-ਹਰਚਰਨ ਸਿੰਘ ਪਰਹਾਰ
(ਸੰਪਾਦਕ-ਸਿੱਖ ਵਿਰਸਾ)
ਜਿਸਦੀ ਸ਼ਹਾਦਤ ਤੇ ਕੁਰਬਾਨੀ ਨੂੰ ਸਿੱਖ ਇਤਿਹਾਸਕਾਰਾਂ, ਪ੍ਰਚਾਰਕਾਂ, ਵਿਦਵਾਨਾਂ ਤੇ ਲੀਡਰਾਂ ਨੇ ਕੌਡੀਆਂ ਭਾਅ ਰੋਲ਼ਿਆ ਅਤੇ ਉਸਨੂੰ ਗੁਰੂ ਘਰ ਵਿਰੋਧੀ ਸਾਬਿਤ ਕੀਤਾ?ਸ਼ਹੀਦ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਤੇ ਉਨ੍ਹਾਂ ਤੋਂ ਸਿਰਫ ਚਾਰ ਕੁ ਸਾਲ ਛੋਟਾ ਸੀ, ਜਿਸਦਾ ਜਨਮ 16 ਅਕਤੂਬਰ, 1670 ਨੂੰ ਹੋਇਆ ਦੱਸਿਆ ਜਾਂਦਾ ਹੈ।ਬੇਸ਼ਕ ਸਿੱਖ ਇਤਿਹਾਸ ਵਿੱਚ ਕੋਈ ਅਜਿਹੀ ਸਮਕਾਲੀ ਰਚਨਾ ਨਹੀਂ ਮਿਲਦੀ, ਜਿਸ ਵਿੱਚ ਬੰਦਾ ਸਿੰਘ ਬਹਾਦਰ ਦੇ ਮੁਢਲੇ ਜੀਵਨ ਬਾਰੇ ਕੋਈ ਜਾਣਕਾਰੀ ਮਿਲ ਸਕੇ, ਜ਼ਿਆਦਾਤਰ ਜਾਣਕਾਰੀ ਉਸਦੇ ਗੁਰੂ ਗੋਬੰਦ ਸਿੰਘ ਜੀ ਨੂੰ ਨੰਦੇੜ ਨੇੜੇ ਮਿਲਣ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਬਿਤਾਏ 7-8 ਸਾਲ ਦੇ ਸਮੇਂ ਬਾਰੇ ਹੈ।ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 350ਵੀਂ ਜਨਮ ਸ਼ਤਾਬਦੀ ਮੌਕੇ ਅਸੀਂ ਉਨ੍ਹਾਂ ਦੀ 'ਲਾਸਾਨੀ ਸ਼ਹਾਦਤ' ਤੇ 'ਕੁਰਬਾਨੀ' ਨੂੰ ਲੱਖ-ਲੱਖ ਵਾਰ ਸਿਜਦਾ ਕਰਦੇ ਹਾਂ।ਉਹ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਵਿੱਚ ਇੱਕ ਅਜਿਹੇ ਇਨਕਲਾਬੀ ਰਹਿਬਰ ਬਣ ਕੇ ਉਭਰੇ, ਜਿਸਨੇ ਨਾ ਸਿਰਫ ਮੁਗਲੀਆਂ ਹਕੂਮਤਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ, ਸਗੋਂ ਕੁਝ ਸਾਲਾਂ ਵਿੱਚ ਹੀ ਆਮ ਲੋਕਾਂ ਦਾ ਪਹਿਲਾ ਖਾਲਸਈ ਰਾਜ ਸਥਾਪਿਤ ਕਰ ਦਿੱਤਾ।ਜਿਸ ਵਿੱਚ ਉਨ੍ਹਾਂ ਜਾਤਾਂ-ਧਰਮਾਂ ਦੀਆਂ ਵੰਡਾਂ ਤੋਂ ਉਪਰ ਉਠ ਕੇ ਲੁਟੇਰੇ ਜਗੀਰਦਦਾਰਾਂ ਤੋਂ ਜਮੀਨਾਂ ਖੋਹ ਕੇ ਹਲ਼ ਵਾਹਕਾਂ (ਆਮ ਲੋਕਾਂ) ਨੂੰ ਜਮੀਨਾਂ ਦੇ ਮਾਲਕ ਬਣਾਇਆ।ਉਨ੍ਹਾਂ ਨੇ ਆਪਣੇ ਰਾਜ ਦਾ ਸਿੱਕਾ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨਾਮ ਤੇ ਜਾਰੀ ਕੀਤਾ।