ਜ਼ਿੰਮੇਵਾਰੀਆਂ ਤੋਂ ਭੱਜਦਾ ਮਨੁੱਖ -ਡਾ. ਨਿਸ਼ਾਨ ਸਿੰਘ
Posted on:- 20-06-2020
ਕਿਸੇ ਵੀ ਸਮਾਜ ਦੀ ਸਿਰਜਣਾ ਵਿਚ ਉਸਦੇ ਬਸ਼ਿੰਦਿਆਂ ਦੇ ਸੁਭਾਅ ਦਾ ਅਹਿਮ ਸਥਾਨ ਹੁੰਦਾ ਹੈ। ਜਿਸ ਸਮਾਜ ਦੇ ਬਸ਼ਿੰਦੇ ਆਪਣੇ ਹੱਕਾਂ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਉਂਦੇ ਹਨ ਉਹ ਸਮਾਜ ਆਦਰਸ਼ ਸਮਾਜ ਕਿਹਾ ਜਾਂਦਾ ਹੈ। ਪਰ ਅਫਸੋਸ ਅੱਜ ਦਾ ਸਮਾਜ ਇਸ ਸ਼੍ਰੇਣੀ ਵਿਚੋਂ ਬਾਹਰ ਹੋ ਗਿਆ ਹੈ। ਇਸਦਾ ਕਾਰਨ ਹੈ ਕਿ ਅਜੋਕਾ ਮਨੁੱਖ ਆਪਣੇ ਹੱਕਾਂ ਪ੍ਰਤੀ ਤਾਂ ਬਹੁਤ ਜਾਗਰੂਕ ਹੋ ਗਿਆ ਹੈ ਪਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਰਿਹਾ ਹੈ। ਇਸ ਨਾਲ ਬਹੁਤ ਵਾਰ ਸਮਾਜਿਕ ਬਣਤਰ ਦੀ ਹੋਂਦ ਉੱਪਰ ਵੀ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਹਨ।
ਇੱਥੇ ਖ਼ਾਸ ਗੱਲ ਇਹ ਹੈ ਕਿ ਮਨੁੱਖ ਦਾ ਸਮਾਜਿਕ ਹੋਣਾ ਕਿਸੇ ਧਾਰਮਿਕ ਜਾਂ ਅਧਿਆਤਮਿਕ ਪ੍ਰਭਾਵ ਦਾ ਸਿੱਟਾ ਨਹੀਂ ਹੈ ਬਲਕਿ ਇਹ ਮਨੁੱਖੀ ਮਨ ਦੀ ਬਣਤਰ/ ਭੁਗੋਲਿਕ ਬਣਤਰ ਦਾ ਸਿੱਟਾ ਹੈ। ਇਹ ਸਮਾਜਿਕਤਾ ਮਨੁੱਖ ਦੀਆਂ ਜ਼ਰੂਰਤਾਂ ਦੀ ਉਪਜ ਹੈ। ਆਦਿਕਾਲ ਤੋਂ ਹੀ ਮਨੁੱਖ ਜੰਗਲਾਂ/ ਕਬੀਲਿਆਂ ਵਿਚ ਰਹਿੰਦਾ ਰਿਹਾ ਹੈ। ਉਸ ਸਮੇਂ ਜੰਗਲਾਂ ਵਿਚ ਸ਼ਿਕਾਰ ਕਰਨ ਜਾਣ ਲਈ ਝੁੰਡ/ ਕਬੀਲੇ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਮਨੁੱਖ ਨੇ ਕਬੀਲਿਆਂ ਦੇ ਸੰਕਲਪ ਨੂੰ ਅਪਣਾ ਲਿਆ। ਸਹਿਜੇ-ਸਹਿਜੇ ਇਹ ਕਬੀਲੇ ਪਿੰਡਾਂ/ ਸ਼ਹਿਰਾਂ/ ਕਸਬਿਆਂ ਦੇ ਰੂਪ ਵਿਚ ਵਿਕਸਤ ਹੋ ਗਏ। ਇਹਨਾਂ ਸ਼ਹਿਰਾਂ/ ਕਸਬਿਆਂ ਦੀ ਵਿਵਸਥਾ ਨੂੰ ਚਲਾਉਣ ਲਈ ਜਿੱਥੇ ਹੱਕਾਂ ਦੀ ਪ੍ਰੋੜ੍ਹਤਾ ਕੀਤੀ ਗਈ ਉੱਥੇ ਹੀ ਜ਼ਿੰਮੇਵਾਰੀਆਂ ਵੀ ਵੰਡੀਆਂ ਗਈਆਂ ਤਾਂ ਕਿ ਸਮਾਜਿਕ ਬਣਤਰ ਨੂੰ ਸਹਿਜਤਾ ਨਾਲ ਚਲਾਇਆ ਜਾ ਸਕੇ। ਪਰ ਅਫ਼ਸੋਸ ਅੱਜ ਦਾ ਦੌਰ ਹੱਕਾਂ ਦੀ ਗੱਲ ਵਧੇਰੇ ਕਰਨ ਵਾਲਾ ਦੌਰ ਹੋ ਗਿਆ ਹੈ। ਹਰ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰਨਾ ਚਾਹੁੰਦਾ ਹੈ/ ਭੱਜਣਾ ਚਾਹੁੰਦਾ ਹੈ।
ਇਸ ਗੱਲ ਵਿਚ ਭੋਰਾ ਭਰ ਵੀ ਸ਼ੰਕਾ ਨਹੀਂ ਕਿ ਜਦੋਂ ਤੱਕ ਮਨੁੱਖ ਦੀ ਹੋਂਦ ਰਹੇਗੀ ਉਦੋਂ ਤੱਕ ਹੀ ਸਮਾਜ ਦੀ ਸਿਰਜਣ ਵਿਵਸਥਾ ਕਾਇਮ ਰਹਿ ਸਕਦੀ ਹੈ। ਮਨੁੱਖ ਬਿਨਾਂ ਸਮਾਜ ਦੀ ਗੱਲ ਨਿਰਮੂਲ ਹੈ/ ਵਿਅਰਥ ਹੈ। ਸਮਾਜਿਕ ਬਣਤਰ ਦਾ ਕੇਂਦਰੀ ਧੁਰਾ ਮਨੁੱਖ ਹੈ ਪਰ ਅੱਜ ਇਹ ਮਨੁੱਖ ਹੀ ਇਸ ਬਣਤਰ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈ। ਮਨੁੱਖ ਨੇ ਧਰਤੀ, ਪਾਣੀ, ਹਵਾ, ਮਿੱਟੀ ਅਤੇ ਰੌਸ਼ਨੀ ਨੂੰ ਗੰਦਲਾ ਕਰ ਦਿੱਤਾ ਹੈ। ਇਸ ਗੰਦਲੇਪਣ ਦਾ ਮੂਲ ਕਾਰਨ ਹੈ ਕਿ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਗਿਆ ਹੈ/ ਪਾਸਾ ਵੱਟ ਗਿਆ ਹੈ।ਅੱਜ ਦਾ ਦੌਰ ਅਜਿਹਾ ਦੌਰ ਹੈ ਕਿ ਹਰ ਮਨੁੱਖ ਆਪਣੀ ਸਹੂਲਤ ਲਈ ਪੱਕੀ ਸੜਕ ਤਾਂ ਚਾਹੁੰਦਾ ਹੈ ਪਰ ਉਸਨੂੰ ਸੜਕ ਤੇ ਤੁਰਨਾ ਨਹੀਂ ਆਉਂਦਾ/ ਗੱਡੀ ਚਲਾਉਣੀ ਨਹੀਂ ਆਉਂਦੀ। ਨਿਯਮਾਂ ਦੀ ਪਾਲਣਾ ਨੂੰ ਗ਼ੈਰ-ਜ਼ਰੂਰੀ ਸਮਝਿਆ ਜਾਂਦਾ ਹੈ। ਪਿੰਡਾ/ ਸ਼ਹਿਰਾਂ ਵਿਚ ਗਲੀਆਂ/ ਨਾਲੀਆਂ ਤਾਂ ਪੱਕੀਆਂ ਚਾਹੀਦੀਆਂ ਹਨ ਪਰ ਉਹਨਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਣਾ ਚਾਹੁੰਦਾ। ਘਰ ਦੀ ਸਾਫ਼-ਸਫ਼ਾਈ ਹਰ ਬੰਦਾ ਕਰਦਾ ਹੈ ਪਰ ਘਰ ਦੇ ਕੂੜੇ ਨੂੰ ਬਾਹਰ ਗਲੀ ਵਿਚ ਸੁੱਟ ਦਿੰਦਾ ਹੈ ਕਿਉਂਕਿ ਗਲੀ/ ਨਾਲੀ ਦੀ ਸਫ਼ਾਈ ਨੂੰ ਉਹ ਆਪਣੀ ਜ਼ਿੰਮੇਵਾਰੀ ਦਾ ਹਿੱਸਾ ਨਹੀਂ ਸਮਝਦਾ। ਗਲੀਆਂ/ ਨਾਲੀਆਂ ਦੀ ਸਫ਼ਾਈ ਦੀ ਜੁਵਾਬਦਾਰੀ ਸਰਕਾਰ ਦੀ ਹੈ/ ਪੰਚਾਇਤ ਦੀ ਹੈ।ਹੈਰਾਨੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਧਾਰਮਿਕ ਸਥਾਨਾਂ ਦੀ ਉਸਾਰੀ ਲਈ ਤਾਂ ਲੱਖਾਂ ਰੁਪਏ ਝੱਟ ਇਕੱਠੇ ਹੋ ਜਾਂਦੇ ਹਨ ਪਰ ਪਿੰਡ ਦੇ ਸਕੂਲ ਜਾਂ ਸਿਹਤ ਕੇਂਦਰ ਲਈ ਕੋਈ ਅੱਗੇ ਨਹੀਂ ਆਉਂਦਾ। ਇਹਨਾਂ ਕੰਮਾਂ ਲਈ ਅਸੀਂ ਸਰਕਾਰਾਂ ਤੋਂ ਆਸ ਰੱਖਦੇ ਹਾਂ। ਉਂਝ ਸਰਕਾਰਾਂ ਦੀਆਂ ਵੀ ਜ਼ਿੰਮੇਵਾਰੀਆਂ ਹਨ ਪਰ ਆਪਣੀਆਂ ਸਹੂਲਤਾਂ ਲਈ ਸਥਾਨਕ ਨਿਵਾਸੀਆਂ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ। ਜਿੰਨੀ ਸਫ਼ਾਈ ਆਪਣੇ ਘਰ ਦੀ ਲਾਜ਼ਮੀ ਹੈ ਉੰਨੀ ਹੀ ਗਲੀ/ ਮੁਹੱਲੇ ਦੀ ਵੀ ਲਾਜ਼ਮੀ ਹੈ ਕਿਉਂਕਿ ਸਾਫ਼ ਹੋਇਆ ਘਰ ਉਦੋਂ ਹੀ ਸਾਰਥਕ ਅਤੇ ਲਾਹੇਵੰਦ ਹੋਵੇਗਾ ਜਦੋਂ ਸਮੁੱਚੀ ਗਲੀ/ ਮੁਹੱਲਾ ਸਾਫ਼ ਹੋਵੇਗਾ। ਗੰਦੇ ਮੁਹੱਲੇ/ ਪਿੰਡ ਵਿਚ ਸਾਫ਼ ਘਰ ਕੋਈ ਅਹਿਮੀਅਤ ਨਹੀਂ ਰੱਖਦਾ।ਇਹ ਕਾਰਜ ਕੋਈ ਬਹੁਤੀ ਵੱਡੀ ਅਤੇ ਔਖੀ ਗੱਲ ਨਹੀਂ ਹਨ। ਪਰ ਇਹਨਾਂ ਕਾਰਜਾਂ ਲਈ ਹੱਲਾਸ਼ੇਰੀ ਅਤੇ ਚੰਗੇ ਆਗੂ ਦੀ ਲੋੜ ਹੈ। ਪਿੰਡਾਂ/ ਸ਼ਹਿਰਾਂ ਵਿਚ ਨੌਜੁਵਾਨਾਂ ਨੂੰ ਅੱਗੇ ਆਉਣਾ ਪਵੇਗਾ। ਇੱਕ ਪਿੰਡ ਦੀ ਸਫ਼ਾਈ ਦਾ ਕੰਮ ਪੰਜ- ਸੱਤ ਦਿਨਾਂ ਤੋਂ ਵੱਧ ਨਹੀਂ ਹੈ। ਪਰ ਹੈਰਾਨੀ ਹੁੰਦੀ ਹੈ ਕਿ ਲੋਕ ਸਾਲਾਂਬੱਧੀ ਸਰਕਾਰਾਂ ਦੀ ਆਸ ਵਿਚ ਗੰਦਗੀ ਭਰਿਆ ਜੀਵਨ ਜਿਉਂਦੇ ਰਹਿੰਦੇ ਹਨ। ਖੁਦ ਉੱਦਮ ਨਹੀਂ ਕਰਦੇ/ ਅੱਗੇ ਨਹੀਂ ਆਉਂਦੇ।ਇੱਥੇ ਗੱਲ ਕੇਵਲ ਸਾਫ਼- ਸਫ਼ਾਈ ਦੀ ਨਹੀਂ ਬਲਕਿ ਜ਼ਿੰਦਗੀ ਦੇ ਹਰ ਕਦਮ ਤੇ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਹੈ। ਸੜਕ ਤੇ ਗੱਡੀ ਚਲਾਉਂਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਕੋਈ ਮੰਦਾ ਕਰਮ ਨਹੀਂ ਹੈ ਬਲਕਿ ਇਹ ਤੁਹਾਡੀ ਜ਼ਿੰਦਗੀ ਦੀ ਹਿਫਾਜਿਤ ਵਾਲਾ ਕੰਮ ਹੈ। ਗੱਡੀ ਦੇ ਕਾਗਜ਼ ਪੂਰੇ ਰੱਖਣੇ ਸਾਡੀ ਜ਼ਿੰਮੇਵਾਰੀ ਹੈ। ਵਾਤਾਵਰਣ ਦੀ ਸਾਂਭ- ਸੰਭਾਲ ਸਾਡੇ ਮੁੱਢਲੇ ਫ਼ਰਜ਼ ਹਨ। ਅੱਜ ਹਰੇਕ ਬੰਦਾ ਸ਼ੁੱਧ ਅਤੇ ਸਾਫ਼ ਹਵਾ ਚਾਹੁੰਦਾ ਹੈ ਪਰ ਰੁੱਖ ਕੋਈ ਨਹੀਂ ਲਗਾਉਣਾ ਚਾਹੁੰਦਾ। ਰੁੱਖ ਲਗਾਉਣ ਲਈ ਸਰਕਾਰਾਂ ਉੱਪਰ ਜ਼ਿੰਮੇਵਾਰੀ ਸੁੱਟ ਦਿੱਤੀ ਜਾਂਦੀ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਧਰਤੀ ਉੱਤੇ ਰਹਿੰਦਾ ਹਰ ਮਨੁੱਖ ਜੇਕਰ ਇੱਕ ਰੁੱਖ ਵੀ ਲਗਾ ਦੇਵੇ ਤਾਂ ਧਰਤੀ ਹਰੀ-ਭਰੀ ਹੋ ਸਕਦੀ ਹੈ। ਵਾਤਾਵਰਣ ਸ਼ੁੱਧ ਹੋ ਸਕਦਾ ਹੈ। ਪਰ ਬਦਕਿਸਮਤੀ ਅਸੀਂ ਇਹਨਾਂ ਕੰਮਾਂ ਲਈ ਵੀ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ। ਹੱਕਾਂ ਦੀ ਜਾਣਕਾਰੀ ਰੱਖਣਾ ਚੰਗੀ ਗੱਲ ਹੈ ਪਰ ਨਾਲ ਹੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਉਸ ਨਾਲੋਂ ਵੀ ਲਾਜ਼ਮੀ ਗੱਲ ਹੈ। ਇਹ ਵਕਤ ਦੂਜਿਆਂ ਵਿਚ ਕਮੀਆਂ ਕੱਢਣ ਦਾ ਨਹੀਂ ਬਲਕਿ ਆਪਣੇ ਵਿਚ ਸੁਧਾਰ ਕਰਨ ਦਾ ਹੈ। ਅੱਜ ਦਾ ਮਨੁੱਖ ਜੇਕਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਪ੍ਰਣ ਕਰ ਲਵੇ ਤਾਂ ਸਰਕਾਰਾਂ ਦੇ 99% ਕੰਮ ਆਪ ਮੂਹਰੇ ਹੀ ਨੇਪਰੇ ਚੜ ਸਕਦੇ ਹਨ। ਜਿਸ ਥਾਂ ਉੱਪਰ ਅਸੀਂ ਸਦੀਆਂ ਤੋਂ ਰਹਿ ਰਹੇ ਹਾਂ ਉਸਦੀ ਸਾਫ਼- ਸਫ਼ਾਈ ਅਤੇ ਸਾਂਭ-ਸੰਭਾਲ ਸਾਡੀ ਆਪਣੀ ਜ਼ਿੰਮੇਵਾਰੀ ਹੈ। ਸੜਕਾਂ ਉੱਪਰ ਸੜਕੀ-ਨਿਯਮਾਂ ਦੀ ਪਾਲਣਾ ਸਾਡੀ ਆਪਣੀ ਸੁਰੱਖਿਆ ਲਈ ਹੈ। ਸਵੇਰੇ ਉੱਠ ਕੇ ਸੈਰ ਕਰਨਾ ਸਾਡੀ ਸੇਹਤ ਲਈ ਲਾਭਦਾਇਕ ਹੈ।ਆਖ਼ਿਰ ਵਿਚ ਕਿਹਾ ਜਾ ਸਕਦਾ ਹੈ ਕਿ ਮਨੁੱਖ ਨੂੰ ਸੁਚੇਤ ਹੋਣ ਦੀ ਲੋੜ ਹੈ। ਧਰਤੀ, ਰੁੱਖ, ਵਾਤਾਵਰਣ, ਪਾਣੀ, ਹਵਾ ਅਤੇ ਰੌਸ਼ਨੀ ਦੀ ਸਾਂਭ- ਸੰਭਾਲ ਸਾਡੀਆਂ ਲੋੜਾਂ ਹਨ ਕਿਉਂਕਿ ਇਹਨਾਂ ਤੋਂ ਬਿਨਾਂ ਮਨੁੱਖੀ ਹੋਂਦ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਵੇਖਣਾ ਚਾਹੀਦਾ ਹੈ। ਪਰ ਇਹ ਹੁੰਦਾ ਕਦੋਂ ਹੈ ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।ਸੰਪਰਕ: +91 75892 33437