ਹੋਰ ਕਰੇੜਾ ਕਸ ਨੀ... - ਬੇਅੰਤ
Posted on:- 15-11-2019
ਆਮ ਮੁਹਾਵਰਾ ਹੈ ਕਿ 'ਖਰਬੂਜੇ ਨੂੰ ਵੇਖ ਕੇ 'ਖਰਬੂਜਾ ਰੰਗ ਫੜਦਾ ਹੈ'। ਕੇਂਦਰ 'ਚ ਬੀ ਜੇ ਪੀ ਜੋ ਕਰ ਰਹੀ ਹੈ ਉਸਤੇ ਕਿੰਨਾਂ ਕੁੱਝ ਕਿਹਾ ਸੁਣਿਆ ਜਾ ਰਿਹਾ ਮੋਦੀ ਅਮਿਤ ਸ਼ਾਹ ਵਾਲੀ ਲਾਗ ਆਹ ਪੰਜਾਬ ਵਾਲਿਆਂ ਨੂੰ ਵੀ ਲਗ ਗਈ। ਕਾਂਗਰਸ ਕਹਿੰਦੀ ਅਸੀਂ ਇਸ ਮਾਮਲੇ ਵਿਚ ਤੁਹਾਡੇ ਵੀ ਪਿਓ ਆਂ। ਕਸ਼ਮੀਰ, ਬਾਬਰੀ ਮਸਜਿਦ,ਨਾਗਾ, ਬਸਤਰ, 84, ਤੁਸੀਂ ਤਾਂ ਹੁਣ ਲਗੇ ਹੋ ਕੱਲ ਦੇ ਨਿਆਣੇ ਅਸੀਂ 70 ਸਾਲਾਂ ਤੋਂ ਆਹੀ ਕੁੱਝ ਕੀਤਾ। ਅਖੇ 1977 ਦੀ ਐਮਰਜੈਂਸੀ ਦੇ ਝੰਡਾ ਬਰਦਾਰ ਆ ਅਸੀਂ। ਤੁਹਾਡਾ ਅਮਿਤ ਸ਼ਾਹ ਜੋ ਕਰਤੂਤਾਂ ਹੁਣ ਕਰਨ ਲੱਗਾ ਹੋਇਆ ਸਾਡੇ ਆਲੇ ਸੰਜੇ ਗਾਂਧੀ ਤੋਂ ਸਕੂਲਿੰਗ ਲਈ ਏ ਇਸਨੇ। ਐਮਰਜੈਂਸੀ ਵੇਲੇ ਜਿਹੜੇ ਇੰਦਰਾ ਦੇ ਹਮਾਇਤੀ ਅਤੇ ਅੰਨ੍ਹੇ ਸ਼ਰਧਾਲੂ ਸੀ ਉਹਨਾਂ ਇਕ ਫਿਕਰਾ ਮਸ਼ਹੂਰ ਕੀਤਾ ਹੋਇਆ ਸੀ, ਜਦੋਂ ਵੀ ਕਿਸੇ ਨੇ ਐਮਰਜੈਂਸੀ ਅਤੇ ਮਨੁੱਖੀ ਹਕੂਕ ਦੇ ਹੋ ਰਹੇ ਘਾਣ ਦਾ ਵਿਰੋਧ ਕਰਨਾ ਤਾਂ ਇਹਨਾਂ ਆਖਣਾ,
'ਹੋਰ ਕਰੇੜਾ ਕਸ ਨੀ ਬੀਬੀ ਹੋਰ ਕਰੇੜਾ ਕਸ,।
ਕੈਪਟਨ ਅਮਰਿੰਦਰ ਦੀ ਸੁਣ ਲੋ ਇਸਨੂੰ ਤਾਂ ਵਿਰਾਸਤ ਵਿੱਚ ਮਿਲੀ ਏ ਚਾਕਰੀ, ਉਹਦੀਆਂ ਰਗਾਂ ਵਿੱਚ ਤਾਂ ਖੂਨ ਦੋੜਦਾ ਬਾਗੀ ਲੋਕਾਂ ਨੂੰ ਦਬਾਉਣ ਦਾ। ਆਪ ਜੀ ਦਾ ਖਾਨਦਾਨ ਤਾਂ ਸਦੀਆਂ ਤੋਂ ਚਾਕਰੀ ਕਰਦਾ ਆ ਰਿਹਾ। ਸਿੱਖ ਮਿਸਲਾਂ ਹਮਲਾਵਰਾਂ ਤੇ ਹਮਲੇ ਕਰਦਿਆਂ ਸੀ, ਅਮਰਿੰਦਰ ਕੇ ਪੁਰਖੇ ਮੁਗਲਾਂ ਦੀ ਪੁਸ਼ਤਪਨਾਹੀ ਚ ਗਲਤਾਨ ਸੀ, ਕੇਰਾਂ ਮੁਗਲਾਂ ਦੀਆਂ ਤੋਪਾਂ ਹੜਾਂ ਕਾਰਨ ਦਰਿਆ ਚ ਫਸ ਗਈਆਂ ਪਰ ਆਪ ਦੇ ਬਜ਼ੁਰਗ ਇੰਨੇ ਦਿਆਲੂ ਨਿਕਲੇ ਕਿ ਪਾਣੀ ਉਤਰਨ ਤੋਂ ਬਾਅਦ ਤੋਪਾਂ ਸਾਂਭ ਲਈਆਂ, ਅੱਗੇ ਸੁਣ ਲੋ ਸਾਂਭੀਆਂ ਹੀ ਨਹੀਂ ਬਾਇਜ਼ਤ ਵਾਪਿਸ ਵੀ ਕਰ ਕੇ ਆਏ ਕਿ ਜਨਾਬ ਅਗਲੇ ਹਮਲੇ ਵੀ ਕਰਨੇ ਹੋਣਗੇ। ਅੰਗਰੇਜਾਂ ਨਾਲ ਆਪ ਜੀ ਦੇ ਸਬੰਧਾਂ ਬਾਰੇ ਕੌਣ ਨੀ ਜਾਣਦਾ।
ਖ਼ੈਰ ਉਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਆਪ ਜੀ ਦਾ ਤਾਜਾ ਫੁਰਮਾਨ ਉਸੇ ਮਾਨਸਿਕਤਾ ਨੂੰ ਦਰਸਾਉਂਦਾ ਹੈ, ਕਿ ਪੰਜਾਬ ਦੇ ਸਕੂਲਾਂ ਦੇ ਮਾਸਟਰ ਹੁਣ ਅਖਬਾਰ ਰੇਡੀਓ,ਟੈਲੀਵਿਜ਼ਨ ਤੇ ਖਬਰਾਂ, ਲੇਖ ਆਦਿ ਦਾ ਕੰਮ ਨਹੀਂ ਕਰਨਗੇ। ਮਸਾਂ ਤਾਂ ਮਾਸਟਰ ਕੋਈ ਚੱਜ ਦਾ ਕੰਮ ਕਰਦੇ ਸੀ। ਅੱਜ ਮਾਸਟਰਾਂ-ਮਾਸਟਰਨੀਆਂ ਨੂੰ ਰੋਕਿਆ, ਕੱਲ ਨੂੰ ਕਾਲਜ ਵਾਲ਼ੇ ਤੇ ਫੇਰ ਯੂਨੀਵਰਸਿਟੀ ਵਾਲ਼ਿਆਂ ਦਾ ਨੰਬਰ ਲਗ ਜਾਣਾ। ਹੋ ਸਕਦਾ ਇਹ ਕਹਿ ਦੇਣ ਕਿ ਜਿਹੜੇ ਪਾੜੇ ਨੇ ਬਈ ਤੁਸੀਂ ਵੀ ਆਪਣੀ ਪੜਾਈ ਲਿਖਾਈ ਕਰੋ। ਨਾਲੇ ਇਹ ਲੇਖ ਲਿਖਣ ਚੈਨਲਾਂ, ਰੇਡੀਓ ਤੇ ਆਪਣੀ ਗੱਲ ਕਹਿਣ ਵਾਲ਼ੇ ਪੰਜਾਬ ਵਿੱਚ ਕਿੰਨੇ ਕੁ ਬੰਦੇ ਨੇ। ਇਹੀ ਉਹ ਬੰਦੇ ਨੇ ਜੋ ਸਰਕਾਰ ਦੀਆਂ ਨਲਾਇਕੀਆਂ ਬਾਰੇ ਮਾੜਾ ਮੋਟਾ ਲੋਕਾਂ ਨੂੰ ਦਸਦੇ ਨੇ। ਹੁਣ ਉਹਨਾਂ ਦੀ ਜ਼ੁਬਾਨ ਤੇ ਵੀ ਜਿੰਦੇ ਲਾ ਦਿੱਤੇ ਨੇ।
ਕੁੱਝ ਲੋਕ ਸਿਰਫ ਚੰਗੀ ਸੂਚਨਾ ਲੋਕਾਂ ਤੱਕ ਜਾਵੇ ਤੇ ਸਮਾਜ ਅੱਗੇ ਵਧੇ ਇਸ ਨਜ਼ਰੀਏ ਤੋਂ ਲਿਖਦੇ ਨੇ ਮਸਲਨ ਇੰਟਰਨੈਟ, ਸੌਫਟਵੇਅਰਜ਼, ਐਪਸ, ਪੰਜਾਬੀ ਫੌਂਟ ਬਾਰੇ ਪੰਜਾਬੀ ਵਿੱਚ ਲਿਖ ਕੇ ਦਸਦੇ ਨੇ, ਅਨੁਵਾਦ ਕਰ ਕੇ ਸਾਇੰਸ, ਸਾਹਿਤ ਕਲਾ ਆਦਿ ਦੀ ਜਾਣਕਾਰੀ ਦਿੰਦੇ ਨੇ, ਖੇਤੀਬਾੜੀ ਆਦਿ ਬਾਰੇ ਕਿੰਨੀ ਜਾਣਕਾਰੀ ਅਖਬਾਰਾਂ ਰੇਡੀਓ, ਚੈਨਲਾਂ ਤੇ ਅਧਿਆਪਕ ਕਿਤੇ ਦੇ ਲੋਕ ਦਿੰਦੇ ਨੇ। ਸਰਕਾਰ ਨੇ ਸਾਰਿਆਂ ਦਾ ਮਕੁ ਠੱਪਣ ਦਾ ਮੰਨ ਬਣਾ ਲਿਆ ਹੈ। ਤਾਜ਼ਾ ਫੁਰਮਾਨ ਬੋਲਣ, ਲਿਖਣ, ਵਿਚਾਰ ਪ੍ਰਗਟਾਵੇ ਦੇ ਸੰਵਿਧਾਨ ਦੁਆਰਾ ਦਿੱਤੇ ਬੁਨਿਆਦੀ ਹੱਕ ਆਰਟੀਕਲ 19 ਦੀ ਉਲੰਘਣਾ ਹੈ। ਉਂਝ ਮੈਨੂੰ ਲੱਗਦਾ ਇਹ ਸਕੂਲ ਸਿਖਿਅਕਾਂ ਬਾਰੇ ਜੋ ਬਿਆਨ ਆਇਆ ਇਸ ਵਿਚ ਜੋ ਸਰਕਾਰ ਨੇ ਜਿਹੜਾ ਆਈ ਏ ਐਸ ਬਾਂਦਰ ਖ਼ੁਲਾ ਛੱਡਿਆ ਹੋਇਆ ਉਸਦੀ ਕਰਤੂਤ ਜਾਪਦੀ ਹੈ। ਉਹ ਬਾਂਦਰ ਸਰਕਾਰ ਦਾ ਬਾਂਦਰ ਜਰੂਰ ਲੰਡਾ ਕਰਵਾ ਕੇ ਛਡੂ। ਚੰਦਰੇ ਨੂੰ ਦਿਮਾਗੀ ਹੱਥਰਸੀ ਕਰਨ ਦੀ ਭੈੜੀ ਆਦਤ ਪੈ ਗਈ ਹੈ। ਕੋਈ ਪਟਿਆਲੇ ਵਾਲੇ ਭੂਪੇ ਦੀ ਔਲਾਦ ਨੂੰ ਸਮੁਤ ਬਖ਼ਸੇਬਕੌਲ ਬਾਬਾ ਵਜੀਦ ਕੌਣ ਸਾਈਂ ਨੂੰ ਆਖੇ ਇੰਞ ਨੀ ਇਓਂ ਕਰ....ਸੰਪਰਕ: 94635 05435