Thu, 21 November 2024
Your Visitor Number :-   7252829
SuhisaverSuhisaver Suhisaver

ਪੰਜਾਬੀ ਬੋਲੀ ਦੀ ਕੌਮਾਂਤਰੀ ਪਛਾਣ ਕਿਵੇਂ ਮਜ਼ਬੂਤ ਹੋਵੇ?

Posted on:- 21-02-2020

suhisaver

ਕੈਨੇਡਾ ਤੋਂ ਡਾ. ਗੁਰਵਿੰਦਰ ਸਿੰਘ

ਕੈਨੇਡਾ ਤੋਂ ਪੰਜਾਬ ਫੇਰੀ ਲਈ ਹਵਾਈ ਟਿਕਟ ਖਰੀਦਣ ਵਾਸਤੇ ਵੈਨਕੂਵਰ ਦੀ ਇੱਕ ਟਰੈਵਲ ਏਜੰਸੀ ਦੇ ਦਫ਼ਤਰ ਜਾਣ ਦੀ ਲੋੜ ਪਈ । ਸਰਦੀਆਂ ਦੀ ਰੁੱਤ 'ਚ ਟਿਕਟਾਂ ਲੈਣ ਵਾਲਿਆਂ ਦੀ ਗਿਣਤੀ ਆਮ ਨਾਲੋਂ ਕਿਤੇ ਵੱਧ ਹੁੰਦੀ ਹੈ। ਹਰ ਖ਼ਰੀਦਦਾਰ ਦੇ ਮੁੱਖ ਸਵਾਲ ਲਗਭਗ ਇਕੋ - ਜਿਹੇ ਹੀ ਹੁੰਦੇ ਹਨ ਜਿਵੇਂ ਕਿ ਸਭ ਤੋਂ ਸਸਤੀ ਟਿਕਟ ਕਿਹੜੀ ਏਅਰ- ਲਾਈਨ ਦੀ ਹੈ? ਭਾਰ ਸਭ ਤੋਂ ਵੱਧ ਕਿਹੜੇ ਜਹਾਜ਼ 'ਚ ਜਾ ਸਕਦਾ ਹੈ? ਸ਼ਾਕਾਹਾਰੀ ਜਾਂ ਮਾਸਾਹਾਰੀ ਖਾਣ, ਬਜ਼ੁਰਗਾਂ ਲਈ ਪਹੀਆ- ਕੁਰਸੀ , ਰਾਹ 'ਚ ਘੱਟ ਰੁਕਣ ਦਾ ਸਮਾਂ ਅਤੇ ਸਭ ਤੋਂ ਛੇਤੀ ਦੇਸ਼ ਪਹੁੰਚਾਉਣ ਵਾਲੀ ਉਡਾਣ ਆਦਿ ਬਾਰੇ ਹਰ ਕੋਈ ਜ਼ਰੂਰ ਪੁੱਛਦਾ ਹੈ। ਆਪਣੀ ਵਾਰੀ ਆਉਣ 'ਤੇ ਮੈਂ ਪੁੱਛਿਆ ਕਿ ਕੀ ਕੋਈ ਏਅਰ- ਲਾਈਨ ਪੰਜਾਬੀ ਦੇ ਅਖ਼ਬਾਰ ਜਾਂ ਮੈਗਜ਼ੀਨ ਮੁਸਾਫਿਰਾਂ ਲਈ ਮੁਹੱਈਆ ਕਰਦੀ ਹੈ? ਸਫ਼ਰ ਦੌਰਾਨ ਪੰਜਾਬੀ ਸੰਗੀਤ ਜਾਂ ਪੰਜਾਬੀ ਰੇਡੀਓ ਲਈ ਕਿਸੇ ਜਹਾਜ਼ 'ਚ ਪ੍ਰਬੰਧ ਹੈ?

ਮੁਸਾਫਿਰਾਂ ਦੀ ਸਹੂਲਤ ਲਈ ਹੋਰਨਾਂ ਮੁੱਖ ਭਾਸ਼ਾਵਾਂ ਤੋਂ ਇਲਾਵਾ ਪੰਜਾਬੀ 'ਚ ਸੂਚਨਾਵਾਂ ਜਾਂ ਗੁਰਮੁਖੀ 'ਚ ਲਿਖਤੀ ਜਾਣਕਾਰੀ ਕਿਸੇ ਹਵਾਈ ਕੰਪਨੀ ਵੱਲੋਂ ਆਪਣੇ ਜਹਾਜ਼ਾਂ 'ਚ ਦਿੱਤੀ ਜਾਂਦੀ ਹੈ? ਅਜਿਹੀਆਂ ਮੰਗਾਂ ਬਾਰੇ ਸੁਣਨ ਮਗਰੋਂ ਟਰੈਵਲ ਏਜੰਟ ਨੇ ਮੁਸਕਰਾਉਂਦਿਆਂ ਕਿਹਾ ਕਿ ਜੇਕਰ ਇਹੋ ਜਿਹੀ ਏਅਰ - ਲਾਈਨ ਦੀਆਂ ਸੇਵਾਵਾਂ ਚਾਹੁੰਦੇ ਹੋ, ਤਾਂ ਇਸ ਵਾਸਤੇ ਉਦੋਂ ਤੱਕ ਇੰਤਜ਼ਾਰ ਕਰਨਾ ਪਏਗਾ ਜਦੋਂ ਤੱਕ ਹੋਰ ਸਾਰੇ ਪੰਜਾਬੀ ਵੀ ਅਜਿਹੀਆਂ ਲੋੜਾਂ ਮਹਿਸੂਸ ਨਹੀਂ ਕਰਦੇ। ਉਸ ਨੇ ਸਮਝਾਉਂਦਿਆਂ ਕਿਹਾ ਕਿ ਇੱਕ-ਅੱਧੇ ਬੰਦੇ ਦੀ ਮੰਗ ਨਾਲ ਏਅਰਲਈਨਾਂ ਅਜਿਹੀਆਂ ਸਹੂਲਤਾਂ ਨਹੀਂ ਦਿੰਦੀਆਂ। ਇਹ ਜਵਾਬ ਚਾਹੇ ਨਿਰਾਸ਼ ਕਰਨ ਵਾਲਾ ਸੀ, ਪਰੰਤੂ ਕੌੜਾ ਸੱਚ ਹੋਣ ਕਰਕੇ ਇਸ ਤੋਂ ਮੁਨਕਰ ਵੀ ਨਹੀ ਹੋਇਆ ਜਾ ਸਕਦਾ।

ਕੈਨੇਡਾ ਦੇ ਵੈਨਕੂਵਰ ਨੇੜਲੇ ਹੀ ਗੱਲ ਕਰੀਏ, ਤਾਂ ਹਰ ਸਾਲ ਇਕ ਲੱਖ ਤੋਂ ਵੱਧ ਪੰਜਾਬੀ ਵਤਨ ਗੇੜਾ ਮਾਰਦੇ ਹਨ। ਇਸ ਤਰ੍ਹਾਂ ਹੀ ਬਰੈਂਪਟਨ ਟੋਰਾਂਟੋ ਤੋਂ ਵੀ ਏਨੀ ਹੀ ਸੰਖਿਆ 'ਚ ਪੰਜਾਬੀ,ਪੰਜਾਬ ਚੱਕਰ ਲਗਾਉਣ ਜਾਂਦੇ ਹਨ। ਵੱਖ ਵੱਖ ਕੰਪਨੀਆਂ ਦੇ ਜਹਾਜ਼ ਪੰਜਾਬੀਆਂ ਨਾਲ ਨੱਕੋ- ਨੱਕ ਭਰੇ ਹੁੰਦੇ ਹਨ। ਇਨ੍ਹਾਂ ਏਅਰ ਲਾਈਨਾਂ 'ਚ ਅੱਧਿਓਂ ਵੱਧ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ। ਬ੍ਰਿਟਿਸ਼ ਏਅਰ ਵੇਅਜ਼ , ਕੈਥੇ ਪੈਸੇਫਿਕ , ਲੈਫਥਾਂਸਾ ਏਅਰ ਲਾਈਨਜ਼, ਏਅਰ ਇੰਡੀਆ, ਚੀਨੀ ਏਅਰਲਾਈਨਾਂ, ਅਮੀਰਾਤ, ਸਿੰਗਾਪੁਰ, ਕੁਅਲਾਲਪੁਰ, ਜਾਪਾਨ ਅਤੇ ਕਈ ਹੋਰ ਉਡਾਣਾਂ 'ਚ ਪੰਜਾਬੀਆਂ ਦੀ ਵੱਡੀ ਗਿਣਤੀ ਹੁੰਦੀ ਹੈ।

ਕੈਨੇਡਾ ਦੀ ਤਰ੍ਹਾਂ ਹੀ ਹੋਰਨਾਂ ਕਈ ਦੇਸ਼ਾਂ ਤੋਂ ਵੀ ਪੰਜਾਬੀ ਵੱਡੀ ਸੰਖਿਆ 'ਚ ਵੱਖ ਵੱਖ ਹਵਾਈ ਜਹਾਜ਼ਾਂ ਰਾਹੀ ਪੰਜਾਬ ਜਾਂਦੇ ਹਨ। ਜੇਕਰ ਅੱਜ ਕੈਨੇਡਾ 'ਚ ਪੰਜ ਲੱਖ ਸੱਠ ਹਜ਼ਾਰ ਤੋਂ ਵਧੇਰੇ ਪੰਜਾਬੀ ਬੋਲਣ ਵਾਲਿਆਂ ਦਾ ਨਾਂ , ਸਰਕਾਰੀ ਅੰਕੜਿਆਂ 'ਚ ਦਰਜ ਹਨ, ਤਾਂ ਇੰਗਲੈਂਡ 'ਚ ਵੀ ਸਰਕਾਰੀ ਗਿਣਤੀ ਵਜੋਂ ਪੰਜਾਬੀਆਂ ਨੂੰ ਤੀਜੀ ਥਾਂ ਹਾਸਿਲ ਹੈ। ਅਾਸਟਰੇਲੀਆਂ 'ਚ ਵੀ ਪ੍ਰਵਾਸੀ ਪੰਜਾਬੀ ਭਾਰਤ ਵਿਚੋਂ ਸਭ ਤੋਂ ਵੱਧ ਗਿਣਤੀ 'ਚ ਹਨ ਅਤੇ ਅਮਰੀਕਾ ਦੇ ਕੈਲੇਫੋਰਨੀਆ ਰਾਜ ਦਾ ਤਾਂ ਰੰਗ-ਰੂਪ ਹੀ ਪੰਜਾਬ ਵਰਗਾ ਬਣ ਚੁੱਕਿਆ ਹੈ। ਕਹਿਣ ਦਾ ਭਾਵ ਲੱਖਾਂ ਪੰਜਾਬੀ ਹਰ ਸਾਲ ਵਿਦੇਸ਼ੋਂ ਦੇਸ਼ ਵੱਲ ਜਾਂਦੇ ਅਤੇ ਫਿਰ ਪੰਜਾਬ ਤੋਂ ਪਰਦੇਸੀ ਵਾਪਿਸ ਪਰਤਦੇ ਹਨ। ਸੈਂਕੜੇ ਕਰੋੜਾਂ ਰੁਪਏ ਦੀਆਂ ਹਵਾਈ ਟਿਕਟਾਂ ਦਾ ਭਾੜਾ ਪੰਜਾਬੀਆਂ ਦੀਆਂ ਜੇਬਾਂ 'ਚੋਂ ਜਾਂਦਾ ਹੈ। ਬਹੁਤ ਸਾਰੀਆਂ ਏਅਰ ਲਾਈਨਾਂ ਪੰਜਾਬੀਆਂ ਦੇ ਸਿਰ 'ਤੇ ਹੀ ਚਲਦੀਆਂ ਹਨ। ਉਂਞ ਇਸ ਗੱਲ ਦਾ ਅਫ਼ਸੋਸ ਜਰੂਰ ਹੈ ਕਿ ਪੰਜਾਬੀਆਂ ਦੇ ਆਪਣੇ ਨਾਂ ਹੇਠ ਇਕ ਵੀ ਏਅਰ - ਕੰਪਨੀ ਸਥਾਪਿਤ ਨਹੀਂ ਹੋ ਸਕੀ, ਚਾਹੇ ਦਰਜਨਾਂ ਮੁਲਕਾਂ 'ਚ ਪੰਜਾਬੀਆਂ ਦੀ ਬਦੌਲਤ ਅਜਿਹੇ ਵਪਾਰ ਸਫ਼ਲ ਹੋਏ ਹਨ। ਸੱਚ ਇਹ ਹੈ ਕਿ ਜੇਕਰ ਕਿਸੇ ਪੰਜਾਬੀ ਅਦਾਰੇ ਵੱਲੋਂ ਸਰਕਾਰੀ ਜਾਂ ਨਿੱਜੀ ਤੌਰ 'ਤੇ ਪੰਜਾਬੀ ਏਅਰਲਾਈਨ ਦਾ ਸੁਪਨਾ ਸਾਕਾਰ ਕੀਤਾ ਜਾਂਦਾ ਹੈ' ਤਾਂ ਇਹ ਯਤਨ ਕੌਮਾਂਤਰੀ ਪੱਧਰ 'ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਮਜ਼ਬੂਤ ਆਧਾਰ ਹੋ ਨਿੱਬੜੇਗਾ।

ਵਿਸ਼ਵ ਭਰ 'ਚ 21 ਫਰਵਰੀ ਨੂੰ ਲੋਕ, ਮਾਂ ਬੋਲੀ ਦਿਹਾੜੇ ਵਜੋਂ ਮਨਾਉਂਦਿਆਂ, ਕੋਈ ਨਾ ਕੋਈ ਅਜਿਹਾ ਸੰਕਲਪ ਲੈਂਦੇ ਹਨ , ਜਿਸ 'ਤੇ ਸਾਲ ਭਰ ਕੰਮ ਕਰਕੇ ਉਹ ਆਪਣੀ ਬੋਲੀ ਨੂੰ ਪ੍ਰਫੁੱਲਤ ਕਰਨ 'ਚ ਬਣਦਾ ਹਿੱਸਾ ਪਾ ਸਕਣ। ਅੰਤਰ ਰਾਸ਼ਟਰੀ ਮਾਂ - ਬੋਲੀ ਦਿਹਾੜੇ 'ਤੇ ਇਸ ਵਾਰ ਪੰਜਾਬੀ ਜੇਕਰ ਹਵਾਈ ਉਡਾਣਾਂ ਰਾਹੀਂ ਹੀ ਪੰਜਾਬੀ ਦੀ ਕੌਮਾਂਤਰੀ ਪਛਾਣ ਦਾ ਪ੍ਰਣ ਕਰ ਲੈਣ , ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਅਹਿਮ ਦੇਣ ਹੋਵੇਗੀ। ਇਸ ਸਬੰਧ 'ਚ ਜ਼ਿੰਮੇਵਾਰੀ ਵਿਅਕਤੀਗਤ ਤੇ ਸੰਸਥਾਗਤ, ਸਰਕਾਰੀ ਤੇ ਗੈਰ- ਸਰਕਾਰੀ ਭਾਵ ਹਰ ਪੱਧਰ 'ਤੇ ਨਿਭਾਉਣੀ ਹੋਵੇਗੀ। ਪੰਜਾਬ ਤੋਂ ਵਿਦੇਸ਼ ਜਾਣ ਵਾਲਿਆਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਦਾ ਪ੍ਰਗਟਾਵਾ ਕਰਨਾ ਪਵੇਗਾ। ਪੰਜਾਬੀ ਅਖਵਾਉਣ ਵਾਲਿਆਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਕੀ ਉਹ ਨਹੀ ਚਾਹੁੰਦੇ ਕਿ ਉਨ੍ਹਾਂ ਨੂੰ ਹਵਾਈ ਜਹਾਜ਼ 'ਚ ਪੰਜਾਬੀ 'ਚ ਜਾਣਕਾਰੀ ਮਿਲੇ , ਪੰਜਾਬੀ ਸੰਗੀਤ ਸੁਣਨ ਨੂੰ ਤੇ ਪੰਜਾਬੀ ਫਿਲਮਾਂ ਵੇਖਣ ਨੂੰ ਮਿਲਣ? ਕੀ ਇਹ ਚੰਗਾ ਨਹੀਂ ਹੋਵੇਗਾ ਕਿ ਜਹਾਜ਼ਾ 'ਚ ਦਾਖਲ ਹੋਣ ਵੇਲੇ ਉਨ੍ਹਾਂ ਦੇ ਹੱਥ 'ਚ ਅੰਗਰੇਜ਼ੀ ਜਾਂ ਹੋਰ ਭਾਸ਼ਾ ਤੋਂ ਇਲਾਵਾ ਪੰਜਾਬੀ ਦਾ ਰੋਜ਼ਾਨਾ ਅਖ਼ਬਾਰ ਵੀ ਫੜਾਇਆ ਜਾਵੇ ਤੇ ਪੰਜਾਬੀ ਮੈਗਜ਼ੀਨ ਹਰ ਸੀਟ ਦੀ ਪਿਛਲੀ ਜੇਬ 'ਚ ਪਿਆ ਹੋਵੇ। ਕੀ ਇਸ ਨਾਲ ਸੌਖ ਨਹੀਂ ਹੋਵੇਗੀ ਜੇਕਰ ਕੋਈ ਨਾ ਕੋਈ ਪੰਜਾਬੀ ਬੋਲਣ ਵਾਲੀ ਏਅਰ- ਹੋਸਟਸ ਵੀ ਹਵਾਈ ਅਮਲੇ 'ਚ ਸ਼ਾਮਿਲ ਹੋ ਕੇ ਮੁਸਾਫਿਰਾਂ ਨਾਲ ਤਾਲਮੇਲ ਬਣਾਏ ਤੇ ਬੋਲ ਕੇ ਜਾਣਕਾਰੀ ਦੇਣ ਵੇਲੇ ਵੀ ਪੰਜਾਬੀ ਸਵਾਰੀਆਂ ਦੀ ਲੋੜ ਨੂੰ ਧਿਆਨ 'ਚ ਰੱਖਿਆ ਜਾਵੇ। ਇਨ੍ਹਾਂ ਸਵਾਲਾਂ ਦੇ ਹੱਲ ਬਹੁਤੇ ਔਖੇ ਨਹੀਂ, ਬਲਕਿ ਸੁਲਝੇ ਰੂਪ 'ਚ ਆਸਾਨੀ ਨਾਲ ਕੱਢੇ ਜਾ ਸਕਦੇ ਹਨ।

ਲੋੜ ਭਾਵਨਾ, ਦ੍ਰਿੜਤਾ ਅਤੇ ਮਾਂ- ਬੋਲੀ ਪ੍ਰਤੀ ਅਥਾਹ ਮੁਹੱਬਤ ਦੀ ਹੈ। ਇਹ ਸੱਚ ਹੈ ਕਿ ਕਹਿਣ ਨੂੰ ਤਾਂ ਅਸੀਂ ਸਾਰੇ ਪੰਜਾਬੀ ਪ੍ਰੇਮੀ ਤੇ ਸੇਵਾਦਾਰ ਹੋਣ ਦਾ ਦਾਅਵਾ ਕਰਦੇ ਹਾਂ, ਪਰ ਨਿਜੀ ਫਾਇਦੇ ਤੇ ਲਾਲਚ ਲਈ ਅਸੀਂ ਮਾਂ-ਬੋਲੀ ਨੂੰ ਵਿਸਾਰਨ 'ਚ ਇਕ ਪਲ ਵੀਂ ਨਹੀਂ ਲਾਉਂਦੇ। ਬੱਸ 'ਚ ਇਕ ਮੁਸਾਫਿਰ ਵੱਲੋਂ ਤਿੰਨ ਰੁਪਏ 'ਚ ਖਰੀਦੇ ਪੰਜਾਬੀ ਅਖ਼ਬਾਰ ਨਾਲ ਸਾਰੇ ਹੀ ਮੁਸਾਫਿਰ ਡੰਗ ਸਾਰਨ ਨੂੰ ਫਿਰਦੇ ਮਿਲਦੇ ਹਨ। ਉਂਞ ਚਾਹੇ ਅੱਖਾਂ 'ਚ ਸੁਰਮਾ ਪਾਉਣ ਦੀ ਥਾਂ ਸੁਆਹ ਦੀ ਸ਼ੀਸ਼ੀ 'ਤੇ ਦਸ ਰੁਪਏ ਖਰਚ ਦੇਣ। ਇਹੀ ਹਾਲ ਵਿਦੇਸ਼ਾਂ 'ਚ ਵੀ ਹੈ ਜਿਥੇ ਕੋਈ ਵਿਰਲਾ ਪੰਜਾਬੀ ਅਖ਼ਬਾਰ ਮੁੱਲ ਵਿਕਦਾ ਹੈ, ਨਹੀਂ ਤਾਂ ਜ਼ਿਆਦਾਤਰ ਦੁਕਾਨਾਂ 'ਤੇ ਮੁਫ਼ਤ 'ਚ ਢੇਰਾਂ ਦੇ ਢੇਰ ਪਏ ਹੁੰਦੇ ਹਨ ਤੇ ਬੇਕਦਰੇ ਲੋਕ ਇਕ ਹੀ ਥਾਂ ਦੋ- ਦੋ ਚੁੱਕੇ ਕੇ ਲਿਜਾਂਦੇ ਹਨ। ਮੀਂਹ ਕਣੀ 'ਚ ਇਕ ਨਾਲ ਸਿਰ ਢੱਕਦੇ ਹਨ ਤੇ ਦੂਜੇ ਰਸੋਈ 'ਚ ਭਾਂੜਿਆਂ ਥੱਲੇ ਰੱਖਣ ਲਈ ਵਰਤਦੇ ਹਨ। ਇਉਂ ਹੀ ਜੇ ਅਸੀਂ ਨਿਜੀ ਮੁਫ਼ਾਦ ਜਾਂ ਲਾਲਚ ਦਾ ਤਿਆਗ ਨਾ ਕੀਤਾ , ਤਾਂ ਪੰਜਾਬੀ ਨੂੰ ਬੁਲੰਦੀ ਤੇ ਪਹੁੰਚਾਉਣ ਦੇ ਸੁਪਨੇ ਸਾਕਾਰ ਨਹੀਂ ਹੋਣਗੇ। ਜੇਕਰ ਪੰਜਾਬੀ ਸੋਚਣ ਕਿ ਹਵਾਈ ਜਹਾਜ਼ ਦੀਆਂ ਟਿਕਟਾਂ ਖਰੀਦਣ ਵੇਲੇ ਉਨ੍ਹਾਂ ਪੰਜਾਬੀ ਬੋਲੀ ਆਧਾਰਿਤ ਲੋੜਾਂ ਪੂਰੀਆਂ ਕਰਨ ਵਾਲੀ ਕੰਪਨੀ ਨੂੰ ਪਹਿਲਾ ਦੇਣੀ ਹੈ, ਚਾਹੇ ਇਸ ਵਾਸਤੇ ਉਨ੍ਹਾਂ ਨੂੰ ਕੀਮਤ ਕੁਝ ਵੱਧ ਹੀ ਕਿਉਂ ਨਾ ਦੇਣੀ ਪਵੇ, ਤਾਂ ਨਿਸ਼ਚੇ ਹੀ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ।

ਪੰਜਾਬੀਆਂ ਨੇ ਜਿੱਦਣ ਇਹ ਅਹਿਸਾਸ ਕਰਵਾ ਦਿੱਤਾ ਕਿ ਪੰਜਾਬੀ ਬੋਲੀ ਨਾਲ ਸਬੰਧਤ ਉਕਤ ਲੋੜਾਂ ਪੂਰੀਆਂ ਹੋਣ ਤੋਂ ਬਗੈਰ ਉਨ੍ਹਾਂ ਦਾ ਸਰ ਨਹੀਂ ਸਕਦਾ, ਤਾਂ ਯਕੀਨੀ ਤੌਰ 'ਤੇ ਉਸ ਵੇਲੇ ਤੋਂ ਹੀ ਸਥਿਤੀ ਬਲਦਣੀ ਸ਼ੁਰੂ ਹੋ ਜਾਵੇਗੀ। ਅੱਜ ਜੇਕਰ ਵੈਨਕੂਵਰ ਅੰਤਰ ਰਾਸ਼ਟਰੀ ਹਵਾਈ ਅੱਡੇ 'ਤੇ ਪੰਜਾਬੀ 'ਚ ਜਾਣਕਾਰੀ ਮਿਲਦੀ ਹੈ, ਤਾਂ ਇਸ ਦਾ ਕਾਰਨ ਲੋਕਾਂ ਦੀ ਮੰਗ ਤੇ ਲੋੜ ਅਨੁਸਾਰ ਸੁਵਿਧਾ ਪੂਰੀ ਕਰਨਾ ਹੈ। ਜੇਕਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਪੰਜਾਬੀ ਮੁਸਾਫਿਰਾਂ ਦੀ ਹਜ਼ਾਰਾਂ ਦੀ ਸੰਖਿਆ ਹੁੰਦਿਆਂ ਵੀ ਪੰਜਾਬੀ ਸੁਣਨ ਜਾਂ ਗੁਰਮੁਖੀ ਪੜ੍ਹਨ ਨੂੰ ਨਹੀਂ ਮਿਲਦੀ, ਤਾਂ ਇਸ ਦਾ ਕਾਰਨ ਪੰਜਾਬੀਆਂ ਵੱਲੋਂ ਆਪਣੀ ਮੰਗ ਮੰਨਵਾ ਨਾ ਸਕਣਾ ਜਾਂ ਸਮਝੌਤਾਵਾਦੀ ਹੋਣਾ ਹੈ।

ਸਮਝੌਤਿਆਂ ਨਾਲ ਡੰਗ ਹੀ ਟੱਪਦੇ ਹਨ , ਇਤਿਹਾਸ ਨਹੀਂ ਰਚੇ ਜਾਂਦੇ। ਦੂਸਰੇ ਪਾਸੇ ਜਿਹੜੀਆਂ ਸਰਕਾਰਾਂ ਕਿਸੇ ਕੌਮ ਦੀ ਬੋਲੀ ਨੂੰ ਲਾਗੂ ਕਰਨ ਤੋਂ ਡਰਦੀਆਂ ਹਨ, ਉਹ ਅਸਲ ਵਿੱਚ ਉਸ ਬੋਲੀ ਦੇ ਲੋਕਾਂ ਦੀ ਧਰਤੀ 'ਤੇ ਉੱਪਰ ਧੱਕੇ ਨਾਲ ਰਾਜ ਕਰ ਰਹੀਆਂ ਹੁੰਦੀਆਂ ਹਨ। ਇਹ ਵਿਚਾਰ ਕਿਸੇ ਸਮੇਂ ਪ੍ਰਸਿੱਧ ਕੁਰਦਿਸ਼ ਪੱਤਰਕਾਰ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਅਤੇ ਕੁਰਦਿਸ਼ ਲੋਕਾਂ ਦੇ ਲੇਖਕ ਮੁੂਸਾ ਅੰਤਰ (1 ਜਨਵਰੀ 1920 - 20 ਸਤੰਬਰ 1992), ਜਿਸ ਨੂੰ ਕੁਰਦਿਸ਼ ਲੋਕ ਪਿਆਰ ਅਤੇ ਸਤਿਕਾਰ ਨਾਲ ਸੰਬੋਧਨ ਕਰਦੇ ਹੋਏ ਏਪ ਮੂਸਾ ਭਾਵ ਮੂਸਾ ਅੰਕਲ ਆਖਦੇ ਸਨ, ਨੇ ਭਾਵਪੂਰਤ ਸ਼ਬਦਾਂ ਵਿੱਚ ਦਿੱਤਾ ਸੀ ਜੇਕਰ ਮੇਰੀ ਮਾਂ-ਬੋਲੀ ਤੋਂ ਤੁਹਾਡੇ ਰਾਜ ਨੂੰ ਖ਼ਤਰਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਰਾਜ ਮੇਰੀ ਧਰਤੀ 'ਤੇ ਉਸਾਰਿਆ ਹੈ।

ਅੱਜ ਜਿਹੜੀਆਂ ਫਾਸ਼ੀਵਾਦੀ ਤਾਕਤਾਂ 'ਇੱਕ ਰਾਸ਼ਟਰ ਇੱਕ ਭਾਸ਼ਾ' ਦਾ ਢੰਡੋਰਾ ਪਿੱਟਦੇ ਹੋਏ, ਪੰਜਾਬੀ ਤੋਂ ਖ਼ਤਰਾ ਮਹਿਸੂਸ ਕਰਦੀਆਂ ਹਨ, ਦਰਅਸਲ ਉਹ ਵੀ ਇਹ ਦਰਸਾ ਰਹੀਆਂ ਹਨ ਕਿ ਉਨ੍ਹਾਂ ਪੰਜਾਬੀਆਂ ਦੀ ਧਰਤੀ 'ਤੇ ਜਬਰੀ ਰਾਜ ਉਸਾਰਿਆ ਹੋਇਆ ਹੈ। ਦੂਜੇ ਪਾਸੇ ਮਾਂ ਬੋਲੀ ਨਾਲ ਧ੍ਰੋਹ ਕਮਾਉਣ ਵਾਲੇ ਅਤੇ ਫਾਸ਼ੀਵਾਦੀ ਤਾਕਤਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਮਾਂ ਬੋਲੀ ਦੇ ਦੋਖੀ ਲੋਕ ਵੀ ਬਰਾਬਰ ਦੇ ਦੋਸ਼ੀ ਹਨ, ਜਿਹੜੇ ਕਦੇ 'ਮਾਂ ਅਤੇ ਮਾਸੀ' ਦਾ ਰੇੜਕਾ ਖੜ੍ਹਾ ਕਰਕੇ ਅਤੇ ਕਦੇ ਆਪਣੀ ਮਾਂ ਬੋਲੀ ਬੋਲਣ ਵਾਲਿਆਂ ਨੂੰ 'ਖੂਹ ਦੇ ਡੱਡੂ' ਕਰਾਰ ਦਿੰਦੇ ਹੋਏ, ਪੰਜਾਬੀ ਮਾਂ ਬੋਲੀ ਦੇ ਕਪੂਤ ਬਣ ਰਹੇ ਹਨ। ਆਓ ਮਾਖਿਓਂ ਮਿੱਠੀ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰੀਏ ਅਤੇ ਪੰਜਾਬੀ ਦੇ ਸਪੂਤ ਬਣ ਬਣੀਏ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ