ਗਿੱਦੜ ਦਾ ਗੂੰਹ ਪਹਾੜ ਨੀ ਚਾੜੀ ਦਾ ਯਾਰੋ... -ਬੇਅੰਤ
Posted on:- 08-05-2020
“ਅਡੋਰਨੋ ਦਾ ਇਹ ਮੰਨਣਾ ਹੈ ਕਿ ਸਭਿਆਚਾਰਕ ਉਦਯੋਗ (Popular culture) ਜਿਸ ਪ੍ਰਕਿਰਿਆ ਰਾਹੀਂ ਵਿਅਕਤੀ ਨੂੰ ਗੁਲਾਮ ਅਤੇ ਨਿਸੱਤਾ/ਨਿਸ਼ਕ੍ਰਿਆ ਬਣਾਉਂਦਾ ਹੈ, ਉਸ ਨੂੰ ਸਮਝਣਾ ਅਤੇ ਰੋਕਣਾ ਵਿਅਕਤੀ ਲਈ ਸੰਭਵ ਨਹੀਂ ਹੈ। ਨਵੀਂ ਤਕਨੀਕ ਦੇ ਆਧਾਰ 'ਤੇ ਆਧਾਰਿਤ ਸਭਿਆਚਾਰਕ ਉਦਯੋਗ ਦੀ ਬਣਤਰ ਕੁਝ ਇਸ ਕਿਸਮ ਦੀ ਹੈ ਕਿ ਸਾਰੀ ਤਾਕਤ ਇਸ ਦੇ ਆਪਣੇ ਕੋਲ ਰਹਿੰਦੀ ਹੈ, ਲੋਕ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਿਤਾਣੇ ਹਨ। ਸਭਿਆਚਾਰਕ ਉਦਯੋਗ ਨਾ ਕੇਵਲ ਸਰਮਾਏਦਾਰੀ/ ਬੁਰਜ਼ੂਆ ਵਰਗ ਦੇ ਕਬਜ਼ੇ ਨੂੰ ਕਾਇਮ ਕਰਦਾ ਹੈ, ਸਗੋਂ ਉਹ ਸਮਾਨਾਂਤਰ ਰੂਪ ਵਿਚ ਆਪਣਾ ਗਾਲਬਾ ਵੀ ਕਾਇਮ ਕਰਦਾ ਹੈ।
ਹੁਣ ਇਹ ਗੱਲ ਸਭ ਮੰਨਦੇ ਹਨ ਕਿ ਸਮਕਾਲੀ ਪੰਜਾਬੀ ਸੱਭਿਆਚਾਰ ਗੰਭੀਰ ਸੰਕਟ ਦਾ ਸ਼ਿਕਾਰ ਹੈ।ਇਸ ਸੰਕਟ ਦੀ ਪ੍ਰਭਾਵੀ ਤੰਦ ਸੰਗੀਤ ਉਦਯੋਗ ਨਾਲ ਜੁੜੀ ਹੋਈ ਹੈ। ਕੁਝ ਇੱਕ ਗੀਤਾਂ ਦੀਆਂ/ ਉਦਾਹਰਣਾਂ ਨੂੰ ਛੱਡ ਕੇ ਪੰਜਾਬੀ ਸੰਗੀਤ ਉਦਯੋਗ ਨੇ ਪੰਜਾਬੀ ਲੋਕ ਮਨ(ਖਾਸਕਰ ਪੰਜਾਬ ਦੀ ਜਵਾਨੀ)ਨੂੰ ਇਕ ਵਿਸ਼ੇਸ਼ ਢਾਂਚੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਉਸਨੂੰ ਆਪਣੇ ਹਿੱਤ ਅਨੁਸਾਰ ਦਿਸ਼ਾਬੱਧ ਕਰਨ ਦੀ ਕੋਸ਼ਿਸ਼ ਕੀਤੀ ਹੈ।ਸਮਕਾਲੀ ਸੰਗੀਤ ਉਦਯੋਗ ਕਿਸੇ ਵੀ ਸੱਤਾ ਵਿਰੋਧੀ ਅਤੇ ਬੌਧਿਕ ਸਰਗਰਮੀ ਤੋਂ ਇਨਕਾਰੀ ਹੈ।
ਪੰਜਾਬੀ ਸੰਗੀਤ ਉਦਯੋਗ ਦਾ ਕੇਂਦਰੀ ਬਿੰਦੂ ਨਸ਼ਾ, ਹਿੰਸਾ,ਔਰਤ ਨੂੰ ਕਾਮ ਵਸਤੂ ਸਿਰਜਣਾ ਹੈ। ਪੰਜਾਬੀ ਲੋਕ ਮਨ ਨੇ ਜਿੰਨਾ ਹੁੰਗਾਰਾ ਇਸ ਧਿਰ ਨੂੰ ਦਿੱਤਾ ਹੈ ਸ਼ਾਇਦ ਹੀ ਕਿਸੇ ਹੋਰ ਧਿਰ ਨੂੰ ਦਿੱਤਾ ਹੋਵੇ ਅਤੇ ਹੁਣ ਇਹ ਸੰਗੀਤ ਉਦਯੋਗ ਫਿਲਮ ਉਦਯੋਗ ਵੀ ਹੋ ਗਿਆ ਹੈ। ਇਸ ਹੁੰਗਾਰੇ ਦਾ ਮੁੱਖ ਕਾਰਨ ਪੰਜਾਬੀ ਮਨ ਵਿੱਚ ਮੁੱਢ ਕਦੀਮੀ ਸੰਗੀਤ ਦੀ ਚਾਹਤ ਵੀ ਹੈ। ਪੂੰਜੀਵਾਦੀ ਖਾਸੇ ਦੀ ਇਹ ਧਿਰ ਪੰਜਾਬੀ ਮਨ ਦੀ ਚਾਹਤ ਨੂੰ ਆਪਣੇ ਪੈਸੇ/ਲਾਭ ਕਮਾਉਣ ਲਈ ਵਰਤਿਆ ਹੈ। ਇਸ ਲਈ ਇਹ ਸੰਗੀਤ ਉਦਯੋਗ ਪੰਜਾਬੀ ਮਨ ਦੀਆਂ ਚਾਹਤਾਂ/ਉਮੰਗਾਂ/ਖਾਹਿਸ਼ਾਂ ਅਤੇ ਪੰਜਾਬੀ ਸਮਾਜ ਦੇ ਪ੍ਰਚੱਲਤ ਵਰਤਾਰਿਆਂ ਉੱਤੇ ਤਿੱਖੀ ਨਜ਼ਰ ਰੱਖਦਾ ਹੈ ਅਤੇ ਲੋਕਾਂ ਦੇ ਮਨ ਦੀ ਸੱਭਿਆਚਾਰਕ ਲੋੜ/ਭੁੱਖ ਨੂੰ ਮਿਟਾਉਣ ਲਈ ਉਵੇਂ ਹੀ ਗੀਤ/ ਸੰਗੀਤ/ਫਿਲਮਾਂਕਣ ਦਾ ਨਿਰਮਾਣ ਕਰਦਾ ਹੈ ਅਤੇ ਮੰਡੀ ਵਿੱਚ ਵੇਚਦਾ ਹੈ।ਕਦੇ-ਕਦੇ ਕੋਈ ਸੱਤਾ ਵਿਰੋਧੀ ਗੀਤ ਆਉਂਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਇਹ ਲੋਕ ਪੱਖੀ ਗੀਤ ਹੈ ਪ੍ਰੰਤੂ ਗਹਿਰ ਗੰਭੀਰ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਸਹਿਜੇ ਸਮਝ ਆ ਜਾਂਦੀ ਹੈ ਕਿ ਇਹ ਵੀ ਇੱਕ ਹਿੱਸੇ ਵਿੱਚ ਗਾਇਕ/ਗੀਤਕਾਰ ਆਪਣੀ ਪੈਂਠ ਜਮਾਉਣ ਅਤੇ ਆਪਣੇ ਸਰੋਤਿਆਂ/ਗਾਹਕਾਂ ਦਾ ਘੇਰਾ ਵਧਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਜਦੋਂ ਕਿ ਉਸ ਗਾਇਕ/ਗੀਤਕਾਰ ਦਾ ਲੋਕ ਪੱਖੀ ਮਸਲਿਆਂ ਨਾਲ ਦੂਰ-ਦੂਰ ਤੱਕ ਵੀ ਕੋਈ ਵਾਹ ਵਾਸਤਾ ਨਹੀਂ ਹੁੰਦਾ।"
ਬੀਰ ਸਿੰਘ ਬਨਾਮ ਰਣਜੀਤ ਬਾਵਾ :
ਇੱਥੇ ਆਪਾਂ ਹੁਣੇ ਬੀਰ ਸਿੰਘ ਦੇ ਲਿਖੇ ਅਤੇ ਰਣਜੀਤ ਬਾਵਾ ਦੇ ਗਾਏ ਗੀਤ “ਮੇਰਾ ਕੀ ਕਸੂਰ” ਬਾਰੇ ਚਰਚਾ ਕਰਦੇ ਹਾਂ ਜਿਸ ਉੱਤੇ ਕੁਝ ਇੱਕ ਅਖੌਤੀ ਹਿੰਦੂ ਸੰਗਠਨਾਂ ਨੇ ਇਤਰਾਜ਼ ਪ੍ਰਗਟ ਕੀਤਾ ਹੈ ਅਤੇ ਗਾਇਕ ਰਣਜੀਤ ਬਾਵਾ,ਗੀਤਕਾਰ ਬੀਰ ਸਿੰਘ, ਵੀਡੀਓ ਡਾਇਰੈਕਟਰ ਧੀਮਾਨ ਅਤੇ ਸੰਗੀਤ ਨਿਰਮਾਤਾ ਗੁਰਮੋਹ ਤੇ ਪੁਲੀਸ ਕੇਸ ਦਰਜ ਕਰਵਾ ਦਿੱਤਾ ਜਿਸ ਤੋਂ ਬਾਅਦ ਗੀਤ ਯੂ-ਟਿਊਬ ਤੋਂ ਹਟਾ ਲਿਆ ਜਾਂਦਾ ਹੈ। ਰਣਜੀਤ ਬਾਵਾ ਪਹਿਲਾਂ ਟਵਿੱਟਰ ਤੇ ਅਤੇ ਬਾਅਦ ਚ ਵੀਡੀਓ ਬਣਾ ਕੇ ਇਹ ਕਹਿ ਕੇ ਮੁਆਫ਼ੀ ਮੰਗ ਲੈਂਦਾ ਹੈ ਕਿ ਜੇ ਕਿਸੇ ਵੀ ਧਰਮ ਜਾਂ ਧਾਰਮਿਕ ਬੰਦੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਰਣਜੀਤ ਬਾਵਾ ਇਹ ਵੀ ਨਹੀਂ ਸੋਚਦਾ ਕਿ ਇਸ ਗੀਤ ਦਾ ਅਸਲੀ ਰਚੇਤਾ ਗੀਤਕਾਰ ਬੀਰ ਸਿੰਘ ਦਾ ਇਸ ਸਾਰੇ ਮਸਲੇ ਬਾਰੇ ਕੀ ਸਟੈਂਡ ਹੈ ਅਤੇ ਮੈਦਾਨ ਛੱਡ ਕੇ ਭੱਜ ਜਾਂਦਾ ਹੈ।
ਪਹਿਲੀ ਗੱਲ ਤਾਂ ਇਹ ਕਿ ਕੁਝ ਇੱਕ ਅਖੌਤੀ ਹਿੰਦੂ ਸੰਗਠਨਾਂ ਦੁਆਰਾ ਤੱਥਾਂ ਨੂੰ ਤੋੜ ਮਰੋੜ ਕੇ ਧਾਰਮਿਕ ਭਾਵਨਾਵਾਂ ਦਾ ਮੁੱਦਾ ਬਣਾ ਕੇ ਫਿਰਕਾਪ੍ਰਸਤੀ ਦਾ ਮੁਜ਼ਾਹਰਾ ਕੀਤਾ ਅਤੇ ਇਸ ਗੀਤ ਨਾਲ ਜੋੜ ਕੇ ਮਾਹੌਲ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵਰਤਾਰਾ ਪੂਰੇ ਹਿੰਦੁਸਤਾਨ ਵਿੱਚ ਭਾਜਪਾ ਦੁਆਰਾ ਲਾਗੂ ਕੀਤੀ ਜਾ ਰਹੀ ਫ਼ਿਰਕਾਪ੍ਰਸਤੀ ਅਤੇ ਫਾਸ਼ੀਵਾਦੀ ਏਜੰਡੇ ਦੀ ਨਿਤੀ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ।ਜਿਸ ਨਾਲ ਹਰੇਕ ਸਵਾਲ ਉਠਾਉਣ ਵਾਲੇ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ। ਇਸ ਸਿਲਸਿਲੇ ਨੂੰ ਕੁਲਬਰਗੀ, ਗੋਵਿੰਦ ਪਨਸਾਰੇ, ਗੌਰੀ ਲੰਕੇਸ਼ ਦੀ ਹੱਤਿਆ ਲੇਖਕ ਗੌਤਮ ਨਵਲੱਖਾ, ਵਰਵਰਾ ਰਾਓ, ਅਨੰਦ ਤੇਲਤੂੰਬੜੇ ਸਮੇਤ ਕਈ ਕਾਰਕੁੰਨ ਅਤੇ ਪੱਤਰਕਾਰਾਂ ਤੇ ਝੂਠੇ ਪਰਚੇ ਪਾਉਣੇ ਆਦਿ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ ਅਤੇ ਇਸ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਸ ਗੀਤ ਵਿੱਚ ਧਰਮ ਦੇ ਨਾਮ ਤੇ ਸਮਾਜ ਵਿੱਚ ਫੈਲਾਏ ਜਾ ਰਹੇ ਕਰਮਕਾਂਡਾਂ ਫਾਲਤੂ ਦੇ ਅਡੰਬਰਾਂ ਅਤੇ ਦਿਖਾਵੇ ਉੱਤੇ ਸਵਾਲ ਚੁੱਕੇ ਗਏ ਹਨ ਨਾ ਕਿ ਕਿਸੇ ਧਰਮ ਵਿਸ਼ੇਸ਼ ਦਾ ਵਿਰੋਧ ਕੀਤਾ ਹੈ। ਫੇਰ ਤਾਂ ਇਹ ਪਰਚਾ ਭਗਤ ਨਾਮਦੇਵ ਜੀ ਤੇ ਵੀ ਬਣਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਆਸਾ ਵਿੱਚ ਲਿਖਦੇ ਹਨ:
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨ ।।
ਬਾਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ।।
ਉਹ ਬ੍ਰਾਹਮਣਾਂ ਨੂੰ ਕਹਿੰਦੇ ਹਨ ਕਿ ਜਿਸ ਪਾਣੀ ਨਾਲ ਭਰੇ ਘੜੇ ਨਾਲ ਤੁਸੀਂ ਜਿਸ ਠਾਕੁਰ/ਈਸ਼ਵਰ ਦਾ ਇਸ਼ਨਾਨ ਕਰਵਾਉਣ ਲੱਗੇ ਹੋ ਉਸ ਪਾਣੀ ਵਿੱਚ ਬਿਆਲੀ ਲੱਖ ਜੀਵ ਜੰਤੂ ਹਨ ਉਹ ਸ਼ੁੱਧ ਕਿਵੇਂ ਹੋ ਗਿਆ।
ਫਿਰ ਭਗਤ ਕਬੀਰ ਜੀ ਦਾ ਕੀ ਬਣੇਗਾ ਉਹ ਤਾਂ ਕਹਿੰਦੇ ਹਨ
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀ ਆਇਆ ॥੨॥
ਕਿ ਹੇ ਬ੍ਰਾਹਮਣ ਜਿਸ ਜਨਣ ਅੰਗ ਵਿੱਚੋਂ ਤੁਸੀਂ ਜਨਮੇ ਉੱਥੋਂ ਮੈਂ ਮੇਰਾ ਜਨਮ ਹੋਇਆ ਫਿਰ ਇਹ ਊਚ-ਨੀਚ ਕਿਵੇਂ ਹੋਈ।
ਗੱਲ ਕੀ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੱਗਭੱਗ ਹਰੇਕ ਪੰਨੇ ਉੱਤੇ ਕਰਮ ਕਾਂਡ ਅਤੇ ਧਾਰਮਿਕ ਅਡੰਬਰ/ਦਿਖਾਵੇ ਦਾ ਵਿਰੋਧ ਦਰਜ ਹੈ।ਸਵਾਲਾਂ ਤੋਂ ਬਾਅਦ ਸਿੱਖ ਲਹਿਰ ਛੇਂਵੇਂ ਗੁਰੂ ਰਾਹੀਂ ਸੱਤਾ ਨਾਲ ਸਿੱਧੀ ਟਕਰਾ ਜਾਂਦੀ ਹੈ।
ਪਰ ਰਣਜੀਤ ਬਾਵੇ ਦੀਆਂ ਲੱਤਾਂ ਸੱਤਾ ਨਾਲ ਟਕਰਾਅ ਦਾ ਇਹ ਭਾਰ ਨਹੀਂ ਝੱਲ ਸਕੀਆਂ ਤੇ ਉਹ ਪਿੱਛੇ ਹੱਟ ਗਿਆ ਕਿਉਂਕਿ ਉਹਨੇ ਤਾਂ ਪੰਜ ਮਹੀਨੇ ਪਹਿਲਾਂ ਗਾਏ ਗੀਤ ਵਿੱਚੋਂ ਹੁਣ ਕੋਈ ਹੋਰ ਗੀਤ ਨਾ ਹੋਣ ਦੀ ਸੂਰਤ ਵਿੱਚ ਪੈਸੇ ਕਮਾਉਣ ਦੀ ਸੋਚੀ ਸੀ ਪਰ ਸਕੀਮ ਉਲਟੀ ਪੈ ਗਈ।
ਬਾਵੇ ਦਾ ਪਿਛੋਕੜ ਬਾਵਾ:
ਬਾਵਾ ਉਨ੍ਹਾਂ ਧਾਰਮਿਕ/ਫਾਸੀਵਾਦੀ(ਅਕਾਲੀ-ਭਾਜਪਾ ਗਠਜੋੜ) ਤਾਕਤਾਂ ਦਾ ਹਿੱਸਾ ਰਿਹਾ ਹੈ ਜਿਹੜੀ ਧਾਰਮਿਕ ਕੱਟੜਪੁਣੇ ਦੀ ਫਸਲ ਅਕਾਲੀ ਭਾਜਪਾ ਗੱਠਜੋੜ ਨੇ ਪੰਜਾਬ/ਭਾਰਤ ਵਿੱਚ ਬਿਜੀ ਹੈ। ਉਹੀ ਫਿਰਕੂ ਸਿਆਸਤ ਜਦੋਂ ਬਾਵੇ ਦੇ ਗਲ਼ ਪਈ ਤਾਂ ਗਿੱਦੜਾਂ ਦੇ ਗਰੁੱਪ ਮਾਰਨ ਵਾਲਾ ਸ਼ੇਰ ਮੂਤ ਗਿਆ। ਕੌਣ ਨਹੀਂ ਜਾਣਦਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਇਹ ਅਕਾਲੀਆਂ ਦੀ ਗੁੰਡਾ ਵਿਦਿਆਰਥੀ ਜਥੇਬੰਦੀ ਐੱਸਓਆਈ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ ਹੈ। ਕਿਸੇ ਨੂੰ ਭੁੱਲਿਆ ਯੂਨੀਵਰਸਿਟੀ ਦੇ ਗੇਟ ਦੇ ਸਾਹਮਣਿਓਂ ਨਿਕਲ ਦੇ ਮੱਥੇ ਵੱਜਦਾ ਐੱਸਓਆਈ ਦਾ ਦਫ਼ਤਰ ਜਿੱਥੇ ਅੰਮ੍ਰਿਤਸਰ ਦੇ ਲੰਡੇ, ਲੁੱਚੇ,ਲਫੰਗੇ,ਗੁੰਡੇ ਮਹਿਫ਼ਲਾਂ ਲਾਉਂਦੇ ਸੀ। ਕੌਣ ਭੁੱਲ ਸਕਦਾ ਪੰਜਾਬ ਨੂੰ ਚਿੱਟੇ ਚ ਡੋਬ ਕੇ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕਰਨ ਵਾਲੇ ਅਤੇ ਵਿਹੜਿਆਂ ਵਿੱਚ ਮਾਤਮੀ ਸੱਥਰ ਵਿਛਾਉਣ ਵਾਲੇ ਬਿਕਰਮ ਮਜੀਠੀਏ ਨੂੰ ਇਹ ਮਾਝੇ ਦਾ ਜਰਨੈਲ ਜ਼ਿੰਦਾਬਾਦ ਕਹਿੰਦਾ ਸੀ। ਅਕਾਲੀਆਂ ਦੀਆਂ ਰੈਲੀਆਂ ਵਿੱਚ ਮੁੰਡਿਆਂ ਦੇ ਇਕੱਠ ਕਰਦਾ ਰਿਹਾ ਅਤੇ ਸਟੇਜਾਂ ਤੋਂ ਗਾਉਂਦਾ ਰਿਹਾ। ਸਭ ਜਾਣਦੇ ਨੇ ਕਿ ਅਕਾਲੀਆਂ ਦੀਆਂ ਰੈਲੀਆਂ ਵਿਚ ਨੌਜਵਾਨ ਮੁੰਡਿਆਂ ਨੂੰ ਕਿਹੜਾ ਨਸ਼ਾ ਵਰਤਾਇਆ ਜਾਂਦਾ ਹੈ।ਕੌਣ ਨਹੀਂ ਜਾਣਦਾ ਕਿ ਜਦੋਂ ਯੂਨੀਵਰਸਿਟੀ ਵਿੱਚੋਂ ਠੇਕੇ ਤੇ ਕੰਮ ਕਰਦੇ ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਨੇ ਅੰਦੋਲਨ ਕੀਤਾ ਅਤੇ ਉਸ ਅੰਦੋਲਨ ਨੂੰ ਸੰਗਠਿਤ ਕਰਨ ਵਾਲੇ ਨਾਨ ਟੀਚਿੰਗ ਇੰਪਲਾਈਜ ਯੂਨੀਅਨ ਦਾ ਇੱਕ ਹਿੱਸਾ, ਡੈਮੋਕ੍ਰੇਟਿਕ ਇੰਪਲਾਈਜ਼ ਫੈੱਡਰੇਸ਼ਨ ਅਤੇ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਆਗੂਆਂ ਨੂੰ ਇਹ ਵੀ ਸੀ ਬਰਾੜ ਅਤੇ ਸਕਿਊਰਿਟੀ ਇੰਚਾਰਜ ਦੇ ਇਸ਼ਾਰੇ ਤੇ ਆਪਣੀ ਲੰਗੋੜ ਲੈ ਕੇ ਧਮਕੀਆਂ ਦਿੰਦਾ ਸੀ। ਕੌਣ ਨਹੀਂ ਜਾਣਦਾ ਮਾਝੇ ਵਿੱਚ ਇਨਕਲਾਬੀ ਕਿਸਾਨ ਲਹਿਰ ਦੀ ਜੜ੍ਹ ਲਾਉਣ ਗਏ ਮਾਸਟਰ ਸਾਧੂ ਸਿੰਘ ਤਖਤੂਪੁਰੇ ਦਾ ਕਾਤਲ ਗਰੋਹ ਵੀਰ ਸਿੰਘ ਲੋਪੋਕੇ ਦਾ ਮੁੰਡਾ ਰਾਣਾ ਰਣਵੀਰ ਲੋਪੋਕੇ ਇਹਦਾ ਯਾਰ ਹੈ ਅਤੇ ਉਨ੍ਹਾਂ ਦੀਆਂ ਗੁੰਡਾ ਸਰਗਰਮੀਆਂ ਉਸੇ ਦਫ਼ਤਰ ਵਿੱਚੋਂ ਚੱਲਦੀਆਂ ਸੀ।
ਸੋ ਬਾਵੇ ਨੇ ਤਾਂ ਮੈਦਾਨ ਛੱਡਣਾ ਹੀ ਸੀ ਇਹਦੇ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਪਰ ਉਨ੍ਹਾਂ ਤੇ ਹੈਰਾਨੀ ਜ਼ਰੂਰ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਏ ਤੇ ਇੱਕ ਮੁਆਫ਼ੀ ਮੰਗਣ ਵਾਲੇ ਅਤੇ ਗੁੰਡਾ ਫ਼ਿਰਕਾਪ੍ਰਸਤ ਸਿਆਸੀ ਟੋਲੇ ਦੇ ਸਰਗਣੇ ਰਹੇ ਕਮਰਸ਼ੀਅਲ ਗਾਇਕ ਨੂੰ ਅਤੇ ਇੱਕ ਅੱਧ ਚੱਜ ਦਾ ਗੀਤ ਗਾਉਣ ਤੋਂ ਬਾਅਦ ਉਸੇ ਗੱਲ ਤੋਂ ਭਗੌੜੇ ਹੋਏ ਦੇ ਕਸੀਦੇ ਕੱਢ ਮਾਰੇ ਤੇ ਲੋਕ ਗਾਇਕ ਕਹਿਣ ਤੱਕ ਚਲੇ ਗਏ।
ਮੇਰਾ ਮੰਨਣਾ ਹੈ ਕਿ ਬਹੁਤੇ ਲੋਕ ਅਣਜਾਣ ਪੁਣੇ ਵਿੱਚ ਕਰ ਰਹੇ ਹਨ ਦੂਜੀ ਆਮ ਲੋਕਾਈ ਨੂੰ ਪਾਪੂਲਰ ਗਾਇਕੀ/ਸੰਗੀਤ ਉਦਯੋਗ ਦੀ ਸਮਝ ਦੀ ਘਾਟ ਹੈ ਕਿਉਂਕਿ ਆਮ ਲੋਕਾਂ ਨੂੰ ਇਹ ਗਾਇਕ ਉਨ੍ਹਾਂ ਦੀਆਂ ਸੱਭਿਆਚਾਰਕ ਖਵਾਹਿਸ਼ਾਂ ਦੀ ਤ੍ਰਿਪਤੀ ਕਰਵਾਉਂਦੇ ਪ੍ਰਤੀਤ ਹੁੰਦੇ ਹਨ ਅਤੇ ਅਛੋਪਲੇ ਹੀ ਉਹ ਇਨ੍ਹਾਂ ਸੂਖਮ ਵਿਚਾਰਧਾਰਕ ਹਮਲਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਲੜਾਈ ਵਿੱਚ ਜੇਕਰ ਕੋਈ ਅਸਲੀ ਨਾਇਕ ਹੈ ਤਾਂ ਉਹ ਗੀਤਕਾਰ ਅਤੇ ਗਾਇਕ ਬੀਰ ਸਿੰਘ ਹੈ ਜਿਸ ਨੇ ਹਿੱਕ ਡਾਹ ਕੇ ਸਟੈਂਡ ਲਿਆ ਹੈ ਉਸ ਨੇ ਪੰਜਾਬ ਦੀ ਭਗਤੀ ਕਾਵਿ ਧਾਰਾ ਜੋ ਅੱਗੇ ਜਾ ਕੇ ਸਿੱਖ ਲਹਿਰ ਦਾ ਰੂਪ ਬਣੀ, ਸੂਫੀ ਅਤੇ ਨਾਬਰੀ ਕਾਵਿ ਪਰੰਪਰਾ ਦੀ ਲਾਜ ਰੱਖੀ ਹੈ।ਉਸ ਦੇ ਨਾਲ ਖੜ੍ਹਨਾ ਹਰ ਲੇਖਕ, ਕਲਾਕਾਰ,ਫਿਲਮ ਜਗਤ ਆਮ ਲੋਕਾਈ ਦਾ ਫ਼ਰਜ਼ ਬਣਦਾ ਹੈ।
ਪ੍ਰੋਫੈਸਰ ਪਾਲੀ ਭੁਪਿੰਦਰ ਦੀ ਪੋਸਟ
ਨਾਟਕਕਾਰ ਹੁਣ ਫ਼ਿਲਮਕਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਪਾਲੀ ਭੁਪਿੰਦਰ ਦੀ ਪੋਸਟ ਦਾ ਨੋਟਿਸ ਲੈਣਾ ਜ਼ਰੂਰੀ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਜਦੋਂ ਗਲੀ ਵਿੱਚ ਤਿੰਨ ਸਾਨ੍ਹ ਭੂਸਰੇ ਹੋਣ ਤਾਂ ਲਲਕਾਰਾ ਨਹੀਂ ਮਾਰੀ ਦਾ।ਯਾਨੀ ਕਿ ਉਨ੍ਹਾਂ ਨੇ ਬਾਵੇ ਦੀ ਮੁਆਫੀ ਨੂੰ ਸਹੀ ਮੰਨਿਆ ਕਿ ਉਸ ਨੇ ਮੁਆਫੀ ਮੰਗ ਕੇ ਠੀਕ ਕੀਤਾ। ਇਹ ਬਿਆਨ ਪਾਲੀ ਭੁਪਿੰਦਰ ਅਤੇ ਪੰਜਾਬ ਦੇ ਮੱਧ ਵਰਗ/ਪੈਟੀ ਬੁਰਜੁਆ ਦੀ ਵਿਚਾਰਧਾਰਕ ਪ੍ਰਤੀਨਿਧਤਾ ਕਰਦਾ ਹੈ ਜਿਸ ਬਾਰੇ ਪਾਸ਼ ਨੇ ਆਪਣੀ ਕਵਿਤਾ ਵਿੱਚ ਲਿਖਿਆ ਸੀ ਕਿ,
"ਮੱਧ ਵਰਗ ਸ਼ੁਰੂ ਤੋਂ ਹੀ ਭਗੌੜਾ ਹੈ"
ਅਤੇ ਇੱਕ ਹੋਰ ਥਾਂ ਉਹ ਲਿਖਦਾ ਹੈ ਕਿ,
ਪਿਆਰ ਕਰਨਾ ਅਤੇ ਜੀਣਾ
ਉਨ੍ਹਾਂ ਨੂੰ ਕਦੇ ਨਹੀਂ ਆਉਣਾ
ਜਿਨ੍ਹਾਂ ਨੂੰ ਜ਼ਿੰਦਗੀ ਨੇ
ਬਾਣੀਏ ਬਣਾ ਦਿੱਤਾ ਹੈ।
ਪਾਲੀ ਜੀ ਅਜਿਹੇ ਭੂਸਰੇ ਸਾਨ੍ਹਾਂ ਨੂੰ ਜੇ ਸਿੰਗਾਂ ਤੋਂ ਨਾ ਫੜਿਆ ਜਾਵੇ ਤਾਂ ਇਹ ਗਲੀ ਵਿੱਚ ਕਿਸੇ ਨੂੰ ਵੀ ਟੱਕਰ ਮਾਰ ਸਕਦੇ ਹਨ।ਇਹੀ ਕੁਝ ਭਾਜਪਾ ਅਤੇ ਹਾਕਮ ਜਮਾਤਾਂ ਕਰਦੀਆਂ ਫਿਰਦੀਆਂ ਹਨ। ਤੁਹਾਡੇ ਅਨੁਸਾਰ ਤਾਂ ਫੇਰ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਸੂਬਾ ਸਰਹਿੰਦ ਦੀ ਈਨ ਮੰਨ ਲੈਣੀ ਚਾਹੀਦੀ ਸੀ।ਤੁਹਾਡਾ ਨਾਟਕ ਹੈ “ਮੈਂ ਭਗਤ ਸਿੰਘ” ਉਸ ਦਾ ਆਖਰੀ ਦ੍ਰਿਸ਼ ਹੈ ਜਿਸ ਵਿੱਚ ਇੱਕ ਬੱਚਾ ਕਹਿ ਰਿਹਾ ਹੈ ਕਿ,”ਹੁਣ ਭਗਤ ਸਿੰਘ ਨਹੀਂ ਆਵੇਗਾ ਸਾਨੂੰ ਖੁਦ ਹੀ ਭਗਤ ਸਿੰਘ ਬਣਨਾ ਪਵੇਗਾ” ਤੁਸੀਂ ਆਪਣੇ ਲਿਖੇ ਨਾਟਕਾਂ ਤੇ ਕਾਲਖ ਪੋਤ ਦਿੱਤੀ ਹੈ ਤੁਹਾਡੇ ਲਈ ਬੱਸ ਇੰਨਾ ਹੀ ਮੈਂ ਤੁਹਾਨੂੰ ਜਿਆਦਾ ਤਵੱਜੋਂ ਨਹੀਂ ਦੇਣੀ।
ਡਾ. ਹਰ ਗੁਰਪ੍ਰਤਾਪ ਦੀ ਦਰਖ਼ਾਸਤ ਬਾਰੇ:
ਇਸ ਦੇ ਚੱਲਦੇ ਨਿਹਾਲ ਸਿੰਘ ਵਾਲਾ ਤੋਂ ਡਾ ਹਰਗੁਰਪ੍ਰਤਾਪ ਨੇ ਉਸ ਵਕੀਲ ਤੇ ਕਰਾਸ ਦਰਖਾਸਤ ਦੇ ਦਿੱਤੀ। ਜਿਸ ਵਿੱਚ ਉਸ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਵੇਖੋ ਇਸ ਵੇਲੇ ਡਾਕਟਰਾਂ ਨੂੰ ਕਰੋਨਾ ਵਾਇਰਸ ਦੀ ਸਮਝ ਨਹੀਂ ਆ ਰਹੀ ਸਭ ਦੀਆਂ ਨਜ਼ਰਾਂ ਭਗਵਾਨ/ਰੱਬ ਉੱਤੇ ਨੇ ਇਸ ਵੇਲੇ ਕਿਸੇ ਦੇ ਭਗਵਾਨ ਤੇ ਉਂਗਲ ਚੁੱਕਣੀ ਗੁਨਾਹ ਹੈ ਅਤੇ ਉਸ ਸੰਘੀ ਵਕੀਲ ਦੇ ਇਸ ਬਿਆਨ ਇਸ ਨਾਲ ਕਿਸੇ ਦੀ ਵੀ ਅਸਹਿਮਤੀ ਹੋ ਸਕਦੀ ਹੈ ਪਰ ਇਸ ਨਾਲ ਡਾਕਟਰਾਂ ਦੀਆਂ ਭਾਵਨਾਵਾਂ ਆਹਤ ਹੋ ਗਈਆਂ। ਕਈਆਂ ਨੇ ਉਹ ਦਰਖਾਸਤ ਫੇਸਬੁੱਕ ਤੇ ਸ਼ੇਅਰ ਕੀਤੀ। ਮੇਰਾ ਸਵਾਲ ਹੈ ਕਿ ਇਹੀ ਹੈ ਤੁਹਾਡੀ ਵਿਚਾਰਾਂ ਦੀ ਆਜ਼ਾਦੀ ਦਾ ਪੈਰਾਮੀਟਰ। ਇਨ੍ਹਾਂ ਗੱਲਾਂ ਲਈ ਤਾਂ ਅਸੀਂ ਲੜ ਰਹੇ ਹਾਂ ਕਿ ਵਾਦ-ਵਿਵਾਦ ਅਤੇ ਸੰਵਾਦ ਹੋਵੇ ਲੋਕਾਂ ਨੂੰ ਜੋ ਸਹੀ ਲੱਗੂ ਉਹ ਆਪਣਾ ਫੈਸਲਾ ਲੈਣਗੇ ਨਾਲੇ ਪੁਲੀਸ ਨੂੰ ਸ਼ਿਕਾਇਤ ਦੇਣੀ ਵਧ ਰਹੇ ਫਾਸੀਵਾਦੀ ਰੁਝਾਨ ਨੂੰ ਹੋਰ ਖੁੱਲ੍ ਦੇਣਾ ਹੈ।ਜਦੋਂ ਜਮਹੂਰੀਅਤ ਅਤੇ ਗੱਲ ਕਹਿਣ ਦੀ ਆਜ਼ਾਦੀ ਸੁੰਗੜ ਰਹੀ ਹੈ ਮੈਂ ਇਸ ਦਰਖਾਸਤ ਦੀ ਵੀ ਨਿਖੇਧੀ ਕਰਦਾ ਹਾਂ ਤਾਂ ਜੋ ਬੋਲਣ ਦੀ ਆਜ਼ਾਦੀ ਉੱਤੇ ਹਮਲਾ ਨਾ ਹੋਵੇ।
ਅੰਤਿਮ ਸ਼ਬਦ:
ਸੰਗੀਤ ਉਦਯੋਗ ਦਾ ਮੁੱਖ ਕੰਮ ਲਾਭ ਕਮਾਉਣਾ ਹੈ ਕੋਈ ਇੱਕ ਅੱਧ ਗਾਇਕ/ਗੀਤਕਾਰ ਅਪਵਾਦ ਹੋ ਸਕਦੇ ਹਨ। ਉਂਜ ਬੀਰ ਸਿੰਘ ਵੀ ਫ਼ਿਲਮਾਂ ਲਈ ਲਿਖਦਾ ਅਤੇ ਗਾਉਂਦਾ ਹੈ ਫੇਰ ਵੀ ਉਸ ਦੇ ਗੀਤ ਉਵੇਂ ਦੇ ਵਿਸ਼ੈਲੇ ਨਹੀਂ।ਲੋਕ ਗਾਇਕੀ ਦੇ ਨੇੜੇ-ਤੇੜੇ ਵਿਚਰਦੇ ਹਨ। ਇਸ ਸਭ ਦੇ ਬਾਵਜੂਦ ਬੀਰ ਸਿੰਘ ਵੱਲੋਂ ਇਸ ਗੀਤ ਬਾਬਤ ਲਏ ਸਟੈਂਡ ਨਾਲ ਖੜ੍ਹਨਾ ਚਾਹੀਦਾ ਹੈ ਤਾਂ ਜੋ ਹੋਰ ਵੀ ਲੇਖਕ/ ਕਲਾਕਾਰ ਨਿੱਡਰ ਹੋ ਕੇ ਲੁੱਟ, ਕਰਮਾਂ ਕਾਂਡਾਂ ਖ਼ਿਲਾਫ਼, ਲੋਕ ਹਿੱਤ ਵਿੱਚ ਲਿਖ ਸਕਣ।ਸੱਤਾ ਦੇ ਫਾਸੀਵਾਦੀ ਆਰਐੱਸਐੱਸ ਦੇ ਘੱਟ ਗਿਣਤੀਆਂ, ਦਲਿਤਾਂ, ਲੇਖਕਾਂ ਖ਼ਿਲਾਫ਼ ਹਮਲੇ ਨੂੰ ਪਛਾੜਨ ਲਈ ਲੋਕ ਲਹਿਰ ਉਸਾਰਨੀ ਚਾਹੀਦੀ ਹੈ ਅਤੇ ਹਰੇਕ ਨੂੰ ਵਿੱਤ ਮੂਜਬ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਵੇਲੇ ਬੀਰ ਸਿੰਘ ਦੇ ਨੂੰ ਸਿਰਫ ਇਨ੍ਹਾਂ ਹੀ ਕਹਿਣਾ ਹੈ
ਜਿੱਥੇ ਮਾਰੇਂਗਾ ਮਾਰੂੰਗੀ ਨਾਲ ਤੇਰੇ ਟਿਕਟਾਂ ਲੈ ਲਈਂ...
Sunil Sajal
ਰਣਜੀਤ ਬਾਵਾ ਦੇ ਗੀਤ ਬਾਰੇ ਤਰਕ ਦਲੀਲਾਂ ਸਹਿਤ ਕਮਾਲ ਗੱਲ ਰੱਖੀ ਹੈ ਬੇਅੰਤ ਨੇ ਜਿਸ ਨਾਲ ਗੀਤ ਦੇ ਸੰਬੰਧਿਤ ਸਾਰੇ ਮਸਲੇ ਬਹੁਤ ਖੂਬਸੂਰਤੀ ਨਾਲ ਸਪੱਸ਼ਟ ਕੀਤੇ ਹਨ।