Wed, 30 October 2024
Your Visitor Number :-   7238304
SuhisaverSuhisaver Suhisaver

ਧਰਮ ਅੱਗੇ ਆ ਰਹੀਆਂ ਸਿਧਾਂਤਕ ਚੁਣੌਤੀਆਂ -ਅਮਨਦੀਪ ਸਿੰਘ ਸਿੱਧੂ

Posted on:- 14-06-2019

suhisaver

ਅਕਸਰ ਪਰਮਾਤਮਾ ਜਾਂ ਉਸਦੇ ਪੈਗੰਬਰਾਂ, ਗੁਰ-ਪੀਰਾਂ ਦੀਆਂ ਤਸਵੀਰਾਂ, ਮੂਰਤਾਂ ਜਾਂ ਬਿੰਬਾਂ ਨੂੰ ਲੈ ਕੇ ਦੁਨੀਆ ਵਿਚ ਵਿਵਾਦ ਚੱਲਦਾ ਰਹਿੰਦਾ ਹੈ। ਇਸ ਨੂੰ ਸਮੇਂ ਸਿਰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ। ਇਸ ਲੇਖ ਵਿਚ ਸਿੱਖ ਧਰਮ ਅੱਗੇ ਆ ਰਹੀਆਂ ਸਿਧਾਂਤਕ ਚੁਨੌਤੀਆਂ ਉੱਤੇ ਝਾਤੀ ਮਾਰਾਂਗੇ। ਨਾਲ ਹੀ ਨਵੀਨ ਯੁੱਗ ਵਿਚ ਫ਼ਿਲਮਾਂ ਜਾਂ ਐਨੀਮੇਸ਼ਨ ਰਾਹੀਂ ਧਰਮ ਦਾ ਪ੍ਰਚਾਰ ਕਰਨ ਦੇ ਨੁਕਤੇ ਨੂੰ ਵੀ ਸਿਧਾਂਤਕ ਦ੍ਰਿਸ਼ਟੀ ਤੋਂ ਵਾਚਾਂਗੇ।

ਇਸ ਤੋਂ ਪਹਿਲਾਂ ਕਿ ਸਿੱਖੀ ਨੂੰ ਧੱਕੇ ਨਾਲ ਇਸ ਪਾਸੇ ਨੂੰ ਤੋਰਨ ਦੀ ਕੋਸ਼ਿਸ਼ ਉੱਤੇ ਵਿਚਾਰ ਕਰੀਏ, ਮੈਂ ਆਪ ਜੀ ਨਾਲ ਇਸਲਾਮ ਧਰਮ ਦੇ ਇੱਕ ਪ੍ਰਚਾਰਕ ਦੀ ਵਾਰਤਾ ਸਾਂਝੀ ਕਰਨਾ ਚਾਹਾਂਗਾ। 1918 ਵਿਚ ਭਾਰਤ ਦੇ ਸੂਰਤ ਸ਼ਹਿਰ ਦੇ ਜੰਮਪਲ ਅਤੇ ਦੱਖਣੀ ਅਫ਼ਰੀਕਾ ਦੇ ਵਾਸੀ ਮਰਹੂਮ ਅਹਿਮਦ ਦੀਦਤ ਨੇ ਇੱਕ ਵਾਰੀ ਅਮਰੀਕਾ ਦੇ ਇਕ ਸ਼ਹਿਰ ਵਿਚ ਈਸਾਈਆਂ ਨਾਲ ਗੋਸ਼ਟ ਦੌਰਾਨ ਇੱਕ ਸਵਾਲ ਦਾ ਜਵਾਬ ਦਿੱਤਾ। ਉਸ ਜਵਾਬ ਦਾ ਇੱਕ ਅੰਸ਼ ਇਹ ਸੀ ਕਿ ਬਹੁਤਾਤ ਅਮਰੀਕਾ ਇੱਕ ਧਾਰਮਿਕ ਦੇਸ਼ ਹੈ, ਚਰਚਾਂ ਹਨ ਅਤੇ ਬਾਈਬਲ ਦੀ ਮਨੌਤ ਹੈ।

ਫਿਰ ਵੀ ਇਤਨਾ ਜੁਰਮ ਕਿਉਂ ਹੈ? ਸਮਲਿੰਗੀ ਦੀ ਭਾਰੀ ਸਮੱਸਿਆ ਹੈ ਜਿਸ ਨੂੰ ਬਾਈਬਲ ਗੈਰ-ਕੁਦਰਤੀ ਵਰਤਾਰਾ ਮੰਨਦੀ ਹੈ। ਸ਼ਰਾਬ ਪੀਣ ਦੀ ਸਮੱਸਿਆ ਹੈ। ਕਿਉਂ? ਉਹ ਇਸ ਕਰ ਕੇ ਕਿ ਕ੍ਰਿਸਚੀਅਨ ਬਾਈਬਲ ਦੇ ਮੂਲ ਨੂੰ ਭੁੱਲ ਗਏ ਹਨ। ਨਵੀਨ ਟੈਸਟਾਮੈਂਟ ਦੇ ਰੋਮਨਸ ਸੁਕਤੇ ਦੱਸਦੇ ਹਨ ਕਿ ਲੋਕਾਂ ਨੇ ਇੱਕ ਇਹੋ ਜਿਹਾ ਵਰਤਾਰਾ ਕੀਤਾ ਜਿਸ ਦੀ ਸਜਾ ਵਜੋਂ ਭੁੱਲੇ ਹੋਏ ਲੋਕਾਂ ਨੂੰ ਇਸ ਤਰਾਂ ਦਾ ਬਣਾ ਦਿੱਤਾ;

24 Therefore God gave them over in the sinful desires of their hearts to sexual impurity for the degrading of their bodies with one another.  [ਪਰਮਾਤਮਾ ਨੇ ਉਹਨਾਂ ਪਾਪੀ ਲੋਕਾਂ ਦੇ ਦਿਲਾਂ ਵਿਚ ਕਾਮ ਦਾ ਅਸ਼ੁੱਧ ਰੂਪ ਦੀ ਭੁੱਖ ਪਾ ਦਿੱਤੀ ਜਿਸ ਨਾਲ ਉਹਨਾਂ ਦੇ ਸਰੀਰ ਇੱਕ ਦੂਜੇ ਨਾਲ ਹੀ ਗ਼ਰਕ ਹੋਣ ਲੱਗ ਪਏ]

25 They exchanged the truth about God for a lie, and worshiped and served created things rather than the Creator—who is forever praised. Amen. [ਉਹ ਸਤਿ ਨੂੰ ਤਿਆਗ ਕੇ ਪਰਮਾਤਮਾ ਦੇ ਝੂਠੇ ਰੂਪ ਨੂੰ ਅਪਣਾ ਲਿਆ, ਮਨੌਤ ਕੀਤੀ ਅਤੇ ਵਸਤੂਆਂ ਦੀ ਸੇਵਾ ਕੀਤੀ, ਨਾ ਕਿ ਕਰਤੇ ਦੀ, ਜਿਸ ਦੀ ਹਮੇਸ਼ਾ ਹੀ ਹੋਣੀ ਚਾਹੀਦੀ ਹੈ ]

26 Because of this, God gave them over to shameful lusts. Even their women exchanged natural sexual relations for unnatural ones. [ਇਸ ਕਰ ਕੇ ਪਰਮਾਤਮਾ ਨੇ ਉਹਨਾਂ ਲੋਕਾਂ ਨੂੰ ਸ਼ਰਮਨਾਕ ਵਾਸ਼ਨਾਵਾਂ ਦਾ ਧਾਰਨੀ ਬਣਾ ਦਿੱਤਾ। ਇੱਥੋਂ ਤੱਕ ਉਹਨਾਂ ਦੀਆਂ ਔਰਤਾਂ ਵੀ ਕੁਦਰਤੀ ਕਾਮ ਕਿਰਿਆਵਾਂ ਨੂੰ ਤਿਆਗ ਕੇ ਗ਼ੈਰਕੁਦਰਤੀ ਵਾਸ਼ਨਾਵਾਂ ਵਿਚ ਪੈ ਗਈਆਂ।]

27 In the same way the men also abandoned natural relations with women and were inflamed with lust for one another. Men committed shameful acts with other men, and received in themselves the due penalty for their error  [ਇਸੇ ਹੀ ਤਰਾਂ ਬੰਦਿਆਂ ਨੇ ਵੀ ਔਰਤਾਂ ਨਾਲ ਕੁਦਰਤੀ ਰਿਸ਼ਤਿਆਂ ਨੂੰ ਤਿਆਗ ਦਿੱਤਾ ਅਤੇ ਹੁਣ ਵਾਸ਼ਨਾ ਦੀ ਅੱਗ ਨਾਲ ਭੜਕਣ ਲੱਗੇ। ਬੰਦਿਆਂ ਨੇ ਬੰਦਿਆਂ ਨਾਲ ਹੀ ਸ਼ਰਮਨਾਕ ਵਰਤਾਰਾ ਕੀਤਾ। ਇਸ ਤਰਾਂ ਉਹਨਾਂ ਨੂੰ ਆਪਣੀ ਗ਼ਲਤੀ ਦੀ ਹਰਜਾਨਾ ਆਪਣੇ ਆਪ ਨਾਲ ਹੀ ਭੁਗਤਣਾ ਪਿਆ]

ਇਹ ਗ਼ਲਤੀ ਕਿਹੜੀ ਸੀ? ਇਸ ਸਜਾ ਜਾਂ ਨਤੀਜੇ ਵਾਲੇ ਤਿੰਨ ਸੁਕਤਿਆਂ ਤੋਂ ਪਹਿਲਾਂ 22 ਅਤੇ 23ਵਾਂ ਸੁਕਤਾ ਇਸ ਗ਼ਲਤੀ ਨੂੰ ਦਰਸਾਉਂਦਾ ਹੈ;
22 Although they claimed to be wise, they became fools. [ਹਾਲਾਂਕਿ ਉਹ ਲੋਕ ਆਪਣੇ ਆਪ ਨੂੰ ਬੁੱਧੀਮਾਨ ਅਖਵਾਉਂਦੇ ਸਨ, ਪਰ ਉਹ ਮੂਰਖ ਬਣ ਗਏ]

 23 and exchanged the glory of the immortal God for images made to look like a mortal human being and birds and animals and reptiles. [ਮੂਰਖਤਾ ਵਿਚ ਉਹਨਾਂ ਨੇ ਨਿਰੰਕਾਰ ਪਰਮਾਤਮਾ ਦੀ ਮਹਾਨਤਾ ਨੂੰ ਨਾਸ਼ਵਾਨ ਮਨੁੱਖ, ਪੰਛੀ, ਜਾਨਵਰ ਅਤੇ ਸੱਪਾਂ ਦੇ ਰੂਪ ਵਿਚ ਬਦਲ ਕੇ ਸਵੀਕਾਰ ਕਰ ਲਿਆ ]

ਸਤਿਕਾਰਤ ਅਹਿਮਦ ਦੀਦਤ ਮੁਤਾਬਿਕ ਇਹ ਇੱਕ ਵੱਡਾ ਕਾਰਨ ਹੈ ਕਿ ਪੱਛਮ ਦਾ ਬਹੁਤਾਤ ਹਿੱਸਾ ਬਾਈਬਲ ਨੂੰ ਤਾਂ ਮੰਨਦਾ ਹੈ ਪਰ ਬਾਈਬਲ ਦੀ ਮੰਨਦਾ ਨਹੀਂ। ਉਸ ਨੇ ਪਰਮਾਤਮਾ ਦੀ ਤਸਵੀਰ ਬੰਦੇ ਦੇ ਰੂਪ ਵਿਚ ਸਵੀਕਾਰ ਕਰ ਲਈ ਹੈ ਜਿਸ ਕਾਰਨ ਮੰਨਣ ਵਾਲੇ ਪਰਮਾਤਮਾ ਨੂੰ ਬੰਦੇ ਦੀ ਸਮਰੱਥਾ ਦੇ ਤੁੱਲ ਹੀ ਸਮਝਦੇ ਹਨ। ਨਤੀਜੇ ਵਜੋਂ ਕਈ ਹਜ਼ਾਰ ਸਾਲ ਪਹਿਲਾਂ ਦੱਸੀਆਂ ਗੱਲਾਂ ਅੱਜ ਵੀ ਸਭਿਅਤਾ ਵਿਚ ਤੇਜ਼ੀ ਨਾਲ ਪ੍ਰਕੋਪ ਵਰਤਾ ਰਹੀਆਂ ਹਨ।

ਤਕਰੀਬਨ ਸੌ ਸਾਲ ਪਹਿਲਾਂ ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਅਤੇ ਯੂਰਪ ਬਹੁਤਾਤ ਇਸਾਈ ਧਰਮ ਦਾ ਧਾਰਨੀ ਸੀ। ਨਵੀਨ ਪ੍ਰਚਾਰ ਵਿਧੀਆਂ ਆਉਣ ਨਾਲ ਇਹ ਅੰਕੜਾ ਇਹਨਾਂ ਦੇਸ਼ਾਂ ਵਿਚ ਵਧਣਾ ਚਾਹੀਦਾ ਸੀ ਜਾਂ ਸਥਿਰ ਰਹਿਣਾ ਚਾਹੀਦਾ ਸੀ। ਬਹੁਤ ਫ਼ਿਲਮਾਂ ਵੀ ਬਣੀਆਂ, ਅਰਬਾਂ-ਖਰਬਾਂ ਦਾ ਸਰਮਾਇਆ ਕਿਤਾਬਾਂ ਅਤੇ ਬੱਚਿਆਂ ਲਈ ਸਮਗਰੀ ਉੱਤੇ ਲਾਇਆ ਜਾ ਰਿਹਾ ਹੈ ਜਿਸ ਵਿਚ ਕਾਰਟੂਨ, ਐਨੀਮੇਸ਼ਨ ਫ਼ਿਲਮਾਂ ਜਾ ਕੰਪਿਊਟਰ ਗੇਮਾਂ ਵੀ ਹਨ। ਜੋ ਲੋਕ ਇਸ ਪ੍ਰਚਾਰ ਵਿਧੀ ਦੇ ਹੱਕ ਵਿਚ ਹਨ, ਉਹਨਾਂ ਲਈ ਮੈਂ ਕੁੱਝ ਅੰਕੜੇ ਪੇਸ਼ ਕਰ ਰਿਹਾ ਹਾਂ;

•    ਆਸਟ੍ਰੇਲੀਆ ਵਿਚ ਸੰਨ 1901 ਦੀ ਮਰਦਮਸ਼ੁਮਾਰੀ ਈਸਾਈਆਂ ਦੀ ਗਿਣਤੀ 96.1% ਸੀ। 2016 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਗਿਣਤੀ ਘੱਟ ਕੇ 52.1% ਰਹਿ ਗਈ ਹੈ। ਚਿੰਤਾਜਨਕ ਅੰਕੜਾ ਤਾਂ 30.1% ਨਾਸਤਕਾਂ ਦਾ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕਰਦੇ।
•    ਅਮਰੀਕਾ ਵਿਚ 1990 ਵਿਚ 85%, 2001 ਵਿਚ 81.6%, 2012 ਵਿਚ 78% ਅਤੇ 2015 ਵਿਚ 75% ਈਸਾਈ ਧਰਮ ਨੂੰ ਮੰਨਦੇ ਹਨ।
•    ਇੰਗਲੈਂਡ ਦੇ ਇੱਕ ਚਿੰਤਾਜਨਕ ਸਰਵੇਖਣ ਅਨੁਸਾਰ 16-29 ਸਾਲ ਨੇ ਨੌਜਵਾਨਾ ਨੇ ਆਪਣੇ ਆਪ ਨੂੰ ਨਾਸਤਿਕ ਭਰਿਆ ਅਤੇ 59% ਨੇ ਕਦੇ ਵੀ ਧਾਰਮਿਕ ਗਤੀਵਿਧੀ ਵਿਚ ਹਿੱਸਾ ਨਹੀਂ ਲਿਆ। 75% ਨੌਜਵਾਨਾਂ ਨੇ ਕਦੇ ਵੀ ਅਰਦਾਸ ਜਾਂ ਪਰੇਅਰ ਨਹੀਂ ਕੀਤੀ।
•    1950 ਵਿਚ ਕੈਨੇਡਾ ਦੇ ਕਿਊਬੈਕ ਸੂਬੇ ਵਿਚ 95% ਲੋਕ ਚਰਚ ਜਾਂਦੇ ਸਨ ਜੋ ਹੁਣ ਘੱਟ ਕੇ 5% ਰਹਿ ਗਿਆ ਹੈ।

ਹੁਣ ਸੋਚਣ ਵਾਲੀ ਗੱਲ ਹੈ ਕਿ ਕੀ ਇਹਨਾਂ ਨਵੀਨ ਪ੍ਰਚਾਰ ਮਾਧਿਅਮ ਨੇ ਇਸਾਈ ਧਰਮ ਨੂੰ ਕੋਈ ਫ਼ਾਇਦਾ ਕੀਤਾ? ਫ਼ਾਇਦਾ ਤਾਂ ਜ਼ਰੂਰ ਹੋਇਆ ਹੈ ਪਰ ਹੋਇਆ ਹਾਲੀਵੁਡ ਨੂੰ ਹੈ। ਇੱਕ ਰੂਸੀ ਕਹਾਵਤ ਹੈ ਕਿ ਮਹਿੰਗੀਆਂ ਦਵਾਈਆਂ ਦਾ ਫ਼ਾਇਦਾ ਜ਼ਰੂਰ ਹੁੰਦਾ ਹੈ, ਜੇ ਮਰੀਜ਼ ਨੂੰ ਨਹੀਂ ਤਾਂ ਦਵਾਈਆਂ ਵਾਲੀ ਕੰਪਨੀ ਨੂੰ ਤਾਂ ਹੋ ਹੀ ਜਾਂਦਾ ਹੈ। ਬਿਲਕੁਲ ਇਹੀ ਵਰਤਾਰਾ ਧਰਮ ਵਿਚ ਹੋ ਰਿਹਾ ਹੈ। ਧਰਮ ਵਿਚ ਕਿੱਤਾ ਕਰਨ ਵਾਲੇ ਲੋਕ ਇਲਾਹੀ ਸਿਧਾਂਤਾਂ ਦੇ ਕਿਰਦਾਰ ਘੜ ਕੇ ਨਾਸ਼ਵਾਨ ਬੰਦਿਆਂ ਦੇ ਬਰਾਬਰ ਲੈ ਆਉਂਦੇ ਹਨ ਅਤੇ ਉਸ ਨੂੰ ਵੇਚ ਕੇ ਰੋਟੀ ਕਮਾਉਂਦੇ ਹਨ।

ਗੁਰਪ੍ਰੀਤ(ਚਿੱਤਰਕਾਰ-ਬਠਿੰਡਾ) ਦੀ ਆਸਟ੍ਰੇਲੀਆ ਦੀ ਫੇਰੀ ਦੌਰਾਨ ਘਰ ਬੈਠੇ ਗੱਲਬਾਤ ਹੋ ਰਹੀ ਸੀ। ਉਸ ਨੇ ਬੁੱਧ ਦੀਆਂ ਮੂਰਤੀਆਂ ਵਾਰੇ ਬਹੁਤ ਹੀ ਰੋਚਕ ਜਾਣਕਾਰੀ ਦਿੱਤੀ। ਉਹ ਕਈ ਵਾਰ ਦਿੱਲੀ ਵਿਚ ਆਰਟ ਗੈਲਰੀ ਗਿਆ ਸੀ ਜਿਸ ਵਿਚ ਬੁੱਧ ਦੀਆਂ ਸੈਂਕੜੇ ਮੂਰਤੀ ਸਿਰ ਰੱਖੇ ਹੋਏ ਹਨ। ਗੰਭੀਰ ਪੜਚੋਲ ਉਪਰੰਤ ਸਮਝ ਆਈ ਕਿ ਇਹ ਸਿਰ ਹਜ਼ਾਰਾਂ ਸਾਲਾਂ ਵਿਚ ਕਿਸ ਤਰਾਂ ਆਪਣਾ ਰੂਪ ਬਦਲਦੇ ਹਨ। ਬੁੱਧ ਧਰਮ ਬੁੱਤ ਪੂਜਕ ਨਹੀਂ ਹੈ ਪਰ ਜਦੋਂ ਯੂਨਾਨੀ(ਗਰੀਕ) ਆਏ ਤਾਂ ਉਹ ਬੁੱਤ ਉਪਾਸ਼ਕ ਸਨ ਅਤੇ ਹਿੰਦੁਸਤਾਨ ਵਿਚ ਬੁੱਧ ਦਾ ਬੋਲਬਾਲਾ ਸੀ। ਪਹਿਲੇ ਰਾਜਿਆਂ ਨੇ ਆਪਣਾ ਪ੍ਰਭਾਵ ਬਣਾਉਣ ਲਈ ਬੁੱਧ ਦੀ ਇੱਕ ਮੂਰਤੀ ਬਣਵਾਈ ਜਿਸ ਵਿਚ ਉਸ ਨੂੰ ਆਸਣ ਲਾਈ ਬੈਠੇ ਨੂੰ ਦਿਖਾਇਆ, ਰਿਸ਼ੀਆਂ ਵਾਂਗ ਉਸ ਦੇ ਸਿਰ ਉੱਤੇ ਕੇਸ ਭਾਵ ਜੂੜਾ ਦਿਖਾਇਆ ਗਿਆ ਅਤੇ ਸ਼ਕਲ ਅਤੇ ਨੈਣ-ਨਕਸ਼ ਯੂਨਾਨੀਆਂ ਵਰਗਾ ਬਿਨਾ ਮੁੱਛ-ਦਾੜ੍ਹੀ  ਤੋਂ ਬਣਾਇਆ। ਬੁੱਧ ਭਾਵ ਗਿਆਨ ਦੇ ਪ੍ਰਕਾਸ਼ ਹੋਣ ਦੇ ਸਿਧਾਂਤ ਨੂੰ ਬੰਦੇ ਦਾ ਰੂਪ ਦਿੱਤਾ ਅਤੇ ਆਪਣੀ ਦੁਨਿਆਵੀ ਲੋੜ ਅਨੁਸਾਰ ਮਰੋੜਿਆ। ਇਸ ਤਰਾਂ ਇਸ ਮਹਾਂ ਸਿਧਾਂਤ ਦਾ ਵੀ ਪਤਨ ਸ਼ੁਰੂ ਹੋ ਗਿਆ। ਅੱਜ ਇਹ ਨਾਂਹ ਮਾਤਰ ਹੈ। ਕੀ ਮੂਰਤੀਆਂ ਸਥਾਪਿਤ ਕਰਨ ਨਾਲ ਬੋਧੀਆਂ ਨੂੰ ਫ਼ਾਇਦਾ ਹੋਇਆ?

ਹਿੰਦੂ ਧਰਮ ਦਾ ਪਤਨ ਵੀ ਮੂਰਤੀ ਸਥਾਪਤੀ ਤੋਂ ਹੀ ਹੋਇਆ। ਇਹ ਪਿਰਤ ਨਾਰਦ ਮੁਨੀ ਨੇ ਸ਼ੁਰੂ ਕੀਤੀ ਅਤੇ ਮਗਰ ਲੱਗ ਕੇ ਲੋਕ ਮੂਲ ਤੋਂ ਭਟਕ ਕੇ ਪੱਥਰ ਪੂਜਕ ਹੋ ਗਏ।

ਮ: ੧ ॥
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥
ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥
ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥

ਜਿਹੜੇ ਕੰਮ ਜਾਂ ਤਜਰਬੇ ਪਹਿਲਾਂ ਹੀ ਹੋਰ ਪਾਸੇ ਫ਼ੇਲ ਹੋ ਚੁੱਕੇ ਹਨ ਉਹਨਾਂ ਨੂੰ ਅਪਣਾ ਕੇ ਦੁਬਾਰਾ ਸਮਾਂ ਅਤੇ ਸਰਮਾਇਆ ਬਰਬਾਦ ਕਰਨਾ ਕਿਹੜੀ ਬਿਬੇਕ ਬੁੱਧ ਹੋ ਜੋ ਅਸੀਂ ਹਰ ਰੋਜ਼ ਅਰਦਾਸ ਵਿਚ ਮੰਗਦੇ ਹਾਂ? ਜਦੋਂ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ 20 ਫਰਵਰੀ, 1934 ਵਿਚ ਸੋਚ ਵਿਚਾਰ ਕੇ ਫ਼ੈਸਲਾ ਕੀਤਾ ਕਿ "ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਆਦਿ ਮਹਾਂ ਪੁਰਖਾਂ ਦੀਆਂ ਇਤਿਹਾਸਕ ਸਾਖੀਆਂ ਦੇ ਸੀਨਜ਼ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਦੀਆਂ ਫਿਲਮਾਂ ਬਨਾਉਣੀਆਂ ਸਿੱਖ ਅਸੂਲਾਂ ਵਿਰੁੱਧ ਹੈ" ਅਤੇ ਮੁੜ, 7 ਅਗਸਤ 1940 ਨੂੰ ਪਾਸ ਕੀਤਾ ਕਿ "ਧਾਰਮਕ ਸਲਾਹਕਾਰ ਕਮੇਟੀ ਦੀ ਰਾਇ ਵਿਚ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਉਹਨਾਂ ਦੇ ਮਹਿਲ, ਸਾਹਿਬਜ਼ਾਦੇ ਤੇ ਸਾਹਿਬਜ਼ਾਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ਤੇ ਨਹੀਂ ਲਿਆਂਦਾ ਜਾ ਸਕਦਾ" ਤਾਂ ਫਿਰ ਇਸ ਤਰਾਂ ਕਿਰਦਾਰ ਘੜਨ ਦੀ ਹਰਦਮ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਪਰਚਾਰ ਨਾਲ ਜੋੜਿਆ ਜਾ ਰਿਹਾ ਹੈ ਕਿ ਧਰਮ ਫੈਲੇਗਾ। ਸਮਕਾਲੀ ਧਰਮਾਂ ਵਿਚ ਦਾ ਇਸ ਦੇ ਉਲਟ ਨਤੀਜੇ ਆ ਰਹੇ ਹਨ। ਮਨਸਾ ਇੱਥੇ ਸਿਰਫ ਮਹਾਂ ਪੁਰਖਾਂ ਦੇ ਕਿਰਦਾਰਾਂ ਦਾ ਵਪਾਰੀ ਕਰਨ ਹੈ।

ਇੱਕ ਨੁਕਤਾ ਹੋਰ ਵੀ ਵਿਚਾਰਨ ਵਾਲਾ ਹੈ ਕਿ ਫੋਟੋ ਜਾਂ ਫ਼ਿਲਮ ਦੀ ਕਾਢ ਤੋਂ ਪਹਿਲਾਂ ਸਿੱਖੀ ਦਾ ਪਸਾਰਾ ਕਿਵੇਂ ਹੋਇਆ? ਸੋ ਕਦਾਚਿਤ ਵੀ ਇਹ ਨਵੀਨ ਮਾਧਿਅਮ ਧਰਮ ਨੂੰ ਚੁੱਕਣ ਵਾਲਾ ਧੌਲਾ ਬਲਦ ਨਹੀਂ ਬਣ ਸਕਦਾ ਸਗੋਂ ਬਲਦ ਉੱਤੇ ਆਪ ਬੈਠਣਾ ਚਾਹੁੰਦਾ ਹੈ। ਧਰਮ ਨੂੰ ਲੋਕ ਅਪਣਾਉਂਦੇ ਹਨ ਪੂਰਨ ਪੁਰਖਾਂ ਦੀ ਰਹਿਣੀ ਬਹਿਣੀ ਅਤੇ ਕਰਨੀ ਤੋਂ ਪ੍ਰਭਾਵਿਤ ਹੋ ਕੇ। ਰਹੀ ਗੱਲ ਬੱਚਿਆਂ ਵਿਚ ਪ੍ਰਚਾਰ ਕਰਨ ਦੀ, ਉਸ ਦੀ ਮੁੱਢਲੀ ਜੁੰਮੇਵਾਰੀ ਮਾਪਿਆਂ ਦੀ ਹੁੰਦੀ ਹੈ ਕਿ ਉਹ ਘਰ ਵਿਚ ਕਿਸ ਤਰਾਂ ਦਾ ਮਾਹੌਲ ਸਿਰਜਦੇ ਹਨ। ਮਾਪਿਆਂ ਦੇ ਆਲੇ-ਦੁਆਲੇ ਕੀ ਵਾਪਰ ਰਿਹਾ ਹੈ? ਖ਼ਾਸ ਕਰ ਕੇ ਮਾਂਵਾਂ ਅਤੇ ਦਾਦੀਆਂ ਕਿਤਨਾ ਕੁ ਧਰਮ ਦੇ ਨੇੜੇ ਹਨ। ਜਦੋਂ ਬੱਚੇ ਨੂੰ ਹਾਲੀਵੁਡ ਵਿਚ ਬਣੀ ਮਾਰਵਲ ਕੰਪਨੀ ਦੀ ਆਲ੍ਹਾ ਦਰਜੇ ਦੀ ਫ਼ਿਲਮ ਦੇ ਮੁਕਾਬਲੇ ਤੀਜੇ ਦਰਜੇ ਦੀ ਘੱਟ ਤੋ ਘੱਟ ਬਜਟ ਦੀ ਫ਼ਿਲਮ ਪਰੋਸੀ ਜਾਵੇਗੀ ਤਾਂ ਨਤੀਜਾ ਉਲਟ ਨਿਕਲੇਗਾ। ਇਹ ਵੀ ਮਿੱਥ ਹੀ ਹੈ ਜੋ ਧੱਕੇ ਨਾਲ ਪੈਸੇ ਬਣਾਉਣ ਦੇ ਚੱਕਰ ਵਿਚ ਸਿੱਖਾਂ ਅੱਗੇ ਪਰੋਸੀ ਜਾ ਰਹੀ ਹੈ।

ਹੁਣ ਗਲ ਕਰਦੇ ਹਾਂ ਮੂਰਤ ਦੀ ਸਿਧਾਂਤਿਕ ਗੱਲ। ਸਿੱਖੀ ਨਵੀਨ ਧਰਮ ਹੈ ਤਾਂ ਫਿਰ ਫ਼ਿਲਮੀ ਮੂਰਤ ਕਿਉਂ ਨਹੀਂ? ਜਾਂ ਰੂਹਾਨੀ ਸਫ਼ਰ ਦੀ ਸ਼ੁਰੂਆਤ ਕਰਨ ਲਈ ਕਿਹੜੀ ਮੂਰਤ ਮਨ ਵਿਚ ਵਸਾਉਣੀ ਹੈ? ਗੁਰੂ ਗ੍ਰੰਥ ਸਾਹਿਬ ਸਾਨੂੰ ਕਿਸੇ ਵੀ ਇੱਕ ਦੁਨਿਆਵੀ ਮੂਰਤ ਨਾਲ ਨਹੀਂ ਜੋੜਦੇ। ਇਹ ਸਿਧਾਂਤ ਪੱਕਾ ਹੈ ਕਿ ੴਭਾਵ ਅਕਾਲ ਨੂੰ ਥਾਪਿਆ ਨਹੀਂ ਜਾ ਸਕਦਾ ਅਤੇ ਨਾਂ ਹੀ ਕੀਤਾ(manufactured) ਜਾ ਸਕਦਾ ਹੈ, ਉਹ ਆਪਣੀ ਮਰਜ਼ੀ ਦਾ ਮਾਲਕ ਹੈ ਅਤੇ ਮਰਜ਼ੀ ਨਾਲ ਆਪਣੇ ਹੀ ਬਣਾਏ ਬ੍ਰਹਿਮੰਡ ਵਿਚ ਕਿਸੇ ਵੀ ਰੂਪ ਵਿਚ ਪਰਗਟ ਹੋ ਸਕਦਾ ਹੈ। ਜੇ ਇਸ ਸਮੇਂ ਉਹ ਪਹਿਲੇ ਗੁਰਾਂ ਦੀ ਦੇਹ ਵਿਚ ਪ੍ਰਕਾਸ਼ਵਾਨ ਸੀ ਤਾਂ ਉਹ ਆਪਣੇ ਕਿਸੇ ਵੀ ਭਗਤ ਦੇ ਅੰਦਰ ਪ੍ਰਕਾਸ਼ ਹੋ ਸਕਦਾ ਹੈ ਅਤੇ ਇਹ ਆਦਿ ਇਸੇ ਹੀ ਤਰਾਂ ਚੱਲਦਾ ਅਤੇ ਹੁੰਦਾ ਰਹੇਗਾ। ਏਕੇ ਦੀ ਅਵਸਥਾ(Singularity) ਵਿਚ ਉਹ ਏਕਾ "ਨਾਮ"(singular sound) ਹੈ ਜੋ ਕਿ ਨਿਰੰਕਾਰ ਦੀ ਹੀ ਮੂਰਤਿ(projection) ਹੈ। ਮੂਲ ਮੰਤਰ ਵਿਚ ਹੀ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਕਿ ਜਿਹੜੀ ਮੂਰਤ ਅਸੀਂ ਚਿਤਵਨੀ ਹੈ ਉਹ ਨਾਮ ਹੀ ਹੈ ਜੋ ਸਾਨੂੰ ਸਬਦ ਰਾਹੀ ਪ੍ਰਾਪਤ ਹੋਣਾ ਹੈ। ਜਿਹੋ ਜਿਹੀ ਮੂਰਤ ਚਿਤਵਾਂਗੇ, ਉਹੋ ਹੀ ਸਾਨੂੰ ਪ੍ਰਾਪਤ ਹੋਏਗੀ। ਸਾਰੀ ਬਾਣੀ ਦਾ ਸਾਰ "ਨਾਮ" ਹੀ ਤਾਂ ਹੈ।

ਰੂਪ ਵਿਚ ਉਹ ਬਦਲਦਾ ਰਹਿੰਦਾ ਹੈ ਇਸ ਹੀ ਕਰ ਕੇ ਉਸ ਨੂੰ ਇੱਕ ਰੂਪ ਵਿਚ ਥਾਪਣਾ ਸਿਧਾਂਤਕ ਕੁਤਾਹੀ ਹੈ। ਇਸ ਬਦਲਾਅ ਦੇ ਨੁਕਤੇ ਨੂੰ ਭਗਤ ਕਬੀਰ ਜੀ ਬਹੁਤ ਹੀ ਸੁੰਦਰ ਬਿਆਨ ਕਰਦੇ ਹਨ। ਦਿੱਲੀ ਦੇ ਸੁਲਤਾਨ ਦੀ ਕਚਹਿਰੀ ਵਿਚ ਕਾਜ਼ੀਆਂ ਦੇ ਫ਼ਤਵੇ ਅਨੁਸਾਰ ਭਗਤ ਕਬੀਰ ਜੀ ਦੀ ਪ੍ਰੀਖਿਆ ਹੋ ਰਹੀ ਹੈ। ਕਬੀਰ ਜੀ ਦੀਆਂ ਬਾਂਹਾਂ ਨੂੰ ਬੰਨ੍ਹ ਕੇ ਪੰਡ ਵਾਂਗ ਹਾਥੀ ਦੇ ਅੱਗੇ ਸੁੱਟ ਦਿੱਤਾ ਅਤੇ ਉਸ ਹਾਥੀ ਨੂੰ ਹੋਰ ਗੁੱਸਾ ਚੜ੍ਹਾਉਣ ਲਈ ਉਸ ਦੇ ਸਿਰ ਉੱਤੇ ਸੱਟ ਮਾਰੀ ਜਿਸ ਕਾਰਨ ਹਾਥੀ ਚਿੰਗਾਂੜਾ ਮਾਰਦਾ ਹੋਇਆ ਪਾਸੇ ਨੂੰ ਭੱਜ ਤੁਰਿਆ। ਇਸ ਅਲੌਕਿਕ ਵਰਤਾਰੇ ਨੂੰ ਤੱਕ ਕੇ ਕਬੀਰ ਜੀ ਨੂੰ ਉਸ ਹਾਥੀ ਅਤੇ ਘਟਨਾਕ੍ਰਮ ਵਿਚੋਂ ਵੀ ਪਰਮਾਤਮਾ ਦੀ ਹੀ ਮੂਰਤਿ ਅਨੁਭਵ ਹੋਈ। ਇਉਂ ਮਹਿਸੂਸ ਹੋਇਆ ਕਿ ਪਰਮਾਤਮਾ ਦਾ ਪੂਰਾ ਜ਼ੋਰ ਚੱਲ ਰਿਹਾ ਸੀ ਕਾਜ਼ੀਆਂ, ਮਹਾਵਤਾਂ, ਸਿਪਾਹੀਆਂ ਅਤੇ ਸੁਲਤਾਨ ਉੱਤੇ। ਉਸ ਵੇਲੇ ਉਹ ਜ਼ੋਰ ਹੀ ਭਗਤ ਜੀ ਨੂੰ ਸਾਹਿਬ ਦੀ ਮੂਰਤਿ ਲੱਗ ਰਹੀ ਸੀ।

ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥
ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥
ਹਸਤਿ ਭਾਗਿ ਕੈ ਚੀਸਾ ਮਾਰੈ ॥
ਇਆ ਮੂਰਤਿ ਕੈ ਹਉ ਬਲਿਹਾਰੈ ॥੧॥

ਦੁਨੀਆ(ਦੂਣੀ - Duality) ਵਿਚ ਇਹ ਮੂਰਤਿ ਅਤੇ ਵਰਤਾਰੇ ਹਰ ਖਿਣ ਬਦਲਦੇ ਰਹਿੰਦੇ ਹਨ ਪਰ ਏਕੇ(Singularity) ਵਿਚ 'ਨਾਮ' ਦੀ ਮੂਰਤਿ ਵਜੋਂ ਸਦੀਵੀ ਹੈ।


Comments

Harcharan Parhar

ਮੁਆਫ ਕਰਨਾ, ਆਰਟੀਕਲ ਪੜ੍ਹ ਕੇ ਸਮਝ ਨਹੀਂ ਲੱਗਾ ਕਿ ਲੇਖਕ ਸਾਹਿਬ ਕੀ ਕਹਿਣਾ ਚਾਹੁੰਦੇ ਹਨ। ਧਰਮ ਅੱਗੇ ਕਿਹੜੀਆਂ ਚੁਣੌਤੀਆਂ ਆ ਰਹੀਆਂ ਹਨ, ਬਾਰੇ ਵੀ ਸਪੱਸ਼ਟ ਨਹੀਂ ਹੋਇਆ। ਮੂਰਤੀਆਂ ਧਰਮ ਵਿੱਚ ਸਿਰਫ ਪੂਜਣ ਲਈ ਨਹੀਂ, ਇਸ ਵਿੱਚ ਬਹੁਤ ਪ੍ਰਤੀਕ ਛੁਪੇ ਹਨ, ਪਰ ਧਰਮ ਦੀ ਸਮਝ ਬਿਨਾਂ ਜਾਣਿਆ ਨਹੀਂ ਸਕਦਾ। ਧੰਨਵਾਦ!

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ