Thu, 21 November 2024
Your Visitor Number :-   7255445
SuhisaverSuhisaver Suhisaver

ਇੱਕ ਰਾਜਨੀਤਿਕ ਕੈਦੀ ਦੀ ਮੌਤ -ਮਾਰਤੰਡ ਕੌਸ਼ਿਕ

Posted on:- 07-11-2019

suhisaver

ਪ੍ਰੋਫੈਸਰ ਐੱਸ ਏ ਆਰ ਗਿਲਾਨੀ ਦੀ ਇਨਸਾਨੀਅਤ

ਅੱਜ ਤੋਂ ਲਗਭਗ ਗਿਆਰਾਂ ਸਾਲ ਪਹਿਲਾਂ ਨਵੰਬਰ 2008 ਵਿੱਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਰਟਸ ਫੈਕਲਟੀ ਦੇ ਕਮਰਾ ਨੰਬਰ 22 ਵਿੱਚ ਧਾਰਮਿਕ ਕੱਟੜਤਾ, ਫਾਸੀਵਾਦ, ਜ਼ਮਹੂਰੀਬਿਆਨਬਾਜ਼ੀ ਅਤੇ ਯਥਾਰਥ ਵਿਸ਼ੇ ਤੇ ਸੈਮੀਨਾਰ ਕਰਵਾਇਆ।ਸੈਮੀਨਾਰ ਦੇ ਮੁੱਖ ਬੁਲਾਰੇ ਦਿੱਲੀ ਯੂਨੀਵਰਸਿਟੀ ਵਿੱਚ ਅਰਬੀ ਵਿਭਾਗ ਦੇ ਕਸ਼ਮੀਰੀ ਮੁਸਲਿਮ ਪ੍ਰੋਫੈਸਰ ਸੱਯਦ ਅਬਦੁਲ ਰਹਿਮਾਨ ਗਿਲਾਨੀ ਸਨ। ਇਸ ਵਿਸ਼ੇ ਤੇ ਗਿਲਾਨੀ ਨਾਲੋਂ ਬਿਹਤਰ ਗੱਲ ਰੱਖਣ ਵਾਲਾ ਵਕਤਾ ਸ਼ਾਇਦ ਹੀ ਕੋਈ ਹੋਰ ਸੀ। 2002 ਦੇ ਸੰਸਦ ਹਮਲੇ ਵਿੱਚ ਅਦਾਲਤ ਨੇ ਗਿਲਾਨੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮੀਡੀਆ ਨੇ ਆਪਣੀ ਅਦਾਲਤ ਵਿੱਚ ਕਾਨੂੰਨੀ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਗਿਲਾਨੀ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ।ਪਰ ਅਗਲੇ ਤਿੰਨ ਸਾਲਾਂ ਵਿੱਚ ਦਿੱਲੀ ਉੱਚ ਅਦਾਲਤ ਅਤੇ ਸਰਬਉੱਚ ਅਦਾਲਤ ਨੇ ਗਿਲਾਨੀ ਨੂੰ ਸਾਰੇ ਅਰੋਪਾਂ ਤੋਂ ਮੁਕਤ ਕਰ ਦਿੱਤਾ। ਉਸ ਸੈਮੀਨਾਰ ਵਿੱਚ ਜ਼ੁਲਮਯਾਫ਼ਤਾ ਰਾਜ ਮਸ਼ੀਨਰੀ ਦੁਆਰਾ ਉਨ੍ਹਾਂ ਉੱਤੇ ਲਾਏਆਰੋਪਾਂ ਅਤੇ ਧਾਰਮਿਕ ਕੱਟੜਤਾ ਬਾਰੇ ਗਿਲਾਨੀ ਆਪਣੇ ਵਿਚਾਰ ਰੱਖਣ ਵਾਲੇ ਹੀ ਸਨ। ਉੱਚੇ ਮੰਚ ਤੇ ਰੱਖੀ ਇੱਕ ਵੱਡੀ ਮੇਜ਼ ਦੇ ਪਿੱਛੇ ਗਿਲਾਨੀ ਦੇ ਨਾਲ 21 ਸਾਲਾਂ ਉਮਰ ਖਾਲਿਦ ਬੈਠਾ ਸੀ। 2016 ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਵਾਦ ਵਿੱਚ ਉਮਰ ਖਾਲਿਦ ਤੇ ਵੀ ਦੇਸ਼ਧ੍ਰੋਹ ਦਾ ਅਰੋਪ ਲੱਗਿਆ। ਇਨ੍ਹਾਂ ਦੋਵਾਂ ਦੇ ਨਾਲ ਮੰਚ ਉੱਤੇਰਾਮ ਚੰਦਰ ਬੈਠੇ ਸਨ ਜਿਹੜੇ ਦਾ ਟ੍ਰਬਿਊਨ ਦੇ ਮੌਜੂਦਾ ਸੰਪਾਦਕ ਹਨ।

ਜਿਵੇਂ ਹੀ ਗਿਲਾਨੀ ਮੰਚ ਉੱਤੇ ਜਾ ਕੇ ਸੁਸ਼ੋਭਿਤ ਹੋਏ, ਇੱਕ ਵਿਦਿਆਰਥੀ ਉਨ੍ਹਾਂ ਕੋਲ ਆਉਂਦਿਆਂ, ਉਨ੍ਹਾਂ ਵੱਲ ਝੁੱਕ ਗਿਆ ਭੁਲੇਖਾ, ਇਸ ਤਰ੍ਹਾਂ ਪੈ ਰਿਹਾ ਸੀ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ। ਉਹ ਵਿਦਿਆਰਥੀ ਰਾਸ਼ਟਰੀ ਸਵੈਂਮਸੇਵਕ ਸੰਘ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਮੈਂਬਰ ਸੀ। ਉਸ ਨੇ ਗਿਲਾਨੀ ਉੱਤੇ ਦੋ ਵਾਰ ਥੁੱਕਿਆ,ਗਿਲਾਨੀ ਤ੍ਰਭਕਦੇ ਹੋਏ ਆਪਣੀ ਕੁਰਸੀ ਵਿਚ ਦੁਬਕ ਗਏ।ਇਹ ਕਾਰਾ ਪ੍ਰੋਗਰਾਮ ਨੂੰ ਵਿਗਾੜਨ ਦੇ ਲਈ ਪੂਰਬ ਸਾਜ਼ਿਸ਼ਕਾਰੀ ਸੀ। ਇਸ ਤੋਂ ਬਾਅਦ ਏ.ਬੀ.ਵੀ.ਪੀ ਦੇ ਮੈਂਬਰ ਗਲਾ ਫਾੜ ਫਾੜ ਕੇ ਸਾਰੇ ਵਕਤਾਵਾਂ ਨੂੰ ਗਾਲਾਂ ਕੱਢਦੇ ਰਹੇ। ਗਿਲਾਨੀ ਨੇ ਬੇਖੌਫ ਹੋ ਕੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਏ.ਬੀ.ਵੀ.ਪੀ ਦੇ ਮੈਂਬਰ ਕਮਰੇ ਵਿੱਚ ਤੋੜਫੋੜ ਕਰਨ ਲੱਗੇ ਅਤੇ ਕੁਝ ਬੁਲਾਰਿਆਂ ਨਾਲ ਕੁੱਟਮਾਰ ਵੀ ਕੀਤੀ। ਏ.ਬੀ.ਵੀ.ਪੀ ਦੇ ਮੌਜੂਦਾ ਪ੍ਰਧਾਨ ਨੂਪੁਰਸ਼ਰਮਾ ਜਿਸ ਨੇ ਬਾਅਦ ਵਿੱਚ ਵਿਧਾਨ ਸਭਾ ਚੋਣਾਂ ਸਮੇਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਵਿਰੋਧ ਵਿੱਚ ਚੋਣ ਵੀ ਲੜੀ। ਉਸ ਨੇ ਆ ਕੇ ਐਲਾਨ ਕੀਤਾ ਕਿ ਗਿਲਾਨੀ ਯੂਨੀਵਰਸਿਟੀ ਵਿੱਚ ਆਪਣੀ ਗੱਲ ਨਹੀਂ ਰੱਖ ਸਕਦੇ।

ਇਸ ਘਟਨਾ ਦੀ ਵੀਡੀਓ ਮੀਡੀਆ ਤੱਕ ਪਹੁੰਚ ਗਈ ਅਤੇ ਟਾਈਮਜ਼ ਨਾਓ ਚੈਨਲ ਦੇ ਪ੍ਰੋਗਰਾ ਦੇ ਐਂਕਰ ਅਰਨਬ ਗੋਸਵਾਮੀ ਨੇ ਨੂਪੁਰ ਸ਼ਰਮਾ ਅਤੇ ਗਿਲਾਨੀ ਨੂੰ ਆਪਣੇ ਸ਼ੋਅ ਵਿੱਚ ਬੁਲਾਇਆ। ਉਸ ਸਮੇਂ ਗੋਸਵਾਮੀ ਅੱਜ ਦੀ ਤਰਜ਼ ਤੇ ਹਿੰਦੂ ਰਾਸ਼ਟਰਵਾਦੀ ਨਹੀਂ ਸਨ। 2014 ਵਿੱਚ ਬੀ.ਜੇ.ਪੀ ਦੀ ਜਿੱਤ ਨਾਲ ਗੋਸਵਾਮੀ ਹਿੰਦੂ ਰਾਸ਼ਟਰਵਾਦੀ ਹੋਏ। ਗੋਸਵਾਮੀ ਨੇ ਕਿਹਾ “ਆਓ ਦਿੱਲੀ ਯੂਨੀਵਰਸਿਟੀ ਵਿੱਚ ਘਟੀ ਅਸ਼ਲੀਲ ਹਰਕਤ ਦੀ ਤਸਵੀਰ ਵੇਖੋ। ਜਿਸ ਵਿੱਚ ਇੱਕ ਵਿਦਿਆਰਥੀ ਨੇ ਪ੍ਰੋਫੈਸਰ ਐੱਸ.ਏ.ਆਰ ਗਿਲਾਨੀ ਤੇ ਦੋ ਵਾਰ ਥੁੱਕਿਆ ਇਹ ਵੇਖ ਕੇ ਪੂਰਾ ਦੇਸ਼ ਇਹ ਦੇਖ ਕੇ ਸੰਦੇਹ ਵਿਚ ਹੈ”।ਗੋਸਵਾਮੀ ਨੇ ਦੋ ਵਾਰ ਕਿਹਾ ਕਿ ਗਿਲਾਨੀ ਨੂੰ ਸਾਰੇ ਅਰੋਪਾਂ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਅਤੇ “ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਹੋਣ ਦੇ ਨਾਤੇ ਇਸ ਘਟਨਾ ਨੇ ਮੈਨੂੰ ਝੰਜੋੜ ਅਤੇ ਡਰਾ ਦਿੱਤਾ ਹੈ”। ਇਹ ਵਿਰੋਧ ਕਰਨ ਦਾ ਕਿਹੜਾ ਢੰਗ ਹੈ? ਗੋਸਵਾਮੀ ਨੇ ਨੂਪੁਰ ਨੂੰ ਕਿਹਾ ਕਿ ਗਿਲਾਨੀ ਤੋਂ ਮਾਫੀ ਮੰਗੇ।ਜਦੋਂ ਗਿਲਾਨੀ ਦੀ ਗੱਲ ਰੱਖਣ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਨੂਪੁਰ ਨੂੰ ਚੜ੍ਹਾਉਂਦੇ ਹੋਏ ਯਾਦ ਦਿਵਾਇਆ ਕਿ ਤੁਸੀਂ ਤਾਂ ਖ਼ੁਦ ਕਾਨੂੰਨ ਦੀ ਵਿਦਿਆਰਥਣ ਹੋ। ਸ਼ਰਮਾ ਨੇ ਹਮਲਾਵਰ ਰੁਖ ਵਿਚ ਕਿਹਾਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ “ਪੂਰੇ ਦੇਸ਼ ਨੂੰ ਤੁਹਾਡੇ ਤੇ ਥੁੱਕਣਾ ਚਾਹੀਦਾ ਹੈ, ਪੂਰੇ ਦੇਸ਼ ਨੂੰ ਤੁਹਾਡੇ ਤੇ ਥੁੱਕਣਾ ਚਾਹੀਦਾ ਹੈ”।

ਸ਼ਰਮਾ ਦਾ ਅਜਿਹਾ ਆਤਮਵਿਸ਼ਵਾਸ ਕਿ ਜਿਸ ਯੂਨੀਵਰਸਿਟੀ ਵਿੱਚੋਂ ਪੜ੍ਹਦੀ ਹੈ, ਉਸ ਦੇ ਪ੍ਰੋਫੈਸਰ ਉੱਤੇ ਸਾਰੇ ਦੇਸ਼ ਨੂੰ ਥੁੱਕਣਾ ਚਾਹੀਦਾ ਹੈ ਇਹ ਕਹਿਣਾ ਇੱਕ ਅਜਿਹੇ ਮਾਹੌਲ ਦੀ ਗਵਾਹੀ ਭਰਦਾ ਹੈ ਜਿਹੜਾ ਉਸ ਸਮੇਂ ਕਾਇਮ ਸੀ।9/11  ਨੂੰ ਅਮਰੀਕਾ ਵਿਚ ਹੋਏ ਹਮਲੇ ਤੋਂ ਬਾਅਦ ਅੱਤਵਾਦ ਦੇ ਨਾਮ ਉੱਤੇ ਇਸਲਾਮ ਵਿਰੋਧੀ ਵਿਚਾਰ ਦੁਨੀਆਂ ਭਰ ਵਿੱਚ ਫੈਲ ਚੁੱਕਿਆ ਸੀ ਅਤੇ ਇਸ ਨੇ ਹਿੰਦੂ ਰਾਸ਼ਟਰਵਾਦੀਆਂ ਦੇ ਸ਼ਬਦਕੋਸ਼ ਵਿੱਚ ਥਾਂ ਬਣਾ ਲਈ ਸੀ।ਬੱਸ ਇੱਕ ਅੱਤਵਾਦੀ ਹੋਣ ਦਾ ਦੋਸ਼ ਹੀ ਕਾਫੀ ਸੀ ਕਿ ਲੋਕਾਂ ਨੂੰ ਦਾਨਵ ਦੀ ਤਰ੍ਹਾਂ ਪੇਸ਼ ਕੀਤਾ ਜਾ ਸਕਦਾ ਸੀ। ਹੁਣ ਮੁਸਲਮਾਨਾਂ ਉੱਤੇ ਥੁੱਕਣਾ, ਉਨ੍ਹਾਂ ਨੂੰ ਬਿਨਾਂ ਸਬੂਤ ਗ੍ਰਿਫ਼ਤਾਰ ਕਰ ਲੈਣਾ, ਕੁੱਟਣਾ,ਤਸੀਹੇ ਦੇਣਾ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਗੋਲੀ ਮਾਰ ਦੇਣਾ ਵੀ ਸਵੀਕਾਰਿਆ ਜਾ ਚੁੱਕਿਆ ਸੀ। ਗਿਲਾਨੀ ਨੇ 2001 ਤੋਂ ਲੈ ਕੇ ਅਕਤੂਬਰ 2019 ਵਿੱਚ ਦਿਲ ਦੇ ਦੌਰੇ ਨਾਲ ਮੌਤ ਤੱਕ ਇੱਕ ਵੀ ਇਲਜ਼ਾਮ ਸਾਬਿਤ ਹੋਏ ਬਿਨਾਂ ਇਸ ਤਰ੍ਹਾਂ ਦੇ ਅੱਤਿਆਚਾਰ ਝੱਲੇ। ਇਲਜ਼ਾਮਾਂ ਤੋਂ ਬਰੀ ਹੋਣ ਬਾਅਦ ਗਿਲਾਨੀ ਮਨੁੱਖੀ ਅਧਿਕਾਰ ਕਾਰਕੁਨ ਬਣ ਗਏ ਅਤੇ ਰਾਜਨੀਤਕ ਕੈਦੀਆਂ ਦੀ ਆਜ਼ਾਦੀ ਲਈ ਕੰਮ ਕਰਨ ਲੱਗੇ।

ਗਿਲਾਨੀ ਦੀ ਰਿਹਾਈ ਲਈ ਚਲਾਈ ਗਈ ਮੁਹਿੰਮ ਵਿੱਚ ਸ਼ਾਮਲ ਰਹੀ ਲੇਖਿਕਾ ਅਰੁੰਧਤੀ ਰਾਏ ਨੇ ਕਿਹਾ “ਮੈਂ ਸਦਾ ਹੀ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਨਿਡਰ ਅਤੇ ਮਾਣਯੋਗ ਇਨਸਾਨ ਦੇ ਤੌਰ ਤੇ ਯਾਦਕਰਦੀ ਰਹਾਂਗੀ” । ਉਹ ਸਦਾ ਹੀ ਉਨ੍ਹਾਂ ਲੋਕਾਂ ਲਈ ਕੰਮ ਕਰਦੇ ਰਹੇ ਜਿਹੜੇ ਗਿਲਾਨੀ ਦੇ ਹੀ ਤਜਰਬੇ ਵਿੱਚੋਂ ਗੁਜ਼ਰ ਰਹੇ ਸਨ।ਗਿਲਾਨੀ ਭਾਰਤ ਦੇ ਅਜਿਹੇ ਰਾਜਨੀਤਿਕ ਕੈਦੀ ਸਨ ਜੋ ਭਾਰਤੀ ਰਾਜ ਪ੍ਰਣਾਲੀ ਦੀਆਂ ਵਧੀਕੀਆਂ ਦਾ ਜਿਉਦਾ ਜਾਗਦਾ ਸਬੂਤ ਸਨ। ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਇਹ ਸਾਬਿਤ ਕਰਨ ਲਈ ਕਾਫੀ ਹੈ ਕਿ ਆਧੁਨਿਕ ਰਾਜ ਸੱਤਾ ਕੋਲ ਏਨੀ ਤਾਕਤ ਹੈ ਕਿ ਉਹ ਕਿਸੇ ਆਮ ਇਨਸਾਨ ਨੂੰ ਦੇਸ਼ ਦੀ ਸੁਰੱਖਿਆ ਦੇ ਲਈ ਖ਼ਤਰੇ ਵਾਂਗੂੰ ਪੇਸ਼ ਕਰ ਸਕਦੀ ਹੈ ਅਤੇ ਗੋਦੀ ਮੀਡੀਆ ਰਾਜ ਦੇ ਅਜਹੇ ਕੰਮਾਂ ਨੂੰ ਵਿਸ਼ਵਾਸਯੋਗ ਬਣਾਉਂਦਾ ਹੈ। ਨਾਲ ਹੀ ਇਹ ਵੀ ਕਿ ਕਿਵੇਂ ਕਈ ਵਾਰ ਅਦਾਲਤਾਂ ਵੀ ਵੱਡੀਨਾ ਇਨਸਾਫੀ ਕਰ ਬੈਠਦੀਆਂ ਹਨ।

 ਗਿਲਾਨੀ ਦਾ ਜਨਮ 1969 ਵਿੱਚ ਹੋਇਆ। ਉਹ ਕਸ਼ਮੀਰ ਦੇ ਇੱਕ ਮਹੱਤਵਪੂਰਨ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਸਈਅਦ ਅਬਦੁੱਲ ਵਲੀ ਉੱਲਾ ਸ਼ਾਹ ਗਿਲਾਨੀ ਧਰਮ ਸੁਧਾਰਕ ਸਨ।ਜਿਨ੍ਹਾਂ ਨੇ ਕਸ਼ਮੀਰੀ ਮੁਸਲਮਾਨਾਂ ਵਿੱਚ ਫੈਲੇ ਅੰਧ ਵਿਸ਼ਵਾਸਾਂ ਦੇ ਖਿਲਾਫ ਕੰਮ ਕੀਤਾ। ਨੂਪੁਰ ਸ਼ਰਮਾ ਵਰਗੇ ਲੋਕ ਚਾਹੇ ਕੁਝ ਵੀ ਸਮਝਣ ਪਰ ਗਿਲਾਨੀ ਇੱਕ ਅਜਿਹੀ ਮਹੌਲ ਵਿੱਚ ਪਲਿਆ ਅਤੇ ਵੱਡਾ ਹੋਇਆ ਜੋ ਇਸਲਾਮਿਕ ਕੱਟੜਵਾਦ ਦੇ ਖਿਲਾਫ ਸੀ।

 1980 ਅਤੇ 1990 ਦੇ ਦੌਰ ਵਿੱਚ ਗਿਲਾਨੀ ਜਵਾਨ ਹੋਇਆ। ਇਹ ਉਹ ਦੌਰ ਸੀ ਜਦੋਂ ਕਸ਼ਮੀਰੀ ਨੌਜਵਾਨਾਂ ਦਾ ਭਾਰਤੀ ਰਾਜ ਤੋਂ ਮੋਹ ਭੰਗ ਹੋ ਰਿਹਾ ਸੀ ਅਤੇ ਉਹ ਹਥਿਆਰ ਚੁੱਕਣ ਲੱਗੇ ਸਨ। ਗਿਲਾਨੀ ਦਾ ਵਿਆਹ ਜਲਦ ਹੋ ਗਿਆ, ਪਰ ਆਪਣੀ ਪਤਨੀਆਰਿਫਾ ਨੂੰ ਉਹ ਕਸ਼ਮੀਰ ਵਿੱਚ ਛੱਡ ਕੇ ਲਖਨਊ ਅਤੇ ਬਾਅਦ ਵਿੱਚ ਦਿੱਲੀ ਪੜ੍ਹਾਉਣ ਲਈ ਆ ਗਏ। ਜਦੋਂ ਵੀ ਉਹ ਘਰ ਵਾਪਸ ਆਉਂਦੇ ਤਾਂ ਕਾਊਂਟਰ ਐਮਰਜੈਂਸੀ ਦੇ ਨਾਂ ਤੇ ਹੋ ਰਹੀ ਵਹਿਸ਼ਤ ਦੀਆਂ ਕਹਾਣੀਆਂ ਸੁਣਦੇ ਜਿਸ ਨੇ ਸ਼ਾਇਦ ਹੀ ਕਿਸੇ ਕਸ਼ਮੀਰੀ ਮੁਸਲਮਾਨ ਨੂੰ ਬਖਸ਼ਿਆ ਹੋਵੇ।1990ਦੀ ਸ਼ੁਰੂਆਤ ਵਿੱਚ ਸੁਰੱਖਿਆ ਬਲਾਂ ਨੇ ਉਸ ਦੇ ਭਰਾ ਬਿਸਮਿੱਲਾ ਨੂੰ ਫੜ ਕੇ ਤਸੀਹੇ ਦਿੱਤੇ। ਆਪਣੀ ਕਿਤਾਬ ‘Framing Gilani Hanging Afzal’ਵਿੱਚ ਵਕੀਲ ਨੰਦਿਤਾ ਹਕਸਰ ਦੱਸਦੀ ਹੈ ਕਿ ਬਿਸਮਿੱਲਾ ਨੂੰ ਪੁੱਠਾ ਲਮਕਾ ਕੇ ਪਾਣੀ ਨਾਲ ਭਰੀ ਬਾਲਟੀ ਵਿੱਚ ਡੋਬਿਆ ਜਾਂਦਾ। ਇਸ ਤੋਂ ਬਾਅਦ ਉਸ ਦੇ ਪੇਟ ਉੱਤੇ ਉਦੋਂ ਤੱਕ ਮਾਰਿਆ ਜਾਂਦਾ ਜਦੋਂ ਤੱਕ ਅੰਦਰ ਗਿਆ ਪਾਣੀ ਬਾਹਰ ਨਾ ਉਗਲ ਦਿੱਤਾ ਜਾਂਦਾ। ਤਸੀਹਾਂ ਤੋਂ ਬਾਅਦ ਉਸ ਨੂੰ ਬਰਫ ਉੱਤੇ ਸੁੱਟ ਦਿੱਤਾ ਜਾਂਦਾ। ਬਾਅਦ ਵਿੱਚ ਬਿਸਮਿੱਲਾ ਨੇ ‘Manufacturing Terrorism Kashmir Encounters with the media and the Law’ਨਾਮ ਦੀ ਕਿਤਾਬ ਲਿਖੀ। ਆਪਣੇ ਕੌੜੇ ਤਜੁਰਬਿਆਂ ਦੇ ਬਾਵਜੂਦ ਦੋਵੇਂ ਭਰਾ ਲੋਕਤੰਤਰ ਦੇ ਸਿਧਾਂਤਾਂ ਲਈ ਪ੍ਰਤੀਬੱਧ ਰਹੇ। ਹਕਸਰ ਲਿਖਦੀ ਹੈ ਕਿ “ਦਿੱਲੀ ਵਿੱਚ ਵਿਦਿਆਰਥੀ ਜੀਵਨ ਸਮੇਂ ਗਿਲਾਨੀ ਆਪਣੇ ਸਾਥੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਘਾਟੀ ਦੇ ਇਤਿਹਾਸ ਅਤੇ ਵਰਤਮਾਨ ਬਾਰੇ ਜਾਣੂ ਕਰਵਾਉਣ ਦਾ ਯਤਨ ਕਰਦੇ ਰਹਿੰਦੇ”। ਹਕਸਰ ਨੂੰ ਲੱਗਦਾ ਹੈ ਕਿ “ਇਸ ਜਵਾਨ ਕਸ਼ਮੀਰੀ ਵਿਦਿਆਰਥੀ ਦੁਆਰਾ ਸੂਬਿਆਂ ਦੇ ਆਗੂਆਂ ਨੂੰ ਕਸ਼ਮੀਰ ਉੱਪਰ ਬੋਲਣ ਲਈ ਸੱਦਾ ਦੇਣਾ ਗੁਪਤ ਏਜੰਸੀਆਂ ਦੀਆਨਜ਼ਰਾਂ ਵਿਚ ਆ ਗਿਆ ਹੋਵੇਗਾ”। ਸਮਾਂ ਲੰਘਿਆ ਅਤੇ ਗਿਲਾਨੀ 2000 ਵਿੱਚ ਜ਼ਾਕਿਰ ਹੁਸੈਨ ਕਾਲਜ ਵਿੱਚ ਲੈਕਚਰਾਰ ਲੱਗ ਗਿਆ ਅਤੇ ਮੁਖਰਜੀ ਨਗਰ ਵਿਚ ਘਰ ਕਿਰਾਏ ਤੇ ਲੈ ਕੇ ਆਪਣੀ ਪਤਨੀ ਅਤੇ ਤਿੰਨ ਸਾਲ ਦੇਪੁੱਤਰ ਆਰਿਫ ਦੇ ਨਾਲ ਰਹਿਣ ਲੱਗਿਆ। ਉਸ ਦੀ ਸੱਤ ਸਾਲ ਦੀ ਧੀ ਨੁਸਰਤ ਕਸ਼ਮੀਰ ਵਿੱਚ ਹੀ ਪੜ੍ਹ ਰਹੀ ਸੀ।

13 ਦਸੰਬਰ 2001 ਨੂੰ ਪੰਜ ਲੋਕਾਂ ਸਮੇਤ ਵਿਸਫੋਟ ਨਾਲ ਭਰੀ ਗੱਡੀ ਭਾਰਤ ਦੀ ਸੰਸਦ ਵਿੱਚ ਦਾਖ਼ਲ ਹੋਈ। ਪੰਜੋ ਮਾਰ ਦਿੱਤੇ ਗਏ ਅਤੇ ਅਗਲੇ ਦੋ ਦਿਨ ਬਾਅਦ ਹੀ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਸਲਾ ਸੁਲਝਾ ਲਿਆ ਹੈ।ਪੁਲੀਸ ਨੇ ਦਾਅਵਾ ਕੀਤਾ ਕਿ ਇਸ ਵਿੱਚ ਗਿਲਾਨੀ, ਮੁਹੰਮਦ ਅਫਜ਼ਲ ਗੁਰੂ, ਅਤੇ ਉਸ ਦਾ ਭਰਾ ਸ਼ੌਕਤ ਹੁਸੈਨ ਗੁਰੂ ਤੇ ਸ਼ੌਕਤ ਦੀ ਪਤਨੀ ਆਪਸ਼ਾਨ ਗੁਰੂ ਸ਼ਾਮਿਲ ਹੈ।ਆਪਸ਼ਾਨ ਦਾ ਵਿਆਹ ਤੋਂ ਪਹਿਲਾਂ ਨਾਮ ਨਵਜੋਤ ਸੰਧੂ ਸੀ। ਪੁਲਿਸ ਨੇ ਗਿਲਾਨੀ ਨੂੰ ਹਮਲੇ ਦਾ ਮੁੱਖ ਸਾਜਿਸ਼ਕਾਰ ਦੱਸਿਆ। ਗਿਲਾਨੀ ਨੂੰ ਤੁਰੰਤ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਵਿਸ਼ੇਸ਼ ਸੈੱਲ ਦੇ ਲੋਕ ਗਿਲਾਨੀ ਨੂੰ ਪੁੱਠਾ ਟੰਗ ਕੇ ਤਲੀਆਂ ਨੂੰ ਡਾਂਗਾਂ ਨਾਲ ਕੁੱਟਦੇ ਅਤੇ ਲਗਾਤਾਰ ਗਾਲਾਂ ਕੱਢਦੇ। ਇਸ ਤੋਂ ਬਾਅਦ ਉਸ ਨੂੰ ਬਰਫ਼ ਦੀ ਸਿੱਲ੍ਹ ਉੱਤੇ ਬੰਨ੍ਹ ਕੇ ਉਦੋਂ ਤੱਕ ਕੁੱਟਿਆ ਜਾਂਦਾ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਜਾਂਦਾ। ਹੱਥ ਵਿੱਚ ਹੱਥ ਕੜੀ ਪਾ ਕੇ ਉਸਨੂੰ ਪੁਲਿਸ ਸਟੇਸ਼ਨ ਦੇ ਠੰਢੇ ਫਰਸ਼ ਉੱਤੇ ਸੁੱਟ ਦਿੱਤਾ ਜਾਂਦਾ ਅਤੇ ਉਸ ਦੇ ਪੈਰਾਂ ਨੂੰ ਸੰਗਲ ਲਾ ਕੇ ਮੇਜ਼ ਨਾਲ ਬੰਨ੍ਹ ਦਿੱਤਾ ਜਾਂਦਾ। ਉਸ ਦੇ ਬੱਚਿਆਂ ਨੂੰ ਇਹ ਸਾਰਾ ਕੁਝ ਵਿਖਾਇਆ ਜਾਂਦਾ। ਪੁਲਿਸ ਵਾਲੇ ਧਮਕੀ ਦਿੰਦੇ ਕਿ ਜੇਕਰ ਉਹ ਝੂਠਾ ਇਲਜ਼ਾਮ ਕਬੂਲ ਨਹੀਂ ਕਰੇਗਾ ਤਾਂ ਉਹ ਲੋਕ ਉਸ ਦੀ ਘਰ ਵਾਲੀ ਨਾਲ ਬਲਾਤਕਾਰ ਕਰਨਗੇ ।ਅਰੁੰਧਤੀ ਰਾਏ ਨੇ ਮੈਨੂੰ ਦੱਸਿਆ ਕਿ “ਅਫਜ਼ਲ ਅਤੇ ਸ਼ੌਕਤ ਤੋਂ ਉਲਟ ਗਿਲਾਨੀਨੇ ਜ਼ੁਰਮ ਕਬੂਲ ਨਹੀਂ ਕੀਤਾ ਇਸ ਲਈ ਉਹ ਆਸਧਾਰਨ ਇਨਸਾਨ ਬਣ ਜਾਂਦੇ ਹਨ”।

ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਛੇ ਮਹੀਨਿਆਂ ਵਿੱਚ ਇੱਕ ਵਿਸ਼ੇਸ਼ ਅਦਾਲਤ ਦਾ ਗਠਨ ਹੋਇਆ। ਜਿਸ ਦੇ ਜੱਜ ਐੱਸ.ਐੱਨ ਢੀਂਗਰਾ ਸਨ। ਉਨ੍ਹਾਂ ਨੇ ਚਾਰਾਂ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ। ਗਿਲਾਨੀ, ਅਫ਼ਜ਼ਲ ਅਤੇ ਸ਼ੌਕਤ ਨੂੰਰਾਜ ਦੇ ਖਿਲਾਫ ਜੰਗ ਛੇੜਨ ਦੀ ਸਾਜ਼ਿਸ਼ ਦੇ ਰੂਪ ਵਿੱਚ ਫਾਂਸੀ ਅਤੇ ਆਫਸ਼ਾਨ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ।

 2001 ਵਿੱਚ ਗਿਲਾਨੀ ਦੀ ਗ੍ਰਿਫਤਾਰੀ ਤੋਂ ਬਾਅਦ ਭੜਕੇ ਦਿੱਲੀ ਯੂਨੀਵਰਸਿਟੀ ਦੇ ਦੋਸਤਾਂ ਅਤੇ ਸਾਥੀਆਂ ਨੇ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਨੰਦਿਤਾ ਹਕਸਰ ਨੂੰ ਇਸ ਮਾਮਲੇ ਵਿਚ ਬਚਾਅ ਪੱਖ ਦਾ ਵਕੀਲ ਬਣਾਇਆ।ਹਕਸਰ ਦੀ ਟੀਮ ਨੇ ਇਸ ਦੇ ਲਈ ਵਿਆਪਕ ਮੁਹਿੰਮ ਚਲਾਈ ਅਤੇ ਗਿਲਾਨੀ ਦੇ ਬਚਾਅ ਲਈ 12 ਮੈਂਬਰੀ ਕਮੇਟੀ ਕਾਇਮ ਕੀਤੀ ਗਈ। ਇਸ ਕਮੇਟੀ ਵਿੱਚ ਰਜਨੀ ਕੋਠਾਰੀ, ਸੁਰਿੰਦਰ ਮੋਹਨ, ਅਰੁੰਧਤੀਰਾਏ, ਸਮਾਜਿਕ ਕਾਰਕੁਨ ਅਰੁਨ ਰਾਏ, ਫ਼ਿਲਮ ਨਿਰਮਾਤਾ ਸੰਜੇ ਕਾਕ ਅਤੇ ਸੰਪਾਦਕ ਪ੍ਰਭਾਸ਼ ਜੋਸ਼ੀ ਵਰਗੇ ਲੋਕ ਸਨ।ਇਨ੍ਹਾਂ ਲੋਕਾਂ ਨੇ ਗਿਲਾਨੀ ਦੇ ਖਿਲਾਫ ਸਬੂਤਾਂ ਦੀ ਘਾਟਅਤੇ ਅਣਹੋਂਦ ਵੱਲ ਲੋਕਾਂ ਦਾ ਧਿਆਨ ਖਿੱਚਿਆ।

ਹੇਠਲੀ ਅਦਾਲਤ ਵਿਚ ਹਾਰ ਜਾਣ ਦੇ ਬਾਵਜੂਦ ਇਸ ਟੀਮ ਨੇ ਆਪਣੀ ਮੁਹਿੰਮ ਨੂੰ ਮਜ਼ਬੂਤ ਕੀਤਾ ਅਤੇ ਸ਼ਾਨਦਾਰ ਲੜਾਈ ਲੜੀ। ਜਦੋਂ ਇਸ ਟੀਮ ਨੇ ਦਿੱਲੀ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਤਾਂ ਹਕਸਰ ਅਤੇ ਹੋਰ ਲੋਕਾਂ ਨੇ ਰਾਮ ਜੇਠ ਮਲਾਨੀ ਨੂੰ ਟੀਮ ਵਿੱਚ ਸ਼ਾਮਿਲ ਕਰ ਲਿਆ। ਜਿਹੜੇ ਕੁਝ ਸਮਾਂ ਪਹਿਲਾਂ ਤੱਕ ਸੱਤਾਧਾਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਕਾਨੂੰਨ ਮੰਤਰੀ ਸਨ।ਇਸ ਟੀਮ ਨੇ ਭਾਰਤ ਪੱਧਰ ਤੇ ਦਸਤਖ਼ਤ ਮੁਹਿੰਮ ਚਲਾਈ, ਪੋਸਟਰ ਪ੍ਰਦਰਸ਼ਨ ਅਤੇ ਲੋਕ ਸਭਾਵਾਂ ਕੀਤੀਆਂ। ਮੁੱਖ ਧਾਰਾ ਮੀਡੀਆ ਪੁਲਿਸ ਦੇ ਬਿਆਨਾਂ ਨੂੰ ਵਿਖਾ ਰਿਹਾ ਸੀ ਪਰ ਇਸ ਮੁਹਿੰਮ ਨੇ ਲੋਕਾਂ ਦੇ ਸਾਹਮਣੇ ਸੱਚਾਈ ਉਜਾਗਰ ਕੀਤੀ। ਮੁਹਿੰਮ ਨੇ ਨਾ ਸਿਰਫ ਇਸ ਮਾਮਲੇ ਦੇ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਇਆ ਬਲਕਿ ਅੱਤਵਾਦ ਵਿਰੋਧੀ ਕਾਨੂੰਨ(POTA) ਜ਼ਰੀਏ ਵਿਅਕਤੀਗਤ ਆਜ਼ਾਦੀ ਉੱਤੇ ਹੋ ਰਹੇ ਹਮਲੇ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕੀਤਾ। ਇਹ ਕਾਨੂੰਨ ਸੰਸਦ ਉੱਤੇ ਹੋਏ ਹਮਲੇ ਤੋਂ ਬਾਅਦ ਤਿੰਨ ਮਹੀਨਿਆਂ ਵਿੱਚ ਬਣਿਆ ਸੀ।ਗਿਲਾਨੀ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ ਪੋਟਾ ਕਾਨੂੰਨ ਦੇ ਵਿਰੋਧ ਵਿੱਚ ਚੱਲ ਰਹੀ ਲਹਿਰ ਦਾ ਮੰਚਬਣ ਗਿਆ।

ਜੇਠਮਲਾਨੀ ਦੀ ਅਗਵਾਈ ਵਿੱਚ ਲੜੀ ਜਾ ਰਹੀ ਲੜਾਈ ਨੂੰ ਲੋਕ ਜਾਗਰੂਕਤਾ ਮੁਹਿੰਮ ਨੇ ਤਾਕਤ ਬਖਸ਼ੀ ਅਤੇ ਇਸ ਵਜ੍ਹਾ ਕਰਕੇ ਦਿੱਲੀ ਹਾਈ ਕੋਰਟ ਨੇ ਗਿਲਾਨੀ ਦੀ ਮੌਤ ਦੀ ਸਜ਼ਾ ਖ਼ਾਰਜ ਕਰ ਦਿੱਤੀ ਅਤੇ ਆਪਸ਼ਾਨ ਨੂੰ ਵੀ ਸਾਰੇ ਅਰੋਪਾਂ ਤੋਂ ਬਰੀ ਕਰ ਦਿੱਤਾ। ਬਹੁਤ ਘੱਟ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਰਾਜ ਦੇ ਖਿਲਾਫ ਜੰਗ ਛੇੜਨ ਦੇ ਆਰੋਪੀ ਨੂੰ ਫਾਂਸੀ ਦੀ ਸਜ਼ਾ ਤੋਂ ਬਰੀ ਕਰ ਦਿੱਤਾ ਜਾਵੇ।

ਹਕਸਰ ਨੇ ਲਿਖਿਆ ਹੈ “ਆਪਣੀ ਰਿਹਾਈ ਤੋਂ ਬਾਅਦ ਗਿਲਾਨੀ ਇਹ ਸੁਣ ਕੇ ਹੈਰਾਨ ਹੋ ਗਿਆ ਕਿ ਜ਼ਾਕਿਰ ਹੁਸੈਨ ਕਾਲਜ ਦੇ ਅਧਿਆਪਕ ਸੰਘ ਅਤੇ ਦਿੱਲੀ ਯੂਨੀਵਰਸਿਟੀ ਦੇ ਅਧਿਆਪਕ ਸੰਘ ਦੀ ਮੌਜੂਦਾ ਪ੍ਰਧਾਨ ਸਰਸਵਤੀ ਮਜੂਮਦਾਰ ਨੇ ਉਨ੍ਹਾਂ ਦਾ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਸ ਗੱਲ ਨੇ ਗਿਲਾਨੀ ਨੂੰ ਖਾਸ ਤੌਰ ਤੇ ਦੁਖੀ ਕੀਤਾ ਕਿਉਂਕਿ ਉਨ੍ਹਾਂ ਨੇ ਖੁਦ ਨੂੰ ਜਮਹੂਰੀਅਤ ਪਸੰਦ ਧਰਮ ਨਿਰਪੱਖ ਕਾਰਕੁਨਾਂ ਦਾ ਹਿੱਸਾ ਮੰਨਿਆ ਸੀ ਅਤੇ ਦੋਵੇਂ ਅਧਿਆਪਕ ਸੰਸਥਾਵਾਂ ਦੇ ਮੈਂਬਰ ਰਹੇ ਸਨ”।

ਗਿਲਾਨੀ ਨੇ ਪੋਟਾ ਉੱਪਰ ਧਿਆਨ ਖਿੱਚਣ ਲਈ ਮੀਡੀਆ ਦੀ ਚਕਾਚੌਂਧ ਦਾ ਇਸਤੇਮਾਲ ਕੀਤਾ। ਆਪਣੀ ਰਿਹਾਈ ਤੋਂ ਬਾਅਦ ਕੀਤੀ ਗਈ ਪਹਿਲੀ ਕਾਨਫ਼ਰੰਸ ਵਿੱਚ ਗਿਲਾਨੀ ਨੇ ਕਿਹਾ ਕਿ ਜਮਹੂਰੀਅਤ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਸਖਤ ਕਾਨੂੰਨ ਦੀ ਕੋਈ ਥਾਂ ਨਹੀਂ ਹੈ। ਕੀ ਤੁਸੀਂ ਦੋ ਸਾਲ ਤੱਕ ਕਿਸੇ ਨਿਰਦੋਸ਼ ਉੱਪਰ ਮੌਤ ਦੀ ਸਜ਼ਾ ਦੀ ਤਲਵਾਰ ਲਟਕਾਏ ਜਾਣ ਨੂੰ ਇਨਸਾਫ ਕਹੋਗੇ?ਦਾ ਹਿੰਦੂ ਨੇ ਲਿਖਿਆ ਉਨ੍ਹਾਂ ਦੀ ਰਿਹਾਈ ਇਸ ਗੱਲ ਨੂੰ ਕੇਂਦਰ ਵਿੱਚ ਲੈ ਆਈ ਹੈ ਕਿ ਪੁਲਿਸ ਕਿੰਨੀ ਆਸਾਨੀ ਨਾਲ ਪੋਟਾ ਦਾ ਗਲਤ ਇਸਤੇਮਾਲ ਕਰਨ ਵਿੱਚ ਸਮਰੱਥ ਹੈ।ਉਦੋਂ ਤੱਕ ਕਈ ਦਲਿਤਾਂ, ਅਦਿਵਾਸੀ, ਧਾਰਮਿਕ ਘੱਟ ਗਿਣਤੀਆਂ ਦੇ ਮੈਂਬਰ, ਵਾਤਾਵਰਣ ਅਤੇ ਵਿਅੱਕਤੀਗੱਤ ਆਜ਼ਾਦੀ ਦੇ ਕਾਰਕੁਨ ਇਸ ਕਾਨੂੰਨ ਦਾ ਸ਼ਿਕਾਰ ਹੋ ਚੁੱਕੇ ਸਨ। 2004 ਦੀਆਂ ਲੋਕ ਸਭਾ ਚੋਣਾਂ ਵਿੱਚ ਪੋਟਾ ਨੂੰ ਖ਼ਤਮ ਕਰਨਾ ਵਿਰੋਧੀ ਦਲਾਂ ਦੇ ਵਾਅਦਿਆਂ ਵਿੱਚੋਂ ਇੱਕ ਸੀ।

ਦਿੱਲੀ ਪੁਲਿਸ ਨੇ ਸੰਸਦ ਉੱਪਰ ਹੋਏ ਹਮਲੇ ਦੇ ਮਾਮਲੇ ਵਿੱਚ ਗਿਲਾਨੀ ਅਤੇ ਆਪਸ਼ਨ ਨੂੰ ਦਿੱਲੀ ਹਾਈਕੋਰਟ ਦੁਆਰਾ ਮਿਲੀ ਰਿਹਾਈ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੰਦੇ ਹੋਏ ਅਪੀਲ ਕੀਤੀ।ਪਰ ਸੁਪਰੀਮ ਕੋਰਟ ਨੇ ਸਿਰਫ ਉਨ੍ਹਾਂ ਦੀ ਰਿਹਾਈ ਨੂੰ ਹੀ ਬਰਕਰਾਰ ਨਹੀਂ ਰੱਖਿਆ ਬਲਕਿ ਸ਼ੌਕਤ ਗੁਰੂ ਦੀ ਸਜ਼ਾ ਵੀ ਦਸ ਸਾਲ ਕਰ ਦਿੱਤੀ। ਅਫਜ਼ਲ ਹੀ ਇੱਕ ਅਜਿਹਾ ਵਿਅਕਤੀ ਸੀ ਜਿਸ ਨੂੰ ਸ਼ੁਰੂ ਤੋਂ ਮਿਲੀ ਸਜ਼ਾ ਨੂੰ ਉਪਰਲੀਆਂ ਅਦਾਲਤਾਂ ਨੇ ਬਰਕਰਾਰ ਰੱਖਿਆ। ਬਾਵਜੂਦ ਇਸ ਤੱਥ ਦੇ ਕੇ ਗਿਲਾਨੀ ਦੇ ਬਰੀ ਹੋਣ ਨਾਲ ਹਮਲੇ ਦੇ ਬਾਰੇ ਵਿੱਚ ਪੁਲਿਸ ਦੀ ਬਣਾਈ ਗਈ ਕਹਾਣੀ ਉੱਤੇ ਬਹੁਤ ਸਾਰੇ ਸ਼ੱਕ ਸੁਬਹਾ ਪੈਦਾਹੋ ਗਏ ਸਨ। ਹਾਲਾਂਕਿ ਕਈਆਂ ਨੇ ਅਫਜ਼ਲ ਦੇ ਖਿਲਾਫ ਸਬੂਤਾਂ ਦੀ ਦੇ ਸ਼ੱਕੀ ਹੋਣ ਵੱਲ ਇਸ਼ਾਰਾ ਕੀਤਾ। ਪਰ ਅਦਾਲਤ ਨੇ ਉਨ੍ਹਾਂ ਦੀ ਸਜ਼ਾ ਨੂੰ ਸਹੀ ਠਹਿਰਾਇਆ। ਇਸ ਸਜ਼ਾ ਨੂੰ ਸਹੀ ਕਰਾਰ ਦਿੰਦੇ ਹੋਏ ਸੁਪਰੀਮ ਕੋਰਟ ਨੇ ਜੋ ਕਿਹਾ ਸ਼ਾਇਦ ਹੀ ਕਿਸੇ ਹੋਰ ਫੈਸਲੇ ਨੂੰ ਇੰਨੀ ਬਦਨਾਮੀ ਮਿਲੀ ਹੋਵੇ। ਸੁਪਰੀਮ ਕੋਰਟ ਨੇ ਕਿਹਾ ਸੀ “ਸਮਾਜ ਦੀ ਸਮੂਹਿਕ ਚੇਤਨਾ ਨੂੰ ਉਦੋਂ ਹੀ ਸੰਤੁਸ਼ਟੀ ਹੋਵੇਗੀ ਜਦੋਂ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ”। 2013 ਵਿੱਚ ਅਫਜ਼ਲ ਨੂੰ ਫਾਂਸੀ ਤੇ ਲਟਕਾਏ ਜਾਣ ਨਾਲ ਕਸ਼ਮੀਰ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋਏ। ਜਿੱਥੇ ਅੱਜ ਵੀ ਇਹੋ ਜਿਹੇ ਲੋਕ ਹਨ ਜਿਹੜੇ ਉਸ ਨੂੰ ਨਿਰਦੋਸ਼ ਸ਼ਹੀਦ ਦੇ ਰੂਪ ਵਿੱਚ ਹੀ ਦੇਖਦੇ ਹਨ।

ਕਈ ਕਾਰਕੁਨਾਂ ਦਾ ਇਹ ਮੰਨਣਾ ਹੈ ਕਿ ਸਾਡੇ ਕੋਲ ਅੱਜ ਵੀ ਸੰਸਦ ਉੱਤੇ ਹੋਏ ਹਮਲੇ ਵਿੱਚ ਕੀ ਹੋਇਆ ਸੀ ਅਤੇ ਇਸ ਦੇ ਪਿੱਛੇ ਕੌਣ ਸੀ? ਇਸ ਉਪਰ ਵਿਸ਼ਵਾਸ ਕਰਨ ਯੋਗ ਜਾਣਕਾਰੀ ਨਹੀਂ ਹੈ।ਜਦੋਂ ਮੈਂ ਅਰੁੰਧਤੀ ਰਾਏ ਤੋਂ ਪੁੱਛਿਆ ਕਿ ਰਾਜ ਨੇ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ ਤਾਂ ਉਨ੍ਹਾਂ ਨੇ ਕਿਹਾ “ਇੱਕ ਪਾਸੇ ਇਹ ਅਸੁਵਿਧਾਜਨਕ ਸੱਚ ਨੂੰ ਉਜਾਗਰ ਕਰਦੀ ਅਤੇ ਦੂਜੇ ਪਾਸੇ ਇਸ ਨਾਲ ਖੂਨ ਦੀ ਪਿਆਸ ਬੁਝ ਗਈ ਹੈ। ਅਫਜ਼ਲ ਗੁਰੂ ਦਾ ਭੂਤ ਸਾਨੂੰ ਪ੍ਰੇਸ਼ਾਨ ਕਰਦਾ ਰਹੇਗਾ।ਇਤਿਹਾਸਕ ਰੂਪ ਨਾਲ ਇਸ ਤਰ੍ਹਾਂ ਦੇ ਸ਼ਾਸਨ ਨੇ ਇਨ੍ਹਾਂ ਰਹੱਸ ਭਰੀਆਂ ਘਟਨਾਵਾਂ ਦੇ ਨਾਲ ਆਪਣੇ ਏਜੰਡੇ ਨੂੰ ਅੱਗੇ ਵਧਾਇਆਹੈ”।

ਬਰੀ ਹੋ ਜਾਣ ਨਾਲ ਵੀ ਗਿਲਾਨੀ ਦੀ ਪਰੇਸ਼ਾਨੀ ਖਤਮ ਨਹੀਂ ਹੋਈ। ਫਰਵਰੀ 2005 ਵਿੱਚ ਨੰਦਿਤਾ ਹਕਸਰ ਦੇ ਘਰ ਦੇ ਬਾਹਰ ਇਕ ਅਣਜਾਣ ਬੰਦੂਕਧਾਰੀ ਨੇ ਉਸ ਨੂੰ ਗੋਲੀ ਮਾਰ ਦਿੱਤੀ।ਉਸ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਕੁਝ ਗੋਲੀਆਂ ਤਾਂ ਕੱਢ ਦਿੱਤੀਆਂ ਪਰ ਦੋ ਗੋਲੀਆਂ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਹੀ ਫਸ ਗਈਆਂ। ਜਿਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ।ਸੁਪਰੀਮ ਕੋਰਟ ਨੇ ਉਨ੍ਹਾਂ ਦੀ ਸੁਰੱਖਿਆ ਵਿਚ ਹੋਈ ਇਸ ਭੁੱਲ ਤੇ ਰੋਸ ਜ਼ਾਹਿਰ ਕੀਤਾ ਅਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੇ ਜਾਣ ਦਾ ਹੁਕਮ ਦਿੱਤਾ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਦੋ ਲੋਕ ਸਥਾਈ ਰੂਪ ਨਾਲ ਉਨ੍ਹਾਂ ਦੀਸੁਰੱਖਿਆ ਵਿੱਚ ਲਗਾਏ ਗਏ, ਜਿਹੜੇ ਦਿਨ ਰਾਤ ਉਨ੍ਹਾਂ ਦੇ ਆਸ ਪਾਸ ਰਹਿੰਦੇ ਸਨ। ਗਿਲਾਨੀ ਨੂੰ ਰਿਹਾ ਕਰੋ ਮੁਹਿੰਮ ਅਜਹੇ ਕਈ ਕਾਰਕੁਨਾਂ ਨੂੰ ਇੱਕ ਮੰਚ ਤੇ ਲੈ ਆਈ ਜਿਨ੍ਹਾਂ ਨੇ ਰਾਜਨੀਤਕ ਕੈਦੀਆਂ ਦੇ ਹੱਕਾਂ ਦੀ ਰੱਖਿਆ ਦਾ ਕੰਮ ਜਾਰੀ ਰੱਖਿਆ। ਜੇਲ੍ਹ ਵਿੱਚ ਬਿਤਾਏ ਆਪਣੇ ਸਮੇਂ ਦੌਰਾਨ ਉਨ੍ਹਾਂ ਨੂੰ ਕਈ ਇਹੋ ਜਿਹੇ ਮੁਸਲਮਾਨ, ਆਦਿਵਾਸੀ ਵੀ ਮਿਲੇ ਜਿਨ੍ਹਾਂ ਨੂੰ ਬਹੁਤ ਹੀ ਘੱਟ ਜਾਂ ਬਿਨਾਂ ਕਿਸੇ ਸਬੂਤ ਦੇ ‘ਮਾਓਵਾਦੀ’ ਜਾਂ ‘ਅੱਤਵਾਦੀ’ ਬਣਾ ਦਿੱਤਾ ਗਿਆ ਸੀ। ਇਸ ਤਜਰਬੇ ਨੇ ਰਾਜਨੀਤਿਕ ਕੈਦੀਆਂ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਮਜਬੂਤ ਕੀਤਾ। ਆਪਣੀ ਰਿਹਾਈ ਵਾਸਤੇ ਕੰਮ ਕਰਨ ਵਾਲੇ ਕਾਰਕੁਨਾਂ ਨਾਲ ਗਿਲਾਨੀ ਨੇ ‘ਰਾਜਨੀਤਿਕ ਕੈਦੀਆਂ ਦੀ ਰਿਹਾਈ ਲਈ ਕਮੇਟੀ’ (CRPP)ਦੇ ਨਾਮ ਨਾਲ ਕੰਮ ਕਰਨਾ ਸ਼ੁਰੂ ਕੀਤਾ।

ਮਨੁੱਖੀ ਹੱਕਾਂ ਦੀ ਵਕੀਲ ਕਾਮਿਨੀ ਜੈਸਵਾਲ ਨੇ ਮੈਨੂੰ ਦੱਸਿਆ ਕਿ “ਮੈਂ ਕਾਫ਼ੀ ਗਿਣਤੀ ਵਿੱਚ ਕਸ਼ਮੀਰੀਆਂ ਦੇ ਕੇਸ ਲੜੇ ਕਿਉਂਕਿ ਗਿਲਾਨੀ ਉਨ੍ਹਾਂ ਨੂੰ ਮੇਰੇ ਕੋਲ ਲੈ ਆਉਂਦੇ ਸਨ।ਉਨ੍ਹਾਂ ਨੇ ਦਾ ਲਿਆਂਦਾ ਆਖਰੀ ਕੇਸ 1996 ਦੇ ਜੈਪੁਰ ਬੰਬ ਕਾਂਡ ਦਾ ਸੀ। ਜਿਸ ਵਿੱਚ ਫਿਰੋਜ਼ਾਬਾਦ ਦੇ ਇੱਕ ਡਾਕਟਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ”।ਅਰੁੰਧਤੀ ਰਾਏ ਨੇ ਇਸ ਸਬੰਧ ਵਿੱਚ ਗਿਲਾਨੀ ਦੁਆਰਾ ਕੀਤੇ ਗਏ ਕੰਮਾਂ ਦੀ ਬਹੁਤ ਪ੍ਰਸੰਸਾ ਕੀਤੀ। ਉਸ ਨੇ ਕਿਹਾ “ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਆਦਿਵਾਸੀਆਂ ਦੇ ਸੰਘਰਸ਼ ਦੀ ਤਰ੍ਹਾਂ ਪੂਰੇ ਭਾਰਤ ਵਿੱਚ ਲੜੀਆਂ ਜਾ ਰਹੀਆਂ ਹੋਰ ਲੜਾਈਆਂ ਦੇ ਬਾਰੇ ਵਿੱਚ ਉਨ੍ਹਾਂ ਦੀ ਜਾਣਕਾਰੀ ਆਸਧਾਰਨ ਰੂਪ ਵਿੱਚ ਵੱਧ ਗਈ ਸੀ”। ਉਹ ਆਪਣੇ ਰਾਜਨੀਤਿਕ ਵਿਵਹਾਰ ਵਜੋਂ ਸਪੱਸ਼ਟਵਾਦੀ ਸਨ ਅਤੇ ਇਸ ਬਾਰੇ ਵੀ ਉਨ੍ਹਾਂ ਨੇ ਸਪੱਸ਼ਟਵਾਦੀ ਹੋਣਾ ਤੈਅ ਕਰ ਲਿਆ ਸੀ ਕਿ ਉਹ ਕੌਣ ਸਨ ਅਤੇ ਰਾਜ ਦੁਆਰਾ ਹੋਰ ਥਾਵਾਂ ਤੇ ਵੀ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ।

ਗਿਲਾਨੀ ਦੇ ਨਾਲ ਕੰਮ ਕਰਨ ਵਾਲੇ ਦੋ ਪ੍ਰਮੁੱਖ ਕਾਰਕੁਨ ਰੋਨਾ ਵਿਲਸਨ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ ਐੱਨ ਸਾਈਂ ਬਾਬਾ ਸਨ। ਇਹ ਦੋਵੇਂ ਗਿਲਾਨੀ ਨੂੰ ਰਿਹਾ ਕਰਵਾਉਣ ਦੀ ਮੁਹਿੰਮ ਦਾ ਹਿੱਸਾ ਸਨ।ਗਿਲਾਨੀ ਨਾਲ ਮੇਰੀ ਪਹਿਲੀ ਅਤੇ ਇਕਮਾਤਰ ਮੁਲਾਕਾਤ ਸੀ। 2014 ਵਿੱਚ ਜਦੋਂ ਮੈਂ ਦਿੱਲੀ ਯੂਨੀਵਰਸਿਟੀ ਵਿੱਚ ਸਾਹਿਤ ਦਾ ਵਿਦਿਆਰਥੀ ਸੀ ਤਾਂ ਸਾਈਂ ਬਾਬਾ ਨੂੰ ਜੋ ਕਿ ਮੇਰੇ ਪ੍ਰੋਫੈਸਰ ਸਨ, ਮਾਓਵਾਦੀਆਂ ਨਾਲ ਸਬੰਧ ਹੋਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਪੋਲੀਓ ਦੇ ਕਾਰਨ ਸਾਈਂ ਬਾਬਾ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਵੀਲ ਚੇਅਰ ਤੇ ਹੀ ਰਹੇ ਅਤੇ ਨਾਗਪੁਰ ਜੇਲ੍ਹ ਵਿੱਚ ਰਹਿਣ ਦੀਆਂ ਸਖਤ ਪ੍ਰਸਥਿਤੀਆਂ ਦੇ ਕਾਰਨ ਉਨ੍ਹਾਂ ਨੂੰ ਦਿਮਾਗ, ਰੀੜ ਅਤੇ ਗੁਰਦੇ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਹੋ ਗਈਆਂ।2015 ਦੇ ਮੱਧ ਵਿੱਚ ਜਦੋਂ ਸਾਈਂ ਬਾਬਾ ਇਲਾਜ ਦੇ ਲਈ ਜ਼ਮਾਨਤ ਉੱਪਰ ਬਾਹਰ ਆਏ ਤਾਂ ਉਨ੍ਹਾਂ ਨਾਲ ਮੈਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਮੈਂ ਟਾਈਮਜ਼ ਆਫ਼ ਇੰਡੀਆ ਵਿੱਚ ਉਨ੍ਹਾਂ ਦੇ ਕੰਮ ਬਾਰੇ ਵਿੱਚ ਲਿਖਿਆ ਸੀ। ਜਦੋਂ ਮੈਂ ਸਾਈਂ ਬਾਬਾ ਨਾਲ ਗੱਲ ਕਰ ਰਿਹਾ ਸੀ ਤਾਂ ਗਿਲਾਨੀ ਹਸਪਤਾਲ ਦੇ ਕਮਰੇ ਵਿੱਚ ਦਾਖਲ ਹੋਇਆ। ਉਨ੍ਹਾਂ ਦੇ ਨਾਲ ਬੰਦੂਕ ਲੈ ਕੇ ਦੋ ਸੁਰੱਖਿਆ ਗਾਰਡ ਸਨ। ਗਿਲਾਨੀ ਦੇ ਸੁਰੱਖਿਆ ਕਰਮੀ ਅਤੇ ਮੈਂ ਦੋਵੇਂ ਪ੍ਰੋਫੈਸਰਾਂ ਨੂੰ ਗੱਲਾਂ ਕਰਦੇ ਹੋਏ ਸੁਣਦੇ ਰਹੇ। ਸਾਈਂ ਬਾਬਾ ਦੀ ਸਿਹਤ ਅਤੇ ਉਨ੍ਹਾਂ ਦੇ ਮਾਮਲੇ ਦੇ ਬਾਰੇ ਵਿੱਚ ਇੱਕ ਗੰਭੀਰ ਚਰਚਾ ਤੋਂ ਬਾਅਦ ਉਨ੍ਹਾਂ ਦੀ ਗੱਲਬਾਤ ਨੇਖਤਰਨਾਕ ਅੰਡਾ ਸੈੱਲ ਦੇ ਤਜੁਰਬੇ ਵੱਲ ਰੁੱਖ ਕੀਤਾ। ਅੰਡਾ ਸੈੱਲ ਨਾਗਪੁਰ ਜੇਲ੍ਹ ਵਿੱਚ ਕੈਦੀਆਂ ਨੂੰ ਅਲੱਗ ਥਲੱਗ ਰੱਖਣ ਵਾਲਾ ਬਲਾਕ ਹੈ। ਜਿਹੜੇ ਤਸੀਹਾਂ ਵਿੱਚੋਂ ਦੋਵੇਂ ਜਾਣੇ ਗੁਜ਼ਰੇ ਸਨ ਉਨ੍ਹਾਂ ਨੂੰ ਲੈ ਕੇ ਇੱਕ ਦੂਜੇ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।ਸਾਈਂ ਬਾਬਾ ਨੇ ਦੱਸਿਆ ਕਿ ਕਿਉਂਕਿ ਉਨ੍ਹਾਂ ਦੇ ਸੈੱਲ ਵਿੱਚ ਕੋਈ ਖਿੜਕੀ ਬਾਰੀ ਨਹੀਂ ਸੀ ਅਤੇ ਉੱਥੇ ਹਮੇਸ਼ਾ ਹਨੇਰਾ ਰਹਿੰਦਾ ਸੀ ਇਸ ਲਈ ਇਹ ਦੱਸ ਸਕਣਾ ਵੀ ਸੰਭਵ ਨਹੀਂ ਸੀ ਕਿ ਸਮਾਂ ਕੀ ਹੋਇਆ ਹੈ। ਸਾਈਂ ਬਾਬਾ ਨੇ ਕਿਹਾ ਜਦੋਂ ਮੈਨੂੰ ਖਾਣਾ ਦਿੱਤਾ ਜਾਂਦਾ ਤਾਂ ਮੈਂ ਉਸ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਕਿ ਸਮਾਂ ਕੀ ਹੋ ਗਿਆ ਹੈ। ਘੱਟੋ ਘੱਟ ਤੁਹਾਨੂੰ ਖਾਣਾ ਤਾਂ ਮਿਲਦਾ ਸੀ ਗਿਲਾਨੀ ਨੇ ਆਪਣੀ ਜੇਲ੍ਹ ਦੀ ਯਾਦ ਦੇ ਹਵਾਲੇ ਨਾਲ ਜਵਾਬ ਦਿੱਤਾ। ਉਨ੍ਹਾਂ ਨੂੰ ਉੱਚ ਖ਼ਤਰੇ ਵਾਲੀ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਉਥੇ ਵੀ ਕੋਈ ਬਾਰੀ ਨਹੀਂ ਸੀ। ਉਨ੍ਹਾਂ ਨੇ ਮੈਨੂੰ ਨੰਗਾ ਰੱਖਿਆ ਅਤੇ ਕਈ ਦਿਨਾਂ ਤੱਕ ਰੋਟੀ ਨਹੀਂ ਦਿੱਤੀ। ਪਰ ਮੈਂ ਵੀ ਸਮੇਂ ਦਾ ਧਿਆਨ ਰੱਖਿਆ ਜਦੋਂ ਪਹਿਰੇਦਾਰ ਬਦਲਦਾ ਤਾਂ ਉਨ੍ਹਾਂ ਨੂੰ ਬੰਦੂਖ ਦੀ ਮੈਗਜ਼ੀਨ ਖਾਲੀ ਕਰਨੀ ਪੈਂਦੀ। ਮੈਗਜ਼ੀਨ ਦੀ ਟਿੱਕ ਟਾਕ ਮੇਰੀ ਘੜੀ ਸੀ। ਸਾਈਂ ਬਾਬਾ ਨੂੰ 2017 ਵਿੱਚ ਇੱਕ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਉਹ ਜੇਲ੍ਹ ਵਿੱਚ ਹਨ। ਉਨ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਲਗਾਤਾਰ ਬਣੀਆਂ ਹੋਈਆਂ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮਾਹਿਰਾਂ ਨੇ ਸਰਕਾਰ ਤੋਂ ਉਸ ਦੀ ਰਿਹਾਈ ਲਈ ਅਪੀਲ ਕੀਤੀ ਹੈ ਪਰ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ।

ਸਾਈਂ ਬਾਬਾ ਦੀ ਗ੍ਰਿਫਤਾਰੀ ਦੇ ਨਾਲ ਰਾਜਨੀਤੀ ਕੈਦੀਆਂ ਦੇ ਹੱਕਾਂ ਲਈ ਲੜਨ ਵਾਲੇ ਲੋਕਾਂ ਉੱਤੇ ਤਿੱਖਾ ਹਮਲਾ ਹੋਇਆ ਹੈ। ਰੋਨਾਵਿਲਸਨ ਅਤੇ ਸੁਰਿੰਦਰ ਗਡਲਿੰਗ ਜਿਹੜੇ ਕਿ ਦੋਵੇਂ ਸਾਈਂ ਬਾਬਾ ਦੀ ਰਿਹਾਈ ਮੁਹਿੰਮ ਦਾ ਹਿੱਸਾ ਸਨ,ਦੋਵਾਂ ਨੂੰ ਪਿਛਲੇ ਸਾਲ ਭੀਮਾ ਕੋਰੇ ਗਾਓਂ ਹਿੰਸਾ ਤੋਂ ਬਾਅਦ ਕਥਿਤ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਸਾਲ ਜਿਹੜੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼ੋਮਾ ਸੇਨ, ਮਹੇਸ਼ ਰਾਊਟ, ਸੁਧੀਰ ਧਾਵਲੇ, ਸੁਧਾ ਭਾਰਦਵਾਜ਼, ਅਰੁਨ ਫਰੇਰਾ, ਵਰਣਨ ਗੌਂਜ਼ਾਲਵਿਜ਼, ਵਰਵਰਾ ਰਾਓ ਅਤੇ ਗੌਤਮ ਨੌਲੱਖਾਂ ਸ਼ਾਮਿਲ ਹਨ। ਹਾਲ ਹੀ ਵਿੱਚ ਦਿੱਲੀ ਯੂਨੀਵਰਸਿਟੀਦੇ ਪ੍ਰੋਫੈਸਰ ਹਨੀ ਬਾਬੂ ਦੇ ਘਰ ਛਾਪਾ ਮਾਰਿਆ ਗਿਆ ਹੈ। ਜੋ ਦਿਖਾਉਂਦਾ ਹੈ ਕਿ ਬੁਰਾ ਸਮਾਂ ਅਜੇ ਟਲਿਆ ਨਹੀਂ ਹਨੀ ਬਾਬੂ ਨੇ ਮੈਨੂੰ ਵੀ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ ਅਤੇ ਉਹ ਸੀ.ਆਰ.ਪੀ.ਪੀ ਦੇ ਮੀਡੀਆ ਸਕੱਤਰ ਸਨ। ਸੀ.ਆਰ.ਪੀ.ਪੀ ਦੇ ਮੈਂਬਰ ਗਿਲਾਨੀ ਦੀ ਮੌਤ ਨਾਲ ਹੀ ਜ਼ਮੀਨੀ ਪੱਧਰ ਤੇ ਮਨੁੱਖੀ ਅਧਿਕਾਰ ਸੁਰੱਖਿਆ ਦੇ ਕੰਮਾਂ ਵਿੱਚ ਇਕ ਤਰ੍ਹਾਂ ਦਾ ਖੱਪਾ ਪੈ ਗਿਆ ਹੈ।ਹਰ ਕੋਈ ਜੇਲ੍ਹ ਵਿੱਚ ਹੈ, ਅਰੁੰਧਤੀ ਰਾਏ ਨੇ ਮੈਨੂੰ ਦੱਸਿਆ “ਤੁਸੀਂ ਅਚਾਨਕ ਚਾਰੇ ਪਾਸੇ ਦੇਖਦੇ ਹੋ ਤਾਂ ਖਾਲੀ ਕੁਰਸੀਆਂ ਹੀ ਮਿਲਦੀਆਂ ਹਨ”।

 9 ਫਰਵਰੀ 2016 ਨੂੰ ਅਫਜ਼ਲ ਗੁਰੂ ਦੀ ਫਾਂਸੀ ਦੀ ਤੀਜੀ ਵਰ੍ਹੇਗੰਢ ਉੱਤੇ ਗਿਲਾਨੀ ਨੇ ਗੁਰੂ ਦੀ ਹੱਤਿਆ ਦੇ ਵਿਰੋਧ ਵਿੱਚ ਕਰਵਾਏ ਗਏ ਸਮਾਗਮ ਵਿੱਚ ਭਾਗ ਲਿਆ। ਗਿਲਾਨੀ ਹਮੇਸ਼ਾ ਆਪਣੇ ਇਸ ਵਿਸ਼ਵਾਸ ਉੱਤੇ ਕਾਇਮ ਰਹੇ ਕੇ ਗੁਰੂ ਬੇਕਸੂਰ ਸਨ। ਸਮਾਗਮ ਵਿੱਚ ਸ਼ਿਰਕਤ ਕਰਨ ਕਰਕੇ ਗਿਲਾਨੀ ਉੱਤੇ ਦੇਸ਼ ਧ੍ਰੋਹ ਦਾ ਇਲਜ਼ਾਮ ਲਾਇਆ ਗਿਆ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਮਹੀਨਾ ਜੇਲ੍ਹ ਵਿੱਚ ਬਿਤਾਉਣਾ ਪਿਆ।ਉਨ੍ਹਾਂ ਦਿਨਾਂ ਵਿੱਚ ਨਵੇਂ ਨਵੇਂ ਹਿੰਦੂ ਰਾਸ਼ਟਰਵਾਦੀ ਬਣੇ ਅਰਨਬ ਗੋਸਵਾਮੀ ਨੇ ਗਿਲਾਨੀ ਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਉਂਦੇ ਹੋਏ ‘ਦਾ ਨਿਊਜ਼ ਆਰ’ ਵਿੱਚ ਇੱਕ ਘੰਟੇ ਦਾ ਪ੍ਰੋਗਰਾਮ ਚਲਾਇਆ।ਇਹ ਵਿਅਕਤੀ ਐੱਸ.ਏ.ਆਰ ਗਿਲਾਨੀ ਖਤਰਨਾਕ ਹੈ ਗੋਸਵਾਮੀ ਗੱਲਾਂ ਪਾਠ ਪੜ੍ਹ ਕੇ ਬੋਲ ਰਿਹਾ ਸੀ ਕਿ ‘ਅਗਰ ਅਬ ਆਪ ਨੇ ਐੱਸ.ਏ.ਆਰ ਗਿਲਾਨੀ ਕੋ ਢੀਲ ਦੀ ਤੋਂ ਐੱਸ.ਏ.ਆਰ ਗਿਲਾਨੀ ਕੋ ਇਸ ਦੇਸ਼ ਮੇਂ ਛੁੱਟਾ ਛੋੜ ਦੀਆ ਤੋਂ ਇਹ ਆਸਾਂਮ ਮੇ ਅਲਗਾਵਾਦ ਕੀ ਵਕਾਲਤ ਕਰਨੇ ਵਾਲੋਂ ਕੋ ਖੁੱਲ੍ਹੀ ਛੁੱਟੀ ਦੇਨੇ ਕੇ ਸਾਮਾਨ ਹੋਗਾ, ਯਾਨੀ ਉਲਫਾ ਕੀ ਕਾਰਵਾਈਓਂ ਕੋ ਨੈਤਿਕ ਰੂਪ ਸੀ ਸਹੀ ਠਹਿਰਾਨਾ ਹੋਗਾ, ਅਗਰ ਐੱਸ.ਏ.ਆਰ ਗਿਲਾਨੀ ਕੋ ਇਸ ਦੇਸ਼ ਮੇਂ ਛੁੱਟਾ ਛੋੜ ਦਿਆ ਜਾਤਾ ਹੈ ਤੋਂ ਖਾਲਿਸਤਾਨੀ ਅਲਗਾਵਾਦੀਓਂ ਕੋ ਹਰੀ ਜੰਡੀ ਦਿਖਾਣਾ ਹੋਗਾ, ਯਾਨੀ ਬੱਬਰ ਖਾਲਸਾ ਕੇ ਕਾਮੋਂ ਕੋ ਸਹੀ ਠਹਿਰਾਨਾ ਹੋਗਾ, ਯਾਨੀ ਅਬ ਮੇਰਾ ਮਾਨਨਾ ਹੈ ਕਿ ਗਿਲਾਨੀ ਕੋ ਲੰਬੇ ਸਮੇਂ ਤੱਕ ਸਲਾਖੋਂ ਦੇ ਪਿਛੇ ਹੋਣਾ ਚਾਹੀਏ। ਯਹ ਗਿਲਾਨੀ ਹੀ ਥਾ ਜਿਸ ਨੇ ਇਕ ਆਤੰਕੀ ਕੋ ਸ਼ਹੀਦ ਕਹਾ ਥਾ, ਯਹ ਗਿਲਾਨੀ ਹੀ ਥਾਂ ਜੋ ਭਾਰਤ ਮੇਂ ਦੇਸ਼ ਵਿਰੋਧੀ ਭਾਵਨਾਵਓਂ ਕੋ ਬੜਾ ਰਹਾ ਥਾ”।

 2008 ਵਿੱਚ ਗਿਲਾਨੀ ਦਾ ਬਚਾਅ ਕਰਨ ਵਾਲੇ ਇਸ ਸੈਲੀਬ੍ਰਿਟੀ ਐਂਕਰ ਨੇ ਇੱਕ ਸੌ ਅੱਸੀ ਡਿਗਰੀ ਦਾ ਮੋੜ ਲੈ ਲਿਆ ਸੀ, ਜਿਵੇਂ ਕਈ ਪੱਤਰਕਾਰਾਂ ਨੇ ਸ਼ੁਰੂਆਤੀ ਦੌਰ ਵਿੱਚ ਕੀਤਾ। ਗੋਸਵਾਮੀ ਵੀ ਸੱਤਾ ਦੁਆਰਾ ਪ੍ਰਮਾਣਿਤ ਭਾਸ਼ਾ ਅਤੇ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਸਨ। 2014 ਤੋਂ ਬਾਅਦ ਹਿੰਦੂ ਰਾਸ਼ਟਰਵਾਦ ਦੇ ਫੈਲਾਅ ਅਤੇ ਪ੍ਰਭੁਸੱਤਾ ਨੂੰ ਨਿਰਧਾਰਿਤ ਕਰਨ ਲਈ ਵੱਡਾ ਮਾਪਦੱਡ ਪੇਸ਼ ਕੀਤਾ ਹੈ,ਕਿ ਕਿਸ ਨੂੰ ਮਨੁੱਖਤਾ ਤੋਂ ਵੰਚਿਤ ਕੀਤਾ ਜਾ ਸਕਦਾ ਹੈ। ਇੱਕ ਵਾਰ ਅੱਤਵਾਦੀਸ਼ਬਦ ਲਗਾਉਣ ਦੀ ਜਰੂਰਤ ਹੈ ਕਿ ਮਨੁੱਖਤਾ ਦਾ ਦਾਇਰਾ ਸੁੰਗੜ ਜਾਵੇਗਾ ਅਤੇ ਹੁਣ ਤਾਂ ਰਾਸ਼ਟਰਵਿਰੋਧੀ ਦਾ ਨਿਗੂਣਾ ਠੱਪਾ ਲੱਗ ਜਾਣਾ ਵੀ ਇਸ ਲਈ ਕਾਫੀ ਹੈ। ਰਾਸ਼ਟਰੀ ਗੀਤ ਗਾਉਣ ਸਮੇਂ ਖੜ੍ਹੇ ਹੋਣ ਤੋਂ ਇਨਕਾਰ ਕਰਨਾ ਵੀ ਝਗੜੇ ਦੀ ਵਾਜ਼ਿਬ ਵਜ੍ਹਾ ਹੋ ਸਕਦੀ ਹੈ ਅਤੇ ਘਰ ਵਿੱਚ ਮਾਸ ਹੋਣਾ ਭਾਵੇਂ ਕਿ ਉਹ ਗਾਂ ਦਾ ਹੋਵੇ ਜਾਂ ਨਾ ਵੀ ਹੋਵੇ, ਪਰ ਉਹ ਦਲਿਤ ਅਤੇ ਮੁਸਲਮਾਨ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਮੁੱਖ ਧਾਰਾ ਦਾ ਮੀਡੀਆ ਜਿਹੜਾ ਪਹਿਲਾਂ ਅੱਤਵਾਦੀਆਂ ਦੇ ਖ਼ਿਲਾਫ਼ ਸੀ ਹੁਣ ਰਾਸ਼ਟਰ ਵਿਰੋਧੀਆਂ ਦੇ ਖਿਲਾਫ ਹੋ ਗਿਆ ਹੈ।

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁਣ ਸਿਰਫ ਕਾਨੂੰਨ, ਸਿਵਲ ਏਜੰਸੀਆਂ ਅਤੇ ਸੁਰੱਖਿਆ ਬਲਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਹੈ, ਜਦੋਂ ਮੈਂ ਕਾਮਨੀ ਜੈਸਵਾਲਤੋਂਹਿਰਾਸਤ ਵਿੱਚ ਤਸ਼ੱਦਦ ਅਤੇ ਮੌਤ ਦੇ ਬਾਰੇ ਵਿੱਚ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਕਿਹਾ ਕਿ “ਹੁਣ ਸੜਕਾਂ ਤੇ ਭੀੜ ਦੁਆਰਾ ਕਤਲ ਹੁੰਦੇ ਹਨ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇਲਾਂ ਦੇ ਅੰਦਰ ਕੀ ਹੁੰਦਾ ਹੋਵੇਗਾ”।ਅੱਜ ਭਾਰਤ ਸਰਕਾਰ ਮਨੁੱਖੀ ਅਧਿਕਾਰਾਂ ਦੇ ਵਿਚਾਰ ਦੇ ਖਿਲਾਫ ਜੰਗ ਲੜਦੀ ਹੋਈ ਮਨੁੱਖੀ ਅਧਿਕਾਰ ਕਾਰਕੁਨਾਂ ਦੀਆਂ ਹਾਲ ਹੀ ਹੋਈਆਂ ਗ੍ਰਿਫਤਾਰੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਦੇ ਸੰਦਰਭ ਵਿਚ ਸਮਝਿਆ ਜਾ ਸਕਦਾ ਹੈ। ਜਿਸ ਵਿੱਚ ਉਹ ਮਨੁੱਖੀ ਅਧਿਕਾਰਾਂ ਦੀ ਨਿੰਦਾ ਇੱਕ ਪੱਛਮੀ ਧਾਰਨਾ ਦੇ ਰੂਪ ਵਿੱਚ ਕਰਦੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਹਿੰਦੂ ਰਾਸ਼ਟਰਵਾਦੀ ਸਰਕਾਰ ਹੱਕਾਂ ਦੇ ਸੰਦਰਭ ਵਿੱਚ ਕਈ ਕੱਟੜਪੰਥੀ ਇਸਲਾਮੀ ਦੇਸ਼ਾਂ ਦੇ ਸਮਾਨ ਹੈ।

ਨਿਰੰਕੁਸ਼ਤਾ, ਅੱਤਿਆਚਾਰ ਅਤੇ ਲੱਗਭੱਗ ਮਾਰੇ ਜਾਣ ਦੇ ਬਾਵਜੂਦ ਗੈਰ ਮਨੁੱਖਤਾ ਦੇ ਇਸ ਯੁੱਗ ਵਿੱਚ ਗਿਲਾਨੀ ਨੇ ਆਪਣੀ ਇਨਸਾਨੀਅਤ ਨੂੰ ਬਚਾ ਕੇ ਰੱਖਿਆ। ਉਨ੍ਹਾਂ ਨੇ ਭਾਰਤੀ ਰਾਜ ਜਾਂ ਉਨ੍ਹਾਂ ਨੂੰ ਦੁਸ਼ਮਣ ਦੇ ਰੂਪ ਵਿੱਚ ਦੇਖਣ ਵਾਲਿਆਂ ਲਈ ਆਪਣੇ ਦਿਲ ਵਿੱਚ ਨਫ਼ਰਤ ਪੈਦਾ ਨਹੀਂ ਕੀਤੀ, ਤਾਂ ਵੀ ਇੱਕ ਇਹੋ ਜਿਹੇ ਸ਼ਖ਼ਸ ਦੇ ਰੂਪ ਵਿੱਚ ਜਿਸ ਨੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ, ਉਹ ਰਾਜ ਸੱਤਾ ਅਤੇ ਮੀਡੀਆ ਵਿੱਚੋਂ ਉਸ ਦੇ ਪਿਆਦਿਆਂ ਦੇ ਨਿਸ਼ਾਨੇ ਉੱਤੇ ਉਮਰ ਭਰ ਰਹੇ।ਹੁਣ ਅੱਤਵਾਦੀ ਦਾ ਠੱਪਾ ਨਹੀਂ ਲਾਇਆ ਜਾ ਸਕਦਾ ਸੀ ਤਾਂ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਗਿਆ। ਬਹੁਤ ਜ਼ਰੂਰੀ ਹੈ ਕਿ ਗਿਲਾਨੀ ਨੂੰ ਯਾਦ ਰੱਖਿਆ ਜਾਵੇ ਉਨ੍ਹਾਂ ਉੱਪਰ ਲਗਾਏ ਗਏ ਦੋਸ਼ਾਂ ਅਤੇ ਉਛਾਲੇ ਗਏ ਚਿੱਕੜ ਕਰਕੇ ਹੀ ਨਹੀਂ ਬਲਕਿ ਇਨਸਾਫ ਅਤੇ ਮਨੁੱਖੀ ਹੱਕਾਂ ਲਈ ਉਨ੍ਹਾਂ ਦੀ ਦਲੇਰ ਪ੍ਰਤੀਬੱਧਤਾ ਕਰਕੇ।


(ਕਾਰਵਾਂ ਹਿੰਦੀ ਆੱਨਲਾਈਨ ਮੈਗਜ਼ੀਨ ਵਿੱਚੋਂ ਧੰਨਵਾਦ ਸਹਿਤ)

ਅਨੁਵਾਦ: ਅਮਰਜੀਤ ਬਾਜੇਕੇ
ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ
ਸੰਪਰਕ- 9417801985


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ