ਪ੍ਰੋ. ਰਬਿੰਦਰ ਸਿੰਘ ਮਸਰੂਰ ਹੁਰਾਂ ਦਾ ਇਕ ਸ਼ੇਅਰ ਹੈ;'ਕੁਰਸੀਆਂ ਵਾਲੇ ਘਰਾਂ ਦੀ ਨੀਤ ਜੇ ਖੋਟੀ ਨਹੀਂ
ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ!' (ਤੁਰਨਾ ਮੁਹਾਲ ਹੈ)
ਅੱਜ ਕਲ੍ਹ ਦੇ ਵਰਤਾਰੇ ਉੱਪਰ ਇਹ ਸ਼ੇਅਰ ਸਾਰਥਕ ਰੂਪ ਵਿਚ ਢੁੱਕਦਾ ਹੈ। ਕੁਰਸੀਆਂ ਵਾਲੇ ਘਰਾਂ (ਹਾਕਮਾਂ) ਦੀ ਨਿਯਤ ਸੱਚਮੁਚ ਖੋਟੀ ਹੈ। ਇਸੇ ਕਰਕੇ ਕਿਰਤੀਆਂ (ਮਜ਼ਦੂਰਾਂ) ਦੇ ਪਿੰਡੇ 'ਤੇ ਮਾਸ ਦੀ ਬੋਟੀ ਨਹੀਂ ਹੈ ਭਾਵ ਮਜ਼ਦੂਰ ਮਰ ਰਹੇ ਹਨ ਅਤੇ ਆਪਣੇ ਘਰ/ ਪਿੰਡ ਪਹੁੰਚਣ ਵਾਸਤੇ ਸੈਕੜੇ ਕਿਲੋਮੀਟਰ ਦੀ ਦੂਰੀ ਪੈਦਲ ਤੁਰੇ ਜਾ ਰਹੇ ਹਨ। ਹੈਰਾਨੀ ਹੁੰਦੀ ਹੈ ਕਿ ਔਰਤਾਂ, ਬੱਚੇ, ਬੁੱਢੇ ਸਭ ਪੈਦਲ ਹੀ ਤੁਰਨ ਲਈ ਮਜ਼ਬੂਰ ਹਨ। ਕੁਝ ਕੋਲ ਸਾਇਕਲ ਹਨ ਅਤੇ ਉਹ ਹਜ਼ਾਰ-ਹਜ਼ਾਰ ਕਿਲੋਮੀਟਰ ਸਾਇਕਲ ਉੱਪਰ ਜਾਣ ਲਈ ਮਜ਼ਬੂਰ ਹਨ। ਇਹਨਾਂ ਕਿਰਤੀਆਂ ਦੀ ਇਸ ਮਜ਼ਬੂਰੀ ਦਾ ਜ਼ਿੰਮੇਵਾਰ ਕੌਣ ਹੈ?, ਇਹ ਸਵਾਲ ਬਹੁਤ ਅਹਿਮ ਅਤੇ ਮਹੱਤਵਪੂਰਨ ਹੈ। ਪਰ ਇਹ ਸਵਾਲ ਹੁਣ ਰਾਜਨੀਤੀ ਦੀ ਹਨੇਰੀ ਵਿਚ ਉੱਡ ਗਿਆ ਹੈ/ ਗੁਆਚ ਗਿਆ ਹੈ/ ਅਲੋਪ ਹੋ ਗਿਆ ਹੈ।ਕੁਦਰਤੀ ਆਫਤਾਂ ਤੋਂ ਲੈ ਕੇ ਰਾਜਨੀਤਕ ਘਪਲਿਆਂ ਤੱਕ ਦੀ ਸਭ ਤੋਂ ਵੱਧ ਮਾਰ ਆਮ ਲੋਕਾਂ ਨੂੰ ਹੀ ਪੈਂਦੀ ਹੈ/ ਕਿਰਤੀਆਂ ਨੂੰ ਹੀ ਪੈਂਦੀ ਹੈ। ਇਸ ਗੱਲ ਵਿਚ ਰਤਾ ਭਰ ਵਿਚ ਸ਼ੱਕ ਦੀ ਸੰਭਾਵਨਾ ਨਹੀਂ ਹੈ ਕਿ ਕਿਰਤੀ ਵਰਗ ਨੂੰ ਆਪਣੇ ਪੈਰਾਂ ਹੇਠ ਕੁਚਲ ਕੇ ਰਾਜਨੀਤਕ ਲੋਕ ਸਦਾ ਹੀ ਆਪਣੇ ਘਰ ਭਰਦੇ ਰਹੇ ਹਨ। ਕਹਿਣ ਨੂੰ ਤਾਂ ਹਰ ਜਮਾਤ, ਪਾਰਟੀ ਅਤੇ ਸਰਕਾਰ; ਕਿਰਤੀਆਂ ਨੂੰ ਵੱਧ ਹੱਕ ਦੇ ਲਈ ਨਾਅਰੇ ਲਗਾਉਂਦੇ ਵੇਖੇ ਜਾ ਸਕਦੇ ਹਨ ਪਰ ਹਾਕਮਾਂ ਦੀ ਬਦਨੀਤੀ ਦਾ ਪ੍ਰਤੱਖ ਪ੍ਰਮਾਣ ਅੱਜਕਲ੍ਹ ਸੜਕਾਂ ਤੇ ਤੁਰੇ ਜਾਂਦੇ ਕਿਰਤੀਆਂ ਦੇ ਚਿਹਰਿਆਂ ਤੋਂ ਸਾਫ ਵੇਖਿਆ ਜਾ ਸਕਦਾ ਹੈ/ ਪੜ੍ਹਿਆ ਜਾ ਸਕਦਾ ਹੈ/ ਸਮਝਿਆ ਜਾ ਸਕਦਾ ਹੈ।