Wed, 30 October 2024
Your Visitor Number :-   7238304
SuhisaverSuhisaver Suhisaver

ਗੌਰੀ ਲੰਕੇਸ਼ ਨੂੰ ਯਾਦ ਕਰਦਿਆਂ - ਰਾਜਪਾਲ ਸਿੰਘ

Posted on:- 06-09-2020

suhisaver

3 ਸਾਲ ਪਹਿਲਾਂ, 5 ਸਤੰਬਰ 2017 ਨੂੰ ਤਰਕਸ਼ੀਲ ਅਤੇ ਅਗਾਂਹਵਧੂ ਸੋਚ ਦੀ ਧਾਰਨੀ ਗੌਰੀ ਲੰਕੇਸ਼ ਨੂੰ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਸਦੇ ਕਾਤਲ ਰੂੜ੍ਹੀਵਾਦੀ ਅਤੇ ਕੱਟੜ ਧਾਰਮਿਕ ਸੋਚ ਨਾਲ ਸਬੰਧ ਰਖਦੇ ਨੇ ਜਿਨ੍ਹਾਂ ਦੀਆਂ ਤਾਰਾਂ ਇੱਕ ਫਿਰਕੂ ਸੰਗਠਨ ਸਨਾਤਨ ਸੰਸਥਾ ਨਾਲ ਜੁੜਦੀਆਂ ਹਨ। ਕਤਲ ਅਤੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਬਹੁਤੇ ਵਿਅਕਤੀ ਫੜ੍ਹੇ ਜਾ ਚੁੱਕੇ ਹਨ, ਇੱਕ ਕਾਤਲ ਰਾਜੇਸ਼ ਇਸੇ ਸਾਲ ਜਨਵਰੀ ਵਿੱਚ ਹੀ ਝਾਰਖੰਡ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਨ੍ਹਾਂ ਕਾਤਲਾਂ ਜੋ ਡਾਇਰੀ ਬਰਾਮਦ ਹੋਈ ਹੈ ਉਸ ਅਨੁਸਾਰ 34 ਵਿਅਕਤੀ ਉਨ੍ਹਾਂ ਦੀ ਹਿੱਟ ਲਿਸਟ ਵਿੱਚ ਸ਼ਾਮਲ ਸਨ ਅਤੇ ਗੌਰੀ ਦਾ ਨਾਂ ਉਸ ਲਿਸਟ ਵਿੱਚ ਦੂਜੇ ਨੰਬਰ ਉੱਤੇ ਸੀ। ਇਸ ਗਰੁੱਪ ਵੱਲੋਂ ਪਹਿਲਾਂ ਮਹਾਂਰਾਸ਼ਟਰ ਦੇ ਤਰਕਸ਼ੀਲ ਆਗੂ ਨਰਿੰਦਰ ਦਬੋਲਕਰ, ਗੋਬਿੰਦ ਪਨਸਾਰੇ ਅਤੇ ਕਰਨਾਟਕ ਦੇ ਬੁੱਧੀਜੀਵੀ ਲੇਖਕ ਐੱਮ. ਐੱਮ. ਕਲਬੁਰਗੀ ਦੇ ਵੀ ਕਤਲ ਕੀਤੇ ਗਏ ਸਨ।

ਫੋਰੈਂਸਿਕ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਕਲਬੁਰਗੀ ਅਤੇ ਗੌਰੀ ਨੂੰ ਮਾਰਨ ਲਈ ਵਰਤੀ ਜਾਣ ਵਾਲੀ ਤਾਂ ਗੰਨ ਵੀ ਇਕੋ ਹੀ ਸੀ। ਹੋ ਸਕਦਾ ਹੈ ਚੱਲ ਰਹੇ ਮੁਕੱਦਮੇ ਵਿੱਚ ਉਨ੍ਹਾਂ ਨੂੰ ਕੋਈ ਸਜਾ ਹੋ ਜਾਵੇ ਪਰ ਕਾਤਲਾਂ ਨੂੰ ਅਸਲ ਸਜਾ ਤਦ ਹੀ ਮਿਲੇਗੀ ਜਦ ਲੋਕ ਆਪਣੇ ਮਨਾਂ ਵਿਚੋਂ ਉਨਾਂ ਦੀ ਫਿਰਕੂ ਸੋਚ ਨੂੰ ਲਾਹ ਮਾਰਣਗੇ।

ਛੋਟੇ ਕੱਦ ਵਾਲੀ ਗੌਰੀ ਇੱਕ ਵੱਡੀ ਸ਼ਖ਼ਸੀਅਤ ਸੀ। ਉਸਦੇ ਅੰਦਰ ਸਮਾਜ ਅਤੇ ਰਾਜਨੀਤੀ ਵਿੱਚ ਚਲਦੀ ਹਰ ਬੁਰਾਈ ਖਿਲਾਫ਼ ਭਿੜ ਜਾਣ ਦੀ ਅਥਾਹ ਤਾਕਤ ਅਤੇ ਦਲੇਰੀ ਸੀ। ਇਹ ਗੁਣ ਉਸਨੂੰ ਆਪਣੇ ਪਰਿਵਾਰਕ ਵਿਰਸੇ ਵਿਚੋਂ ਪ੍ਰਾਪਤ ਹੋਇਆ। ਉਸ ਦਾ ਦਾਦਾ ਰਮਾਇਣ ਪੜ੍ਹਦਾ ਹੁੰਦਾ ਸੀ ਪਰ ਉਸ ਨੇ ਆਪਣੇ ਬੇਟੇ, ਭਾਵ ਗੌਰੀ ਦੇ ਪਿਤਾ ਦਾ ਨਾਮ ਲੰਕੇਸ਼ ਰੱਖਿਆ, ਜਿਸਦਾ ਅਰਥ ਲੰਕਾ ਦਾ ਰਾਜਾ ਰਾਵਣ ਹੈ। ਗੌਰੀ ਦਾ ਪਿਤਾ ਪੀ. ਲੰਕੇਸ਼ ਖ਼ੁਦ ਸੋਸ਼ਲਿਸਟ ਵਿਚਾਰਾਂ ਵਾਲਾ, ਨਾਸਤਿਕ, ਜ਼ਿੰਦਗੀ ਨੂੰ ਖੁੱਲ੍ਹ ਕੇ ਜਿਉਣ ਵਾਲਾ ਅਤੇ ਵਿਚਾਰਧਾਰਕ ਵਿਰੋਧੀਆਂ ਨਾਲ ਕੋਈ ਲਿਹਾਜ਼ ਨਾ ਪਾਲਣ ਵਾਲਾ ਸ਼ਖਸ ਸੀ। ਪੀ. ਲੰਕੇਸ਼ ਬੰਗਲੌਰ ਦੇ ਸੈਂਟਰਲ ਕਾਲਜ ਵਿੱਚ ਅੰਗਰੇਜੀ ਦਾ ਪ੍ਰੋਫੈਸਰ ਸੀ, ਪਰ ਉਹ ਪ੍ਰੋਫੈਸਰਾਂ ਵਾਲੀ ਸ਼ਾਂਤ ਜ਼ਿੰਦਗੀ ਜਿਉਣ ਲਈ ਨਹੀਂ ਬਣਿਆ ਸੀ। ਕਾਲਜ ਦੀ ਆਰਾਮਦਾਇਕ ਨੌਕਰੀ ਛੱਡ ਕੇ ਉਸ ਨੇ ਫਿਲਮਾਂ ਬਣਾਈਆਂ ਅਤੇ ਅਖ਼ਬਾਰਾਂ ਵਿੱਚ ਕਾਲਮ ਲਿਖ ਕੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਰਾਹ ਚੁਣਿਆ। 1979 ਵਿੱਚ ਉਸ ਨੇ ਪਰਜਾਵਾਣੀ ਨਾਂ ਦੇ ਅਖ਼ਬਾਰ ਵਿੱਚ ਰੈਗੂਲਰ ਕਾਲਮ ਲਿਖਣਾ ਸ਼ੁਰੂ ਕੀਤਾ ਜੋ ਬਹੁਤ ਹਰਮਨਪਿਆਰਾ ਹੋਇਆ, ਫਿਰ ਉਸ ਨੇ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਪ੍ਰਗਟਾਉਣ ਲਈ ‘ਲੰਕੇਸ਼ ਪੱਤਰਿਕਾ’ ਨਾਮ ਦਾ ਆਪਣਾ ਹਫਤਾਵਾਰੀ ਅਖ਼ਬਾਰ ਸ਼ੁਰੂ ਕੀਤਾ ਜੋ ਬਹੁਤ ਵੱਡੀ ਗਿਣਤੀ ਵਿੱਚ ਛਪਦਾ ਸੀ।

ਗੌਰੀ ਨੇ ਜਿੱਥੇ ਗਲਤ ਵਰਤਾਰਿਆਂ ਖਿਲਾਫ਼ ਲੜ੍ਹਨ ਵਾਲਾ ਗੁਣ ਆਪਣੇ ਪਰਿਵਾਰਕ ਵਿਰਸੇ ਵਿਚੋਂ ਪ੍ਰਾਪਤ ਕੀਤਾ, ਉਥੇ ਤਰਕਸ਼ੀਲ ਵਿਚਾਰਾਂ ਦੀ ਪਕਿਆਈ ਉਸਨੂੰ ਨੈਸ਼ਨਲ ਕਾਲਜ ਬੰਗਲੌਰ ਵਿੱਚ ਪੜ੍ਹਾਈ ਦੌਰਾਨ ਹਾਸਲ ਹੋਈ। ਇਸ ਕਾਲਜ ਵਿੱਚ ਡਾ. ਕਵੂਰ ਦਾ ਨੇੜਲਾ ਸਾਥੀ ਐੱਚ. ਨਰਸਿਮ੍ਹਾ ਪ੍ਰਿੰਸੀਪਲ ਰਹਿ ਕੇ ਗਿਆ ਸੀ। ਸ਼੍ਰੀ ਨਰਸਿਮ੍ਹਾ ਨੇ ਸਾਂਈ ਬਾਬੇ ਨੂੰ ਵਾਰ ਵਾਰ ਚੈਲਿੰਜ ਕਰਕੇ ਭਜਾਇਆ ਸੀ, ਜਿਸਦਾ ਜ਼ਿਕਰ ਡਾ. ਕਵੂਰ ਦੀ ਪੁਸਤਕ ‘ਤੇ ਦੇਵਪੁਰਸ਼ ਹਾਰ ਗਏ’ ਵਿੱਚ ਵੀ ਆਉਂਦਾ ਹੈ। ਗੌਰੀ ਦੇ ਕਾਲਜ ਵਿੱਚ ਦਾਖਲ ਹੋਣ ਸਮੇਂ ਐੱਚ. ਨਰਸਿਮ੍ਹਾ ਬੰਗਲੌਰ ਯੂਨੀਵਰਸਿਟੀ ਦੇ ਵੀ. ਸੀ. ਦੇ ਅਹੁਦੇ ਉੱਤੇ ਚਲੇ ਗਏ ਸਨ, ਪਰ ਉਨ੍ਹਾਂ ਦੇ ਤਰਕਸ਼ੀਲ ਵਿਚਾਰਾਂ ਦਾ ਉਥੋਂ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਉੱਤੇ ਬਹੁਤ ਅਸਰ ਸੀ। ਸੋ ਘਰੇਲੂ ਅਤੇ ਵਿਦਿਅਕ ਮਾਹੌਲ ਨੇ ਗੌਰੀ ਨੂੰ ਪੂਰੀ ਤਰ੍ਹਾਂ ਤਰਕਸ਼ੀਲ ਅਤੇ ਆਪਣੇ ਵਿਚਾਰਾਂ ‘ਤੇ ਦ੍ਰਿੜਤਾ ਨਾਲ ਖੜ੍ਹਨ ਵਾਲੀ ਸ਼ਖ਼ਸੀਅਤ ਬਣਾ ਦਿੱਤਾ।

ਗੌਰੀ ਦੀ ਕਾਲਜ ਪੜ੍ਹਦੇ ਸਮੇਂ ਚਿਦਾਨੰਦ ਰਾਜਘੱਟਾ ਨਾਂ ਦੇ ਬਹੁਤ ਜ਼ਹੀਨ ਲੜਕੇ ਨਾਲ ਦੋਸਤੀ ਹੋਈ (ਰਾਜਘੱਟਾ ਉਸਦੇ ਪਿੰਡ ਦਾ ਨਾਮ ਸੀ)। ਚਿਦਾਨੰਦ ਵੀ ਤਰਕਸ਼ੀਲ ਅਤੇ ਨਾਸਤਿਕ ਵਿਚਾਰਾਂ ਦਾ ਸੀ, ਦੋਵੇਂ ਪੱਤਰਕਾਰੀ ਦੇ ਖੇਤਰ ਵਿੱਚ ਦਿਲਚਸਪੀ ਰਖਦੇ ਸਨ। ਸੋ ਵਿਚਾਰਾਂ ਦੀ ਸਾਂਝ ਦੇ ਆਧਾਰ ‘ਤੇ 1985 ਵਿੱਚ, ਉਨ੍ਹਾਂ ਨੇ ਸਾਢੇ ਪੰਦਰਾਂ ਰੁਪਏ ਖਰਚ ਕੇ, ਕੋਰਟ ਵਿੱਚ ਸ਼ਾਦੀ ਕਰਵਾ ਲਈ। ਵਿਆਹ ਤੋਂ ਬਾਅਦ ਇਸ ਜੋੜੀ ਨੇ ਜੋ ਪਹਿਲੀ ਚੀਜ ਖਰੀਦੀ ਉਹ ਕੋਈ ਗਹਿਣੇ ਜਾਂ ਸਾੜ੍ਹੀਆਂ ਨਹੀਂ ਸਨ, ਬਲਕਿ  ਗਿਆਨ ਦਾ ਭੰਡਾਰ “ਐਨਸਾਈਕਲੋਪੀਡੀਆ ਬ੍ਰਿਟੈਨਿਕਾ” ਸੀ ਜੋ ਉਸ ਸਮੇਂ 10 ਹਜਾਰ ਰੁਪਏ ਦਾ ਮਿਲਦਾ ਸੀ। ਦੋਵੇਂ ਜਣੇ ਦਿੱਲੀ ਆ ਕੇ ਵੱਡੇ ਅਖ਼ਬਾਰਾਂ ਵਿੱਚ ਕੰਮ ਕਰਨ ਲੱਗੇ; ਗੌਰੀ ‘ਟਾਈਮਜ਼ ਆਫ਼ ਇੰਡੀਆ’ ਵਿੱਚ ਅਤੇ ਚਿਦਾਨੰਦ ‘ਟੈਲੀਗ੍ਰਾਫ’ ਵਿੱਚ। ਪਰ ਵਿਆਹ ਤੋਂ ਕੁਝ ਸਾਲ ਬਾਅਦ ਦੋਹਾਂ ਨੂੰ ਮਹਿਸੂਸ ਹੋਣ ਲੱਗਾ ਕਿ ਉਨ੍ਹਾਂ ਦੇ ਸੁਭਾਵਾਂ ਵਿੱਚ ਬਹੁਤ ਅੰਤਰ ਹੈ।

ਗੌਰੀ ਆਪਣੇ ਵਿਚਾਰਾਂ ਪ੍ਰਤੀ ਬਹੁਤ ਸਖਤ ਸੀ ਜਦ ਕਿ ਚਿਦਾਨੰਦ ਦੂਸਰਿਆਂ ਦੀਆਂ ਭਾਵਨਾਵਾਂ ਅਤੇ ਮਾਹੌਲ ਅਨੁਸਾਰ ਝੁਕ ਜਾਂਦਾ ਸੀ। ਜਿਵੇਂ ਚਿਦਾਨੰਦ ਆਪਣੀ ਮਾਂ ਨੂੰ ਖੁਸ਼ ਕਰਨ ਲਈ, ਉਸਦੇ ਕਹਿਣ ਉੱਤੇ ਸਾਈਂ ਬਾਬੇ ਦੇ ਆਸ਼ਰਮ ਵੀ ਚਲਾ ਗਿਆ। ਚਾਹੇ ਉਥੇ ਉਸ ਨੇ ਕੋਈ ਪੂਜਾ ਵਗੈਰਾ ਨਹੀਂ ਕੀਤੀ ਪਰ ਗੌਰੀ ਤਾਂ ਅਜਿਹਾ ਕੁਝ ਬਿਲਕੁਲ ਬਰਦਾਸ਼ਤ ਹੀ ਨਹੀਂ ਕਰ ਸਕਦੀ ਸੀ। ਉਹ ਵਿਚਾਰਾਂ ਵਿੱਚ ਅਸਪਸ਼ਟਤਾ ਅਤੇ ਦ੍ਰਿੜਤਾ ਦੀ ਘਾਟ ਲਈ ਚਿਦਾਨੰਦ ਦਾ ਮਖੌਲ ਉਡਾਉਂਦੀ ਸੀ। ਗੌਰੀ ਠੀਕ ਅਤੇ ਗਲਤ ਵਿਚਕਾਰ ਲਾਈਨ ਖਿੱਚ ਕੇ ਖੜ੍ਹਨ ਵਾਲੀ ਸ਼ਖ਼ਸੀਅਤ ਸੀ, ਜਦ ਕਿ ਚਿਦਾਨੰਦ ਠੀਕ ਦੇ ਹੱਕ ਵਿੱਚ ਸਟੈਂਡ ਲੈਣ ਦੀ ਬਜਾਏ, ਅਜਿਹੇ ਸੁਭਾਅ ਦਾ ਮਾਲਕ ਸੀ ਜਿਸ ਨੂੰ ਆਮ ਭਾਸ਼ਾ ਵਿੱਚ ‘ਐਡਜਸਟਮੈਂਟ’ ਕਰਨਾ ਕਿਹਾ ਜਾਂਦਾ ਹੈ।

ਸੋ ਪੰਜ ਕੁ ਸਾਲ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਕਿ ਸਾਨੂੰ ਇਹੋ ਜਿਹੇ ਮੁੱਦਿਆਂ ਉੱਤੇ ਬਹਿਸ ਕਰਦੇ ਰਹਿਣ ਦੀ ਬਜਾਏ ਵੱਖ ਵੱਖ ਹੋ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਸਾਦਾ ਢੰਗ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਸੀ ਉਸੇ ਸਾਦਾ ਢੰਗ ਨਾਲ ਉਹ ਤਲਾਕ ਦੀ ਅਰਜੀ ਦੇ ਕੇ ਅਲੱਗ ਹੋ ਗਏ। ਉਸ ਤੋਂ ਬਾਅਦ ਚਿਦਾਨੰਦ ਅਮਰੀਕਾ ਚਲਿਆ ਗਿਆ ਜਿੱਥੇ ਉਹ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਦੇ ਵਿਦੇਸ਼ ਬਿਓਰੋ ਲਈ ਕੰਮ ਕਰਦਾ ਰਿਹਾ। ਜਦ ਕਿ ਗੌਰੀ ਬੰਗਲੌਰ ਵਾਪਿਸ ਆ ਗਈ ਅਤੇ ਵਿਆਹੁਤਾ ਬੰਧਨ ਤੋਂ ਮੁਕਤ ਹੋ ਕੇ ਪੂਰੀ ਤਰ੍ਹਾਂ ਬੌਧਿਕ ਅਤੇ ਸਮਾਜਿਕ ਸਰਗਰਮੀਆਂ ਨੂੰ ਸਮਰਪਿਤ ਹੋ ਗਈ। ਇਥੇ ਉਹ ਟਾਈਮਜ਼ ਆਫ਼ ਇੰਡੀਆ ਨੂੰ ਛੱਡ ਕੇ ‘ਸੰਡੇ’ ਮੈਗਜ਼ੀਨ ਲਈ ਕੰਮ ਕਰਨ ਲੱਗੀ। ਜ਼ਿਕਰਯੋਗ ਹੈ ਕਿ ਤਲਾਕ ਤੋਂ ਬਾਅਦ ਵੀ ਉਹ ਵੱਖ ਵੱਖ ਮੁੱਦਿਆਂ ਉਤੇ ਈਮੇਲਾਂ ਅਤੇ ਫੋਨ ਰਾਹੀਂ ਵਿਚਾਰ ਵਟਾਂਦਰੇ ਅਤੇ ਬਹਿਸਾਂ ਕਰਦੇ ਰਹੇ, ਇੱਕ ਦੂਜੇ ਦੇ ਨਿੱਜੀ ਮਸਲਿਆਂ ਬਾਰੇ ਰਾਏ ਦਿੰਦੇ ਰਹੇ, ਲੋੜ ਪੈਣ ‘ਤੇ ਇੱਕ ਦੂਜੇ ਦੇ ਪਰਿਵਾਰਾਂ ਦੇ ਕੰਮ ਵੀ ਆਉਂਦੇ ਰਹੇ। ਚਿਦਾਨੰਦ ਦੀ ਵਿਦੇਸ਼ੀ ਮੂਲ ਦੀ ਦੂਸਰੀ ਪਤਨੀ ਮੈਰੀ ਬਰੀਡਿੰਗ ਤਾਂ ਗੌਰੀ ਤੋਂ ਬਹੁਤ ਹੀ ਪ੍ਰਭਾਵਿਤ ਸੀ। ਇਸੇ ਕਰਕੇ ਉਹ ਗੌਰੀ ਦੇ ਕਤਲ ਉਪਰੰਤ ਲਿਖੀ ਆਪਣੀ ਇੱਕ ਲਿਖਤ ਵਿੱਚ ਕਹਿੰਦੀ ਹੈ –“ਮੈਂ ਚਾਹੁੰਦੀ ਹਾਂ ਕਿ ਮੇਰੀ ਲੜਕੀ ਉਸ ਨੂੰ ਰੋਲ-ਮਾਡਲ ਵਜੋਂ ਮੰਨੇ, ਮੇਰੀ ਲੜਕੀ ਉਸ ਵਾਂਗ ਹੀ ਮਜਬੂਤ ਅਤੇ ਆਜਾਦ ਵਿਚਾਰਾਂ ਵਾਲੀ ਹੋਵੇ।“

ਜਨਵਰੀ 2000 ਵਿੱਚ ਗੌਰੀ ਦੇ ਪਿਤਾ ਪੀ. ਲੰਕੇਸ਼ ਦਾ ਦਿਹਾਂਤ ਹੋ ਗਿਆ। ਗੌਰੀ ਉਸ ਵਕਤ ਦਿੱਲੀ ਵਿਖੇ ਸੀ। ਜਦ ਉਹ ਘਰ ਪਹੁੰਚੀ ਤਾਂ ਰਿਸ਼ਤੇਦਾਰਾਂ ਵੱਲੋਂ ਰੂੜ੍ਹੀਵਾਦੀ ਧਾਰਮਿਕ ਰਸਮਾਂ ਕੀਤੀਆਂ ਜਾ ਰਹੀਆਂ ਸਨ। ਗੌਰੀ ਅਤੇ ਉਸਦੀ ਭੈਣ ਨੇ ਇਸ ਸਭ ਕਾਸੇ ਨੂੰ ਤੁਰੰਤ ਰੋਕਿਆ ਅਤੇ ਕਿਹਾ ਕਿ ਸਾਡੇ ਪਿਤਾ ਨੇ ਕਦੇ ਪਾਠ ਪੂਜਾ ਨਹੀਂ ਕੀਤੀ ਸੀ, ਕਦੇ ਉਹ ਮੰਦਰ ਵਗੈਰਾ ਨਹੀਂ ਗਿਆ ਸੀ, ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ, ਰਸਮਾਂ ਅਤੇ ਅਰਦਾਸਾਂ ਕਰਨ ਦਾ ਉਹ ਸਖਤ ਵਿਰੋਧੀ ਸੀ, ਅਸੀਂ ਉਸ ਦੀ ਮਿਰਤਕ ਦੇਹ ਨਾਲ ਅਜਿਹਾ ਨਹੀਂ ਹੋਣ ਦਿਆਂਗੀਆਂ। ਰਿਸ਼ਤੇਦਾਰਾਂ ਦੀ ਨਾਰਾਜ਼ਗੀ ਦੀ ਪਰਵਾਹ ਨਾ ਕਰਦਿਆਂ ਦੋਹਾਂ ਭੈਣਾਂ ਨੇ ਕੋਈ ਧਾਰਮਿਕ ਰਸਮ ਨਾ ਹੋਣ ਦਿੱਤੀ।

ਇਸ ਉਪਰੰਤ ਪਿਤਾ ਵਾਲੇ ਅਖ਼ਬਾਰ ਬਾਰੇ ਕੋਈ ਫੈਸਲਾ ਲੈਣ ਦਾ ਮਸਲਾ ਸੀ। ਗੌਰੀ ਪਹਿਲਾਂ ਇਸ ਨੂੰ ਜਾਰੀ ਰੱਖਣ ਜਾਂ ਬੰਦ ਕਰਨ ਬਾਰੇ ਦੋਚਿੱਤੀ ਵਿੱਚ ਸੀ। ਪਰ ਅਖ਼ਬਾਰ ਨਾਲ ਜੁੜੇ ਕੁਝ ਲੋਕਾਂ ਨੇ ਕਿਹਾ ਕਿ ਇਸਨੂੰ ਜਾਰੀ ਰੱਖਿਆ ਜਾਵੇ ਨਹੀਂ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ। ਸੋ ਗੌਰੀ ਲੰਕੇਸ਼ ਨੇ ਇਸ ਦੀ ਸੰਪਾਦਨਾ ਦਾ ਕੰਮ ਸੰਭਾਲ ਲਿਆ। ਗੌਰੀ ਦੇ ਭਰਾ ਇੰਦਰਜੀਤ ਕੋਲ ਇਸ ਅਖ਼ਬਾਰ ਦੇ ਮਾਲਕੀ ਅਤੇ ਪ੍ਰਕਾਸ਼ਕੀ ਅਧਿਕਾਰ ਸਨ। ਗੌਰੀ ਨੇ ਓਦੋਂ ਤੱਕ ਕੇਵਲ ਅੰਗਰੇਜ਼ੀ ਵਿੱਚ ਹੀ ਲਿਖਿਆ ਸੀ ਅਤੇ ਕੰਨੜ ਵਿੱਚ ਲਿਖਣ ਦਾ ਉਸਦਾ ਕੋਈ ਤਜਰਬਾ ਨਹੀਂ ਸੀ, ਪਰ ਉਸ ਨੇ ਸਖਤ ਮਿਹਨਤ ਕਰਕੇ ਕੰਨੜ ਭਾਸ਼ਾ ਵਿੱਚ ਮੁਹਾਰਤ ਹਾਸਲ ਕੀਤੀ। ਗੌਰੀ ਦੀ ਬੇਬਾਕ ਸ਼ੈਲੀ ਨੇ ਉਸਦੇ ਬਹੁਤ ਸਾਰੇ ਪ੍ਰਸੰਸਕ ਅਤੇ ਵਿਰੋਧੀ ਪੈਦਾ ਕੀਤੇ। ਉਹ ਰੂੜ੍ਹੀਵਾਦੀ ਵਿਚਾਰਾਂ ਅਤੇ ਹਿੰਦੂਤਵਵਾਦੀ ਤਾਕਤਾਂ ਖਿਲਾਫ਼ ਬਹੁਤ ਜੋਰਦਾਰ ਢੰਗ ਨਾਲ ਲਿਖਦੀ ਸੀ।
ਗੌਰੀ ਦੀ ਜ਼ਿੰਦਗੀ ਵਿੱਚ ਵੱਡਾ ਮੋੜ 2004-05 ਦੌਰਾਨ ਆਇਆ। ਜੂਨ 2004 ਵਿੱਚ ਪ੍ਰੇਮ ਨਾਂ ਹੇਠ ਕੰਮ ਕਰ ਰਹੇ ਨਕਸਲੀ ਆਗੂ ਨੇ ਜੰਗਲ ਵਿੱਚ ਕਿਸੇ ਗੁਪਤ ਟਿਕਾਣੇ ਉੱਤੇ ਕੁਝ ਚੋਣਵੇਂ ਪੱਤਰਕਾਰਾਂ ਨੂੰ ਬੁਲਾਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਸ ਨੇ ਖਾਣਾਂ ਖੋਦਣ ਦੇ ਕੁਝ ਨਵੇਂ ਪ੍ਰੋਜੈਕਟਾਂ ਨਾਲ ਕਬਾਇਲੀਆਂ ਦੇ ਉਜਾੜੇ ਬਾਰੇ ਗੱਲ ਕੀਤੀ। ਇਸ ਤਰ੍ਹਾਂ ਸੱਦੇ ਗਏ ਪੱਤਰਕਾਰਾਂ ਵਿੱਚ ਗੌਰੀ ਵੀ ਸ਼ਾਮਲ ਸੀ। ਉਥੇ ਜਾ ਕੇ ਗੌਰੀ ਨੂੰ ਪਤਾ ਚੱਲਿਆ ਕਿ ‘ਪ੍ਰੇਮ’ ਨਾਂ ਦਾ ਇਹ ਨਕਸਲੀ ਆਗੂ ਅਸਲ ਵਿੱਚ ਉਸਦੇ ਕਾਲਜ ਦੇ ਦਿਨਾਂ ਦਾ ਜਮਾਤੀ ਰਿਹਾ ਸਾਕੇਤ ਰਾਜਨ ਹੈ। ਇਸ ਸਾਕੇਤ ਰਾਜਨ ਨੇ ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ ਦੇ ਡਿਪਲੋਮੇ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਸੀ।

ਗੌਰੀ ਉਸ ਵਰਗੇ ਬੁੱਧੀਮਾਨ ਲੜਕੇ ਦੇ ਕਬਾਇਲੀ ਲੋਕਾਂ ਪ੍ਰਤੀ ਸਮਰਪਣ ਤੋਂ ਬਹੁਤ ਪ੍ਰਭਾਵਿਤ ਹੋਈ। ਜਦ ਗੌਰੀ ਅਤੇ ਹੋਰ ਪੱਤਰਕਾਰਾਂ ਨੇ ਪ੍ਰੈਸ ਵਿੱਚ ਕਬਾਇਲੀ ਲੋਕਾਂ ਉੱਤੇ ਪੈਣ ਵਾਲੇ ਮਾੜੇ ਅਸਰਾਂ ਦੀ ਗੱਲ ਉਭਾਰੀ ਤਾਂ ਕਰਨਾਟਕ ਦੇ ਉਸ ਸਮੇਂ ਦੇ ਮੁੱਖ ਮੰਤਰੀ ਧਰਮ ਸਿੰਘ (ਜੋ ਪੁਰਾਣਾ ਸੋਸ਼ਲਿਸਟ ਸੀ) ਨੇ ਨਕਸਲੀਆਂ ਨਾਲ ਗੱਲਬਾਤ ਕਰਨ ਲਈ ਇੱਕ ਟੀਮ ਬਣਾਈ ਜਿਸ ਵਿੱਚ ਗੌਰੀ ਦਾ ਮੁੱਖ ਰੋਲ ਹੋਣਾ ਸੀ। ਪਰ ਪੁਲੀਸ ਇਸ ਮਾਮਲੇ ਵਿੱਚ ਵੱਖਰੇ ਰਾਹ ਉੱਤੇ ਤੁਰੀ ਹੋਈ ਸੀ। ਇਸ ਤੋਂ ਪਹਿਲਾਂ ਕੋਈ ਗੱਲਬਾਤ ਹੁੰਦੀ ਪੁਲੀਸ ਨੇ ਸਾਕੇਤ ਨੂੰ ਇੱਕ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। ਇਸ ਘਟਨਾ ਨੇ ਗੌਰੀ ਨੂੰ ਬਹੁਤ ਡੂੰਘਾ ਸਦਮਾ ਪਹੁੰਚਾਇਆ। ਉਸ ਨੇ ਤਹਿਲਕਾ ਵਰਗੇ ਮੈਗਜ਼ੀਨਾਂ ਵਿੱਚ ਇਸ ਦੇ ਖਿਲਾਫ਼ ਜੋਰਦਾਰ ਆਰਟੀਕਲ ਲਿਖੇ, ਪਰ ਉਸ ਦੇ ਭਰਾ ਇੰਦਰਜੀਤ ਨੇ, ਅਖ਼ਬਾਰ ਦੇ ਪ੍ਰਕਾਸ਼ਕ ਦੀ ਹੈਸੀਅਤ ਵਿੱਚ, ਸਾਕੇਤ ਅਤੇ ਨਕਸਲੀ ਲਹਿਰ ਬਾਰੇ ਗੌਰੀ ਵੱਲੋਂ ਲਿਖੇ ਗਏ ਲੇਖ ‘ਲੰਕੇਸ਼ ਪੱਤਰਿਕਾ’ ਵਿੱਚ ਛਾਪੇ ਜਾਣ ਤੋਂ ਰੋਕ ਦਿੱਤੇ। ਗੌਰੀ ਪਹਿਲਾਂ ਵੀ ਇੰਦਰਜੀਤ ਨਾਲ ਵਿਰੋਧ ਦੇ ਰਾਹ ਪਈ ਹੋਈ ਸੀ। ਅਸਲ ਵਿੱਚ ਇੰਦਰਜੀਤ ਨੇ ਪੱਤਰਕਾਰਾਂ ਦੇ ਕੋਟੇ ਵਿਚੋਂ ਆਪਣੇ ਲਈ ਇੱਕ ਸਸਤਾ ਪਲਾਟ ਅਲਾਟ ਕਰਵਾ ਲਿਆ ਸੀ ਅਤੇ ਫਿਰ ਵਿਧਾਨ ਪ੍ਰੀਸ਼ਦ ਵਿੱਚ ਨਾਮਜ਼ਦਗੀ ਲਈ ਕੋਸ਼ਿਸ਼ਾਂ ਕਰ ਰਿਹਾ ਸੀ। ਗੌਰੀ ਅਜਿਹੇ ਲਾਭ ਲੈਣ ਦੇ ਸਖਤ ਖਿਲਾਫ਼ ਸੀ ਅਤੇ ਇਸ ਨੂੰ ਆਪਣੇ ਪਿਤਾ ਦੀ ਵਿਰਾਸਤ ਦੇ ਉਲਟ, ਘਟੀਆ ਕਦਮ ਸਮਝਦੀ ਸੀ।

ਉਸ ਨੂੰ ਪਤਾ ਸੀ ਕਿ ਹੁਣ ਭਰਾ ਦੀ ਮਾਲਕੀ ਵਾਲੇ ਅਖ਼ਬਾਰ ‘ਲੰਕੇਸ਼ ਪੱਤਰਿਕਾ’ ਵਿਚੋਂ ਉਸ ਨੂੰ ਕਦੇ ਵੀ ਕੱਢਿਆ ਜਾ ਸਕਦਾ ਹੈ, ਸੋ ਉਸਨੇ ‘ਗੌਰੀ ਲੰਕੇਸ਼ ਪੱਤਰਿਕਾ’ ਨਾਮ ਹੇਠ ਪਹਿਲਾਂ ਹੀ ਨਵਾਂ ਅਖ਼ਬਾਰ ਰਜਿਸਟਰਡ ਕਰਵਾ ਲਿਆ ਸੀ। ਜਦ ਭਰਾ ਨੇ ਉਸ ਨੂੰ ‘ਲੰਕੇਸ਼ ਪੱਤਰਿਕਾ’ ਵਿਚੋਂ ਸੱਚਮੁੱਚ ਕੱਢ ਦਿੱਤਾ ਤਾਂ ਉਸ ਨੇ ਨਾਲ ਦੀ ਨਾਲ ਹੀ ‘ਗੌਰੀ ਲੰਕੇਸ਼ ਪੱਤਰਿਕਾ’ ਰਾਹੀਂ ਆਪਣੀ ਕਲਮ ਵਾਹੁਣੀ ਸ਼ੁਰੂ ਕਰ ਦਿੱਤੀ ਅਤੇ ਪੁਰਾਣੇ ਸਾਰੇ ਬੰਦੇ ਗੌਰੀ ਵਾਲੇ ਅਖ਼ਬਾਰ ਨਾਲ ਜੁੜ ਗਏ।

ਇਸੇ ਦੌਰਾਨ ਕਰਨਾਟਕ ਵਿੱਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਹੋਣ ਲੱਗੀ। 2008 ਵਿੱਚ, ਕਰਨਾਟਕ ਵਿੱਚ, ਪਹਿਲੀ ਵਾਰ ਯੇਦੀਰੱਪਾ ਦੀ ਅਗਵਾਈ ਹੇਠ ਬੀ.ਜੇ.ਪੀ. ਦੀ ਸਰਕਾਰ ਬਣੀ। ਯੇਦੀਰੱਪਾ ਸਿਰੇ ਦਾ ਅੰਧਵਿਸ਼ਵਾਸ਼ੀ ਅਤੇ ਕੱਟੜ ਧਾਰਮਿਕ ਬੰਦਾ ਸੀ। ਉਸਦੀ ਸਰਕਾਰ ਬਣਨ ਨਾਲ ਰੂੜ੍ਹੀਵਾਦੀ ਅਤੇ ਫਿਰਕਾਪ੍ਰਸਤ ਤਾਕਤਾਂ ਦੀ ਚੜ੍ਹ ਮੱਚੀ। ਔਰਤਾਂ ਦੇ ਪਹਿਰਾਵੇ ‘ਤੇ, ਉਨ੍ਹਾਂ ਦੇ ਘੁੰਮਣ ਫਿਰਨ ਦੀ ਆਜਾਦੀ ਉੱਤੇ, ਅੰਤਰਜਾਤੀ ਅਤੇ ਅੰਤਰ-ਧਾਰਮਿਕ ਵਿਆਹਾਂ ਉੱਤੇ ਕੱਟੜਵਾਦੀਆਂ ਵੱਲੋਂ ਹਮਲੇ ਹੋਣ ਲੱਗੇ। ਗੌਰੀ ਲੰਕੇਸ਼ ਨੇ ਆਪਣੇ ਅਖ਼ਬਾਰ ਵਿੱਚ ਇਨ੍ਹਾਂ ਕਾਰਵਾਈਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਖ਼ੁਦ ਇਨ੍ਹਾਂ ਦੇ ਖਿਲਾਫ਼ ਕੀਤੇ ਜਾਂਦੇ ਮੁਜਾਹਰਿਆਂ ਵਿੱਚ ਸ਼ਾਮਲ ਹੋਈ।

ਹਿੰਦੂਤਵੀ ਆਗੂਆਂ ਵੱਲੋਂ ਉਸਦੇ ਖਿਲਾਫ਼ ਕਰਨਾਟਕ ਦੀਆਂ ਵੱਖ ਵੱਖ ਥਾਵਾਂ ਉੱਤੇ ਕੇਸ ਦਰਜ ਕਰਵਾਏ ਗਏ ਤਾਂ ਜੋ ਉਹ ਅਦਾਲਤਾਂ ਵਿੱਚ ਹੀ ਉਲਝੀ ਰਹੇ। ਕੱਟੜਵਾਦੀਆਂ ਵੱਲੋਂ ਉਸ ਦੇ ਖਿਲਾਫ਼ ਸੋਸ਼ਲ ਮੀਡੀਆ ਉੱਤੇ ਬਹੁਤ ਭੱਦੀ ਪ੍ਰਚਾਰ ਮੁਹਿੰਮ ਚਲਾਈ ਗਈ ਪਰ ਗੌਰੀ ਅਜਿਹੇ ਹਮਲਿਆਂ ਨਾਲ ਕਦੋਂ ਰੁਕਣ ਵਾਲੀ ਸੀ। ਸੋ ਉਸ ਨੂੰ ਝੁਕਾਉਣ ਵਿੱਚ ਅਸਫਲ ਰਹਿਣ ‘ਤੇ ਰੂੜ੍ਹੀਵਾਦੀ ਫਿਰਕਾਪ੍ਰਸਤਾਂ ਨੇ 5 ਸਤੰਬਰ 2017 ਨੂੰ ਉਸ ਨੂੰ ਸ਼ਹੀਦ ਕਰ ਦਿੱਤਾ। ਇਸ ਕਤਲ ਦੇ ਖਿਲਾਫ਼ ਨਾ ਸਿਰਫ ਭਾਰਤ ਵਿੱਚ, ਬਲਿਕ ਦੁਨੀਆ ਭਰ ਵਿੱਚ ਇਸਦੀ ਭਰਪੂਰ ਨਿੰਦਾ ਹੋਈ। ਬੰਗਲੌਰ ਵਿੱਚ ਇਸ ਕਤਲ ਦੇ ਖਿਲਾਫ਼ 25000 ਲੋਕਾਂ ਨੇ ਰੋਸ ਮੁਜਾਹਰਾ ਕੀਤਾ। ਗੌਰੀ ਲੰਕੇਸ਼ ਚਾਹੇ ਸਾਡੇ ਵਿਚਕਾਰ ਨਹੀਂ ਰਹੀ ਪਰ ਉਸਦੇ ਵਿਚਾਰ ਅਤੇ ਉਨ੍ਹਾਂ ਵਿਚਾਰਾਂ ਉੱਤੇ ਦ੍ਰਿੜਤਾ ਨਾਲ ਕਾਇਮ ਰਹਿਣ ਦੀ ਇੱਕ ਸ਼ਾਨਦਾਰ ਮਿਸਾਲ ਵਜੋਂ, ਉਹ ਹਮੇਸ਼ਾ ਸਾਡੇ ਲਈ ਪ੍ਰੇਰਣਾ ਸ੍ਰੋਤ ਬਣੀ ਰਹੇਗੀ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ