Wed, 30 October 2024
Your Visitor Number :-   7238304
SuhisaverSuhisaver Suhisaver

ਹਰਿਆਣੇ ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ -ਡਾ. ਨਿਸ਼ਾਨ ਸਿੰਘ ਰਾਠੌਰ

Posted on:- 29-12-2020

suhisaver

ਪੰਜਾਬੀ ਸਾਹਿਤ ਜਗਤ ਵਿਚ ਹਰ ਸਾਲ ਬਹੁਤ ਸਾਰੀਆਂ ਨਵੀਆਂ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਕੁਝ ਪੁਸਤਕਾਂ ਆਮ ਪਾਠਕਾਂ ਦੇ ਹੱਥਾਂ ਤੀਕ ਪਹੁੰਚਦੀਆਂ ਹਨ ਅਤੇ ਕੁਝ ਲੇਖਕਾਂ ਦੀਆਂ ਅਲਮਾਰੀਆਂ ਦਾ ਸ਼ਿੰਗਾਰ ਬਣ ਕੇ ਲੰਮੀ ਚੁੱਪ ਧਾਰ ਲੈਂਦੀਆਂ ਹਨ। ਅਜੋਕੇ ਦੌਰ ਵਿਚ ਜਿੱਥੇ ਬਹੁਤੀਆਂ ਪੁਸਤਕਾਂ ਸਾਹਿਤ ਦੀ ਲੰਮੀ ਲਿਸਟ ਵਿਚ ਗੁੰਮ ਹੋ ਜਾਂਦੀਆਂ ਹਨ ਉੱਥੇ ਕੁਝ ਮੁੱਲਵਾਨ ਪੁਸਤਕਾਂ; ਜਿਹਨਾਂ ਲਈ ਲੇਖਕਾਂ ਨੇ ਲੰਮਾ ਸੰਘਰਸ਼ ਅਤੇ ਘਾਲਣਾ ਘਾਲੀ ਹੁੰਦੀ ਹੈ; ਉਹ ਆਮ ਪਾਠਕਾਂ ਵਿਚ ਹਰਮਨ ਪਿਆਰੀਆਂ ਹੋ ਨਿਬੜਦੀਆਂ ਹਨ। ਇਹ ਵਰਤਾਰਾ ਆਮ ਹੈ ਅਤੇ ਪੁਸਤਕ ਸੱਭਿਆਚਾਰ ਵਿਚ ਅਜਿਹਾ ਆਮ ਹੀ ਹੁੰਦਾ ਰਹਿੰਦਾ ਹੈ। ਇਸ ਵਰਤਾਰੇ ਵਿਚ ਕਿਸੇ ਤਰ੍ਹਾਂ ਵੀ ਅਚੰਭੇ ਵਾਲੀ ਗੱਲ ਨਹੀਂ ਹੈ। ਖ਼ੈਰ!

ਸਾਡੇ ਹੱਥਲੇ ਲੇਖ ਦਾ ਮੂਲ ਵਿਸ਼ਾ ‘ਹਰਿਆਣਵੀਂ ਪੰਜਾਬੀ ਲੇਖਕਾਂ ਵੱਲੋਂ ਸਾਲ 2020 ਵਿਚ ਲਿਖੀਆਂ ਪੁਸਤਕਾਂ ਦਾ ਸਾਹਿਤਿਕ ਵਿਸ਼ਲੇਸ਼ਣ’ ਕਰਨਾ ਹੈ। ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ ਕੇਵਲ ਹਰਿਆਣੇ ਦੇ ਲੇਖਕਾਂ ਨੂੰ ਹੀ ਸ਼ਾਮਿਲ ਕੀਤਾ ਜਾਵੇਗਾ। ਇਹ ਵਰ੍ਹਾ ਭਾਵੇਂ ਕੋਵਿਡ-19 ਕਰਕੇ ਬਹੁਤੀਆਂ ਸਾਹਿਤਿਕ ਗਤੀਵਿਧੀਆਂ ਵਾਲਾ ਨਹੀਂ ਰਿਹਾ ਪਰ! ਫਿਰ ਵੀ ਕੁਝ ਹਰਿਆਣਵੀਂ ਪੰਜਾਬੀ ਲੇਖਕਾਂ ਨੇ ਇਸ ਸੰਕਟ ਕਾਲ ਦੌਰਾਨ ਵੀ ਆਪਣੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਸੰਖੇਪ ਵਰਨਣ ਇਸ ਤਰ੍ਹਾਂ ਹੈ।

‘ਦਰਸ਼ਨ ਸਿੰਘ ਸ਼ਾਹਬਾਦ’ ਹੁਰਾਂ ਦੀ ਪੁਸਤਕ ‘ਅੱਧੀ ਵਾਟ ਦਾ ਸਫ਼ਰ’ ਇਸ ਸਾਲ 2020 ਵਿਚ ਪ੍ਰਕਾਸਿ਼ਤ ਹੋਈ ਹੈ। ਇਸ ਪੁਸਤਕ ਵਿਚ ਕਵਿਤਾਵਾਂ ਅਤੇ ਲੇਖ ਦੋਵੇਂ ਹੀ ਸ਼ਾਮਿਲ ਕੀਤੇ ਗਏ ਹਨ। ਪੁਸਤਕ ਦਾ ਪਾਠ ਕਰਦਿਆਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਲੇਖਕ ਦਰਸ਼ਨ ਸਿੰਘ ਹੁਰਾਂ ਆਪਣੇ ਵਿਆਹੁਤਾ ਜੀਵਨ ਦੇ ਸਫ਼ਰ ਨੂੰ ਅੱਖਰੀਂ ਰੂਪ ਪ੍ਰਦਾਨ ਕੀਤਾ ਹੈ। ਇਸ ਪੁਸਤਕ ਵਿਚ ਉਹਨਾਂ ਅਤੇ ਉਹਨਾਂ ਦੀ ਪਤਨੀ ਦੇ ਸੰਘਰਸ਼ਮਈ ਜੀਵਨ ਦੀਆਂ ਗੱਲਾਂ ਪੜ੍ਹਣ ਨੂੰ ਮਿਲਦੀਆਂ ਹਨ। ਇਸ ਸਮੁੱਚੀ ਪੁਸਤਕ ਵਿਚ ਉਹਨਾਂ ਦੇ ਨਿਜੀ ਜੀਵਨ ਨੂੰ ਸਾਹਿਤਕ ਰੰਗਤ ਨਾਲ ਪੇਸ਼ ਕੀਤਾ ਗਿਆ ਹੈ। ਦਰਸ਼ਨ ਸਿੰਘ ਹੁਰਾਂ ਦੀਆਂ ਹੁਣ ਤੱਕ ਚਾਰ ਪੁਸਤਕਾਂ ਪ੍ਰਕਾਸਿ਼ਤ ਹੋ ਚੁਕੀਆਂ ਹਨ। ਉਹ ਅਖ਼ਬਾਰਾਂ/ ਰਸਾਲਿਆਂ ਵਿਚ ਅਕਸਰ ਹੀ ਲਿਖਦੇ ਰਹਿੰਦੇ ਹਨ। ਅੱਜਕਲ੍ਹ ਕੁਰੂਕਸ਼ੇਤਰ ਦੇ ਕਸਬੇ ਸ਼ਾਹਬਾਦ ਵਿਖੇ ਰਹਿ ਰਹੇ ਹਨ।

‘ਰਜਵੰਤ ਕੌਰ ਪ੍ਰੀਤ’ ਦਾ ਪਲੇਠਾ ਕਹਾਣੀ- ਸੰਗ੍ਰਹਿ ‘ਮਸਲੇ ਨੈਣਾਂ ਦੇ’ ਇਸ ਸਾਲ ਅਗਸਤ 2020 ਵਿਚ ਪੰਜਾਬੀ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਹੈ। ਇਸ ਕਹਾਣੀ- ਸੰਗ੍ਰਹਿ ਵਿਚ ਕੁਲ 20 ਨਿੱਕੀਆਂ- ਵੱਡੀਆਂ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ; ਜਿਹਨਾਂ ਵਿਚ ਔਰਤ ਮਨ ਦੇ ਵਿਭਿੰਨ ਸੰਦਰਭਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਲੇਖਿਕਾ ਨੇ ਕਿਸਾਨਾਂ ਦੇ ਦੁੱਖਾਂ- ਦਰਦਾਂ ਨੂੰ ਵੀ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ। ਇਹਨਾਂ ਕਹਾਣੀਆਂ ਵਿਚ ਸ਼ਹਿਰੀ ਮੱਧਵਰਗ ਦੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਵੀ ਪੇਸ਼ ਕਰਕੇ ਰਜਵੰਤ ਕੌਰ ਪ੍ਰੀਤ ਨੇ ਆਪਣਾ ਕਹਾਣੀਕਾਰਾ ਹੋਣ ਦਾ ਅਸਲ ਫਰਜ਼ ਨਿਭਾਇਆ ਹੈ।

‘ਰਜੰਵਤ ਕੌਰ ਪ੍ਰੀਤ’ ਹਰਿਆਣੇ ਦੇ ਅੰਬਾਲਾ ਦੀ ਜੰਮਪਲ ਹੈ। ‘ਸ਼ਾਹਪੁਰ’ ਪਿੰਡ ਦੀ ਇਹ ਕੁੜੀ ਪੰਜਾਬ ’ਚ ਵਿਆਹੀ ਗਈ। ਪਰ! ਨੌਕਰੀ ਅੱਜਕਲ੍ਹ ਦਿੱਲੀ ਵਿਚ ਕਰ ਰਹੀ ਹੈ। ਇਸ ਲਈ ਰਜਵੰਤ ਕੌਰ ਪ੍ਰੀਤ ਨੂੰ ਹਰਿਆਣਵੀਂ, ਪੰਜਾਬੀ ਅਤੇ ਦਿੱਲੀ ਦੇ ਸ਼ਹਿਰੀ ਜੀਵਨ ਦੀ ਗੁੜ੍ਹੀ ਜਾਣਕਾਰੀ ਹੈ। ਇਸ ਲਈ ਉਸ ਦੀਆਂ ਕਹਾਣੀਆਂ ਵਿਚ ਜਿੱਥੇ ਕਿਸਾਨੀ ਮੁੱਦਿਆਂ ਦੀ ਪੇਸ਼ਕਾਰੀ ਹੁੰਦੀ ਹੈ ਉੱਥੇ ਹੀ ਸ਼ਹਿਰੀ ਜੀਵਨ ਦੀਆਂ ਤੰਗੀਆਂ-ਰੁਸੀਆਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਗਿਆ ਹੁੰਦਾ ਹੈ। ਰਜਵੰਤ ਕੌਰ ਪ੍ਰੀਤ ਕਿੱਤੇ ਵੱਜੋਂ ਦਿੱਲੀ ਵਿਚ ਪੰਜਾਬੀ ਅਧਿਆਪਕਾ ਦਾ ਫਰਜ਼ ਨਿਭਾ ਰਹੀ ਹੈ।

ਡਾ. ਸੁਖਦਰਸ਼ਨ ਗਾਸੋ ਹੁਰਾਂ ਦੀ ਸਮੀਖਿਆ ਦੀ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ; ਬਾਣੀ ਤੇ ਵਿਚਾਰ’ ਵੀ ਇਸੇ ਵਰ੍ਹੇ 2020 ਵਿਚ ਪ੍ਰਕਾਸਿ਼ਤ ਹੋਈ ਹੈ। ਹਰਿਆਣੇ ਦੇ ਸ਼ਹਿਰ ਅੰਬਾਲਾ ਕੈਂਟ ’ਚ ਰਹਿੰਦੇ ਡਾ. ਸੁਖਦਰਸ਼ਨ ਗਾਸੋ ਪੰਜਾਬੀ ਸਾਹਿੱਤ ਦੇ ਵੱਡੇ ਅਤੇ ਸਥਾਪਤ ਕਲਮਕਾਰ ਹਨ। ਉਹ ਕੇਵਲ ਹਰਿਆਣੇ ਦੇ ਪੰਜਾਬੀ ਸਾਹਿਤ ਦੇ ਹੀ ਕਲਮਕਾਰ ਨਹੀਂ ਬਲਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ ਅੰਦਰ ਵਿਚ ਉਹਨਾਂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਇਸ ਪੁਸਤਕ ਵਿਚ ਡਾ. ਗਾਸੋ ਹੁਰਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚਲੇ ਸੰਕਲਪ ਨੂੰ ਨਵੇਂ ਰੂਪ ਵਿਚ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ। ਇਹ ਸਮੀਖਿਆ ਪੁਸਤਕ ਪੰਜਾਬੀ ਸਾਹਿਤ ਦੇ ਨਵੇਂ ਖੋਜ ਵਿਦਿਆਰਥੀਆਂ ਲਈ ਲਾਹੇਵੰਦ ਦਸਤਾਵੇਜ਼ ਸਾਬਿਤ ਹੋਵੇਗੀ। ਡਾ. ਸੁਖਦਰਸ਼ਨ ਗਾਸੋ ਕਿੱਤੇ ਵੱਜੋਂ ਪੰਜਾਬੀ ਪ੍ਰਫ਼ੈਸਰ ਹਨ ਅਤੇ ਅੱਜਕਲ੍ਹ ਜੀ. ਐੱਮ. ਐੱਨ. ਕਾਲਜ ਅੰਬਾਲਾ ਵਿਖੇ ਪੜ੍ਹਾ ਰਹੇ ਹਨ।

ਕਰਨਾਲ ਦੇ ਸ਼ਾਇਰ ‘ਗੁੱਲੂ ਅੱਛਣਪੁਰੀਆ’ ਦੀ ਦੂਜੀ ਕਾਵਿ-ਪੁਸਤਕ ‘ਇੱਕੋ ਵਰਗੀ ਗੱਲ’ ਵੀ ਇਸੇ ਸਾਲ ਨਵੰਬਰ 2020 ਵਿਚ ਪ੍ਰਕਾਸਿ਼ਤ ਹੋਈ ਹੈ। ਇਸ ਵਿਚ ਕੁਲ 75 ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਗੁੱਲੂ ਅੱਛਣਪੁਰੀਏ ਦੀ ਸ਼ਾਇਰੀ ਦਾ ਗੁਣ ਇਹ ਹੈ ਕਿ ਉਹ ਸੌਖੇ ਸ਼ਬਦਾਂ ਵਿਚ ਪਾਠਕਾਂ ਦੇ ਮਨ ਨੂੰ ਟੁੰਬ ਲੈਣ ਦਾ ਹੁਨਰ ਰੱਖਦਾ ਹੈ। ਗੁੱਲੂ ਦੀ ਸ਼ਾਇਰੀ ਉੱਪਰ ਪਾਕਿਸਤਾਨੀ ਸ਼ਾਇਰੀ ਦਾ ਪ੍ਰਭਾਵ ਸਾਫ਼ ਵੇਖਿਆ ਜਾ ਸਕਦਾ ਹੈ। ਅਸਲ ਵਿਚ ਗੁੱਲੂ ਦਾ ਪਿਛੋਕੜ ਵੀ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ। ਉਸਦੇ ਵੱਡੇ- ਵਡੇਰੇ 1947 ਦੀ ਵੰਡ ਵੇਲੇ ਜਿ਼ਲ੍ਹਾ ਸ਼ੇਖੂਪੁਰਾ (ਪਾਕਿਸਤਾਨ) ਤੋਂ ਉੱਠ ਕੇ ਇੱਧਰ ਆ ਕੇ ਵੱਸੇ ਸਨ। ਉਸਦੀਆਂ ਗ਼ਜ਼ਲਾਂ ਵਿਚ ਪੇਂਡੂ ਸੱਭਿਆਚਾਰ ਦੇ ਪ੍ਰਤੱਖ ਦਰਸ਼ਨ ਕੀਤੇ ਜਾ ਸਕਦੇ ਹਨ। ਉਸਦੀਆਂ ਗ਼ਜ਼ਲਾਂ ਦਾ ਵਿਸ਼ਾ ਜਿੱਥੇ ਪੇਂਡੂ ਧਰਾਤਲ ਵਾਲਾ ਹੈ ਉੱਥੇ ਹੀ ਗੁਆਚ ਚੁਕੇ ਪੰਜਾਬੀ ਸ਼ਬਦ ਵੀ ਉਸਦੀ ਸ਼ਾਇਰੀ ਵਿੱਚੋਂ ਪੜ੍ਹਣ ਨੂੰ ਮਿਲ ਜਾਂਦੇ ਹਨ। ਉਹ ਕਰਨਾਲ ਵਿਖੇ ਰਹਿ ਰਿਹਾ ਹੈ।

ਸੁਖਬੀਰ ਸ਼ਰਮਾ ਦੀ ਆਲੋਚਨਾ ਪੁਸਤਕ ‘ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲ ਇੱਕ ਅਧਿਐਨ’ ਵੀ ਇਸੇ ਸਾਲ 2020 ਵਿਚ ਪ੍ਰਕਾਸਿ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਆਈ ਹੈ। ਸੁਖਬੀਰ ਸ਼ਰਮਾ ਹਿੰਦੀ ਮਾਧਿਅਮ ਰਾਹੀਂ ਪੜ੍ਹਿਆ ਲੇਖਕ ਹੈ। ਪਰ! ਪੰਜਾਬੀ ਜ਼ੁਬਾਨ ਨੂੰ ਉਹ ਅੰਤਾਂ ਦਾ ਪਿਆਰ ਕਰਨ ਵਾਲਾ ਸਖ਼ਸ਼ ਹੈ। ਇਸ ਪੁਸਤਕ ਵਿਚ ਉਸਨੇ ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲ ਨੂੰ ਬਹੁਤ ਬਾਰੀਕ ਨਜ਼ਰ ਨਾਲ ਘੋਖ ਕੇ ਨਵੇਂ ਅਰਥ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਇਹ ਕਾਰਜ ਕਵਿਤਾ ਜਾਂ ਗ਼ਜ਼ਲ ਦੀ ਸਿਰਜਣਾ ਨਾਲੋਂ ਔਖਾ ਅਤੇ ਮੁਸ਼ਕਿਲਾਂ ਭਰਿਆ ਹੈ। ਪਰ! ਸੁਖਬੀਰ ਸ਼ਰਮਾ ਨੇ ਸਖ਼ਤ ਘਾਲਣਾ ਘਾਲ ਕੇ ਹਰਿਆਣੇ ਦੇ ਪੰਜਾਬੀ ਲੇਖਕਾਂ ਵਿਚ ਆਪਣਾ ਨਾਮ ਲਿਖਵਾਇਆ ਹੈ।

ਹਰਿਆਣੇ ਦੇ ਜਿ਼ਲ੍ਹੇ ਸਿਰਸਾ ਦੇ ਵਸਨੀਕ ਸ਼ਾਇਰਾ ‘ਕੁਲਵੰਤ ਕੌਰ ਸੰਧੂ’ ਦਾ ਪਲੇਠਾ ਲੋਕ- ਗੀਤਾਂ ਦਾ ਸੰਗ੍ਰਹਿ ‘ਕਿਤੇ ਮਿਲ ਨੀਂ ਮਾਏਂ’ ਵੀ ਇਸੇ ਸਾਲ ਮਾਰਚ 2020 ਵਿਚ ਪ੍ਰਕਾਸਿ਼ਤ ਹੋਇਆ ਹੈ। ਇਸ ਪੁਸਤਕ ਵਿਚ ਵਿਆਹ ਮੌਕੇ ਗਾਏ ਜਾਣ ਵਾਲੇ ਲੋਕ- ਗੀਤਾਂ ਨੂੰ ਬੜੀ ਖੂਬਸੂਰਤੀ ਨਾਲ ਸਾਂਭਿਆ ਗਿਆ ਹੈ। ਪੁਸਤਕ ਵਿਚ ਵਿਆਹ ਮੌਕੇ ਗਾਈਆਂ ਜਾਣ ਵਾਲੀਆਂ ਘੋੜੀਆਂ 32, ਮੁੰਡੇ ਦੇ ਵਿਆਹ ਦੇ ਗੀਤ 16, ਨਾਨਕਾ ਮੇਲ, ਟੱਪੇ, ਜਾਗੋ ਦੇ ਗੀਤ, ਸਿੱਠਣੀਆਂ, ਬੋਲੀਆਂ, ਗਿੱਧੇ ਦੇ ਗੀਤ, ਸੁਹਾਗ 22 ਅਤੇ ਵਿਆਹ ਤੋਂ ਬਿਨਾਂ ਗਾਏ ਜਾਣ ਵਾਲੇ ਗੀਤ 52, ਢੋਲਕੀ ਤੇ ਗਾਏ ਜਾਣ ਵਾਲੇ ਗੀਤ 22, ਜੀਜੇ ਨੂੰ ਸਿੱਠਣੀਆਂ, ਡੋਲੀ ਵੇਲੇ ਦੇ ਗੀਤ, ਪਲੰਘ ਦੇ ਗੀਤ, ਜੰਞ ਆਉਂਦੀ ਦੇ ਗੀਤ, ਖਾਰੇ ਦੇ ਗੀਤ, ਡੋਲੀ ਵੇਲੇ ਦੇ ਗੀਤ, ਜਦੋਂ ਕੁੜੀ ਸਹੁਰੇ ਜਾਂਦੀ ਅਤੇ ਸਹੇਲੀਆਂ ਨੂੰ ਚਿੱਠੀਆਂ ਭੇਜਦੀ ਹੈ; ਉਸ ਵੇਲੇ ਦੇ ਗੀਤ ਸ਼ਾਮਿਲ ਕੀਤੇ ਗਏ ਹਨ। ਅੰਬਾਲਾ ਦੀ ਗੁਰਪ੍ਰੀਤ ਕੌਰ ਦਾ ਕਾਵਿ-ਸੰਗ੍ਰਹਿ ‘ਖ਼ੁਸ਼ਬੂ ਕੈਦ ਨਹੀਂ ਹੁੰਦੀ’ ਵੀ ਇਸ ਵਰ੍ਹੇ 2020 ਵਿਚ ਹੀ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਹੈ।

ਕੋਵਿਡ- 19 ਦੇ ਇਸ ਸੰਕਟਮਈ ਸਮੇਂ ਵਿਚ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਅਜੇ ਛਪਾਈ ਅਧੀਨ ਹਨ। ਹੁਣ ਇਹਨਾਂ ਪੁਸਤਕਾਂ ਦੀ ਆਮਦ 2021 ਵਿਚ ਹੋਵੇਗੀ। ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ ਕੋਵਿਡ-19 ਕਾਲ ਦੇ ਦੌਰਾਨ ਵੀ ਹਰਿਆਣਵੀਂ ਪੰਜਾਬੀ ਸਾਹਿਤਕਾਰਾਂ ਨੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਵਧੀਆ ਕਾਰਗੁਜ਼ਾਰੀ ਪੇਸ਼ ਕੀਤੀ ਹੈ।

ਸੰਪਰਕ 75892- 33437

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ