-ਹਰਚਰਨ ਸਿੰਘ ਪਰਹਾਰ
(ਐਡੀਟਰ-ਸਿੱਖ ਵਿਰਸਾ ਮੈਗਜ਼ੀਨ)
ਅਮਰੀਕਾ ਵਿੱਚ 2007 ਵਿੱਚ ਕੁਝ ਖਾਲਿਸਤਾਨੀ ਜਥੇਬੰਦੀਆਂ ਵਲੋਂ ਇੱਕ ਨਵੀਂ ਜਥੇਬੰਦੀ 'ਸਿੱਖਸ ਫਾਰ ਜਸਟਿਸ' ਸਥਾਪਿਤ ਕੀਤੀ ਗਈ ਸੀ, ਜਿਸਦਾ ਮੁੱਖ ਮਕਸਦ ਸਿੱਖਾਂ ਨਾਲ ਨਵੰਬਰ 1984 ਵਿੱਚ ਦਿੱਲੀ ਤੇ ਭਾਰਤ ਦੇ ਕੁਝ ਹੋਰ ਹਿੱਸਿਆਂ ਵਿੱਚ ਵਾਪਰੇ ਸ਼ਰਮਨਾਕ ਕਤਲੇਆਮ ਨੂੰ ਯੁਨਾਈਟਡ ਨੇਸ਼ਨ ਤੋਂ 'ਸਿੱਖ ਜੈਨੋਸਾਈਡ' (ਸਿੱਖ ਨਸਲਕੁਸ਼ੀ) ਵਜੋਂ ਮਾਨਤਾ ਦਿਵਾਉਣਾ ਸੀ।ਨਿਊ ਯਾਰਕ (ਅਮਰੀਕਾ) ਤੋਂ ਇੱਕ ਸਿੱਖ ਵਕੀਲ ਗੁਰਪਤਵੰਤ ਸਿੰਘ ਪੰਨੂੰ ਨੂੰ ਇਸ ਜਥੇਬੰਦੀ ਦਾ ਕਨੂੰਨੀ ਸਲਾਹਕਾਰ ਬਣਾਇਆ ਗਿਆ।ਇਸ ਸੰਸਥਾ ਦੇ ਕੋਈ ਹੋਰ ਅਹੁਦੇਦਾਰ ਹਨ ਜਾਂ ਹੋਰ ਕਿਹੜੀਆਂ ਜਥੇਬੰਦੀਆਂ ਵਲੋਂ ਇਸਨੂੰ ਮਾਨਤਾ ਪ੍ਰਾਪਤ ਹੈ, ਬਾਰੇ ਕਦੇ ਨਹੀਂ ਦੱਸਿਆ ਗਿਆ।ਇਨ੍ਹਾਂ ਦੀ ਵੈਬਸਾਈਟ ਅਨੁਸਾਰ ਜਥੇਬੰਦੀ ਦੇ ਅਮਰੀਕਾ ਤੋਂ ਇਲਾਵਾ ਕਨੇਡਾ ਤੇ ਇੰਗਲੈਂਡ ਵਿੱਚ ਵੀ ਦਫਤਰ ਹਨ।ਇਸ ਜਥੇਬੰਦੀ ਦੀਆਂ ਪਿਛਲੇ 13 ਸਾਲ ਦੀਆਂ ਗਤੀਵਿਧੀਆਂ ਅਨੁਸਾਰ ਗੁਰਪਤਵੰਤ ਸਿੰਘ ਪੰਨੂੰ ਹੀ ਇਸਦੇ ਇੱਕੋ ਇੱਕ ਕਰਤਾ ਧਰਤਾ ਹਨ ਜਾਂ ਕੁਝ ਸਾਲਾਂ ਤੋਂ ਜਤਿੰਦਰ ਸਿੰਘ ਗਰੇਵਾਲ ਇਸਦੇ ਇੰਟਰਨੈਸ਼ਨਲ ਪਾਲਸੀ ਡਾਇਰੈਕਟਰ ਹਨ।ਇਸ ਸੰਸਥਾ ਵਲੋਂ 'ਸਿੱਖ ਜੈਨੋਸਾਈਡ' (ਸਿੱਖ ਨਸਲਕੁਸ਼ੀ) ਵਾਲਾ ਮੁੱਦਾ ਕੁਝ ਸਾਲ ਚਲਾ ਕੇ ਬਿਨਾਂ ਕੁਝ ਦੱਸੇ ਅਚਾਨਕ 2011 ਵਿੱਚ ਭਾਰਤ ਤੋਂ ਕਨੇਡਾ ਅਮਰੀਕਾ ਵਿੱਚ ਆਉਣ ਵਾਲੇ ਕਾਂਗਰਸੀ ਲੀਡਰਾਂ ਨੂੰ ਨਵੰਬਰ 84 ਦੇ ਸਿੱਖ ਕਤਲੇਆਮ ਲਈ ਕੋਰਟ ਦੇ ਸੰਮਨ ਦੇਣੇ ਸ਼ੁਰੂ ਕਰ ਦਿੱਤੇ ਗਏ, ਜਿਨ੍ਹਾਂ ਵਿੱਚ ਕਮਲ ਨਾਥ, ਸੋਨੀਆ ਗਾਂਧੀ, ਰਾਹੁਲ ਗਾਂਧੀ, ਮਨਮੋਹਨ ਸਿੰਘ ਦੇ ਨਾਮ ਵਰਨਣਯੋਗ ਹਨ।