ਕੋਰੋਨਾ ਚਮਤਕਾਰ : ਇੱਕ ਹੈਰਾਨੀਜਨਕ ਤੱਥ - ਹਰਚਰਨ ਸਿੰਘ ਚਹਿਲ
Posted on:- 22-04-2020
ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ ਸਿਫ਼ਰ ਤੋਂ ਵੀ ਹੇਠਾਂ: ‘ਵਾਅਦਾ ਬਾਜ਼ਾਰ’ ਨਾਂਅ ਦੀ ਪੂੰਜੀਵਾਦੀ ਵਬਾਅ ਦਾ ਕਮਾਲ !
ਸੁਣ ਕੇ ਇੱਕ ਵਾਰ ਹੈਰਾਨ ਹੋਣਾ ਸੁਭਾਵਿਕ ਹੈ। ਕਿਸੇ ਜਿਣਸ ਦੀ ਕੀਮਤ ਬਹੁਤ ਘੱਟ ਤਾਂ ਹੋ ਸਕਦੀ ਹੈ ਪਰ ਮਨਫ਼ੀ ਵਿੱਚ ਹੋਵੇ, ਹੈਰਾਨੀਜਨਕ ਤਾਂ ਹੈ ਹੀ। ਖਿਆਲ ਰਹੇ ਅਸੀਂ ਹਵਾ ਜਾਂ ਪਾਣੀ ਵਰਗੀ ਕਿਸੇ ਕੁਦਰਤੀ ‘ਵਸਤੂ’ ਦੀ ਗੱਲ ਨਹੀਂ ਕਰ ਰਹੇ ਸਗੋਂ ਤੇਲ ਵਰਗੀ ਇੱਕ ‘ਜਿਣਸ’ ਦੀ ਗੱਲ ਕਰ ਰਹੇ ਹਾਂ ਜੋ ਪੈਦਾ (ਭਾਵ ਧਰਤੀ ਹੇਠੋਂ ਕੱਢ ਕੇ ਸੋਧਣਾ ਆਦਿ) ਹੀ ਵੇਚਣ ਲਈ ਕੀਤੀ ਜਾਂਦੀ ਹੈ। ਦਰਅਸਲ ਇਹ ‘ਵਾਅਦਾ ਬਾਜ਼ਾਰ’ ( Future Trading) ਨਾਂਅ ਦੀ ਉਸ ਵਬਾਅ ਦਾ ਕਮਾਲ ਹੈ ਜਿਸ ਨੂੰ ਅਸੀਂ ਮੋਟੇ ਤੌਰ ’ਤੇ ਸੱਟੇਬਾਜ਼ੀ ਕਹਿੰਦੇ ਹਾਂ। ਇਸ ਦਾ ਪੁਰਾਤਨ ਰੂਪ ਜੂਆ ਤਾਂ ਸਾਡੇ ਲਈ ਇੰਨਾ ਜਾਣਿਆ-ਪਹਿਚਾਣਿਆ ਹੈ ਕਿ ਜੂਏ ਵਿੱਚ ਆਪਣੀ ਪਤਨੀ ਨੂੰ ਦਾਅ ’ਤੇ ਲਾਉਣ ਵਾਲੇ ਸ਼ਖਸ ਅੱਜ ਵੀ ਸਾਡੀ ਸੰਸਕ੍ਰਿਤੀ ਦਾ ਗੌਰਵ ਸਮਝੇ ਜਾਂਦੇ ਹਨ ਅਤੇ ਧਰਮ-ਪੁੱਤਰ ਹਨ। ਉਨਾਂ ਦੀਆਂ ਕਰਤੂਤਾਂ ਨੂੰ ਸ਼ਾਬਦਿਕ ਕੁਤਰਕਤਾਂ ਸਹਾਰੇ ਅੱਜ ਵੀ ਜਾਇਜ਼ ਠਹਿਰਾਇਆ ਜਾਂਦਾ ਹੈ। ਗੱਲ ਤਿਲਕ ਚੱਲੀ ਐ, ਵਾਅਦਾ-ਬਾਜ਼ਾਰ ਵਾਲੀ ਅਸਲੀ ਗੱਲ ’ਤੇ ਆਈਏ।ਆਪਣੀ ਮੁਨਾਫਾਖੋਰੀ ਹਿਰਸ ਦੀ ਪੂਰਤੀ ਹਿੱਤ ਪੂੰਜੀਵਾਦ ਨੇ ਜੂਏ, ਸੱਟੇਬਾਜ਼ੀ ਆਦਿ ਵਰਗੇ ਬਦਨਾਮ ਹੋ ਚੁੱਕੇ ਸ਼ਬਦਾਂ ਨੂੰ ਨਵੇਂ ਨਵੇਂ ਨਾਮਕਰਨਾਂ ਹੇਠ ਲਿਸ਼ਕਾ-ਪੁਸ਼ਕਾ ਲਿਆ ਹੈ। ਇਸ ਨਾਲ ਸਬੰਧਿਤ ਵਿਵਸਥਾਵਾਂ ਨੂੰ ਕਾਨੂੰਨੀ ਜਾਮੇ ਪਹਿਨਾ ਦਿੱਤੇ ਹਨ। ਵਾਅਦਾ-ਬਾਜ਼ਾਰ, ਡੈਰੀਵੇਟਿਵ ਮਾਰਕੀਟ, ਫਿਊਚਰਜ਼ ਐਂਡ ਆਪਸ਼ਨਜ਼, ਕਾਲ-ਆਪਸ਼ਨ, ਪੁੱਟ-ਆਪਸ਼ਨ ਆਦਿ ਅਜਿਹੇ ਕਈ ਸ਼ਬਦ ਹਨ ਜੋ ਨਿਰੋਲ ਮੁਨਾਫਾ ਕਮਾਉਣ ਦੀ ਹਿਰਸ ਨਾਲ ਲਿਪਤ ਇਸ ‘ਮੰਡੀ’ ਦੇ ਲੋਕ ਵਰਤਦੇ ਹਨ।
ਵਾਅਦਾ ਬਾਜ਼ਾਰ ਦਾ ‘ਖਰੀਦਦਾਰ’ ਕਿਸੇ ਜਿਣਸ ਦੀ ਖਾਸ ਮਿਕਦਾਰ, ਤਹਿਸ਼ੁਦਾ ਰੇਟ ’ਤੇ ਇੱਕ, ਦੋ ਜਾਂ ਤਿੰਨ ਮਹੀਨਿਆਂ ਦੀ ਅਗਾਊਂ ਤਹਿ-ਸ਼ੁਦਾ ਤਰੀਕ ’ਤੇ ਪੇਮੈਂਟ ਕਰ ਕੇ ਸਪੁਰਦਗੀ (ਡਿਲੀਵਰੀ) ਲੈਣ ਦੇ ਵਾਅਦਾ ਨਾਲ ‘ਖਰੀਦਦਾ’ ਹੈ। ਉਸ ਦਾ ਅੰਦਾਜ਼ਾ ਹੁੰਦਾ ਹੈ ਕਿ ਉਸ ਜਿਣਸ ਦੀ ਕੀਮਤ ਆਉਣ ਵਾਲੀ ਉਸ ਤਹਿ-ਸ਼ੁਦਾ ਤਰੀਕ ਤੱਕ ਵੱਧ ਜਾਵੇਗੀ ਅਤੇ ਉਹ ਉਦੋਂ ਵਧੀ ਹੋਈ ਕੀਮਤ ’ਤੇ ਜਿਣਸ ਵਾਅਦਾ-ਬਾਜ਼ਾਰ ਵਿੱਚ ਅੱਗੇ ‘ਵੇਚ’ ਕੇ ਆਪਣਾ ਮੁਨਾਫਾ ਲੈ ਕੇ ਚਲਦਾ ਬਣੇਗਾ। ਇਸ ਤਰਾਂ ਸੌਦੇ ਦੇ ਖਰੀਦਣ ਤੇ ਫਿਰ ਅੱਗੇ ਵੇਚੇ ਜਾਣ ਦਾ ਅਮਲ ਪੂਰਾ ਹੋ ਜਾਵੇਗਾ ਅਤੇ ਉਸ ਨੂੰ ਖਾਹ-ਮਖਾਹ ਦਾ ਮੁਨਾਫਾ ਮਿਲ ਜਾਵੇਗਾ। ਆਮ ਹਾਲਤਾਂ ਵਿੱਚ ਇਹੀ ਅਮਲ ਅੱਗੇ ਦੀ ਅੱਗੇ ਦੁਹਰਾਇਆ ਜਾਂਦਾ ਰਹਿੰਦਾ ਹੈ। ਖਾਹ-ਮਖਾਹ ਦਾ ਮੁਨਾਫਾ ਇਸ ਲਈ ਕਿਹਾ ਹੈ ਕਿਉਂਕਿ ਇਸ ਅਮਲ ਵਿੱਚ ਨਾ ਤਾਂ ਉਸ ਪਹਿਲੇ ਵਿਕਰੇਤਾ ਕੋਲ ਭੌਤਿਕ ਰੂਪ ਵਿੱਚ ਕੋਈ ਜਿਣਸ ਕਬਜ਼ੇ-ਹੇਠ ਸੀ ਜੋ ਇਸ ਸਖ਼ਸ ਨੇ ਖਰੀਦੀ ਅਤੇ ਨਾ ਹੀ ਇਸ ਸ਼ਖ਼ਸ ਨੇ ਅੱਗਲੇ ਖਰੀਦਦਾਰ ਨੂੰ ਕੋਈ ਜਿਣਸ ਭੌਤਿਕ ਰੂਪ ਵਿੱਚ ਸਪੁਰਦ ਕੀਤੀ ਅਤੇ ਨਾ ਹੀ ਅਗਲੇ ਖਰੀਦਦਾਰ ਨੇ ਜਿਣਸ ਦੀ ਭੌਤਿਕ ਸਪੁਰਦੀ ਦੀ ਮੰਗ ਕੀਤੀ। ਭਾਵ ਜਿਣਸ ਦੀ ਭੌਤਿਕ ਮੌਜੂਦਗੀ ਦੇ ਬਗ਼ੈਰ ਹੀ ਸੌਦਾ ਹੋ ਗਿਆ, ਮੁਨਾਫਾ ਵੀ ਮਿਲ ਗਿਆ। ਇਸ ਪੂਰੇ ਅਮਲ ਨੇ ਸਮਾਜ ਲਈ ਕੀ ਵਸਤ ਜਾਂ ਸੇਵਾ ਪੈਦਾ ਕੀਤੀ। ਮੁਨਾਫਾ ਕਿਸ ਗੱਲ ਦਾ? ਇਨਾਂ ‘ਸੌਦਿਆਂ’ ਵਿੱਚ, ਕਿਉਂਕਿ ਸਿਰਫ ‘ਮੁਨਾਫੇ’ ਜਾਂ ਘਾਟੇ ਵਾਲਾ ( ਹਾਂ, ਘਾਟਾ ਹੀ ਹੋ ਸਕਦਾ ਹੈ ਜੇਕਰ ਅਸਲੀ ਭੌਤਿਕ ਬਾਜ਼ਾਰ ਵਿੱਚ ਜਿਣਸ ਦੀ ਕੀਮਤ ਘਟ ਜਾਵੇ ਜਿਵੇਂ ਕਿ ਹੁਣ ਤੇਲ ਦੇ ਮਾਮਲੇ ਵਿੱਚ ਹੋਇਆ ਹੈ) ਵਾਲੇ ਮਾਰਜਿਨ ਦਾ ਹੀ ਭੁਗਤਾਨ ਕਰਨਾ ਹੁੰਦਾ ਹੈ ਅਤੇ ਜਿਣਸ ਨੂੰ ਭੌਤਿਕ ਤੌਰ ’ਤੇ ਪੇਸ਼ ਕਰਨ ਜਾਂ ਸਪੁਰਦਗੀ ਲੈਣ ਦਾ ਕੋਈ ਝੰਜਟ ਨਹੀਂ ਹੁੰਦਾ, ਇਸ ਲਈ ਇਹ ਸੌਦੇ ਬਹੁਤ ਵੱਡੇ ਅੰਕੜਿਆਂ ਵਾਲੇ ਹੁੰਦੇ ਹਨ। ਇਸ ਕਰਕੇ ਇਹ ਅਸਲੀ ਭੌਤਿਕ ਬਾਜ਼ਾਰ ਵਿੱਚ ਵਿਗਾੜ ਪੈਦਾ ਕਰਦੇ ਹਨ।
ਹੁਣ ਉਥੇ ਆਉਂਦੇ ਹਾਂ ਜਿਥੋਂ ਗੱਲ ਤੁਰੀ ਸੀ-ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ ਨੈਗੇਟਿਵ ਅੰਕਾਂ ਵਿੱਚ। ਜਿਨਾਂ ਖਰੀਦਦਾਰਾਂ ਨੇ ਅੱਜ ਤੋਂ ਇੱਕ, ਦੋ ਜਾਂ ਤਿੰਨ ਮਹੀਨੇ ਪਹਿਲਾਂ ਵਾਅਦਾ ਬਾਜ਼ਾਰ ਵਿੱਚੋ ਲੱਖਾਂ ਬੈਰਲ ਤੇਲ ਇਸ ਉਮੀਦ ਨਾਲ ‘ਖਰੀਦਿਆ’ ਸੀ ਕਿ ਅਪਰੈਲ ਮਹੀਨੇ ਵਿੱਚ ਤੇਲ ਮਹਿੰਗਾ ਹੋਵੇਗਾ ਅਤੇ ਉਹ ਬਗ਼ੈਰ ਤੇਲ ਦੀ ਡਲਿਵਰੀ (ਸਪੁਰਦਗੀ) ਲਏ ਵਾਅਦਾ ਬਾਜ਼ਾਰ ਵਿੱਚ ਅੱਗੇ ਵੇਚ ਕੇ ਮੁਨਾਫਾ ਕਮਾ ਲੈਣਗੇ। ਪਰ ਅਸਲ ਵਿੱਚ ਹੋਇਆ ਕੀ? ਕਰੋਨਾ ਕਾਰਨ ਲੱਗੇ ਵਿਸ਼ਵਵਿਆਪੀ ਲੌਕਡਾਊਨ ਕਾਰਨ, ਅਸਲੀ ਬਾਜ਼ਾਰ ਵਿੱਚ ਤੇਲ ਦੀ ਮੰਗ ਬਹੁਤ ਘਟ ਗਈ ਜਿਸ ਕਾਰਨ ਅਸਲੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਬਹੁਤ ਘਟ ਗਈਆਂ। ਵਾਅਦਾ ਬਾਜ਼ਾਰ ਦੇ ਕੁੱਝ ਮਹੀਨੇ ਪਹਿਲਾਂ ਵਾਲੇ ਖਰੀਦਦਾਰ ਨੂੰ ਅੱਗੇ ਵਾਅਦਾ-ਬਾਜ਼ਾਰ ਦਾ ਖਰੀਦਦਾਰ ਨਹੀਂ ਮਿਲ ਰਿਹਾ। ਵਾਅਦਾ ਬਾਜ਼ਾਰ ਦੇ ਇਕਰਾਰਨਾਮਿਆਂ ਨੂੰ ਕਿਉਂਕਿ ਕਾਨੂੰਨੀ ਮਾਨਤਾ ਪ੍ਰਾਪਤ ਹੈ, ਇਸ ਲਈ ਵਾਅਦਾ ਬਾਜ਼ਾਰ ਦੇ ਖਰੀਦਦਾਰ ਨੂੰ ਤੇਲ ਦੀ ਭੌਤਿਕ ਡਿਲਿਵਰੀ ਲੈਣੀ ਪੈਣੀ ਐ ਅਤੇ ਉਹ ਵੀ ਸਿਰਫ ਮਾਰਜਿਨ ਨਹੀਂ ਸਗੋਂ ਪੂਰੀ ਕੀਮਤ ਦੇ ਕੇ। ਹੁਣ ਇਹ ਤੇਲ ਹੈ, ਕਿਤੇ-ਨ-ਕਿਤੇ ਸਟੋਰ ਵੀ ਕਰਨਾ ਪੈਣੈ। ਸਟੋਰ ਵੀ ਕਿੰਨੇ ਕੁ ਉਪਲੱਬਧ ਹੋਣਗੇ? ਜੇ ਹੋਣਗੇ ਵੀ ਤਾਂ ਇਨਾਂ ਦਾ ਕਿਰਾਇਆ, ਤੇਲ ਦੀ ਢੋਆ-ਢੁਆਈ ਦਾ ਕਿਰਾਇਆ; ਬਹੁਤ ਖਰਚੀਲਾ ਤੇ ਝੰਜਟ ਵਾਲਾ ਕੰਮ। ਪੂਰੀ ਕੀਮਤ ਤਾਰਨੀ ਕਿਹੜਾ ਖਾਲਾ ਜੀ ਦਾ ਵਾੜਾ ਐ। ਖਰੀਦਿਆ ਤਾਂ ਇਸ ਅੰਦਾਜ਼ੇ ਹੇਠ ਸੀ ਕਿ ਜੇਕਰ ਦੇਣਾ ਵੀ ਪਿਆ ਤਾਂ ਸਿਰਫ ਘਟੀ ਹੋਈ ਕੀਮਤ ਵਾਲਾ ਮਾਰਜਿਨ ਹੀ ਦੇਣਾ ਪਵੇਗਾ। ਸੋ ਹੁਣ ਉਸ ਨੂੰ ਇਹੀ ਠੀਕ ਲੱਗਦਾ ਹੈ ਕਿ ਪੂਰੀ ਕੀਮਤ ਦੇਣ ਅਤੇ ਭੰਡਾਰਨ ਨਾਲ ਸਬੰਧਿਤ ਖਰਚਿਆਂ ਤੋਂ ਬਚਣ ਲਈ ਤੇਲ ਨੂੰ ਵਾਅਦਾ-ਬਾਜ਼ਾਰ ਵਿੱਚ ਹੀ ਵੇਚ ਦਿੱਤਾ ਜਾਵੇ; ਫਿਰ ਚਾਹੇ ਨੈਗੇਟਿਵ ਕੀਮਤ ਵੀ ਕਿਉਂ ਨਾ ਮਿਲੇ। ਅਰਥਾਤ ਮੁਨਾਫਾ ਤਾਂ ਦੂਰ ਦੀ ਗੱਲ, ਖਰੀਦਦਾਰ ਨੂੰ ਤੇਲ ਵੀ ਦਿਉ ਅਤੇ ਨੈਗੇਟਿਵ ਕੀਮਤ ਦੇ ਹਿਸਾਬ ਨਾਲ ਕੋਲੋਂ ਹੋਰ ਪੈਸੇ ਵੀ। ਇਹ ਹੈ ਵਾਅਦਾ-ਬਾਜ਼ਾਰ ਦਾ ਖੇਲ।
ਵਾਅਦਾ ਬਾਜ਼ਾਰ ਪੂੰਜੀਵਾਦ ਦੇ ਹੋਰ ਕਈ ਵਰਤਾਰਿਆਂ ਦੀ ਤਰਾਂ ਪੂਰੀ ਤਰਾਂ ਇੱਕ ਪ੍ਰਜੀਵੀ ਵਰਤਾਰਾ ਹੈ ਕਿਉਂਕਿ ਇੱਥੇ ਕੋਈ ਜਿਣਸਾਂ ਜਾਂ ਸੇਵਾਵਾਂ( Goods and Services) ਪੈਦਾ ਨਹੀਂ ਕੀਤੀਆਂ ਜਾਂਦੀਆਂ, ਮੁਫਤ ਦਾ ਮੁਨਾਫਾ ਕਮਾਇਆ ਜਾਂਦਾ ਹੈ। ਨਿਤਾ-ਪ੍ਰਤੀ ਜ਼ਿੰਦਗੀ ਲਈ ਲੋੜੀਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਿਗਾੜ ਪੈਦਾ ਕਰਨ ਅਤੇ ਇਸ ਤਰਾਂ ਆਮ ਲੋਕਾਂ ਦੀ ਜ਼ਿੰਦਗੀ ਦੁੱਭਰ ਬਣਾਉਣ ਵਿੱਚ ਇਸ ਵਰਤਾਰੇ ਦਾ ਕਾਫੀ ਵੱਡਾ ਰੋਲ ਹੈ। ਲੋਕ-ਪੱਖੀ ਧਿਰਾਂ ਵਾਅਦਾ-ਬਾਜ਼ਾਰ ਨੂੰ ਬੰਦ ਕਰਨ ਜਾਂ ਇਸ ਉਪਰ ਬੰਦਿਸ਼ਾਂ ਲਾਉਣ ਲਈ ਆਵਾਜ਼ ਉਠਾਉਂਦੀਆਂ ਰਹਿੰਦੀਆਂ ਹਨ ਪਰ ਸਿਰਫ ਮੁਨਾਫਾਖੋਰੀ ਨੂੰ ਵਿਕਾਸ ਸਮਝਣ ਵਾਲੀਆਂ ਸਰਕਾਰਾਂ ਸੁਣਦੀਆਂ ਕਿੱਥੇ ਹਨ। ਲੋਕ-ਪੱਖੀ ਤਾਕਤਾਂ ਨੂੰ ਇਸ ਖਿਲਾਫ਼ ਆਪਣੀ ਆਵਾਜ਼ ਹੋਰ ਬੁਲੰਦ ਕਰਨੀ ਚਾਹੀਦੀ ਹੈ।