ਨਿਊ ਮੀਡੀਆ, ਲੇਖਕ ਅਤੇ ਜਮਾਤੀ ਪੁਜੀਸ਼ਨ ਦਾ ਸਵਾਲ - ਇੰਦਰਜੀਤ ਕਾਲਾ ਸੰਘਿਆਂ
Posted on:- 27-02-2012
ਪੰਜਾਬੀ ਸਾਹਿਤ ਦੀ ਪੇਸ਼ਕਾਰੀ ਦੇ ਮੰਚਾਂ ਵਿਚ ਸਮੇਂ ਸਮੇਂ ’ਤੇ ਵਿਗਿਆਨਿਕ ਤਕਨੀਕ ਦੇ ਵਿਕਾਸ ਨਾਲ ਤਬਦੀਲੀਆਂ ਆਉਂਦੀਆਂ ਰਹੀਆਂ ਹਨ ਅਤੇ ਅੱਗੇ ਵੀ ਆਉਂਦੀਆਂ ਹੀ ਰਹਿਣਗੀਆਂ। ਪਹਿਲਾਂ ਪਹਿਲ ਕਿਤਾਬਾਂ,ਅਖਬਾਰਾਂ ਅਤੇ ਮੈਗਜ਼ੀਨਾਂ ਤੋਂ ਰੇਡੀਓ ਅਤੇ ਟੈਲੀਵਿਜਨ ਤੱਕ ਪੰਜਾਬੀ ਸਾਹਿਤ ਦਾ ਪਸਾਰ ਹੋਣ ਤੋਂ ਬਾਅਦ, ਹੁਣ ਜੋ ਇੱਕ ਇੱਕ ਤੇਜੀ ਨਾਲ ਵਾਪਰੀ ਤਬਦੀਲੀ ਹੈ ਉਹ ਹੈ ਆਨ ਲਾਇਨ ਮੀਡੀਆ ਜਾਂ ਜਿਸ ਨੂੰ ਅੱਜ ਨਿਊ ਮੀਡੀਆ ਕਿਹਾ ਜਾ ਰਿਹਾ ਹੈ। ਇੰਟਰਨੈੱਟ ਦੇ ਤੇਜ਼ੀ ਨਾਲ ਹੋਏ ਵਿਕਾਸ ਅਤੇ ਪਸਾਰ ਦੇ ਇਸ ਦੌਰ ਵਿਚ ਇੰਟਰਨੈੱਟ ਉੱਪਰ ਪੰਜਾਬੀ ਸਾਹਿਤ ਦੀ ਇੱਕ ਬਿਜਲਈ ਸੱਥ ਵੀ ਸਥਾਪਿਤ ਹੋ ਚੁੱਕੀ ਹੈ। ਜਿਸ ਵਿਚ ਵੱਖ ਵੱਖ ਬਲੋਗਸ, ਵੈਬ-ਸਾਇਟ, ਫੇਸਬੁੱਕ ਅਤੇ ਕਈ ਹੋਰ ਸੋਸ਼ਲ ਨੈੱਟਵਰਕ ਪੰਜਾਬੀ ਸਾਹਿਤਕਾਰੀ ਦੇ ਖੇਤਰ ਵਿਚ ਇੱਕ ਮੰਚ ਦੇ ਤੌਰ ’ਤੇ ਵਰਤੇ ਜਾ ਰਹੇ ਹਨ। ਕੁਝ ਬਲੋਗਸ ਅਤੇ ਵੈਬ ਸਾਇਟਾਂ ਦੇ ਵਿਜਟਰਾਂ ਦੀ ਗਿਣਤੀ ਤਾਂ ਹਜਾਰਾਂ ਵਿਚ ਨਹੀ ਲੱਖਾਂ ਵਿਚ ਵੀ ਹੈ।ਬਹੁਤ ਸਾਰੇ ਨਾਮਵਰ ਮੈਗਜ਼ੀਨ ਅਤੇ ਅਖਬਾਰ ਵੀ ਹੁਣ ਆਨ ਲਾਇਨ ਹੀ ਪੜੇ ਜਾ ਸਕਦੇ ਹਨ। ਬਹੁਤ ਸਾਰੀਆਂ ਕਿਤਾਬਾਂ ਆਨ ਲਾਇਨ ਹੀ ਮਿਲ ਜਾਂਦੀਆਂ ਹਨ। ਸੋਸ਼ਲ ਨੈੱਟਵਰਕਾਂ ਅਤੇ ਲੇਖਕਾਂ ਦੇ ਨਿੱਜੀ ਬਲੋਗਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਪੜਨਾ ਹੁਣ ਸੌਖਾ ਹੋ ਗਿਆ ਹੈ।
ਚਲੋ ਖੈਰ ਇਹ ਇਸ ਲੇਖ ਦਾ ਵਿਸ਼ਾ ਨਹੀਂ ਕਿ ਇਸ ਨਾਲ ਹੋਰ ਕੀ ਕੀ ਲਾਭ ਜਾਂ ਨੁਕਸਾਨ ਹੋਏ ਹਨ। ਇਸ ਲੇਖ ਦਾ ਵਿਸਾ ਸਿਰਫ ਇਸ ਨਿਊ ਮੀਡੀਆ ਵਿਚ ਵਿਚਰ ਰਹੇ ਲੇਖਕਾਂ ਅਤੇ ਪਠਾਕਾਂ ਦੇ ਪੰਜਾਬੀ ਸਾਹਿਤ ਪ੍ਰਤੀ ਨਜ਼ਰੀਏ ਅਤੇ ਉਨ੍ਹਾਂ ਦੀ ਜਮਾਤੀ ਪੁਜੀਸ਼ਨ ਬਾਰੇ ਕੁਝ ਸੀਮਿਤ ਵਿਚਾਰ ਸਾਂਝੇ ਕਰਨਾ ਹੀ ਹੈ।
ਜਦ ਵੀ ਕਿਸੇ ਲੇਖਕ ਦੀ ਕੋਈ ਵੀ ਲਿਖਤ ਕਿਸੇ ਕਿਤਾਬ ਦੇ ਰੂਪ ਵਿਚ ਜਾਂ ਅਖਬਾਰਾਂ ਮੈਗਜ਼ੀਨਾਂ ਵਿਚ ਛਪਦੀ ਸੀ ਤਾਂ ਉਸ ਬਾਰੇ ਪ੍ਰਤੀਕਰਮ ਲਈ ਲੇਖਕ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਬਹੁਤੇ ਮੇਰੇ ਵਰਗੇ ਆਲਸੀ ਸਿਰਫ ਪੜਨ ਤੱਕ ਹੀ ਸੀਮਿਤ ਰਹਿੰਦੇ ਅਤੇ ਉਸ ਬਾਰੇ ਵਿਚਾਰ ਲਿਖ ਕੇ ਲੇਖਕ ਨੂੰ ਭੇਜਣ ਦਾ ਕਸ਼ਟ ਨਾ ਹੀ ਕਰਦੇ। ਹਾਂ ਉਹ ਜ਼ਰੂਰ ਵਾਹ ਵਾਹ ਲਿਖ ਕੇ ਭੇਜਣ ਦੀ ਕਾਹਲ ਕਰਦੇ, ਜਿਨ੍ਹਾਂ ਨੇ ਉਸ ਦੇ ਇਵਜ ਵਿਚ ਆਪਣੀਆ ਲਿਖਤਾਂ ਲਈ ਵੀ ਇਸੇ ਸੌਗਾਤ ਦੀ ਬੇਸਬਰੀ ਨਾਲ ਉਡੀਕ ਕਰਨੀ ਹੁੰਦੀ ਸੀ,ਜੇ ਕੋਈ ਸਿਰ ਫਿਰਿਆ ਅਲੋਚਨਾ ਕਰਦਾ ਵੀ ਤਾਂ ਉਹ ਉਸ ਲੇਖਕ ਅਤੇ ਅਲੋਚਕ ਅਤੇ ਉਨ੍ਹਾਂ ਦੇ ਕੁਝ ਕਰੀਬੀਆਂ ਤੱਕ ਹੀ ਸੀਮਿਤ ਰਹਿ ਜਾਂਦੀ ਸੀ। ਜੋ ਹਰ ਲੇਖਕ ਲਈ ਇੱਕ ਸਪੇਸ ਸੀ। ਬਾਕੀ ਇੱਕ ਗੱਲ ਤਾਂ ਹਰ ਇੱਕ ਨੂੰ ਪਤਾ ਹੀ ਹੈ ਕਿ ਪੰਜਾਬੀ ਵਿਚ ਬੁਨਿਆਦੀ ਸਾਹਿਤ ਬਹੁਤ ਘੱਟ ਹੀ ਛਪਦਾ ਹੈ ਕਿਉ ਕਿ ਬੁਨਿਆਦੀ ਸਾਹਿਤਕਾਰ ਕੋਲ ਕਦੇ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਖਰੜੇ ਨੂੰ ਛਪਵਾ ਸਕੇ,ਪਬਲੀਸ਼ਰ ਬਿਨਾਂ ਪੈਸਿਆਂ ਤੋਂ ਕਿਤਾਬ ਛਾਪਦੇ ਨਹੀਂ,ਨਾਲੇ ਕਿਸੇ ਨੂੰ ਕੀ ਲੋੜ ਹੈ ਕਿ ਪਹਿਲਾਂ ਕੋਈ ਬੁਨਿਆਦੀ ਸਾਹਿਤ ਲਿਖਣ ਤੇ ਆਪਣਾ ਖੂਨ ਸਾੜੇ ਅਤੇ ਫਿਰ ਛਪਵਾਉਣ ਲਈ ਆਪਣਾ ਝੁੱਗਾ ਸਾੜੇ। ਜਿਹੜੇ “ਲੇਖਕ“ ਵੀਹ ਤੀਹ ਹਜ਼ਾਰ ਖਰਚਾ ਸਕਦੇ ਹਨ ਉਹ ਕੱਚਾ ਪਿਲਾ ਬੇ-ਦਲੀਲਾ ਜਿਥੋ ਮਰਜੀ ਜਿਸ ਮਰਜੀ ਨਾਮਵਾਰ ਪ੍ਰਕਾਸ਼ਕ ਤੋਂ ਛਪਵਾ ਸਕਦੇ ਸਨ, ਯੂਨੀਵਰਿਸਟੀਆਂ ਅਤੇ ਭਾਸ਼ਾ ਵਿਭਾਗ ਨਾਲ ਸੰਬੰਧਿਤ ਲੇਖਕਾਂ ਨੂੰ ਇਹੋ ਜਿਹੀ ਕੋਈ ਮੁਸਕਿਲ ਹੈ ਨਹੀ ਸੋ ਉਨ੍ਹਾਂ ਨੂੰ ਇਸ ਮਸਲੇ ਤੇ “ਫਾਲਤੂ ਧਿਆਨ“ ਦੇਣ ਦੀ ਲੋੜ ਵੀ ਨਹੀਂ ਸੀ।ਪਰ ਨਵੇ ਮੀਡਿਆ ਵਿਚ ਵੀ ਪੰਜਾਬੀ ਸਾਹਿਤ ਦੇ ਇਹ ਕਾਬਲ “ਇੱਕ੍ਰਲਵਿਆ“ ਆਪਣਾ ਸਥਾਨ ਨਹੀਂ ਬਣਾ ਸਕੇ ਕਿਉਂ ਕਿ ਉਨ੍ਹਾਂ ਲਈ ਵੀਹ ਤੀਹ ਹਜਾਰ ਦਾ ਲੈਪਟੋਪ ਜਾਂ ਮਹੀਨੇ ਦਾ ਛੇ ਸੱਤ ਸੋ ਇੰਟਰਨੈੱਟ ਦਾ ਖਰਚਾ ਆਪਣਾ ਅੰਗੂਠਾ ਨਹੀਂ ਗੱਲ ਕੱਟ ਲੈਣ ਦੇ ਬਰਾਬਰ ਹੈ।ਇਸ ਤਰ੍ਹਾਂ ਉਹ ਲੋਕ ਜੋ ਪਾਸ,ਉਦਾਸੀ,ਦਿਲ ਦੇ ਸਾਹਿਤ ਦੇ ਅਸਲ ਵਾਰਿਸ ਸਨ,ਜੋ ਕਿਤੇ ਸਟੇਜ ਤੇ ਬੋਲਣ ਲਈ ਚੜ੍ਹਨ ਲੱਗੇ ਪਹਿਲਾਂ ਇਹ ਸੋਚਦੇ ਸਨ ਕਿ ਉਨ੍ਹਾਂ ਦੇ ਮਿੱਟੀ ਲਿਬ੍ਹੜੇ ਪੈਰਾਂ ਨਾਲ ਸਟੇਜ ਜਿਆਦਾ ਗੰਦੀ ਹੋਵੇਗੀ ਜਾਂ ਜੇ ਉਹ ਜੁੱਤੀ ਪਾ ਕੇ ਸਟੇਜ ਤੇ ਜਾ ਖੜੇ ਹੋਏ ਤਾਂ,ਪਰ ਜਦ ਉਹ ਬੋਲਦੇ ਹਨ ਤਾਂ ਉਹਨਾਂ ਸਬਦਾਂ ਵਿਚਲੀ ਗਰਮੀ ਕਿਸੇ ਭੱਠੇ ਤੋ ਘੱਟ ਨਹੀਂ ਹੁੰਦੀ, ਪੰਜਾਬੀ ਸਾਹਿਤ ਦੇ ਇਸ ਵਿਕਾਸ ਵਿਚੋਂ ਪੂਰੀ ਤਰ੍ਹਾਂ ਬੇਦਖਲ ਹੋ ਗਏ।
ਇਸ ਤਰ੍ਹਾਂ ਨਾਲ ਨਿਊ ਮੀਡਿਆ ਸਿਰਫ ਦੋ ਜਮਾਤਾਂ ਹੀ ਮੱਧ ਵਰਗ ਅਤੇ ਉੱਚ ਸਰਮਾਏਦਾਰੀ ਜਮਾਤ ਵਿਚ ਹੀ ਵੰਡ ਹੋ ਕੇ ਰਹਿ ਗਿਆ।ਸਰਮਾਏਦਾਰ ਜਮਾਤ ਜਿਥੇ ਆਪਣੇ ਪੱਖ ਵਿਚ ਬਿਲਕੁਲ ਨਿਰੋਲ ਖੜੀ ਹੈ ਕਿ ਕਲਾ ਸਿਰਫ ਕਲਾ ਲਈ, ਸਭਿਆਚਾਰ ਕਲਾਤਮਿਕਤਾ ਦੀਆਂ ਸੁਪਨਮਈ ਝਿਲਮਿਲਾ ਅਤੇ ਅੰਬਰਾਂ ਤੋ ਇਨ੍ਹਾਂ ਦੀ ਉਲਟੀ ਖੋਪੜੀ ਵਿਚ ਉਤਰਦੀ ਪਰਲੋਕਿਕ ਸੋਚ ਹੀ ਸੱਚਾ ਤੇ ਸੁੱਚਾ ਤੇ ਸਾਹਕਾਰ ਸਾਹਿਤ ਹੈ।ਉਹ ਕਲਪਨਾ ਦੀਆਂ ਉਡਾਰੀਆਂ ਤੋ ਜੇ ਕਦੇ ਧਰਾਤਲ ਵਲ ਆਉਂਦੇ ਵੀ ਹਨ ਤਾਂ ਜ਼ਿਆਦਾ ਤੋਂ ਜ਼ਿਆਦਾ ਉਪਦੇਸਵਾਦ ਦੀਆਂ ਸੁੱਕੀਆਂ ਝੀਲਾਂ ਤੱਕ ਜਾਂ ਫਿਰ ਸੁਧਾਰਵਾਦ ਦੇ ਖੰਡਰ ਤੱਕ, ਸਿੱਧੇ ਸਬਦਾਂ ਵਿਚ ਕਹੀਏ ਤਾਂ ਇਹ ਸਾਹਿਤ ਦੀ ਸਿਰਜਨਾ ਨਹੀਂ ਕਰਦੇ ਇਨ੍ਹਾਂ ਨੂੰ ਇਲਹਾਮ ਹੁੰਦਾ ਹੈ, ਸਿਰਜਨਾ ਲਈ ਖਿਆਲ ਇਹਨਾਂ ਨੂੰ ਅੰਬਰੋਂ ਉੱਤਰਦੇ ਹਨ ਕਦੇ ਸਮਾਜ ਵਿਚ ਵਪਾਰ ਰਿਹੀਆਂ ਘਟਨਾਵਾ ਤੋ ਨਹੀ ਆਉਂਦੇ। ਇਸ ਲਈ ਉਹਨਾਂ ਦੇ ਸਾਹਿਤ ਵੀ ਸਮਾਜ ਨਾਲ ਕੋਈ ਵਾਹ ਵਾਸਤਾ ਨਹੀਂ ਹੀ ਹੈ।ਉਹ ਸਿਰਫ ਤੇ ਸਿਰਫ ਮੱਧ ਵਰਗ ਨਿਮਨ ਵਰਗ ਨੂੰ ਕਲਾ ਦੀਆਂ “ਖੂਬਸੂਰਤ“ ਭੁਲਾਂਦਰਮਈ ਖੁਸੀਆਂ ਵਿਚ ਲਪੇਟੀ ਰੱਖਣਾ ਚਾਹੁੰਦੇ ਹਨ।
ਦੂਸਰੇ ਪਾਸੇ ਮੱਧ ਵਰਗ ਜਿਸ ਦਾ ਹਮੇਸ਼ਾ ਭਟਕਾ ਹਵਾਂ ਵਿਚ ਲਟਕਦੇ ਪੈਡ੍ਰਲਮ ਵਾਂਗ ਕਦੇ ਨਿਮਨ ਵਰਗ ਵੱਲ ਹੁੰਦਾ ਹੈ ਅਤੇ ਕਦੇ ਉਚ ਵਰਗ ਵੱਲ ,ਜਦ ਉਹ ਨਿਮਨ ਵਰਗ ਵੱਲ ਝੁਕਿਆ ਹੁੰਦਾ ਹੈ ਤਾਂ ਉਸ ਦਾ ਬੇ-ਮੁਹਾਰਾ ਜਜ੍ਰਬਾ ਜੋ ਕਿ ਇੱਕ ਅਤਿ ਖੱਬੇ ਪੱਖੀ ਭਟਕਾ ਦਾ ਸਕਾਰ ਵੀ ਹੁੰਦਾ ਹੈ ਅਤੇ ਉਸ ਵਿਚ ਮਾਰ੍ਰਕੇਬਾਜੀ ਵਾਲੀ ਹੀਰੋਇਜਮ ਦੀ ਭਾਵਨਾ ਵੀ ਹੁੰਦੀ ਹੈ । ਜੋ ਹਰ ਹੀਲੇ ਮਜਦੂਰ ਵਰਗ ਨਾਲ ਖੜਨਾ ਤਾਂ ਲੋਚਦਾ ਹੈ ਅਤੇ ਸਮਾਜ ਵਿਚਲੇ ਜਮਾਤੀ ਵਿਰੋਧਾਂ ਪ੍ਰਤੀ ਵੀ ਸੁਚੇਤ ਹੁੰਦਾ ਹੈ ਪਰ ਫਿਰ ਵੀ ਨਿਮਨ ਵਰਗ ਦੀ ਅਗਵਾਈ ਵਿਚ ਚਲਣ ਲਈ ਹਮੇਸਾ ਹੀ ਜੱਕਾ ਤੱਕਾ ਵਿਚ ਹੀ ਰਹਿੰਦਾ ਹੈ। ਪਰ ਇਸ ਸਭ ਦੇ ਬਾਵਜੂਦ ਵੀ ਇਸ ਵਰਗ ਦੁਆਰਾ ਸਿਰਜਿਆ ਸਾਹਿਤ ਬੇਸ਼ੱਕ ਕੁਝ ਕੁਝ ਅਰ੍ਰਜਿਕਤਾਵਾਦੀ ਵੀ ਹੋਵੇ ਪਰ ਫਿਰ ਵੀ ਬਹੁਤਾਂ ਕਰਕੇ ਲੋਕਪੱਖੀ ਅਤੇ ਸਮਾਜ ਵਿਚਲੇ ਯਥਾਰਥ ਦੇ ਧਰਾਤਲ ਨਾਲ ਜੁੜਿਆ ਹੁੰਦਾ ਹੈ।ਨਿਊ ਮੀਡੀਆ ਵਿਚ ਇਹੋ ਜਿਹੇ ਕਾਫੀ ਲੇਖਕ ਮੌਜੂਦ ਹਨ ਜੇ ਇਹ ਵੀ ਕਹਿ ਲਈਏ ਕਿ ਉਹ ਬੁਹ-ਗਿਣਤੀ ਹਨ ਤਾਂ ਸ਼ਾਇਦ ਇਹ ਗਲਤ ਨਹੀ ਹੋਵੇਗਾ। ਇਸੇ ਮੱਧ ਵਰਗ ਵਿਚ ਇੱਕ ਵਰਗ ਉਹ ਵੀ ਹੈ ਜੋ ਉੱਚ ਵਰਗ ਵਿਚ ਰਲਣ ਲਈ ਕਾਹਲਾ ਹੈ, ਸਰਮਾਏਦਾਰ ਵਰਗ ਦਾ ਕੌਲੀ ਚੱਟ ਯਾਰ ਉਸ ਵੱਲੋ ਦਿੱਤੇ “ਅੰਲਕਾਰਾਂ“ ਨੂੰ ਸਾਹਿਤ ਵਿਚ ਢਾਲਣ ਲਈ ਹਮੇਸਾ ਤਿਆਰ ਹੈ,ਇਹ ਉਚ ਵਰਗ ਦੀ ਸੰਗਲੀ ਨਾਲ ਬੱਝਾ ਉਹ ਕੁੱਤਾ ਹੈ ਜੋ ਨਿਮਨ ਵਰਗ ਵੱਲ ਝੁਕੇ ਹੋਏ ਲੇਖਕਾਂ ਦੀਆਂ ਲੱਤਾਂ ਵੱਢਣ ਨੂੰ ਹਮੇਸ਼ਾਂ ਹਲਕਿਆ ਰਹਿੰਦਾ ਹੈ।
ਇਸ ਨਿਊ ਮੀਡੀਆ ਵਿਚ ਪੈਦਾ ਹੋਇਆ ਇੱਕ ਹੋਰ ਵਰਗ ਵੀ ਹੈ,ਉਹ ਹੈ ਸਰਮਾਏਦਾਰੀ ਦਾ ਝਾੜੂ ਬਰਦਾਰ ਸਾਬਤ ਹੋ ਰਿਹਾ ਸਮਝੌਤਾਵਾਦੀ ਵਰਗ,ਜੋ ਜਮਾਤੀ ਪੁਜੀਸ਼ਨ ਦੇ ਸਵਾਲ ਤੋ ਬਿਲਕੁਲ ਅਣਜਾਨ ਸਮਾਜ ਦੇ ਸਮਝੋਤਾ ਰਹਿਤ ਵਿਰੋਧਾਂ ਨੂੰ ਸਮਝੋਤਿਆ ਰਾਹੀ ਖਤਮ ਕਰਨ ਦੀਆਂ “ਅਕਲਮੰਦੀ“ ਦੀਆਂ ਕਾਰਵਾਈਆਂ ਵਿਚ ਲੱਗਾ ਉਚ ਵਰਗ ਦਾ ਆਗਿਆਕਾਰੀ ਪੁੱਤ ਸਾਬਤ ਹੋ ਰਿਹਾ ਹੈ।ਉਹ ਸਮਝੌਤੇ ਲਈ ਅਕਸਰ ਹੀ ਮਾਨਵਤਾ ਅਤੇ ਕਈ ਤਰ੍ਹਾ ਦੇ ਹੋਰ ਦਰਦਮਈ ਵੈਣ ਪਾ ਪਾ ਕੇ ਨੈਤਕਿਤਾ ਸਭਿਆਚਾਰ ਅਤੇ ਕਈ ਹੋਰ ਕਦਰਾਂ ਕੀਮਤਾਂ ਦੀਆਂ ਦੁਹਾਈਆ ਪਾਉਂਦਾ ਰਹਿੰਦਾ ਹੈ ਤਾਂ ਕਿ ਉਸ ਦੀ “ਜਿਉਂ ਦੀ ਤਿਉਂ“ ਇੱਕ “ਮਹਾਨਤਾਂ“ ਬਣੀ ਰਹੇ. ਜਮਾਤੀ ਵਿਰੋਧਤਾਈਆਂ ਦਾ ਸਵਾਲ ਉਸ ਲਈ ਬਿਲਕੁਲ ਇੰਝ ਹੈ ਜਿਵੇ ਕਿਸੇ ਦਸਵੀ ਕਲਾਸ ਦੇ ਵਿਦਿਆਰਥੀ ਲਈ ਇਨਟੈਗਰਲ ਜਾਂ ਡਿਫੈਸੀਏਟ ਦਾ ਕੋਈ ਸਵਾਲ ਜੋ ਉਸ ਦੀ ਸਮਝ ਤੋ ਬਾਹਰ ਦੀ ਗੱਲ ਹੈ, ਇਹ ਵਰਗ ਇਸ ਨੂੰ ਜਮਾ ਜਾਂ ਘਟਾਓ ਦਾ ਕੋਈ ਮਾਮੂਲੀ ਸਵਾਲ ਸਮਝ ਸਮਝੌਤਾ ਵਾਦੀ ਫਾਰਮੂਲੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
ਇਹ ਜਮਾਤੀ ਵਿਰੋਧਤਾਈਆਂ ਅੱਜਕਲ ਪੰਜਾਬੀ ਦੀ ਬਿਜਲਈ ਸੱਥ ਵਿਚ ਸਾਫ ਤੌਰ ’ਤੇ ਉਭਰ ਕੇ ਸਾਹਮਣੇ ਆ ਗਈਆਂ ਹਨ। ਜਿਥੇ ਹੁਣ ਇਹ ਸਮਝੌਤਾ ਰਹਿਤ ਵਿਰੋਧ ਉਚ ਵਰਗ ਅਤੇ ਉਸ ਦੇ ਜੁੱਤੀ ਚੱਟ ਉਪਾਸਕਾ ਦੇ ਸਬਦਾਂ ਵਿਚ ਕਹੀਏ ਤਾਂ “ਮਾਨਵਤਾ“ ਵਿਚ ਦਰਾੜ ਪਾ ਰਹੇ ਹਨ।
ਇਸ ਨਵੇ ਮੀਡੀਆ ਵਿਚ ਇੱਕ ਜੋ ਹੋਰ ਖਾਸ ਗੱਲ ਹੈ ਕਿ ਇਸ ਵਿਚ ਸਪੇਸ ਬਹੁਤ ਹੀ ਘੱਟ ਹੈ,ਕੁਝ ਵੀ ਲਿਖਿਆ ਜਾਵੇ ਉਸ ਤੇ ਚਰਚਾ ਹੁੰਦੀ ਹੈ ਉਸ ਵਿਚਲੇ ਕਮਜ਼ੋਰ ਪੱਖ ਦੀ ਚੰਗੀ ਤਰ੍ਹਾਂ ਖਿਚਾਈ ਹੁੰਦੀ ਹੈ,ਜੋ ਆਪਣੀ ਆਪਣੀ ਜਮਾਤੀ ਪੋਜੀਸ਼ਨ ਤੇ ਖੜੇ ਲੇਖਕਾਂ ਵੱਲੋ ਕੀਤੀ ਜਾਂਦੀ ਹੈ।ਸੋ ਟਕਰਾ ਹੋਣੇ ਸੁਭਾਵਿਕ ਹਨ, ਪਰ ਸਾਡੇ ਬਹੁਤ ਪੰਜਾਬੀ ਦੇ ਲੇਖਕ ਇਸ ਤਰ੍ਹਾ ਦੀ ਆਲੋਚਨਾ ਦੇ ਆਦੀ ਨਹੀਂ ਹਨ ਉਹਨਾਂ ਨੇ ਤਾਂ ਸਿਰਫ ਵਾਹ ਵਾਹ ਦੀਆਂ ਮਿਠਈਆਂ ਹੀ ਛੱਕੀਆਂ ਹੁੰਦੀਆਂ ਹਨ.ਇਸ ਲਈ ਉਹਨਾਂ ਲਈ ਹੁਣ ਅਲੋਚਨਾਂ ਤੇ ਵੀ ਪਾਬੰਦੀ ਲਾਉਣੀ ਸ਼ਾਇਦ ਜ਼ਰੂਰੀ ਹੋ ਗਈ ਹੈ ਕੁਝ ਕੁ ਲੇਖਕਾਂ ਵੱਲੋ ਤਾਂ ਪਿਛਲੇ ਦਿਨੀ ਇਸ ਬਾਰੇ ਫਤਵੇ ਜਾਰੀ ਵੀ ਕਰ ਦਿੱਤੇ ਗਏ ਹਨ।
ਸੋ ਅਖੀਰ ਵਿਚ ਸਿਰਫ ਇਹਨਾਂ ਹੀ ਕਿ ਉਚ ਵਰਗ ਦੇ ਜੁੱਤੀ ਚੱਟ ਅਤੇ ਲੋਕ ਪੱਖੀ ਲੇਖਕਾਂ ਵਿਚ ਇਹ ਖਿਚੋਤਾਣ ਅਤੇ ਵਿਰੋਧਤਾਈ ਦਾ ਬਣੇ ਰਹਿਣਾ ਸੁਭਾਵਿਕ ਹੈ ਅਤੇ ਇਸ ਵਿਚ ਸਮਝੋਤੇ ਲਈ ਪੁੱਟਿਆ ਗਿਆ ਹਰ ਕਦਮ ਪਿਛਾਹ ਖਿੱਚੂ ਹੀ ਹੋਵੇਗਾ।
ਸੰਪਰਕ: 98881-28634
d.verma
bakwas