Wed, 30 October 2024
Your Visitor Number :-   7238304
SuhisaverSuhisaver Suhisaver

ਭਾਜਪਾ ਨੂੰ ਹਿੰਦੂ ਰਾਸ਼ਟਰ ਲਈ ਫਤਵਾ, ਸਾਊਥ ਏਸ਼ੀਆ ਦੇ ਖਿੱਤੇ ਨੂੰ ਤਬਾਹੀ ਵੱਲ ਲਿਜਾਏਗਾ? -ਹਰਚਰਨ ਸਿੰਘ ਪਰਹਾਰ

Posted on:- 28-05-2019

suhisaver

ਇੰਡੀਆ ਵਿੱਚ 11 ਅਪਰੈਲ ਤੋਂ 19 ਮਈ ਤੱਕ 17 ਵੀਂ ਲੋਕ ਸਭਾ ਲਈ ਪਈਆਂ ਪਾਰਲੀਮਾਨੀ ਚੋਣਾਂ ਦੇ ਜੋ ਨਤੀਜੇ 23 ਮਈ ਨੂੰ ਐਲਾਨੇ ਗਏ ਹਨ, ਉਨ੍ਹਾਂ ਵਿੱਚ ਇੰਡੀਅਨ ਬਹੁ ਗਿਣਤੀ ਹਿੰਦੂ ਭਾਈਚਾਰੇ ਨੇ ਆਰ ਐਸ ਐਸ ਦੀ ਅਗਵਾਈ ਵਾਲੀ ਸਿਆਸੀ ਪਾਰਟੀ ਭਾਜਪਾ ਨੂੰ 'ਹਿੰਦੂ ਰਾਸ਼ਟਰ' ਦੇ ਹੱਕ ਵਿੱਚ ਸਪੱਸ਼ਟ ਫਤਵਾ ਦਿੱਤਾ ਹੈ।ਲੋਕ ਸਭਾ ਦੀਆਂ 542 ਸੀਟਾਂ ਦੇ ਚੋਣ ਨਤੀਜਿਆਂ ਅਨੁਸਾਰ ਭਾਜਪਾ ਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ 353 ਸੀਟਾਂ, ਕਾਂਗਰਸ ਤੇ ਸਹਿਯੋਗੀ ਪਾਰਟੀਆਂ ਨੂੰ 90 ਸੀਟਾਂ, ਬਹੁਤ ਸਾਰੀਆਂ ਖੇਤਰੀ ਪਾਰਟੀਆਂ ਦੇ ਮਹਾਂ ਗਠਬੰਧਨ ਨੂੰ 15 ਸੀਟਾਂ ਅਤੇ ਬਾਕੀ ਹੋਰ ਪਾਰਟੀਆਂ ਨੂੰ 84 ਸੀਟਾਂ ਮਿਲੀਆਂ ਹਨ।ਇਨ੍ਹਾਂ ਵਿਚੋਂ ਭਾਜਪਾ ਨੂੰ ਇਕੱਲੇ 303 ਸੀਟਾਂ, ਕਾਂਗਰਸ ਨੂੰ 52 ਤੇ ਬਾਕੀ ਸਾਰੀਆਂ ਪਾਰਟੀਆਂ ਨੂੰ 187 ਸੀਟਾਂ ਮਿਲੀਆਂ ਹਨ।ਜਿਸ ਤੋਂ ਸਪੱਸ਼ਟ ਹੈ ਕਿ ਭਾਰਤੀ ਲੋਕਾਂ ਨੇ ਮੋਦੀ-ਅਮਿਤ ਸ਼ਾਹ ਦੀ ਲੀਡਰਸ਼ਿਪ ਹੇਠ ਨਾ ਸਿਰਫ ਭਾਜਪਾ, ਸਗੋਂ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਭਾਰੀ ਬਹੁਮਤ ਨਾਲ ਫਤਵਾ ਦਿੱਤਾ ਹੈ ਤਾਂ ਕਿ ਉਹ ਆਪਣੇ 'ਭਾਰਤ ਹਿੰਦੂ ਰਾਸ਼ਟਰ' ਦੇ ਸੁਪਨੇ ਨੂੰ ਸਾਕਾਰ ਕਰ ਸਕਣ।ਪਾਠਕਾਂ ਦੀ ਜਾਣਕਾਰੀ ਲਈ ਇਹ ਜਾਨਣਾ ਮਹੱਤਵਪੂਰਨ ਹੋਵੇਗਾ ਕਿ 27 ਸਤੰਬਰ, 1925 (ਤਕਰੀਬਨ 94 ਸਾਲ ਪਹਿਲਾਂ) ਕੇਸ਼ਵ ਬਲਰਾਮ ਹੈਡਗਵੇਅਰ ਵਲੋਂ ਨਾਗਪੁਰ (ਮਹਾਂਰਾਸ਼ਟਰ) ਵਿੱਚ ਆਰ ਐਸ ਐਸ ਦੀ ਸਥਾਪਨਾ ਕੀਤੀ ਗਈ ਸੀ। ਜਿਸਦਾ ਮੁੱਖ ਮਕਸਦ ਬਹੁ-ਗਿਣਤੀ ਹਿੰਦੂ ਭਾਈਚਾਰੇ ਵਿੱਚ ਹਜਾਰਾਂ ਸਾਲਾਂ ਦੀ ਗੁਲਾਮੀ ਦੀ ਹੀਣ ਭਾਵਨਾ ਦੀ ਥਾਂ 'ਹਿੰਦੂ ਰਾਸ਼ਟਰਵਾਦ' ਤੇ 'ਹਿੰਦੂਵਾਦ' (ਮਨੂੰ ਸਿਮਰਤੀ ਤੇ ਪੁਰਾਤਨ ਹਿੰਦੂਤਵੀ ਪ੍ਰੰਪਰਾਵਾਂ ਅਧਾਰਿਤ ਰਾਜਨੀਤੀ) ਦਾ ਸਵੈਮਾਣ ਪੈਦਾ ਕਰਨਾ ਤੇ ਭਾਰਤ ਨੂੰ ਧਰਮ ਅਧਾਰਿਤ ਹਿੰਦੂ ਰਾਸ਼ਟਰ ਬਣਾਉਣ ਲਈ ਲੋਕਾਂ ਨੂੰ ਤਿਆਰ ਕਰਨਾ ਸੀ।

ਇਸ ਵਕਤ ਆਰ ਐਸ ਐਸ (ਰਾਸ਼ਟਰੀ ਸਵੈਮ ਸੇਵਕ ਸੰਘ) ਕੋਲ 60 ਲੱਖ ਤੋਂ ਵੱਧ ਪੱਕੇ ਮੈਂਬਰ, 100 ਤੋਂ ਵੱਧ ਬੜੀਆਂ ਮਜਬੂਤ ਜਥੇਬੰਦੀਆਂ ਹਨ ਅਤੇ 60 ਹਜ਼ਾਰ ਤੋਂ ਵੱਧ ਸ਼ਖਾਵਾਂ (ਸੈਂਟਰ) ਹਨ, ਜਿਥੇ ਯੋਜਨਾਬੱਧ ਢੰਗ ਨਾਲ ਹਿੰਦੂ ਨੌਜਵਾਨਾਂ ਨੂੰ ਘੱਟ ਗਿਣਤੀਆਂ, ਦਲਿਤਾਂ, ਆਦਿ-ਵਾਸੀਆਂ ਤੇ ਖਾਸਕਰ ਮੁਸਲਮਾਨਾਂ ਖਿਲਾਫ ਨਫਰਤ ਨਾਲ ਭਰ ਕੇ ਹਿੰਦੂ ਜਨੂੰਨੀ (ਅੱਤਵਾਦੀ) ਬਣਾਇਆ ਜਾਂਦਾ ਹੈ।ਉਨ੍ਹਾਂ ਨੂੰ ਮਾਨਸਿਕ ਤੌਰ ਤੇ ਜਨੂੰਨੀ ਬਣਾਉਣ ਦੇ ਨਾਲ-ਨਾਲ ਧਰਮ ਤੇ ਜਾਤ ਅਧਾਰਿਤ ਦੰਗੇ ਭੜਕਾਉਣ ਆਦਿ ਲਈ ਹਥਿਆਰਬੰਦ ਟਰੇਨਿੰਗ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਇੱਕ ਖਾਸ ਕਿਸਮ ਦੀ ਵਰਦੀ (ਖਾਕੀ ਨਿੱਕਰ, ਚਿੱਟੀ ਕਮੀਜ਼, ਕਾਲੀ ਟੋਪੀ ਤੇ ਹੱਥ ਵਿੱਚ ਬਾਂਸ ਦਾ ਡੰਡਾ) ਪਵਾ ਕੇ ਹਿੰਦੂ ਰਾਸ਼ਟਰ ਦੀ ਸੈਨਾ ਦੇ ਸਿਪਾਹੀ ਵੀ ਬਣਾਇਆ ਜਾਂਦਾ ਹੈ।

ਪਿਛਲੇ 94 ਸਾਲ ਵਿੱਚ 4 ਵਾਰ ਆਰ ਐਸ ਐਸ ਨੂੰ ਦੇਸ਼ ਤੇ ਸਮਾਜ ਵਿੱਚ ਜਾਤ ਤੇ ਧਰਮ ਅਧਾਰਿਤ ਨਫਰਤ ਤੇ ਦੰਗੇ ਭੜਕਾਉਣ ਲਈ ਪਾਬੰਦੀਸ਼ੁਦਾ ਜਥੇਬੰਦੀ ਐਲਾਨਿਆ ਗਿਆ ਸੀ।ਪਹਿਲੀ ਵਾਰ ਅੰਗਰੇਜੀ ਹਕੂਮਤ ਵਲੋਂ 1946-47 ਵਿੱਚ, ਦੂਜੀ ਵਾਰ 1948 ਵਿੱਚ ਆਰ ਐਸ ਐਸ ਦੇ ਇੱਕ ਮੈਂਬਰ ਨੱਥੂ ਰਾਮ ਗੌਡਸੇ ਵਲੋਂ ਮਹਾਤਮਾ ਗਾਂਧੀ ਨੂੰ ਮਾਰਨ ਮਗਰੋਂ, ਤੀਜੀ ਵਾਰ 1975-77 ਵਿੱਚ ਐਮਰਜੈਂਸੀ ਦੌਰਾਨ ਤੇ ਚੌਥੀ ਵਾਰ 1992 ਵਿੱਚ ਬਾਬਰੀ ਮਸਜਿਦ ਢਾਹੁਣ ਮਗਰੋਂ ਪਾਬੰਦੀਸ਼ੁਦਾ ਜਥੇਬੰਦੀ ਐਲਾਨਿਆ ਗਿਆ।ਪਰ ਇਸ ਸਭ ਦੇ ਬਾਵਜੂਦ ਆਰ ਐਸ ਐਸ ਆਪਣੇ 'ਹਿੰਦੂ ਰਾਸ਼ਟਰ' ਦੇ ਏਜੰਡੇ ਦੀ ਪੂਰਤੀ ਲਈ ਬੜੀ ਸਿਦਕਦਿਲੀ ਨਾਲ ਕੰਮ ਕਰਦੀ ਰਹੀ।ਆਰ ਐਸ ਐਸ ਵਲੋਂ ਆਪਣੇ ਰਾਜਸੀ ਨਿਸ਼ਾਨੇ 'ਹਿੰਦੂ ਰਾਸ਼ਟਰ' ਦੀ ਪੂਰਤੀ ਲਈ ਪਹਿਲੀ 1951 ਵਿੱਚ 'ਜਨ ਸੰਘ' ਨਾਮ ਹੇਠ ਆਪਣਾ ਰਾਜਸੀ ਵਿੰਗ ਬਣਾਇਆ ਗਿਆ, ਜਿਸਨੇ ਵੱਖ-ਵੱਖ ਢੰਗਾਂ ਨਾਲ ਲੰਬਾ ਸਮਾਂ ਆਪਣੀਆਂ ਰਾਜਸੀ ਗਤੀਵਿਧੀਆਂ ਕੀਤੀਆਂ।1977 ਵਿੱਚ ਪਹਿਲੀ ਵਾਰ 'ਜਨ ਸੰਘ' ਨੇ ਐਮਰਜੈਂਸੀ ਤੋਂ ਬਾਅਦ 'ਜਨਤਾ ਪਾਰਟੀ' ਨਾਲ ਰਲ਼ ਕੇ ਚੋਣਾਂ ਵਿੱਚ ਹਿੱਸਾ ਲਿਆ, ਪਰ ਬਹੁਤੀ ਕਾਮਯਾਬੀ ਨਹੀਂ ਮਿਲੀ।ਫਿਰ 6 ਅਪਰੈਲ 1980 ਨੂੰ 'ਜਨ ਸੰਘ' ਭੰਗ ਕਰਕੇ ਨਵੀਂ ਰਾਜਸੀ ਪਾਰਟੀ 'ਭਾਰਤੀ ਜਨਤਾ ਪਾਰਟੀ (ਭਾਜਪਾ) ਬਣਾਈ, ਜਿਸਨੇ ਪਹਿਲੀ ਵਾਰ 1984 ਵਿੱਚ ਆਪਣੇ ਤੌਰ ਤੇ ਪਾਰਲੀਮਾਨੀ ਚੋਣਾਂ ਲੜੀਆਂ, ਜਿਸ ਵਿੱਚ ਉਨ੍ਹਾਂ ਨੂੰ ਸਿਰਫ ਦੋ ਸੀਟਾਂ ਮਿਲੀਆਂ ਸਨ ਤੇ ਸਿਰਫ 12 ਸਾਲ ਬਾਅਦ 1996 ਦੀਆਂ ਚੋਣਾਂ ਵਿੱਚ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਬਣ ਕੇ ਉਭਰੀ ਸੀ, ਜਿਸਨੇ ਪਹਿਲੀ ਵਾਰ ਵਾਜਪਈ ਦੀ ਅਗਵਾਈ ਵਿੱਚ 13 ਦਿਨ ਦੀ ਸਰਕਾਰ ਬਣਾਈ ਸੀ।ਉਸ ਤੋਂ ਬਾਅਦ 1998 ਦੀਆਂ ਚੋਣਾਂ ਵਿੱਚ ਭਾਜਪਾ ਨੇ ਕੁਝ ਖੇਤਰੀ ਪਾਰਟੀਆਂ ਨਾਲ ਗਠਬੰਧਨ ਬਣਾ ਕੇ ਦੂਜੀ ਵਾਰ ਵਾਜਪਈ ਦੀ ਅਗਵਾਈ ਵਾਲੀ ਸਰਕਾਰ ਬਣਾਈ ਸੀ।ਫਿਰ 2014 ਵਿੱਚ ਪਹਿਲੀ ਵਾਰ ਮੋਦੀ ਦੀ ਅਗਵਾਈ ਵਿੱਚ ਬਹੁ-ਗਿਣਤੀ ਸਰਕਾਰ ਬਣਾਈ ਸੀ, ਜਿਸਨੂੰ ਉਨ੍ਹਾਂ ਨੇ 'ਅੱਛੇ ਦਿਨ ਆਏਂਗੇ', 'ਕਾਲਾ ਧੰਨ ਵਾਪਿਸ ਆਏਗਾ', ਬੇਰੁਜਗਾਰੀ ਖਤਮ ਹੋਵੇਗੀ', 'ਕੁਰੱਪਸ਼ਨ ਮੁਕਤ ਭਾਰਤ ਹੋਵੇਗਾ', 'ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ' ਆਦਿ ਦੇ ਮੁੱਦਿਆਂ ਤੇ ਲੜੀ ਸੀ, ਪਰ ਆਪਣਾ ਹਿੰਦੂਤਵੀ ਏਜੰਡਾ ਲੁਕੋ ਕੇ ਰੱਖਿਆ ਸੀ।ਪਿਛਲ਼ੇ ਪੰਜ ਸਾਲਾਂ ਵਿੱਚ ਮੋਦੀ ਸਰਕਾਰ ਆਪਣੇ ਹਰ ਵਾਅਦੇ ਤੋਂ ਨਾ ਸਿਰਫ ਮੁੱਕਰੀ, ਸਗੋਂ ਹਰ ਫਰੰਟ ਤੇ ਫੇਲ੍ਹ ਹੋਈ, ਸਿਵਾਏ ਜਾਤ ਤੇ ਧਰਮ ਅਧਾਰਿਤ ਰਾਜਨੀਤੀ ਕਰਦਿਆਂ, 2019 ਦੀਆਂ ਚੋਣਾਂ ਜਿੱਤਣ ਲਈ ਸਮਾਜ ਨੂੰ ਵੰਡਣ ਵਿੱਚ ਕਾਮਯਾਬ ਹੋਈ।ਇਨ੍ਹਾਂ ਸਾਲਾਂ ਵਿੱਚ ਭਾਰਤ ਨੂੰ ਸਭ ਤੋਂ ਅਸਹਿਣਸ਼ੀਲ ਦੇਸ਼ ਮੰਨਿਆ ਜਾਣ ਲੱਗਾ।ਇਸ ਵਾਰ ਉਹ ਪੂਰੀ ਤਿਆਰੀ ਨਾਲ 'ਹਿੰਦੂ ਰਾਸ਼ਟਰ' ਤੇ ਘੱਟ ਗਿਣਤੀਆਂ ਵਿਰੋਧੀ ਸਪੱਸ਼ਟ ਏਜੰਡੇ ਨਾਲ ਚੋਣ ਮੈਦਾਨ ਵਿੱਚ ਆਏ ਸਨ।

ਬੇਸ਼ਕ 2017-18 ਵਿੱਚ ਕੁਝ ਰਾਜਾਂ ਵਿੱਚ ਹੋਈਆਂ ਚੋਣਾਂ ਵਿੱਚ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਸੀ, ਜਿਸ ਨਾਲ ਜਿਥੇ ਕਾਂਗਰਸ ਨੂੰ 2019 ਦੀਆਂ ਚੋਣਾਂ ਵਿੱਚ ਚੰਗੀ ਕਾਰਗੁਜਾਰੀ ਦੀ ਭਾਰੀ ਉਮੀਦ ਹੋ ਗਈ ਸੀ, ਉਥੇ ਭਾਜਪਾ ਨੂੰ ਵੀ ਕਈ ਚੁਣੌਤੀਆਂ ਸਨ।ਭਾਜਪਾ ਆਪਣੇ ਪਿਛਲੀਆਂ ਚੋਣਾਂ ਦੇ ਸਾਰੇ ਮੁਦਿਆਂ ਤੇ ਪੂਰੀ ਤਰ੍ਹਾਂ ਫੇਲ੍ਹ ਹੋਈ ਸੀ।ਪਿਛਲ਼ੇ 5 ਸਾਲਾਂ ਵਿੱਚ ਨਾ ਹੀ ਅੱਛੇ ਦਿਨ ਆਏ ਸਨ, ਨਾ ਕਾਲਾ ਧਨ ਵਾਪਿਸ ਆਇਆ ਸੀ, ਨਾ ਰੁਜਗਾਰ ਦੇ ਮੌਕੇ ਪੈਦਾ ਹੋੲ ਸਨ, ਕਿਸਾਨ ਵੱਡੀ ਪੱਧਰ ਤੇ ਖੁਦਕੁਸ਼ੀਆਂ ਕਰ ਰਹੇ ਸਨ, ਕੁਰਪਸ਼ਨ ਵੀ ਕਾਂਗਰਸ ਦੇ ਰਾਜ ਵਾਂਗ ਜਾਰੀ ਸੀ, ਸਭ ਦੇ ਵਿਕਾਸ ਦੀ ਥਾਂ ਕੁਝ ਪੂੰਜੀਪਤੀਆਂਦਾ ਵਿਕਾਸ ਹੋਇਆ ਤੇ ਸਭ ਦਾ ਵਿਸ਼ਵਾਸ ਟੁੱਟਾ ਸੀ।ਸਗੋਂ ਇਸਦੇ ਉਲਟ ਗਊ ਹੱਤਿਆ, ਬੀਫ ਖਾਣ, ਵਿਦੇਸ਼ੀ ਤਿਉਹਾਰ ਮਨਾਉਣ, ਮੁਸਲਮਾਨਾਂ, ਘੱਟ ਗਿਣਤੀਆਂ, ਦਲਿਤਾਂ ਤੇ ਖੱਬੇਪੱਖੀ ਇਨਕਲਾਬੀ ਲੋਕਾਂ ਤੇ ਹਮਲਿਆਂ ਤੇ ਨਫਰਤ ਵਿੱਚ ਭਾਰੀ ਵਾਧਾ ਹੋਇਆ ਸੀ।ਇਸ ਲਈ 2019 ਦੀਆਂ ਚੋਣਾਂ ਵਿੱਚ ਇਹ ਸਭ ਮੁੱਦੇ ਪਿਛੇ ਰੱਖ ਕੇ ਬੜੀ ਵਿਉਂਤਬੰਦੀ ਨਾਲ ਆਰ ਐਸ ਐਸ ਤੇ ਭਾਜਪਾ ਨੇ 'ਨਕਲੀ ਰਾਸ਼ਟਰਵਾਦ' ਤੇ 'ਨਕਲੀ ਦੇਸ਼ ਭਗਤੀ' ਨੂੰ ਮੁੱਖ ਮੁੱਦਾ ਬਣਾਇਆ।ਭਾਰਤੀ ਕਾਰਪੋਰੇਟ ਮੀਡੀਆ, ਜੋ ਕਿ ਪੂਰੀ ਤਰ੍ਹਾਂ 'ਗੋਦੀ ਮੀਡੀਆ' (ਮੋਦੀ ਮੀਡੀਆ) ਬਣ ਚੁੱਕਾ ਸੀ, ਨੇ ਹਰ ਪਾਸੇ ਇਸ ਏਜੰਡੇ ਨੂੰ ਲਾਗੂ ਕਰਨ ਲਈ ਪੂਰਾ ਜ਼ੋਰ ਲਗਾਇਆ।ਪਰ ਫਿਰ ਵੀ ਉਨ੍ਹਾਂ ਨੂੰ ਲਗਦਾ ਸੀ ਕਿ ਹਰ ਹਾਲਤ ਵਿੱਚ ਪੂਰਨ ਬਹੁਮਤ ਲਈ ਕੁਝ ਅਜਿਹਾ ਕੀਤਾ ਜਾਵੇ, ਜਿਸ ਨਾਲ ਲੋਕ ਸਭ ਕੁਝ ਭੁੱਲ-ਭੁਲਾ ਕੇ ਉਨ੍ਹਾਂ ਨੂੰ ਵੋਟਾਂ ਪਾਉਣ।ਹੁਣ ਬਿਲਕੁਲ ਸਪੱਸ਼ਟ ਹੋ ਚੁੱਕਾ ਹੈ ਕਿ ਬੜੀ ਸਾਜ਼ਿਸ਼ ਤਹਿਤ ਵੋਟਾਂ ਤੋਂ 2 ਮਹੀਨੇ ਪਹਿਲਾਂ 'ਪੁਲਵਾਮਾ, ਕਸ਼ਮੀਰ' ਦਾ ਅੱਤਵਾਦੀ ਹਮਲਾ ਕਰਵਾਇਆ ਗਿਆ।ਜਿਸਦੀ ਆੜ ਹੇਠ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਸਿਰਜਿਆ ਗਿਆ।ਮੋਦੀ ਨੂੰ ਅਜਿਹਾ ਸ਼ਕਤੀਸ਼ਾਲੀ ਲੀਡਰ ਬਣਾ ਕੇ ਪੇਸ਼ ਕੀਤਾ ਗਿਆ, ਜੋ ਪਾਕਿਸਤਾਨ ਵਲੋਂ ਕਰਵਾਏ ਗਏ (ਅਖੌਤੀ) ਅੱਤਵਾਦੀ ਹਮਲੇ ਦਾ ਘਰ ਵਿੱਚ ਘੁਸ ਕੇ ਏਅਰ ਸਟਰਾਈਕ ਕਰਨ ਵਾਲਾ ਮਾਚੋ ਲੀਡਰ ਹੈ?

ਪੁਲਵਾਮਾ ਹਮਲੇ ਦੀ ਆੜ ਹੇਠ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਕਾਰਪੋਰੇਟ ਮੀਡੀਆ ਰਾਹੀਂ ਅਜਿਹਾ ਮਾਹੌਲ ਸਿਰਜਿਆ ਗਿਆ ਕਿ ਜੇ ਕੋਈ ਪੁਲਵਾਮਾ ਹਮਲੇ ਤੋਂ ਬਿਨਾਂ ਕਿਸੇ ਹੋਰ ਮੁੱਦੇ ਤੇ ਗੱਲ ਕਰੇ, ਪਾਕਿਸਤਾਨ ਨੂੰ ਗਾਲ਼ਾਂ ਨਾ ਕੱਢੇ, ਮੁਸਲਮਾਨਾਂ ਨੂੰ ਨਫਰਤ ਨਾਲ ਨਾ ਦੇਖੇ, ਉਹ ਦੇਸ਼ ਧ੍ਰੋਹੀ ਹੈ, ਉਹ ਰਾਸ਼ਟਰ ਵਿਰੋਧੀ ਹੈ। ਫਿਰ ਅਜਿਹਾ ਧੂੰਆਂ-ਧਾਰ ਪ੍ਰਚਾਰ ਕੀਤਾ ਗਿਆ ਕਿ ਮੋਦੀ ਹੀ ਅਜਿਹਾ ਸ਼ਕਤੀਸ਼ਾਲੀ ਲੀਡਰ ਹੈ, ਜੋ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਹਮਲਿਆਂ ਤੋਂ ਬਚਾਅ ਸਕਦਾ ਹੈ ਤੇ ਉਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇ ਸਕਦਾ ਹੈ।ਅਜਿਹੇ ਮਾਹੌਲ ਵਿੱਚ ਜਿਥੇ ਉਨ੍ਹਾਂ 5 ਸਾਲ ਪਹਿਲਾਂ ਕੀਤੇ ਵਾਅਦੇ ਭੁਲਾ ਦਿੱਤੇ, ਉਥੇ ਵਿਰੋਧੀ ਪਾਰਟੀਆਂ ਕੋਲ ਵੀ ਕੋਈ ਮੁੱਦਾ ਨਹੀਂ ਰਹਿਣ ਦਿੱਤਾ।ਬਦਕਿਸਮਤੀ ਨਾਲ ਮੋਦੀ-ਅਮਿਤ ਸ਼ਾਹ ਦੀ ਜੋੜੀ ਵਲੋਂ ਝੁਲਾਈ ਝੂਠ ਦੀ ਹਨ੍ਹੇਰੀ ਅੱਗੇ ਵਿਰੋਧੀ ਧਿਰ ਦਾ ਕੋਈ ਨੇਤਾ ਤਾਂ ਕੀ, ਕੋਈ ਵਿਰੋਧੀ ਧਿਰ ਖੜ੍ਹ ਨਹੀਂ ਸਕੀ?

ਸਾਡਾ ਮੰਨਣਾ ਹੈ ਕਿ ਜੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਵੀ ਬਾਕੀ ਮੁੱਦੇ ਛੱਡ ਕੇ ਪੁਲਵਾਮਾ ਹਮਲੇ ਬਾਰੇ ਸਪੱਸ਼ਟ ਸਟੈਂਡ ਲੈ ਕੇ ਦੇਸ਼ ਨੂੰ ਦੱਸਦੀਆਂ ਕਿ ਇਹ ਹਮਲਾ ਇਨ੍ਹਾਂ ਦਾ ਆਪਣਾ ਕਾਰਾ ਹੈ, ਸਾਡੇ ਜਵਾਨ ਇਨ੍ਹਾਂ ਮਰਾਏ ਹਨ, ਇਨ੍ਹਾਂ ਦੇ ਸਰਜੀਕਲ ਸਟਰਾਈਕ ਝੂਠੇ ਤੇ ਧੋਖਾ ਹਨ, ਇਸਦੀ ਅੰਤਰ ਰਾਸ਼ਟਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਹਾਲਾਤ ਜਰੂਰ ਕੁਝ ਹੋਰ ਹੁੰਦੇ।ਮੋਦੀ-ਅਮਿਤ ਜੁੰਡਲੀ ਪਿਛਲ਼ੇ 5 ਸਾਲ ਤੋਂ ਰਾਹੁਲ ਨੂੰ 'ਪੱਪੂ' (ਨਾ-ਅਹਿਲ ਬੱਚਾ) ਕਹਿ ਕੇ ਨਕਾਰਦੀ ਸੀ ਤੇ ਰਾਹੁਲ ਨੇ ਸਾਬਿਤ ਕਰ ਦਿੱਤਾ ਕਿ ਉਹ ਸੱਚ-ਮੁੱਚ ਹੀ ਪੱਪੂ ਹੈ।ਭਾਰਤ ਦੀ ਸਮੁੱਚੀ ਵਿਰੋਧੀ ਧਿਰ ਭਾਜਪਾ ਅੱਗੇ ਨਾ ਸਿਰਫ ਨਿਮਾਣੀ-ਨਿਤਾਣੀ ਹੀ ਸਾਬਿਤ ਹੋਈ, ਸਗੋਂ ਬੜੀ ਨਾ ਅਹਿਲੀਅਤ ਵੀ ਨਿਕਲੀ, ਜੋ ਉਨ੍ਹਾਂ ਦੇ 5 ਸਾਲ ਤੋਂ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਹੋ ਰਹੇ ਯਤਨਾਂ ਦੇ ਸਨਮੁੱਖ ਕੋਈ ਵਿਉਂਤਬੰਦੀ ਨਹੀਂ ਕਰ ਸਕੀ।

ਅਸੀਂ ਪਿਛਲ਼ੇ ਕਈ ਸਾਲਾਂ ਤੋਂ ਆਪਣੀਆਂ ਲਿਖਤਾਂ ਵਿੱਚ ਪਹਿਲਾਂ ਹੀ ਕਹਿੰਦੇ ਆਏ ਹਾਂ ਕਿ ਆਰ ਐਸ ਐਸ, ਹਿਟਲਰ ਦੇ ਨਾਜ਼ੀਵਾਦ ਤੋਂ ਪ੍ਰੇਰਤ ਜਥੇਬੰਦੀ ਹੈ, ਜੋ ਪਿਛਲ਼ੇ 94 ਸਾਲ ਤੋਂ ਬੜੇ ਯੋਜਨਾਬੱਧ ਢੰਗ ਨਾਲ ਆਪਣੇ ਏਜੰਡੇ ਤੇ ਕੰਮ ਕਰ ਰਹੀ ਸੀ, ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਤੋਂ ਬੇਖਬਰ ਕਾਂਗਰਸ ਤੇ ਹੋਰ ਰਾਜਨੀਤਕ ਪਾਰਟੀਆਂ ਪਿਛਲ਼ੇ 70 ਸਾਲ ਤੋਂ ਧਰਮ ਤੇ ਜਾਤ ਅਧਾਰਿਤ ਵੋਟ ਦੀ ਰਾਜਨੀਤੀ ਕਰਦੀਆਂ ਰਹੀਆਂ ਹਨ।ਜਿਸ ਨੇ ਦੇਸ਼ ਨੂੰ ਹੁਣ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ।ਜੇ ਮੋਦੀ ਸਰਕਾਰ ਦਾ ਪਿਛਲ਼ੇ 5 ਸਾਲ ਦਾ ਕੰਮ ਕਰਨ ਦਾ ਢੰਗ ਦੇਖੋ ਤਾਂ ਉਨ੍ਹਾਂ ਉਹ ਸਾਰਾ ਕੁਝ ਹੂ-ਬ-ਹੂ ਉਸੇ ਤਰਜ ਤੇ ਹੈ, ਜਿਸ ਢੰਗ ਨਾਲ 'ਹਿਟਲਰ' ਨੇ ਰਾਜਨੀਤਕ ਢੰਗ ਨਾਲ ਪਾਵਰ ਹਥਿਆ ਕੇ ਜਰਮਨੀ ਤੇ ਕੰਟਰੋਲ ਕੀਤਾ ਸੀ ਅਤੇ ਫਾਸ਼ੀਵਾਦੀ ਆਗੂ 'ਬੈਨੀਟੋ ਮੁਸੋਲਿਨੀ' (ਇਟਲੀ ਦਾ ਫਾਸ਼ੀਵਾਦੀ ਆਗੂ) ਨੇ ਇਟਲੀ ਵਿੱਚ ਕੀਤਾ ਸੀ।ਇਨ੍ਹਾਂ ਦੋਨਾਂ ਦਾ ਝੂਠਾ ਪ੍ਰਾਪੇਗੰਡਾ ਇਤਨਾ ਕਮਾਲ ਦਾ ਸੀ ਕਿ ਉਹ ਕਹਿੰਦੇ ਸਨ ਕਿ ਝੂਠ ਨੂੰ ਜਿਤਨੀ ਸਫਾਈ ਨਾਲ ਤੇ ਵਾਰ-ਵਾਰ ਵਰਤੋ ਤਾਂ ਲੋਕ ਇਸ ਤੇ ਯਕੀਨ ਕਰਨ ਲਗਦੇ ਹਨ।ਬੇਸ਼ਕ ਉਨ੍ਹਾਂ ਸਮਿਆਂ ਵਿੱਚ ਅੱਜ ਵਾਂਗ ਮੀਡੀਆ ਨਹੀਂ ਸੀ ਤਾਂ ਵੀ 'ਨਾਜ਼ੀਆਂ' ਤੇ 'ਫਾਸ਼ੀਆਂ' ਨੇ ਬਾ-ਕਮਾਲ ਆਪਣਾ ਝੂਠ ਨਾ ਸਰਿਫ ਆਪਣੇ ਦੇਸ਼ ਵਾਸੀਆਂ ਨੂੰ ਵੇਚਿਆ, ਸਗੋਂ ਸਾਰੀ ਦੁਨੀਆਂ ਵੀ ਉਨ੍ਹਾਂ ਦੇ ਝੂਠ ਅੱਗੇ ਗੋਡੇ ਟੇਕ ਗਈ ਸੀ।ਅੱਜ ਹਿੰਦੂਤਵੀ ਹਾਕਮਾਂ ਕੋਲ ਕਾਰਪੋਰੇਟ ਮੀਡੀਆ ਇੱਕ ਬਹੁਤ ਵੱਡਾ ਹਥਿਆਰ ਹੈ, ਜਿਸਨੂੰ ਉਨ੍ਹਾਂ ਬਾਖੂਬੀ ਵਰਤਿਆ ਤੇ ਲੋਕਾਂ ਨੇ ਉਨ੍ਹਾਂ ਦਾ ਝੂਠ ਥੋਕ ਦੇ ਭਾਅ ਖਰੀਦਿਆ।

ਅੱਜ ਪੱਛਮੀ ਸਰਮਾਏਦਾਰ ਤਾਕਤਾਂ ਵੀ ਹਿੰਦੂਤਵੀਆਂ ਦਾ ਝੂਠ ਬੜੀ ਆਸਨੀ ਨਾਲ ਖਰੀਦ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਰਾਜਨੀਤਕ ਤੇ ਆਰਥਿਕ ਹਿੱਤਾਂ ਨੂੰ ਇਹ ਫਿੱਟ ਬੈਠ ਰਿਹਾ ਹੈ।ਪਰ ਉਨ੍ਹਾਂ ਨੂੰ ਨਾਜ਼ੀਆਂ ਤੇ ਫਾਸ਼ੀਆਂ ਦਾ ਇਤਿਹਾਸ ਭੁੱਲਣਾ ਨਹੀਂ ਚਾਹੀਦਾ, ਉਨ੍ਹਾਂ ਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਉਸ ਵਕਤ ਵੀ ਉਨ੍ਹਾਂ ਦੀ ਚੁੱਪੀ ਨੇ ਦੂਜੀ ਸੰਸਾਰ ਜੰਗ ਨੂੰ ਜਨਮ ਦਿੱਤਾ ਸੀ ਤੇ ਹੁਣ ਫਿਰ ਪੱਛਮੀ ਸਰਮਾਏਦਾਰ ਤਾਕਤਾਂ ਆਪਣੇ ਆਰਥਿਕ ਤੇ ਸੌੜੇ ਸਿਆਸੀ ਲਾਭਾਂ ਲਈ ਸਿਰਫ ਸਾਊਥ ਏਸ਼ੀਆ ਨੂੰ ਹੀ ਨਹੀਂ, ਸਗੋਂ ਸਮੁੱਚੇ ਸੰਸਾਰ ਨੂੰ ਤੀਜੀ ਸੰਸਾਰ ਜੰਗ ਵੱਲ ਧੱਕ ਰਹੀਆਂ ਹਨ।ਸਾਨੂੰ ਇਹ ਵੀ ਯਾਦ ਰਹਿਣਾ ਚਾਹੀਦਾ ਹੈ ਕਿ ਉਸ ਵਕਤ ਤੇ ਸਿਰਫ ਕੁਝ ਪੱਛਮੀ ਦੇਸ਼ਾਂ ਕੋਲ ਹੀ ਅਟੌਮਿਕ ਜਾਂ ਨੁਕਲੀਅਤ ਹਥਿਆਰ ਸਨ, ਅੱਜ ਦੇ ਹਿੰਦੂਤਵੀ, ਨਜ਼ੀਆਂ ਤੇ ਫਾਸ਼ੀਆਂ ਕੋਲ ਬੜੇ ਮਾਰੂ ਨੁਕਲੀਅਰ ਹਥਿਆਰ ਹਨ, ਜੇ ਇਨ੍ਹਾਂ ਨੂੰ ਹੁਣੇ ਹੀ ਨੱਥ ਨਾ ਪਾਈ ਤਾਂ ਹੋਣ ਵਾਲੀ ਤਬਾਹੀ ਲਈ ਸਭ ਜ਼ਿੰਮੇਵਾਰ ਹੋਣਗੇ।

ਜੇ ਭਾਰਤ ਦੇ ਅੰਦਰੂਨੀ ਪੱਖ ਤੋਂ ਦੇਖੀਏ ਤਾਂ ਅਗਲੇ 5 ਸਾਲਾਂ ਵਿੱਚ ਇਸ ਗੱਲ ਦੇ ਪੂਰਨ ਆਸਾਰ ਹਨ ਕਿ ਆਰ ਐਸ ਐਸ ਆਪਣੇ 94 ਸਾਲ ਪੁਰਾਣੇ ਸੁਪਨੇ ਜਾਂ ਏਜੰਡੇ ਅਨੁਸਾਰ ਭਾਰਤ ਨੂੰ ਧਰਮ ਅਧਾਰਿਤ 'ਹਿੰਦੂ ਰਾਸ਼ਟਰ' ਐਲਾਨ ਸਕਦੀ ਹੈ।ਜੇ ਨਾ ਵੀ ਕਰ ਪਾਈ ਤਾਂ ਉਸਦੀ ਸੈਕੂਲਰ ਸਪਿਰਟ ਖਤਮ ਕਰ ਦੇਵੇਗੀ।ਪਰ ਇਸ ਲਈ ਉਹ ਪਹਿਲਾਂ ਭਾਰਤੀ ਸੰਵਿਧਾਨ ਦੇ ਸੈਕੂਲਰ, ਸੋਸ਼ਲਲਿਸਟ ਤੇ ਡੈਮੋਕਰੈਟਿਕ ਆਧਾਰ ਨੂੰ ਖਤਮ ਕਰੇਗੀ।ਕਸ਼ਮੀਰ ਵਿੱਚ ਲਾਗੂ ਧਾਰਾ 371, ਜਿਸ ਰਾਹੀਂ ਉਨ੍ਹਾਂ ਨੂੰ ਭਾਰਤ ਨਾਲ ਰਹਿਣ ਲਈ ਵਿਸ਼ੇਸ਼ ਅਧਿਕਾਰ ਹਨ, ਖਤਮ ਕੀਤੀ ਜਾ ਸਕਦੀ ਹੈ? ਕਸ਼ਮੀਰ ਵਿੱਚ ਲਾਗੂ ਧਾਰਾ 35A ਨੂੰ ਖਤਮ ਕੀਤਾ ਜਾਵੇਗਾ, ਜੋ ਕਸ਼ਮੀਰ ਸਰਕਾਰ ਨੂੰ ਕਸ਼ਮੀਰ ਵਿੱਚ ਕਿਸੇ ਨੂੰ ਨਾਗਰਿਕਤਾ ਦੇਣ ਜਾਂ ਨਾ ਦੇਣ ਦਾ ਅਧਿਕਾਰ ਦਿੰਦੀ ਹੈ।ਹਿੰਦੂਤਵੀ ਹਾਕਮਾਂ ਦੇ ਮਨੁੱਖਤਾ ਵਿਰੋਧੀ ਤੇ ਕਨੂੰਨ ਵਿਰੋਧੀ ਕੰਮਾਂ ਲਈ ਵਿਰੋਧ ਵਿੱਚ ਉਠਣ ਵਾਲੀਆਂ ਆਵਾਜਾਂ ਨੂੰ ਕੁਚਲਣ ਲਈ ਨਵੇਂ ਕਾਲੇ ਕਨੂੰਨ ਬਣਾਏ ਜਾਣਗੇ? ਬਾਬਰੀ ਮਸਜਿਦ ਸਮੇਤ ਕਈ ਹੋਰ ਮਸਜਿਦਾਂ ਨੂੰ ਮੰਦਰ ਬਣਾਇਆ ਜਾਵੇਗਾ?

ਭਾਰਤ ਵਿੱਚ ਦੋ ਕਿਸਮ ਦੀ ਨਾਗਰਿਕਤਾ ਲਾਗੂ ਕੀਤੀ ਜਾਵੇਗੀ, ਇੱਕ ਉਹ ਲੋਕ ਜੋ ਹਿੰਦੂ ਹਨ (ਜਾਂ ਧਾਰਾ 25 ਅਨੁਸਾਰ ਜੈਨੀ, ਬੋਧੀ, ਸਿੱਖ ਆਦਿ ਹਿੰਦੂਆਂ ਵਿੱਚ ਆਉਂਦੇ ਹਨ) ਲਈ ਅਸਲੀ ਭਾਰਤੀ ਨਾਗਰਿਕਤਾ ਹੋਵੇਗੀ ਅਤੇ ਦੂਜੀ ਬਾਹਰੋਂ ਆਏ ਮੁਸਲਮਾਨਾਂ ਤੇ ਇਸਾਈਆਂ ਲਈ ਹੋਵੇਗੀ? ਉਨ੍ਹਾਂ ਨੂੰ ਦੂਜੇ ਦਰਜੇ ਦੇ ਸਿਟੀਜਨ ਬਣਾਇਆ ਜਾਵੇਗਾ ਤੇ ਉਨ੍ਹਾਂ ਨੂੰ ਹਿੰਦੂ ਰਾਸ਼ਟਰ ਪ੍ਰਤੀ ਵਚਨਬੱਧਤਾ ਸਾਬਿਤ ਕਰਨੀ ਪਵੇਗੀ।ਮਾਨਵਤਾ ਵਿਰੋਧੀ ਗ੍ਰੰਥ 'ਮਨੂ-ਸਿਮਰਤੀ' ਅਧਾਰਿਤ 'ਹਿੰਦੂ ਸਟੇਟ' ਦਾ ਸੰਵਿਧਾਨ ਬਣਾਇਆ ਜਾਵੇਗਾ।ਦਲਿਤਾਂ, ਅਨੁ-ਸੂਚਿਤ ਜਾਤੀਆਂ, ਆਦਿ ਵਾਸੀਆਂ ਨੂੰ ਰਿਜ਼ਰਵੇਸ਼ਨ ਰਾਹੀਂ ਮਿਲੇ ਵਿਸ਼ੇਸ਼ ਅਧਿਕਾਰ ਖਤਮ ਕੀਤੇ ਜਾ ਸਕਦੇ ਹਨ।'ਹਿੰਦੂ ਨੇਸ਼ਨ' ਦੀ ਧੌਂਸ ਜਮਾਉਣ ਲਈ ਪਾਕਿਸਤਾਨ ਤੇ ਹਮਲਾ ਵੀ ਕੀਤਾ ਜਾ ਸਕਦਾ ਹੈ ਅਤੇ ਬੰਗਲਾ ਦੇਸ਼ ਵਾਂਗ ਪਾਕਿਸਤਾਨ ਨੂੰ ਤੋੜਨ ਲਈ 'ਬਲੋਚਿਸਤਾਨ' ਵਿੱਚ ਸ਼ਹਿ ਦਿੱਤੀ ਜਾਵੇਗੀ ਤਾਂ ਕਿ ਪਾਕਿਸਤਾਨ ਦੇ ਹੋਰ ਟੁਕੜੇ ਕੀਤੇ ਜਾਣ।

ਸਮਾਂ ਵਾਜਾਂ ਮਾਰ ਰਿਹਾ ਹੈ, ਨਾ ਸਿਰਫ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਆਪਣੇ ਦੇਸ਼ ਤੇ ਸਾਊਥ ਏਸ਼ੀਆ ਨੂੰ ਤਬਾਹੀ ਤੋਂ ਬਚਾਉਣ ਲਈ 'ਹਿੰਦੂਤਵੀ' ਨਾਜ਼ੀ ਤੇ ਫਾਸ਼ੀ ਹਾਕਮਾਂ ਦਾ ਭਾਂਡਾ ਸੰਸਾਰ ਪੱਧਰ ਤੇ ਭੰਨਿਆ ਜਾਣਾ ਚਾਹੀਦਾ ਹੈ।ਉਥੇ ਪੱਛਮੀ ਸਰਮਾਏਦਾਰ ਤਾਕਤਾਂ ਨੂੰ ਵੀ ਆਪਣੇ ਸੌੜੇ ਸਿਆਸੀ ਤੇ ਆਰਥਿਕ ਹਿੱਤਾਂ ਲਈ ਮਨੁੱਖਤਾ ਦੀ ਬਲ਼ੀ ਦੇਣ ਤੋਂ ਸ਼ਰਮ ਕਰਨੀ ਚਾਹੀਦੀ ਹੈ, ਇਸ ਲਈ ਵੀ ਭਾਰਤੀ ਲੋਕਾਂ ਨੂੰ ਆਪਣਾ ਰੋਲ ਅਦਾ ਕਰਨਾ ਪਵੇਗਾ।ਸਾਡਾ ਮੰਨਣਾ ਹੈ ਕਿ ਜੇ ਅਜਿਹਾ ਨਾ ਹੋਇਆ ਤਾਂ 'ਹਿੰਦੂਤਵੀ ਹਾਕਮਾਂ' ਤੋਂ ਘੱਟ ਗਿਣਤੀਆਂ ਤੇ ਖਾਸਕਰ ਮੁਸਲਮਾਨਾਂ, ਸਿੱਖਾਂ, ਇਸਾਈਆਂ, ਆਦਿ ਵਾਸੀਆਂ, ਦਲਿਤਾਂ ਆਦਿ ਦੇ ਕਤਲੇਆਮ ਤੋਂ ਕੋਈ ਬਚਾਅ ਨਹੀਂ ਸਕੇਗਾ? ਜਿਸ ਨਾਲ ਅੰਦਰੂਨੀ ਖਾਨਜੰਗੀ ਹੋਵੇਗੀ ਅਤੇ ਭਾਰਤ ਦੇ ਕਈ ਟੁਕੜੇ ਹੋਣਗੇ? ਪਰ ਜਾਤੀਵਾਦ ਤੇ ਹਿੰਦੂਤਵ ਦੇ ਜਨੂੰਨ ਤੇ ਨਫਰਤ ਨਾਲ ਭਰੇ ਹੋਏ ਲੋਕਾਂ ਮਨੁੱਖਤਾ ਜਾਂ ਦੇਸ਼ ਨਾਲ ਕੋਈ ਹਮਦਰਦੀ ਨਹੀਂ, ਸਗੋਂ ਆਪਣਾ ਏਜੰਡਾ ਪ੍ਰਮੁੱਖ ਹੈ, ਜਿਸਨੂੰ ਜਿਤਨਾ ਰੋਕ ਸਕਦੇ ਹਾਂ, ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰੀਏ? ਜੇ ਦੇਸ਼ ਵਿੱਚ ਨਹੀਂ ਤਾਂ ਵਿਦੇਸ਼ਾਂ ਵਿੱਚ ਸਿੱਖਾਂ, ਮੁਸਲਮਾਨਾਂ, ਹੋਰ ਧਾਰਮਿਕ ਘੱਟ ਗਿਣਤੀਆਂ, ਆਦਿ ਵਾਸੀਆਂ, ਕਸ਼ਮੀਰੀਆਂ, ਖੱਬੇ-ਪੱਖੀ ਇਨਕਲਾਬੀ ਲੋਕਾਂ ਨੂੰ ਕੋਈ ਸਾਂਝਾ ਮੁਹਾਝ ਬਣਾਉਣ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਖਤਰੇ ਲਈ ਤਿਆਰੀ ਕੀਤੀ ਜਾ ਸਕੇ।


(ਮੁੱਖ ਸੰਪਾਦਕ-ਸਿੱਖ ਵਿਰਸਾ ਇੰਟਰਨੈਸ਼ਨਲ)
ਸੰਪਰਕ.: 403-681-8689 Email: [email protected]


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ