Thu, 21 November 2024
Your Visitor Number :-   7255323
SuhisaverSuhisaver Suhisaver

'ਲੈਲਾ' : ਭਵਿੱਖ ਦੇ ਭਾਰਤ ਦਾ ਫਾਸੀਵਾਦੀ ਨਕਸ਼ਾ - ਮਨਦੀਪ

Posted on:- 22-06-2019

suhisaver

ਇਹਨੀਂ ਦਿਨੀਂ ਨੈੱਟਫਲਿਕਸ ਸੀਰੀਜ਼ 'ਲੈਲਾ' ਦੇ ਪਹਿਲੇ ਸ਼ੈਸ਼ਨ ਦੇ ਛੇ ਐਪੀਸੋਡ ਚਰਚਾ 'ਚ ਹਨ। ਇਹ ਸੀਰੀਜ਼ ਪ੍ਰਸਿੱਧ ਪੱਤਰਕਾਰ ਤੇ ਨਾਵਲਕਾਰ ਪ੍ਰਯਾਗ ਅਕਬਰ ਦੇ ਨਾਵਲ 'ਲੈਲਾ' ਤੇ ਅਧਾਰਿਤ ਹੈ। ਇੰਡੋ-ਕਨੇਡੀਅਨ ਫਿਲਮਕਾਰ ਦੀਪਾ ਮਹਿਤਾ ਦੀ ਨਿਰਦੇਸ਼ਨਾਂ ਵਾਲੀ ਇਸ ਸੀਰੀਜ਼ ਵਿੱਚ ਭਾਰਤ ਅੰਦਰ ਵੱਧ ਰਹੇ ਹਿੰਦੂਤਵੀ ਫਾਸੀਵਾਦ ਦੇ ਰੁਝਾਨ ਦਾ ਭਵਿੱਖਮੁਖੀ ਕਾਲਪਨਿਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਅੱਜ ਤੋਂ ਲੱਗਭੱਗ ਦੋ-ਤਿੰਨ (2047-49) ਦਹਾਕੇ ਬਾਅਦ ਦੇ ਹਿੰਦੂ ਫਾਸੀਵਾਦੀ ਤਾਨਾਸ਼ਾਹੀ ਵਾਲੇ ਭਾਰਤ ਦੀ ਤਸਵੀਰ ਦੀ ਕਲਪਨਾ ਕੀਤੀ ਗਈ ਹੈ। ਸੀਰੀਜ਼ ਦੀ ਕਹਾਣੀ 2047 ਤੋਂ ਸ਼ੁਰੂ ਹੁੰਦੀ ਹੈ, ਅਜ਼ਾਦੀ ਦੇ ਪੂਰੇ ਸੌ ਸਾਲ ਬਾਅਦ। ਜਿਹਨਾਂ ਨੇ ਹਿਟਲਰ ਦੀ ਨਾਜ਼ੀ ਪਾਰਟੀ ਅਤੇ ਉਸਦੀ ਫਾਸੀਵਾਦੀ ਵਿਚਾਰਧਾਰਾ ਅਤੇ ਤਾਨਾਸ਼ਾਹ ਤੰਤਰ ਦਾ ਇਤਿਹਾਸ ਪੜ੍ਹਿਆ ਹੈ ਜਾਂ ਬਰਬਰਤਾ ਦੇ ਇਸ ਇਤਿਹਾਸ ਨਾਲ ਸਬੰਧਿਤ ਅੰਤਰਰਾਸ਼ਟਰੀ ਫਿਲਮਾਂ ਦੇਖੀਆਂ ਹਨ ਉਹ ਇਸ ਸੀਰੀਜ਼ ਦੀ ਕਲਪਨਾ ਦੇ ਯਥਾਰਥ ਨੂੰ ਬਿਹਤਰ ਮਹਿਸੂਸ ਕਰ ਸਕਦੇ ਹਨ।

ਇਸ ਫਿਲਮ ਵਿਚਲੇ ਡਾਈਲੌਗ ਅਤੇ ਬਿੰਬ ਇਸ ਸੀਰੀਜ਼ ਦੇ ਵਿਸ਼ੇ ਨੂੰ ਕਲਾ ਦੇ ਉੱਤਮ ਪੱਧਰ ਤੱਕ ਪਹੁੰਚਾ ਦਿੰਦੇ ਹਨ। ਇਹਨਾਂ ਵਿਚਲਾ ਸਿਆਸੀ ਵਿਅੰਗ ਅਤੇ ਬਿੰਬਾਂ ਦਾ ਚਿਤਰਨ ਮੌਜੂਦਾ ਭਾਜਪਾ ਹਕੂਮਤ ਅਤੇ ਇਸਦੀ ਸੰਘੀ ਵਿਚਾਰਧਾਰਾ ਦੇ ਲੁਕਵੇਂ ਏਜੰਡੇ ਵੱਲ ਸਿੱਦਮ-ਸਿੱਧਾ ਇਸ਼ਾਰਾ ਕਰਦੇ ਹਨ।

ਇਸ ਸੀਰੀਜ਼ ਦੀ ਮੁੱਖ ਅਦਾਕਾਰਾ ਇਕ ਹਿੰਦੂ ਲੜਕੀ ਮੁਸਲਿਮ ਪਰਿਵਾਰ ਵਿਚ ਵਿਆਹੀ ਹੋਈ ਹੈ ਅਤੇ ਉਸਦੀ ਕੁਖੋਂ ਇਕ ਬੱਚੀ ਪੈਦਾ ਹੁੰਦੀ ਹੈ ਜਿਸਦਾ ਨਾਮ ਹੈ ਲੈਲਾ। ਲੈਲਾ ਨਾਮ ਪਿਆਰ ਅਤੇ ਬਗਾਵਤ ਦੇ ਚਿੰਨ੍ਹ ਨੂੰ ਦਰਸਾਉਣ ਲਈ ਰੱਖਿਆ ਗਿਆ ਹੈ। ਲੈਲਾ ਮਿਸ਼ਰਤ ਖੂਨ ਵਾਲੀ ਬੱਚੀ ਹੈ ਅਤੇ ਉਸਨੂੰ ਨਹੀਂ ਪਤਾ ਕਿ ਉਸਦੇ ਮਾਤਾ-ਪਿਤਾ ਹਿੰਦੂ ਹਨ ਜਾਂ ਮੁਸਲਿਮ। ਉਸਨੂੰ ਇਹ ਵੀ ਨਹੀਂ ਪਤਾ ਕਿ ਹਿੰਦੂ ਅਤੇ ਮੁਸਲਮਾਨ ਕੀ ਸ਼ੈਅ ਹੈ। ਹਿੰਦੂ ਗੁੰਡੇ ਮਿਸ਼ਰਤ ਖੂਨ ਵਾਲੇ ਬੱਚਿਆਂ ਨੂੰ ਘਰਾਂ ਤੋਂ ਲੈ ਜਾਂਦੇ ਹਨ ਅਤੇ ਉਹਨਾਂ ਨੂੰ ਸਕੂਲਨੁਮਾ ਇਕ ਵੱਖਰੇ ਟਰੇਨਿੰਗ ਕੈਂਪ ਵਿਚ ਰੱਖਿਆ ਜਾਂਦਾ ਹੈ। ਹਿੰਦੂ ਗੁੰਡੇ ਲੈਲਾ ਨੂੰ ਵੀ ਜਬਰਦਸਤੀ ਉਸਦੇ ਘਰੋਂ ਚੁੱਕ ਕੇ ਲੈ ਜਾਂਦੇ ਹਨ ਅਤੇ ਉਸਦੀ ਮਾਂ ਸ਼ਾਲਿਨੀ ਨੂੰ ਜਬਰਦਸਤੀ ਇੱਕ ਹਿੰਦੂ ਕੇਂਦਰ ਵਿਚ ਰੱਖਿਆ ਜਾਂਦਾ ਹੈ ਜਿੱਥੇ ਹਿੰਦੂ ਔਰਤਾਂ ਨੂੰ ਸ਼ੁੱਧਤਤਾ ਅਤੇ ਪਵਿੱਤਰਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਸ਼ੁੱਧਤਤਾ ਲਈ ਉਹਨਾਂ ਦੀ ਪ੍ਰੀਖਿਆ ਲਈ ਜਾਂਦੀ ਹੈ।

ਸ਼ੁੱਧਤਤਾ ਦੀ ਪ੍ਰੀਖਿਆ ਦੇਣ ਵਾਲੀ ਔਰਤ ਨੂੰ ਆਪਣੀਆਂ ਦੋ ਸਾਥੀ ਔਰਤਾਂ ਨੂੰ ਗੈਸ ਚੈਂਬਰ ਵਿਚ ਸਾੜਕੇ ਉਹਨਾਂ ਦੀ ਬਲੀ ਦੇਣੀ ਪੈਂਦੀ ਹੈ।  ਜਿਹੜੀਆਂ ਔਰਤਾਂ ਇਸ ਪ੍ਰੀਖਿਆ ਵਿਚੋਂ ਫੇਲ੍ਹ ਹੋ ਜਾਂਦੀਆਂ ਹਨ ਉਹਨਾਂ ਨੂੰ 'ਕਿਰਤ ਕੇਂਦਰ' ਵਿੱਚ ਭੇਜ ਦਿੱਤਾ ਜਾਂਦਾ ਹੈ। ਮਿਸ਼ਰਤ ਖੂਨ ਵਾਲੇ ਬੱਚਿਆਂ ਲਈ ਇਕ ਵੱਖਰਾ ਟਰੇਨਿੰਗ ਸਕੂਲ ਹੈ ਜਿੱਥੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹਨਾਂ ਦਾ ਸਭ ਕੁਝ 'ਆਰਿਆਵਰਤ' ਹੀ ਹੈ ਤੇ ਉਹਨਾਂ ਦਾ ਜੀਵਨ ਅਤੇ ਮੌਤ ਇਸੇ ਆਦਰਸ਼ ਲਈ ਹੀ ਕੁਰਬਾਨ ਹੋਣਾ ਚਹੀਦਾ ਹੈ। ਆਰਿਆਵਰਤ ਸੰਨ 2047 ਦਾ ਇੱਕ ਰਾਸ਼ਟਰ ਹੈ ਜਿਸਦਾ ਨਾਅਰਾ ਹੈ 'ਹੇਲ ਆਰਿਆਵਰਤ'। ਇਹ ਨਾਅਰਾ 'ਹੇਲ ਹਿਟਲਰ' ਦੇ ਨਾਅਰੇ ਦੀ ਯਾਦ ਦਿਵਾਉਂਦਾ ਹੈ। ਇਸਦੇ ਬਹੁਤ ਸਾਰੇ ਦ੍ਰਿਸ਼ ਹਿਟਲਰ ਦੇ ਤਸੀਹਾ ਕੇਂਦਰਾਂ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਕਹਿਰ ਦੀ ਯਾਦ ਦਿਵਾਉਂਦੇ ਹਨ। ਹਿਟਲਰ ਵੀ ਇਸੇ ਤਰ੍ਹਾਂ ਨਸਲ ਸ਼ੁੱਧੀ ਤਹਿਤ ਇਕ ਖਾਸ ਨਸਲ ਦੇ ਲੋਕਾਂ ਨੂੰ ਨਿਸ਼ਾਨਾਂ ਬਣਾਉਂਦਾ ਸੀ। ਉਹਨਾਂ ਨੂੰ ਤਸੀਹਾਂ ਕੈਂਪਾਂ ਵਿਚ ਰੱਖਦਾ ਅਤੇ ਉਹਨਾਂ ਕੋਲੋਂ ਮੁਫਤ ਕਿਰਤ ਕਰਵਾਉਂਦਾ।

ਇਸ ਸੀਰੀਜ਼ ਵਿੱਚ ਦਿਖਾਇਆ ਗਿਆ ਹੈ ਕਿ ਡਾ. ਜੋਸ਼ੀ ਆਰਿਆਵਰਤ ਨੇਸ਼ਨ ਦਾ ਚੀਫ ਹੈ ਅਤੇ ਸਮੁੱਚਾ ਪ੍ਰਸ਼ਾਸ਼ਨਿਕ ਤਾਣਾ-ਬਾਣਾ ਉਸਦੇ ਮਾਤਹਿਤ ਹੈ। ਬਿਲਕੁਲ ਹਿਟਲਰਸ਼ਾਹੀ ਵਾਂਗ। ਫਿਲਮਕਾਰ ਨੇ ਬਿੰਬਾਂ-ਪ੍ਰਤੀਕਾਂ ਰਾਹੀਂ ਇਹ ਦਿਖਾਉਣ ਦੇ ਯਤਨ ਕੀਤੇ ਹਨ ਕਿ 2047 ਵਿੱਚ ਤਕਨੀਕ ਵਿਕਾਸ ਦੇ ਕਾਫੀ ਉੱਚੇ ਪੱਧਰ ਤੇ ਪਹੁੰਚ ਗਈ ਹੈ ਅਤੇ ਇਸਦੀ ਵਰਤੋਂ ਆਰਿਆਵਰਤ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਲਈ ਰਾਖਵੀਂ ਹੈ। ਜਦਕਿ ਦੂਜੇ ਪਾਸੇ ਭਵਿੱਖ ਦੇ "ਭਾਰਤ" (ਆਰਿਆਵਰਤ) ਵਿਚ ਲੋਕ ਹਾਲੇ ਵੀ ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ ਜਿੱਥੇ ਹਵਾ ਅਤੇ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕੇ ਹਨ। ਪੂਰਾ ਸ਼ਹਿਰ ਇੱਕ ਕੰਧ ਕੱਢਕੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਕੰਧ ਦੇ ਇਕ ਪਾਰ ਪੱਛੜੀਆਂ ਜਾਤੀਆਂ ਅਤੇ ਘੱਟਗਿਣਤੀ ਲੋਕ ਗੰਦੀਆਂ ਬਸਤੀਆਂ ਵਿੱਚ ਰਹਿੰਦੇ ਹਨ ਅਤੇ ਦੂਜੇ ਪਾਰ ਅਮੀਰ ਹਿੰਦੂ ਵਰਗ ਆਲੀਸ਼ਾਨ ਇਮਾਰਤਾਂ ਵਿੱਚ ਰਹਿੰਦਾ ਹੈ। ਹਿੰਦੂਤਵੀ ਸ਼ਾਸ਼ਕ ਸ਼ਹਿਰ ਦੇ ਸਾਫ ਹਿੱਸੇ ਨੂੰ ਇਕ ਸੁਰੱਖਿਆ ਛੱਤਰੀ ਨਾਲ ਢੱਕਣ ਦੀ ਤਕਨੀਕ ਵਿਕਸਿਤ ਕਰ ਰਹੇ ਹਨ ਤਾਂ ਜੋ ਗੰਦੀਆਂ ਬਸਤੀਆਂ, ਪ੍ਰਦੂਸ਼ਣ ਅਤੇ ਗਰਮੀ ਤੋਂ ਬਚਿਆ ਜਾ ਸਕੇ। ਪਰ ਇਸ ਯੰਤਰ ਨੂੰ ਤਿਆਰ ਕਰਨ ਵਾਲਾ ਇੰਜੀਨੀਅਰ ਸਮਝਦਾ ਹੈ ਕਿ ਇਸ ਯੰਤਰ ਨੂੰ ਚਲਾਉਣ ਵਾਲੇ ਇੰਜਣਾਂ ਦੀ ਗਰਮੀ ਨਾਲ ਬਸਤੀ ਦੇ ਲੋਕ ਜਲਕੇ ਮਰ ਸਕਦੇ ਹਨ ਜਿਸਤੇ ਆਹਲਾ ਉੱਚ ਅਧਿਕਾਰੀ ਉਸਨੂੰ ਸਖਤ ਸਜ਼ਾ ਦਿੰਦੇ ਹਨ।

ਮੁੱਖ ਪਾਤਰ ਸ਼ਾਲਿਨੀ ਜਿਸਦਾ ਮੁਸਲਮਾਨ ਪਤੀ ਮਾਰ ਦਿੱਤਾ ਗਿਆ ਹੈ, ਆਪਣੀ ਬੇਟੀ ਲੈਲਾ ਦੀ ਭਾਲ ਵਿਚ ਹੈ ਅਤੇ ਉਹ ਇਸੇ ਵਿਰੋਧ ਕਰਕੇ ਅਤੇ ਆਪਣੀ ਬੱਚੀ ਨੂੰ ਹਾਸਲ ਕਰਨ ਲਈ ਬਾਗੀ ਗਰੁੱਪ ਦੀਆਂ ਆਰਿਆਵਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਜਾਂਦੀ ਹੈ। ਪਹਿਲਾ ਸੀਜਨ ਇੱਥੇ ਹੀ ਖਤਮ ਹੋ ਜਾਂਦਾ ਹੈ ਪਰੰਤੂ ਫਿਲਮਕਾਰ ਅਗਲੇ ਸੀਜਨ ਵਿਚ ਸੀਰੀਜ਼ ਦੇ ਵਿਸ਼ੇ ਨੂੰ ਕਿਸ ਪਾਸੇ ਵੱਲ ਲੈ ਕੇ ਜਾਂਦੀ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਪਹਿਲੇ ਸੀਜਨ ਦੇ ਅਧਾਰ ਤੇ ਇਹ ਨਜ਼ਰਿਆ ਅਤੇ ਜੋੜਮੇਲ ਬਣਾਉਣ ਵਿਚ ਕੋਈ ਮੁਸ਼ਕਲ ਪੈਦਾ ਨਹੀਂ ਹੁੰਦੀ ਕਿ ਭਾਰਤ ਦੀ ਮੌਜੂਦਾ ਹਿੰਦੂਤਵੀ ਫਾਸੀਵਾਦੀ ਸਰਕਾਰ ਭਵਿੱਖ ਵਿਚ ਭਾਰਤ ਦੇ ਲੋਕਾਂ ਦਾ ਕੀ ਹਸ਼ਰ ਕਰੇਗੀ। ਭਾਵੇਂ ਇਹ ਸੀਰੀਜ਼ ਦਾ ਕਾਲਪਨਿਕ ਪਲਾਟ ਹੈ ਪਰੰਤੂ ਜੇਕਰ ਹਿੰਦੂਤਵੀ ਤਾਕਤਾਂ ਇਸੇ ਤੇਜੀ ਨਾਲ ਅੱਗੇ ਵੱਧਦੀਆਂ ਜਾਣਗੀਆਂ ਅਤੇ ਇਸਦਾ ਤੋੜ ਹੋਰ ਵੱਧ ਕਾਮਯਾਬ ਅਤੇ ਮਜਬੂਤ ਨਹੀਂ ਕੀਤਾ ਜਾਂਦਾ ਤਾਂ ਯਥਾਰਥ ਇਸ ਕਾਲਪਨਿਕਤਾ ਤੋਂ ਕਿਤੇ ਵੱਧ ਭਿਅੰਕਰ ਵੀ ਹੋ ਸਕਦਾ ਹੈ। ਸ਼ਾਇਦ ਫਿਲਮਕਾਰ ਭਵਿੱਖ ਦੀ ਭਿਅੰਕਰਤਾ ਦਾ ਝਲਕਾਰਾ ਦਿਖਾਕੇ ਭਾਰਤਵਾਸੀਆਂ ਨੂੰ ਅਗਾਊਂ ਸੁਚੇਤ ਕਰਨ ਦਾ ਯਤਨ ਕਰ ਰਹੀ ਹੈ।

ਈ-ਮੇਲ: [email protected]

Comments

Harcharan

Very touching analysis of series. Thanks Mandeep

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ