ਹਾਲ ਵਿੱਚ ਚੇਅਰਾਂ ਜਾਂ ਤੱਪੜਾਂ ਤੇ ਬੈਠਣ ਦਾ ਮਸਲਾ ਬਣ ਗਿਆ ਜਾਂ ਬਣਾ ਦਿੱਤਾ ਗਿਆ, ਉਸਨੂੰ ਵੀ ਆਪਣੀ ਕਮਿਉਨਿਟੀ ਨੇ ਇਤਨਾ ਤੂਲ ਦਿੱਤਾ ਕਿ ਭੈਣਾਂ-ਭਰਾ, ਮਾਂ-ਪਿਉ, ਹੋਰ ਰਿਸ਼ਤੇਦਾਰ, ਦੋਸਤ-ਮਿੱਤਰ ਇੱਕ ਦੂਜੇ ਨਾਲ਼ ਬੋਲਣੋਂ ਹਟ ਗਏ, ਇੱਕ ਦੂਜੇ ਦੇ ਦੁਸ਼ਮਣ ਬਣ ਗਏ, ਇੱਕ ਦੂਜੇ ਨਾਲ਼ ਵਰਤਣੋਂ ਹਟ ਗਏ, ਇੱਕ ਦੂਜੇ ਦੇ ਵਿਆਹਾਂ ਜਾਂ ਮਰਨੇ ਦੇ ਭੋਗਾਂ ਤੇ ਨਹੀਂ ਜਾਂਦੇ ਸਨ ਕਿ ਇਨ੍ਹਾਂ ਦਾ ਵਿਆਹ ਜਾਂ ਮਰਨਾ ਤੱਪੜਾਂ ਵਾਲੇ ਜਾਂ ਚੇਅਰਾਂ ਵਾਲੇ ਗੁਰਦੁਆਰੇ ਹੈ।

ਮੈਂ ਕਈ ਅਜਿਹੇ ਪਰਿਵਾਰਾਂ ਨੂੰ ਬੀ ਸੀ ਵਿੱਚ ਜਾਣਦਾਂ, ਜਿਨ੍ਹਾਂ ਦੇ ਰਿਸ਼ਤੇ 20-22 ਸਾਲ ਬਾਅਦ ਵੀ ਠੀਕ ਨਹੀਂ ਹੋਏ।ਇਸੇ ਤਰ੍ਹਾਂ ਲੋਕ 84 ਦੀਆਂ ਘਟਨਾਵਾਂ, ਸਰਸੇ ਵਾਲੇ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਵਰਗੀ ਪੁਸ਼ਾਕ ਪਾਉਣ, ਗੁਰੂ ਗ੍ਰੰਥ ਸਾਹਿਬ ਦੀਆਂ 2015 ਤੇ ਬਾਅਦ ਵਿੱਚ ਬੇਅਦਬੀ ਦੀਆਂ ਘਟਨਾਵਾਂ, 2013 ਵਿੱਚ ਗੁਰਬਖਸ਼ ਸਿੰਘ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼, 2014 ਤੇ 2017 ਦੀਆਂ ਵੋਟਾਂ ਵਿੱਚ ਆਮ ਆਦਮੀ ਪਾਰਟੀ ਦੀ ਹਮਾਇਤ ਲਈ ਉਲਾਰਪਨ ਆਦਿ ਅਨੇਕਾਂ ਮੁੱਦੇ ਪਿਛਲ਼ੇ ਸਾਲਾਂ ਵਿੱਚ ਆਏ ਹਨ, ਜਦੋਂ ਲੋਕ ਇਤਨੇ ਜਜਬਾਤੀ ਤੇ ਉਲਾਰ ਹੋ ਜਾਂਦੇ ਰਹੇ ਹਨ ਕਿ ਜਿਸ ਤਰ੍ਹਾਂ ਹੁਣ ਦੁਨੀਆਂ ਹੀ ਖਤਮ ਹੋ ਜਾਵੇਗੀ।ਪਰ ਜੇ ਅੱਜ ਅਸੀਂ ਸਾਰੇ ਸੋਚੀਏ ਕਿ ਉਨ੍ਹਾਂ ਮਸਲਿਆਂ ਦਾ ਕੀ ਬਣਿਆ? ਕੀ ਉਹ ਮਸਲੇ ਹੱਲ ਹੋ ਗਏ? ਕੀ ਉਸ ਤੋਂ ਬਾਅਦ ਹੋਰ ਮਸਲੇ ਨਹੀਂ ਆਏ? ਪਰ ਉਨ੍ਹਾਂ ਸਮਿਆਂ ਵਿੱਚ ਅਸੀਂ ਬਹੁਤ ਸਾਰਿਆਂ ਨੇ ਆਪਣੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਜਾਂ ਆਪਣੇ ਲੋਕਲ ਭਾਈਚਾਰੇ ਵਿੱਚ ਦੁਫਾੜ ਜਰੂਰ ਪਾ ਲਿਆ।ਸਾਨੂੰ ਕਦੇ ਵੀ ਕੁਝ ਵੀ ਅਜਿਹਾ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਚਾਹੀਦਾ ਹੈ ਕਿ ਜਿਸ ਨਾਲ਼ ਸਾਨੂੰ ਬਾਅਦ ਵਿੱਚ ਸ਼ਰਮਿੰਦੇ ਨਾ ਹੋਣਾ ਪਵੇ।ਮੇਰਾ ਇਹ ਤਜ਼ੁਰਬਾ ਰਿਹਾ ਹੈ ਕਿ ਅਸੀਂ ਜਜਬਾਤੀ ਹੋ ਕੇ ਕੌਮੀ ਤੌਰ ਤੇ ਇੱਕ ਅਜਿਹੀ ਮਾਨਸਿਕਤਾ ਦਾ ਸ਼ਿਕਾਰ ਹੋ ਜਾਂਦੇ ਹਾਂ ਕਿ ਕਿਸੇ ਦਾ ਲਿਹਾਜ ਨਹੀਂ ਕਰਦੇ, ਕਿਸੇ ਦੀ ਇੱਜਤ ਨਹੀਂ ਕਰਦੇ, ਬੋਲਣ ਲੱਗੇ ਦੇਖਦੇ ਨਹੀਂ ਕੀ ਕਹਿ ਰਹੇ ਹਾਂ, ਸਾਡੀ ਭਾਸ਼ਾ ਬੜੀ ਨੀਵੇਂ ਪੱਧਰ ਦੀ ਹੋ ਜਾਂਦੀ ਹੈ, ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਜੇ ਸਾਨੂੰ ਕਿਸੇ ਮਸਲੇ ਦੇ ਹੱਕ ਜਾਂ ਵਿਰੋਧ ਵਿੱਚ ਖੜਨ ਦਾ ਹੱਕ ਹੈ ਤਾਂ ਇਹ ਹੱਕ ਸਭ ਨੂੰ ਇਖਲਾਕੀ ਤੇ ਕਨੂੰਨੀ ਤੌਰ ਤੇ ਮਿਲਿਆ ਹੋਇਆ ਹੈ? ਪਰ ਸਾਡੇ ਤੇ ਭੀੜ ਦੀ ਮਾਨਸਿਕਤਾ ਇਤਨੀ ਹਾਵੀ ਹੋ ਜਾਂਦੀ ਹੈ ਕਿ ਜੇ ਅਸੀਂ ਕਿਸੇ ਦੇ ਹੱਕ ਵਿੱਚ ਹਾਂ ਤਾਂ ਚਾਹੁੰਦੇ ਹਾਂ ਕਿ ਹੁਣ ਸਾਰੇ ਹੱਕ ਵਿੱਚ ਖੜਨ ਤੇ ਜੇ ਅਸੀਂ ਵਿਰੋਧ ਵਿੱਚ ਹਾਂ ਤਾਂ ਚਾਹੁੰਦੇ ਹਾਂ ਕਿ ਸਾਰੇ ਵਿਰੋਧ ਵਿੱਚ ਖੜਨ।ਅਜਿਹਾ ਕਦੇ ਵੀ ਨਹੀਂ ਹੋਇਆ ਤੇ ਨਾ ਕਦੇ ਹੋਵੇਗਾ ਕਿਉਂਕਿ ਕੁਦਰਤ ਵਲੋਂ ਹੀ ਸਾਨੂੰ ਸਭ ਨੂੰ ਅਕਲ ਤੇ ਸ਼ਕਲ ਕਰਕੇ ਵੱਖਰੇ ਬਣਾਇਆ ਹੋਇਆ ਹੈ।ਸਾਡੇ ਇਸ ਬ੍ਰਹਿਮੰਡ ਵਿੱਚ ਗਲਤ-ਸਹੀ ਕੁਝ ਨਹੀਂ ਹੈ, ਸਿਰਫ ਨਜ਼ਰੀਆ ਹੈ ਕਿ ਤੁਸੀਂ ਕਿਸ ਨਜ਼ਰੀਏ ਨਾਲ਼ ਘਟਨਾਵਾਂ ਨੂੰ ਦੇਖਦੇ ਹੋ? ਗਲਤ-ਸਹੀ ਸਿਰਫ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਦਾ ਨਿੱਜੀ ਜਾਂ ਸਮਾਜ ਦਾ ਸਾਂਝਾ ਨੁਕਸਾਨ ਤੇ ਨਹੀਂ ਕਰ ਰਹੇ, ਤੁਸੀਂ ਕੁਝ ਕਨੂੰਨ ਵਿਰੋਧੀ ਜਾਂ ਸਮਾਜ ਵਿਰੋਧੀ ਤੇ ਨਹੀਂ ਕਰ ਰਹੇ, ਜਿਸ ਨਾਲ਼ ਕਿਸੇ ਦਾ ਨਿੱਜੀ ਜਾਂ ਸਮਾਜ ਦਾ ਸਾਂਝਾ ਨੁਕਸਾਨ ਹੋ ਰਿਹਾ ਹੈ ਜਾਂ ਹੋ ਸਕਦਾ ਹੈ।

ਹੁਣ ਇਸ ਮੋਰਚੇ ਵਿੱਚ ਵੀ ਅਜਿਹਾ ਹੀ ਵਾਪਰ ਰਿਹਾ ਹੈ, ਅਸੀਂ ਕਿਸੇ ਨੂੰ ਵੀ ਆਪਣੀ ਵਿਚਾਰਧਾਰਾ ਤੋਂ ਉਲਟ ਆਪਣਾ ਪੱਖ ਰੱਖਣ ਦਾ ਹੱਕ ਨਹੀਂ ਦੇਣਾ ਚਾਹੁੰਦੇ? ਜੇ ਅਸੀਂ ਸਹੀ ਹਾਂ ਤਾਂ ਫਿਰ ਸਾਨੂੰ ਦੂਜਿਆ ਤੋਂ ਡਰਨ ਦੀ ਲੋੜ ਨਹੀਂ? ਸਾਡੇ ਵਿੱਚ ਇੱਕ ਹੋਰ ਬੜੀ ਘਾਟ ਹੈ ਕਿ ਅਸੀਂ ਹਰ ਇਤਰਾਜ ਜਾਂ ਵੱਖਰੇ ਵਿਚਾਰ ਨੂੰ ਵਿਰੋਧ ਮੰਨ ਲੈਂਦੇ ਹਾਂ।ਪਰ ਸਾਡੀ ਅਜਿਹੀ ਸੋਚ ਸਾਡੀ ਸੁੰਗੜੀ ਮਾਨਸਿਕਤਾ ਦਾ ਪ੍ਰਗਟਾਵਾ ਹੈ।ਸਾਡੀ ਬੌਧਿਕ ਕੰਗਾਲੀ ਦੀ ਨਿਸ਼ਾਨੀ ਹੈ।ਅਜਿਹਾ ਨਹੀਂ ਹੁੰਦਾ ਕਿ ਹਰ ਇਤਰਾਜ ਜਾਂ ਵੱਖਰਾ ਵਿਚਾਰ ਤੁਹਾਡੇ ਨਾਲ਼ੋਂ ਹਰ ਪੱਖ ਤੋਂ ਵੱਖਰਾ ਹੁੰਦਾ ਹੈ, ਤੁਸੀਂ ਕੁਝ ਨੁਕਤਿਆਂ ਤੇ ਵੱਖਰੇ ਵਿਚਾਰ ਵਾਲੇ ਹੋ ਸਕਦੇ ਤੇ ਬਹੁਤ ਸਾਰਿਆਂ ਤੇ ਤੁਹਾਡੀ ਸਹਿਮਤੀ ਵੀ ਹੋ ਸਕਦੀ ਹੈ? ਇਸ ਤੋਂ ਉਲਟ ਵੀ ਹੋ ਸਕਦਾ ਹੈ।ਕਈ ਵਿਅਕਤੀ ਅਜਿਹੀਆਂ ਪੋਸਟਾਂ ਪਾ ਰਹੇ ਹਨ ਕਿ ਫਲਾਨੀ ਕਮਿਉਨਿਟੀ ਜਾਂ ਫਲਾਨੀ ਵਿਚਾਰਧਾਰਾ ਵਾਲ਼ੇ ਲੋਕ ਮੈਨੂੰ ਅਨਫਰੈਂਡ ਕਰ ਜਾਣ ਜਾਂ ਮੈਂ ਕਰ ਦੇਣੇ ਹਨ? ਇਹ ਕਿਹੋ ਜਿਹੀ ਮਾਨਸਿਕਤਾ ਹੈ, ਜਿਥੇ ਅਸੀਂ ਦੂਸਰੇ ਦੇ ਵਿਚਾਰ ਪ੍ਰਤੀ ਇਤਨੇ ਅਸਹਿਣਸ਼ੀਲ ਹੋ ਰਹੇ ਹਾਂ ਕਿ ਇਥੋਂ ਤੱਕ ਪਬਲੀਕਲੀ ਕਹਿ ਰਹੇ ਹਾਂ, ਮੇਰੇ ਕੋਲੋਂ ਦੂਰ ਹੋ ਜਾਵੋ? ਅਸੀਂ ਅਕਸਰ ਥੋੜੇ ਜਿਹੇ ਵਿਚਾਰਧਾਰਕ ਮੱਤਭੇਦਾਂ ਕਾਰਨ ਵੱਡੇ-ਵੱਡੇ ਇਲਜਾਮ ਲਗਾਉਣ ਤੋਂ ਵੀ ਗੁਰੇਜ ਨਹੀਂ ਕਰਦੇ।ਜਦੋਂ ਅਸੀਂ ਕਿਸੇ ਨੂੰ ਚੰਗਾ ਜਾਂ ਮਾੜਾ ਕਹਿੰਦੇ ਹਾਂ ਤਾਂ ਅਸੀਂ ਦੂਜੇ ਬਾਰੇ ਨਹੀਂ ਆਪਣੇ ਬਾਰੇ ਹੀ ਦੱਸ ਰਹੇ ਹੁੰਦੇ ਹਾਂ ਕਿ ਅਸੀਂ ਕਿਸ ਔਕਾਤ ਦੇ ਮਾਲਕ ਹਾਂ? ਮੇਰੀ ਸਮਝ ਅਨੁਸਾਰ ਸੋਸ਼ਲ ਮੀਡੀਆ ਤੇ, ਕੌਮੀ ਤੌਰ ਤੇ ਅਸੀਂ ਜਿਸ ਢੰਗ ਨਾਲ਼ ਵਿਚਰ ਰਹੇ ਹਾਂ, ਉਹ ਬਹੁਤ ਖਤਰਨਾਕ ਰੁਝਾਨ ਹੈ।ਉਸ ਤੋਂ ਲਗਦਾ ਨਹੀਂ ਕਿ ਅਸੀਂ 21ਵੀਂ ਸਦੀ ਦੇ ਲੋਕਤੰਤਰੀ, ਸਭਿਅਕ ਤੇ ਵਿਕਸਤ ਸਮਾਜ ਦਾ ਹਿੱਸਾ ਹਾਂ? ਸੋਸ਼ਲ ਮੀਡੀਆ ਤੇ ਜਿਸ ਢੰਗ ਦੀਆਂ ਬਹੁਤ ਘਟੀਆ ਪੱਧਰ ਦੀਆਂ ਟਿੱਪਣੀਆਂ ਜਾਂ ਪੋਸਟਾਂ ਸ਼ੇਅਰ ਹੋ ਰਹੀਆਂ ਹਨ, ਉਹ ਸਾਡੀ ਦੂਜਿਆਂ ਪ੍ਰਤੀ ਮਾਨਸਿਕਤਾ ਦਰਸਾ ਰਹੀਆਂ ਹਨ।ਜਿਸ ਤਰ੍ਹਾਂ ਅਸੀਂ ਵੱਖ-ਵੱਖ ਵਿਅਕਤੀਆਂ ਦੀਆਂ ਫੋਟੋਆਂ ਐਡਿਟ ਕਰਕੇ ਮਜਾਕ ਉਡਾ ਰਹੇ ਹਾਂ, ਅਸਲ ਵਿੱਚ ਉਹ ਸਾਡੀ ਆਪਣੀ ਸੋਚ ਦਾ ਮਜਾਕ ਬਣ ਰਿਹਾ ਹੈ?

ਜਿਹੜੇ ਲੋਕ ਕੁਝ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਹਮਾਇਤ ਲਈ ਮਰਨ-ਮਾਰਨ ਨੂੰ ਤਿਆਰ ਸਨ, ਕਿਸੇ ਦੀ ਕੋਈ ਅਕਲ ਦੀ ਗੱਲ ਨਹੀਂ ਸੁਣਦੇ ਸਨ, ਜਹਾਜ ਭਰ-ਭਰ ਕੇ ਇੰਡੀਆ ਜਾ ਰਹੇ ਸਨ, ਫੰਡ ਰੇਜ਼ ਕਰਦੇ ਸਨ, ਲੋਕ ਇਕੱਠ ਕਰਦੇ ਸਨ, ਅੱਜ ਉਹੀ ਕੇਜਰੀਵਾਲ਼, ਭਗਵੰਤ ਮਾਨ ਜਾਂ ਹੋਰ ਲੀਡਰਾਂ ਨੂੰ ਵੱਧ ਗਾਲ਼ਾਂ ਕੱਢਦੇ ਹਨ ਕਿਉਂਕਿ ਅਸੀਂ ਕੁਝ ਵੀ ਕਰਨ ਤੋਂ ਪਹਿਲਾਂ ਸੋਚਣ ਵਾਲਾ ਪੁਰਜਾ ਆਫ ਕਰ ਲੈਂਦੇ ਹਾਂ।ਮੈਨੂੰ ਪਤਾ ਹੈ ਕਿ ਬਹੁਤ ਲੋਕ ਅਜਿਹੇ ਮੌਕਿਆਂ ਤੇ ਵਿਚਾਰਾਂ ਦੇ ਵਖਰੇਵੇਂ ਕਾਰਨ ਕਈ ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਗੁਆ ਲੈਂਦੇ ਹਨ ਜਾਂ ਰਿਸ਼ਤਿਆਂ ਵਿੱਚ ਕੁੜੱਤਣ ਭਰ ਲੈਂਦੇ ਹਨ।ਮੈਂ ਖੁਦ ਅਜਿਹੇ ਮੌਕਿਆਂ ਤੇ ਕਈ ਦੋਸਤ ਗੁਆਏ ਹਨ, ਜਿਹੜੇ ਮੈਨੂੰ ਇਸ ਕਰਕੇ ਨਹੀਂ ਛੱਡ ਕੇ ਗਏ ਕਿ ਹਰਚਰਨ ਕਰੈਕਟਰਲੈਸ ਹੈ, ਵਿਭਚਾਰੀ ਹੈ, ਦੁਰਾਚਾਰੀ ਹੈ, ਨਸ਼ਈ ਹੈ, ਧੋਖੇਬਾਜ ਹੈ, ਠੱਗ ਹੈ, ਦੂਜਿਆਂ ਦਾ ਹੱਕ ਮਾਰਦਾ ਹੈ, ਕਨੂੰੰਨ ਵਿਰੋਧੀ ਕੋਈ ਜ਼ੁਰਮ ਕਰ ਰਿਹਾ ਹੈ, ਨਸ਼ੇ ਵੇਚਦਾ ਹੈ, ਸਮਗਲਰ ਹੈ, ਗੈਂਗਸਟਰ ਹੈ, ਦੂਜਿਆਂ ਦਾ ਨਿੱਜੀ ਨੁਕਸਾਨ ਕਰਦਾ ਹੈ, ਕਮਿਉਨਿਟੀ ਦੇ ਕੰਮਾਂ ਵਿੱਚ ਯੋਗਦਾਨ ਨਹੀਂ ਪਾਉਂਦਾ, ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ਼ ਨਹੀਂ ਖੜਦਾ, ਸਗੋਂ ਇਸ ਕਰਕੇ ਛੱਡ ਗਏ ਕਿ ਇਸਦੇ ਵਿਚਾਰ ਸਾਡੇ ਨਾਲੋਂ ਵੱਖਰੇ ਹਨ, ਇਹ ਸਾਡੇ ਤੋਂ ਵੱਖਰੇ ਢੰਗ ਨਾਲ਼ ਸੋਚਦਾ ਹੈ, ਜਦ ਕਿ ਪਿਛਲੇ 25-30 ਸਾਲਾਂ ਵਿੱਚ ਨਿੱਜੀ ਤੌਰ ਤੇ ਮੇਰੇ ਵਲੋਂ ਕਦੇ ਕਿਸੇ ਬਾਰੇ ਇੱਕ ਲਫਜ਼ ਵੀ ਕੋਈ ਗਲਤ ਲਿਖਿਆ ਜਾਂ ਬੋਲਿਆ ਨਹੀਂ ਗਿਆ।ਕਦੇ ਕਿਸੇ ਨਾਲ਼ ਲੜਾਈ ਝਗੜਾ ਨਹੀਂ ਕੀਤਾ, ਕਿਸੇ ਨੂੰ ਕਦੇ ਕੋਈ ਗਾਲ਼ ਨਹੀਂ ਕੱਢੀ? ਪਰ ਇਹ ਇਸ ਲਈ ਇਹ ਘਟੀਆ ਬੰਦਾ ਹੈ ਕਿ ਇਸਦੇ ਵਿਚਾਰ ਸਾਡੇ ਨਾਲੋਂ ਵੱਖਰੇ ਹਨ? ਜਦਕਿ ਅਜਿਹਾ ਪ੍ਰਚਾਰ ਕਰਨ ਵਾਲ਼ੇ ਲੋਕਾਂ ਦੇ ਉਪਰ ਦੱਸੇ ਔਗੁਣਾਂ ਵਾਲ਼ੇ ਲੋਕਾਂ ਨਾਲ਼ ਜਾਤੀ ਤੇ ਜਮਾਤੀ ਦੋਨੋਂ ਸਬੰਧ ਹਨ।

ਪਿਛਲੇ ਸਮੇਂ ਵਿੱਚ ਅਸੀਂ ਦੇਖਦੇ ਰਹੇ ਹਾਂ ਜਾਂ ਪਿਛਲਾ ਇਤਿਹਾਸ ਗਵਾਹ ਹੈ ਕਿ ਕਿਸ ਤਰ੍ਹਾਂ ਮੌਕੇ ਦੀਆਂ ਹਕੂਮਤਾਂ ਲੋਕਾਂ ਨੂੰ ਧਰਮ, ਜਾਤ, ਕੌਮ, ਮਜ਼ਹਬ, ਇਲਾਕੇ ਆਦਿ ਦੇ ਨਾਮ ਤੇ ਲੜਾਉਂਦੀਆਂ ਰਹੀਆਂ ਹਨ।ਜਿਹੜੇ ਲੋਕ 100 ਸਾਲ ਅੰਗਰੇਜਾਂ ਖਿਲਾਫ ਧਰਮਾਂ, ਕੌਮਾਂ, ਜਾਤਾਂ ਤੋਂ ਉਪਰ ਉਠ ਕੇ ਦੇਸ਼ ਦੀ ਅਜਾਦੀ ਲਈ ਲੜਦੇ ਰਹੇ, ਕਿਵੇਂ ਅੰਗਰੇਜਾਂ ਜਾਂ ਦੇਸੀ ਲੀਡਰਾਂ ਦੀ ਚਾਲ ਵਿੱਚ ਫਸ ਕੇ 1947 ਵਿੱਚ ਕਤਲੇਆਮ ਲਈ ਉਤਾਰੂ ਹੋ ਗਏ, ਜਿਸ ਵਿੱਚ 2 ਮਿਲੀਅਨ ਵਿਅਕਤੀ ਅਸੀਂ ਆਪ ਹੀ ਬਿਨਾਂ ਫੌਜਾਂ ਤੋਂ ਧਰਮ ਜਾਂ ਦੇਸ਼ ਦੇ ਨਾਮ ਤੇ ਕਤਲ ਕਰ ਦਿੱਤਾ? ਇਸੇ ਤਰ੍ਹਾਂ 84 ਵਿੱਚ ਕਿਵੇਂ ਸਿੱਖਾਂ ਦਾ ਕਤਲੇਆਮ ਹੋਇਆ? 1978 ਤੋਂ 1995 ਤੱਕ ਕਿਵੇਂ ਪੰਜਾਬ ਵਿੱਚ ਕਤਲੇਆਮ ਹੋਇਆ? ਅੱਜ ਦੁਨੀਆਂ ਭਰ ਵਿੱਚ ਕਨੂੰਨੀ ਤੌਰ ਤੇ ਹਰ ਇੱਕ ਵਿਅਕਤੀ ਨੂੰ ਆਪਣਾ ਧਰਮ, ਭਾਸ਼ਾ, ਸਭਿਆਚਾਰ ਮੰਨਣ, ਉਸਦਾ ਪ੍ਰਚਾਰ ਕਰਨ ਦਾ ਹੱਕ ਹੈ, ਫਿਰ ਝਗੜਾ ਕਿਸ ਗੱਲ ਹੈ? ਫਿਰ ਅਸੀਂ ਕਿਉਂ ਦੂਜੇ ਦੀ ਅਜਾਦੀ ਵਿੱਚ ਦਖਲ ਦਿੰਦੇ ਹਾਂ? ਕਿਉਂ ਦੂਜੇ ਨੂੰ ਬੋਲਣ, ਲਿਖਣ, ਪੜ੍ਹਨ, ਮੰਨਣ, ਵਿਚਰਨ ਦੀ ਅਜ਼ਾਦੀ ਨਹੀਂ ਦੇਣਾ ਚਾਹੁੰਦੇ, ਜਦਕਿ ਆਪਣੇ ਲਈ ਉਹ ਸਭ ਕੁਝ ਚਾਹੁੰਦੇ ਹਾਂ?

ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਕੋਈ ਵੀ ਵੱਡੇ ਤੋਂ ਵੱਡਾ ਮਸਲਾ ਜਾਂ ਘਟਨਾ ਸਦੀਵੀ ਨਾ ਕਦੇ ਹੋਈ ਹੈ ਤੇ ਨਾ ਹੋਵੇਗੀ, ਪਰ ਅਸੀਂ ਜਿਥੇ ਰਹਿੰਦੇ ਹਾਂ, ਉਸੇ ਭਾਈਚਾਰੇ ਵਿੱਚ, ਉਨ੍ਹਾਂ ਲੋਕਾਂ ਵਿੱਚ ਹੀ ਰਹਿਣਾ ਹੈ, ਉਨ੍ਹਾਂ ਨਾਲ਼ ਹੀ ਮਿਲਣਾ ਵਰਤਣਾ ਹੈ, ਉਨ੍ਹਾਂ ਨਾਲ਼ ਹੀ ਕਾਰ-ਵਿਹਾਰ ਕਰਨਾ ਹੈ, ਉਨ੍ਹਾਂ ਨਾਲ਼ ਹੀ ਸਾਡੇ ਦੁੱਖ-ਸੁੱਖ ਰਹਿਣੇ ਹਨ, ਸਾਨੂੰ ਅਜਿਹਾ ਕੁਝ ਵੀ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਚਾਹੀਦਾ ਹੈ, ਜਿਸ ਨਾਲ਼ ਸਾਨੂੰ ਬਾਅਦ ਵਿੱਚ ਆਪਣੇ ਕਹੇ ਜਾਂ ਕੁਝ ਕੀਤੇ ਤੇ ਨਾਮੋਸ਼ੀ ਨਾ ਸਹਿਣੀ ਪਵੇ।ਸਾਨੂੰ ਆਪਣੀ ਗੱਲ ਕਹਿਣ ਜਾਂ ਆਪਣੀ ਵਿਚਾਰਧਾਰਾ ਅਨੁਸਾਰ ਕੁਝ ਵੀ ਮੰਨਣ ਜਾਂ ਨਾ ਮੰਨਣ ਦਾ ਪੂਰਾ ਹੱਕ ਹੈ, ਪਰ ਕਿਸੇ ਨੂੰ ਵਿਚਾਰਧਾਰਕ ਮੱਤਭੇਦ ਹੋਣ ਕਰਕੇ ਅਪਮਾਨਿਤ ਕਰਨ ਜਾਂ ਸਰੀਰਕ ਹਮਲਾ ਕਰਨ ਜਾਂ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਨ ਦਾ ਕੋਈ ਹੱਕ ਨਹੀਂ? ਸਾਨੂੰ ਇਨ੍ਹਾਂ ਮਸਲਿਆਂ, ਸਮੱਸਿਆਵਾਂ, ਮੋਰਚਿਆਂ, ਸੰਘਰਸ਼ਾਂ ਵਿੱਚ ਕਦੇ ਵੀ ਨਾ ਮਨੁੱਖਤਾ (ਹੁਮੈਨਿਟੀ) ਗੁਆਉਣੀ ਚਾਹੀਦੀ ਤੇ ਨਾ ਹੀ ਭਾਈਚਾਰਕ ਸਾਂਝ ਖਰਾਬ ਕਰਨੀ ਚਾਹੀਦੀ ਹੈ।ਕੋਈ ਵੀ ਮਸਲਾ ਜਾਂ ਵਿਚਾਰਧਾਰਾ ਮਨੁੱਖਤਾ ਤੋਂ ਉਪਰ ਨਹੀਂ ਹੈ।ਮੇਰੀ ਕਮਿਉਨਿਟੀ ਦੇ ਸੂਝਵਾਨ, ਲੋਕ ਪੱਖੀ ਵਿਅਕਤੀਆਂ, ਸੰਸਥਾਵਾਂ, ਮੀਡੀਆ ਨੂੰ ਅਪੀਲ ਹੈ ਕਿ ਉਹ ਲੋਕਾਂ ਨੂੰ ਅਜਿਹੇ ਮੌਕਿਆਂ ਤੇ ਸਹੀ ਸੇਧ ਦੇਣ ਲਈ ਆਪਣਾ ਬਣਦਾ ਰੋਲ ਅਦਾ ਕਰਨ, ਨਾ ਕਿ ਉਹ ਵੀ ਸਮੇਂ ਦੇ ਵਹਾਅ ਵਿੱਚ ਭੀੜ ਦੀ ਮਾਨਸਕਿਤਾ ਜਾਂ ਸਹਿਮ ਦਾ ਸ਼ਿਕਾਰ ਹੋ ਕੇ ਹਾਲਾਤਾਂ ਨੂੰ ਹੋਰ ਖਰਾਬ ਕਰਨ।ਲੋਕ ਵਿਰੋਧੀ ਹਾਕਮਾਂ, ਸਰਮਾਏਦਾਰਾਂ, ਘੜੰਮ ਚੌਧਰੀਆਂ ਦਾ ਹਰ ਜਗ੍ਹਾ ਇਹ ਕੰਮ ਹੁੰਦਾ ਹੈ ਕਿ ਉਹ ਲੋਕ ਲਹਿਰਾਂ ਨੂੰ ਜਾਂ ਲੋਕ ਮਸਲਿਆਂ ਲਈ ਲੜਦੇ ਲੋਕਾਂ ਨੂੰ ਧਰਮ, ਜਾਤ, ਕੌਮ, ਫਿਰਕੇ ਆਦਿ ਦੇ ਨਾਮ ਤੇ ਵੰਡ ਕੇ ਆਪਣੀ ਸੌੜੀ ਤੇ ਖੁਦਗਰਜ ਰਾਜਨੀਤੀ ਚਲਾਉਣ।ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਹੱਕਾਂ ਤੇ ਫਰਜਾਂ ਲਈ ਮਨੁੱਖਤਾ ਦੇ ਪੱਖ ਤੋਂ ਇਕੱਠੇ ਹੋ ਕੇ ਲੜੀਏ।ਇਸ ਵੇਲੇ ਕਿਸਾਨੀ ਸੰਘਰਸ਼ ਵਿੱਚ ਕਿਸਾਨ, ਮਜਦੂਰ, ਮੁਲਾਜਮ ਜਾਂ ਹਰ ਵਰਗ, ਹਰ ਧਰਮ, ਹਰ ਫਿਰਕੇ, ਹਰ ਇਲਾਕੇ ਦੇ ਵਿਅਕਤੀ, ਲੋਕ ਵਿਰੋਧੀ ਹਾਕਮਾਂ ਵਿਰੁੱਧ ਲੜ ਰਹੇ ਹਨ, ਸਾਨੂੰ ਲੋਕਾਂ ਦਾ ਏਕਾ ਇਸੇ ਤਰ੍ਹਾਂ ਕਾਇਮ ਰੱਖਣਾ ਚਾਹੀਦਾ ਹੈ।ਸਰਕਾਰਾਂ ਸੰਘਰਸ਼ਕਾਰੀਆਂ ਨੂੰ ਪਾੜਨ ਲਈ ਆਪਣੀਆਂ ਚਾਲਾਂ ਚੱਲ ਰਹੀਆਂ ਹਨ, ਆਪਣੀ ਘੁਸਪੈਠ ਵੀ ਕਰ ਰਹੀਆਂ ਹਨ, ਆਪਣੇ ਮੀਡੀਆ ਸਾਧਨਾਂ ਰਾਹੀਂ ਬਦਨਾਮ ਵੀ ਕਰ ਰਹੀਆਂ ਹਨ, ਉਹ ਇਸ ਵਿੱਚ ਹਿੰਸਕ ਤੇ ਸਮਾਜ ਵਿਰੋਧੀ ਤੱਤ ਵੀ ਵਾੜ ਸਕਦੀਆਂ ਹਨ, ਜੇ ਲੋਕ ਇਕੱਠੇ ਰਹਿਣਗੇ ਤਾਂ ਕੁਝ ਪ੍ਰਾਪਤੀ ਹੋ ਸਕਦੀ ਹੈ, ਪਰ ਜੇ ਪਹਿਲੇ ਸੰਘਰਸ਼ਾਂ ਵਾਂਗ ਸਰਕਾਰ ਲੋਕਾਂ ਨੂੰ ਪਾੜਨ ਵਿੱਚ ਸਫਲ ਹੋ ਗਈ ਤਾਂ ਨਾ ਸਿਰਫ ਮੋਰਚਾ ਫੇਲ੍ਹ ਹੋਵੇਗਾ, ਸਗੋਂ ਸਰਕਾਰਾਂ ਨੂੰ ਲੋਕਾਂ ਨੂੰ ਲੁੱਟਣ-ਕੁੱਟਣ ਜਾਂ ਝੂਠੇ ਕੇਸਾਂ ਵਿੱਚ ਫਸਾਉਣ ਦਾ ਮੌਕਾ ਮਿਲੇਗਾ।ਪਿਛਲੇ ਸੰਘਰਸ਼ਾਂ ਦੇ ਮੁਕਾਬਲੇ ਇਸ ਵਾਰ ਵੱਖਰੀ ਗੱਲ ਇਹ ਹੈ ਕਿ ਸੰਘਰਸ਼ ਚਲਾਉਣ ਵਾਲੀਆਂ ਜਥੇਬੰਦੀਆਂ ਉਹ ਹਨ, ਜੋ ਕਈ ਦਹਾਕਿਆਂ ਤੋਂ ਕਿਸਾਨ ਹੱਕਾਂ ਲਈ ਲੜਦੀਆਂ ਰਹੀਆਂ ਹਨ, ਉਨ੍ਹਾਂ ਕੋਲ਼ ਸੰਘਰਸ਼ਾਂ ਦਾ ਲੰਬਾ ਤਜ਼ੁਰਬਾ ਹੈ।

ਉਨ੍ਹਾਂ ਦੀ ਪਿਛਲੇ 3 ਮਹੀਨਿਆਂ ਤੋਂ ਸੰਘਰਸ਼ ਤੇ ਪੂਰੀ ਪਕੜ ਹੈ ਤੇ ਉਨ੍ਹਾਂ ਨੇ ਰਵਾਇਤੀ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਕੇ ਸੰਘਰਸ਼ ਵਿੱਚ ਘੁਸਪੈਠ ਨਹੀਂ ਕਰਨ ਦਿੱਤੀ, ਇਸੇ ਤਰ੍ਹਾਂ ਪੰਜਾਬ ਵਿਚਲੇ ਸੰਘਰਸ਼ਾਂ ਵਿੱਚ ਧਾਰਮਿਕ ਜਥੇਬੰਦੀਆਂ ਹਰ ਸੰਘਰਸ਼ ਵਿੱਚ ਘੁਸਪੈਠ ਕਰਕੇ ਇਸਨੂੰ ਧਾਰਮਿਕ ਮੁੱਦਾ ਬਣਾ ਦਿੰਦੀਆਂ ਰਹੀਆਂ ਹਨ, ਜੋ ਕਿ ਇਸ ਵਾਰ ਕਿਸਾਨ ਜਥੇਬੰਦੀਆਂ ਨੇ ਬਣਨ ਨਹੀਂ ਦਿੱਤਾ, ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ ਕਿ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਹਰਿਆਣੇ ਤੋਂ ਬਾਅਦ ਹੁਣ ਪੂਰੇ ਭਾਰਤ ਦੇ ਕਿਸਾਨਾਂ ਦਾ ਹੀ ਨਹੀਂ ਸਗੋਂ ਸਾਰੇ ਵਰਗਾਂ ਦੇ ਲੋਕਾਂ ਦਾ ਸੰਘਰਸ਼ ਬਣਦਾ ਜਾ ਰਿਹਾ ਹੈ।ਇਸ ਸੰਘਰਸ਼ ਵਿੱਚ ਹੋਰ ਕੋਈ ਪ੍ਰਾਪਤੀ ਜੇ ਨਾ ਵੀ ਹੋਵੇ ਤਾਂ ਇਹ ਵੀ ਵੱਡੀ ਪ੍ਰਾਪਤੀ ਹੋਵੇਗੀ ਕਿ ਲੋਕ ਆਪਣੇ ਹੱਕਾਂ ਲਈ ਜਾਤ, ਧਰਮ, ਕੌਮ, ਇਲਾਕੇ ਤੋਂ ਉਪਰ ਉਠ ਇੱਕ ਪਲੈਟਫਾਰਮ ਤੋਂ ਲੜ ਰਹੇ ਹਨ।ਅਸੀਂ ਇੰਡੀਆ ਵਿੱਚ 'ਗੋਦੀ ਮੀਡੀਆ' ਦੀ ਗੱਲ ਕਰਦੇ ਹਾਂ, ਇਥੇ ਵੀ ਬਥੇਰਾ 'ਗੋਦੀ ਮੀਡੀਆ' ਜਾਂ 'ਘਨੇੜੀ ਚੜ੍ਹਿਆ ਮੀਡੀਆ' ਹੈ।ਸਾਨੂੰ ਸਭ ਜਗ੍ਹਾ ਸੁਚੇਤ ਹੋਣ ਦੀ ਲੋੜ ਹੈ।ਜੇ ਕੋਈ ਵੱਖਰੇ ਵਿਚਾਰ ਰੱਖਦਾ ਹੈ, ਉਸਨੂੰ ਵੀ ਆਪਣੇ ਵਿਚਾਰ ਰੱਖਣ ਦਾ ਹੱਕ ਦਿਉ? ਜੇ ਤੁਸੀਂ ਕਿਸੇ ਨੂੰ ਜਵਾਬ ਦੇਣਾ ਹੀ ਹੈ ਤਾਂ ਸਭਿਅਕ ਭਾਸ਼ਾ ਵਿੱਚ ਤੱਥਾਂ ਅਧਾਰਿਤ ਜਵਾਬ ਦਿਉ।ਮੇਰਾ ਇਹ ਮੰਨਣਾ ਹੈ ਕਿ ਕੋਈ ਕਿਸੇ ਦੇ ਸਮਝਾਏ ਕਦੇ ਨਹੀਂ ਸਮਝਦਾ, ਤੁਸੀਂ ਦੂਜੇ ਨੂੰ ਆਪਣਾ ਨਜ਼ਰੀਆ ਦੱਸ ਸਕਦੇ ਹੋ, ਜੇ ਅਗਲਾ ਸਮਝਣਾ ਚਾਹੁੰਦਾ ਹੋਵੇਗਾ ਜਾਂ ਤੁਹਾਡੀ ਗੱਲ ਉਸਨੂੰ ਤਰਕ, ਦਲੀਲ ਅਧਾਰਿਤ ਜਾਂ ਆਪਣੇ ਹਿੱਤਾਂ ਜਾਂ ਸਮਝ ਅਨੁਸਾਰ ਸਹੀ ਲੱਗੇਗੀ ਤਾਂ ਉਹ ਤੁਹਾਡੇ ਨਾਲ਼ ਸਹਿਮਤ ਹੋ ਜਾਵੇਗਾ, ਜੇ ਨਹੀਂ ਹੁੰਦਾ ਤਾਂ ਉਸਨੂੰ ਉਸਦਾ ਕੰਮ ਕਰਨ ਦਿਉ, ਤੁਸੀਂ ਜੋ ਤੁਹਾਨੂੰ ਠੀਕ ਲਗਦਾ ਹੈ, ਕਰੋ?

Tel.: 403-681-8689 Email: [email protected]
(ਲੇਖਕ ‘ਸਿੱਖ ਵਿਰਸਾ’ ਮਾਸਿਕ ਮੈਗਜ਼ੀਨ ਦੇ ਮੁੱਖ ਸੰਪਾਦਕ ਹਨ)


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ