ਆ ਕਰੀਏ ਕੁਝ ਮਸਲੇ 'ਤੇ ਗੱਲ -ਡਾ. ਨਿਸ਼ਾਨ ਸਿੰਘ ਰਾਠੌਰ
Posted on:- 31-03-2020
ਕੋਰੋਨਾ ਵਾਇਰਸ ਦਾ ਕਹਿਰ ਸਮੁੱਚੀ ਦੁਨੀਆ ਉੱਪਰ ਛਾਇਆ ਹੋਇਆ ਹੈ। ਹਰ ਮੁਲਕ ਦੀ ਹਕੂਮਤ ਆਪਣੇ ਬਸ਼ਿੰਦਿਆਂ ਦੇ ਜਾਨ- ਮਾਲ ਦੀ ਰਾਖ਼ੀ ਲਈ ਉੱਪਰਾਲੇ ਕਰ ਰਹੀ ਹੈ/ ਯਤਨ ਕਰ ਰਹੀ ਹੈ। ਕੁਝ ਮੁਲਕਾਂ ਵਿਚ ਆਮ ਲੋਕਾਂ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਇਸ ਕੋਰੋਨਾ ਵਾਇਰਸ ਨੂੰ ਮਹਾਮਾਰੀ ਬਣਨ ਤੋਂ ਰੋਕਿਆ ਜਾ ਸਕੇ। ਇਹ ਬਹੁਤ ਸ਼ਲਾਘਾਯੋਗ ਕਦਮ ਹਨ। ਇਹਨਾਂ ਕਦਮਾਂ ਸਦਕਾ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ।
ਪਰ! ਭਾਰਤ ਅੰਦਰ ਇਹ ਕਦਮ (ਪਾਬੰਦੀਆਂ) ਆਮ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣ ਗਏ ਹਨ। ਹਕੂਮਤਾਂ ਨੇ ਪਾਬੰਦੀਆਂ ਲਗਾ ਕੇ ਜਿਹੜੇ ਯਤਨ ਕਰਨੇ ਸਨ ਉਹ ਨਹੀਂ ਕੀਤੇ। ਲੋਕਾਂ ਨੂੰ ਮੁੱਢਲੀਆਂ ਸਲੂਹਤਾਂ (ਦੁੱਧ, ਰਾਸ਼ਨ, ਦਵਾਈਆਂ ਅਤੇ ਸ਼ਬਜੀਆਂ) ਲਈ ਪੁਲਿਸ ਦੀਆਂ ਡਾਂਗਾਂ ਖਾਣੀਆਂ ਪੈ ਰਹੀਆਂ ਹਨ। ਸਿਹਤ ਸਲੂਹਤਾਂ ਦਾ ਮੰਦਾ ਹਾਲ ਹੈ ਉੱਤੋਂ ਸਥਾਨਕ ਪ੍ਰਸ਼ਾਸ਼ਨ ਲੋਕਾਂ ਨੂੰ ਪਰੇਸ਼ਾਨ ਕਰਨ ਵਿਚ ਰਤਾ ਭਰ ਵੀ ਢਿੱਲ ਨਹੀਂ ਵਰਤ ਰਿਹਾ।
ਸੋਸ਼ਲ- ਮੀਡੀਆ ਉੱਪਰ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹਨ ਜਿਹਨਾਂ ਵਿਚ ਲੋਕਾਂ ਨੂੰ ਬਿਨਾਂ ਕਾਰਨ ਦੇ ਕੁੱਟਿਆ ਜਾ ਰਿਹਾ ਹੈ/ ਮਾਰਿਆ ਜਾ ਰਿਹਾ ਹੈ। ਹੈਰਾਨੀ ਹੋ ਰਹੀ ਹੈ ਕਿ ਕਾਨੂੰਨ ਦੇ ਰੱਖਵਾਲੇ ਹੀ ਕਾਨੂੰਨ ਦਾ ਦੀਵਾਲਾ ਕੱਢ ਰਹੇ ਹਨ। ਉੱਪਰੋਂ ਅਜਿਹੀਆਂ ਗ਼ੈਰ ਕਾਨੂੰਨੀ ਹਰਕਤਾਂ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ- ਮੀਡੀਆ ਉੱਪਰ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਹ ਬਹੁਤ ਹੀ ਮੰਦਭਾਗਾ ਕਾਰਜ ਹੈ। ਪੁਲਿਸ, ਪ੍ਰਸ਼ਾਸ਼ਨ ਅਤੇ ਨੋਕਰਸ਼ਾਹ; ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਨ/ ਜ਼ੁਲਮ ਕਰਨ ਲਈ ਨਹੀਂ।
ਇੱਥੇ ਸਾਫ਼ ਕਰ ਦੇਣਾ ਲਾਜ਼ਮੀ ਹੈ ਕਿ ਹਰ ਪੁਲਿਸ ਕਰਮੀ ਅਜਿਹੀਆਂ ਕਾਰਵਾਈਆਂ ਵਿਚ ਸ਼ਾਮਿਲ ਨਹੀਂ ਹੈ। ਪਰ! ਬਹੁਤੇ ਪੁਲਿਸ ਕਰਮੀਆਂ ਨੇ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਆਪਣੀ ਇੱਜ਼ਤ ਨੂੰ ਖ਼ੋਰਾ ਹੀ ਲਗਵਾਇਆ ਹੈ, ਹੋਰ ਕੁਝ ਨਹੀਂ। ਅਸੀਂ ਹਰ ਕੰਮ ਵਿਚ ਬਾਹਰਲੇ ਮੁਲਕਾਂ ਦੀ ਨਕਲ ਕਰਨਾ ਚਾਹੁੰਦੇ ਹਾਂ ਫਿਰ ਵਿਵਸਥਾ ਨੂੰ ਦਰੁੱਸਤ ਕਰਨ ਵਿਚ ਉਹਨਾਂ ਮੁਲਕਾਂ ਤੋਂ ਸੇਧ ਕਿਉਂ ਨਹੀਂ ਲੈਂਦੇ? ਇਹ ਗੱਲ ਪੱਥਰ 'ਤੇ ਲਕੀਰ ਵਾਂਗ ਪੱਕੀ ਹੈ ਕਿ ਕੋਈ ਵੀ ਬੰਦਾ ਮਰਨਾ ਨਹੀਂ ਚਾਹੁੰਦਾ। ਫੇਰ ਘਰੋਂ ਬਾਹਰ ਨਿਕਲਿਆ ਬੰਦਾ ਵੀ ਸਾਡੇ ਸਮਾਜ ਦਾ ਅੰਗ ਹੈ/ ਹਿੱਸਾ ਹੈ; ਉਸ ਉੱਪਰ ਅਜਿਹਾ ਜ਼ੁਲਮ ਕਿਉਂ? ਕੀ ਸਾਡੀਆਂ ਸਰਕਾਰਾਂ ਇਹ ਵਰਤਾਰਾ ਨਹੀਂ ਵੇਖ ਰਹੀਆਂ? ਖ਼ਬਰੇ! ਆਮ ਲੋਕਾਂ ਨੂੰ ਬਿਮਾਰੀ ਤੋਂ ਬਚਾਇਆ ਜਾ ਰਿਹਾ ਹੈ ਜਾਂ ਮਾਰਿਆ ਜਾ ਰਿਹਾ ਹੈ। ਇਹ ਰੁਝਾਨ ਸਿਸਟਮ ਅਤੇ ਆਮ ਲੋਕਾਂ ਲਈ ਸਹੀ ਨਹੀਂ ਹੈ।ਇਸ ਮਹਾਮਾਰੀ ਦੌਰਾਨ ਜਿੱਥੇ ਸਮੁੱਚੇ ਸੰਸਾਰ ਦੇ ਡਾਕਟਰਾਂ ਨੇ ਵਾਹ- ਵਾਹੀ ਖੱਟੀ ਹੈ ਉੱਥੇ ਧਾਰਮਿਕ ਆਗੂਆਂ ਅਤੇ ਪੁਲਿਸ ਕਰਮਚਾਰੀਆਂ ਦਾ ਅਕਸ ਖ਼ਰਾਬ ਹੀ ਹੋਇਆ ਹੈ। ਸਮਾਜ ਵਿਚ ਪਹਿਲਾਂ ਹੀ ਪੁਲਿਸ ਵਿਵਸਥਾ ਉੱਪਰ ਯਕੀਨ ਦੀ ਘਾਟ ਰੜਕਦੀ ਰਹੀ ਹੈ। ਇਹਨਾਂ ਕਾਰਜਾਂ ਕਰਕੇ ਆਮ ਲੋਕਾਂ ਦਾ ਯਕੀਨ ਹੋਰ ਟੁੱਟਣ ਕਿਨਾਰਾ ਹੋ ਗਿਆ ਹੈ। ਇਸ ਗੱਲ ਵਿਚ ਰਤਾ ਭਰ ਵੀ ਸ਼ੱਕ ਕਰਨਾ ਮੂਰਖ਼ਤਾ ਹੋਵੇਗੀ।ਹਾਂ! ਕੁਝ ਕਰਮੀ ਚੰਗੀਆਂ ਸੇਵਾਵਾਂ ਬਦਲੇ ਲੋਕਾਂ ਦੀਆਂ ਅਸੀਸਾਂ ਦੇ ਪਾਤਰ ਵੀ ਬਣ ਰਹੇ ਹਨ। ਪਰ! ਬਹੁਤੇ ਇਹਨਾਂ ਅਸੀਸਾਂ ਤੋਂ ਵਾਂਝੇ ਹਨ। ਇੱਕ ਗੱਲ ਚੇਤੇ ਰੱਖਣੀ ਲਾਜ਼ਮੀ ਹੈ ਇਸ ਇਹ ਵਕਤ ਵੀ ਲੰਘ ਜਾਣਾ ਹੈ ਪਰ! ਇਸ ਵਕਤ ਵਿਚ ਲੋਕਾਂ ਦੀਆਂ ਅਸੀਸਾਂ ਜਾਂ ਬਦਅਸੀਸਾਂ ਤਾਉਮਰ ਨਾਲ ਰਹਿਣੀਆਂ ਹਨ। ਚੰਗੇ ਲੋਕਾਂ ਦਾ ਅਕਸ ਆਮ ਲੋਕਾਂ ਵਿਚ ਸਦਾ ਚਮਕਦਾ ਰਿਹਾ ਹੈ ਅਤੇ ਰਹੇਗਾ। ਪਰ! ਮੰਦੇ ਲੋਕ ਕੁਝ ਦਿਨਾਂ ਦੀ ਟੌਹਰ ਬਦਲੇ ਪੂਰੀ ਜ਼ਿੰਦਗੀ ਆਪਣੀਆਂ ਹੀ ਨਜ਼ਰਾਂ ਵਿਚ ਡਿੱਗੇ ਰਹਿੰਦੇ ਹਨ।ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ- ਆਪਣੇ ਸੂਬਿਆਂ ਵਿਚ ਆਪਣੀਆਂ ਹਕੂਮਤਾਂ ਨੂੰ ਸਹਿਯੋਗ ਕਰਨ। ਇਹ ਸਾਰੇ ਕਾਰਜ ਤੁਹਾਡੀਆਂ ਸਿਹਤਯਾਬੀਆਂ ਲਈ ਕੀਤੇ ਜਾ ਰਹੇ ਹਨ। ਉਸ ਵਕਤ ਤੱਕ ਆਪਣੇ ਘਰੋਂ ਬਾਹਰ ਨਾ ਨਿਕਲੋ ਜਦੋਂ ਤੱਕ ਅਤਿ ਜ਼ਰੂਰੀ ਕਾਰਜ ਨਾ ਹੋਵੇ। ਪੁਲਿਸ ਅਤੇ ਹੋਰ ਕਰਮੀਆਂ ਨੂੰ ਵੀ ਚਾਹੀਦਾ ਹੈ ਕਿ ਪਹਿਲਾਂ ਘਰੋਂ ਬਾਹਰ ਨਿਕਲੇ ਬੰਦੇ ਦੀ ਗੱਲ ਸੁਣ ਕੇ ਅਸਲ ਕਾਰਨ ਜਾਣਿਆ ਜਾਵੇ। ਸੰਤੋਸ਼ਜਨਕ ਕਾਰਨ ਨਾ ਹੋਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਵੇਂ ਗ਼ੈਰ ਕਾਨੂੰਨੀ ਢੰਗ ਨਾਲ ਮਾਰਿਆ- ਕੁੱਟਿਆ ਨਾ ਜਾਵੇ। ਜੇਕਰ ਕਿਸੇ ਉੱਪਰ ਸਖ਼ਤੀ ਵਰਤੀ ਜਾਣੀ ਹੈ ਤਾਂ ਵੀਡੀਓ ਬਣਾ ਕੇ ਸੋਸ਼ਲ- ਮੀਡੀਆ ਉੱਪਰ ਨਾ ਵਾਇਰਲ ਕੀਤੀ ਜਾਵੇ। ਇਹੀ ਸਾਡੇ ਅਤੇ ਸਾਡੇ ਸਮਾਜ ਲਈ ਸਹੀ ਅਤੇ ਲਾਹੇਵੰਦ ਕਾਰਜ ਹੋਵੇਗਾ।ਸੰਪਰਕ: +91 75892- 33437