ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ - ਗੋਬਿੰਦਰ ਸਿੰਘ ਢੀਂਡਸਾ
Posted on:- 25-03-2020
ਦੁਨੀਆਂ ਨੋਵਲ ਕੋਰੋਨਾ ਵਾਇਰਸ (ਕੋਵਿਡ 19) ਨਾਂ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਜਿਸ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ। ਮਾਰਚ 22, 2020 (7 ਵਜੇ ਸਵੇਰੇ) ਤੱਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਦੇ 188 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਪੈਰ ਪਸਾਰ ਚੁੱਕਾ ਹੈ ਅਤੇ ਤਕਰੀਬਨ 308,564 ਮਾਮਲੇ ਸਾਹਮਣੇ ਆਏ ਹਨ ਅਤੇ 95,829 ਮਰੀਜ਼ ਠੀਕ ਹੋ ਗਏ ਹਨ ਅਤੇ 13069 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਡੇਰੀ ਉਮਰ ਦੇ ਲੋਕਾਂ ਦੀ ਗਿਣਤੀ ਹੈ। ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਚੀਨ ਵਿੱਚ ਆਏ ਹਨ ਅਤੇ ਸਭ ਤੋਂ ਜ਼ਿਆਦਾ ਮੌਤਾਂ 4,825 ਇਟਲੀ ਵਿੱਚ ਹੋਈਆਂ ਹਨ। ਭਾਰਤ ਵਿੱਚ 332 ਮਾਮਲੇ ਸਾਹਮਏ ਆਏ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ ਜਦਕਿ 24 ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਭਾਰਤ ਵਿੱਚ ਪਹਿਲੀ ਮੌਤ ਉੱਤਰੀ ਕਰਨਾਟਕ ਦੇ ਕਲਬੁਰਗੀ ਸ਼ਹਿਰ ਵਿੱਚ 76 ਸਾਲਾ ਵਿਅਕਤੀ ਦੀ ਹੋਈ ਜੋ ਕਿ ਸਾਊਦੀ ਅਰਬ ਵਿੱਚੋਂ ਧਾਰਮਿਕ ਯਾਤਰਾ ਕਰਕੇ ਆਇਆ ਸੀ। ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੁੱਲ 14 ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ ਜਿਸ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਸੰਕ੍ਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਈ ਤਰੀਕਿਆਂ ਨਾਲ ਫੈਲ ਸਕਦਾ ਹੈ ਜਿਵੇਂ ਕਿ ਨਿੱਜੀ ਵਿਅਕਤੀਗਤ ਛੂਹਣ, ਖੰਘਣ ਸਮੇਂ ਲਾਪਰਵਾਹੀ ਆਦਿ। ਕਿਸੇ ਸੰਕ੍ਰਮਿਤ ਵਸਤੂ ਜਾਂ ਸਤਹਿ ਨੂੰ ਛੂਹਣਾ ਅਤੇ ਫਿਰ ਬਿਨ੍ਹਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣਾ ਕੋਰੋਨਾ ਵਾਇਰਸ ਨੂੰ ਸਿੱਧਾ ਸੱਦਾ ਸਾਬਿਤ ਹੋ ਸਕਦਾ ਹੈ।
ਕੋਰੋਨਾ ਵਾਇਰਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਹੱਥਾਂ ਦੀ ਸਫ਼ਾਈ ਤੋਂ ਬਿਨ੍ਹਾਂ ਅੱਖਾਂ, ਨੱਕ ਜਾਂ ਮੂੰਹ ਨੂੰ ਸਿੱਧਾ ਹੀ ਨਹੀਂ ਛੂਹਣਾ ਚਾਹੀਦਾ। ਖੰਘਦੇ ਸਮੇਂ ਮੂੰਹ ਉੱਤੇ ਰੁਮਾਲ ਜਾਂ ਟੀਸ਼ੂ ਪੇਪਰ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੂਸ਼ਿਤ ਰੁਮਾਲ ਜਾਂ ਟੀਸ਼ੂ ਪੇਪਰ ਦੀ ਦੁਬਾਰਾ ਵਰਤੋਂ ਨਹੀਂ ਕਰਨੀ ਚਾਹੀਦੀ।ਟੀਸ਼ੂ ਪੇਪਰ ਜਾਂ ਰੁਮਾਲ ਦੀ ਥਾਂ ਕੁਹਣੀ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ। ਵਿਗਿਆਨੀਆਂ ਅਨੁਸਾਰ ਕੋਰੋਨਾ ਵਾਇਰਸ ਸਰੀਰ ਵਿੱਚ ਪਹੁੰਚਣ ਤੇ ਫੇਫੜਿਆਂ ਨੂੰ ਸੰਕ੍ਰਮਿਤ ਕਰਦਾ ਹੈ। ਇਸ ਕਰਕੇ ਹੀ ਸਭ ਤੋਂ ਪਹਿਲਾਂ ਬੁਖਾਰ, ਫਿਰ ਸੁੱਖੀ ਖੰਘ ਅਤੇ ਬਾਦ ਵਿੱਚ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ। ਸਾਧਾਰਣ ਤੌਰ ਤੇ ਲੱਛਣ ਨਜ਼ਰ ਆਉਣ ਵਿੱਚ ਪੰਜ ਦਿਨ ਲੱਗਦੇ ਹਨ ਪਰੰਤੂ ਕੁਝ ਵਿਅਕਤੀਆਂ ਵਿੱਚ ਇਸਦੇ ਲੱਛਣ ਬਹੁਤ ਦੇਰ ਨਾਲ ਵੀ ਨਜ਼ਰ ਆ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਾਇਰਸ ਦੇ ਸਰੀਰ ਵਿੱਚ ਪਹੁੰਚਣ ਅਤੇ ਲੱਛਣ ਨਜ਼ਰੀਂ ਆਉਣ ਵਿੱਚ 14 ਦਿਨਾਂ ਦਾ ਸਮਾਂ ਲੱਗ ਸਕਦਾ ਹੈ ਪਰੰਤੂ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸਮਾਂ 24 ਦਿਨਾਂ ਦਾ ਵੀ ਹੋ ਸਕਦਾ ਹੈ। ਬੀਮਾਰੀ ਦੇ ਸ਼ੁਰੂਆਤੀ ਲੱਛਣ ਠੰਡ ਅਤੇ ਫਲੂ ਨਾਲ ਮਿਲਦੇ ਜੁਲਦੇ ਹਨ ਜਿਸ ਕਰਕੇ ਕੋਈ ਵੀ ਸੁਖਾਲਿਆਂ ਹੀ ਉਲਝ ਸਕਦਾ ਹੈ। ਕੋਰੋਨਾ ਵਾਇਰਸ ਦੇ ਲੱਛਣ ਨਜ਼ਰੀਂ ਆਉਣ ਤੇ ਨੇੜਲੀਆਂ ਸਿਹਤ ਸੇਵਾਵਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਜਨਤਕ ਥਾਵਾਂ ਅਤੇ ਸਮਾਗਮਾਂ ਵਿੱਚ ਭਾਰੀ ਇਕੱਠ ਨਾਂਹ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਲੋਕਾਂ ਨੂੰ ਵੱਖੇ ਵੱਖਰੇ ਢੰਗਾਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। 15 ਜਨਵਰੀ ਤੋਂ ਬਾਅਦ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੁਆਰਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ 2019-NCoV ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਤੋਂ ਜੰਗ ਜਿੱਤੀ ਜਾ ਸਕੇ।ਭਾਰਤੀ ਸਮਾਜ ਦਾ ਦੁਖਾਂਤ ਹੀ ਹੈ ਕਿ ਜਿੱਥੇ ਹੋਰ ਦੇਸ਼ਾਂ ਵਿੱਚ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਹਰ ਕੋਈ ਆਪਣੇ ਦੇਸ਼ ਨਾਲ ਮੋਢੇ ਨਾਲ ਮੋਢਾ ਲਾਈ ਖੜ੍ਹਾ ਹੈ ਉੱਥੇ ਹੀ ਮੀਡੀਆ ਦਾ ਇੱਕ ਹਿੱਸਾ ਸਾਡੇ ਨਿਊਜ਼ ਚੈੱਨਲ ਸਾਰਥਿਕ ਸੂਚਨਾ ਤੋਂ ਵੱਧ ਲੋਕਾਂ ਨੂੰ ਡਰਾਉਂਦੇ ਜਾਪ ਰਹੇ ਹਨ। ਇਸ ਵਕਤੀ ਮਾਰ ਸਮੇਂ ਜ਼ਿਆਦਾਤਰ ਕੈਮਿਸਟ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦਿਆਂ ਆਪਣਾ ਮੁਨਾਫ਼ਾ ਕਮਾਉਣ ਅਤੇ ਸ਼ੋਸ਼ਲ ਮੀਡੀਆ ਪ੍ਰਮਾਣਿਕ ਤੱਥਾਂ ਤੋਂ ਕਿਤੇ ਵੱਧ ਵੱਖੋ ਵੱਖਰੀਆਂ ਤੱਤਹੀਣ ਅਫ਼ਵਾਹਾਂ ਫੈਲਾਉਣ ਵਿੱਚ ਰੁੱਝਿਆ ਹੋਇਆ ਹੈ ਤੇ ਆਮ ਲੋਕ ਸਹਿਮੇ ਹੋਏ, ਭੰਬਲਭੂਸੇ ਵਿੱਚ ਹਨ ਕੀ ਕਰਨ ਤੇ ਕੀ ਨਾਂਹ। ਵਕਤ ਦੀ ਨਜ਼ਾਕਤ ਹੈ ਕਿ ਅਫ਼ਵਾਹਾਂ ਤੋਂ ਸੁਚੇਤ ਹੁੰਦਿਆਂ ਸਹਿਜਤਾ ਨਾਲ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਪਰਹੇਜ਼ਾਂ ਨੂੰ ਅਮਲੀ ਰੂਪ ਦਈਏ ਤਾਂ ਜੋ ਦੁਨੀਆਂ ਵਿੱਚ ਮਹਾਂਮਾਰੀ ਬਣ ਫੈਲੇ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।