ਕਸ਼ਮੀਰ ਤਾਲੇ ਵਿਚ ਬੰਦ ਹੈ, ਖ਼ਬਰ ਨਹੀਂ –ਰਵੀਸ਼ ਕੁਮਾਰ
Posted on:- 09-08-2019
ਕਸ਼ਮੀਰ ਤਾਲੇ ਵਿਚ ਬੰਦ ਹੈ। ਕਸ਼ਮੀਰ ਦੀ ਕੋਈ ਖ਼ਬਰ ਨਹੀਂ ਹੈ। ਸਾਰੇ ਭਾਰਤ ਵਿਚ ਕਸ਼ਮੀਰ ਨੂੰ ਲੈ ਕੇ ਜਸ਼ਨ ਹੈ। ਸਾਰੇ ਭਾਰਤ ਨੂੰ ਕਸ਼ਮੀਰ ਦੀ ਖ਼ਬਰ ਨਾਲ ਮਤਲਬ ਨਹੀਂ ਹੈ। ਇਕ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ। ਇਕ ਨੇ ਦਰਵਾਜ਼ਾ ਬੰਦ ਕਰ ਲਿਆ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਪੁਨਰ ਗਠਨ ਬਿੱਲ ਪੇਸ਼ ਹੁੰਦਾ ਹੈ। ਜ਼ਾਹਰ ਹੈ ਇਹ ਮਹੱਤਵਪੂਰਨ ਹੈ ਅਤੇ ਇਤਿਹਾਸਕ ਵੀ। ਰਾਜ ਸਭਾ ਵਿਚ ਪੇਸ਼ ਹੁੰਦਾ ਹੈ ਅਤੇ ਵਿਚਾਰ ਲਈ ਸਮਾਂ ਵੀ ਨਹੀਂ ਦਿੱਤਾ ਜਾਂਦਾ। ਜਿਵੇਂ ਕਸ਼ਮੀਰ ਬੰਦ ਹੈ, ਉਵੇਂ ਹੀ ਸੰਸਦ ਵੀ ਇਕ ਤਰ੍ਹਾਂ ਨਾਲ ਬੰਦ ਸੀ। ਪਰ ਕਾਂਗਰਸ ਨੇ ਵੀ ਅਜਿਹਾ ਹੀ ਕੀਤਾ ਸੀ ਇਸ ਲਈ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਕਾਂਗਰਸ ਨੇ ਭਾਜਪਾ 'ਤੇ ਬਹੁਤ ਅਹਿਸਾਨ ਕੀਤੇ ਹਨ।
ਸੜਕ 'ਤੇ ਢੋਲ ਵੱਜ ਰਹੇ ਹਨ। ਕਿਸੇ ਨੂੰ ਪਤਾ ਨਹੀਂ, ਕੀ ਹੋਇਆ ਹੈ, ਕਿਵੇਂ ਹੋਇਆ ਹੈ ਅਤੇ ਕਿਉਂ ਹੋਇਆ ਹੈ। ਬਸ, ਇਕ ਪੰਕਤੀ ਪਤਾ ਹੈ, ਜੋ ਕਈ ਸਾਲਾਂ ਤੋਂ ਪਤਾ ਹੈ।
ਰਾਸ਼ਟਰਪਤੀ, ਰਾਜਪਾਲ ਦੀ ਸਹਿਮਤੀ ਦਾ ਵਰਨਣ ਕਰਦੇ ਹਨ। ਰਾਜਪਾਲ ਦੋ ਦਿਨ ਪਹਿਲਾਂ ਤੱਕ ਕਹਿ ਰਹੇ ਹਨ ਕਿ ਮੈਨੂੰ ਕੁਝ ਪਤਾ ਨਹੀਂ। ਕੱਲ੍ਹ ਕੀ ਹੋਵੇਗਾ, ਪਤਾ ਨਹੀਂ। ਰਾਜਪਾਲ ਕੇਂਦਰ ਦਾ ਪ੍ਰਤੀਨਿਧੀ ਹੁੰਦਾ ਹੈ। ਰਾਸ਼ਟਰਪਤੀ ਨੇ ਕੇਂਦਰ ਦੀ ਰਾਇ ਨੂੰ ਸੂਬੇ ਦੀ ਰਾਇ ਬਣਾ ਦਿੱਤਾ। ਦਸਤਖ਼ਤ ਕਰ ਦਿੱਤੇ। ਜੰਮੂ-ਕਸ਼ਮੀਰ ਅਤੇ ਲੱਦਾਖ ਹੁਣ ਸੂਬਾ ਨਹੀਂ ਹੈ। ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡ ਦਿੱਤੇ ਗਏ ਹਨ। ਰਾਜਪਾਲ ਦਾ ਅਹੁਦਾ ਸਮਾਪਤ। ਮੁੱਖ ਮੰਤਰੀ ਦਾ ਅਹੁਦਾ ਸਮਾਪਤ। ਸਿਆਸੀ ਅਧਿਕਾਰ ਅਤੇ ਪਛਾਣ ਦੀ ਕਾਂਟ-ਛਾਂਟ ਹੋ ਜਾਂਦੀ ਹੈ। ਇਤਿਹਾਸ ਬਣ ਜਾਂਦਾ ਹੈ। ਸਾਰਾ ਭਾਰਤ, ਖ਼ਾਸ ਕਰ ਉੱਤਰ ਭਾਰਤ ਵਿਚ ਧਾਰਾ 370 ਦੀ ਆਪਣੀ ਸਮਝ ਹੈ। ਕੀ ਹੈ ਅਤੇ ਕਿਉਂ ਹੈ, ਇਸ ਨਾਲ ਮਤਲਬ ਨਹੀਂ ਹੈ। ਇਹ ਹਟੀ ਹੈ, ਇਸ ਨੂੰ ਲੈ ਕੇ ਜਸ਼ਨ ਹੈ। ਇਸ ਦੇ ਦੋ ਭਾਗ ਹਟੇ ਹਨ ਅਤੇ ਇਕ ਬਚਿਆ ਹੈ। ਉਹ ਵੀ ਹਟ ਸਕਦਾ ਹੈ ਪਰ ਹੁਣ ਉਸ ਦਾ ਕੋਈ ਮਤਲਬ ਨਹੀਂ।
ਜਸ਼ਨ ਮਨਾਉਣ ਵਾਲਿਆਂ ਵਿਚ ਇਕ ਗੱਲ ਸਾਫ਼ ਹੈ। ਉਨ੍ਹਾਂ ਨੂੰ ਹੁਣ ਸੰੰਸਦੀ ਪ੍ਰਕਿਰਿਆਵਾਂ ਦੀਆਂ ਨਿਯਮਾਂਵਲੀਆਂ ਵਿਚ ਕੋਈ ਵਿਸ਼ਵਾਸ ਨਹੀਂ। ਉਹ ਨਾ ਨਿਆਂਪਾਲਿਕਾ ਦੀ ਪ੍ਰਵਾਹ ਕਰਦੇ ਹਨ ਅਤੇ ਨਾ ਵਿਧਾਨ ਸਭਾਵਾਂ ਦੀ। ਸੰਸਥਾਵਾਂ ਦੀ ਚਿੰਤਾ ਦਾ ਸਵਾਲ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਲੋਕ ਅਮਰਤਵ ਪ੍ਰਾਪਤ ਕਰ ਚੁੱਕੇ ਹਨ। ਇਹ ਹਨੇਰਾ ਨਹੀਂ ਹੈ, ਬਹੁਤ ਤੇਜ਼ ਪ੍ਰਕਾਸ਼ ਹੈ। ਸੁਣਦਾ ਜ਼ਿਆਦਾ ਹੈ ਪਰ ਦਿਸਦਾ ਘੱਟ ਹੈ। ਲੋਕਾਂ ਨੇ ਲੋਕਤੰਤਰ ਨੂੰ ਖਾਰਜ ਕਰ ਦਿੱਤਾ ਹੈ। ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਲੋਕਾਂ ਨੂੰ ਆਪਣੇ ਵਿਚ ਕੋਈ ਦੁਸ਼ਮਣ ਮਿਲ ਗਿਆ ਹੈ। ਕਦੇ ਉਹ ਮੁਸਲਮਾਨ ਹੋ ਜਾਂਦਾ ਹੈ, ਕਦੇ ਕਸ਼ਮੀਰੀ। ਨਫ਼ਰਤ ਦੇ ਕਈ ਕੋਡਾਂ ਨਾਲ ਲੋਕਾਂ ਦੀ ਪ੍ਰੋਗਰਾਮਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੂੰ ਬੱਸ ਇਸ ਨਾਲ ਸਬੰਧਿਤ ਸ਼ਬਦ ਦਿਸ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਪ੍ਰਤੀਕਰਮ ਸਾਹਮਣੇ ਆ ਜਾਂਦਾ ਹੈ।ਧਾਰਾ 370 ਨੂੰ ਲੈ ਕੇ ਸਾਰਿਆਂ ਨੇ ਸਿਆਸਤ ਕੀਤੀ ਹੈ। ਭਾਜਪਾ ਤੋਂ ਪਹਿਲਾਂ ਕਾਂਗਰਸ ਨੇ ਇਸ ਦਾ ਦੁਰਉਪਯੋਗ ਕੀਤਾ ਹੈ। ਧਾਰਾ 370 ਦੇ ਰਹਿੰਦਿਆਂ ਉਸ ਨੇ ਆਪਣੀ ਮਰਜ਼ੀ ਚਲਾਈ। ਉਸ ਨੂੰ ਪ੍ਰਭਾਵਹੀਣ ਬਣਾ ਦਿੱਤਾ। ਇਸ ਖੇਡ ਵਿਚ ਸੂਬੇ ਦੇ ਸਿਆਸੀ ਦਲ ਵੀ ਸ਼ਾਮਿਲ ਰਹੇ ਜਾਂ ਫਿਰ ਉਨ੍ਹਾਂ ਦੀਆਂ ਨਾਕਾਮੀਆਂ ਨੂੰ ਧਾਰਾ 370 ਦੀ ਨਾਕਾਮੀ ਦੱਸ ਦਿੱਤਾ ਗਿਆ। ਕਸ਼ਮੀਰ ਦੀ ਸਮੱਸਿਆ ਨੂੰ ਕਾਫੀ ਲਪੇਟਿਆ ਗਿਆ ਅਤੇ ਲਟਕਾਇਆ ਗਿਆ। ਇਸ ਦੌਰਾਨ ਬਹੁਤ ਸਾਰੇ ਘਪਲੇ ਭਾਜਪਾ ਦੇ ਆਉਣ ਤੋਂ ਪਹਿਲਾਂ ਹੋਏ। ਭਾਜਪਾ ਨੇ ਵੀ ਸਿਆਸਤ ਖੇਡਦਿਆਂ ਖੁੱਲ੍ਹ ਕੇ ਕਿਹਾ ਕਿ ਧਾਰਾ 370 ਹਟਾ ਦੇਵਾਂਗੇ ਅਤੇ ਹਟਾ ਦਿੱਤੀ। 35-ਏ ਤਾਂ ਹਟਾ ਹੀ ਦਿੱਤੀ ਪਰ ਕਦੋਂ ਕਿਹਾ ਸੀ ਕਿ ਧਾਰਾ 370 ਹਟਾਵਾਂਗੇ ਤਾਂ ਸੂਬਾ ਹੀ ਸਮਾਪਤ ਕਰ ਦਿਆਂਗੇ? ਇਹ ਸਵਾਲ ਤਾਂ ਹੈ ਪਰ ਜਿਸ ਲਈ ਹੈ, ਉਸ ਨੂੰ ਇਸ ਨਾਲ ਮਤਲਬ ਨਹੀਂ ਹੈ। ਨੋਟਬੰਦੀ ਸਮੇਂ ਕਿਹਾ ਗਿਆ ਸੀ ਕਿ ਅੱਤਵਾਦ ਦਾ ਲੱਕ ਟੁੱਟ ਜਾਵੇਗਾ ਪਰ ਨਹੀਂ ਟੁੱਟਿਆ। ਉਮੀਦ ਹੈ ਇਸ ਵਾਰ ਕਸ਼ਮੀਰ ਦੇ ਹਾਲਾਤ ਆਮ ਵਰਗੇ ਹੋਣਗੇ। ਹੁਣ ਉਥੋਂ ਦੇ ਲੋਕਾਂ ਨਾਲ ਗੱਲਬਾਤ ਦਾ ਤਾਂ ਸਵਾਲ ਹੀ ਨਹੀਂ। ਸਾਰਿਆਂ ਲਈ ਇਕੋ ਨਾਪ ਦਾ ਸਵੈਟਰ ਬੁਣਿਆ ਗਿਆ ਹੈ, ਪਾਉਣਾ ਹੀ ਪਵੇਗਾ। ਸੂਬੇ ਬਾਰੇ ਫ਼ੈਸਲਾ ਹੋ ਗਿਆ, ਸੂਬੇ ਨੂੰ ਪਤਾ ਹੀ ਨਹੀਂ। ਕਸ਼ਮੀਰੀ ਪੰਡਿਤਾਂ ਦੀ ਹੱਤਿਆ ਅਤੇ ਹਿਜ਼ਰਤ ਦਾ ਦੁੱਖ ਅੱਜ ਵੀ ਹੈ। ਉਨ੍ਹਾਂ ਦੀ ਵਾਪਸੀ ਦੀ ਇਸ ਵਿਚ ਕੀ ਯੋਜਨਾ ਹੈ, ਕਿਸੇ ਨੂੰ ਪਤਾ ਹੀ ਨਹੀਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਯੋਜਨਾ ਨਹੀਂ ਹੈ, ਕਿਉਂਕਿ ਕਿਸੇ ਨੂੰ ਕੁਝ ਪਤਾ ਨਹੀਂ। ਇਹ ਉਹ ਸਵਾਲ ਹੈ, ਜੋ ਸਾਰਿਆਂ ਨੂੰ ਲਾਜਵਾਬ ਕਰਦਾ ਹੈ। ਕਸ਼ਮੀਰੀ ਪੰਡਿਤ ਖ਼ੁਸ਼ ਹਨ।ਘਾਟੀ ਵਿਚ ਅੱਜ ਵੀ ਹਜ਼ਾਰਾਂ ਕਸ਼ਮੀਰੀ ਪੰਡਿਤ ਰਹਿੰਦੇ ਹਨ। ਵੱਡੀ ਗਿਣਤੀ ਵਿਚ ਸਿੱਖ ਵੀ ਰਹਿੰਦੇ ਹਨ। ਇਹ ਕਿਵੇਂ ਰਹਿੰਦੇ ਹਨ ਅਤੇ ਇਨ੍ਹਾਂ ਦਾ ਕੀ ਤਜਰਬਾ ਹੈ? ਕਸ਼ਮੀਰ ਦੇ ਸਬੰਧ ਵਿਚ ਇਨ੍ਹਾਂ ਦੀ ਕੋਈ ਕਥਾ ਨਹੀਂ ਹੈ। ਅਸੀਂ ਲੋਕ ਨਹੀਂ ਜਾਣਦੇ। ਅਮਿਤ ਸ਼ਾਹ ਨੇ ਧਾਰਾ 370 ਨੂੰ ਕਸ਼ਮੀਰ ਦੀ ਹਰ ਸਮੱਸਿਆ ਦਾ ਕਾਰਨ ਦੱਸ ਦਿੱਤਾ। ਗ਼ਰੀਬੀ ਤੋਂ ਲੈ ਕੇ ਭ੍ਰਿਸ਼ਟਾਚਾਰ ਤੱਕ ਦਾ ਕਾਰਨ, ਅੱਤਵਾਦ ਦਾ ਕਾਰਨ ਤਾਂ ਦੱਸਿਆ ਹੀ। ਰੁਜ਼ਗਾਰ ਮਿਲੇਗਾ, ਉਦਯੋਗ ਆਏਗਾ। ਅਜਿਹਾ ਲੱਗ ਰਿਹਾ ਹੈ ਕਿ 1990 ਦਾ ਆਰਥਿਕ ਉਦਾਰੀਕਰਨ ਲਾਗੂ ਹੋ ਰਿਹਾ ਹੈ। ਇਸ ਲਿਹਾਜ਼ ਨਾਲ ਉੱਤਰ ਪ੍ਰਦੇਸ਼ ਵਿਚ ਬਹੁਤ ਬੇਰੁਜ਼ਗਾਰੀ ਹੈ। ਹੁਣ ਉਸ ਨੂੰ ਰੁਜ਼ਗਾਰ ਅਤੇ ਫੈਕਟਰੀ ਦੇ ਨਾਂਅ 'ਤੇ ਕੋਈ 5 ਕੇਂਦਰ ਸ਼ਾਸਤ ਸੂਬਿਆਂ ਵਿਚ ਨਾ ਵੰਡ ਦੇਵੇ। ਇਕ ਅਸਥਾਈ ਪ੍ਰਬੰਧ ਹਟਾ ਕੇ ਦੂਜਾ ਅਸਥਾਈ ਪ੍ਰਬੰਧ ਲਿਆਂਦਾ ਗਿਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਹਾਲਾਤ ਆਮ ਵਰਗੇ ਹੋਣਗੇ ਤਾਂ ਫਿਰ ਤੋਂ ਸੂਬਾ ਬਣਾ ਦੇਵਾਂਗੇ। ਭਾਵ ਹਮੇਸ਼ਾ ਲਈ ਦੋਵੇਂ ਕੇਂਦਰ ਸ਼ਾਸਿਤ ਸੂਬੇ ਨਹੀਂ ਬਣਨਗੇ। ਇਹ ਸਾਫ਼ ਨਹੀਂ ਹੈ ਕਿ ਜਦੋਂ ਹਾਲਾਤ ਆਮ ਹੋਣਗੇ ਤਾਂ ਤਿੰਨਾਂ ਨੂੰ ਵਾਪਸ ਪਹਿਲਾਂ ਦੀ ਸਥਿਤੀ ਵਿਚ ਲਿਆਂਦਾ ਜਾਵੇਗਾ ਜਾਂ ਫਿਰ ਜੰਮੂ-ਕਸ਼ਮੀਰ ਹੀ ਸੂਬਾ ਬਣੇਗਾ। ਹੁਣ ਅਜਿਹੇ ਹਾਲਾਤ ਕੀ ਸਨ ਕਿ ਸੂਬੇ ਦਾ ਦਰਜਾ ਹੀ ਖ਼ਤਮ ਕਰ ਦਿੱਤਾ? ਉਮੀਦ ਹੈ ਕਸ਼ਮੀਰ ਵਿਚ ਕਰਫਿਊ ਦੀ ਮਿਆਦ ਲੰਮੀ ਨਹੀਂ ਹੋਵੇਗੀ। ਹਾਲਾਤ ਆਮ ਵਰਗੇ ਹੋਣਗੇ। ਕਸ਼ਮੀਰ ਦੇ ਲੋਕਾਂ ਦਾ ਆਪਸੀ ਸੰਪਰਕ ਟੁੱਟ ਚੁੱਕਾ ਹੈ। ਜੋ ਕਸ਼ਮੀਰ ਤੋਂ ਬਾਹਰ ਹਨ, ਉਹ ਆਪਣੇ ਘਰਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਨ। ਇਸ ਸਥਿਤੀ ਵਿਚ ਜਸ਼ਨ ਮਨਾਉਣ ਵਾਲਿਆਂ ਦਾ ਦਿਲ ਦੱਸ ਰਿਹਾ ਹੈ ਕਿ ਅਸੀਂ ਕੀ ਬੁਣ ਚੁੱਕੇ ਹਾਂ।ਇਕ ਭੀੜ ਹੈ ਜੋ ਮੰਗ ਰਹੀ ਹੈ ਕਿ ਕੀ ਤੁਸੀਂ ਸਵਾਗਤ ਕਰ ਰਹੇ ਹੋ ਜਾਂ ਨਹੀਂ। ਖ਼ੁਦ ਭਾਜਪਾ ਧਾਰਾ 370 ਦਾ ਵਿਰੋਧ ਕਰਨ ਵਾਲੇ ਜਨਤਾ ਦਲ (ਯੂ) ਦੇ ਨਾਲ ਗੰਢ-ਤੁੱਪ ਕਰ ਰਹੀ ਹੈ। ਵਿਰੋਧ ਦੇ ਬਾਅਦ ਵੀ ਉਨ੍ਹਾਂ ਦੇ ਨਾਲ ਸਰਕਾਰ ਵਿਚ ਹੈ। ਤੁਸੀਂ ਪ੍ਰਕਿਰਿਆ 'ਤੇ ਸਵਾਲ ਉਠਾ ਦਿਓਗੇ ਤਾਂ ਗਾਲ੍ਹ ਦੇਣ ਵਾਲਿਆਂ ਦਾ ਦਸਤਾ ਟੁੱਟ ਪਏਗਾ। ਉਥੇ ਬਿਹਾਰ ਵਿਚ ਭਾਜਪਾ ਮੰਤਰੀਆਂ ਦੇ ਅਹੁਦਿਆਂ ਦਾ ਸੁੱਖ ਭੋਗਦੀ ਰਹੇਗੀ। ਕਸ਼ਮੀਰ ਵਿਚ ਜ਼ਮੀਨ ਖ਼ਰੀਦਣ ਦੀ ਖੁਸ਼ੀ ਹੈ। ਦੂਜੇ ਸੂਬਿਆਂ ਤੋਂ ਵੀ ਅਜਿਹੇ ਪ੍ਰਬੰਧ ਹਟਾਉਣ ਦੀ ਖੁਸ਼ੀ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਆਦਿਵਾਸੀ ਇਲਾਕਿਆਂ ਵਿਚ ਜਿਥੇ ਪੰਜਵੀਂ ਅਨੁਸੂਚੀ ਦੇ ਤਹਿਤ ਜ਼ਮੀਨ ਖ਼ਰੀਦਣ ਦੀ ਬੰਦਿਸ਼ ਹੈ, ਉਥੇ ਵੀ ਨਾਅਰਾ ਲੱਗ ਸਕਦਾ ਹੈ ਕਿ ਜਦੋਂ ਤੱਕ ਇਹ ਨਹੀਂ ਹਟੇਗਾ, ਭਾਰਤ ਇਕ ਨਹੀਂ ਹੋਵੇਗਾ ਤੇ ਕੀ ਇਕ ਭਾਰਤ ਦੀ ਮੰਗ ਕਰਨ ਵਾਲੇ ਆਪਣੇ ਇਸ ਨਾਅਰੇ ਨੂੰ ਲੈ ਕੇ ਪੂਰਬ-ਉੱਤਰ ਦੇ ਸੂਬਿਆਂ ਵਿਚ ਜਾਣਗੇ ਜਾਂ ਫਿਰ ਕਸ਼ਮੀਰ ਤੱਕ ਹੀ ਸੀਮਤ ਰਹਿਣਗੇ? ਜੰਮੂ-ਕਸ਼ਮੀਰ ਵਿਚ ਅਪਣਾਇਆ ਤਰੀਕਾ ਤਾਂ ਚੰਗਾ ਨਹੀਂ ਸੀ। ਦੁਆ ਕਰੋ ਕਿ ਨਤੀਜਾ ਚੰਗਾ ਹੋਵੇ। ਪਰ ਨੀਅਤ ਠੀਕ ਨਾ ਹੋਵੇ ਤਾਂ ਨਤੀਜਾ ਕਿਵੇਂ ਚੰਗਾ ਹੋ ਸਕਦਾ ਹੈ? ਕਸ਼ਮੀਰ ਨੂੰ ਇਸ ਦੀ ਕਾਫੀ ਕੀਮਤ ਚੁਕਾਉਣੀ ਪੈ ਰਹੀ ਸੀ। ਸ਼ਾਇਦ ਕਸ਼ਮੀਰ ਨੂੰ ਸਾਰੇ ਭਾਰਤ ਦੀ ਅੱਧੀ-ਅਧੂਰੀ ਜਾਣਕਾਰੀ ਦੀ ਮਾਰ ਨਾ ਝੱਲਣੀ ਪਵੇ। ਕੀ ਅਜਿਹਾ ਹੋਵੇਗਾ? ਕਿਸੇ ਨੂੰ ਕੁਝ ਪਤਾ ਨਹੀਂ ਹੈ। ਕਸ਼ਮੀਰੀ ਲੋਕਾਂ ਦੀ ਚਿੰਤਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਗਲੇ ਲਗਾਉਣ ਦਾ ਸਮਾਂ ਹੈ। ਤੁਸੀਂ ਜਨਤਾ ਹੋ। ਤੁਹਾਡੇ ਵਿਚੋਂ ਕੋਈ ਸੰਦੇਸ਼ ਭੇਜ ਰਿਹਾ ਹੈ ਕਿ ਉਨ੍ਹਾਂ ਦੀਆਂ ਬਹੂ-ਬੇਟੀਆਂ ਨਾਲ ਕੀ ਕੀਤਾ ਜਾਵੇਗਾ? ਜੇਕਰ ਤੁਸੀਂ ਸਚਮੁੱਚ ਆਪਣੇ ਜਸ਼ਨ ਪ੍ਰਤੀ ਇਮਾਨਦਾਰ ਹੋ ਤਾਂ ਦੱਸੋ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਲੈ ਕੇ ਤੁਹਾਡਾ ਜਸ਼ਨ ਸ਼ਾਨਦਾਰ ਕਿਵੇਂ ਹੋ ਸਕਦਾ ਹੈ? ਜਸ਼ਨ ਮਨਾਉਂਦੇ ਹੋਏ ਲੋਕਾਂ ਦਾ ਦਿਲ ਬਹੁਤ ਵੱਡਾ ਹੈ। ਉਨ੍ਹਾਂ ਕੋਲ ਬਹੁਤ ਸਾਰੇ ਝੂਠ ਅਤੇ ਬਹੁਤ ਸਾਰੀਆਂ ਨਾਇਨਸਾਫ਼ੀਆਂ ਤੋਂ ਮੂੰਹ ਫੇਰ ਲੈਣ ਦਾ ਸਾਹਸ ਹੈ। ਤਰਕ ਅਤੇ ਤੱਥ ਮਹੱਤਵਪੂਰਨ ਨਹੀਂ ਹਨ। ਹਾਂ ਅਤੇ ਨਾਂਹ ਜ਼ਰੂਰੀ ਹੈ। ਲੋਕ ਜੋ ਸੁਣਨਾ ਚਾਹੁੰਦੇ ਹਨ, ਉਹ ਕਹੋ। ਕਈ ਲੋਕਾਂ ਨੇ ਇਹ ਨੇਕ ਸਲਾਹ ਦਿੱਤੀ ਹੈ। ਕਸ਼ਮੀਰ ਭੀੜ ਦੀ ਪ੍ਰੋਗਰਾਮਿੰਗ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਲਈ ਚੁੱਪ ਰਹਿਣ ਦੀ ਸਲਾਹ ਦਿੱਤੀ ਗਈ।ਇਤਿਹਾਸ ਬਣ ਰਿਹਾ ਹੈ। ਇਕ ਕਾਰਖਾਨਾ ਖੁੱਲ੍ਹਾ ਹੈ। ਉਸ ਵਿਚੋਂ ਕਦੋਂ ਕਿਹੜਾ ਇਤਿਹਾਸ ਬਣ ਕੇ ਬਾਹਰ ਆ ਜਾਵੇ, ਕਿਸੇ ਨੂੰ ਪਤਾ ਨਹੀਂ ਲਗਦਾ। ਜਿਥੇ ਇਤਿਹਾਸ ਬਣਿਆ ਹੈ, ਉਥੇ ਖਾਮੋਸ਼ੀ ਹੈ। ਜਿਥੇ ਜਸ਼ਨ ਹੈ ਉਥੇ ਪਹਿਲਾਂ ਦੇ ਕਿਸੇ ਇਤਿਹਾਸ ਨਾਲ ਕੋਈ ਮਤਲਬ ਨਹੀਂ ਹੈ। ਜਦੋਂ ਮਤਲਬ ਹੁੰਦਾ ਹੈ ਤਾਂ ਇਤਿਹਾਸ ਨੂੰ ਆਪਣੇ ਹੀ ਹਿਸਾਬ ਨਾਲ ਬਣਾ ਲੈਂਦੇ ਹਨ। ਸਦਨ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਨਹਿਰੂ ਕਸ਼ਮੀਰ ਮਸਲੇ ਨਾਲ ਨਿਪਟ ਰਹੇ ਸਨ, ਸਰਦਾਰ ਪਟੇਲ ਨਹੀਂ। ਇਹ ਇਤਿਹਾਸ ਨਹੀਂ ਹੈ ਪਰ ਹੁਣ ਇਤਿਹਾਸ ਹੋ ਜਾਵੇਗਾ ਕਿਉਂਕਿ ਅਮਿਤ ਸ਼ਾਹ ਨੇ ਕਿਹਾ ਹੈ। ਉਨ੍ਹਾਂ ਤੋਂ ਵੱਡਾ ਕੋਈ ਇਤਿਹਾਸਕਾਰ ਨਹੀਂ ਹੈ।(‘ਅਜੀਤ’ ਵਿੱਚੋਂ ਧੰਨਵਾਦ ਸਹਿਤ)