Wed, 30 October 2024
Your Visitor Number :-   7238304
SuhisaverSuhisaver Suhisaver

'ਪਾੜੋ ਅਤੇ ਰਾਜ ਕਰੋ' ਅਤੇ 'ਪਾਟਿਆਂ ਉੱਤੇ ਰਾਜ ਕਰੋ' ਨੂੰ ਨਕਾਰਨ ਦੀ ਲੋੜ ਹੈ -ਵਰਗਿਸ ਸਲਾਮਤ

Posted on:- 27-04-2020

suhisaver

ਦਿੱਲੀ ਦੀਆਂ ਚੋਣਾਂ ਵੇਲੇ ਭਾਂਵੇ ਕੇਜਰੀਵਾਲ ਨੇ ਸ਼ਾਇਨੀਬਾਗ ਦੇ ਮਾਮਲੇ 'ਤੇ ਚੁੱਪੀ ਤਾੜ ਰੱਖੀ , ਫਿਰ ਵੀ ਅਜਿਹੇ ਵੋਟਰਾਂ ਅਤੇ ਸਪੋਟਰਾਂ ਦੀ ਬਦੌਲਤ ਹੀ ਕੇਜਰੀਵਾਲ  ਅੱਜ ਹਰਮਨ ਪਿਆਰੇ ਨੇਤਾ ਵੱਜੋਂ ਸਾਹਮਣੇ ਆਏ ਹਨ ਜੋ ਸਮੇਂ ਸਿਰ ਰਾਜਨੀਤੀ ਸਮਾਜੀਕਰਣ ਦੀ ਨਬਜ ਨੂੰ ਪਛਾਣਦੇ ਹਨ।ਉਹ ਇਤਹਾਸਿਕ ਦਿਨ ਭਾਰਤੀ ਰਾਜਨੀਤੀ  ਦੇ ਸਾਕਾਰਾਤਮਕ ਪਹਿਲੂਆਂ 'ਚ ਦਰਜ ਹੋਣਾ ਚਾਹੀਦਾ ਹੈ ਕਿ ਲੋਕਾਂ ਨੇ ਧਰੂਵੀਕਰਨ ,ਫਾਸੀਵਾਦ ,ਜਾਤੀਵਾਦ ਅਤੇ ਧਰਮ ਹੀ ਰਾਜਨੀਤੀ  ਆਦਿ  ਅਜਿਹੀਆਂ ਪਿਛਾਂਖਿੱਚੂ ਧਾਰਨਾਵਾਂ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸਮਾਜ ਦੇ ਅਹਿਮ ਮੁੱਦਿਆਂ ਅਤੇ ਕੇਜਰੀਵਾਲ  ਸਰਕਾਰ ਦੇ ਕੀਤਿਆਂ ਕੰਮਾਂ ਨੂੰ ਸਲੂਟ ਕੀਤਾ।

ਦਿੱਲੀ ਦੇ ਲੋਕਾਂ ਇਕ ਵਾਰ ਫਿਰ ਵੱਡੀ  ਜਿੱਤ ਦਾ ਤਾਜ ਆਮ ਆਦਮੀ ਪਾਰਟੀ ਦੇ ਸਿਰ 'ਤੇ ਸਜਾਇਆ ਹੈ।ਕਿਉਂਕੀ ਦਿੱਲੀ ਦੇਸ਼ ਦੀ ਰਾਜਧਾਨੀ ਵੀ ਹੈ ਇਸ ਲਈ ਇਹ ਜਿੱਤ ਹੋਰ ਮਹੱਤਵਪੂਰਨ ਹੋ ਜਾਂਦੀ ਹੈ, ਜੇ ਬੌਧਿਕ ਤੱਤ ਤੋਂ ਵੇਖੀਏ ਤਾਂ ਕਹਿੰਦੇ ਨੇ ਕਿ ਕਿਸੇ ਦੇਸ਼ ਦੀ ਰਾਜਧਾਨੀ 'ਚ ਉਸ ਦੇਸ਼ ਦੀ ਕਰੀਮ ਵਸਦੀ ਹੈ।ਦਿੱਲੀ  ਦੇ ਲੋਕਾਂ ਦੀ ਇਕਜੁਟੱਤਾ ਦੇ ਮਾਡਲ ਨੇ ਭਾਰਤੀ  ਸੰਵਿਧਾਨ  ਦੀ ਪ੍ਰਸਤਾਵਨਾ ਵਿਚ " ਅਸੀ ਭਾਰਤ ਦੇ ਲੋਕ......" ਦਾ ਮਾਡਲ ਪੇਸ਼ ਕਰਕੇ ਦੇਸ਼ ਦੇ ਰਹ ਫਿਰਕੇ  ਚ ਵੱਧ ਰਹੀ ਅਸੁਰੱਖਿਆ ,ਬੇਚੈਨੀ ਅਤੇ ਬੇਵਿਸ਼ਵਾਸੀ ਨੂੰ ਅਲਪਵਿਰਾਮ ਲਗਾਇਆ ਹੈ ਅਤੇ ਗੁਜਰਾਤ ਮਾਡਲ ਨੂੰ ਅੱਜ ਬਰਫ  'ਚ ਲਾ ਦਿੱਤਾ ਹੈ।

ਇਹ ਵੀ ਵੇਖੱਣ ਵਿਚ ਆਇਆ ਹੈ ਕਿ 1990 ਤੋਂ ਬਾਅਦ ਜਿਹੜੀ ਸਰਕਾਰ ਵੀ ਲਗਾਤਾਰ ਦੁਜੀ ਵਾਰੀ ਬਣੀ ਹੈ ਭਾਂਵੇ ਉਹ ਕੇਂਦਰ ਦੀ ਹੋਵੇ ਜਾਂ ਰਾਜਾਂ ਦੀ , ਭਾਂਵੇ ਕਾਂਗਰਸ ਹੋਵੇ ਜਾਂ ਭਾਜਪਾ ਅਤੇ ਜਾਂ ਫਿਰ ਕੋਈ ਹੋਰ , ਉਹਨਾਂ ਵਿਚ ਅੜਿਅਲ ਰਵਈਆਂ  ਅਤੇ ਤਾਨਾਂਸ਼ਾਹ ਵਿਵਹਾਰ  ਵਧਿਆ ਹੈ।ਆਪਣੀਆਂ-ਆਪਣੀਆਂ ਹੱਦਾਂ-ਹੱਦੂਦਾਂ 'ਚ ਇਨਾਂ ਸਰਕਾਰਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।ਲੋਕਾਂ ਨੂੰ ਇਹਨਾਂ ਦਾ ਕੋਈ ਮਾੱਡਲ ਵੀ ਪ੍ਰਭਾਵਿਤ ਨਹੀਂ ਕਰ ਰਿਹਾ।ਸੌੜੀ ਰਾਜਨੀਤੀ ਤੋਂ ਸਿਵਾ ਕੁਝ ਨਜ਼ਰ ਨਹੀਂ ਆਂ ਰਿਹਾ।ਲੋਕਾਂ 'ਚ ਅਸੁਰੱਖਿਆ,ਬੇਵਿਸ਼ਵਾਸੀ ਅਤੇ ਬੇਚੈਨੀ ਲਗਾਤਾਰ ਵੱਧ ਰਹੀ ਹੈ।ਸ਼ਾਇਦ ਦੇਸ਼ 'ਚ ਪਹਿਲੀ ਵਾਰ ਕੰਮ ਦੇ ਮਾੱਡਲ ਦੀ ਜਿੱਤ ਹੋਈ ਹੈ।

ਲਗੱਭਗ ਪੌਣੀ ਸਦੀ ਹੋ ਚੁੱਕੀ ਹੈ ਦੇਸ਼ ਨੂੰ ਆਜ਼ਾਦ ਹੋਇਆਂ , ਦੇਸ਼ ਲਗੱਭਗ 13 ਰਾਸ਼ਟਰਪਤੀ ਅਤੇ 14 ਪ੍ਰਧਾਨਮੰਤਰੀ ਹੰਢਾਅ ਚੁੱਕਾ ਹੈ ਭਾਂਵੇ ਕਿ ਟਰਮਜ਼ ਦੇ ਹਿਸਾਬ ਨਾਲ ਇਹ ਦੋ -ਦੋ ਟਰਮਜ਼ ਵੀ ਹੰਢਾਅ ਚੁੱਕੇ ਹਨ ਕਿਉਕਿ ਲੋਕਤੰਤਰ 'ਚ ਸਾਨੂੰ ਇਹਨਾਂ ਆਹੁਦਿਆਂ ਦਾ ਦੁਬਾਰਾ ਮਾਣ ਪ੍ਰਾਪਤ ਹੋਣ ਦੀ ਵਵਿਸਥਾ ਹੈ।ਭਾਰਤ ਅੱਜ ਪੂਰੇ ਸੰਸਾਰ 'ਚ ਇਕ ਦ੍ਰਿੜ ਲੋਕੰਤੰਤਰ ਦਾ ਦਾਅਵੇਦਾਰ ਹੈ। ਲੱਗਭਗ 200 ਸਾਲ ਦੀ ਪ੍ਰਤੱਖ ਅਤੇ ਅਪ੍ਰਤੱਖ  ਗੁਲਾਮੀ  ਦਾ ਕਾਲਾ ਦੌਰ ਸਾਡੇ ਬੁਜ਼ੂਰਗਾਂ ਨੇ ਆਪਣੇ ਪਿੰਡੇ ਹੰਢਾਇਆ ਹੈ।ਇਸ ਦੇਸ਼ ਦਾ ਹਰ ਨਾਗਰਿਕ ਆਜ਼ਾਦੀ ਦੇ ਉਸ ਘੋਲ ਦਾ ਫਲ ਅਤੇ ਪ੍ਰਤੀਫਲ ਅੱਜ ਵੀ ਮਾਣ ਰਿਹਾ ਹੈ,ਭਾਵੇਂ ਉਹ ਕਿਸੇ ਧਰਮ, ਜਾਤ ਅਤੇ ਵਰਗ ਨਾਲ ਸੰਬੰਧ ਰਖਦਾ ਹੋਵੇ। ਹਿੰਦੂ ,ਮੁਸਲਿਮ, ਸਿੱਖ, ਇਸਾਈ , ਬੋਧੀ , ਜੈਨੀ ਅਤੇ ਯਹੂਦੀ ਆਦਿ ਦੇ ਸਾਂਝੇ ਭਾਈਚਾਰੇ ਵਾਲਾ ਇਹ ਦੇਸ਼ ਸੰਸਾਰ ਭਰ ਦੀਆਂ ਨਜ਼ਰਾਂ 'ਚ ਇਕ ਵਿਸ਼ੇਸ਼ ਅਤੇ ਸਨਮਾਨਿਤ ਸਥਾਨ ਰੱਖਦਾ ਹੈ।ਵੈਸੇ ਤਾਂ ਇਸ ਦੇਸ਼ ਦੇ ਟੁਕੜੇ ਨਹੀਂ ਸਨ ਹੋਣੇ ਚਾਹੀਦੇ ਪਰ ਸਮੇ ਦੀ ਮੰਦਭਾਗੀ ,ਉਸ ਸਮੇਂ ਦੇ ਹਾਕਮਾਂ ਦੀਆਂ ਨਿੱਜ਼ੀ ਮਜਬੂਰੀਆਂ ਅਤੇ ਧਰਮਾਂ ਦੀ ਸੌੜੀ ਸਿਆਸਤ ਨੇ ਸਾਂਝੀ ਆਜਾਦੀ ਨੂੰ ਤ੍ਰੇੜਾਂ ਪਾ ਦਿੱਤੀਆਂ ।ਵੱਖ ਹੋ ਕੇ ਵੀ ਸ਼ਰੀਕ ਇਕ ਦੂਜੇ ਦੀਆਂ ਕੰਨਸੋਵਾਂ ਅਤੇ ਦਖਲਅੰਦਾਜੀ ਤੋਂ ਬਿਨਾ  ਰਹਿ ਨਹੀਂ ਸਕਦੇ......ਤਿੰਨ ਯੁੱਦਾਂ ਦੇ ਬਾਅਦ ਵੀ ਭਾਰਤ - ਪਾਕਿਸਤਾਨ ਠੀਕ ਇਸੇ ਤਰ੍ਹਾਂ ਹੀ ਆਪਣਾ -ਆਪਣਾ ਰਾਜ-ਭਾਗ ਲੈ ਕੇ ਤੁਰੇ ਹੋਏ ਹਨ। ਪੌਣੀ ਸਦੀ ਦੇ ਬਾਅਦ ਦੋਹਾਂ ਦੇਸ਼ਾਂ ਦੇ ਤਨਾਅ ਅਤੇ ਦੋਹਾਂ ਦੇ ਘਰੇਲੂ ਕਲੇਸ਼ ਤੋਂ ਇਸ ਤਰ੍ਹਾਂ ਵੀ ਲਗਦਾ ਹੈ ਕਿ ਸਾਨੂੰ ਗਲਤ ਪੜਾਇਆ ਗਿਆ ਸੀ, ਕਿ ਅੰਗਰੇਜਾਂ ਨੇ "ਪਾੜੋ ਅਤੇ ਰਾਜ ਕਰੋ " ਦੀ ਨੀਤੀ ਨਾਲ ਸਾਡੇ ਉੱਤੇ ਰਾਜ ਕੀਤਾ ।ਅੱਜ ਲਗਦਾ ਹੈ ਕਿ ਉਹਨਾਂ  " ਪਾਟਿਆਂ ਹੋਇਆਂ 'ਤੇ ਰਾਜ ਕੀਤਾ" ਸੀ। ਕੁਝ ਜ਼ਖਮਾਂ ਨੂੰ ਕਰਿੰਦ-ਕਰਿੰਦ ਕੇ ਅਸੀ ਅੱਜ ਵੀ ਨਫਰਤ ਦਾ ਸਿਲਸਿਲਾ ਜਾਰੀ ਰੱਖਣ 'ਚ ਲੱਗੇ ਹੋਏ ਹਾਂ।

ਅਸੀ ਖੁਸ਼-ਕਿਸਮਤ ਹਾਂ ਕਿ ਬਾਬਾ ਸਾਹਿਬ ਅੰਬੇਦਕਰ ਵਰਗੇ ਸੁਹਿਰਦ , ਸੁਚੇਤ ਅਤੇ ਸੂਝਵਾਨ ਵਿਅਕਤੀ ਜਿਨ੍ਹਾਂ ਨੇ ਸਰਭ-ਸਾਂਝਾ ਸੰਵਿਧਾਨ ਰਚ ਕੇ ਪੂਰੀ ਦੁਨਿਆਂ ਨੂੰ ਇਕ ਮਜਬੂਤ ਲੋਕਤੰਤਰ ਸਥਾਪਿਤ  ਕਰਕੇ ਹੈਰਾਨ ਕਰ ਦਿੱਤਾ।ਕਿੰਨੀ ਗਹਿਰੀ ਸੋਚ ਅਤੇ ਵਿਸ਼ਾਲ ਫਲਿਾਸਫੀ ਦੇ ਮਾਲਿਕ ਸਨ, ਬਾਬਾ ਸਾਹਬਿ ਜੀ। ਵੱਖ-ਵੱਖ ਧਰਮਾਂ , ਜਾਤਾਂ , ਨਸਲਾਂ , ਭਾਸ਼ਾਵਾਂ ਅਤੇ ਪਹਿਰਾਵੇ ਦੇ ਲੋਕਾਂ ਨੂੰ ਇਕ ਸੂਤਰ 'ਚ ਬਨੰਣਾ ਕਿਸੇ ਅਜ਼ੂਬੇ ਨਾਲੋਂ ਘੱਟ ਨਹੀਂ ਹੈ।ਆਲੇ -ਦੁਆਲੇ ਨਜ਼ਰ ਮਾਰੀਏ ਤਾਂ ਧਰਮ ਅਧਾਰਤ ਦੇਸ਼ਾਂ 'ਚ  ਧੱਕੇ ਨਾਲ ਤੱਖਤ ਪਲਟਦੇ ਰਹੇ ਹਨ ਅਤੇ ਸ਼ਾਇਦ ਪਲਟਦੇ ਵੀ ਰਹਿਣਗੇ ਪਰ ਸਾਡੇ ਭਾਵ ਭਾਰਤ ਦੇ ਸੰਵਿਧਾਨ ਦੀ ਇਹੀ ਖੂਬਸੂਰਤੀ ਹੈ ਕਿ ਇਸਦੀ ਮਜਬੂਤ ਜਮਹੂਰੀਅਤ 'ਚ ਤਖਤਾ ਪਲਟਣ ਜਾਂ ਤਾਨਾਸ਼ਾਹ ਬਣੰਨ ਦੀ ਵਿਵਸਥਾ ਬਣ ਹੀ ਨਹੀਂ ਸਕਦੀ ਅਤੇ ਨਾ ਹੀ ਇਸਦਾ ਸਮੂਹਿਕ ਭਾਈਚਾਰਾ ਅਜਿਹੀ ਸੋਚ ਨੂੰ ਬਰਦਾਸ਼ ਕਰੇਗਾ ਅਤੇ ਨਾ ਹੀ ਕਿਸੇ ਹਾਕਮ ਨੂੰ ਤਾਨਾਸ਼ਾਹੀ ਦਾ ਖਵਾਬ ਪਾਲਣਾ ਚਾਹੀਦਾ ਹੈ।

ਜੇ ਮੋਟੇ ਤੌਰ ਤੇ ਅਜ਼ਾਦ ਫਿਜਾ ਦੀ ਇਸ ਪੌਣੀ ਸਦੀ ਨੂੰ ਤਿੰਨ ਭਾਗਾਂ ਚ ਵੰਡ ਕੇ ਵੇਖੀਏ ਤਾਂ ਪਹਿਲੇ ਪੰਜੀ ਕੁ ਸਾਲ ਭਾਈਚਾਰਕ ਸਾਂਝ , ਸਮਾਜ ਉਸਾਰੀ ਅਤੇ ਦੇਸ ੳਸਾਰੀ ਦੇ ਰਹੇ ਹਨ , ਲੋਕਾਂ ਨੂੰ ਅਜਾਦੀ  ਦੇ ਜਸ਼ਨ ਨਾਲੋਂ ਵਿਛੜਿਆਂ ਦਾ ਹੇਰਵਾ ਜ਼ਿਆਦਾ ਸੀ।ਅਜੇ ਲੋਕ 47 ਦੇ ਸੰਤਾਪ ਦੇ ਜ਼ਖਮਾਂ ਨੂੰ ਪਿਆਰ ਅਤੇ ਹਮਦਰਦੀ ਦੀਆਂ ਮਲ਼੍ਹਮਾਂ ਅਤੇ ਫਹੇ ਲਗਾ ਰਹੇ ਸਨ ਕਿ ਦੇਸ਼ ਨੂੰ ਲੜਾਈਆਂ ਦਾ ਸਾਮ੍ਹਣਾ ਕਰਨਾ ਪਿਆ ।ਜਿੱਤ ਕਿਸੇ ਦੀ ਵੀ ਹੋਵੇ ਨੁਕਸਾਨ ਤਾਂ ਮਾਨਵਤਾ ਦਾ ਹੀ ਹੁੰਦਾ ਹੈ। ਅਗਲੇ 25ਕੁ ਸਾਲ ਦੇਸ਼ ਕੁਝ ਵਿਕਾਸ ਦੀਆਂ ਲੀਹਾਂ ਤੇ ਆਇਆ ਜਾਂ ਆਉਣ ਦੀ ਕੋਸ਼ਿਸ਼ਾਂ ਕਰਦਾ ਰਿਹਾ। ਸਮੇਂ ਦੀਆਂ ਗਲਤੀਆਂ , ਨਰਾਜਗੀਆਂ ਅਤੇ ਇੱਕੋ ਹੀ ਪਾਰਟੀ ਦੇ ਲੰਮੇ ਸਮੇਂ ਦੀ ਸੱਤਾ ਨੇ ਸ਼ਕਤੀ ਦੀ ਦੁਰਵਰਤੋ ਨਾਲ ਦੇਸ਼ ਨੂੰ ਵੱਡੀ ਢਾਹ ਲਗਾਈ।ਨਤੀਜਨ ਬਲਊ ਸਟਾਰ ਅਤੇ ਗੁਜਰਾਤ ਦੰਗਿਆਂ ਸਾਨੂੰ ਬੂਰੀ ਤਰ੍ਹਾਂ ਭੰਨਿਆਂ।ਫਿਰ ਉਦਾਰੀਕਰਨ , ਨਿੱਜੀਕਰਨ, ਵਪਾਰੀਕਰਨ ਅਤੇ ਗਲੋਬਲੀਕਰਨ ਨੇ ਵਿਕਸਤ ਮਾਡਲ ਦੀ ਦੌੜ 'ਚ ਮਨੂੱਖੀ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਵੱਡੀ ਢਾਹ ਲਾਈ। ਸਿੱਟੇ ਵੱਜੋਂ ਜਿੱਥੇ ਅਮੀਰੀ-ਗ਼ਰੀਬੀ ਦਾ ਪਾੜਾ ਵਧਿਆ ਉਥੇ ਨਿੱਕੇ ਉਦਯੋਗ ,ਕਿਸਾਨੀ ਅਤੇ ਰੋਜ਼ਗਾਰ ਹਾਸ਼ੀਏ 'ਤੇ ਚਲੇ ਗਏ।ਭਾਰਤ ਵਿਚ ਗਰੀਬੀ  ਦੀ ਰੇਖਾ  ਹੋਰ ਗੂੜੀ ਅਤੇ ਵੱਡੀ ਹੁੰਦੀ  ਗਈ ਅਤੇ ਰੁਕੱਣ ਦਾ ਨਾ ਨਹੀਂ ਲੈ ਰਹੀ । ਇਕ ਸਰਵੇ ਅਨੂਸਾਰ ਇਕ ਫੀਸਦੀ ਅਮੀਰ ਲੋਕਾਂ ਕੋਲ ਭਾਰਤ ਦੇ 70 ਫੀਸਦੀ ਗ਼ਰੀਬਾਂ ਨਾਲੋਂ ਚਾਰ ਗੁਣਾਂ ਵਧੇਰੇ ਸਰਮਾਇਆ ਹੈ।95 ਕਰੋੜ ਲੋਕ ਗਰੀਬੀ ਦੇ ਹੇਠਲੇ ਗਰਾਫ 'ਚ ਹਨ।ਦੇਸ਼ ਦੇ ਆਮ ਸਲਾਨਾ ਬਜਟ ਨਾਲੋ ਜਿਆਦਾ ਜਾਇਦਾਦ ਭਾਰਤ ਦੇ ਸਿਰਫ 63 ਅਰਬਪਤੀਆਂ ਕੋਲ ਹੈ।ਅੱਜ ਸੰਸਾਰ ਦੇ ਬਹੁਤੇ ਦੇਸ਼ ਅਤਿ-ਆਧੁਨਿਕ ਹੋਣ ਦਾ ਦਾਅਵਾ ਤਾਂ ਕਰ ਰਹੇ ਹਨ, ਪਰ ਉਦਾਰੀਕਰਨ , ਨਿੱਜੀਕਰਨ, ਵਪਾਰੀਕਰਨ ਦੇ ਇਸ ਮਾਡਲ 'ਚ ਸਟੇਟ ਵੈਲਫੇਅਰ ਦੀ ਥਾਂ ਸਟੇਟ ਟੈਰਰ ਵਧਿਆ ਹੈ।

ਮਾਹਿਰ ਵਿਦਵਾਨਾਂ  ਨੇ ਤੁਲਨਾਤਮਕ ਅਤੇ ਵਿਸ਼ਲੇਸ਼ਣਾਤਮਕ ਅਧਿਐਨ ਦੀ ਖਿੜਕੀ ਹਮੇਸ਼ਾ ਖੁੱਲੀ ਰੱਖਣ ਦੀ ਸਲਾਹ ਦਿੱਤੀ ਹੈ ਪਰ ਕੁਝ ਸਾਲਾਂ ਤੋਂ ਸਰਕਾਰਾਂ ਉਸ ਵਿਚਾਰਾਤਮਕ ਖਿੜਕੀ 'ਚੋਂ ਸਿਰਫ ਆਪਣਾ-ਮਾਡਲ ਬਤੌਰ ਨਜ਼ਾਰਾ ਬਣਾ ਕੇ ਵਿਖਾਉਣਾ ਚਾਹੁੰਦੀਆਂ ਹਨ।ਪਤਾ ਨਹੀਂ ਕਿਉਂ ਵਰਤਮਾਨ ਸਰਕਾਰਾਂ ਇਸ ਉਸਾਰੂ ਅਲੋਚਨਾ ਨੂੰ ਵੀ ਨਜ਼ਰਅੰਦਾਜ ਕਰਨ 'ਚ ਲੱਗੀਆਂ ਹੋਈਆਂ ਹਨ।ਚੋਣਾਂ 'ਚ ਸੌੜੀ ਰਾਜਨੀਤੀ ਦੇ ਸੌੜੇ ਹੱਥਕੰਡੇ ਵਰਤਕੇ  ਸ਼ਾਇਦ ਅਸੀ ਭੁੱਲ ਗਏ ਕਿ ਲੋਕਤੰਤਰ 'ਚ ਸਰਕਾਰ ਲੋਕਾਂ ਲਈ ,ਲੋਕਾਂ ਦੁਆਰਾ ਅਤੇ ਲੋਕਾਂ ਦੀ ਹੁੰਦੀ ਹੈ ਅਤੇ ਅੱਜ ਇਸੇ ਮਾਡਲ ਨਾਲ ਹੀ ਕੇਜਰੀਵਾਲ ਨੇ ਬੇਚੈਨੀ ਅਤੇ ਬੇਵਿਸ਼ਵਾਸੀ ਦੇ ਆਲਮ 'ਚ ਜੀ ਰਹੇ ਲੋਕਾਂ ਦਾ ਮੰਨ ਜਿੱਤਿਆ ਹੈ।

ਧਰਮ ਦੀ ਰਾਜਨੀਤੀ ਅਤੇ ਧਰਮ ਹੀ ਰਾਜਨੀਤੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।ਇਤਿਹਾਸਕ ਤੱਥਾਂ ਦੀ ਰੱਦੋ- ਬਦਲ ਨੇ ਆਮ ਬੰਦੇ ਨੂੰ  ਬੇਚੈਨ (ਕਨਫਿਊਜ਼ ) ਕੀਤਾ।ਖਾਣ-ਪੀਣ , ਰਹਿਣ-ਸਹਿਣ ਅਤੇ ਪਹਿਰਾਵੇ ਆਦਿ ਦੀ ਅਸਹਿਣਸ਼ੀਲਤਾ ਵਾਲੇ ਆਲਮ ਨੇ ਲੋਕਾਂ 'ਚ ਅਸੁਰੱਖਿਆ ਪੈਦਾ ਕੀਤੀ।ਨੋਟਬੰਦੀ , ਬੈਕਾਂ ਦੇ ਘੋਟਾਲੇ ਅਤੇ ਦੀਵਾਲੀਏ , ਵਧਦੀ ਮਹਿੰਗਾਈ , ਲਗਾਤਾਰ ਵੱਧ ਰਹੀ ਬੇਰੋਜ਼ਗਾਰੀ, ਆਦਿ ਨਾਲ ਸੈਂਕੜੇ ਲੋਕਾਂ ਦੀਆਂ ਜਾਨਾਂ ਬੈਕਾਂ ਦੇ ਬੁਹਿਆਂ ਅੱਗੇ ਗਈਆਂ , ਏ.ਟੀ.ਐਮ ਦੀਆਂ ਲਾਈਨਾਂ 'ਚ ਗਈਆਂ ,ਧਰਨਿਆਂ ਮੁਜਾਰਿਆਂ 'ਚ ਅਤੇ ਪਰਿਵਾਰਾਂ ਸਮੇਤ ਖੁਦਕੁਸ਼ੀਆਂ ਕਰਕੇ ਗਈਆਂ ਅਤੇ ਲਗਾਤਰ ਜਾ ਰਹੀਆਂ ਹਨ।ਇਥੋਂ ਤੱਕ ਕਿ ਕਾਲਿਜਾਂ ,ਯੂਨੀਰਸਟੀਆਂ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਉੱਤੇ ਗੁੰਡਿਆਂ ਆਦਿ ਦੇ ਹਮਲਿਆਂ  ਵੇਲੇ ਸੁਰੱਖਿਆ ਕਰਮੀਆਂ ਦੀ ਅਣਗਿਹਲੀ ਅਤੇ ਪੁਲਿਸ ਦਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਰਵਈਆਂ  ਆਮ ਲੋਕਾਂ 'ਚ ਪ੍ਰਸ਼ਾਸ਼ਨ  ਪ੍ਰਤੀ ਬੇਵਿਸ਼ਵਾਸੀ ਵਧਾਅ ਰਿਹਾ ਹੈ। ਕਾਲਿਜਾਂ ,ਸਟੇਸ਼ਨਾ ,ਸ਼ਹਿਰਾਂ ,ਸਟੇਡੀਅਮਾਂ ਅਤੇ ਹੋਰ ਜਨਤੱਕ ਥਾਵਾਂ ਦੇ ਨਾਂ ਬਦਲਣ ਦਾ ਕਾਰਾ ਪੈਸਾ ਸੁੱਟ ਕੇ ਲੜਾਈ  ਲੈਣ ਵਾਲਾ ਲਗਦਾ ਹੈ ਕਿਉਂ ਨਹੀਂ ਅਸੀ ਨਵੇ ਕਾਲਜ ,ਨਵੇਂ ਸ਼ਹਿਰ ਅਤੇ ਨਵੇ ਸਟੇਡੀਅਮ ਉਸਾਰ ਕੇ ਨਵੇਂ ਨਾਵਾਂ ਨਾਲ ਨਵਾਂ ਵਿਕਾਸ ਕਰਦੇ।ਪੁਰਾਨੇ ਨਾਵਾਂ ਦੀ ਥਾਂ  ਹੀ ਨਵੇਂ ਨਾਂ ਬਦਲਨਾ ਭਾਵ ਦੂਜੇ ਦੇ ਕੀਤੇ  ਹੋਏ ਕੰਮਾਂ ਨੂੰ ਖਤਮ ਜਾਂ  ਨਸ਼ਟ ਕਰਨਾ ਹੈ। ਕਸ਼ਮੀਰ 'ਚੋ 370 ਦੀ ਮਨਸੂਖੀ, ਕੌਮੀ ਨਾਗਰਿਕਤਾ ਸੋਧ ਕਾਨੂੰਨ , ਕੌਮੀ ਨਾਗਰਿਕਤਾ ਰਜਿਸਟਰ  ਜਿਹੇ ਵੱਡੇ ਮਸਲਿਆਂ 'ਤੇ ਲੋਕਾਂ  ਦੇ ਵਿਰੋਧ ਪ੍ਰਤੀ ਅੜਿਅਲ ਰਵਈਆ  ਭਾਰਤੀ ਸਮਾਜ ਨੂੰ ਧਰੂਵੀਕਰਨ ਵੱਲ ਧਕੇਲ ਰਿਹਾ ਹੈ।ਇਸ ਤਰ੍ਹਾਂ ਦੇ ਅੜੀਅਲ ਰਵਈਏ ਨਾਲ ਨਾ ਤਾਂ ਸਭਦਾ ਸਾਥ ਮਿਲ ਸਕਦਾ , ਨਾ ਸਭਦਾ ਵਿਕਾਸ ਹੋ ਸਕਦਾ ਅਤੇ ਨਾ ਹੀ ਸਭਦਾ ਵਿਸ਼ਵਾਸ ਜਿੱਤੀਆ ਜਾ ਸਕਦਾ ਹੈ।

ਮਾਨਯੋਗ ਸੁਪਰੀਮ ਕੋਰਟ ਹਮੇਸ਼ਾਂ ਬਹੁਮੁੱਲੀਆਂ ਸਲਾਹਾਂ ਦੇ ਦੇ ਕੇ ਸਰਕਾਰਾਂ ਨੂੰ ਰਾਜ ਧਰਮ ਨਿਭਾਉਣ ਲਈ ਕਹਿੰਦੀ ਰਹਿੰਦੀ ਹੈ।ਮਰਹੂਮ ਮਾਨਯੋਗ ਪ੍ਰਧਾਨਮੰਤਰੀ ਅੱਟਲ ਬਿਹਾਰੀ ਵਾਜਪਾਈ ਜੀ ਵੀ ਹਮੇਸ਼ਾਂ ਰਾਜ ਧਰਮ ਨਿਭਾਉਣ ਲਈ ਜੋਰ ਦਿੰਦੇ ਸਨ।ਭਾਰਤ ਦਾ ਸੰਵਿਧਾਨ ਸਾਨੂੰ ਨਿਰਪੱਖਤਾ ,ਬਰਾਬਰਤਾ ਅਤੇ ਭਾਈਚਾਰਕ ਸਾਂਝ ਦਾ ਮਾਡਲ ਪੇਸ਼ ਕਰਦਾ ਹੈ।ਇਸ ਵਿਚ ਭੇਦਭਾਵ , ਜਾਤਪਾਤ , ਫਿਰਕਾਵਾਦ ,ਹਿੰਸਾਵਾਦ, ਫਾਸ਼ੀਵਾਦ ਅਤੇ ਖਾਲਸ ਹੋਣ ਦੇ ਭਰਮ ਲਈ ਕੋਈ ਥਾਂ ਨਹੀਂ ਹੈ। ਹੁਣੇ ਹੁਣੇ  ਦਿੱਲੀ ਦੀ ਸੂਝਵਾਨ ਜਨਤਾ ਨੇ ਅਜਿਹੀ ਸੋਚ ,ਅਜਿਹੇ ਅੜਿਅਲ ਰਵਈਏ  ਨੂੰ ਅਤੇ ਅਜਿਹੇ ਭਰਮਾਂ ਨੂੰ ਨਕਾਰਿਆ ਹੈ ਅਤੇ ਕੰਮ ਦੇ ਮਾਡਲ ਨੂੰ ਲੱਦ ਲੱਦ ਕੇ  ਜਿੱਤ ਦੇ ਹਾਰ ਪਾਏ ਹਨ। ਅੱਜ ਰਹ ਨਾਗਰਿਕ ਇਹ ਸੋਚ ਰਿਹਾ ਹੈ ਕਿ ਸਾਡੇ ਰਾਜ  'ਚ ਵੀ ਕੋਈ ਕੰਮ ਦਾ ਮਾਡਲ ਪੇਸ਼ ਕਰੇ।

ਭਾਰਤ ਭਾਵੇਂ  ਅੱਜ ਵੀ 'ਪਾਟਿਆਂ ਉੱਤੇ ਰਾਜ ਕਰੋ' ਦੇ ਦੌਰ 'ਚੋਂ  ਹੀ ਲੰਘ ਰਿਹਾ ਹੈ ਇਸ ਦੇ ਬਾਵਜੂਦ ਵੀ ਜਿੱਥੇ ਸਾਰਾ ਸੰਸਾਰ  ਨੋਵਿਲ ਕੋਰੋਨਾ ਵਾਇਰਸ ਦੀ ਝਪੇਟ ਵਿਚ ਹੈ ਅਤੇ ਲਗਭਗ 28 ਲੱਖ ਲੋਕ ਇਸ ਤੋਂ ਪ੍ਰਭਾਵਿਤ ਹਨ।2.8 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਭੇਂਟ ਚੜ ਚੁੱਕੇ ਹਨ।ਵੱ ਡੇ ਵੱਡੇ ਧਨਾੜ ਦੇਸ਼ ਆਪਣੀਆਂ ਆਪਣੀਆਂ ਨੀਤਿਆਂ ਅਤੇ ਸਥਿਤੀਆਂ  ਬਾਰੇ  ਦੋਬਾਰਾ ਸੋਚਣ ਨੂੰ ਮਜਬੂਰ ਹੋ ਗਏ ਹਨ ।ਸ਼ਾਲਾ ! ਸਾਡਾ ਕਾਫੀ ਬਚਾਅ ਹੈ...


-ਵਰਗਿਸ ਸਲਾਮਤ (ਮੀਤ ਪ੍ਰਧਾਨ)
 ਈ ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ