Wed, 30 October 2024
Your Visitor Number :-   7238304
SuhisaverSuhisaver Suhisaver

ਧਰਮ ਦੀ 21ਵੀਂ ਸਦੀ ਵਿੱਚ ਪ੍ਰਸੰਗਕਿਤਾ! -ਹਰਚਰਨ ਸਿੰਘ ਪਰਹਾਰ

Posted on:- 28-12-2019

ਜਦੋਂ ਵੀ ਧਰਮ ਦੀ ਗੱਲ ਹੁੰਦੀ ਹੈ ਤਾਂ ਸਾਡੇ ਦਿਮਾਗ ਵਿੱਚ ਉਨ੍ਹਾਂ 10-15 ਵੱਡੇ ਧਾਰਮਿਕ ਫਿਰਕਿਆਂ ਜਾਂ ਉਨ੍ਹਾਂ ਵਿਚੋਂ ਨਿਕਲੇ 200-400 ਛੋਟੇ ਫਿਰਕਿਆਂ ਦਾ ਵਿਚਾਰ ਆਉਂਦਾ ਹੈ।ਅਸੀਂ ਇਨ੍ਹਾਂ ਛੋਟੇ-ਵੱਡੇ ਫਿਰਕਿਆਂ ਨੂੰ ਧਰਮ ਸਮਝਦੇ ਹਾਂ।ਇਨ੍ਹਾਂ ਵਿੱਚ ਧਰਮ ਦਾ ਅੰਸ਼ ਹੋ ਸਕਦਾ ਹੈ, ਪਰ ਇਹ ਆਪਣੇ ਆਪ ਵਿੱਚ ਧਰਮ ਨਹੀਂ ਹਨ।ਇਨ੍ਹਾਂ ਜਥੇਬੰਦਕ ਧਾਰਮਿਕ ਫਿਰਕਿਆਂ ਵਿੱਚ ਆਸਥਾ ਰੱਖਣ ਵਾਲਿਆਂ ਜਾਂ ਇਨ੍ਹਾਂ ਵਲੋਂ ਸਿਰਜੇ ਗਏ ਰੱਬ ਦੇ ਸੰਕਲਪ ਨੂੰ ਮੰਨਣ ਵਾਲਿਆਂ ਨੂੰ ਧਰਮੀ ਤੇ ਆਸਤਿਕ ਅਤੇ ਨਾ ਮੰਨਣ ਵਾਲਿਆਂ ਨੂੰ ਅਧਰਮੀ ਤੇ ਨਾਸਤਿਕ ਕਿਹਾ ਜਾਂਦਾ ਹੈ।ਜਦਕਿ ਰੱਬ ਨੂੰ ਮੰਨਣ ਜਾਂ ਨਾ ਮੰਨਣ ਦਾ ਧਰਮੀ ਜਾਂ ਆਸਤਿਕ ਹੋਣ ਨਾਲ ਕੋਈ ਸਬੰਧ ਨਹੀਂ ਹੈ।ਨਾ ਰੱਬ ਨੂੰ ਮੰਨਣ ਵਾਲੇ ਸਾਰੇ ਧਰਮੀ ਤੇ ਆਸਤਿਕ ਹੁੰਦੇ ਹਨ ਅਤੇ ਨਾ ਹੀ ਨਾ ਮੰਨਣ ਵਾਲੇ ਸਾਰੇ ਅਧਰਮੀ ਤੇ ਨਾਸਤਿਕ ਹੀ ਹੁੰਦੇ ਹਨ।

ਇਹ ਧਰਮਾਂ ਦੇ ਪੁਜਾਰੀਆਂ ਵਲੋਂ ਫੈਲਾਈ ਹੋਈ ਅਗਿਆਨਤਾ ਹੈ, ਜਿਸਦਾ ਅਸੀਂ ਸਾਰੇ ਸ਼ਿਕਾਰ ਹਾਂ।ਧਰਮ ਦੀ ਸ਼ੁਰੂਆਤ ਕਦੋਂ ਹੋਈ ਜਾਂ ਧਰਮ ਜਥੇਬੰਦਕ ਕਦੋਂ ਹੋਂਦ ਵਿੱਚ ਆਏ, ਇਸ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ।ਪਰ ਇਹ ਗੱਲ ਪੱਕੀ ਹੈ ਕਿ ਧਰਮ ਦਾ ਜਨਮ ਮਨੁੱਖੀ ਮਨ ਦੇ ਡਰ ਵਿੱਚੋਂ ਪੈਦਾ ਹੋਇਆ, ਜਿਸਨੂੰ ਬਾਅਦ ਵਿੱਚ ਲਾਲਚ ਨਾਲ ਵੀ ਜੋੜ ਦਿੱਤਾ ਗਿਆ।ਅੱਜ ਹਜਾਰਾਂ ਸਾਲ ਬਾਅਦ ਵੀ ਜਥੇਬੰਧਕ ਧਰਮ ਡਰ ਤੇ ਲਾਲਚ ਦੇ ਅਧਾਰ ਤੇ ਚੱਲਦੇ ਹਨ।ਜਦੋਂ ਤੱਕ ਮਨੁੱਖ ਅੰਦਰ ਕੁਦਰਤ ਤੇ ਉਸਦੀਆਂ ਸ਼ਕਤੀਆਂ ਦਾ ਡਰ ਅਤੇ ਉਨ੍ਹਾਂ ਤੋਂ ਕਿਸੇ ਪੂਜਾ-ਪਾਠ ਨਾਲ ਕੁਝ ਪ੍ਰਾਪਤ ਕਰਨ (ਚਮਤਕਾਰ ਹੋਣ) ਦਾ ਲਾਲਚ ਬਣਿਆ ਰਹੇਗਾ, ਪੁਜਾਰੀਆਂ ਦੇ ਧਰਮ ਚੱਲਦੇ ਰਹਿਣਗੇ।

ਹਵਾ, ਅੱਗ, ਪਾਣੀ, ਹਨ੍ਹੇਰੀਆਂ, ਤੂਫਾਨ, ਭੁਚਾਲ, ਬਿਜਲੀ ਆਦਿ ਵਰਗੀਆਂ ਕੁਦਰਤੀ ਸ਼ਕਤੀਆਂ ਤੇ ਕੁਦਰਤੀ ਆਫਤਾਂ ਨੇ ਜਿਥੇ ਸ਼ੁਰੂ ਵਿੱਚ ਮਨੁੱਖੀ ਮਨ ਵਿੱਚ ਡਰ ਪੈਦਾ ਕੀਤਾ, ਉਥੇ ਬਾਅਦ ਵਿੱਚ ਖੋਜੀ ਬਿਰਤੀ ਵੀ ਪੈਦਾ ਹੋਈ।ਜਿਥੇ ਡਰ ਤੇ ਲਾਲਚ ਨੇ ਧਰਮ ਨੂੰ ਜਨਮ ਦਿੱਤਾ ਅਤੇ ਉਥੇ ਖੋਜ ਨੇ ਵਿਗਿਆਨ ਨੂੰ ਜਨਮ ਦਿੱਤਾ।ਧਰਮ ਦਾ ਸੱਚਾ ਗਿਆਨ ਤੇ ਵਿਗਿਆਨ ਹੀ ਮਨੁੱਖ ਨੂੰ ਅਗਿਆਨਤਾ ਦੇ ਅੰਧਕਾਰ ਵਿੱਚੋਂ ਕੱਢ ਸਕਦਾ ਹੈ।ਜਦੋਂ ਮਨੁੱਖ ਨੇ ਜੰਗਲੀ ਜੀਵਨ ਤੋਂ ਬਾਅਦ ਝੁੰਡਾਂ ਤੇ ਕਬੀਲਿਆਂ ਵਿੱਚ ਰਹਿਣਾ ਸ਼ੁਰੂ ਕੀਤਾ ਅਤੇ ਸਮਾਜ ਦੀ ਸਿਰਜਨਾ ਸ਼ੁਰੂ ਕੀਤੀ ਤਾਂ ਤਾਕਤਵਰ ਵਿਅਕਤੀ ਕਬੀਲਿਆਂ ਦੇ ਸਰਦਾਰ ਤੇ ਰਾਖੇ ਬਣ ਗਏ ਅਤੇ ਇਥੋਂ ਮਨੁੱਖ ਨੂੰ ਸਰੀਰਕ ਤੌਰ ਤੇ ਕੰਟਰੋਲ ਕਰਨ ਦਾ ਕੰਮ ਆਰੰਭ ਹੋ ਗਿਆ।ਇਹੀ ਲੋਕ ਬਾਅਦ ਵਿੱਚ ਸਰਦਾਰ, ਜਗਰੀਦਾਰ, ਰਾਜੇ-ਮਹਾਰਾਜੇ ਤੇ ਅੱਜ ਸਿਆਸਤਦਾਨ ਹਨ।ਦੂਜੇ ਪਾਸੇ ਉਨ੍ਹਾਂ ਸਮਿਆਂ ਵਿੱਚ ਹੀ ਦਿਮਾਗੀ ਤੌਰ ਤੇ ਚੇਤੰਨ ਲੋਕਾਂ ਨੇ ਮਨੁੱਖ ਨੂੰ ਇਨ੍ਹਾਂ ਕੁਦਰਤੀ ਸ਼ਕਤੀਆਂ ਤੇ ਆਫਤਾਂ ਦੇ ਡਰ ਤੋਂ ਬਚਾਉਣ ਅਤੇ ਉਨ੍ਹਾਂ ਦੀ ਪੂਜਾ ਰਾਹੀਂ ਕੁਝ ਪ੍ਰਾਪਤ ਕਰਕੇ ਦੇਣ ਦੇ ਨਾਮ ਹੇਠ ਮਾਨਸਿਕ ਗੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ, ਜਿਥੋਂ ਧਰਮ ਦੀ ਸ਼ੁਰੂਆਤ ਹੋਈ।ਇਹੀ ਲੋਕ ਬਾਅਦ ਵਿੱਚ ਧਰਮਾਂ ਦੇ ਪੁਜਾਰੀ ਤੇ ਵਿਦਵਾਨ (ਪੰਡਤ) ਬਣੇ ਤੇ ਅੱਜ ਤੱਕ ਧਰਮ ਦੇ ਨਾਮ ਤੇ ਕਾਬਿਜ ਹਨ, ਇਨ੍ਹਾਂ ਨੇ ਨੇ ਹੀ ਬਾਅਦ ਵਿੱਚ ਧਰਮਾਂ ਨੂੰ ਜਥੇਬੰਦਕ ਰੂਪ ਦੇ ਕੇ ਆਪਣੀ ਸਰਦਾਰੀ ਕਾਇਮ ਕੀਤੀ।

ਇਨ੍ਹਾਂ ਦੋਨਾਂ ਦੇ ਭੇੜ ਵਿੱਚੋਂ ਹੀ ਤੀਜੀ ਸਰਮਾਏਦਾਰ ਧਿਰ ਦਾ ਜਨਮ ਹੋਇਆ, ਜਿਸਨੇ ਪੈਦਾਵਾਰ ਦੇ ਕੁਦਰਤੀ ਸਾਧਨਾਂ ਤੇ ਕਬਜੇ ਕਰ ਲਏ ਅਤੇ ਉਨ੍ਹਾਂ ਆਮ ਲੋਕਾਂ ਸਮੇਤ ਪੁਜਾਰੀਆਂ ਤੇ ਸਿਆਸਤਾਦਾਨਾਂ ਨੂੰ ਵੀ ਆਪਣੇ ਗੁਲਾਮ ਬਣਾ ਲਿਆ।ਲਿਖਤੀ ਮਨੁੱਖੀ ਇਤਿਹਾਸ ਦੇ 5000 ਸਾਲਾਂ ਵਿੱਚ ਸਿਆਸਤਦਾਨ, ਪੁਜਾਰੀ ਤੇ ਸਰਮਾਏਦਾਰ ਹੀ ਆਮ ਲੋਕਾਂ ਤੇ ਆਪਣੀ ਤਾਕਤ ਤੇ ਦਿਮਾਗ ਨਾਲ ਕਾਬਿਜ ਹਨ ਅਤੇ ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਹੈ।ਅੱਜ ਦੇ ਲੇਖ ਵਿੱਚ ਅਸੀਂ ਗੱਲ ਸਿਰਫ ਧਰਮਾਂ ਬਾਰੇ ਹੀ ਕਰਾਂਗੇ।ਜੇ ਧਰਮਾਂ ਦਾ ਜਥੇਬੰਦਕ ਇਤਿਹਾਸ ਦੇਖਦੇ ਹਾਂ ਤਾਂ ਧਰਮਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਇੱਕ ਪੱਛਮੀ ਧਰਮ ਤੇ ਦੂਜੇ ਪੂਰਬੀ ਧਰਮ।ਪੂਰਬੀ ਧਰਮਾਂ ਦੀ ਸ਼ੁਰੂਆਤ ਭਾਰਤ ਵਿੱਚੋਂ ਹੀ ਮੰਨੀ ਜਾਂਦੀ ਹੈ।

ਹਿੰਦੂ, ਜੈਨੀ, ਬੋਧੀ, ਸਿੱਖ ਆਦਿ ਇਸ ਖਿੱਤੇ ਵਿੱਚ ਪੈਦਾ ਹੋਏ ਪੂਰਬੀ ਧਰਮ ਹਨ।ਪੱਛਮੀ ਧਰਮ ਪੱਛਮ ਦੇ ਨਾ ਹੋ ਕੇ ਮਿਡਲ ਈਸਟ ਵਿੱਚ ਪੈਦਾ ਹੋਏ ਧਰਮ ਹਨ, ਜਿਨ੍ਹਾਂ ਵਿੱਚ ਯਹੂਦੀ, ਪਾਰਸੀ, ਇਸਾਈ ਤੇ ਇਸਲਾਮ ਪ੍ਰਮੁੱਖ ਹਨ।ਅੱਗੇ ਇਨ੍ਹਾਂ ਸਾਰੇ ਵੱਡੇ ਜਥੇਬੰਦਕ ਧਰਮਾਂ ਦੇ ਸੈਂਕੜੇ ਛੋਟੇ ਫਿਰਕੇ ਹਨ।ਜੇ ਇਨ੍ਹਾਂ ਸਾਰੇ ਧਰਮਾਂ ਦਾ ਇਤਿਹਾਸ ਦੇਖੋ ਤਾਂ ਧਰਮ ਦੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਕ ਕੇ ਕੋਈ ਧਾਰਮਿਕ ਲੀਡਰ ਉਨ੍ਹਾਂ ਖਿਲਾਫ ਬਗਾਵਤ ਕਰਦਾ ਸੀ, ਫਿਰ ਬਾਅਦ ਵਿੱਚ ਜੇ ਉਸਦੀ ਲਹਿਰ ਕਾਮਯਾਬ ਹੋ ਜਾਂਦੀ ਸੀ ਤਾਂ ਉਸਦੀ ਮੌਤ ਤੋਂ ਬਾਅਦ ਪੁਰਾਣੇ ਧਰਮ ਵਾਲੇ ਪੁਜਾਰੀ ਕਾਬਿਜ ਹੋ ਕੇ ਨਵਾਂ ਧਰਮ ਬਣਾ ਲੈਂਦੇ ਸਨ।ਯਹੂਦੀਆਂ, ਇਸਾਈਆਂ, ਮੁਸਲਮਾਨਾਂ, ਬੋਧੀਆਂ, ਜੈਨੀਆਂ, ਸਿੱਖਾਂ ਦਾ ਇਹੀ ਇਤਿਹਾਸ ਹੈ।ਯਹੂਦੀਆਂ ਦਾ ਪਹਿਲਾ ਪੈਗੰਬਰ ਇਮਰਾਹਮ, ਇੱਕ ਇਨਕਲਾਬੀ ਪੁਰਸ਼ ਸੀ, ਜਿਸਨੇ ਆਪਣੇ ਪੁਰਖਿਆਂ ਦੀ ਧਰਤੀ ਨੂੰ ਆਜ਼ਾਦ ਕਰਾਉਣ ਲਈ ਮੁਹਿੰਮ ਸ਼ੁਰੂ ਕੀਤੀ ਸੀ, ਬਾਅਦ ਵਿੱਚ ਉਸਦੇ ਨਾਮ ਤੇ ਯਹੂਦੀ ਧਰਮ ਸ਼ੁਰੂ ਹੋਇਆ।ਇਸੇ ਯਹੂਦੀ ਧਰਮ ਦੇ ਪੁਜਾਰੀਆਂ ਖਿਲਾਫ ਲੜਨ ਵਾਲੇ ਜੀਸਸ ਨੂੰ ਪੁਜਾਰੀਆਂ ਨੇ ਰੋਮਨ ਸਲਤਨਤ ਨਾਲ ਰਲ਼ ਕੇ ਸ਼ਹੀਦ ਕੀਤਾ।ਫਿਰ ਉਸਦੇ ਨਾਮ ਤੇ ਸ਼ੁਰੂ ਹੋਏ ਇਸਾਈ ਧਰਮ ਨੇ ਵੀ ਜਥੇਬੰਦਕ ਹੋ ਕੇ ਲੋਕਾਂ ਨੂੰ ਗੁਲਾਮ ਬਣਾਉਣ ਦੇ ਕੰਮ ਕਰਨ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਅਰਬ ਵਿੱਚ ਪੈਦਾ ਹੋਏ ਮੁਹੰਮਦ ਸਾਹਿਬ ਵੀ ਆਪਣੇ ਸਮੇਂ ਦੇ ਇੱਕ ਇਨਕਲਾਬੀ ਪੁਰਸ਼ ਸਨ, ਜਿਨ੍ਹਾਂ ਨੇ ਉਸ ਸਮੇਂ ਦੇ ਪੱਥਰਾਂ, ਮੂਰਤੀਆਂ, ਹੋਰ ਕੁਦਰਤੀ ਸ਼ਕਤੀਆਂ ਨੂੰ ਪੂਜਣ ਵਾਲੇ ਧਰਮਾਂ ਖਿਲਾਫ ਬਗਾਵਤ ਕਰਕੇ ਇੱਕ ਅੱਲ੍ਹਾ ਦਾ ਸੰਕਲਪ ਪੇਸ਼ ਕੀਤਾ।ਬਾਅਦ ਵਿੱਚ ਉਨ੍ਹਾਂ ਦੇ ਨਾਮ ਤੇ ਇਸਲਾਮ (ਮੁਸਲਮਾਨ) ਧਰਮ ਪੈਦਾ ਹੋਇਆ।ਉਨ੍ਹਾਂ ਦਾ ਬਾਅਦ ਦਾ ਇਤਿਹਾਸ ਵੀ ਇਸੇ ਤਰ੍ਹਾਂ ਦਾ ਹੈ ਕਿਵੇਂ ਮੌਕੇ ਦੇ ਹੁਕਮਰਾਨਾਂ ਨੇ ਇਹ ਧਰਮ ਅਪਨਾ ਕੇ ਧਰਮ ਨੂੰ ਵਰਤਿਆ ਅਤੇ ਦੁਨੀਆਂ ਤੇ ਕਬਜੇ ਕਰਨ ਦੇ ਮਨਸੂਬਿਆਂ ਨਾਲ ਅਰਬ ਤੇ ਸਾਊਥ ਏਸ਼ੀਆ ਵਿੱਚ ਵਹਿਸ਼ੀ ਜ਼ੁਲਮ ਕੀਤੇ।

ਭਾਰਤ ਦਾ ਇੱਕ ਹਜ਼ਾਰ ਸਾਲ ਦਾ ਖੂਨੀ ਇਤਿਹਾਸ ਇਸਲਾਮ ਦੇ ਨਾਮ ਤੇ ਧਰਮ ਦਾ ਰਾਜ ਸਥਾਪਿਤ ਕਰਨ ਦੀ ਗਵਾਹੀ ਭਰਦਾ ਹੈ।ਅਰਬ ਵਿੱਚ ਇਸਲਾਮ ਦੀ ਚੜ੍ਹਤ ਦੌਰਾਨ ਪੱਛਮੀ ਦੇਸ਼ਾਂ ਦੇ ਹੁਕਮਰਾਨਾਂ ਨੇ ਇਸਾਈਅਤ ਨੂੰ ਅਪਨਾ ਲਿਆ।ਫਿਰ ਇਸਲਾਮ ਤੇ ਇਸਾਈਅਤ ਦੀਆਂ 4-5 ਸੌ ਸਾਲਾਂ ਦੀਆਂ ਕਰੂਸੇਡ ਦੇ ਨਾਮ ਤੇ ਹੋਈਆਂ ਖੂਨੀ ਜੰਗਾਂ ਦਾ ਇਤਿਹਾਸ ਮਨੁੱਖਤਾ ਦੀ ਤਬਾਹੀ ਦੀ ਮੂੰਹ ਬੋਲਦੀ ਤਸਵੀਰ ਹੈ।ਭਾਰਤ ਵਿੱਚ ਵੈਦਿਕ ਜਾਂ ਸਨਾਤਨੀ ਧਰਮ ਨੇ ਕਦੇ ਵੀ ਪੱਛਮ ਦੇ ਧਰਮਾਂ ਵਰਗਾ ਜਥੇਬੰਦਕ ਰੂਪ ਨਹੀਂ ਲਿਆ।ਪਰ ਹੁਣ ਆਰ ਐਸ ਐਸ ਵਰਗੀਆਂ ਜਥੇਬੰਦੀਆਂ ਇਸਨੂੰ 'ਹਿੰਦੂਤਵਾ' ਦੇ ਨਾਮ ਤੇ ਜਥੇਬੰਦਕ ਰੂਪ ਦੇ ਰਹੀਆਂ ਹਨ।ਪਰ ਇਸ ਵਿੱਚੋਂ ਨਿਕਲੇ ਬੁੱਧ, ਜੈਨ, ਸਿੱਖ ਆਦਿ ਨੇ ਜਲਦੀ ਜਥੇਬੰਦਕ ਧਰਮਾਂ ਦਾ ਰੂਪ ਲੈ ਲਿਆ।ਜਿਨ੍ਹਾਂ ਨੂੰ ਬ੍ਰਾਹਮਣਵਾਦੀ ਸੋਚ ਵਾਲੇ ਪੁਜਾਰੀਆਂ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਤੇ ਇਨ੍ਹਾਂ ਨੂੰ ਨਿਗਲਣ ਦੇ ਹਰ ਹਰਬੇ ਵਰਤਦੇ ਰਹੇ ਹਨ, ਜਿਸਦੇ ਨਤੀਜੇ ਵਜੋਂ ਬੁੱਧ, ਜੈਨ ਤੇ ਸਿੱਖ, ਬ੍ਰਾਹਮਣਵਾਦ ਦੀਆਂ ਬਰਾਂਚਾਂ ਬਣ ਕੇ ਰਹਿ ਗਏ ਹਨ, ਬੇਸ਼ਕ ਦੇਖਣ ਨੂੰ ਇਹ ਵੱਖਰੇ-ਵੱਖਰੇ ਧਰਮ ਹਨ।ਬੁੱਧ ਆਪਣੇ ਸਮੇਂ ਦੇ ਇਨਕਲਾਬੀ ਮਹਾਂਪੁਰਸ਼ ਸਨ ਅਤੇ ਦਸ ਗੁਰੂਆਂ ਸਾਹਿਬਾਨ ਨੇ ਧਰਮ ਨੂੰ ਇੱਕ ਨਵਾਂ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ, ਬੇਸ਼ਕ ਇਸ ਲਈ ਉਨ੍ਹਾਂ ਨੂੰ ਆਪਣੇ ਸਮਿਆਂ ਵਿੱਚ ਭਾਰੀ ਕੁਰਬਾਨੀਆਂ ਦੇਣੀਆਂ ਪਈਆਂ।

ਜਿਥੇ ਜਥੇਬੰਦਕ ਧਰਮਾਂ ਨੇ ਸਿਆਸਤਦਾਨਾਂ ਤੇ ਸਰਮਾਏਦਾਰਾਂ ਨਾਲ ਰਲ਼ ਕੇ ਇਤਿਹਾਸ ਵਿੱਚ ਲੋਕ ਵਿਰੋਧੀ ਤੇ ਨਾਕਰਾਤਮ ਰੋਲ਼ ਅਦਾ ਕੀਤਾ ਹੈ।ਉਥੇ ਮਨੁੱਖ ਦੀ ਚੇਤੰਨਤਾ ਨੂੰ ਖੁੰਡਾ ਕਰਨ ਲਈ ਸਾਰੇ ਯਤਨ ਕੀਤੇ ਗਏ।ਮਨੁੱਖ ਨੂੰ ਅਗਿਆਨਤਾ ਤੇ ਅੰਧ ਵਿਸ਼ਵਾਸ਼ ਵਿੱਚ ਫਸਾ ਕੇ ਰੱਖਣ ਵਿੱਚ ਧਾਰਮਿਕ ਪੁਜਾਰੀਆਂ ਦਾ ਅਹਿਮ ਰੋਲ ਰਿਹਾ ਹੈ ਤੇ ਅੱਜ ਵੀ ਉਸੇ ਤਰ੍ਹਾਂ ਹੈ।ਜਥੇਬੰਦਕ ਧਰਮਾਂ ਵਿੱਚ ਅਨੇਕਾਂ ਨਕਲੀ ਧਰਮ ਮੌਜੂਦ ਹਨ, ਜੋ ਲੋਕਾਂ ਨੂੰ ਧਰਮ ਦੇ ਨਾਮ ਤੇ ਗੁਮੰਰਾਹ ਕਰਕੇ, ਜਿਥੇ ਆਪਣਾ ਧਰਮ ਅਧਾਰਿਤ ਧੰਦਾ ਚਲਾ ਰਹੇ ਹਨ, ਉਥੇ ਸਿਆਸਤਦਾਨਾਂ ਤੇ ਸਰਮਾਏਦਾਰਾਂ ਦੇ ਵੀ ਹੱਥਠੋਕੇ ਬਣੇ ਹੋਏ ਹਨ।ਬੇਸ਼ਕ ਦੇਖਣ ਨੂੰ ਉਨ੍ਹਾਂ ਦਾ ਪ੍ਰਚਾਰ ਮਨੁੱਖਤਾਵਾਦੀ ਤੇ ਲੋਕ ਭਲਾਈ ਵਾਲਾ ਲਗਦਾ ਹੈ, ਪਰ ਹੁੰਦਾ ਇਸ ਢੰਗ ਨਾਲ ਹੈ ਕਿ ਲੋਕ ਫੋਕਟ ਕਰਮਕਾਂਡਾਂ, ਝੂਠੇ ਪੂਜਾ-ਪਾਠ, ਧਾਰਮਿਕ ਚਿੰਨ੍ਹਾਂ, ਧਾਰਮਿਕ ਮਰਿਯਾਦਾਵਾਂ ਆਦਿ ਦੇ ਚੱਕਰ ਵਿੱਚ ਹੀ ਫਸੇ ਰਹਿਣ ਤੇ ਲੋਕ ਵਿਰੋਧੀ ਹਾਕਮਾਂ ਤੇ ਸਰਮਾਏਦਾਰਾਂ ਖਿਲਾਫ ਲਾਮਬੰਦ ਨਾ ਹੋਣ, ਜਾਗਰੂਕ ਨਾ ਹੋਣ।ਉਹ ਅਜਿਹਾ ਕਰਨ ਵੀ ਕਿਉਂ ਨਾ, ਜਿਨ੍ਹਾਂ ਦਾ ਧੰਦਾ, ਲੋਕਾਂ ਦੀ ਅਗਿਆਨਤਾ ਅਤੇ ਉਨ੍ਹਾਂ ਨੂੰ ਮੂਰਖ ਬਣਾ ਕੇ ਚੱਲਦਾ ਹੋਵੇ, ਉਹ ਲੋਕਾਂ ਨੂੰ ਸੂਝਵਾਨ ਕਿਉਂ ਬਣਾਉਣਗੇ ਜਾਂ ਬਣਨ ਦੇਣਗੇ? ਇਹੀ ਵਜ੍ਹਾ ਹੈ ਕਿ ਜਦੋਂ ਖੋਜੀ ਪੁਰਸ਼ਾਂ ਨੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਵਿਗਿਆਨਕ ਖੋਜਾਂ ਸ਼ੁਰੂ ਕੀਤੀਆਂ ਤਾਂ ਜਥੇਬੰਦਕ ਧਰਮਾਂ ਵਲੋਂ ਬਣਾਈਆਂ ਝੂਠੀਆਂ ਤੇ ਨਕਲੀ ਕਰਾਮਤੀ ਕਥਾ ਕਹਾਣੀਆਂ ਚੈਲਿੰਜ ਹੋਣ ਲੱਗੀਆਂ।ਉਨ੍ਹਾਂ ਨੇ ਸੱਚ ਨੂੰ ਪ੍ਰਵਾਨ ਕਰਨ ਦੀ ਥਾਂ ਹਮੇਸ਼ਾਂ ਵਿਗਿਆਨ ਦਾ ਵਿਰੋਧ ਕੀਤਾ।ਅੱਜ ਵੀ ਬਹੁਤੇ ਧਾਰਮਿਕ ਪ੍ਰਚਾਰਕ ਵਿਗਿਆਨੀਆਂ ਦੀਆਂ ਕਈ ਕਈ ਸਾਲਾਂ ਦੀਆਂ ਖੋਜਾਂ ਨਾਲ ਬਣਾਈਆਂ ਸਭ ਚੀਜਾਂ ਆਪਣੇ ਨਿੱਜ਼ੀ ਜੀਵਨ ਅਤੇ ਧਰਮ ਅਸਥਾਨਾਂ ਵਿੱਚ ਵਰਤਦੇ ਹਨ, ਪਰ ਉਨ੍ਹਾਂ ਖਿਲਾਫ ਭੰਡੀ ਪ੍ਰਚਾਰ ਵੀ ਜਾਰੀ ਰੱਖਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇ ਲੋਕਾਂ ਦੀ ਸੋਚ ਵਿਗਿਆਨਕ ਤੇ ਤਰਕਵਾਦੀ ਹੋ ਗਈ ਤਾਂ ਉਨ੍ਹਾਂ ਦਾ ਧੰਦਾ ਕਿਵੇਂ ਚੱਲੇਗਾ? ਧਰਮ ਅਸਥਾਨਾਂ ਵਿੱਚ ਅਨੇਕਾਂ ਮਹਾਂਪੁਰਸ਼ਾਂ ਜਾਂ ਕੁਰਬਾਨੀਆਂ ਵਾਲੇ ਵਿਅਕਤੀਆਂ ਦੇ ਦਿਨ ਮਨਾਏ ਜਾਂਦੇ ਹਨ, ਉਨ੍ਹਾਂ ਦੇ ਇਤਿਹਾਸ ਸੁਣਾਏ ਜਾਂਦੇ ਹਨ, ਪਰ ਜਿਨ੍ਹਾਂ ਵਿਗਿਆਨੀਆਂ ਨੇ ਸਾਰੀ ਉਮਰ ਲਗਾ ਕੇ ਮਨੁੱਖਤਾ ਲਈ ਅਨੇਕਾਂ ਸੁੱਖ ਸਹੂਲਤਾਂ ਪੈਦਾ ਕੀਤੀਆਂ, ਉਨ੍ਹਾਂ ਦਾ ਕੋਈ ਦਿਨ ਮਨਾਉਣਾ ਤਾਂ ਦੂਰ, ਸਗੋਂ ਉਨ੍ਹਾਂ ਲਈ ਕਦੇ ਧੰਨਵਾਦ ਦੇ ਦੋ ਸ਼ਬਦ ਤੱਕ ਨਹੀਂ ਕਹੇ ਜਾਂਦੇ।ਉਨ੍ਹਾਂ ਵਿਗਿਆਨੀਆਂ ਦੀ ਜੀਵਨ ਘਾਲਣਾ ਬਾਰੇ ਕਦੇ ਸ਼ਰਧਾਲੂਆਂ ਨੂੰ ਨਹੀਂ ਦੱਸਿਆ ਜਾਂਦਾ ਤਾਂ ਹੀ ਧਾਰਮਿਕ ਦੇਸ਼ਾਂ ਦੇ ਬੱਚੇ ਵਿਗਿਆਨੀ ਨਹੀਂ ਬਣਦੇ ਤੇ ਨਾ ਹੀ ਵਿਗਿਆਨ ਪੜ੍ਹ ਕੇ ਉਨ੍ਹਾਂ ਦੀ ਸੋਚ ਹੀ ਵਿਗਿਆਨਕ ਬਣਦੀ ਹੈ?

ਬੇਸ਼ਕ ਸਾਰੇ ਜਥੇਬੰਦਕ ਧਰਮਾਂ ਦਾ ਖਾਸਾ ਲੋਕ ਵਿਰੋਧੀ ਹੈ।ਪਰ ਜਿਸ ਤਰ੍ਹਾਂ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਹਰ ਧਰਮ ਦਾ ਮੋਢੀ ਇਨਕਲਾਬੀ ਪੁਰਸ਼ ਸੀ।ਜਿਸਨੇ ਪੁਜਾਰੀਆਂ, ਸਿਅਸਾਤਦਾਨਾਂ ਤੇ ਸਰਮਾਏਦਾਰੀ ਦੇ ਲੋਕ ਵਿਰੋਧੀ ਗੱਠਜੜ ਖਿਲਾਫ ਆਪਣੇ ਸਮਿਆਂ ਵਿੱਚ ਧਾਰਮਿਕ ਪੱਖ ਤੋਂ ਸੰਘਰਸ਼ ਲੜਿਆ ਸੀ, ਲੋਕਾਂ ਨੂੰ ਉਨ੍ਹਾਂ ਖਿਲਾਫ ਲੜਨ ਲਈ ਤਿਆਰ ਕੀਤਾ ਸੀ।ਹੱਕ, ਸੱਚ, ਇਨਸਾਫ ਲਈ ਲੜਨ ਦਾ ਜ਼ਜਬਾ ਭਰਿਆ ਸੀ।ਜਿਸ ਕਰਕੇ ਸਾਨੂੰ ਧਾਰਮਿਕ ਗ੍ਰੰਥਾਂ ਵਿੱਚੋਂ ਬਹੁਤ ਕੁਝ ਅਜਿਹਾ ਮਿਲਦਾ ਹੈ, ਜੋ ਮਨੁੱਖਤਾ ਦੇ ਭਲੇ ਲਈ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਦਾ ਹੈ।ਇਤਿਹਾਸ ਅਜਿਹੇ ਸੂਰਬੀਰਾਂ ਦੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਆਪਣੇ ਧਾਰਮਿਕ ਰਹਿਬਰ ਜਾਂ ਉਸਦੇ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਮਨੁੱਖਤਾ ਦੀ ਸੇਵਾ ਕੀਤੀ।ਪਰ ਪੁਜਾਰੀ ਇਤਨਾ ਸ਼ਾਤਰ ਹੁੰਦਾ ਹੈ ਕਿ ਉਹ ਅਜਿਹੇ ਧਰਮੀ ਇਨਕਲਾਬੀ ਪੁਰਸ਼ਾਂ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਉਸਦੀ ਮੌਤ ਤੋਂ ਬਾਅਦ ਉਸਦੇ ਨਾਮ ਤੇ ਨਵੇਂ ਢੰਗ ਨਾਲ ਆਪਣਾ ਧੰਦਾ ਚਲਾ ਲੈਂਦਾ ਹੈ।ਸ਼ਹੀਦਾਂ ਦੀ ਕੁਰਬਾਨੀ ਦੱਸਣ ਦੀ ਥਾਂ ਉਨ੍ਹਾਂ ਦੀਆਂ ਸਮਾਧਾਂ ਬਣਾ ਕੇ ਮੰਨਤਾਂ ਪੂਰੀਆਂ ਕਰਾਉਣ ਦਾ ਧੰਦਾ ਚਲਾ ਲੈਂਦਾ ਹੈ।ਜਿਸ ਤਰ੍ਹਾਂ ਸਿੱਖ ਧਰਮ ਦੇ ਪਹਿਲੇ ਰਹਿਬਰ, ਗੁਰੂ ਨਾਨਕ ਸਾਹਿਬ ਨੇ ਆਪਣੀ ਹਰ ਗੱਲ ਤਰਕ, ਦਲੀਲ ਤੇ ਵਿਚਾਰ ਨਾਲ ਕੀਤੀ, ਉਹ ਦੂਰ-ਦੂਰ ਤੱਕ ਆਪਣੀ ਗੱਲ ਦੱਸਣ ਲਈ ਗਏ ਤੇ ਉਸ ਸਮੇਂ ਦੇ ਧਾਰਮਿਕ, ਸਿਆਸੀ ਤੇ ਸਰਮਾਏਦਾਰ ਆਗੂਆਂ ਨਾਲ ਚਰਚਾ ਕੀਤੀ, ਉਨ੍ਹਾਂ ਨੂੰ ਸੱਚ ਦਾ ਮਾਰਗ ਦਿਖਾਉਣ ਦੀ ਕੋਸ਼ਿਸ਼ ਕੀਤੀ।ਪਰ ਜਦੋਂ ਅੱਜ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਸਾਖੀਆਂ ਪੜ੍ਹਦੇ ਹਾਂ ਤਾਂ ਗੁਰੂ ਸਾਹਿਬਾਨ ਨਾਲ ਅਨੇਕਾਂ ਅਜਿਹੀਆਂ ਕਰਾਮਾਤੀ ਸਾਖੀਆਂ ਜੋੜੀਆਂ ਹੋਈਆਂ ਹਨ, ਜਿਸ ਨਾਲ ਉਹ ਇੱਕ ਮਾਮੂਲੀ ਜਿਹੇ ਮਦਾਰੀ ਲਗਦੇ ਹਨ।ਉਨ੍ਹਾਂ ਦੀਆਂ ਮਨੁੱਖਤਾ ਲਈ ਕੀਤੀਆਂ ਕੁਰਬਾਨੀਆਂ, ਸ਼ਹਾਦਤਾਂ ਆਦਿ ਇਤਿਹਾਸ ਦੇ ਪੰਨਿਆਂ ਵਿੱਚ ਰੋਲ਼ ਦਿੱਤੀਆਂ ਗਈਆਂ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨਕਲਾਬੀ ਧਾਰਮਿਕ ਗੁਰੂਆਂ ਜਾਂ ਪੈਗੰਬਰਾਂ ਦੀਆਂ ਕੁਰਬਾਨੀਆਂ ਤੇ ਸਿੱਖਿਆਵਾਂ ਕਾਰਨ ਸਮੇਂ-ਸਮੇਂ ਧਾਰਮਿਕ ਲੋਕਾਂ ਨੇ ਚੰਗਾ ਸਮਾਜ ਸਿਰਜਣ ਤੇ ਲੋਕ ਵਿਰੋਧੀ ਹਾਕਮਾਂ ਖਿਲਾਫ ਸੰਘਰਸ਼ ਲੜੇ ਤੇ ਚੰਗਾ ਯੋਗਦਾਨ ਪਾਇਆ ਹੈ।ਜਿਨ੍ਹਾਂ ਸਮਿਆਂ ਵਿੱਚ ਦੇਸ਼ਾਂ ਦੇ ਕੋਈ ਕਨੂੰਨ ਨਹੀਂ ਸਨ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਸਥਾਵਾਂ ਨਹੀਂ ਸਨ, ਪੜ੍ਹਾਈ ਲਈ ਕੋਈ ਸਕੂਲਿੰਗ ਸਿਸਟਮ ਨਹੀਂ ਸੀ, ਉਨ੍ਹਾਂ ਸਮਿਆਂ ਵਿੱਚ ਸਮਾਜਿਕ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਧਰਮ ਨੇ ਆਪਣਾ ਯੋਗਦਾਨ ਪਾਇਆ।ਪਰ ਹੁਣ ਦੇਖਣਾ ਬਣਦਾ ਹੈ ਕਿ ਕੀ ਧਰਮ ਦੀ ਅੱਜ ਦੇ ਇੱਕੀਵੀਂ ਸਦੀ ਦੇ ਵਿਗਿਆਨਕ ਯੁੱਗ ਵਿੱਚ ਕੋਈ ਸਾਰਥਿਕਤਾ ਹੈ? ਕੀ ਧਰਮ ਸਾਡੇ ਲਈ ਅੱਜ ਕੋਈ ਪ੍ਰੇਰਨਾ ਸ੍ਰੋਤ ਬਣ ਸਕਦਾ ਹੈ? ਅੱਜ ਜਦੋਂ ਸਰਮਾਏਦਾਰੀ ਤੇ ਸਿਆਸਤ ਦਾ ਨਾਪਾਕ ਗੱਠਜੜ ਮਨੁੱਖਤਾ ਦੀ ਹੋਂਦ ਲਈ ਖਤਰਾ ਬਣ ਚੁੱਕਾ ਹੈ ਤਾਂ ਕੀ ਅਜਿਹੇ ਸਮੇਂ ਵਿੱਚ ਧਰਮ ਕੋਈ ਭੂਮਿਕਾ ਨਿਭਾ ਸਕਦਾ ਹੈ? ਬੇਸ਼ਕ ਆਮ ਧਾਰਮਿਕ ਲੋਕ ਕਹਿਣਗੇ ਕਿ ਧਰਮ ਗ੍ਰੰਥ ਅਜਿਹੀ ਭੂਮਕਿਾ ਨਿਭਾਉਣ ਦੇ ਸਮਰੱਥ ਹਨ, ਪਰ ਕੀ ਧਰਮਾਂ ਤੇ ਕਾਬਿਜ ਪੁਜਾਰੀ ਸ਼੍ਰੇਣੀ ਅਜਿਹੀ ਭੂਮਿਕਾ ਨਿਭਾਉਣ ਦੇਵੇਗੀ? ਜੇ ਸਿੱਖੀ ਦੇ ਪੱਖ ਤੋਂ ਦੇਖੀਏ ਤਾਂ ਸਿੱਖੀ ਦਾ ਸਾਰਾ ਧਾਰਮਿਕ ਤਾਣਾ-ਬਾਣਾ ਸਿਆਸੀ ਲੋਕਾਂ ਦੀ ਸ਼ਹਿ ਪ੍ਰਾਪਤ ਪੁਜਾਰੀਆਂ ਤੇ ਨਕਲੀ ਸਾਧਾਂ ਦੇ ਹੱਥ ਹੈ, ਜੇ ਕੋਈ ਵਿਦਵਾਨ ਜਾਂ ਪ੍ਰਚਾਰਕ ਅਕਲ ਦੀ ਗੱਲ ਕਰਨ ਲੱਗੇ ਤਾਂ ਸਰੀਰਕ ਹਮਲੇ ਕੀਤੇ ਜਾਂਦੇ ਹਨ ਅਤੇ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਬਹੁਤ ਸਾਰੀਆਂ ਧਾਰਮਿਕ ਜਾਂ ਸਮਾਜਿਕ ਰੀਤਾਂ ਰਸਮਾਂ ਅਜਿਹੀਆਂ ਹਨ, ਜਿਨ੍ਹਾਂ ਦੀ ਅੱਜ ਦੇ ਸਮੇਂ ਵਿੱਚ ਕੋਈ ਤੁਕ ਨਹੀਂ ਬਣਦੀ, ਪਰ ਪੜ੍ਹ ਲਿਖ ਕੇ ਵੀ ਅਸੀਂ ਬਚਪਨ ਤੋਂ ਅਜਿਹੇ ਮਾਨਸਕਿ ਗੁਲਾਮ ਬਣਾ ਦਿੱਤੇ ਜਾਂਦਾ ਹਾਂ ਕਿ ਉਨ੍ਹਾਂ ਗਲ਼ੀਆਂ-ਸੜ੍ਹੀਆਂ, ਫੋਕਟ ਰੀਤਾਂ-ਰਸਮਾਂ, ਮਰਿਯਾਦਾਵਾਂ-ਪ੍ਰੰਪਰਾਵਾਂ ਨੂੰ ਨਿਭਾਈ ਤੁਰੇ ਜਾਂਦੇ ਹਾਂ।ਇੱਕ ਉਦਾਹਰਣ ਦੇ ਤੌਰ ਤੇ ਜਨਮ ਤੇ ਮੌਤ ਨਾਲ ਸਬੰਧਤ ਕੀਤੀਆਂ ਜਾਂਦੀਆਂ ਧਾਰਮਿਕ ਰਸਮਾਂ ਦਾ ਕੀ ਅੱਜ ਕੋਈ ਮਤਲਬ ਬਣਦਾ ਹੈ? ਇਥੋਂ ਤੱਕ ਕਿ ਜਦੋਂ ਸਾਰੇ ਦੇਸ਼ਾਂ ਵਿੱਚ ਵਿਆਹ ਕੋਰਟ ਮੈਰਿਜ ਰਾਹੀਂ ਸਰਕਾਰਾਂ ਕੋਲ ਰਜਿਟਰ ਹੋਣ ਨਾਲ ਹੀ ਮਾਨਤਾ ਪ੍ਰਾਪਤ ਹੁੰਦੇ ਹਨ ਤਾਂ ਫਿਰ ਵੀ ਅਸੀਂ ਬੇਲੋੜੀਆਂ ਧਾਰਮਿਕ ਰਸਮਾਂ ਛੱਡਣ ਲਈ ਤਿਆਰ ਨਹੀਂ ਹਾਂ? ਜਥੇਬੰਦਕ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਸਭ ਪਤਾ ਹੈ ਕਿ ਉਨ੍ਹਾਂ ਵਲੋਂ ਨਿਭਾਈਆਂ ਜਾਂਦੀਆਂ ਰੀਤਾਂ-ਰਸਮਾਂ, ਕਰਮਕਾਂਡਾਂ, ਪੂਜਾ-ਪਾਠ, ਧਾਰਮਿਕ ਚਿੰਨ੍ਹਾਂ ਆਦਿ ਨਾਲ ਉਨ੍ਹਾਂ ਦੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਕੁਝ ਨਹੀਂ ਬਦਲਦਾ, ਪਰ ਉਹ ਸਿਰਫ ਦੇਖੋ-ਦੇਖੀ ਜਾਂ ਸਮਾਜਿਕ ਤੇ ਪਰਿਵਾਰਕ ਪ੍ਰਭਾਵ (ਪ੍ਰੈਸ਼ਰ) ਅਧੀਨ ਹੀ ਨਿਭਾਈ ਜਾਂਦੇ ਹਨ। ਪਰ ਛੱਡਣ ਦੀ ਹਿੰਮਤ ਨਹੀਂ ਕਰ ਪਾਉਂਦੇ? ਫਿਰ ਅਜਿਹੇ ਧਰਮ ਦਾ ਤੇ ਅਜਿਹੇ ਦਿਖਾਵੇ ਵਾਲੇ ਧਰਮੀ ਬਣੇ ਰਹਿਣ ਦਾ ਕੀ ਲਾਭ ਹੈ? ਜੇ ਅਸੀਂ ਦਿਲੋਂ ਧਰਮ ਜਾਂ ਧਾਰਮਿਕ ਗੁਰੂਆਂ ਨੂੰ ਪਿਆਰ ਕਰਦੇ ਹਾਂ ਤਾਂ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਨਕਲੀ ਤੇ ਫੋਕਟ ਰਸਮਾਂ ਤੇ ਪੂਜਾ ਪਾਠ ਛੱਡ ਕੇ ਆਪਣੇ, ਸਮਾਜ ਤੇ ਮਨੁੱਖਤਾ ਦੇ ਭਲੇ ਲਈ ਧਰਮ ਤੋਂ ਸੇਧ ਲੈ ਕੇ ਜੀਵਨ ਵਿੱਚ ਕੁਝ ਯਤਨ ਕਰਾਂਗੇ।ਜੇ ਸਾਡੇ ਗੁਰੂ ਮਨੁੱਖਤਾ ਦੀ ਖਾਤਿਰ ਕੁਰਬਾਨੀਆਂ ਕਰ ਗਏ ਤਾਂ ਅਸੀਂ ਵੀ ਉਨ੍ਹਾਂ ਤੋਂ ਸੇਧ ਲੈ ਕੇ ਅੱਜ ਦੇ ਲੁਟੇਰੇ ਨਿਯਾਮ ਵਿਰੁੱਧ ਸੰਘਰਸ਼ ਕਰਾਂਗੇ।ਅਸੀਂ ਵੀ ਆਪਣੇ ਅੰਦਰ ਬਾਬਰ ਨੂੰ ਜ਼ਾਬਰ ਕਹਿਣ ਦੀ ਜ਼ੁਰਅਤ ਪੈਦਾ ਕਰਾਂਗੇ।ਆਪਣੀ ਸੋਚ ਨੂੰ ਫਿਰਕਿਆਂ ਤੋਂ ਉਪਰ ਉਠ ਕੇ ਮਨੁੱਖਤਾਵਾਦੀ ਬਣਾਂਵਾਂਗੇ।ਅਸੀਂ ਅੱਜ ਦੇ ਮਲਕ ਭਾਗੋਆਂ ਨੂੰ ਉਨ੍ਹਾਂ ਦੀ ਰੋਟੀ ਵਿਚੋਂ ਗਰੀਬਾਂ ਦਾ ਲਹੂ ਨਿਚੜਦਾ ਦਿਖਾਵਾਂਗੇ।ਜਿਹੜੇ ਮਲਕ ਭਾਗੋ ਕਿਰਤੀ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਦੀ ਲੁੱਟ ਕਰ ਰਹੇ ਹਨ, ਉਨ੍ਹਾਂ ਖਿਲਾਫ ਆਵਾਜ਼ ਉਠਾਵਾਂਗੇ।

ਲੱਚਰਤਾ, ਹਿੰਸਾ, ਜਾਤ-ਪਾਤ ਫੈਲਾ ਰਹੇ ਗਾਇਕਾਂ ਖਿਲਾਫ ਸੰਘਰਸ਼ ਕਰਾਂਗੇ।ਅਸੀਂ ਵੀ ਮੋਦੀ-ਟਰੰਪ ਵਰਗੀਆਂ ਲੋਕ ਵਿਰੋਧੀ ਸ਼ਕਤੀਆਂ ਦੇ ਮਨਸੂਬਿਆਂ ਨੂੰ ਸਮਝ ਕੇ ਸੰਘਰਸ਼ ਕਰ ਰਹੇ ਲੋਕਾਂ ਨਾਲ ਖੜਾਂਗੇ।ਜੇ ਧਰਮ ਤੁਹਾਨੂੰ ਅਜਿਹੀ ਪ੍ਰੇਰਨਾ ਨਹੀਂ ਦਿੰਦਾ ਕਿ ਜੋ ਲੋਕ ਸਮਾਜ ਵਿੱਚ ਚੰਗਾ ਰੋਲ਼ ਕਰ ਰਹੇ ਹਨ, ਲੋਕ ਮਸਲਿਆਂ ਲਈ ਲੜ੍ਹ ਰਹੇ ਹਨ, ਉਨ੍ਹਾਂ ਦਾ ਸਾਥ ਦੇਈਏ ਤਾਂ ਸਮਝੋ ਕਿ ਤੁਸੀਂ ਨਕਲੀ ਧਰਮ ਪੁਜਾਰੀਆਂ ਦੇ ਲੁੱਟ ਦੇ ਧੰਦੇ ਵਿੱਚ ਸ਼ਰੀਕ ਹੋ।ਅੱਜ ਦੇ ਅਧੁਨਿਕ ਸਮਾਜ ਵਿੱਚ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਹਨ, ਜੇ ਧਰਮ ਸਾਨੂੰ ਉਨ੍ਹਾਂ ਦਾ ਹੱਲ ਨਹੀਂ ਦੱਸਦਾ, ਸਾਨੂੰ ਉਨ੍ਹਾਂ ਨਾਲ ਲੜਨ ਦੀ ਪ੍ਰੇਰਨਾ ਨਹੀਂ ਦਿੰਦਾ ਤਾਂ ਅਜਿਹੇ ਧਰਮ ਤੋਂ ਫਿਰ ਮਨੁੱਖ ਨੇ ਕੀ ਲੈਣਾ ਹੈ? ਅਸੀਂ ਜ਼ਰਾ ਖੁੱਲ੍ਹੇ ਦਿਮਾਗ ਨਾਲ ਸੋਚੀਏ ਕਿ ਜਿਨ੍ਹਾਂ ਸਮਿਆਂ ਵਿੱਚ ਧਰਮ ਪੈਦਾ ਹੋਏ, ਉਸ ਵਕਤ ਉਨ੍ਹਾਂ ਨੇ ਸਮੇਂ ਅਨੁਸਾਰ ਆਪਣੀ ਇਤਿਹਾਸਕ ਭੂਮਿਕਾ ਨਿਭਾਈ, ਪਰ ਜੇ ਉਹ ਧਰਮ ਅੱਜ ਸਮੇਂ ਦੇ ਹਾਣੀ ਨਹੀਂ ਬਣ ਸਕੇ ਜਾਂ ਬਣ ਸਕਦੇ ਤਾਂ ਇਸ ਜੰਜਾਲ 'ਚੋਂ ਬਾਹਰ ਨਿਕਲੀਏ, ਆਪਣਾ ਸਮਾਂ ਤੇ ਧਨ ਸਾਰਥਿਕ ਕੰਮਾਂ ਵਿੱਚ ਲਗਾਈਏ, ਜਿਸ ਨਾਲ ਸਾਡਾ ਤੇ ਸਮਾਜ ਦਾ ਜੀਵਨ ਸੁੰਦਰ ਤੇ ਸੁੱਖੀ ਹੋ ਸਕੇ।ਜੇ ਧਰਮ ਸਾਡੇ ਅੱਗੇ ਵਧਣ ਲਈ ਮਾਰਗ ਦਰਸ਼ਕ ਜਾਂ ਪ੍ਰੇਰਨਾ ਸ੍ਰੋਤ ਬਣ ਸਕੇ ਤਾਂ ਬਹੁਤ ਚੰਗੀ ਗੱਲ ਹੈ, ਪਰ ਜੇ ਇਹ ਸਾਡੇ ਲਈ ਮਾਨਸਿਕ ਜੰਜੀਰਾਂ ਬਣ ਰਿਹਾ ਹੈ ਤਾਂ ਇਹ ਜੰਜੀਰਾਂ ਤੋੜਨਾ ਹੀ ਅੱਜ ਦੇ ਸਮੇਂ ਦਾ ਧਰਮ ਹੈ, ਸਾਡੇ ਗੁਰੂਆਂ-ਪੈਗੰਬਰਾਂ ਨੇ ਉਨ੍ਹਾਂ ਦੇ ਸਮਿਆਂ ਦੀ ਪਿਛਾਂਚਖਿਚੂ ਮਰਿਯਾਦਾ ਤੇ ਕਰਮਕਾਂਡਾਂ ਰੂਪੀ ਜੰਜੀਰਾਂ ਤੋੜ ਕੇ ਸਾਡਾ ਮਾਰਗ ਦਰਸ਼ਨ ਕੀਤਾ ਹੈ, ਉਸ ਤੋਂ ਸੇਧ ਲੈ ਕੇ ਅੱਗੇ ਵਧੀਏ।ਅੱਜ ਦੇ ਸਮੇਂ ਵਿੱਚ ਵਿਗਿਆਨਕ ਤੇ ਮਨੁੱਖਤਾਵਾਦੀ ਸੋਚ ਹੀ ਧਰਮ ਹੋ ਸਕਦੀ ਹੈ, ਜੇ ਸਾਡੀ ਸੋਚ ਵਿਗਿਆਨਕ ਤੇ ਮਨੁੱਖਤਾਵਾਦੀ ਨਹੀਂ ਤਾਂ ਅਸੀਂ ਇਸ ਹੀਰੇ ਜੈਸੇ ਮਾਨਸ ਜਨਮ ਨੂੰ ਕੌਡੀਆਂ ਬਦਲੇ ਗਵਾ ਰਹੇ ਹੋਵਾਂਗੇ।

ਸੰਪਰਕ: 403-681-8689

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ