ਬਲਾਤਕਾਰ ਦੀ ਸਜ਼ਾ ਫਾਂਸੀ ਨਹੀਂ ਹੋਣੀ ਚਾਹੀਦੀ -ਸੁਕੀਰਤ
Posted on:- 09-01-2013
ਪਿਛਲੇ ਤਿੰਨ ਸਾਤਿਆਂ ਤੋਂ ਇਕ ਨਿਹਾਇਤ ਸ਼ਰਮਨਾਕ ਘਟਨਾ ਨੇ ਸਾਡੇ ਸਾਰਿਆਂ ਦਾ ਧਿਆਨ ਮੱਲਿਆ ਹੋਇਆ ਹੈ। 23 ਸਾਲਾਂ ਦੀ ਕੁੜੀ ਨਾਲ ਸਮੂਹਕ ਬਲਾਤਕਾਰ ਹੀ ਨਹੀਂ ਹੋਇਆ, ਉਸਨੂੰ ਇਹੋ ਜਿਹੀ ਬੇਰਹਿਮੀ ਨਾਲ ਕੋਹਿਆ ਗਿਆ ਕਿ ਦਰਿੰਦੇ ਵੀ ਚੌਂਕ ਜਾਣ। ਇਕ ਮਾਸੂਮ ਜਾਨ ਤਾਂ ਬੇਵਕਤ ਤਰੁੰਡੀ ਗਈ, ਪਰ ਅਜਿਹੀ ਦਰਦਨਾਕ ਮੌਤ ਨੇ ਸਾਰੀ ਕੌਮ ਨੂੰ ਝੰਜੋੜ ਕੇ ਰਖ ਦਿਤਾ ਹੈ। ਰਾਜਧਾਨੀ ਤੋਂ ਲੈ ਕੇ ਨਿਕੇ ਨਿਕੇ ਪਿੰਡਾਂ ਤਕ ਰੋਸ ਮੁਜ਼ਾਹਰੇ ਹੋਏ ਹਨ। ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੇਣ, ਨਵੇਂ ਕਾਨੂੰਨ ਬਣਾਉਣ, ਅਦਾਲਤਾਂ ਰਾਹੀਂ ਅਜਿਹੇ ਕੇਸਾਂ ਨੂੰ ਛੇਤੀ ਤੋਂ ਛੇਤੀ ਨਿਪਟਾਉਣ ਦੀਆਂ ਮੰਗਾਂ ਉਭਰ ਕੇ ਸਾਹਮਣੇ ਆਈਆਂ ਹਨ। ਬਲਾਤਕਾਰ ਵਰਗਾ ਸ਼ਬਦ ਅਖਬਾਰਾਂ ਦੇ ਅਪਰਾਧ-ਸਫ਼ਿਆਂ ਤੋਂ ਉਠ ਕੇ ਸੰਪਾਦਕੀ ਸਫ਼ਿਆਂ ਦਾ ਕੇਂਦਰ ਬਣਿਆ ਹੈ।
ਪਰ ਇਸ ਅੱਤ ਦੀ ਮੰਦਭਾਗੀ ਘਟਨਾ ਉਤੇ ਹੋਈ ਪ੍ਰਤੀਕਿਰਿਆ ਨੂੰ ਦੇਖਦਿਆਂ ਮਨ ਵਿਚ ਕਈ ਸਵਾਲ ਵੀ ਉੱਠੇ ਹਨ।
ਇਹ ਸਹੀ ਹੈ ਕਿ ਬਲਾਤਕਾਰ ਦੀ ਇਹ ਘਟਨਾ ਸਚਮੁਚ ਦਿਲ-ਕੰਬਾਊ ਹੈ। ਪਰ ਕੀ ਇਹ ਵੀ ਸਹੀ ਨਹੀਂ ਕਿ ਬਲਾਤਕਾਰ ਦੀਆਂ ਘਟਨਾਵਾਂ ਨਿਤ ਵਾਪਰਦੀਆਂ ਹਨ, ਅਤੇ ਸਾਡੇ ਕੰਨਾਂ ਤੇ ਜੂੰ ਵੀ ਨਹੀਂ ਸਰਕਦੀ? ਕਿਸੇ ਵੀ ਦਿਨ ਦਾ ਅਖਬਾਰ ਚੁਕ ਕੇ ਦੇਖ ਲਉ (ਭਾਂਵੇਂ ਇਨ੍ਹਾਂ ਵਿਚੋਂ ਹੀ ਕਿਸੇ ਦਿਨ ਦਾ, ਜਦੋਂ ਸਾਰਾ ਦੇਸ ਬਲਾਤਕਾਰ ਦੇ ਨਾਂ ਤੋਂ ਤ੍ਰਾਹ-ਤ੍ਰਾਹ ਕਰਦਾ ਜਾਪਦਾ ਸੀ, ਅਤੇ ਸਭ ਦੀ ਮੰਗ ਬਲਾਤਕਾਰੀਆਂ ਨੂੰ ਫ਼ਾਂਸੀ ਦੇਣ ਦੀ ਸੀ) ਇਕ ਨਹੀਂ, ਕਈ ਕਈ ਬਲਾਤਕਾਰਾਂ ਦੀਆਂ ਖਬਰਾਂ ਲਭ ਜਾਣਗੀਆਂ। ਤੇ ਇਹ ਬਲਾਤਕਾਰ ਕਰਨ ਵਾਲੇ ਕੌਣ ਹੁੰਦੇ ਹਨ? ਰਾਜਸੀ ਜਾਂ ਪੈਸੇ ਦੀ ਤਾਕਤ ਨਾਲ ਆਫਰਿਆ ਕੋਈ ਨੇਤਾ ਜਾਂ ਵੱਡਾ ਕਾਰੋਬਾਰੀ, ਕਿਸੇ ਦਾ ਰਿਸ਼ਤੇਦਾਰ (ਆਪਣਾ ਹੀ ਪਿਉ ਜਾਂ ਭਰਾ ਤਕ ਵੀ), ਕਿਸੇ ਕੰਮ ਤੇ ਜਾਣ ਵਾਲੀ ਔਰਤ ਦਾ ਸਹਿਕਰਮੀ ਜਾਂ ਮਾਲਕ, ਕਿਸੇ ਮਰੀਜ਼ ਔਰਤ ਦਾ ਡਾਕਟਰ, ਕਿਸੇ ਵਿਦਿਆਰਥਣ ਦਾ ਅਧਿਆਪਕ, ਅਤੇ ਏਥੋਂ ਤਕ ਕਿ ਕੋਈ ਪੁਲਸੀਆ ਜਾਂ ਫੌਜੀ ਵੀ ਜੋ ਸ਼ਰਨ ਮੰਗਦੀ ਦਲਿਤ ਜਾਂ ਕਬਾਇਲੀ ਔਰਤ ਦੀ ਰਖਿਆ ਕਰਨ ਦੀ ਥਾਂ ਉਸ ਉਤੇ ਹਮਲਾ ਕਰਦਾ ਹੈ। ਅਸੀ ਨਿਤ ਅਜਿਹੀਆਂ ਘਟਨਾਵਾਂ ਬਾਰੇ ਪੜ੍ਹ ਕੇ ਹੋਊ-ਪਰੇ ਕਰ ਛਡਦੇ ਹਾਂ। ਜਦੋਂ ਕੋਈ ਵਰਤਾਰਾ ਏਨਾ ਆਮ ਹੋ ਜਾਂਦਾ ਹੈ ਕਿ ਉਸ ਨਾਲ ਰੋਜ਼ ਦਿਹਾੜੀ ਵਾਹ ਪਵੇ ਤਾਂ ਫੇਰ ਸਾਡੀ ਹਮਦਰਦੀ ਜਾਂ ਰੋਹ ਦੀ ਭਾਵਨਾ ਵੀ ਖੁੰਢੀ ਹੋ ਜਾਂਦੀ ਹੈੈ। ਜਿਵੇਂ ਪਰਦੇਸੋਂ ਆਏ ਲੋਕਾਂ ਨੂੰ ਤਾਂ ਪੈਰ ਪੈਰ ਤੇ ਮੰਗਤੇ ਦੇਖਕੇ ਕੋਫ਼ਤ ਹੁੰਦੀ ਹੈ, ਪਰ ਸਾਨੂੰ ਉਨ੍ਹਾਂ ਨੂੰ ਦੇਖਣ ਦੀ ਜਿਵੇਂ ਆਦਤ ਹੋ ਗਈ ਹੈ।
ਜੇ ਇਹ ਘਟਨਾ ਰਾਜਧਾਨੀ ਵਿਚ ਨਾ ਵਾਪਰੀ ਹੁੰਦੀ, ਜੇ ਉਸ ਕੁੜੀ ਨੂੰ ਏਨਾ ਨਾ ਕੋਹਿਆ ਗਿਆ ਹੁੰਦਾ, ਜੇ ਉਹ ਉਸੇ ਵੇਲੇ ਮਾਰ-ਮੁਕਾ ਦਿਤੀ ਗਈ ਹੁੰਦੀ, ਜੇ ਉਸਨੇ ਏਨੇ ਦਿਨ ਲਗਾਤਾਰ ਡਾਕਟਰਾਂ ਨੂੰ ਵੀ ਹੈਰਾਨ ਕਰ ਦੇਣ ਵਾਲੀ ਸਰੀਰਕ ਜੰਗ ਨਾ ਲੜੀ ਹੁੰਦੀ ਤਾਂ ਕੀ ਉਸਦੀ ਏਨੀ ਭਿਆਨਕ ਨਿਜੀ ਦੁਰਗਤ ਨੇ ਸਾਰੇ ਦੇਸ ਨੂੰ ਇੰਜ ਹਿਲਾ ਕੇ ਰਖ ਸਕਣਾ ਸੀ? ਵਰਨਾ ਕਿਹੜਾ ਦਿਨ ਲੰਘਦਾ ਹੈ ਜਦੋਂ ਬਲਾਤਕਾਰ ਦੀਆਂ ਘਿਨਾਉਣੀ ਘਟਨਾਵਾਂ ਦਾ ਵੇਰਵਾ ਤੁਹਾਡੇ ਨਜ਼ਰੀਂ ਨਹੀਂ ਪੈਂਦਾ? ਕੀ ਕੌਮ ਦੀ ਜ਼ਮੀਰ ਨੂੰ ਜਗਾਉਣ ਲਈ ਕਿਸੇ ਇਹੋ ਜਿਹੀ ਦੁਰਘਟਨਾ ਵਾਪਰਨ ਦਾ ਹੀ ਇੰਤਜ਼ਾਰ ਸੀ, ਜਾਂ ਕੀ ਉਹ ਹੁਣ ਵੀ ਸਚਮੁਚ ਜਾਗ ਪਈ ਹੈ?
ਆਪਣੇ ਆਲੇ ਦੁਆਲੇ ਝਾਤ ਮਾਰਿਆਂ ਮੈਨੂੰ ਤਾਂ ਨਹੀਂ ਜਾਪਦਾ।
ਦਿੱਲੀ ਵਿਚ ਵੱਡੇ ਵੱਡੇ ਰੋਸ ਮੁਜ਼ਾਹਰਿਆਂ ਦੀਆਂ ਖਬਰਾਂ ਤਾਂ ਆਈਆਂ, ਪਰ ਨਾਲ ਹੀ ਉਨ੍ਹਾਂ ਹੀ ਮੁਜ਼ਾਹਰਿਆਂ ਦੌਰਾਨ ਵੀ ਭੀੜ ਦਾ ਲਾਹਾ ਲੈਂਦਿਆਂ ਔਰਤਾਂ ਦੇ ਸਰੀਰ ਟੋਹਣ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ । ਮੌਕਾ ਮਿਲਦਿਆਂ ਸਾਰ ਔਰਤਾਂ ਉਤੇ ‘ਹੱਥ ਫੇਰਨ’ ਦੀ ਇਸ ਮਰਦਾਨਾ (?) ਆਦਤ ਨੂੰ ਸਾਡੇ ਮਰਦ ਅਜਿਹੇ ਸੋਗੀ ਮੌਕੇ ਤੇ ਵੀ ਨਾ ਤਜ ਸਕੇ। ਹਰ ਰੰਗ ਦੇ ਰਾਜਨੀਤਕ ਆਗੂਆਂ ਵੱਲੋਂ ਬਲਾਤਕਾਰੀਆਂ ਨੂੰ ਛੇਤੀ ਤੋਂ ਛੇਤੀ ਫ਼ਾਹੇ ਦੇਣ ਦੀਆਂ ਮੰਗਾਂ ਹੋਈਆਂ ਹਨ। ਪਰ ਨਾਲ ਹੀ ਇਹ ਖਬਰਾਂ ਵੀ ਪੜ੍ਹਨੀਆਂ ਪਈਆਂ ਕਿ ਪੰਜਾਬ ਦੇ ਇਕ ਸੀਨੀਅਰ ਅਕਾਲੀ ਮੰਤਰੀ ਨੇ ਭਰੀ ਅਸੰਬਲੀ ਵਿਚ ਬੜੀ ਹਮਲਾਵਰ ਸੁਰ ਅਖਤਿਆਰ ਕਰਦਿਆਂ ਆਪਣੇ ਵਿਰੋਧੀ ਨੂੰ ਭੈਣ ਦੀ ਗਾਲ੍ਹ ਕੱਢੀ, ਪੱਛਮੀ ਬੰਗਾਲ ਵਿਚ ਮਾਰਕਸੀ ਪਾਰਟੀ ਦੇ ਇਕ ਸਾਬਕਾ ਮੰਤਰੀ ਨੇ ਸੂਬੇ ਦੀ ਔਰਤ ਮੁਖ ਮੰਤਰੀ ਉਤੇ ਵਿਅੰਗ ਕਸਦਿਆਂ ਪੁਛਿਆ ਕਿ ਉਹ ਬਲਾਤਕਾਰ ਕਰਾਉਣ ਦੇ ਕਿੰਨੇ ਪੈਸੇ ਲਵੇਗੀ, ਕਾਂਗਰਸ ਦੇ ਇਕ ਐਮ ਪੀ ਨੇ ਰੋਸ ਮੁਜ਼ਾਹਰੇ ਕਰਨ ਆਈਆਂ ਨੂੰ ‘ਠੁਕੀਆਂ ਹੋਈਆਂ ਅਤੇ ਰੰਗ-ਰੋਗਨ ਕੀਤੀਆਂ ਹੋਈਆਂ’ ਔਰਤਾਂ ਗਰਦਾਨਿਆ। ਔਰਤ ਜ਼ਾਤ ਪ੍ਰਤੀ ਹਿਕਾਰਤ ਇਨ੍ਹਾਂ ਵਿਚੋਂ ਹਰ ਬਿਆਨ ਵਿਚ ਲਭਦੀ ਹੈ, ਕਿਉਂਕਿ ਸਾਡੇ ਰਾਜਨੀਤਕ ਆਗੂ ਵੀ ਤਾਂ ਏਸੇ ਮਾਨਸਕਤਾ ਵਾਲੇ ਸਮਾਜ ਦੀ ਪੈਦਾਵਾਰ ਹਨ।
ਬਲਾਤਕਾਰ ਕੋਈ ਸਧਾਰਨ ਸਰੀਰਕ ਅਪਰਾਧ ਨਹੀਂ ਇਸਦੇ ਪਿਛੇ ਇਕ ਵਿਸ਼ੇਸ਼ ਕਿਸਮ ਦੀ ਮਾਨਸਕਤਾ ਹੁੰਦੀ ਹੈ। ਇਸ ਮਾਨਸਕਤਾ ਵਿਚ ਔਰਤ ਪ੍ਰਤੀ ਨਫ਼ਰਤ, ਹਿੰਸਾ ਦੀ ਭਾਵਨਾ ਅਤੇ ਉਸਨੂੰ ਛੁਟਿਆਉਣ ਦਾ ਜਜ਼ਬਾ ਭਾਰੂ ਹੁੰਦਾ ਹੈ। ਉਸਨੂੰ ਕਾਬੂ ਕਰਨ, ਅਤੇ ਕਾਬੂ ਵਿਚ ਰਖਣ ਦੀ ਕੋਸ਼ਿਸ਼ ਹੁੰਦੀ ਹੈ। ਲੋੜ ਇਸ ਮਾਨਸਕਤਾ ਨੂੰ ਬਦਲਣ ਦੀ ਹੈ, ਕਿਉਂਕਿ ਇਕ ਜਾਂ ਦੋ, ਜਾਂ ਪੰਜਾਹਾਂ ਨੂੰ ਫਾਂਸੀ ਦੇਣ ਨਾਲ ਸਮਾਜ ਵਿਚ ਬਲਾਤਕਾਰ ਦੀਆਂ ਵਾਰਦਾਤਾਂ ਮੁਕ ਨਹੀਂ ਜਾਣ ਲਗੀਆਂ।
ਦੇਸ ਦੇ ਮੌਜੂਦਾ ਕਾਨੂੰਨ ਨੂੰ ਬਦਲ ਕੇ ਬਲਾਤਕਾਰ ਦੇ ਜੁਰਮ ਨੂੰ ਫ਼ਾਂਸੀ ਯੋਗ ਕਰਾਰ ਦੇਣ ਦੀ ਮੰਗ ਨੂੰ ਇਸ ਸਮੇਂ ਬਹੁਗਿਣਤੀ ਦਾ ਸਮਰਥਨ ਮਿਲ ਰਿਹਾ ਹੈ। ਇਸ ਸਮੇਂ ਦਿਲੀ ਵਾਲੇ ਦਰਿੰਦਗੀ ਭਰਪੂਰ ਬਲਾਤਕਾਰ ਦੀ ਰੋਹ ਜਗਾਉਂਦੀ ਤਸਵੀਰ ਸਭ ਦੇ ਮਨਾਂ ਵਿਚ ਤਾਜ਼ਾ ਹੈ, ਅਤੇ ਛੇਤੀ ਤੋਂ ਛੇਤੀ ਬਦਲਾ ਲੈਣ ਦਾ ਵਕਤੀ ਉਛਾਲ ਵੀ। ਪਰ ਕਾਨੂੰਨ ਕਿਸੇ ਵਕਤੀ ਰੋਹ ਹੇਠ ਨਹੀਂ ਬਦਲੇ ਜਾਣੇ ਚਾਹੀਦੇ, ਸਗੋਂ ਉਹ ਡੂੰਘੀ ਅਤੇ ਬਹੁ-ਪਾਸੀ ਘੋਖ ਦੀ ਮੰਗ ਕਰਦੇ ਹਨ।
ਫਾਂਸੀ ਦੀ ਸਜ਼ਾ (ਕਿਸੇ ਵੀ ਸੰਗੀਨਤਰ ਜੁਰਮ ਲਈ) ਦੇਸ ਦੇ ਵਿਧਾਨ ਵਿਚ ਹੋਣੀ ਵੀ ਚਾਹੀਦੀ ਹੈ ਜਾਂ ਨਹੀਂ, ਇਹ ਆਪਣੇ ਆਪ ਵਿਚ ਲੰਮੀ ਬਹਿਸ ਦਾ ਵਿਸ਼ਾ ਹੈ ਜਿਸ ਦੇ ਵਿਸਥਾਰ ਵਿਚ ਜਾਣਾ ਵਿਧਾਨਕਾਰਾਂ ਲਈ ਵੀ ਚੁਣੌਤੀ ਹੈ। ਇਸ ਸਮੇਂ ਨਿਰਾ ਇਸ ਗੱਲ ਵਲ ਧਿਆਨ ਦੇਣ ਦੀ ਲੋੜ ਹੈ ਕਿ ਕਿਸੇ ਵੀ ਜੁਰਮ ਲਈ ਫ਼ਾਂਸੀ ਦੀ ਸਜ਼ਾ ਨਿਰਧਾਰਤ ਹੋ ਜਾਣ ਨਾਲ ਇਸ ਗਲ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਉਹ ਜੁਰਮ ਸਿਰਫ਼ ਸਜ਼ਾ ਦੇ ਡਰ ਕਾਰਨ ਹੀ ਖਤਮ ਹੋ ਜਾਵੇਗਾ।ਸਾਡੇ ਦੇਸ ਦੇ ਅਜੋਕੇ ਕਾਨੂੰਨ ਮੁਤਾਬਕ ਕਤਲ ਵਰਗੇ ਸੰਗੀਨ ਜੁਰਮ ਲਈ ਫਾਂਸੀ ਦੀ ਸਜ਼ਾ ਦਿਤੀ ਜਾ ਸਕਦੀ ਹੈ; ਪਰ ਏਸ ਡਰੋਂ ਸਾਡੇ ਸਮਾਜ ਵਿਚ ਕਤਲ ਹੋਣੇ ਬੰਦ ਹੋ ਗਏ ਹੋਣ, ਇਸਦਾ ਕੋਈ ਪਰਮਾਣ ਨਹੀਂ ਮਿਲਦਾ।ਸਗੋਂ ਉਲਟੇ ਹੁੰਦਾ ਇਹ ਹੈ ਕਿ ਜਿਸ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾ ਦਿਤੀ ਗਈ ਹੋਵੇ, ਉਹ ਪਹਿਲਾਂ ਕਈ ਸਾਲਾਂ, ਬਲਕਿ ਦਹਾਕਿਆਂ ਤਕ ਇਕ ਅਦਾਲਤ ਤੋਂ ਦੂਜੀ ਅਦਾਲਤ ਵਿਚ ਲਟਕਦਾ ਰਹਿੰਦਾ ਹੈ, ਅਤੇ ਪਿੱਛੋਂ ਰਾਸ਼ਟਰਪਤੀ ਦੀ ਮੇਜ਼ ਉਤੇ ਰਹਿਮ ਦੀ ਦਰਖਾਤਸਤ ਦੇ ਰੂਪ ਵਿਚ। ਕਾਰਨ ਇਹ ਕਿ ਫ਼ਾਂਸੀ ਹੋ ਜਾਣ ਉਪਰੰਤ ਬੰਦੇ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਅਤੇ ਇਹ ਸਜ਼ਾ ਸੁਣਾਉਣ ਵੇਲੇ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਹੋਣੀ ਚਾਹੀਦੀ, ਕੋਈ ਤਥ ਅਣਵਿਚਾਰਿਆ ਨਹੀਂ ਰਹਿਣਾ ਚਾਹੀਦਾ; ਇਸ ਕਾਰਨ ਸਜ਼ਾ ਦੇ ਹਰ ਮੋੜ ਉਤੇ ਵਕੀਲ ਏਨੀਆਂ ਮੀਨਮੇਖਾਂ ਕਢ ਲੈਂਦੇ ਹਨ ਕਿ ਮਾਮਲਾ ਲਟਕਦਾ ਹੀ ਜਾਂਦਾ ਹੈ।
ਸਾਨੂੰ ਇਸ ਬੇਰਹਿਮ ਬਲਾਤਕਾਰ (ਜਿਸ ਵਿਚ ਉਸ ਵੀਰਾਂਗਣਾ ਦੀ ਮੌਤ ਹੋ ਜਾਣ ਮਗਰੋਂ ਦੋਸ਼ੀਆਂ ਉਤੇ ਕਤਲ ਦਾ ਜੁਰਮ ਵੀ ਆਇਦ ਹੋ ਗਿਆ ਹੈ) ਦੇ ਬਾਅਦ ਬਲਾਤਕਾਰ ਦੇ ਹਰ ਦੋਸ਼ੀ ਨੂੰ ਫਾਂਸੀ ਹੀ ਦੇਣ ਦੀ ਮੰਗ ਕਰਦੇ ਸਮੇਂ ਇਹ ਨਹੀਂ ਭੁਲਣਾ ਚਾਹੀਦਾ ਕਿ ਸਜ਼ਾ ਦਾ ਅਰਥ ਤਾਂ ਹੀ ਹੈ ਜੇ ਉਹ ਛੇਤੀ ਤੋਂ ਛੇਤੀ ਲਾਗੂ ਹੋਵੇ। ਬਲਾਤਕਾਰ ਦੇ ਜੁਰਮ ਨੂੰ ਫਾਂਸੀ ਦੇ ਘੇਰੇ ਤਹਿਤ ਲਿਆਉਣ ਦੀ ਮੰਗ ਕਰਨਾ, ਇਹੋ ਜਿਹੇ ਜੁਰਮ ਕਰਨ ਵਾਲਿਆਂ ਦੇ ਮੁਕੱਦਮਿਆਂ ਨੂੰ ਸਾਲਾਂ ਦਰ ਸਾਲ ਲਟਕਾਏ ਰਖਣ ਦੀ ਮੰਗ ਤੁਲ ਹੈ। ਬਲਾਤਕਾਰ ਦੇ ਖਿਲਾਫ਼ ਸਖਤ ਸਜ਼ਾ ਦਾ ਕਾਨੂੰਨ ਇਸ ਸਮੇਂ ਵੀ ਮੌਜੂਦ ਹੈ ਉਸ ਤਹਿਤ ਕੈਦ ਦੀ ਮਿਆਦ ਨੂੰ ਵਧਾਉਣ ਬਾਰੇ ਵੀ ਸੋਚਿਆ ਜਾ ਸਕਦਾ ਹੈ- ਪਰ ਤਜਰਬਾ ਦਸਦਾ ਹੈ ਕਿ ਬਲਾਤਕਾਰ ਦੇ ਮਾਮਲਿਆਂ ਵਿਚ ਸਿਰਫ਼ 26 ਪ੍ਰਤੀਸ਼ਤ ਦੋਸ਼ੀਆਂ ਨੂੰ ਹੀ ਸਜ਼ਾ ਹੁੰਦੀ ਹੈ, ਤਿੰਨ-ਚੌਥਾਈ ਦੋਸ਼ੀ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਜਾਂਦੇ ਹਨ। ਲੋੜ ਮੌਜੂਦਾ ਕਾਨੂੰਨਾਂ ਦੇ ਸ਼ਿਕੰਜੇ ਹੋਰ ਕੱਸਣ, ਅਦਾਲਤਾਂ ਨੂੰ ਛੇਤੀ ਤੋਂ ਛੇਤੀ ਅਜਿਹੇ ਮਸਲੇ ਨਿਪਟਾਉਣ ਦਾ ਆਦੇਸ਼ ਦੇਣ ਦੀ ਹੈ, ਬਜਾਏ ਏਸਦੇ ਕਿ ਬਲਤਾਕਾਰ ਨੂੰ ਫ਼ਾਂਸੀ ਦੀ ਸਜ਼ਾ ਦੇ ਘੇਰੇ ਹੇਠ ਲਿਆ ਕੇ ਮਾਮਲਿਆਂ ਨੂੰ ਵਧ ਤੋਂ ਵਧ ਚਿਰ ਲਟਕਾਉਣ ਦੀ ਜ਼ਮੀਨ ਤਿਆਰ ਕਰ ਲਈ ਜਾਵੇ।
ਇਸ ਦਲੀਲ ਨੂੰ ਇਕ ਹੋਰ ਪੱਖੋਂ ਵੀ ਸਮਝਣ ਦੀ ਲੋੜ ਹੈ। ਆਂਕੜੇ ਸਾਬਤ ਕਰਦੇ ਹਨ ਕਿ ਬਹੁਤੇ ਬਲਾਤਕਾਰੀ ਪੀੜਤ ਧਿਰ ਦੇ ਜਾਣੂੰ ਹੁੰਦੇ ਹਨ, ਨਿਰੋਲ ਅਜਨਬੀ ਨਹੀਂ। ਦਿੱਲੀ ਸ਼ਹਿਰ ਵਿਚ 2012 ਵਿਚ ਦਰਜ ਹੋਏ ਬਲਤਾਕਾਰ ਦੇ 662 ਮਾਮਲਿਆਂ ਵਿਚੋਂ 202 ਦੇ ਅਪਰਾਧੀ ਪੀੜਤਾ ਦੇ ਗੁਆਂਢੀ ਸਨ ਅਤੇ 189 ਉਸਦੇ ਆਪਣੇ ਰਿਸ਼ਤੇਦਾਰ ਜਾਂ ਨੇੜਲੇ। ਇਸ ਕਾਰਨ ਸਾਰੇ ਕੇਸ ਤਾਂ ਅਦਾਲਤ ਤਕ ਪਹੁੰਚਦੇ ਹੀ ਨਹੀਂ, ਖਾਸ ਕਰਕੇ ਜਦੋਂ ਇਹ ਘਟਨਾ ਪਰਵਾਰ ਜਾਂ ਨੇੜਲੇ ਘੇਰੇ ਦੇ ਅੰਦਰ ਹੀ ਵਾਪਰੀ ਹੋਵੇ। ਸਮਾਜਕ ਸ਼ਰਮ ਅਤੇ ਸੰਭਾਵਤ ਸਜ਼ਾ ਦੇ ਖਦਸ਼ੇ ਵਿਚ ਮਾਮਲੇ ਨੂੰ ਅੰਦਰੋ ਅੰਦਰ ਹੀ ਦਬ ਦਿਤਾ ਜਾਂਦਾ ਹੈ। ਜੇ ਇਹ ਸਜ਼ਾ ਵਧਾ ਕੇ ਫ਼ਾਂਸੀ ਦੀ ਕਰ ਦਿਤੀ ਜਾਵੇ ਤਾਂ ਇਹੋ ਜਿਹੇ ਮਾਮਲਿਆਂ ਨੂੰ ਨੱਪ ਕੇ ਰਖਣ ਦੀ ਬਿਰਤੀ ਵਧੇਗੀ, ਘਟੇਗੀ ਨਹੀਂ। ਏਸੇ ਦਲੀਲ ਦਾ ਦੂਜਾ ਪਹਿਲੂ ਇਹ ਹੈ ਕਿ ਜੇ ਬਲਾਤਕਾਰ ਅਤੇ ਕਤਲ ਦੋਵਾਂ ਜੁਰਮਾਂ ਦੀ ਸਜ਼ਾ ਹੀ ਫ਼ਾਂਸੀ ਨਿਰਧਾਰਤ ਕਰ ਦਿਤੀ ਗਈ ਤਾਂ ਹਰ ਬਲਾਤਕਾਰੀ ਆਪਣੇ ਸ਼ਿਕਾਰ ਨੂੰ ਮਾਰ-ਮੁਕਾਉਣ ਵਲ ਕਿਤੇ ਵਧ ਪ੍ਰੇਰਤ ਹੋਵੇਗਾ। ਜਦ ਦੋਵਾਂ ਜੁਰਮਾਂ ਦੀ ਸਜ਼ਾ ਇਕੋ ਹੈ ਤਾਂ ਫੇਰ ਸਬੂਤ ਨੂੰ ਜ਼ਿੰਦਾ ਛਡ ਦੇਣ ਦੀ ਭੁਲ ਕਿਹੜਾ ਮੁਜਰਮ ਕਰੇਗਾ! ਇਸ ਕਾਰਨ ਨਿਰੋਲ ਔਰਤਾਂ ਦੀਆਂ ਜਥੇਬੰਦੀਆਂ ਬਲਾਤਕਾਰ ਅਤੇ ਕਤਲ ਦੇ ਜੁਰਮਾਂ ਨੂੰ ਇਕੋ ਤਕੜੀ ਵਿਚ ਤੋਲਣ ਦੇ ਵਿਰੁੱਧ ਹਨ, ਕਿਉਂਕਿ ਇਸ ਨਾਲ ਔਰਤਾਂ ਦੀ ਜਾਨ ਹੋਰ ਵੀ ਜੋਖਮ ਵਿਚ ਪਾਉਣ ਦਾ ਮਸੌਦਾ ਤਿਆਰ ਹੁੰਦਾ ਹੈ।
ਬਲਾਤਕਾਰ ਦੇ ਦੋਸ਼ੀਆਂ ਨੂੰ ਫ਼ਾਹੇ ਲਾਉਣ ਦੇ ਰੌਲੇ ਦੀਆਂ ਸੁਰਾਂ ਨੂੰ ਚੀਕ-ਚਿਹਾੜੇ ਦੇ ਪੱਧਰ ਤਕ ਪੁਚਾ ਕੇ ਅਸੀ ਜਿਸ ਵਿਚ ਸਾਡੇ ਸਿਆਸੀ ਆਗੂਆਂ ਤੋਂ ਲੈ ਕੇ ਸਾਡੇ-ਤੁਹਾਡੇ ਵਰਗੇ ਸਧਾਰਨ ਸ਼ਹਿਰੀ ਵੀ ਸ਼ਾਮਲ ਹਨ- ਕਿਤੇ ਆਪਣੀ ਜ਼ਮੀਰ ਨੂੰ ਪੱਠੇ ਤਾਂ ਨਹੀਂ ਪਾ ਰਹੇ? ਆਪਣੇ ਆਪ ਨੂੰ ਸ਼ਰਾਫ਼ਤ ਦਾ ਮੁਜੱਸਮੇ ਵਜੋਂ ਪੇਸ਼ ਕਰਕੇ ਆਪਣੀ ਅਸਲੀ ਜ਼ਿੰਮੇਵਾਰੀ ਤੋਂ ਮੁਕਤ ਤਾਂ ਨਹੀਂ ਹੋ ਰਹੇ? ਇਸ ਗਲ ਤੋਂ ਕੋਈ ਇਨਕਾਰ ਨਹੀਂ ਦਿਲੀ ਬਲਾਤਕਾਰ ਕਾਂਡ ਏਨਾ ਘਿਨਾਉਣਾ ਹੈ ਕਿ ਉਸਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਅਤੇ ਕਾਨੂੰਨ ਤਹਿਤ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।ਪਰ ਇਸ ਨਾਲ ਸਾਡੇ ਸਮਾਜ ਵਿਚੋਂ ਇਹ ਰੋਗ ਮੁੱਕ ਤਾਂ ਨਹੀਂ ਜਾਣ ਲੱਗਾ। ਇਸਲਈ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਗਿਰੇਬਾਨਾਂ ਵਿਚ ਵੀ ਝਾਕਣ ਦੀ ਲੋੜ ਹੈ।ਫ਼ਿਕਰੇ ਕੱਸਣਾ, ਪਿੱਛਾ ਕਰਨਾ, ਸੀਟੀਆਂ ਮਾਰਨਾ, ਆਨੀ ਬਹਾਨੀ ਔਰਤਾਂ ਨਾਲ ਖਹਿਸਰਨ ਦੀ ਕੋਸ਼ਿਸ਼ ਕਰਨਾ, ਦੋਅਰਥੀ ਜੁਮਲੇਬਾਜ਼ੀ ਕਰਨਾ: ਇਹ ਸਾਰੀਆਂ ਅਲਾਮਤਾਂ ਸਾਡੇ ਸਭਿਆਚਾਰ ਨੂੰ ਬਲਾਤਕਾਰ ਦਾ ਸਭਿਆਚਾਰ ਬਣਾਉਣ ਦੀਆਂ ਦੋਸ਼ੀ ਹਨ। ਅਤੇ ਜੇ ਇਸ ਪੱਖੋਂ ਦੇਖਿਆ ਜਾਏ ਤਾਂ ਸ਼ਾਇਦ ਸਾਡੇ ਵਿਚੋਂ 80 ਪ੍ਰਤੀਸ਼ਤ ਮਰਦ ਇਨ੍ਹਾਂ ਵਿਚੋਂ ਕਿਸੇ ਨਾ ਕਿਸੇ ਦੋਸ਼ ਦੇ ਭਾਗੀ ਨਿਕਲਣ। ਇਕ ਹੋਣਹਾਰ, ਮਾਸੂਮ ਅਤੇ ਬਹਾਦੁਰ ਕੁੜੀ ਦੀ ਜਾਨ ਨੇ ਜੇ ਅਜ ਇਸ ਸੁੱਤੀ ਪਈ ਕੌਮ ਨੂੰ ਝੰਜੋੜਿਆ ਹੈ ਤਾਂ ਉਹ ਰੋਹ ਵਕਤੀ ਅਤੇ ਫੁਸਫੁਸਾ ਨਹੀਂ ਹੋਣਾ ਚਾਹੀਦਾ। ਇਸ ਉੱਠੇ ਉਬਾਲ ਨੂੰ ਝਗ ਵਾਂਗ ਬਹਿ ਨਹੀਂ ਜਾਣ ਦੇਣਾ ਚਾਹੀਦਾ। ਇਸ ਰੋਹ ਨੂੰ ਸਿਰਫ਼ ਦਿਲੀ ਦੇ ਦਰਿੰਦਿਆਂ ਤਕ ਕੇਂਦਰਤ ਨਾ ਕਰੀਏ, ਆਪਣੇ ਅੰਦਰ ਬੈਠੇ ਜਾਨਵਰ ਨੂੰ ਵੀ ਸੂਤ ਕਰੀਏ। ਕੁਦਰਤੀ ਸਰੀਰਕ ਖਿਚ ਅਤੇ ਜਾਬਰ ਜਾਂਗਲੀ ਭੁਖ ਵਿਚ ਵਖਰੇਵਾਂ ਕਰਨ ਦੀ ਸੂਝ ਸਿਰਜੀਏ। ਇਹ ਕੰਮ ਕਿਸੇ ਸਰਕਾਰ ਦਾ ਨਹੀਂ, ਕਿਸੇ ਵਿਧਾਨਕਾਰ ਦਾ ਨਹੀਂ, ਕਿਸੇ ਅਦਾਲਤ ਦਾ ਨਹੀਂ। ਸਾਡੀ ਆਪਣੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਇਨ੍ਹਾਂ ਨਿਹਾਇਤ ਅਫ਼ਸੋਸਨਾਕ ਦਿਨਾਂ ਵਿਚ ਮੈਂ ਦਿਲੀ ਦੇ ਕਿਸੇ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋ ਸਕਣ ਦੀ ਸਥਿਤੀ ਵਿਚ ਨਹੀਂ ਸਾਂ। ਮੈਂ ਟੀ ਵੀ ਚੈਨਲਾਂ ਦੇ ਸਨਸਨੀਖੇਜ਼ ਚੀਕ-ਚਿਹਾੜੇ ਤੋਂ ਅਕ ਕੇ ਉਨ੍ਹਾਂ ਦਾ ਅਕਾਊ ਬਿਰਤਾਂਤ ਵਾਚਣਾ ਬੰਦ ਕਰ ਦਿਤਾ ਸੀ। ਮੈਨੂੰ ਰਾਜਨੀਤਕ ਆਗੂਆਂ ਦੇ ਬਿਆਨਾਂ ਵਿਚ ਸੁਹਿਰਦਤਾ ਘਟ ਅਤੇ ਪੈਂਤੜੇਬਾਜ਼ੀ ਵਧ ਦਿਸਦੀ ਸੀ। ਮੈਂ ਇਹ ਸਮਾਂ ਇਕ ਨਪੁੰਸਕ ਰੋਹ ਵਿਚ ਲੰਘਾਇਆ, ਪਰ ਏਸ ਆਸ ਵਿਚ ਕਿ ਸ਼ਾਇਦ ਇਹ ਸ਼ਰਮਨਾਕ ਘਟਨਾ ( ਅਤੇ ਇਸ ਉੱਤੇ ਹੋਇਆ ਅੰਤਰਰਾਸ਼ਟਰੀ ਪ੍ਰਤੀਕਰਮ) ਮੇਰੇ ਹਮਵਤਨਾਂ ਨੂੰ ਕੁਝ ਝੰਜੋੜ ਸਕੇ। ਫੇਰ ਮੇਰੀ ਨਜ਼ਰੇ ਇਕ ਨੌਜਵਾਨ ਕੁੜੀ ਦੀ ਲਿਖਤ ਪਈ। ਮੈਂ ਉਸਨੂੰ ਨਿਜੀ ਤੌਰ ਤੇ ਨਹੀਂ ਜਾਣਦਾ, ਸਿਰਫ਼ ਇਹੋ ਜਾਣਦਾ ਹਾਂ ਕਿ ਉਹ 27 ਵਰ੍ਹਿਆਂ ਦੀ ਹੈ, ਦਿਲੀ ਰਹਿੰਦੀ ਹੈ ਅਤੇ ਉਸਦਾ ਨਾਂਅ ਆਦਿਤੀ ਰਾਓ ਹੈ । ਇਸ ਲਿਖਤ ਨੇ ਮੈਨੂੰ ਕੁਝ ਸੋਚਣ ਵਲ ਪ੍ਰੇਰਿਆ, ਸ਼ਾਇਦ ਤੁਹਾਨੂੰ ਵੀ ਹਾਲ ਦੀ ਮਾੜੀ ਵਾਪਰਨੀ ਨੂੰ ਕਿਸੇ ਹੋਰ ਨਜ਼ਰੀਏ ਤੋਂ ਦੇਖਣ ਦੀ ਸਮਰੱਥਾ ਦੇਵੇ:
‘ਜੰਤਰ ਮੰਤਰ ਵਿਖੇ ਰੋਸ ਦੇ ਪ੍ਰਗਟਾਵੇ ਦੀ ਸ਼ਾਮ ਨੇ ਮਨ ਵਿਚ ਕਈ ਕਿਸਮ ਦੇ ਖਿਆਲ ਪੈਦਾ ਕੀਤੇ। ਜਦੋਂ ਮੇਰੀ ਮਿੱਤਰ ਤੇ ਮੈਂ ਉੱਥੇ ਪਹੁੰਚੀਆਂ, ਸਾਡਾ ਪਹਿਲਾ ਪਰਭਾਵ ਨਿਰੋਲ ਅਤੇ ਡੂੰਘੀ ਉਦਾਸੀ ਦਾ ਸੀ; ਇਹ ਦੇਖ ਕੇ ਕਿ ਕਿਵੇਂ ਆਪੋ ਆਪਣੇ ਏਜੰਡਿਆਂ ਵਾਲੇ ਮਰਦਾਂ ਨੇ ਇਸ ਰੋਸ ਨੂੰ ਪੂਰੀ ਤਰ੍ਹਾਂ ‘ਹਾਈਜੈਕ’ ਕਰ ਲਿਆ ਹੋਇਆ ਸੀ… ਜਦੋਂ ਅਸੀ ਉੱਥੇ ਪੁੱਜੀਆਂ, ਤਾਂ ਤਕਰੀਬਨ ਹਰ 20 ਮਰਦਾਂ ਪਿੱਛੇ ਮਸੀਂ ਕੋਈ ਇਕ ਔਰਤ ਨਜ਼ਰੀਂ ਪੈਂਦੀ ਸੀ। ਇਨ੍ਹਾਂ ਵਿਚੋਂ ਬਹੁਤੇੇ ਲੋਕ ਰਾਜਨੀਤਕ ਦਲਾਂ ਦੇ ਨੁਮਾਇੰਦੇ ਸਨ; ਤਿਰੰਗੇ ਝੁਲਾਉਂਦੇ ਹੋਏ, ਜਾਂ ‘ਰਾਹੁਲ ਗਾਂਧੀ ਹਾਏ ਹਾਏ’ ਦੇ ਨਾਅਰੇ ਲਾਉਂਦੇ ਹੋਏ ।
ਇਨ੍ਹਾਂ ਰੌਲਾ ਪਾਉਣ ਵਾਲੀਆਂ ਟੋਲੀਆਂ ਵਿਚੋਂ ਹਰ ਕਿਸੇ ਕੋਲ ਵਾਰੀ-ਵਾਰੀ ਕੁਝ ਕੁ ਪਲ ਖੜੋਣ ਤੋਂ ਬਾਅਦ ਅਸੀ ਫੈਸਲਾ ਕੀਤਾ ਕਿ ਕਿਸੇ ਅਜਿਹੀ ਟੋਲੀ ਵਿਚ ਸ਼ਾਮਲ ਹੋਈਏ ਜੋ ਚੁਪਚਾਪ ਖੜੋ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰ ਰਹੀ ਹੋਵੇ। ਅਸੀ ਹਰ ਮੌਨ ਟੋਲੀ ਕੋਲ ਵੀ ਗਈਆਂ ਪਰ ਉਨ੍ਹਾਂ ਸਭਨਾਂ ਦੇ ਸੁਨੇਹੇ ਬਹੁਤ ਬੇਚੈਨੀ ਪੈਦਾ ਕਰਦੇ ਜਾਪੇ ਬਹੁਤੇ ਦੋਸ਼ੀਆਂ ਨੂੰ ਫ਼ਾਹੇ ਲਾਉਣ ਜਾਂ ਖੱਸੀ ਕਰਨ ਦੀ ਮੰਗ ਕਰਦੇ ਸਨ, ਕਾਫ਼ੀ ਸਾਰਾ ਛੱਟਾ ਇਹੋ ਜਿਹੇ ਰੌਂ ਵਾਲੇ ਸ਼ਬਦਾਂ ਦਾ ਵੀ ਸੀ “ਕਲ ਨੂੰ ਇਹ ਸਭ ਤੁਹਾਡੀ ਭੈਣ ਨਾਲ ਵੀ ਹੋ ਸਕਦਾ ਹੈ.. ਜਾਗੋ, ਅਤੇ ਔਰਤਾਂ ਦੀ ਰਾਖੀ ਕਰੋ’। ਇਨ੍ਹਾਂ ਵਿਚੋਂ ਕਿਸੇ ਵੀ ਟੋਲੀ ਜਾਂ ਸੁਨੇਹੇ ਨਾਲ ਜੁੜਨ ਨੂੰ ਸਾਡਾ ਮਨ ਨਹੀਂ ਸੀ ਮੰਨਦਾ। ਅਸੀ ਆਪਣੇ ਕੁਝ ਹੋਰ ਦੋਸਤਾਂ ਨੂੰ ਫੋਨ ਕੀਤਾ ਜੋ ਛੇਤੀ ਹੀ ਸਾਡੇ ਨਾਲ ਆ ਰਲਣ ਵਾਲੇ ਸਨ, ਤੇ ਕਿਹਾ ਕਿ ਆਪਣੇ ਨਾਲ ਵੱਡੇ ਕਾਗ਼ਜ਼ ਤੇ ਪੈਨ ਵੀ ਲੈਂਦੇ ਆਉਣ ਤਾਂ ਜੋ ਅਸੀ ਆਪਣੇ ਵਲਵਲਿਆਂ ਨੂੰ ਆਪਣੇ ਢੰਗ ਨਾਲ ਲਿਖ ਕੇ ਪੇਸ਼ ਕਰ ਸਕੀਏ।
ਫੇਰ ਸਾਡੇ ਨਜ਼ਰੀਂ ਇਕ ਕੁੜੀ ਪਈ ਜੋ ਕਿੰਨੇ ਚਿਰ ਤੋਂ ਇਕ ਥਾਂ ਇਕੱਲੀ ਖੜੋਤੀ ਹੋਈ ਸੀ। ਉਸਦੇ ਹਥ ਵਿਚ ਫੜੇ ਪੋਸਟਰ ਉਤੇ ਲਿਖਿਆ ਹੋਇਆ ਸੀ : ਔਰਤਾਂ ਪ੍ਰਤੀ ਹਿੰਸਾ ਦੀ ਹਰ ਘਟਨਾ ਨੂੰ ਗੰਭੀਰਤਾ ਨਾਲ ਲਉ। ਅਸੀ ਉਸ ਨਾਲ ਗੱਲੀਂ ਲਗ ਗਈਆਂ ਤੇ ਪਤਾ ਲਗਾ ਕਿ ਇਹ ਕਾਲਜ ਜਾਂਦੀ ਕੁੜੀ ਕਈ ਦਿਨਾਂ ਤੋਂ ਰੋਜ਼ ਇਕੱਲੀ ਖੜੋ ਕੇ ਇਵੇਂ ਹੀ ਆਪਣਾ ਰੋਸ ਜ਼ਾਹਰ ਕਰਦੀ ਹੈ ਕਿਉਂਕਿ ਉਹ ਏਥੇ ਰੋਹ ਦਾ ਪ੍ਰਦਰਸ਼ਨ ਕਰਨ ਆਈਆਂ ਵਿਚੋਂ ਕਿਸੇ ਵੀ ਟੋਲੀ ਨਾਲ ਜੁੜਨਾ ਨਹੀਂ ਚਾਹੁੰਦੀ। ਉਸਦੀ ਕਹਿਣੀ ਵਿਚ ਵਜ਼ਨ ਜਾਪਿਆ ਅਤੇ ਅਸੀ ਉਸ ਨਾਲ ਹੋ ਗਈਆਂ, ਮੋਮਬੱਤੀਆਂ ਬਾਲ ਕੇ ਨਾਲ ਖੜੋ ਗਈਆਂ। ਜਦੋਂ ਸਾਡੇ ਪੈਨ ਤੇ ਕਾਗ਼ਜ਼ ਆ ਗਏ ਤਾਂ ਅਸੀ ਆਪਣੇ ਸੁਨੇਹੇ ਵੀ ਤਿਆਰ ਕਰ ਲਏ। ਕੰਦਲਾ ਨੇ ਆਪਣੇ ਬੈਨਰ ਉੱਤੇ ਲਿਖਿਆ: ‘ ਮੈਂ ਤੁਹਾਡੀ ਮਾਂ, ਭੈਣ ਜਾਂ ਧੀ ਨਹੀਂ ਹਾਂ… ਪਰ ਤਾਂ ਵੀ ਤੁਹਾਨੂੰ ਮੇਰੇ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ’। ਮੈਂ ਆਪਣਾ ਸੁਨੇਹਾ ਤਿਆਰ ਕੀਤਾ: ‘ਮੈਂ ਏਥੇ ਬਦਲਾ ਲੈਣ ਦੀ ਭਾਵਨਾ ਨਾਲ ਨਹੀਂ ਆਈ, ਮੈਂ ਏਥੇ ਇਕਮੁੱਠਤਾ ਜ਼ਾਹਰ ਕਰਨ ਆਈ ਹਾਂ’। ਕੁਝ ਚਿਰ ਅਸੀ ਆਪੋ ਆਪਣੇ ਬੈਨਰ ਅਤੇ ਮੋਮਬੱਤੀਆਂ ਹੱਥ ਵਿਚ ਫੜੀ ਇਕ ਕਤਾਰ ਵਿਚ ਖੜੋਤੀਆਂ ਰਹੀਆਂ।
ਥੋੜੇ ਚਿਰ ਮਗਰੋਂ, ਅਸੀ ਅਰਧ ਚੱਕਰ ਬਣਾ ਕੇ ਬਹਿ ਜਾਣ ਦਾ ਫੈਸਲਾ ਕੀਤਾ, ਤੇ ਫੇਰ ਇਕ ਜਣੀ
ਨੇ ਗੀਤ ਛੋਹ ਲਿਆ: ‘ਤੂ ਜ਼ਿੰਦਾ ਹੈ, ਤੂ ਜ਼ਿੰਦਗੀ ਕੀ ਜੀਤ ਪਰ ਯਕੀਨ ਕਰ, ਅਗਰ ਕਹੀਂ ਹੈ ਸਵਰਗ ਤੋ ਉਤਾਰ ਲੇ ਜ਼ਮੀਨ ਪਰ’ । ਫੇਰ ਆਪਮੁਹਾਰੇ ਆਸੀ ਕਦੇ ਅੰਗਰੇਜ਼ੀ ਅਤੇ ਹਿੰਦੀ ਵਿਚ ‘ਹਮ ਹੋਂਗੇ ਕਾਮਯਾਬ’ ਦੇ ਵੱਖੋ ਵੱਖ ਟੁਕੜੇ ਗੌਣ ਲਗ ਪਈਆਂ ; ਖਾਸ ਕਰ ਕੇ ਉਹ ਪੈਰੇ ਜਿਨ੍ਹਾਂ ਵਿਚ ‘ਨਹੀਂ ਡਰ ਕਿਸੀ ਕਾ ਆਜ’ ਅਤੇ ‘ਹਮ ਚਲੇਂਗੇ ਸਾਥ ਸਾਥ, ਏਕ ਦਿਨ’ ਵਰਗੀਆਂ ਸਤਰਾਂ ਹਨ। ਤੇ ਕੁਝ ਹੋਰ ਗੀਤ। ਸਾਡੇ ਇਸ ਛੋਟੇ ਜਿਹੇ ਗੌਂਦੇ ਧਰਨੇ ਨੇ ਕੁਝ ਲੋਕਾਂ ਦਾ ਧਿਆਨ ਖਿਚਿਆ; ਕਈ ਸਾਡੇ ਕੋਲ ਬਲਦੀਆਂ ਮੋਮਬੱਤੀਆਂ ਦੇਖ ਕੇ ਹੋਰ ਮੋਮਬੱਤੀਆਂ ਬਾਲਣ ਆਏ ਜਾਂ ਸਾਡੇ ਮੂਹਰੇ ਦੀਵੇ ਧਰ ਗਏ।
ਇਕ ਵੇਲੇ, ਇਕ ਆਦਮੀ ਵੀ ਸਾਡੇ ਧਰਨੇ ਵਿਚ ਆਣ ਰਲਿਆ ਅਤੇ ‘ਮਨਮੋਹਨ ਸਿੰਘ ਮੁਰਦਾਬਾਦ’ ਦੇ ਨਾਅਰੇ ਲਾਉਣ ਲਗ ਪਿਆ। ਕੁਝ ਚਿਰ ਅੰਦਰੋ-ਅੰਦਰ ਘੁਲਣ ਤੋਂ ਬਾਅਦ ਮੇਰੀ ਹਿੰਮਤ ਪਈ ਅਤੇ ਮੈਂ ਹਲੀਮੀ ਨਾਲ ਉਸਨੂੰ ਕਿਹਾ ਕਿ ਉਸਦਾ ਏਜੰਡਾ ਸਾਡਾ ਨਹੀਂ, ਕਿ ਸਾਡਾ ਸੁਨੇਹਾ ਉਸਦੇ ਸੁਨੇਹੇ ਤੋਂ ਵਖਰਾ ਹੈ, ਬਿਹਤਰ ਹੋਵੇ ਜੇ ਉਹ ਕਿਸੇ ਅਜਿਹੇ ਟੋਲੀ ਨਾਲ ਜਾ ਰਲੇ ਜੋ ਉਸ ਵਾਂਗ ਸੋਚਦੀ ਹੈ, ਅਤੇ ਸਾਨੂੰ ਇਸ ਸਮੇਂ ਇਕਮੁਠਤਾ ਅਤੇ ਸਭ ਦੇ ਰਲ ਬਹਿਣ ਦੀ ਗੱਲ ਕਰਨ ਦੇਵੇ। ਉਹ ਆਦਮੀ ਕੁਝ ਹੈਰਾਨ ਜ਼ਰੂਰ ਹੋਇਆ ਪਰ ਸਾਡੀ ਥਾਂ ਛਡ ਕੇ ਜਾਣ ਵਿਚ ਉਜ਼ਰ ਨਾ ਕੀਤੀ।ਉਸ ਦੇ ਚਲੇ ਜਾਣ ਪਿੱਛੋਂ ਉਸ ਸ਼ਾਮ ਸਾਡੀ ਟੋਲੀ ਉਥੇ ਇਕੋ ਇਕ ਅਜਿਹੀ ਟੋਲੀ ਸੀ ਜਿਸ ਵਿਚ ਸਿਰਫ਼ ਔਰਤਾਂ ਹੀ ਸਨ, ਜਾਂ ਬੱਚੇ।
ਹੌਲੀ ਹੌਲੀ ਹੋਰ ਔਰਤਾਂ ਅਤੇ ਬੱਚੇ ਵੀ ਸਾਡੀ ਟੋਲੀ ਨਾਲ ਜੁੜਨ ਲਗ ਪਏ। ਹਰ ਵਾਰ ਜਦੋਂ ਨਿਰੋਲ ਮਰਦਾਨਾ ਟੋਲੀਆਂ ਆਪਣੀ ਰਾਜਨੀਤਕ ਦਲਾਂ ਵਾਲੀ ਨਾਅਰੇਬਾਜ਼ੀ ਕਰਦੀਆਂ ਸਾਡੇ ਕੋਲੋਂ ਲੰਘਦੀਆਂ ਅਸੀ, ਔਰਤਾਂ ਅਤੇ ਬੱਚੇ, ਆਪਣੀਆਂ ਸੁਰਾਂ ਨੂੰ ਉਚੇਰਾ ਕਰ ਲੈਂਦੇ। ਉਨ੍ਹਾਂ ਦੇ ਨਾਅਰਿਆਂ ਨੂੰ ਆਪਣੇ, ਔਰਤਾਂ ਅਤੇ ਬੱਚਿਆਂ ਦੇ, ਸਾਂਝੇ ਸੁਰ ਹੇਠ ਇਹ ਕਹਿ ਕੇ ਦੱਬਣ ਦੀ ਕਸ਼ਿਸ਼ ਕਰਦੇ ਕਿ ਸਾਨੂੰ ‘ਨਹੀਂ ਡਰ ਕਿਸੀ ਕਾ ਆਜ’ ਅਤੇ ‘ਹਮ ਚਲੇਂਗੇ ਸਾਥ ਸਾਥ, ਹਮ ਹੋਂਗੇ ਕਾਮਯਾਬ ਏਕ ਦਿਨ’ । ਇਨ੍ਹਾਂ ਸਾਂਝੀਆਂ ਹੋ ਕੇ ਉਠਦੀਆਂ ਸੁਰਾਂ ਵਿਚ ਤਾਕਤ ਵੀ ਸੀ, ਅਤੇ ਇਕ ਕਿਸਮ ਦੀ ਜ਼ਿਦ ਵੀ ਕਿ ਸਾਡੇ ਕੋਲ ਵੀ ਆਪਣੀ ਗੱਲ ਰਖਣ ਦਾ ਢੰਗ ਹੈ।
ਜੰਤਰ ਮੰਤਰ ਤੋਂ ਵਾਪਸ ਚਾਲੇ ਪਾਉਣ ਸਮੇਂ ਤਕ ਮੈਂ ਬਹੁਤ ਬਿਹਤਰ ਮਹਿਸੂਸ ਕਰ ਰਹੀ ਰਹੀ ਸਾਂ। ਮੈਨੂੰ ਮਾਣ ਹੋਇਆ ਕਿ ਭਾਂਵੇਂ ਇਕ ਨਿਕੀ ਜਿਹੀ ਕੋਸ਼ਿਸ਼ ਰਾਹੀਂ ਹੀ ਸਹੀ, ਅਸੀ ਆਪਣੇ ਰੋਹ ਨੂੰ ਆਪਣੇ ਢੰਗ ਨਾਲ ਪ੍ਰਗਟਾਅ ਸਕੀਆਂ। ਮਾਣ ਹੋਇਆ ਕਿ ਇਸ ਘੋਰ ਉਦਾਸ ਘਟਨਾ ਦੇ ਸੋਗ ਦੌਰਾਨ ਵੀ ਅਸੀ ਆਪਣੇ ਅੰਦਰਲੀ ਆਸ ਦੀ, ਆਣ ਵਾਲੇ ਕਲ੍ਹ ਨੂੰ ਬਿਹਤਰ ਬਣਾਉਣ ਦੀ, ਨਿਡਰ ਹੋ ਕੇ ਜੀਣ ਦੀ ਗੱਲ ਕਰ ਸਕੀਆਂ। ਉਸ ਪਿੜ ਵਿਚ ਆਪਣਾ ਹੱਕੀ ਥਾਂ ਮੱਲ ਸਕੀਆਂ, ਜਿਸਨੂੰ ਵੰਨ-ਸੁਵੰਨੇ ਕਿਸਮਾਂ ਦੇ ਸ਼ੋਰ ਨਾਲ ਭਰਿਆ ਜਾ ਰਿਹਾ ਸੀ । ਮੈਨੂੰ ਮਾਣ ਹੋਇਆ ਕਿ ਚੁਪ ਕਰਾਏ ਜਾਣ ਦੀ ਥਾਂ ਅਸੀ ਗਾ ਕੇ ਆਪਣੀ ਗੱਲ ਉਨ੍ਹਾਂ ਕੰਨਾਂ ਤਕ ਪੁਚਾਉਣ ਦੀ ਕੋਸ਼ਿਸ਼ ਕਰ ਸਕੀਆਂ ਜਿਹੜੇ ਵਕਤੀ ਨਾਅਰਿਆਂ ਦੇ ਸ਼ੋਰ ਤੋਂ ਪਰ੍ਹਾਂ ਹੋਰ ਕੁਝ ਵੀ ਸੁਣਨ ਦੇ ਆਦੀ ਨਹੀਂ’।
HARI SINGH MOHI
PUBLISH THIS ARTICLE IN ALL NEWS PAPERS N MAGAZINES SUKIRAT JI!