ਜ਼ੁਬਾਨ ਬੰਦ ਰੱਖੋ ਸਵਾਲ ਕਰਨਾ ਦੇਸ਼ਧ੍ਰੋਹ ਹੋ ਸਕਦਾ ਹੈ -ਨਰਾਇਣ ਦੱਤ
Posted on:- 16-05-2019
ਲੋਕ ਸਭਾ ਚੋਣਾਂ ਦੇ ਮਘੇ ਹੋਏ ਦੌਰ'ਚ ਕੇਂਦਰੀ ਹਕੂਮਤੀ ਗੱਦੀ ਉੱਪਰ ਕਬਜ਼ੇ ਦੀ ਖੋਹ ਖਿੰਝ 'ਚ ਲੋਕਾਂ ਦੇ ਬੁਨਿਆਦੀ ਮੁੱਦੇ ਹਾਕਮਾਂ ਨੇ ਪੂਰੀ ਤਰ੍ਹਾਂ ਵਿਸਾਰੇ ਹੋਏ ਹਨ। ਸਮਾਜ ਦੇ ਜਾਗਰਿਤ ਹੋਏ ਹਿੱਸੇ ਨੇ ਵੇਟਾਂ ਮੰਗਣ ਆਏ ਵੋਟ ਮੰਗਤਿਆਂ ਨੂੰ ਪਿਛਲੀਆਂ ਚੋਣਾਂ ਦੇ ਅਰਸੇ ਦੌਰਾਨ ਇਨ੍ਹਾਂ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਬਾਰੇ ਲੋਕ ਸੱਥਾਂ 'ਚ ਸਵਾਲ ਪੁੱਛਣੇ ਸ਼ੁਰੂ ਕੀਤੇ ਹਨ। ਇਸ ਮੁਹਿੰਮ ਤੋਂ ਪਾਰਲੀਮਾਨੀ ਪਾਰਟੀਆਂ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਆਕੇ ਗੁੰਡਾਗਰਦੀ ਉੱਪਰ ਉਤਾਰੂ ਹੋ ਗਈਆਂ ਹਨ।
ਇਸ ਤਰ੍ਹਾਂ ਦੇ ਵਰਤਾੳ ਅਸੱਭਿਅਕ, ਗੈਰ ਜ਼ਿੰਮੇਵਾਰਾਨਾ, ਗੈਰਜਮਹੂਰੀ, ਤਾਨਾਸ਼ਾਹ,ਅਤਿ ਨਿੰਦਣਯੋਗ ਹੈ। ਸਮਾਜ ਦੇ ਪੜ੍ਹੇ ਲਿਖੇ ਸੂਝਵਾਨ ਨਾਗਰਿਕਾਂ ਨਾਲ ਇਸ ਤਰ੍ਹਾਂ ਪੇਸ਼ ਆਉਣ ਵਾਲੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣੇ ਚਾਹੀਦੇ ਹਨ। ਮੁਲਕ ਪੱਧਰ ਤੇ ਲੋਕ ਸਭਾ ਚੋਣਾਂ ਦਾ ਅਖਾੜਾ ਪੂਰਾ ਮਘਿਆ ਹੋਇਆ ਹੈ। ਸਿਆਸੀ ਭਲਵਾਨ ਹਕੂਮਤੀ ਗੱਦੀ ਉੱਪਰ ਕਾਬਜ਼ ਹੋਣ ਲਈ ਤਰਲੋਮੱਛੀ ਹੋ ਰਹੇ ਹਨ। ਇੱਕ ਦੂਜੇ ਨਾਲੋਂ ਵਧਕੇ ਪਸੀਨਾ ਵਹਾ ਰਹੇ ਹਨ। ਇੱਜ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ।
ਚੋਣ ਪਰਚਾਰ ਦਾ ਪੱਧਰ ਇਸ ਕਦਰ ਨੀਵਾਂ ਹੋ ਗਿਆ ਹੈ ਕਿ ਇਸ ਨੇ ਅਖੌਤੀ ਅਜ਼ਾਦੀ ਮਿਲਣ ਉਪਰੰਤ 16 ਵਾਰ ਹੋਈਆਂ ਲੋਕ ਸਭਾ ਚੋਣਾਂ ਦੇ ਰਿਕਾਰਡ ਮਾਤ ਪਾ ਦਿੱਤੇ ਹਨ। ਦੋਸ਼ ਪ੍ਰਤੀ ਦੋਸ਼ ਦਾ ਪੱਧਰ ਇਸ ਕਦਰ ਨੀਵਾਂ ਹੋ ਚੁੱਕਾ ਹੈ ਕਿ ਸੁਣਦਿਆਂ/ਪੜਦਿਆਂ ਵੀ ਸ਼ਰਮ ਆਉਂਦੀ ਹੈ। ਪਰ ਸਟਾਰ ਪਰਚਾਰਕਾਂ ਨੇ ਸ਼ਰਮ ਹਿਆ ਦੇ ਸਭ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ। 72 ਸਾਲ ਦੇ ਅਰਸੇ ਦੌਰਾਨ ਮੁੱਖ ਤੌਰ 'ਤੇ ਵੱਧ ਸਮਾਂ ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ,ਬੀਜੇਪੀ ਦੀ ਅਗਵਾਈ ਵਾਲੇ ਐਨ.ਡੀ.ਏ ਦੇ ਕੋੜਮੇ ਤੋਂ ਇਲਾਵਾ ਜਨਤਾ ਪਾਰਟੀ ਦੀ ਅਗਵਾਈ ਵਾਲੀ ਡੱਡੂਆਂ ਦੀ ਪੰਸੇਰੀ ਨੇ ਵੀ ਕੁੱਝ ਸਮਾਂ ਰਾਜ ਸੱਤਾ ਦਾ ਆਨੰਦ ਮਾਣਿਆ ਹੈ। ਐਮਰਜੈਂਸੀ 75-77 ਵਾਲਾ ਸਮਾਂ ਅਜਿਹਾ ਵੀ ਸੀ ਜਦ ਕੋਈ ਵੀ ਚੁਣੀ ਹੋਈ ਸਰਕਾਰ ਨਹੀਂ ਸੀ,ਸਿੱਧਾ ਰਾਸ਼ਟਰਪਤੀ ਰਾਜ ਸੀ। ਸਮਾਜਵਾਦ, ਗਰੀਬੀ ਹਟਾਉ,ਵਧੇਰੇ ਅੰਨ ਉਗਾਉ,ਜੈ ਜਵਾਨ-ਜੈ ਕਿਸਾਨ ਤੋਂ ਸ਼ੁਰੂ ਹੋਇਆ ਵਾਅਦਿਆਂ/ਲਾਰਿਆਂ ਦਾ ਦੌਰ 15 ਲੱਖ ਰੁ.ਹਰੇਕ ਦੇ ਖਾਤੇ ਵਿੱਚ ਪਹੁੰਚਣ ਤੱਕ ਦੇ ਦੌਰ'ਚ ਪੁੱਜਕੇ 'ਚੋਣ ਜੁਮਲੇ’ ਸਾਬਤ ਹੁੰਦਾ ਹੋਇਆ ਅਖੌਤੀ ਦੇਸ਼ ਭਗਤੀ/ਰੲਾਸ਼ਟਰਵਾਦ ਤੱਕ ਪੁੱਜ ਗਿਆ ਹੈ। ਮੁਲਕ ਦਾ ਚੌਕੀਦਾਰ 136 ਕਰੋੜ ਭਾਰਤੀ ਲੋਕਾਂ ਦੀ ਰਾਖੀ ਨਹੀਂ ਚੰਦ ਕੁ ਅਮੀਰ ਘਰਾਣਿਆਂ ਅਡਾਨੀਆਂ,ਅੰਬਾਨੀਆਂ,ਮਿੱਤਲਾਂ,ਮੋਦੀਆਂ,ਮਾਲਿਆਂ,ਮਹੁਲ ਚੌਕਸੀਆਂ ਦਾ ਰਖੈਲ ਬਣ ਗਿਆ ਹੈ। ਇਸ ਮੁਲਕ ਦੇ ਚੌਕੀਦਾਰ ਦੀ 'ਰਾਖੀ/ਮਿਹਰਬਾਨੀ ਸਦਕਾ'ਦਹਿ ਹਜਾਰਾਂ ਕਰੋੜਾਂ ਰੁ.ਲੈਕੇ ਫਰਾਰ ਹੋ ਚੁੱਕੇ ਹਨ। 'ਸਬ ਕਾ ਸਾਥ-ਸਬ ਕਾ ਵਿਕਾਸ' ਦਾ ਹਸ਼ਰ ਇਹ ਹੈ ਕਿ ਵੱਡੇ ਸਨਅਤੀ ਘਰਾਣਿਆਂ ਦੇ ਪਿਛਲੇ ਪੰਦਰਾਂ ਸਾਲਾਂ ਦੇ ਅਰਸੇ ਦੌਰਾਨ ੫੩ ਲੱਖ ਕਰੋੜ ਰੁ. ਦੀਆਂ ਟੈਕਸ ਛੋਟਾਂ ਅਤੇ 7 ਸੱਤ ਕਰੋੜ ਰੁ.ਦੇ ਕਰਜੇ ਉੱਪਰ ਲਕੀਰ ਮਾਰੀ ਹੈ। ਇੱਕ ਪ੍ਰਤੀਸ਼ਤ ਉੱਪਰਲੇ ਚੰਦ ਅਮੀਰ ਅਰਾਣਿਆਂ ਕੋਲ ਮੁਲਕ ਦੀ ੭੩% ਧਨ ਦੌਲਤ ਇਕੱਠੀ ਹੋ ਗਈ ਹੈ। 99% ਲੋਕਾਂ ਦੇ ਹਿੱਸੇ ਮਹਿਜ 27% ਧਨ ਦੌਲਤ ਰਹਿ ਗਈ ਹੈ। ਹੁਣ ਤਾਂ ਮੁਲਕ ਦੇ ਚੌਕੀਦਾਰ ਦੀ ਮਿਹਰ ਸਦਕਾ ਮੁਲਕ ਦੇ ੯ ਵੱਡੇ ਅਮੀਰ ਘਰਾਣਿਆਂ ਦੀ ਜਾਇਦਾਦ ਮੁਲਕ ਦੀ 50 % ਪੈਦਾਵਾਰ ਦੇ ਬਰਾਬਰ ਪੁੱਜ ਗਈ ਹੈ। ਖੇਤੀ ਖੇਤਰ ਤਬਾਹੀ ਦੇ ਕੰਢੇ ਪਹੁੰਚ ਹਿਆ ਹੈ। 50 % ਨਿਰਭਰ ਵਸੋਂ ਵਾਲੇ ਇਸ ਖੇਤਰ ਦਾ ਕੁੱਲ ਪੈਦਾਵਾਰ'ਚ ਹਿੱਸਾ 14 % ਤੱਕ ਸੁੰਗੜ ਗਿਆ ਹੈ। ਮੁਲਕ ਦੇ ਕਿਸਾਨ ਸਿਰ 2015 ਤੱਕ 12.6 ਲੱਖ ਕਰੋੜ ਤੋਂ ਵੱਧ ਕਰਜਾ ਗੰਭੀਰ ਖਤਰੇ ਦਾ ਸੂਚਕ ਹੈ। ਸੋਨ ਰੰਗੀਆਂ ਫਸਲਾਂ ਪੈਦਾ ਕਰਨ ਵਾਲੀ ਧਰਤੀ ਦੀ ਹਿੱਕ ਉੱਤੇ ਹੁਣ 'ਖੁਦਕਸ਼ੀਆਂ ਦੀ ਖੇਤੀ' ਉੱਗ ਰਹੀ ਹੈ। ਮਹਿਜ ਮੁਲਕ ਦੇ 1.5 % ਖੇਤਰਫਲ ਵਾਲੇ ਇਕੱਲੇ ਪੰਜਾਬ ਦੇ ਕਿਸਾਨਾਂ ਸਿਰ ਕਰਜਾ 90 ਹਜਾਰ ਕਰੋੜ ਨੂੰ ਪਾਰ ਕਰ ਚੁੱਕਾ ਹੈ। ਪਿਛਲੇ ਪੰਦਰਾਂ ਸਾਲਾਂ(2001-2015) ਦੌਰਾਨ ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ-ਮਜਦੂਰਾਂ ਦੀਆਂ ਖੁਦਕਸ਼ੀਆਂ ਦਾ ਅੰਕੜਾ ਸਾਢੇ ਤਿੰਨ ਲੱਖ ਨੂੰ ਢੁੱਕਣ ਵਾਲਾ ਹੈ। ਕਿਸਾਨੀ ਦੀ ਇਹ ਹਾਲਾਤ ਦ ਹਿੰਦੂ ਦੇ ਪੇੰਡੂ ਖੇਤਰ ਦੇ ਸੰਪਾਦਕ ਰਹੇ ਪੀ.ਸਾਈਨਾਥ ਅਨੁਸਾਰ ਮੁਲਕ ਦੀ ਸੱਭਿਅਤਾ ਦਾ ਸੰਕਟ ਬਣ ਚੁੱਕੀ ਹੈ। ਹਕੂਮਤੀ ਕੁਰਸੀ ਉੱਪਰ ਕਾਬਜ ਅਤੇ ਕਾਬਜ ਰਹੀਆਂ ਹਾਕਮ ਜਮਾਤੀ ਪਾਰਟੀਆਂ ਵੱਲੋਂ ਗੱਜਵੱਜ ਕੇ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ ਵਿਸ਼ਵੀਕਰਨ,ਉਦਾਰੀਕਰਨ,ਨਿੱਜੀਕਰਨ ਇਸੇ ਅਰਸੇ ਦੌਰਾਨ 2 ਕਰੋੜ ਸਵੈ ਰੁਜਗਾਰ ਖੇਤੀ ਧੰਦੇ ਵਿੱਚੋ ਕਿਸਾਨ-ਮਜ਼ਦੂਰ ਬਾਹਰ ਧੱਕੇ ਜਾ ਗਏ ਹਨ। ਖੇਤੀ ਸੰਕਟ ਕਾਰਨ ਹੀ ਬੇਰੁਜਗਾਰੀ ਦਾ ਅੰਕੜਾ 6.2% ਨੂੰ ਪਹੁੰਚਕੇ ਪਿਛਲੇ 45 ਸਾਲ ਦੇ ਅਰਸੇ ਦੌਰਾਨ ਸਭ ਤੋਂ ਵਧੇਰੇ ਪਹੁੰਚ ਗਿਆ ਹੈ। ਇਸੇ ਕਰਕੇ ਖੁਦਕਸ਼ੀਆਂ ਦਾ ਵਰਤਾਰਾ ਕਿਸਾਨਾਂ-ਮਜਦੂਰਾਂ ਤੋਂ ਇਲਾਵਾ ਨੌਜਵਾਨਾਂ ਵਿੱਚ ਵੀ ਲਗਾਤਾਰ ਵਧ ਰਿਹਾ ਹੈ। ਜਿੱਥੇ ਇਹ ਸੰਕਟ ਲਗਾਤਾਰ ਤਿੱਖਾ ਹੋ ਰਿਹਾ ਹੈ ਤਾਂ ਤਸਵੀਰ ਦਾ ਦੂਸਰਾ ਪਾਸੇ ਵੀ ਸਾਹਮਣੇ ਆ ਰਿਹਾ ਹੈ। ਸੁਚੇਤ ਜਥੇਬੰਦ ਹੋਣ ਦੀ ਹਵਾ ਰੁਮਕਣ ਲੱਗੀ ਹੈ। ਬੇਰੁਜਗਾਰੀ ਦੇ ਝੰਬੇ ਨੌਜਵਾਨਾਂ ਅਤੇ ਕਿਸਾਨਾਂ-ਮਜਦੂਰਾਂ ਦੇ ਜਥੇਬੰਦ ਹਿੱਸਿਆਂ ਨੇ ਪਿੰਡਾਂ ਦੀਆਂ ਸੱਥਾਂ'ਚ ਵੋਟਾਂ ਮੰਗਣ ਆਏ ਲੀਡਰਾਂ ਕੋਲੋਂ ਪਿਛਲੇ ਸਮੇਂ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ 'ਸੁਲੱਖਣੇ' ਵਰਤਾਰੇ ਦੀ ਤਾਂ ਕਦੇ ਇਨ੍ਹਾਂ ਆਸ ਵੀ ਨਹੀਂ ਸੀ ਰੱਖੀ। ਹਰ ਵਾਰ ਲੋਕਾਂ ਨੂੰ ਜੁਮਲੇ ਵੇਚ ਕੇ ਉੱਤਰ ਕਾਟੋ ਮੈਂ ਚੜ੍ਹਾਂ ਦੀ ਉਮੀਦ ਪਾਲੀ ਬੈਠੇ ਸਿਆਸਤਦਾਨਾਂ ਲਈ ਇਹ ਵਰਤਾਰਾ ਸਿਰਦਰਦੀ ਬਣਿਆ ਹੋਇਆ ਹੈ। ਹਰ ਜਗ੍ਹਾ ਸੁਆਲਾਂ ਤੋਂ ਬੁਖਲਾਏ ਹੋਏ 'ਦੁੰਬ ਦਬਾਕੇ' ਭੱਜਣ ਲਈ ਮਜਬੂਰ ਹੋ ਰਹੇ ਹਨ। ਕਿਸੇ ਥਾਂ ਤੇ ਗੁੰਡਾਗਰਦੀ ਦੇ ਨਾਚ ਦਾ ਸਵਾਲ ਕਰਨ ਵਾਲਿਆਂ ਨੂੰ 'ਥੱਪੜਾਂ ਦੀ ਬਰਸਾਤ'ਰਾਹੀਂ ਪ੍ਰਗਟਾਵਾ ਕਰ ਰਹੇ ਹਨ। ਅਜਿਹਾ ਕਰਕੇ ਹਾਕਮ ਜਮਾਤੀ ਪਾਰਟੀਆਂ ਦੇ ਨੁਮਾਇੰਦੇ ਅਖੌਤੀ ਜਮਹੂਰੀਅਤ ਦਾ ਪਰਦਾ ਖੁਦ ਹੀ ਲੀਰੋ ਲੀਰ ਕਰ ਰਹੇ ਹਨ। ਜੇਕਰ ਮੁਲਕ ਦਾ ਚੌਕੀਦਾਰ ਰਵੀਸ਼ ਕੁਮਾਰ ਜਿਹੇ ਪੱਤਰਕਾਰਾਂ ਨਾਲ ਮਨ ਕੀ ਬਾਤ ਸਾਂਝੀ ਕਰਨ ਲਈ ਤਿਆਰ ਨਹੀ। ਆਪਣੇ ਦੁਆਲੇ ਪੂਰੀ ਗੋਦੀ ਮੀਡੀਆਂ ਦੀ ਫੌਜ ਖੜੀ ਕਰ ਰੱਖੀ ਹੈ। ਛੋਟੀ ਪੱਧਰ ਦੇ ਲੋਕਾਂ'ਚ ਆੳਣ ਵਾਲੇ ਲੀਡਰ ਮਜਬੂਰੀ ਵੱਸ ਪੰਜ ਸਾਲਾਂ ਬਾਅਦ ਕੁੱਝ ਦਿਨਾਂ ਲਈ ਲੋਕਾਂ ਦੀਆਂ ਦੇਹਲੀਆਂ ਤੇ ਰਗੜ ਮੱਥਾ ਕਰਨ ਲਈ ਮਜਬੂਰ ਹਨ । ਅਸਲ ਵਿੱਚ 72 ਸਾਲਾਂ ਦੇ ਧੋਖੇ ਭਰੀ ਚੋਣ ਖੇਡ ਰਾਹੀਂ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ਦਾ ਨਤੀਜਾ ਹੈ। ਜੇਕਰ ਇਉਂ ਹੀ ਸਵਾਲ਼ਾਂ ਦਾ ਸ਼ੁਰੂ ਹੋਇਆ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਮਸਲਾ ਮਹਿਜ ਸਵਾਲਾਂ ਤੱਕ ਮਹਿਦੂਦ ਨਹੀਂ ਰਹਿਣਾ। ਲਾਜ਼ਮੀ ਹੀ ਅਗਲਾ ਕਦਮ ਹੋਰ ਤਿੱਖਾ ਅਤੇ ਵਿਆਪਕ ਲੋਕ ਰੋਹ'ਚ ਤਬਦੀਲ ਹੋਵੇਗਾ। ਹਾਕਮਾਂ ਨੂੰ ਫਿਕਰ ਸਹੇ ਦਾ ਨਹੀਂ ਪਹੇ ਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਕਮਾਂ ਨੇ ਮਾਨਸਿਕ ਪੱਧਰ'ਤੇ ਹੀਣੇ ਬਣਾ ਛੱਡਿਆ ਹੈ,ਜਦ ਉਹੀ ਲੋਕ ਜਥੇਬੰਦ ਹੋਕੇ ਅਜਿਹੇ ਕਦਮ ਚੁੱਕਦੇ ਤਾਂ ਅਜਿਹਾ ਵਰਤਾਰਾ ਹਾਕਮ ਜਮਾਤੀ ਪਾਰਟੀਆਂ ਦੇ ਲੀਡਰਾਂ ਨੂੰ ਕਦਾਚਿਤ ਵੀ ਮਨਜੂਰ ਨਹੀਂ ਹੋਵੇਗਾ। ਇਸ ਲਈ ਅਜਿਹੇ ਲੋਕਾਂ ਦੇ ਕਦਮਾਂ ਨੂੰ ਹੱਲਾਸ਼ੇਰੀ ਦਿੰਦਿਆਂ ਚੇਤੰਨ ਹਿੱਸਿਆਂ ਦੀ ਜਥੇਬੰਦਕ ਲੋਅ ਨੂੰ ਲਾਜਮੀ ਅਗਲੇਰੇ ਪੜਾਅ 'ਜਥੇਬੰਦ ਹੋਕੇ ਹੱਕ ਹਾਸਲ ਕਰਨ ਤੋਂ ਅੱਗੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਚੱਲ ਰਹੀ ਲੜਾਈ ਦਾ ਹਿੱਸਾ ਬਨਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ।ਰਾਬਤਾ: +91 84275 11770